ਸਈਦ ਅਲੀ ਸ਼ਾਹ, ਜੋ ਨਾ ਅੰਗਰੇਜ਼ਾਂ ਤੋਂ ਡਰਿਆ ਨਾ ਪਾਕਿਸਤਾਨੀ ਹਾਕਮਾਂ ਤੋਂ

ਸਈਦ ਅਲੀ ਸ਼ਾਹ, ਜੋ ਨਾ ਅੰਗਰੇਜ਼ਾਂ ਤੋਂ ਡਰਿਆ ਨਾ ਪਾਕਿਸਤਾਨੀ ਹਾਕਮਾਂ ਤੋਂ

ਦੂਜੀ ਆਲਮੀ ਜੰਗ ਵਿਚ ਹਿੰਦੋਸਤਾਨੀ ਫ਼ੌਜੀ।

ਮਜੀਦ ਸ਼ੇਖ਼

ਮਜੀਦ ਸ਼ੇਖ਼

ਆਜ਼ਾਦੀ ਦੇ ਪਰਵਾਨੇ

ਸੋਵੀਅਤ ਫ਼ੌਜਾਂ ਦੇ ਬਰਲਿਨ ਵਿਚ ਦਾਖ਼ਲ ਹੋਣ ਅਤੇ ਹਿਟਲਰ ਵੱਲੋਂ ਖ਼ੁਦਕੁਸ਼ੀ ਕਰ ਲਏ ਜਾਣ ਤੋਂ ਮਹਿਜ਼ ਤਿੰਨ ਦਿਨ ਬਾਅਦ 5 ਸਤੰਬਰ 1945 ਨੂੰ ਇਕ ਜੋਸ਼ੀਲੇ ਪੰਜਾਬੀ ਨੂੰ ਹਿਟਲਰ ਦੇ ਬੰਕਰ ਤੋਂ ਤਕਰੀਬਨ 15 ਕਿਲੋਮੀਟਰ ਦੇ ਫ਼ਾਸਲੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੇ ਉਦੋਂ ਜਰਮਨ ਫ਼ੌਜ ਦੀ ਪੂਰੀ ਵਰਦੀ ਪਹਿਨੀ ਹੋਈ ਸੀ। ਜਿਉਂ ਹੀ ਰੂਸੀਆਂ ਨੇ ਉਸ ਨੂੰ ਬੰਦੀ ਬਣਾਇਆ ਤਾਂ ਉਸ ਨੇ ਪੂਰੇ ਜ਼ੋਰ ਨਾਲ ਕਿਹਾ, ‘‘ਅੰਗਰੇਜ਼ਾਂ ਨੂੰ ਮੌਤ ਦੇਵਾਂਗੇ। ਅਸੀਂ ਭਾਰਤ ਨੂੰ ਆਜ਼ਾਦ ਕਰਵਾ ਕੇ ਰਹਾਂਗੇ।’’ ਇੰਝ ਜਾਪਦਾ ਸੀ ਕਿ ਉਸ ਦੀ ਫ਼ੌਜ ਦੀ ਜੋ ਭਿਆਨਕ ਹਾਰ ਹੋਈ ਸੀ, ਉਸ ਸਿਕਸ਼ਤ ਨੇ ਉਸ ਦੇ ਜੋਸ਼ ਨੂੰ ਠੰਢਾ ਨਹੀਂ ਸੀ ਕੀਤਾ।

ਇਸ ਨਾ ਝੁਕਣ ਵਾਲੇ ‘ਨਾਜ਼ੀ’ ਲੜਾਕੇ ਦੇ ਇਸ ਰੂਪ ਧਾਰਨ ਦੀ ਕਹਾਣੀ ਦੀਆਂ ਜੜ੍ਹਾਂ ਅੰਮ੍ਰਿਤਸਰ ਵਿਚ ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਵਿਚ ਪਈਆਂ ਸਨ। ਜੱਲ੍ਹਿਆਂਵਾਲੇ ਬਾਗ਼ ਵਿਚ 13 ਅਪਰੈਲ 1919 ਨੂੰ ਬ੍ਰਿਗੇਡੀਅਰ ਜਨਰਲ ਆਰ.ਈ.ਐਚ. ਡਾਇਰ ਦੀ ਅਗਵਾਈ ਵਾਲੀਆਂ ਫ਼ੌਜਾਂ ਨੇ ਵਿਸਾਖੀ ਮੌਕੇ ਇਕੱਤਰ ਵੱਡੀ ਗਿਣਤੀ ਸਿੱਖਾਂ ਤੇ ਮੁਸਲਮਾਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਕਾਰਨ ਸਰਕਾਰੀ ਰਿਕਾਰਡ ਮੁਤਾਬਿਕ 379 ਨਿਹੱਥੇ ਲੋਕ ਮਾਰੇ ਗਏ ਅਤੇ 2000 ਤੋਂ ਵੱਧ ਜ਼ਖ਼ਮੀ ਹੋਏ। ਇਹ ਅਜਿਹਾ ਕਤਲੇਆਮ ਸੀ ਜਿਸ ਨੇ ਭਾਰਤੀ ਇਤਿਹਾਸ ਦਾ ਰੁਖ਼ ਹੀ ਮੋੜ ਕੇ ਰੱਖ ਦਿੱਤਾ। ਇਨ੍ਹਾਂ ਮਾਰੇ ਗਏ ਪੰਜਾਬੀਆਂ ਵਿਚ ਸਈਦ ਖ਼ੈਰ ਸ਼ਾਹ ਵੀ ਸ਼ਾਮਲ ਸੀ। ਇਸ ਭਿਆਨਕ ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ ਇਸ ਸਈਦ ਪਰਿਵਾਰ ਨੇ ਅੰਗਰੇਜ਼ਾਂ ਨਾਲ ਲੜਦਿਆਂ ਅਤੇ ਮੁਲਕ ਨੂੰ ਆਜ਼ਾਦ ਕਰਾਉਣ ਦੀ ਜੱਦੋ-ਜਹਿਦ ਕਰਨ ਅਤੇ ਇਸ ਲਈ ਜਾਨਾਂ ਤੱਕ ਵਾਰ ਦੇਣ ਦਾ ਅਹਿਦ ਕੀਤਾ। ਸਈਦ ਖ਼ੈਰ ਸ਼ਾਹ ਦਾ ਪੋਤਰਾ ਕਤਲੇਆਮ ਤੋਂ ਪੰਜ ਸਾਲਾਂ ਬਾਅਦ ਜਨਮਿਆ ਤੇ ਉਸ ਦਾ ਪਾਲਣ-ਪੋਸ਼ਣ ਅੰਗਰੇਜ਼ਾਂ ਨੂੰ ਨਫ਼ਰਤ ਕਰਦਿਆਂ ਹੋਇਆ। ਸਈਦ ਵਜ਼ੀਰ ਅਲੀ ਸ਼ਾਹ ਨੇ ਸਖ਼ਤ ਮਿਹਨਤ ਨਾਲ ਪੜ੍ਹਦਿਆਂ ਮੈਟ੍ਰਿਕੁਲੇਸ਼ਨ ਦੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਉਹ ਯੂਨੀਵਰਸਿਟੀ ਵਿਚ ਦਾਖ਼ਲਾ ਲੈਣ ਲਈ 1939 ਵਿਚ ਅਲੀਗੜ੍ਹ ਚਲਾ ਗਿਆ ਕਿਉਂਕਿ ‘ਮੁਸਲਮਾਨਾਂ ਲਈ ਉਚੇਰੀ ਤਾਲੀਮ ਹਾਸਲ ਕਰਨ ਵਾਸਤੇ ਇਹ ਯੂਨੀਵਰਸਿਟੀ ਹੀ ਇਕੋ-ਇਕ ਆਸ ਦੀ ਕਿਰਨ ਸੀ’।

ਦਿੱਲੀ ਵਿਚ ਨੌਕਰੀ ਕਰਦੇ ਉਸ ਦੇ ਇਕ ਰਿਸ਼ਤੇਦਾਰ ਨੇ ਉਸ ਦਾ ਨਾਂ ਜੰਗੀ ਕੈਦੀਆਂ ਦੀ ਨਿਗਰਾਨੀ ਸਬੰਧੀ ਆਸਟਰੀਅਨ ਰੈੱਡ ਕਰਾਸ ਵਿਚ ਅਬਜ਼ਰਵਰ ਵਜੋਂ ਭੇਜ ਦਿੱਤਾ। ਇਸ ਦਲੇਰ ਨੌਜਵਾਨ ਨੇ ਭਰਤੀ ਕਰਨ ਵਾਲੇ ਆਸਟਰੀਅਨਾਂ ਦਾ ਦਿਲ ਜਿੱਤ ਲਿਆ ਅਤੇ ਛੇਤੀ ਹੀ ਉਹ ਨਿਯੁਕਤੀ ਮਿਲਣ ਸਦਕਾ ਇਟਲੀ ਜਾਣ ਵਾਲੇ ਸਮੁੰਦਰੀ ਜਹਾਜ਼ ਵਿਚ ਸਵਾਰ ਸੀ। ਉੱਥੋਂ ਉਹ ਰੇਲ ਰਾਹੀਂ ਆਸਟਰੀਆ ਪੁੱਜਿਆ। ਪੂਰਾ ਇਕ ਸਾਲ ਉਸ ਨੇ ਤਹਿ ਦਿਲੋਂ ਆਪਣੀ ਨੌਕਰੀ ਦੇ ਲੇਖੇ ਲਾਇਆ ਤਾਂ ਕਿ ਕੈਦੀਆਂ ਨਾਲ ਕੋਈ ਵਧੀਕੀ ਨਾ ਹੋਵੇ। ਫਿਰ ਉਸ ਦੇ ਧੁਰ ਅੰਦਰ ਦਬੀ ਹੋਈ ਦੇਸ਼ ਦੀ ਆਜ਼ਾਦੀ ਦੀ ਚਿਣਗ ਭਖ਼ ਪਈ ਅਤੇ ਉਸ ਨੇ ਮੁਸਲਿਮ, ਸਿੱਖ ਤੇ ਹਿੰਦੂ ਭਾਰਤੀਆਂ ਦੇ ਇਕ ਛੋਟੇ ਜਿਹੇ ਸਮੂਹ ਸਣੇ ਜਰਮਨ ਫ਼ੌਜਾਂ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਤਾਂ ਕਿ ਜੰਗ ਵਿਚ ਅੰਗਰੇਜ਼ਾਂ ਖ਼ਿਲਾਫ਼ ਜਰਮਨੀ ਦੀ ਮਦਦ ਕੀਤੀ ਜਾ ਸਕੇ। ਇਹ ਅਜਿਹਾ ਫ਼ੈਸਲਾ ਸੀ ਜਿਹੜਾ ਉਨ੍ਹਾਂ ਆਪਣੇ ਵਤਨ ਲਈ ਕੀਤਾ ਸੀ। ਨਾਜ਼ੀਆਂ ਨੇ ਬਰਤਾਨੀਆ ਖ਼ਿਲਾਫ਼ ਪ੍ਰਚਾਰ ਜੰਗ ਛੇੜਨ ਲਈ ਭਾਰਤੀਆਂ ਦੀ ਇਕ ਟੀਮ ਕਾਇਮ ਕਰ ਲਈ ਸੀ। ਇਹ ਗੱਲ ਸਈਦ ਵਜ਼ੀਰ ਅਲੀ ਸ਼ਾਹ ਦੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਦੇ ਟੀਚੇ ਲਈ ਰਾਸ ਆਉਂਦੀ ਸੀ।

ਵਜ਼ੀਰ ਅਲੀ ਨੇ 1941 ਵਿਚ ਆਪਣੀ ਪ੍ਰਚਾਰ ਜੰਗ ਸ਼ੁਰੂ ਕਰ ਦਿੱਤੀ ਤੇ ਜਿੱਥੇ ਵੀ ਜਰਮਨ ਫ਼ੌਜ ਜਾਂਦੀ, ਉਹ ਵੀ ਉਸ ਦੇ ਨਾਲ ਹੁੰਦਾ। ਉਸ ਨੇ ਇਟਲੀ, ਫ਼ਰਾਂਸ, ਰੂਸ, ਹਾਲੈਂਡ, ਪੋਲੈਂਡ ਅਤੇ ਉਨ੍ਹਾਂ ਹੋਰ ਸਾਰੀਆਂ ਥਾਵਾਂ, ਜਿੱਥੇ ਵੀ ਦੂਜੀ ਆਲਮੀ ਜੰਗ ਲੜੀ ਗਈ, ਵਿਖੇ ਕੰਮ ਕਰਦਿਆਂ ਤੇ ਲੜਦਿਆਂ ਜੰਗ ਨੂੰ ਦੂਜੇ ਪਾਸੇ ਤੋਂ ਦੇਖਿਆ। ਵਜ਼ੀਰ ਅਲੀ ਨਾਲ ਲਾਹੌਰ ਦਾ ਇਕ ਸਿੱਖ ਪ੍ਰਤਾਪ ਸਿੰਘ ਵੀ ਸੀ। ‘‘ਉਹ ਇਕ ਦਿਲਚਸਪ ਬੰਦਾ ਸੀ, ਜਿਹੜਾ ਚੱਲ ਰਹੀ ਬਰਾਡਕਾਸਟ ਦੌਰਾਨ ਪੰਜਾਬੀ ਬੋਲਣ ਲੱਗਦਾ, ਜਿਸ ਨੂੰ ਰੋਕਣਾ ਪੈਂਦਾ।’’ ਉਨ੍ਹਾਂ ਦੇ ਦਿਲ ਵਿਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਇੰਨੀ ਜ਼ਿਆਦਾ ਸੀ ਕਿ ਜਰਮਨਾਂ ਵੱਲੋਂ ਵੀ ਇਹ ਯਕੀਨੀ ਬਣਾਇਆ ਜਾਂਦਾ ਕਿ ਭਾਰਤੀ ਗਰੁੱਪ ਫ਼ੌਜ ਦੀਆਂ ਰੈਗੂਲਰ ਤੇ ਐੱਸਐੱਸ ਯੂਨਿਟਾਂ ਨਾਲ ਹਰ ਉਸ ਥਾਂ ਜ਼ਰੂਰ ਜਾਵੇ, ਜਿੱਥੇ ਉਨ੍ਹਾਂ ਦਾ ਮੁਕਾਬਲਾ ਬਰਤਾਨਵੀ ਫ਼ੌਜਾਂ ਨਾਲ ਹੋਣਾ ਹੁੰਦਾ ਤੇ ਖ਼ਾਸਕਰ ਬਰਤਾਨਵੀ ਫ਼ੌਜਾਂ ਵਿਚ ਭਾਰਤੀ ਜਵਾਨ ਵੀ ਹੁੰਦੇ। ਇਸ ਦਾ ਮਕਸਦ ਭਾਰਤੀ ਫ਼ੌਜੀਆਂ ਦਾ ਮਨੋਬਲ ਡੇਗ ਕੇ ਉਨ੍ਹਾਂ ਨੂੰ ਸਮਰਪਣ ਜਾਂ ਫਿਰ ਉਲਟਾ ਅੰਗਰੇਜ਼ਾਂ ਖ਼ਿਲਾਫ਼ ਲੜਨ ਲਈ ਤਿਆਰ ਕਰਨਾ ਸੀ। ਹਾਲਾਂਕਿ ਇਤਿਹਾਸ ਗਵਾਹ ਹੈ ਕਿ ਜਰਮਨ ਆਪਣੀਆਂ ਕੋਸ਼ਿਸ਼ਾਂ ਵਿਚ ਨਾਕਾਮ ਰਹੇ, ਪਰ ਇਨ੍ਹਾਂ ਭਾਰਤੀ ਆਜ਼ਾਦੀ ਘੁਲਾਟੀਆਂ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਤਾਂ ਕਿ ਜਰਮਨ ਜਿੱਤ ਜਾਣ ਅਤੇ ਇਸ ਤਰ੍ਹਾਂ ਭਾਰਤ ਆਜ਼ਾਦ ਹੋ ਸਕੇ। ਅੱਜ ਇਹ ਤਰਕ ਮਾੜਾ ਜਾਪ ਸਕਦਾ ਹੈ, ਪਰ ਸਈਦ ਵਜ਼ੀਰ ਅਲੀ ਵਰਗੇ ਲੋਕਾਂ ਲਈ ‘ਇਹ ਹਰੇਕ ਭਾਰਤੀ ਆਜ਼ਾਦੀ ਘੁਲਾਟੀਏ ਦਾ ਰਾਹ’ ਸੀ।

ਵਜ਼ੀਰ ਅਲੀ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਪੋਲੈਂਡ ਸਥਿਤ ਜੰਗੀ ਕੈਦੀ ਕੈਂਪ ਵਿਚ ਭੇਜ ਦਿੱਤਾ ਗਿਆ। ਸੋਵੀਅਤ ਫ਼ੌਜ ਦੇ ਹੁਕਮ ਸਨ ਕਿ ਅਜਿਹੇ ਕੈਦੀਆਂ ਨੂੰ ਗੋਲੀ ਮਾਰ ਦਿੱਤੀ ਜਾਵੇ। ਇਹ ਬੱਸ ਵਜ਼ੀਰ ਅਲੀ ਦੀ ਖ਼ੁਸ਼ਕਿਸਮਤੀ ਹੀ ਸੀ ਕਿ ਉਹ ਬਚ ਗਿਆ ਤੇ ਉਸ ਨੂੰ ਅਮਰੀਕੀ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ। ਅਮਰੀਕੀਆਂ ਨੇ ਉਸ ਨੂੰ ਤਕਰੀਬਨ ਇਕ ਸਾਲ ਬੰਦੀ ਰੱਖਿਆ ਅਤੇ ਫਿਰ ਉਸ ਵੱਲੋਂ ਬਿਆਨੇ ਹਾਲਾਤ ਅਤੇ ਜਰਮਨੀ ਦੇ ਪ੍ਰਚਾਰ ਢਾਂਚੇ ਤੇ ਆਸਟਰੀਅਨ ਰੈੱਡ ਕਰਾਸ ਵਿਚ ਉਸ ਦੇ ਰਿਕਾਰਡ ਨੂੰ ਦੇਖਦਿਆਂ ਉਸ ਨੂੰ ਬਰਤਾਨੀਆ ਹਵਾਲੇ ਕਰ ਦਿੱਤਾ ਗਿਆ।

ਇਹ ਗੱਲ ਆਖਦਿਆਂ ਵਜ਼ੀਰ ਅਲੀ ਨੇ ਦੱਸਿਆ, ‘‘ਮੈਨੂੰ ਹਾਸਲ ਕਰ ਕੇ ਬਰਤਾਨਵੀ ਬਹੁਤ ਖ਼ੁਸ਼ ਸਨ ਅਤੇ ਉਨ੍ਹਾਂ ਜੰਗ ਵਿਚ ਮੇਰੀ ਭੂਮਿਕਾ ਨੂੰ ਦੇਖਦਿਆਂ ਮੈਨੂੰ ਸਜ਼ਾ-ਏ-ਮੌਤ ਦੇਣ ਦੀ ਕਾਰਵਾਈ ਆਰੰਭ ਦਿੱਤੀ, ਭਾਵੇਂ ਜੰਗ ਵਿਚ ਮੇਰਾ ਰੋਲ ਕਿੰਨਾ ਵੀ ਮਾਮੂਲੀ ਸੀ।’’ ਪਰ ਉਦੋਂ ਤੱਕ ਭਾਰਤ ਆਜ਼ਾਦ ਹੋ ਚੁੱਕਾ ਸੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਅੰਗਰੇਜ਼ਾਂ ਨੂੰ ਸਾਫ਼ ਕਰ ਦਿੱਤਾ ਕਿ ਉਹ ਆਪਣੇ ਇਨ੍ਹਾਂ ‘ਬਹੁਤ ਹੀ ਸਤਿਕਾਰਤ ਆਜ਼ਾਦੀ ਘੁਲਾਟੀਆਂ’ ਨੂੰ ਵਾਪਸ ਚਾਹੁੰਦੇ ਹਨ। ਆਖ਼ਰ ਨਾ ਚਾਹੁੰਦਿਆਂ ਵੀ ਬਰਤਾਨੀਆ ਨੇ ਇਟਲੀ ਸਥਿਤ ਜੰਗੀ ਕੈਦੀਆਂ ਵਾਲੇ ਕੈਂਪ ਵਿਚੋਂ ਉਨ੍ਹਾਂ ਨੂੰ ਭਾਰਤ ਪਰਤਣ ਲਈ ਸਮੁੰਦਰੀ ਜਹਾਜ਼ ’ਤੇ ਚਾੜ੍ਹ ਦਿੱਤਾ। ਇਹ ਜਹਾਜ਼ ਨਵੰਬਰ 1951 ਵਿਚ ਬੰਬਈ ਪੁੱਜਾ।

‘‘ਬੰਬਈ ਪੁੱਜ ਕੇ ਅਸੀਂ ਦੇਖਿਆ ਕਿ ਵਤਨ ਪਰਤਣ ਵਾਲੇ ਹਿੰਦੂ ਤੇ ਸਿੱਖ ਆਜ਼ਾਦੀ ਘੁਲਾਟੀਆਂ ਦਾ ਬੰਦਰਗਾਹ ਉੱਤੇ ਵਾਜੇ-ਗਾਜੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਸਾਰਿਆਂ ਨੂੰ ਹਾਰ ਪਾਏ ਗਏ। ਪੰਡਿਤ ਨਹਿਰੂ ਖ਼ੁਦ ਮੌਕੇ ’ਤੇ ਹਾਜ਼ਰ ਸਨ। ਪਰ ਅਸੀਂ ਕਿਉਂਕਿ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ ਸੀ, ਇਸ ਕਾਰਨ ਸਾਨੂੰ ਉਤਰਨ ਦੀ ਇਜਾਜ਼ਤ ਨਹੀਂ ਸੀ।’’ ਇਸ ਤਰ੍ਹਾਂ ਜਹਾਜ਼ ਵਿਚ ਬਾਕੀ ਬਚੇ ਦੋ ਮੁਸਲਮਾਨ ਆਜ਼ਾਦੀ ਘੁਲਾਟੀਆਂ - ਲਾਹੌਰ ਦੇ ਸਈਦ ਵਜ਼ੀਰ ਅਲੀ ਸ਼ਾਹ ਅਤੇ ਕੈਂਪਬੈੱਲਪੁਰ (ਹੁਣ ਅਟਕ) ਦੇ ਜਨਾਬ ਇਕਰਾਮ - ਨੂੰ ਇਟਲੀ ਦੇ ਸਿਸਲੀ ਵਿਚਲੇ ਕੈਦੀ ਕੈਂਪ ਵਿਚ ਹੀ ਪਰਤਣਾ ਪਿਆ। ਇਸ ਬਾਲ ਬਾਅਦ ਉਨ੍ਹਾਂ ਨੂੰ ਜਹਾਜ਼ ਚਾੜ੍ਹ ਕੇ ਪਾਕਿਸਤਾਨ ਭੇਜ ਦਿੱਤਾ ਗਿਆ। ਪਰ ਆਪਣੇ ਵਤਨ ਪੁੱਜ ਕੇ ਉਨ੍ਹਾਂ ਨਾਲ ਜੋ ਵਾਪਰੀ, ਉਸ ਤੋਂ ਸਾਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ... ਕਿਉਂਕਿ ਇਹ ਬਹੁਤ ਦੁੱਖਦਾਈ ਸੀ।

ਦੋਵਾਂ ਵਜ਼ੀਰ ਅਲੀ ਤੇ ਅਕਰਮ ਨੂੰ 1952 ਵਿਚ ਕਰਾਚੀ ਬੰਦਰਗਾਹ ’ਤੇ ਪੁੱਜਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਮੁਲਤਾਨ ਜੇਲ੍ਹ ਵਿਚ ਬੰਦ ਕਰ ਕੇ ਉਨ੍ਹਾਂ ਉੱਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ, ਜਿਸ ਵਿਚ ਸਜ਼ਾ-ਏ-ਮੌਤ ਵੀ ਦਿੱਤੀ ਜਾ ਸਕਦੀ ਸੀ। ਜਿਸ ਮੁਲਕ ਨੂੰ ਆਜ਼ਾਦ ਕਰਾਉਣ ਲਈ ਉਨ੍ਹਾਂ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੜਾਈ ਲੜੀ, ਉੱਥੇ ਪਰਤਣ ’ਤੇ ਉਨ੍ਹਾਂ ਨਾਲ ਅਜਿਹਾ ਸਲੂਕ ਹੋਇਆ। ਸਈਦ ਵਜ਼ੀਰ ਅਲੀ ਨੇ ਆਖਿਆ, ‘‘ਮੇਰੇ ਨਾਲ ਮੇਰੀ ਆਪਣੀ ਧਰਤੀ ਉੱਤੇ ਮੁਜਰਮਾਂ ਵਾਲਾ ਸਲੂਕ ਹੋਇਆ, ਜਿਸ ਨੂੰ ਆਜ਼ਾਦ ਕਰਾਉਣ ਲਈ ਅਸੀਂ ਲੜਦੇ ਰਹੇ।’’ ਆਖ਼ਰ ਉਹ ਅੱਕ ਕੇ ਖੜ੍ਹਾ ਹੋ ਗਿਆ ਤੇ ਅਦਾਲਤੀ ਅਮਲ ਨੂੰ ਵੰਗਾਰਦਿਆਂ ਬੋਲਿਆ, ‘‘ਮੈਂ ਇਕ ਆਜ਼ਾਦੀ ਘੁਲਾਟੀਆ ਹਾਂ ਅਤੇ ਮੈਂ ਤੁਹਾਡੇ ਵਰਗੇ ਲੋਕਾਂ ਤੋਂ ਨਹੀਂ ਡਰਦਾ, ਜਿਨ੍ਹਾਂ ਖ਼ਿਲਾਫ਼ ਮੈਂ ਲੜਿਆ ਹਾਂ। ਤੁਸੀਂ ਮੈਨੂੰ ਫਾਹੇ ਨਹੀਂ ਲਾ ਸਕਦੇ, ਇਸ ਲਈ ਜੋ ਵੀ ਕਰਨਾ ਹੈ ਕਰੋ, ਪਰ ਛੇਤੀ।’’ ਇਸ ਗੱਲਬਾਤ ਸਮੇਂ ਜਦੋਂ ਉਮਰ ਨੇ ਉਸ ਨੂੰ ਰਤਾ ਕਮਜ਼ੋਰ ਕਰ ਦਿੱਤਾ ਸੀ, ਤਾਂ ਵੀ ਉਸ ਦਾ ਜੋਸ਼ ਉਵੇਂ ਦਾ ਉਵੇਂ ਸੀ। ਉਸ ਨੇ ਬਿਨਾਂ ਕਿਸੇ ਤਲਖ਼ੀ ਦੇ ਆਖਿਆ, ‘‘ਪਾਕਿਸਤਾਨੀ ਫ਼ੌਜ ਨੇ ਆਖ਼ਰ ਮੈਨੂੰ ਰਿਹਾਅ ਕਰ ਦਿੱਤਾ ਪਰ ਮੇਰੇ ਸਰਕਾਰੀ ਨੌਕਰੀ ਕਰਨ ’ਤੇ ਪਾਬੰਦੀ ਲਾ ਦਿੱਤੀ।’’

ਜਦੋਂ ਸਈਦ ਵਜ਼ੀਰ ਅਲੀ ਸ਼ਾਹ 1954 ਵਿਚ ਲਾਹੌਰ ਪੁੱਜਾ ਤਾਂ ਬਹੁਤ ਥੱਕਿਆ-ਟੁੱਟਿਆ ਤੇ ਦੁਖੀ ਸੀ। ਉਸ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਉਸ ਨੇ ਕਿਹਾ, ‘‘ਮੇਰੇ ਪੱਲੇ ਗ਼ੁਰਬਤ ਤੋਂ ਸਿਵਾ ਹੋਰ ਕੁਝ ਨਹੀਂ ਸੀ ਪਰ ਮੈਂ ਇਕ ਸੱਚੀ ਜਰਮਨ ਭਾਵਨਾ ਨਾਲ ਪੂਰੀ ਈਮਾਨਦਾਰੀ ਤੇ ਮਿਹਨਤ ਰਾਹੀਂ ਜ਼ਿੰਦਾ ਰਹਿਣ ਦੀ ਲੜਾਈ ਲੜਨ ਦਾ ਫ਼ੈਸਲਾ ਕੀਤਾ।’’ ਉਸ ਨੇ ਇਕ ਛੋਟੀ ਜਿਹੀ ਬੈਟਰੀਆਂ ਦੀ ਦੁਕਾਨ ਖੋਲ੍ਹੀ, ਜਿਸ ਦਾ ਨਾਂ ‘ਬਰਲਿਨ’ ਰੱਖਿਆ, ਭਾਵ ਉਹ ਥਾਂ ਜਿੱਥੋਂ ਉਸ ਨੂੰ ਇਤਹਾਦੀ ਫ਼ੌਜਾਂ ਨੇ ਫੜਿਆ ਸੀ। ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਵਿਚ ਉਸ ਦਾ ਦਾਦਾ ਸ਼ਹੀਦ ਹੋ ਗਿਆ ਤੇ ਪਰਿਵਾਰ ਦੇ ਹੋਰਨੀਂ ਜੀਅ ਵੀ। ਉਸ ਨੇ ਆਪਣੀ ਪੂਰੀ ਜ਼ਿੰਦਗੀ ਆਪਣੇ ਵਤਨ ਦੀ ਆਜ਼ਾਦੀ ਲੇਖੇ ਲਾ ਦਿੱਤੀ... ਅਤੇ ਜਦੋਂ ਉਸ ਦੀ ਆਪਣੀ ਹੀ ਧਰਤੀ ਉੱਤੇ ਉਸ ਦੀ ਬੇਇੱਜ਼ਤੀ ਹੋਈ ਤਾਂ ਵੀ ਉਸ ਨੇ ਹਾਰ ਨਹੀਂ ਮੰਨੀ ਤੇ ਜ਼ਿੰਦਾ ਰਹਿਣ ਲਈ ਲੜਾਈ ਲੜੀ। ਉਸ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ, ਪਰ ਅਫ਼ਸੋਸ ਉਸ ਦੇ ਵਤਨ ਨੇ ਉਸ ਦੀ ਕੀਮਤ ਨਹੀਂ ਪਾਈ। ਉਹ ਆਖਦਾ ਹੈ, ‘‘ਇਹ ਬੜੀ ਖ਼ੂਬਸੂਰਤ ਧਰਤੀ ਹੈ, ਜੇ ਅਸੀਂ ਈਮਾਨਦਾਰੀ ਨਾਲ ਕੋਸ਼ਿਸ਼ ਕਰੀਏ ਤਾਂ ਇਸ ਲਈ ਬਹੁਤ ਕੁਝ ਕਰ ਸਕਦੇ ਹਾਂ।’’ ਪਰ ਸਈਦ ਵਜ਼ੀਰ ਅਲੀ ਵਰਗੇ ਬੰਦੇ ਦੀ ਕੌਣ ਸੁਣਦਾ ਹੈ, ਜਿਸ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ?

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All