ਐੱਸ.ਐਲ. ਪਰਾਸ਼ਰ ਦਾ ਲਕੀਰੀ ਚਿੱਤਰ ਚੀਖ

ਐੱਸ.ਐਲ. ਪਰਾਸ਼ਰ ਦਾ ਲਕੀਰੀ ਚਿੱਤਰ ਚੀਖ

ਸਰਦਾਰੀ ਲਾਲ ਪਰਾਸ਼ਰ ਅਤੇ ਉਸ ਦੀ ਕ੍ਰਿਤ।

ਜਗਤਾਰਜੀਤ ਸਿੰਘ

ਕਲਾ ਸੰਸਾਰ

ਜੋ ਦਿਖਾਈ ਦੇ ਰਿਹਾ ਹੈ ਸੁਖਾਤਮਕ ਨਹੀਂ। ਆਮ ਤੌਰ ’ਤੇ ਇਹੋ ਮੰਨਿਆ ਜਾਂਦਾ ਹੈ ਕਿ ਦ੍ਰਿਸ਼ ਜਾਂ ਵਿਅਕਤੀ ਚਿੱਤਰ ਅੱਖ ਨੂੰ ਸੁਖ ਦੇਣ ਵਾਲਾ ਹੋਵੇ। ਸਦਾ ਏਦਾਂ ਹੀ ਹੋਵੇ, ਸੰਭਵ ਨਹੀਂ। ਜਦ ਸਮਾਜ ਅਨੇਕਾਂ ਭਿੰਨਤਾਵਾਂ, ਅੰਤਰ ਵਿਰੋਧਾਂ ਨਾਲ ਭਰਿਆ ਪਿਆ ਹੈ ਤਾਂ ਉਸ ਦੀ ਸਥਿਤੀ ਨੂੰ ਪ੍ਰਗਟਾਉਣ ਵਾਲਾ ਰਚਨਾਤਮਿਕ ਮਾਧਿਅਮ ਇਕਸਾਰ, ਇਕੋ ਜਿਹਾ ਕਿਵੇਂ ਹੋ ਸਕਦਾ ਹੈ?

ਇਸ ਲਕੀਰੀ ਚਿੱਤਰ ਦਾ ਨਾਮ ‘ਚੀਖ’ ਹੈ। ਇਹ ਪੂਰੀ ਤਰ੍ਹਾਂ ਵਿਸ਼ਾ ਕੇਂਦਰਿਤ ਰਚਨਾ ਹੈ। ਇਸ ਦੇ ਰਚਨਾਕਾਰ ਦਾ ਨਾਮ ਐੱਸ.ਐਲ. ਪਰਾਸ਼ਰ (1904-1990) ਹੈ। ਸਰਦਾਰੀ ਲਾਲ ਪਰਾਸ਼ਰ ਦਾ ਜਨਮ ਗੁੱਜਰਾਂਵਾਲਾ (ਪਾਕਿਸਤਾਨ) ਦਾ ਸੀ। 1929 ਵਿਚ ਪਰਾਸ਼ਰ ਆਪਣੇ ਵੇਲੇ ਦੇ ਆਹਲਾ ਚਿੱਤਰਕਾਰ ਅਬਦੁਲ ਅਜ਼ੀਜ਼ ਨੂੰ ਮਿਲਿਆ। ਅਬਦੁਲ ਅਜ਼ੀਜ਼ ਨੇ ਪਰਾਸ਼ਰ ਨੂੰ ਕਈ ਹੁਨਰਾਂ ਦੀ ਸਿੱਖਿਆ ਦਿੱਤੀ।

ਪਰਾਸ਼ਰ ਦੀ ਸਾਂਝ ਅਬਦੁਲ ਰਹਿਮਾਨ ਚੁਗਤਾਈ ਅਤੇ ਰੂਪ ਚੰਦ ਨਾਲ ਵੀ ਸੀ। ਰੂਪ ਚੰਦ ਨੇ ਜ਼ੋਰ ਦੇ ਕੇ ਪਰਾਸ਼ਰ ਨੂੰ ਮੇਓ ਸਕੂਲ ਆਫ ਆਰਟਸ ਵਿਚ ਨੌਕਰੀ ਕਰਨ ਨੂੰ ਕਿਹਾ। 1934 ਵਿਚ ਲੈਕਚਰਰ ਵਜੋਂ ਕੰਮ ਸ਼ੁਰੂ ਕੀਤਾ ਅਤੇ ਜਲਦ ਹੀ ਉਸ ਨੂੰ ਵਾਈਸ ਪ੍ਰਿੰਸੀਪਲ ਬਣਾ ਦਿੱਤਾ ਗਿਆ। ਮੇਓ ਸਕੂਲ ਵਿਚ ਕਲਾ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਭਿੰਨ-ਭਿੰਨ ਕਸਬੀ ਸਿੱਖਿਆ ਵੀ ਦਿੱਤੀ ਜਾਂਦੀ ਸੀ।

ਸਮਾਂ ਲੰਘਦਾ ਗਿਆ ਅਤੇ 1947 ਵਿਚ ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਖਿੱਚੀ ਲਕੀਰ ਪਹਿਲੀਆਂ ਲਕੀਰਾਂ ਵਾਂਗ ਖੁਰਨ-ਮਿਟਣ ਵਾਲੀ ਨਹੀਂ ਸੀ। ਸਦੀਆਂ ਤੋਂ ਚਲਦੀ ਆਈ ਰੀਤ ਨੂੰ ਇਸ ਵੰਡ ਨੇ ਠੱਲ੍ਹ ਪਾ ਦਿੱਤੀ। ਇਹ ਪੱਕੀ ਅਤੇ ਸਦੀਵੀ ਹੋਣ ਵਾਲੀ ਸੀ। ਇਹ ਨਿਰੋਲ ਭੂਗੋਲਿਕ, ਸਰੀਰਕ ਨਹੀਂ ਸੀ, ਵਿਚਾਰ ਆਧਾਰਿਤ ਵੀ ਸੀ।

ਵੰਡ ਦੇ ਐਲਾਨ ਨੇ ਲੱਖਾਂ ਲੋਕਾਂ ਦੇ ਮਨਾਂ ਵਿਚ ਅਸੁਰੱਖਿਆ ਦਾ ਭਾਵ ਜਗਾ ਦਿੱਤਾ। ਫਲਸਰੂਪ, ਲੋਕ ਇਕ ਖਿੱਤੇ ਤੋਂ ਚੱਲ ਕੇ ਦੂਜੇ ਖਿੱਤੇ ਅੰਦਰ ਦਾਖਲ ਹੋਣ ਲੱਗੇ। ਨਵੇਂ ਦੇਸ਼ ਪਹੁੰਚਣ ਵਾਲੇ ਨਿਹੱਥੇ ਲੋਕਾਂ ਨੂੰ ‘ਰਫਿਊਜੀ’ ਕਿਹਾ ਜਾਣ ਲੱਗਾ।

ਅਨੇਕਾਂ ਲੋਕਾਂ ਵਾਂਗ ਐੱਸ.ਐਲ. ਪਰਾਸ਼ਰ ਵੀ ਖਾਲੀ ਹੱਥ ਲਕੀਰ ਟੱਪ ਏਧਰ ਆ ਗਿਆ। ਆਪਣੇ ਨਾਲ ਉਹ ਰਾਬਿੰਦਰਨਾਥ ਟੈਗੋਰ ਦੀ ਇਕ ਡਰਾਇੰਗ ਹੀ ਲਿਆ ਸਕਿਆ। ਇਕ ਦੇਸ਼ ਤੋਂ ਉੱਜੜ ਦੂਜੇ ਦੇਸ਼ ਜਾ ਵਸਣ ਦੀ ਪੀੜ ਭੋਗਣ ਵਾਲਾ ਹੀ ਜਾਣ ਸਕਦਾ ਹੈ। ਇਹ ਪੀੜ ਸਦੀਵੀ ਹੁੰਦੀ ਹੈ ਜਿਹੜੀ ਇਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਅੰਦਰ ਸਹਿਜੇ ਹੀ ਦਾਖਲ ਹੋਣ ਦੇ ਸਮਰੱਥ ਹੁੰਦੀ ਹੈ।

ਇਸ ਪਾਸੇ ਆ ਐੱਸ.ਐਲ. ਪਰਾਸ਼ਰ ਨੂੰ ਬਲਦੇਵ ਨਗਰ (ਅੰਬਾਲਾ) ਵਿਖੇ ਲੱਗੇ ਇਕ ਵੱਡੇ ਰਫਿਊਜੀ ਕੈਂਪ ਦੀ ਸੁਪਰਵਾਈਜ਼ਰੀ ਦਾ ਕੰਮ ਦੇ ਦਿੱਤਾ ਗਿਆ। ਹਜ਼ਾਰਾਂ-ਹਜ਼ਾਰ ਲੋਕਾਂ ਦੀ ਭੀੜ ਦੇ ਦੁੱਖਾਂ ਨੂੰ ਨਿਰੰਤਰ ਦੇਖਣਾ-ਸੁਣਨਾ ਹਿਰਦੇ-ਵੇਦਕ ਰਿਹਾ ਹੋਵੇਗਾ। ਬੇਸ਼ੱਕ ਵਡੇਰੇ ਦਰਦ ਵਿਚ ਨਿੱਕਾ-ਨਿੱਜੀ ਦਰਦ ਖੁਰ ਜਾਂਦਾ ਹੈ। ਇਹ ਲਕੀਰੀ ਡਰਾਇੰਗ ਉਸੇ ਸਮੂਹਿਕ ਦਰਦ ਦਾ ਪ੍ਰਗਟਾਵਾ ਹੈ ਜਿਸ ਵਿਚ ਨਿੱਜੀ ਦੁੱਖ-ਤਕਲੀਫ਼ ਦਾ ਰਲਾ ਵੀ ਹੈ।

ਲੋਕਾਂ ਦੀ ਦੇਖਭਾਲ ਕਰਨ ਤੋਂ ਇਲਾਵਾ ਪਰਾਸ਼ਰ ਉਹ ਕੰਮ ਵੀ ਕਰ ਲੈਂਦਾ ਸੀ ਜਿਨ੍ਹਾਂ ਵਿਚ ਉਹ ਮਾਹਰ ਸੀ ਜਿਵੇਂ ਡਰਾਇੰਗ, ਪੇਂਟਿੰਗ ਅਤੇ ਬੁੱਤਤਰਾਸ਼ੀ। ‘ਚੀਖ’ ਡਰਾਇੰਗ ਦੇ ਕੇਂਦਰ ਵਿਚ ਦਰਮਿਆਨੀ ਉਮਰ ਦਾ ਇਕ ਸਿੱਖ ਹੈ। ਕਾਗ਼ਜ਼ ਉਪਰ ਉਲੀਕੇ ਆਕਾਰ ਤੋਂ ਇਲਾਵਾ ਹੋਰ ਕੋਈ ਸ਼ਖ਼ਸ ਜਾਂ ਵਸਤੂ ਨਹੀਂ। ਮੂੰਹ ਹੱਥ ਦੇ ‘ਅੰਦਾਜ਼’ ਅਨੁਸਾਰ ਸ਼ਖ਼ਸ ਦੀ ਸਥਿਤੀ ਚੰਗੀ ਨਹੀਂ ਲੱਗ ਰਹੀ। ਏਦਾਂ ਦੀ ਨਕਲੋ-ਹਰਕਤ ਵਾਲਾ ਚਿੱਤਰ ਕਿਸੇ ਹੋਰ ਮੁਸੱਵਰ ਨੇ ਨਹੀਂ ਬਣਾਇਆ। ਡਰਾਇੰਗ ਦਰਸ਼ਕ ਨੂੰ ਖੜੋਤ ਵੱਲ ਨਹੀਂ ਸਗੋਂ ਦਿਸਦੀ ਹਾਲਤ ਦੇ ਕਾਰਨ ਵੱਲ ਧੂਹ ਲੈ ਜਾਂਦੀ ਹੈ। ਕੌਣ, ਕਿਵੇਂ, ਕਿੱਥੇ ਨਾਲ ਜੁੜੇ ਸੁਆਲ ਜਨਮ ਲੈਂਦੇ ਹਨ।

ਸਿੱਖ ਵਿਅਕਤੀ ਦਾ ਇਹ ਅਕਸ ਆਮ ਦਿਖਾਈ ਦਿੰਦੇ ਪੋਰਟਰੇਟਾਂ ਜਿਹਾ ਨਹੀਂ। ਇਹ ਕਿਸੇ ‘ਨਿਊਡ’ ਦੇ ਉਪਰਲੇ ਅੱਧ ਦਾ ਚਿੱਤਰਣ ਵੀ ਨਹੀਂ। ਸਹੀ ਮਾਅਨਿਆਂ ਵਿਚ ਇਹ ਉਸ ਵਿਅਕਤੀ ਦਾ ਅਕਸ ਹੈ ਜਿਸ ਪਾਸ ਆਪਣਾ ਸਰੀਰ ਢਕਣਯੋਗ ਘੱਟ ਤੋਂ ਘੱਟ ਵਸਤਰ ਵੀ ਨਹੀਂ। ਸਿੱਖ ਦਾ ਸਿਰੋਂ ਨੰਗਾ ਹੋਣਾ ਸਮਾਜ ਦੀ ਅੱਖ ਨੂੰ ਸੁਹਾਂਦਾ ਨਹੀਂ। ਪੱਗ ਦਾ ਸਿਰ ਉਪਰ ਹੋਣਾ ਮਾਣ-ਸਤਿਕਾਰ ਦਾ ਚਿੰਨ੍ਹ ਹੁੰਦਾ ਹੈ। ਐਪਰ ਇੱਥੇ ਤਾਂ ਉਹ ਵੀ ਨਹੀਂ। ਇਹ ਖਾਕਾ ਜੇ ਹੁਣ ਦਾ ਹੈ, ਭਵਿੱਖ ਕਿਹੋ ਜਿਹਾ ਹੋਵੇਗਾ, ਕਿਹਾ ਨਹੀਂ ਜਾ ਸਕਦਾ। ਖਾਕੇ ਨੂੰ ਸਾਹਮਣੇ ਰੱਖ ਬੀਤ ਚੁੱਕੇ ਸਮੇਂ ਬਾਬਤ ਸੋਚ-ਵਿਚਾਰ ਜ਼ਰੂਰ ਕੀਤੀ ਜਾ ਸਕਦੀ ਹੈ। ਇਸ ਹਾਲਤ ਵਿਚ ਪਹੁੰਚਣ ਤੱਕ ਇਹ ਸ਼ਖ਼ਸ ਕਿਨ੍ਹਾਂ ਪ੍ਰਸਥਿਤੀਆਂ ਦਾ ਸਾਹਮਣਾ ਕਰਦਾ ਆਇਆ ਹੈ। ਤੈਅ ਕੀਤੇ ਜਾ ਚੁੱਕੇ ਸਫ਼ਰ ਦੇ ਬਾਅਦ ਦਾ ਸੱਚ ਚਿਤੇਰੇ ਨੇ ਪੈਨਸਿਲ ਨਾਲ ਕਾਗ਼ਜ਼ ਉਪਰ ਉਲੀਕ ਦਿੱਤਾ ਹੈ।

ਜਿਸਮ ਨੰਗਾ ਹੈ, ਪਰ ਇਹਦੇ ਉਪਰ ਕਿਸੇ ਕਿਸਮ ਦੇ ਜ਼ਖ਼ਮਾਂ ਦੇ ਨਿਸ਼ਾਨ ਨਹੀਂ ਭਾਵ ਅੱਖਾਂ ਨੂੰ ਦਿਖਾਈ ਦੇਣ ਵਾਲੇ। ਆਪੋ-ਆਪਣੀਆਂ ਥਾਵਾਂ ਤੋਂ ਟੁੱਟ ਕੇ ਤੁਰੇ ਪਰਿਵਾਰ, ਪਰਿਵਾਰਾਂ ਨਾਲ ਮਿਲ-ਮਿਲ ਕੇ ਬਣੇ ਛੋਟੇ-ਵੱਡੇ ਆਕਾਰਾਂ ਵਾਲੇ ਕਾਫ਼ਲਿਆਂ ਨੇ ਆਪਣੀ ਹਿਫ਼ਾਜ਼ਤ ਕਰਨ ਲਈ ਲੁਟੇਰਿਆਂ ਨਾਲ ਲੜਦੇ ਸਮੇਂ ਜਾਨਾਂ ਵੀ ਗੁਆਈਆਂ, ਸੱਟਾਂ ਵੀ ਖਾਧੀਆਂ। ਰਾਹਾਂ ਉਪਰ ਤੁਰ ਰਹੇ ਹਰ ਸ਼ਖ਼ਸ ਨੇ ਪਲ-ਪਲ ਜੋ ਦੇਖਿਆ-ਜਰਿਆ, ਉਹ ਚਿੱਤ ਵਿਚ ਦਰਜ ਹੁੰਦਾ ਰਿਹਾ। ਸਿਮਰਤੀ ਵਿਚ ਦਰਜ ਅਕਸਾਂ ਨੂੰ ਅਸੀਂ ਜ਼ਖ਼ਮ ਆਖ ਸਕਦੇ ਹਾਂ। ‘ਚੀਖ’ ਦੇ ਪਾਤਰ ਕੋਲ ਇਨ੍ਹਾਂ ਸਾਂਭੇ ਹੋੲੇ ਜ਼ਖ਼ਮਾਂ ਦਾ ਸਰਮਾਇਆ ਹੈ। ਦਿਸਦੇ ਜ਼ਖ਼ਮਾਂ ਦੀ ਬਜਾਏ ਅਦਿੱਖ ਜ਼ਖ਼ਮਾਂ ਦੀ ਆਰਜਾ ਵਿਅਕਤੀ ਦੀ ਉਮਰ ਤੱਕ ਲੰਮੀ ਹੁੰਦੀ ਹੈ।

ਉਜਾੜਾ ਝੱਲ ਕੇ ਆਏ ਲੋਕਾਂ ਨੇ ਆਪਣੇ ਘਰਾਂ, ਵਸਤਾਂ ਦਾ ਹੀ ਤਿਆਗ ਨਹੀਂ ਕੀਤਾ ਸਗੋਂ ਹੋਰ ਕਈ ਤਰ੍ਹਾਂ ਦੇ ਦੁੱਖ ਵੀ ਸਹਾਰੇ। ਸਕੈੱਚ ਵਿਛੜ ਚੁੱਕੇ ਵਿਅਕਤੀ, ਵਸਤੂਆਂ ਨਹੀਂ ਦਿਖਾ ਰਿਹਾ। ਸਭ ਕੁਝ ਗੁਆ ਕੇ ਬਲਦੇਵ ਨਗਰ ਸ਼ਰਨਾਰਥੀ ਕੈਂਪ ਪਹੁੰਚਣ ਵਾਲਾ ਇਹ ਸਿੱਖ ਅਨੇਕਾਂ ਵਿਚੋਂ ‘ਇਕ’ ਹੈ। ਜੇ ਇਕ ਦੀ ਸਥਿਤੀ ਅਜਿਹੀ ਹੈ ਤਾਂ ਹੋਰਾਂ ਦੀ ਕੀ ਹੋਵੇਗੀ। ਉੱਥੇ ਪਹੁੰਚਣ ਵਾਲੇ ਹਰੇਕ ਸ਼ਖ਼ਸ ਦੀ ਆਪੋ-ਆਪਣੀ ਕਥਾ ਹੋਣ ਦੇ ਬਾਵਜੂਦ ਆਪਸੀ ਸਾਂਝ ਵੀ ਸੀ।

‘ਚੀਖ’ ਬੇਵੱਸੀ ਪ੍ਰਗਟਾਅ ਰਹੀ ਹੈ। ਪਾਤਰ ਦਾ ਜੁੱਸਾ ਮਜ਼ਬੂਤ ਹੋਣ ਦੇ ਬਾਵਜੂਦ ਕੁਝ ਵੀ ਕਰਨੋਂ ਅਸਮਰੱਥ ਹੈ। ਜੋ ਵਰਤਾਰਾ ਵਰਤ ਚੁੱਕਾ ਹੈ, ਇਸ ਵੇਲੇ ਵਰਤ ਰਿਹਾ ਹੈ, ਇਹ ਪਾਤਰ ਉਸ ਨੂੰ ਆਪਣੇ ਬਲ ਨਾਲ ਨਹੀਂ ਰੋਕ ਸਕਦਾ। ਇਸ ਖਿਣ ਤੱਕ ਜੋ ਕੁਝ ਵੀ ਅੰਦਰੋ-ਅੰਦਰ ਸਾਂਭ ਹੁੰਦਾ ਰਿਹਾ, ਇਹ ਹਾਵ-ਭਾਵ ਉਸ ਦਾ ਬਾਹਰੀ ਪ੍ਰਗਟਾਵਾ ਹੈ।

ਇਹ ਸ਼ਖ਼ਸ ਕੀ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕਾ ਹੈ? ਜਵਾਬ ਹਾਂ ਜਾਂ ਨਾਂਹ ਦੋਵਾਂ ਵਿਚ ਹੋ ਸਕਦਾ ਹੈ। ਸ਼ਰਨਾਰਥੀ ਕੈਂਪਾਂ ਨਾਲ ਜੁੜੇ ਵਿਵਰਣਾਂ ਵੱਲ ਝਾਤੀ ਮਾਰਦੇ ਸਮੇਂ ਆਪਣਾ ਮਾਨਸਿਕ ਸੰਤੁਲਨ ਗੁਆਉਣ ਵਾਲਿਆਂ ਦਾ ਜ਼ਿਕਰ ਆਉਂਦਾ ਰਹਿੰਦਾ ਹੈ। ਨਿਰੰਤਰ ਜਮ੍ਹਾਂ ਹੋ ਰਹੇ ਦੁੱਖ ਸਥਿਤੀ ਨੂੰ ਵਿਸਫੋਟਕ ਬਣਾ ਦਿੰਦੇ ਹਨ। ਛੇਕੜ ਦੁੱਖਾਂ ਦਾ ਜਵਾਲਾਮੁਖੀ ਚੀਖ ਦੇ ਰੂਪ ਵਿਚ ਫੁੱਟ ਪੈਂਦਾ ਹੈ। ਸ਼ਬਦ ਉਚਾਰਦੇ ਸਮੇਂ ਜਿਸਮ ਦੇ ਕੁਝ ਕੁ ਅੰਗਾਂ ਦੀ ਸ਼ਮੂਲੀਅਤ ਹੁੰਦੀ ਹੈ ਜਦੋਂਕਿ ਚੀਖਦੇ ਸਮੇਂ ਪੂਰੀ ਦੇਹ ਸ਼ਾਮਿਲ ਹੋਈ ਹੁੰਦੀ ਹੈ। ਉਪਰ ਨੂੰ ਉੱਠੇ ਚਿਹਰੇ ਨੂੰ ਸਹਾਰਾ ਦੇ ਰਹੀ ਖੱਬੀ ਬਾਂਹ, ਖੁੱਲ੍ਹਾ ਮੂੰਹ ਇਸ ਦੇ ਸੰਕੇਤ ਹਨ। ਚਿੱਤਰਕਾਰ ਨੇ ਦਿਸ ਰਹੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਉਸੇ ਅਨੁਸਾਰ ਬਣਾਇਆ ਹੈ। ਦਿੱਤੀਆਂ ਪੈਨਸਿਲ-ਛੋਹਾਂ ਪ੍ਰਭਾਵ ਨੂੰ ਪ੍ਰਗਟ ਕਰ ਦਿੰਦੀਆਂ ਹਨ।

ਜਦੋਂ ਅਸੀਂ ਦੇਸ਼-ਵੰਡ ਨਾਲ ਜੁੜੀਆਂ ਤਸਵੀਰਾਂ/ ਡਰਾਇੰਗਾਂ ਵੱਲ ਝਾਤੀ ਮਾਰਦੇ ਹਾਂ ਤਾਂ ਇਹੋ ਜਿਹਾ ‘ਸਿੱਖ ਫੋਕਸਡ’ ਕੰਮ ਦਿਖਾਈ ਨਹੀਂ ਦਿੰਦਾ। ਇਹ ਕਿਵੇਂ ਸੰਭਵ ਹੋਇਆ, ਕਿਹਾ ਨਹੀਂ ਜਾ ਸਕਦਾ। ਇਹ ਡਰਾਇੰਗ ਸਿਰਫ਼ ਇਕ ਸ਼ਖ਼ਸ ਤੱਕ ਸੀਮਿਤ ਨਹੀਂ ਸਗੋਂ ਇਸ ਤੋਂ ਅਗਾਂਹ ਵੀ ਜਾਂਦੀ ਹੈ। ਚਿਤੇਰੇ ਐੱਸ.ਐਲ. ਪਰਾਸ਼ਰ ਦੀ ਬਣਾਈ ਡਰਾਇੰਗ ਵਿਚ ਪੈਨਸਿਲ ਗਤੀ ਨਾਲ ਚੱਲੀ ਹੈ। ਜ਼ਿਆਦਾ ਸਮਾਂ ਚਿਹਰੇ ਅਤੇ ਉਸ ਦੇ ਹਾਵ-ਭਾਵ ਪਕੜਨ ਉਪਰ ਲੱਗਾ ਹੈ। ਓਦਾਂ ਵੀ ਇਹੋ ਹਿੱਸਾ ਪ੍ਰਮੁੱਖ ਹੈ। ਇੱਥੋਂ ਤੱਕ ਕਿ ਮੱਥੇ ਨੂੰ ਛੂੰਹਦੀ ਬਾਂਹ ਦਾ ਹੱਥ ਵੀ ਪੂਰੀ ਤਰ੍ਹਾਂ ਨਹੀਂ ਬਣਾਇਆ। ਗੁੱਟ ਦੇ ਬਾਅਦ ਦਾ ਹਿੱਸਾ ਜਿਵੇਂ ਸਪੇਸ ਨਾਲ ਇਕਮਿਕ ਹੋ, ਉਸੇ ਵਿਚ ਵਿਲੀਨ ਹੋ ਜਾਂਦਾ ਹੈ। ਮਹਿਸੂਸ ਹੁੰਦਾ ਹੈ, ਕਿਸੇ ਹੋਰ ਵੇਰਵੇ ਨੂੰ ਥਾਂ ਦੇਣਾ ਚਿਤੇਰਾ ਯੋਗ ਨਹੀਂ ਸਮਝਦਾ। ਕਿਸੇ ਥਾਂ ਨੂੰ ਉਭਾਰਣ ਜਾਂ ਦਬਾਉਣ ਹਿੱਤ ਨਿੱਕੀਆਂ, ਵਿਰਲੀਆਂ ਜਾਂ ਸੰਘਣੀਆਂ ਪੈਨਸਿਲ ਛੋਹਾਂ ਲਾਈਆਂ ਹਨ।

ਅਤਿ ਦੇ ਸੁਖ ਜਾਂ ਦੁਖ ਸਮੇਂ ਅੱਖਾਂ ਦਾ ਮੀਟਿਆ ਜਾਣਾ ਕੁਦਰਤੀ ਕਿਰਿਆ ਹੈ: ਡਰਾਇੰਗ ਵਿਚ ਕਿਰਦਾਰ ਦੀਆਂ ਅੱਖਾਂ ਅੰਦਰਲੀ ਗਹਿਰੀ ਪੀੜ ਦੇ ਪ੍ਰਗਟਾਵੇ ਕਾਰਨ ਬੰਦ ਹਨ।

ਸਕੈੱਚ ਭਾਵੇਂ ਜਲਦੀ ਨਾਲ ਨੇਪਰੇ ਚੜ੍ਹਿਆ ਹੈ ਤਾਂ ਵੀ ਕੁਝ ਦਰਜ ਵੇਰਵੇ ਬਾਰੀਕ ਹਨ। ਖੁੱਲ੍ਹੇ ਮੂੰਹ ਦੇ ਦੰਦ ਦਿਸਦੇ ਹਨ। ਦਾੜ੍ਹੀ, ਮੁੱਛਾਂ, ਕੇਸਾਂ ਪ੍ਰਤੀ ਸੰਵੇਦਨਸ਼ੀਲਤਾ ਵਰਤੀ ਹੈ।

ਕੁਝ ਸਾਲਾਂ ਬਾਅਦ ਆਜ਼ਾਦ ਹੋਏ ਨਵੇਂ ਮੁਲਕ ਨੇ ਨਿਰਣਾ ਲਿਆ ਕਿ ਸਾਡੇ ਪਾਸ ਵੀ ਇਕ ਸਕੂਲ ਹੋਵੇ ਜਿੱਥੇ ਕਲਾ ਅਤੇ ਦੂਸਰੇ ਕਸਬੀ ਖੇਤਰਾਂ ਦੀ ਸਿੱਖਿਆ ਦਿੱਤੀ ਜਾਵੇ। ਤਦ 1951 ਨੂੰ ‘ਗਵਰਮੈਂਟ ਸਕੂਲ ਆਫ ਆਰਟਸ ਐਂਡ ਕਰਾਫਟਸ’ ਦੀ ਨੀਂਹ ਸ਼ਿਮਲਾ ਵਿਖੇ ਰੱਖੀ ਗਈ। ਐੱਸ.ਐਲ. ਪਰਾਸ਼ਰ ਨੂੰ ਇਸ ਸਕੂਲ ਦਾ ਪਹਿਲਾ ਪ੍ਰਿੰਸੀਪਲ ਹੋਣ ਦਾ ਮਾਣ ਮਿਲਿਆ।

ਚਿੱਤਰ ਸਿਰਫ਼ ਚਿੱਤਰ ਹੀ ਨਹੀਂ ਹੁੰਦਾ ਸਗੋਂ ਆਪਣੇ ਨਾਲ ਇਕ ਵੇਰਵਾ ਲੈ ਕੇ ਚੱਲ ਰਿਹਾ ਹੁੰਦਾ ਹੈ। ਕਾਲ ਪ੍ਰਵਾਹ ਵਿਚ ਮਨੁੱਖ ਵੱਲੋਂ ਮਨੁੱਖ ਪ੍ਰਤੀ ਕੀਤੀ ਜਾਣ ਵਾਲੀ ਵਧੀਕੀ ਕਦੇ ਰੁਕੀ ਨਹੀਂ। ਉਸ ਦਾ ਫੈਲਾਅ ਘੱਟ-ਵੱਧ ਹੋ ਸਕਦਾ ਹੈ ਅਤੇ ਹਿੰਸਾ ਕਰਨ ਵਾਲੀ           ਧਿਰ ਦਾ ਨਾਮ ਭਿੰਨ ਹੋ ਸਕਦਾ ਹੈ, ਹਿੰਸਾ ਦਾ ਸਰੂਪ ਬਦਲਿਆ ਹੋ ਸਕਦਾ ਹੈ। ਅਨੇਕਾਂ ਵਿਚੋਂ ਕੁਝ ਕੁ ਨਾਲ ਅੱਜ ਦਾ ਵਿਅਕਤੀ ਪਿਛਲੇ ਸਮੇਂ ਤੋਂ ਲੜਦਾ, ਮਰਦਾ ਆ ਰਿਹਾ ਹੈ। ਰੂਪ ਅਤੇ ਸ਼ਬਦ ਆਪ ਤਾਂ ਜਿਊਂਦੇ ਹਨ, ਆਪਣੇ ਨਾਲ ਸਮੇਂ, ਸਥਾਨ ਤੇ ਇਤਿਹਾਸ ਨੂੰ ਵੀ ਜਿਊਂਦਾ ਰੱਖਦੇ ਹਨ।

ਸੰਪਰਕ: 98990-91186

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All