
ਬਹਾਦਰ ਸਿੰਘ ਗੋਸਲ
ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਜ਼ਮਾਨਾ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਵਿਗਿਆਨ ਅਤੇ ਤਕਨਾਲੌਜੀ ਨੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਰੇਡੀਓ, ਟੈਲੀਵਿਜ਼ਨ ਅਤੇ ਹਰ ਹੱਥ ਵਿੱਚ ਮੋਬਾਈਲ ਨੇ ਲੋਕਾਂ ਦਾ ਜੀਵਨ ਪੱਧਰ ਹੀ ਬਦਲ ਕੇ ਰੱਖ ਦਿੱਤਾ ਹੈ। ਸਮਾਜ ਵਿੱਚ ਰਾਜਨੀਤਿਕ ਲੋਕਾਂ, ਨਵੀਆਂ ਕੰਪਨੀਆਂ ਅਤੇ ਵੱਡੇ-ਵੱਡੇ ਵਿਦਿਅਕ ਅਦਾਰਿਆਂ ਨੇ ਲੋਕਾਂ ਦੇ ਪੈਸੇ ਨੂੰ ਖਿੱਚਣ ਜਾਂ ਵੱਧ ਧਨ ਕਮਾਉਣ ਦੇ ਮਨੋਰਥ ਨਾਲ ਨਵੇਂ-ਨਵੇਂ ਸ਼ਬਦ ਵੀ ਲੱਭਣੇ ਸ਼ੁਰੂ ਕਰ ਦਿੱਤੇ ਹਨ। ਅੱਜ ਕੱਲ ਸਮਾਜਿਕ ਜੀਵਨ ਦੇ ਹਰ ਖੇਤਰ ਵਿੱਚ ‘ਸਮਾਰਟ’ ਸ਼ਬਦ ਨੇ ਆਪਣਾ ਖੂਬ ਦਬਦਬਾ ਬਣਾਇਆ ਹੋਇਆ ਹੈ। ਸਿਆਸੀ ਲੋਕ ਰਾਜਨੀਤਿਕ ਲਾਭ ਲੈਣ ਲਈ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਵਰਗੇ ਨਾਅਰਿਆਂ ਨਾਲ ਲੋਕਾਂ ਨੂੰ ਭਰਮਾਉਂਦੇ ਹਨ, ਭਾਵੇਂ ਇਸ ਲਈ ਲੋਕਾਂ ਨੂੰ ਫਾਲਤੂ ਦੇ ਬੇਲੋੜੇ ਟੈਕਸ ਹੀ ਕਿਉਂ ਨਾ ਦੇਣੇ ਪੈਣ। ਸ਼ਹਿਰਾਂ ਨੂੰ ਸਮਾਰਟ ਬਣਾਉਣ ਦੇ ਚੱਕਰ ਵਿਚ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਸ਼ਹਿਰ ਦਾ ਰੂਪ ਬਦਲਿਆ ਨਜ਼ਰ ਨਹੀਂ ਆਉਂਦਾ। ਵੱਡੇ ਸ਼ਹਿਰ ਅਤੇ ਖਾਸ ਕਰ ਕੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਪਾਰਕਿੰਗ ਸਮੱਸਿਆ ਨੂੰ ਮੁੱਖ ਰੱਖ ਕੇ ਗੱਡੀਆਂ ਲਈ ਪਾਰਕਿੰਗ ਪਾਰਕਾਂ ਬਣਾ ਕੇ ਠੇਕੇ ’ਤੇ ਦਿੱਤੀਆਂ ਜਾਂਦੀਆਂ ਹਨ ਅਤੇ ਹੁਣ ਉਨ੍ਹਾਂ ਪਾਰਕਾਂ ਨੂੰ ਸਮਾਰਟ ਬਣਾਉਣ ਲਈ ਲੋਕਾਂ ਦੀਆਂ ਜੇਬਾਂ ਨੂੰ ਫਰੋਲਿਆ ਜਾ ਰਿਹਾ ਹੈ ਅਤੇ ਪਾਰਕਿੰਗ ਫੀਸ ਵਿੱਚ ਬੇਲੋੜਾ ਵਾਧਾ ਕੀਤਾ ਜਾ ਰਿਹਾ ਹੈ।
ਮੋਬਾਈਲ ਕੰਪਨੀਆਂ ਵਲੋਂ ਨਵੇਂ-ਨਵੇਂ ਮੋਬਾਈਲ ਬਾਜ਼ਾਰਾਂ ਵਿੱਚ ਉਤਾਰੇ ਜਾ ਰਹੇ ਹਨ ਅਤੇ ਹਰ ਇੱਕ ਦਾ ਨਵਾਂ ਸਮਾਰਟ ਰੂਪ ਦੱਸ ਕੇ ਲੋਕਾਂ ਤੋਂ ਲੋੜ ਤੋਂ ਵੱਧ ਕੀਮਤਾਂ ਵਸੂਲ ਕੀਤੀਆਂ ਜਾਂਦੀਆਂ ਹਨ। ਲੋਕ ਵੀ ਛੇਤੀ-ਛੇਤੀ ਸਮਾਰਟ ਬਣਨ ਦੇ ਚੱਕਰ ਵਿੱਚ, ਪੈਸਾ ਖਰਚਣ ਦੀ ਪ੍ਰਵਾਹ ਨਹੀਂ ਕਰਦੇ ਅਤੇ ਮਹਿੰਗੇ ਤੋਂ ਮਹਿੰਗਾ ਸਮਾਰਟ ਫੋਨ ਖਰੀਦਣ ਲਈ ਮੁਕਾਬਲੇ ਦੀ ਦੌੜ ਵਿੱਚ ਆ ਜਾਂਦੇ ਹਨ। ਕੰਪਨੀਆਂ ਵਾਲੇ ਭਲੀਭਾਂਤ ਜਾਣਦੇ ਹਨ ਕਿ ਲੋਕਾਂ ਨੂੰ ਸਮਾਰਟ ਦੇ ਨਾਂ ’ਤੇ ਚੰਗੀ ਤਰ੍ਹਾਂ ਲੁੱਟਿਆ ਜਾ ਸਕਦਾ ਹੈ।
ਸਰਕਾਰੀ ਅਤੇ ਸਮਾਜਿਕ ਖੇਤਰ ਵਿੱਚ ਵਿਦਿਅਕ ਖੇਤਰ ਇੱਕ ਵੱਡਾ ਖੇਤਰ ਹੈ, ਜਿੱਥੋਂ ਵੱਧ ਪੈਸੇ ਕਮਾਉਣ ਲਈ ਸਮਾਰਟ ਸ਼ਬਦ ਬਹੁਤ ਜਲਦ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ’ਤੇ ਪ੍ਰਭਾਵ ਪਾਉਂਦਾ ਹੈ। ਵੱਡੇ-ਵੱਡੇ ਵਿਦਿਅਕ ਅਦਾਰੇ ਆਪਣੇ ਸਕੂਲ ਨੂੰ ਸਮਾਰਟ ਸਕੂਲ ਜਾਂ ਸਮਾਰਟ ਕਲਾਸ ਰੂਮਜ਼ ਦਾ ਨਾਂ ਦੇ ਕੇ ਖੂਬ ਪ੍ਰਚਾਰ ਕਰਦੇ ਹਨ ਅਤੇ ਇਸੇ ਆੜ ਵਿੱਚ ਫੀਸਾਂ ਵਿਚ ਬੇਲੋੜਾ ਵਾਧਾ ਕਰ ਕੇ ਮਾਪਿਆਂ ਦੀਆਂ ਜੇਬਾਂ ਢਿੱਲੀਆਂ ਕਰਦੇ ਹਨ। ਮਾਪੇ ਵੀ ਸਮਾਰਟ ਨਾਂ ਸੁਣ ਕੇ ਖਿੱਚੇ ਚਲੇ ਆਉਂਦੇ ਹਨ ਅਤੇ ਬਿਨਾਂ ਕਿਸੇ ਤੱਥਾਂ ਦੀ ਪੜਚੋਲ ਤੋਂ ਬਿਨਾਂ ਆਪਣੇ ਬੱਚਿਆਂ ਨੂੰ ਵੱਧ ਖਰਚ ਕਰ ਕੇ ਅਜਿਹੇ ਸਕੂਲਾਂ ਵਿੱਚ ਦਾਖਲ ਕਰਵਾਉਂਦੇ ਹਨ। ਉਹ ਕਦੇ ਵੀ ਅਜਿਹੇ ਸਕੂਲਾਂ ਦੇ ਅਧਿਆਪਕਾਂ ਦੀ ਵਿਦਿਅਕ ਯੋਗਤਾ ਨਹੀਂ ਦੇਖਦੇ, ਸਗੋਂ ਸਮਾਰਟ ਸ਼ਬਦ ਨੂੰ ਸੁਣ ਕੇ ਹੀ ਖਿੱਚੇ ਚਲੇ ਜਾਂਦੇ ਹਨ। ਸਕੂਲਾਂ ਵਿੱਚ ਨਵੀਂ ਤਕਨੀਕ ਨੂੰ ਲਾਗੂ ਕਰਨਾ, ਪੜ੍ਹਾਉਣ ਦੀਆਂ ਨਵੀਆਂ ਵਿਧੀਆਂ ਨੂੰ ਅਪਣਾਉਣਾ ਅਤੇ ਸਿੱਖਿਆ ਦੇ ਖੇਤਰ ਵਿੱਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਇੱਕ ਚੰਗਾ ਉੱਦਮ ਹੈ ਪਰ ਇਸ ਲਈ ਇਸ ਨੂੰ ਲੁੱਟ ਦਾ ਵਸੀਲਾ ਨਹੀਂ ਬਣਨ ਦੇਣਾ ਚਾਹੀਦਾ। ਸਰਕਾਰਾਂ ਨੂੰ ਇਸ ਪਾਸੇ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ।
ਦੇਖਣ ਵਿੱਚ ਆਇਆ ਹੈ ਕਿ ਅੱਜ ਕੱਲ੍ਹ ਬਹੁਤ ਸਾਰੇ ਸਕੂਲ ਆਪਣੇ ਸਕੂਲਾਂ ਵਿੱਚ ਇਕ-ਦੋ ਕਲਾਸ ਰੂਮਜ਼ ਵਿੱਚ ਨਵਾਂ ਸਮਾਰਟ ਸਿਸਟਮ ਲਗਾ ਕੇ, ਸਕੂਲ ਦੇ ਸਮਾਰਟ ਬਣਨ ਦਾ ਖੂਬ ਸ਼ੋਰ ਪਾਉਂਦੇ ਹਨ ਪਰ ਦੇਖਣ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਕੀ ਉਹ ਸਮਾਰਟ ਸਿਸਟਮ ਕੰਮ ਵੀ ਕਰਦੇ ਹਨ ਜਾਂ ਨਹੀਂ। ਇਹ ਵੀ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਕੀ ਅਜਿਹੇ ਸਿਸਟਮ ਨੂੰ ਚਲਾਉਣ ਲਈ ਸਕੂਲ ਵਿੱਚ ਨਿਪੁੰਨ ਅਧਿਆਪਕ ਹਨ ਜਾਂ ਨਹੀਂ। ਜੇ ਕੋਈ ਨਿਪੁੰਨ ਜਾਂ ਟਰੇਂਡ ਅਧਿਆਪਕ ਹੀ ਨਹੀਂ ਹੋਵੇਗਾ ਤਾਂ ਬੱਚਿਆਂ ਨੂੰ ਸਮਾਰਟ ਰੂਮ ਦਾ ਕੀ ਲਾਭ ਹੋਵੇਗਾ? ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਮਾਰਟ ਸ਼ਬਦ ਸਮੇਂ ਦੀ ਨਵੀਂ ਕਾਢ ਹੈ ਪਰ ਇਸ ਦਾ ਗਰੀਬ ਲੋਕਾਂ ’ਤੇ ਉਲਟਾ ਅਸਰ ਹੋ ਰਿਹਾ ਹੈ। ਗਰੀਬ ਲੋਕਾਂ ਵੀ ਦੇਖਾ-ਦੇਖੀ ਸਮੇਂ ਦੇ ਨਾਲ ਦੋੜਨ ਦੀ ਹਿੰਮਤ ਦਿਖਾਉਂਦੇ ਹਨ ਪਰ ਉਹ ਵੀ ਇੱਕ ਤਰ੍ਹਾਂ ਦੀ ਲੁੱਟ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਭਾਵੇਂ ਸਮਾਰਟ ਸ਼ਹਿਰਾਂ ਦੀ ਗੱਲ ਹੋਵੇ ਜਾਂ ਸਮਾਰਟ ਸਕੂਲ ਦੀ ਲੋਕਾਂ ਪਾਸੋਂ ਵਾਧੂ ਅਤੇ ਬੇਲੋੜੇ ਕਰ ਨਾ ਵਸੂਲੇ ਜਾਣ।
ਸੰਪਰਕ: 9876452223
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ