ਕ੍ਰਾਂਤੀਕਾਰੀ ਯੋਧਾ ਸ਼ਹੀਦ ਊਧਮ ਸਿੰਘ
ਸ਼ਹੀਦ ਊਧਮ ਸਿੰਘ ਨੇ ਮਾਈਕਲ ਓ’ਡਵਾਇਰ ਵੱਲੋਂ ਸਾਲ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਲੋਕਾਂ ਨੂੰ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋਂ 20 ਸਾਲਾਂ ਤੱਕ ਬੁਝਣ ਨਹੀਂ ਦਿੱਤੀ ਸੀ। ਇੰਨਾ ਲੰਬਾ ਸਮਾਂ...
ਸ਼ਹੀਦ ਊਧਮ ਸਿੰਘ ਨੇ ਮਾਈਕਲ ਓ’ਡਵਾਇਰ ਵੱਲੋਂ ਸਾਲ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਲੋਕਾਂ ਨੂੰ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋਂ 20 ਸਾਲਾਂ ਤੱਕ ਬੁਝਣ ਨਹੀਂ ਦਿੱਤੀ ਸੀ। ਇੰਨਾ ਲੰਬਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ਵਿੱਚ ਬਲਦੀ ਰੱਖਣਾ ਆਪਣੇ ਆਪ ਵਿੱਚ ਇੱਕ ਵਿਲੱਖਣ ਉਦਾਹਰਨ ਹੈ।
ਅੰਮ੍ਰਿਤਸਰ ਵਿਖੇ 13 ਅਪਰੈਲ 1919 ਨੂੰ ਜੱਲ੍ਹਿਆਵਾਲੇ ਬਾਗ਼ ਦਾ ਵਾਪਰਿਆ ਖੂਨੀ ਸਾਕਾ ਊਧਮ ਸਿੰਘ ਨੇ ਆਪਣੇ ਅੱਖੀਂ ਦੇਖਿਆ। ਊਧਮ ਸਿੰਘ ਨੇ 500 ਤੋਂ ਵੱਧ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨੇ ਹੋਏ ਦੇਖਿਆ ਸੀ। ਬ੍ਰਿਟਿਸ਼ ਸਰਕਾਰ ਦੁਆਰਾ ਮਾਰੇ ਗਏ ਨਿਰਦੋਸ਼ ਅਤੇ ਮਾਸੂਮ ਭਾਰਤੀਆਂ ਦੀ ਮੌਤ ਦੇ ਦ੍ਰਿਸ਼ ਨੇ ਉਸ ਦਾ ਮਨ ਝੰਜੋੜ ਕੇ ਰੱਖ ਦਿੱਤਾ ਸੀ। ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ। ਇਸ ਦੁਖਦਾਈ ਘਟਨਾ ਨੇ ਊਧਮ ਸਿੰਘ ਨੂੰ ਕ੍ਰਾਂਤੀਕਾਰੀ ਬਣਾ ਦਿੱਤਾ। ਜਲਦੀ ਹੀ ਉਹ ਅਮਰੀਕਾ ਵਿਖੇ ਗਿਆ। ਉਹ 1920 ’ਚ ਬੱਬਰ ਅਕਾਲੀਆਂ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਬਾਰੇ ਜਾਣਕਾਰੀ ਲੈ ਕੇ ਵਾਪਸ ਭਾਰਤ ਆ ਗਿਆ। ਊਧਮ ਸਿੰਘ ਆਪਣੇ ਨਾਲ ਗੁਪਤ ਤਰੀਕੇ ਨਾਲ ਪਿਸਤੌਲ ਲੈ ਆਇਆ। ਅੰਮ੍ਰਿਤਸਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਆਰਮ ਐਕਟ ਅਧੀਨ 4 ਸਾਲ ਕੈਦ ਦੀ ਸਜਾ ਹੋ ਗਈ। ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਊਧਮ ਸਿੰਘ ਆਪਣੇ ਪਿੰਡ ਸੁਨਾਮ ਵਿਖੇ ਚਲਾ ਗਿਆ। ਇੱਥੇ ਪੁਲੀਸ ਨੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨਾ ਜਾਰੀ ਰੱਖਿਆ। ਉਹ ਫਿਰ ਵਾਪਸ ਅੰਮ੍ਰਿਤਸਰ ਆ ਗਿਆ। ਇੱਥੇ ਉਸ ਨੇ ਸਾਈਨ ਬੋਰਡ-ਪੇਂਟਰ ਦੀ ਦੁਕਾਨ ਖੋਲ੍ਹ ਲਈ ਅਤੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ। ਇਹ ਨਾਮ ਸ਼ਹੀਦ ਊਧਮ ਸਿੰਘ ਦੀ ਧਰਮ-ਨਿਰਪੱਖਤਾ ਦਾ ਪ੍ਰਤੀਕ ਹੈ।
ਮਹਾਨ ਕ੍ਰਾਂਤੀਕਾਰ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਮੌਜੂਦਾ ਜ਼ਿਲ੍ਹੇ ਸੰਗਰੂਰ ਦੇ ਕਸਬਾ ਸੁਨਾਮ ਵਿਖੇ ਹੋਇਆ। ਸ. ਊਧਮ ਸਿੰਘ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ। ਪਿਤਾ ਸ. ਟਹਿਲ ਸਿੰਘ ਪਿੰਡ ਉੱਪਲ ਵਿਖੇ ਰੇਲਵੇ ਕਰਾਸਿੰਗ ’ਤੇ ਚੌਕੀਦਾਰ ਵਜੋਂ ਕੰਮ ਕਰਦੇ ਸਨ। 5-6 ਸਾਲ ਦੀ ਉਮਰ ਵਿੱਚ ਹੀ ਸ਼ੇਰ ਸਿੰਘ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਸੀ। 24 ਅਕਤੂਬਰ 1907 ਨੂੰ ਸ਼ੇਰ ਸਿੰਘ ਅਤੇ ਭਰਾ ਮੁਕਤਾ ਸਿੰਘ ਨੂੰ ਸੈਂਟਰਲ ਖਾਲਸਾ ਯਤੀਮਘਰ ਪੁਤਲੀਘਰ ਅੰਮ੍ਰਿਤਸਰ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇੱਥੇ ਸ਼ੇਰ ਸਿੰਘ ਦਾ ਨਾਮ ਬਦਲ ਕੇ ਊਧਮ ਸਿੰਘ ਅਤੇ ਭਰਾ ਮੁਕਤਾ ਸਿੰਘ ਦਾ ਨਾਮ ਸਾਧੂ ਸਿੰਘ ਰੱਖ ਦਿੱਤਾ ਗਿਆ। 1917 ਨੂੰ ਸਾਧੂ ਸਿੰਘ ਦੀ ਮੌਤ ਹੋ ਗਈ। ਊਧਮ ਸਿੰਘ ਇਸ ਸੰਸਾਰ ਵਿੱਚ ਇਕੱਲਾ ਹੀ ਰਹਿ ਗਿਆ। ਊਧਮ ਸਿੰਘ ਨੇ 1918 ’ਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ।
ਸ਼ਹੀਦ ਊਧਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ ’ਤੇ ਮਾਈਕਲ ਓ’ਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲੇ ਕਾਰਨਾਮੇ ਤੱਕ ਸੀਮਤ ਕਰ ਕੇ ਵੇਖਿਆ ਜਾਂਦਾ ਹੈ। ਉਸ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ। ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖੋਂ ਪਰਪੱਕ ਤੇ ਗਰਮ ਖ਼ਿਆਲੀ ਕ੍ਰਾਂਤੀਕਾਰੀ ਸੀ। ਉਹ 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ। ਉਸ ਦੇ ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਉਸ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਿਤ ਸੀ। ਉਹ ਭਗਤ ਸਿੰਘ ਦੇ ਆਦੇਸ਼ ਉੱਤੇ 27 ਜੁਲਾਈ 1927 ਨੂੰ ਭਾਰਤ ਪਰਤ ਆਇਆ ਸੀ ਅਤੇ ਆਪਣੇ ਨਾਲ 25 ਹੋਰ ਸਾਥੀ, ਕੁਝ ਗੋਲੀ-ਸਿੱਕਾ ਅਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਹੋ ਗਿਆ ਸੀ। 30 ਅਗਸਤ 1927 ਨੂੰ ਉਸ ਨੂੰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ 5 ਸਾਲ ਦੀ ਕੈਦ ਹੋ ਗਈ। ਉਹ ਸ਼ਹੀਦ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫਾਂਸੀ ਲੱਗਣ ਵੇਲੇ ਤੱਕ ਜੇਲ੍ਹ ਵਿੱਚ ਹੀ ਸੀ।
ਊਧਮ ਸਿੰਘ 1935 ’ਚ ਕਸ਼ਮੀਰ ਗਿਆ ਅਤੇ ਆਪਣੇ ਨਾਲ ਸ਼ਹੀਦ ਭਗਤ ਸਿੰਘ ਦੀ ਤਸਵੀਰ (ਪੋਟਰੇਟ) ਲੈ ਗਿਆ। ਊਧਮ ਸਿੰਘ, ਸ਼ਹੀਦ ਭਗਤ ਸਿੰਘ ਨੂੰ ਆਪਣਾ ਅਦਰਸ਼ ਮੰਨਦਾ ਸੀ। ਊਧਮ ਸਿੰਘ ਰਾਜਨੀਤਕ ਗੀਤ ਗਾਇਆ ਕਰਦਾ ਸੀ। ਉਹ ਕ੍ਰਾਂਤੀਕਾਰੀਆਂ ਦੇ ਮੋਹਰਲੀ ਕਤਾਰ ਦੇ ਕਵੀ ਰਾਮ ਪ੍ਰਸਾਦ ਬਿਸਮਲ ਦਾ ਬਹੁਤ ਪ੍ਰਸ਼ੰਸਕ ਸੀ। 6 ਮਹੀਨੇ ਕਸ਼ਮੀਰ ’ਚ ਰਹਿਣ ਉਪਰੰਤ ਉਹ ਇੰਗਲੈਂਡ ਚਲਾ ਗਿਆ।
ਊਧਮ ਸਿੰਘ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਜੱਲ੍ਹਿਆਂਵਾਲੇ ਬਾਗ਼ ਅੰਮ੍ਰਿਤਸਰ ਵਿਖੇ ਵਾਪਰੇ ਦੁਖਦਾਈ ਖੂਨੀ-ਸਾਕੇ ਦੀ ਘਟਨਾ ਦਾ ਬਦਲਾ ਲੈਣਾ ਚਾਹੁੰਦਾ ਸੀ। ਆਖਿਰ ਇੱਕ ਦਿਨ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਬਦਲਾ ਲੈਣ ਦਾ ਸਮਾਂ ਆ ਹੀ ਗਿਆ। 13 ਮਾਰਚ 1940 ਨੂੰ ਸ਼ਾਮ ਦੇ 4.30 ਵਜੇ ਕੈਕਸਟਨ ਹਾਲ ਲੰਡਨ ਵਿਖੇ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਚੱਲ ਰਹੀ ਸੀ। ਇੱਥੇ ਬਹੁਤ ਭੀੜ ਸੀ। ਦਲੇਰੀ ਨਾਲ ਊਧਮ ਸਿੰਘ ਸਟੇਜ ਦੇ ਕੋਲ ਪਹੁੰਚ ਗਿਆ। ਜਦੋਂ ਮਾਈਕਲ ਓ’ਡਵਾਇਰ ਆਪਣਾ ਭਾਸ਼ਣ ਦੇ ਕੇ ਆਪਣੀ ਸੀਟ ਵੱਲ ਜਾ ਰਿਹਾ ਸੀ ਤਾਂ ਅਣਖੀ ਯੋਧੇ ਊਧਮ ਸਿੰਘ ਨੇ ਆਪਣੇ ਪਿਸਤੌਲ ਨਾਲ 5-6 ਗੋਲੀਆਂ ਮਾਈਕਲ ਓ’ਡਵਾਇਰ ਦੇ ਮਾਰੀਆਂ, ਜਿਸ ਨਾਲ ਉਹ ਉਸ ਥਾਂ ’ਤੇ ਹੀ ਢਹਿ-ਢੇਰੀ ਹੋ ਗਿਆ। ਆਖਿਰ ਊਧਮ ਸਿੰਘ ਨੇ ਜੱਲ੍ਹਿਆਂਵਾਲੇ ਖੂਨੀ ਸਾਕੇ ਤੋਂ ਲਗਭਗ 20 ਸਾਲ ਬਾਅਦ ਮਾਈਕਲ ਓ’ਡਵਾਇਰ ਨੂੰ ਜਾਨੋਂ ਮਾਰ ਕੇ ਬਦਲਾ ਲੈ ਹੀ ਲਿਆ। ਊਧਮ ਸਿੰਘ ਇੱਥੋਂ ਦੌੜਨ ਦੀ ਬਜਾਏ ਉੱਥੇ ਹੀ ਨਿਡਰਤਾ ਨਾਲ ਖੜ੍ਹਾ ਰਿਹਾ ਅਤੇ ਇਹੀ ਕਹਿੰਦਾ ਰਿਹਾ ਕਿ ਮੈਂ ਆਪਣੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਰੀ ਨਿਭਾਅ ਲਈ ਹੈ। ਜੇ ਉਹ ਚਾਹੁੰਦਾ ਤਾਂ ਹੋਰ ਅੰਗਰੇਜ਼ਾਂ ਨੂੰ ਮਾਰ ਕੇ ਉੱਥੋਂ ਭੱਜ ਸਕਦਾ ਸੀ।
ਸ਼ਹੀਦ ਊਧਮ ਸਿੰਘ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਮਾਲਕ ਸੀ। ਉਸ ਨੂੰ ਜਦੋਂ ਲੰਡਨ ਦੀ ਅਦਾਲਤ ਵੱਲੋਂ ਉਸ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ‘ਮੁਹੰਮਦ ਸਿੰਘ ਆਜ਼ਾਦ’ ਦੱਸਿਆ। ਉਸ ਦਾ ਇਹ ਤਖੱਲਸ ਰੱਖਣਾ ਸਮੂਹ ਧਰਮਾਂ, ਜਾਤਾਂ, ਕਬੀਲਿਆਂ ਨੂੰ ਬਰਾਬਰ ਅਤੇ ਇੱਕੋ ਨਜ਼ਰੀਏ ਨਾਲ ਵੇਖਣ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਹੈ।
ਸ਼ਹੀਦ ਊਧਮ ਸਿੰਘ ਨੇ ਜੱਲ੍ਹਿਆਂਵਾਲੇ ਬਾਗ਼ ਵਿੱਚ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਭਾਰਤੀ ਲੋਕਾਂ ਦੀ ਸ਼ਹੀਦੀ ਦਾ ਬਦਲਾ ਇੰਨੇ ਲੰਮੇ ਅਰਸੇ ਬਾਅਦ ਲੈ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ। ਪਹਿਲੀ ਅਪਰੈਲ 1940 ਨੂੰ ਊਧਮ ਸਿੰਘ ਨੂੰ ਲੰਡਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚਾਰ ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਉਸ ਨੂੰ ਮਾਈਕਲ ਓ’ਡਵਾਇਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਸੀ ਕਿ ਉਹ ਸਾਡਾ ਪੁਰਾਣਾ ਦੁਸ਼ਮਣ ਸੀ ਅਤੇ ਉਹ ਇਸ ਸਜ਼ਾ ਦਾ ਹੱਕਦਾਰ ਸੀ। ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟਨਵਿਲ ਜੇਲ੍ਹ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਫ਼ਨ ਕਰ ਦਿੱਤਾ ਗਿਆ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਸਦਕਾ 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪੀਆਂ ਅਤੇ ਉਸ ਦਾ ਸੁਨਾਮ ਵਿਖੇ ਸਸਕਾਰ ਕੀਤਾ ਗਿਆ।
ਸੰਪਰਕ: 94631-62825

