ਬਾਕੀ ਦੇ ਕੰਮ ਬਾਅਦ ’ਚ, ਪਹਿਲਾਂ ਸਿਹਤ ਜ਼ਰੂਰੀ ਏ
ਹਰ ਸਾਲ 7 ਅਪਰੈਲ ਨੂੰ ਸਾਰੀ ਦੁਨੀਆ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ 1948 ਨੂੰ ਵਿਸ਼ਵ ਸਿਹਤ ਸੰਸਥਾ ਦੀ ਸਥਾਪਨਾ ਹੋਈ ਸੀ। ਇਸ ਤੋਂ ਦੋ ਸਾਲਾਂ ਬਾਅਦ 1950 ਤੋਂ ਹਰ ਸਾਲ ਸਥਾਪਨਾ ਦਿਵਸ ਨੂੰ ਸਿਹਤ ਦਿਵਸ ਵਜੋਂ...
ਹਰ ਸਾਲ 7 ਅਪਰੈਲ ਨੂੰ ਸਾਰੀ ਦੁਨੀਆ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ 1948 ਨੂੰ ਵਿਸ਼ਵ ਸਿਹਤ ਸੰਸਥਾ ਦੀ ਸਥਾਪਨਾ ਹੋਈ ਸੀ। ਇਸ ਤੋਂ ਦੋ ਸਾਲਾਂ ਬਾਅਦ 1950 ਤੋਂ ਹਰ ਸਾਲ ਸਥਾਪਨਾ ਦਿਵਸ ਨੂੰ ਸਿਹਤ ਦਿਵਸ ਵਜੋਂ ਮਨਾਇਆ ਜਾਣ ਲੱਗਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਇਸ ਤਹਿਤ ਪੋਲੀਓ, ਖ਼ੂਨ ਦੀ ਕਮੀ, ਨੇਤਰਹੀਣਤਾ, ਟੀ ਬੀ ਤੇ ਮਲੇਰੀਆ ਆਦਿ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਵੀ ਹੈ। ਸਰੀਰਕ ਤੰਦਰੁਸਤੀ ਮਨੁੱਖ ਲਈ ਬਹੁਤ ਮਹੱਵਪੂਰਨ ਹੈ। ਜੇਕਰ ਸਾਡੀ ਸਿਹਤ ਹੀ ਠੀਕ ਨਹੀਂ ਤਾਂ ਧਨ-ਦੌਲਤ ਅਤੇ ਅਮੀਰੀ ਸਾਡੇ ਲਈ ਕੋਈ ਵੀ ਮਾਅਨੇ ਨਹੀਂ ਰੱਖਦੀ। ਅੱਜ ਤੋਂ ਤਕਰੀਬਨ 50 ਕੁ ਸਾਲ ਪਹਿਲਾਂ ਲੋਕ ਵੱਧ ਤੰਦਰੁਸਤ ਹੁੰਦੇ ਸਨ। ਉਨ੍ਹਾਂ ਦੀ ਤੰਦਰੁਸਤੀ ਦਾ ਰਾਜ਼ ਮਾਨਸਿਕ ਤਣਾਅ ਦਾ ਘੱਟ ਹੋਣਾ, ਦੇਸੀ ਖਾਣ-ਪੀਣ, ਸਰੀਰਕ ਖੇਡਾਂ ਆਦਿ ਸੀ। ਹੁਣ ਬਹੁਤ ਕੁਝ ਬਦਲ ਚੁੱਕਾ ਹੈ।
ਬੱਚੇ ਦੇਸੀ ਖਾਣ-ਪੀਣ ਤਿਆਗ ਕੇ ਫਾਸਟ ਫੂਡ ਵੱਲ ਨੂੰ ਤੁਰ ਪਏ ਹਨ ਅਤੇ ਸਰੀਰਕ ਖੇਡਾਂ ਛੱਡ ਕੇ ਕੰਪਿਊਟਰ ਗੇਮਾਂ ਦੇ ਸ਼ੌਕੀਨ ਬਣ ਚੁੱਕੇ ਹਨ। ਸਰੀਰਕ ਕੰਮ ਬਹੁਤ ਘਟ ਚੁੱਕਾ ਹੈ। ਹਰ ਚੀਜ਼ ਮਿਲਾਵਟ ਵਾਲੀ ਮਿਲ ਰਹੀ ਹੈ। ਪ੍ਰਦੂਸ਼ਣ ਪਹਿਲਾਂ ਨਾਲੋਂ ਕਈ ਗੁਣਾ ਵਧ ਚੁੱਕਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਲੋਕ ਪਹਿਲਾਂ ਵਾਂਗ ਤੰਦਰੁਸਤ ਅਤੇ ਖ਼ੁਸ਼ ਦਿਖਾਈ ਨਹੀਂ ਦਿੰਦੇ। ਹੁਣ ਲੋਕ ਸਿਰਫ਼ ਘਰਾਂ ਦੀ ਚਾਰਦੀਵਾਰੀ ਵਿੱਚ ਮੋਬਾਈਲ ਦੇ ਗ਼ੁਲਾਮ ਬਣ ਕੇ ਰਹਿ ਗਏ ਹਨ। ਇੰਝ ਲੱਗਦਾ ਹੈ ਜਿਵੇਂ ਪਹਿਲਾਂ ਵਰਗਾ ਆਪਣਾਪਣ, ਖੁੱਲ੍ਹਾਪਣ ਅਤੇ ਭਾਈਚਾਰਾ ਕਿਧਰੇ ਗੁਆਚ ਗਿਆ ਹੋਵੇ। ਅੱਜ ਦੇ ਦੌਰ ਵਿੱਚ ਪਹਿਲਾਂ ਵਰਗੀ ਜੀਵਨ ਸ਼ੈਲੀ ਨਹੀਂ ਰਹੀ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਹਰ ਵਿਅਕਤੀ ਬਲੱਡ ਪ੍ਰੈੱਸ਼ਰ, ਸ਼ੂਗਰ, ਕੈਂਸਰ ਵਰਗੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਕਿਸੇ ਸਮੇਂ ਖੇਡਾਂ ਵਿੱਚ ਜਿੱਥੇ ਸਾਡੀ ਜਵਾਨੀ ਕਬੱਡੀ ਤੇ ਕੁਸ਼ਤੀ ਦੇ ਅਖਾੜਿਆਂ ਦਾ ਸ਼ਿੰਗਾਰ ਹੁੰਦੀ ਸੀ, ਉੱਥੇ ਅੱਜ ਸੋਸ਼ਲ ਮੀਡੀਆ ਨੇ ਸਭ ਬਦਲ ਦਿੱਤਾ ਹੈ। ਬੱਚੇ ਵੀਡੀਓ ਗੇਮਜ਼, ਮੋਬਾਈਲ ’ਚ ਗੇਮਜ਼ ਤੇ ਕੰਪਿਊਟਰ ਦਾ ਹਿੱਸਾ ਬਣ ਕੇ ਰਹਿ ਗਏ ਹਨ।
ਸੈਲਫੀਆਂ ਖਿੱਚਦਾ ਬੰਦਾ ਸਿਰਫ਼ ਇਕੱਲੇ ਹੋਣ ਦਾ ਪ੍ਰਤੀਕ ਹੈ। ਧੰਨ ਸਨ ਸਾਡੀਆਂ ਉਹ ਮਾਵਾਂ, ਦਾਦੀਆਂ ਤੇ ਨਾਨੀਆਂ ਜੋ ਵੱਡੇ-ਵੱਡੇ ਟੱਬਰਾਂ ਨੂੰ ਪਾਲਦੀਆਂ ਹੋਈਆਂ ਵੀ ਤੰਦਰੁਸਤ ਹੁੰਦੀਆਂ ਸਨ ਅਤੇ ਉਨ੍ਹਾਂ ਦੀ ਤੰਦਰੁਸਤੀ ਦਾ ਵੱਡਾ ਰਾਜ਼ ਹੱਥੀਂ ਕੰਮ ਕਰਨਾ ਸੀ ਤੇ ਉਹ ਨਰਮਾ ਕਪਾਹ ਦੀਆਂ ਛਟੀਆਂ ਤੇ ਪਾਥੀਆਂ ਦੀ ਅੱਗ ’ਤੇ ਵੀਹ-ਵੀਹ ਬੰਦਿਆਂ ਦੀ ਰੋਟੀ ਬਣਾ ਲੈਂਦੀਆਂ ਸਨ। ਅੱਜ ਸਾਡੇ ਘਰਾਂ ਤੋਂ ਲੌਂਗ, ਲਾਚੀ, ਸੁੰਢ, ਅਜਵਾਇਣ ਆਦਿ ਗਾਇਬ ਹਨ। ਉਨ੍ਹਾਂ ਦੀ ਥਾਂ ਕਰੋਸੀਨ ਤੇ ਡਿਸਪਰੀਨ ਆਦਿ ਦਵਾਈਆਂ ਦੇਖੀਆਂ ਜਾ ਸਕਦੀਆਂ ਹਨ, ਜੋ ਮਾੜੀ ਸਿਹਤ ਦਾ ਸੰਕੇਤ ਹਨ। ਅੱਜ ਦੇ ਮਰਦਾਂ ਨੇ ਵੀ ਹੱਥੀਂ ਕੰਮ ਕਰਨਾ ਘਟਾ ਦਿੱਤਾ ਹੈ ਤੇ ਲਗਪਗ ਮਸ਼ੀਨਰੀ ’ਤੇ ਨਿਰਭਰ ਹੋ ਚੁੱਕੇ ਹਨ।
ਦੂਜੇ ਪਾਸੇ ਦੁੱਧ, ਫ਼ਲ ਤੇ ਸਬਜ਼ੀਆਂ ਦੀ ਵਧ ਰਹੀ ਮੰਗ ਤਹਿਤ ਨਕਲੀ ਦੁੱਧ-ਘਿਓ ਅਤੇ ਦਵਾਈਆਂ ਵਾਲੀਆਂ ਫ਼ਸਲਾਂ ਤਿਆਰ ਕਰ ਕੇ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜੇਕਰ ਅਸੀਂ ਆਪਣੇ ਆਪ, ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਉਣਾ ਹੈ ਤਾਂ ਸਭ ਤੋਂ ਪਹਿਲਾਂ ਚੰਗੀ ਸਿਹਤ, ਤੰਦਰੁਸਤੀ ਅਤੇ ਮਾਨਸਿਕ ਤੌਰ ’ਤੇ ਖੁੱਲ੍ਹਾਪਣ ਲਿਆਉਣਾ ਜ਼ਰੂਰੀ ਹੈ। ਬੇਸ਼ੱਕ ਹੁਣ ਪਹਿਲਾਂ ਵਾਲਾ ਸਮਾਂ ਤਾਂ ਨਹੀਂ ਆ ਸਕਦਾ, ਪਰ ਫਿਰ ਵੀ ਅਸੀਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਜਿਸ ਵਿੱਚ ਨੀਂਦ ਦਾ ਇੱਕ ਮਹੱਤਵਪੂਰਨ ਸਥਾਨ ਹੈ। ਹਰੇਕ ਦਾ ਸਰੀਰ ਲੋੜ ਅਨੁਸਾਰ ਨੀਂਦ ਮੰਗਦਾ ਹੈ। ਕਸਰਤ, ਯੋਗ ਅਤੇ ਸੈਰ ਸਰੀਰ ਲਈ ਬਹੁਤ ਜ਼ਰੂਰੀ ਹਨ। ਸਾਦਾ ਖਾਣ-ਪੀਣ, ਨਸ਼ਿਆਂ ਤੋਂ ਦੂਰ ਰਹਿਣਾ, ਹੱਸਣਾ, ਖੇਡਣਾ, ਖ਼ੁਸ਼ ਰਹਿਣਾ ਵੀ ਤੰਦਰੁਸਤ ਸਰੀਰ ਤੇ ਦਿਮਾਗ਼ ਲਈ ਜ਼ਰੂਰੀ ਹਨ। ਮਨੁੱਖ ਜਿੰਨੀ ਮਰਜ਼ੀ ਚੰਗੀ ਖ਼ੁਰਾਕ ਖਾ ਲਵੇ, ਜੇ ਉਸ ਦੇ ਵਿਚਾਰ ਚੰਗੇ ਨਹੀਂ ਅਤੇ ਸੋਚ ਨਾਂਹ-ਪੱਖੀ ਹੈ ਤਾਂ ਉਹ ਕਦੇ ਵੀ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਨਹੀਂ ਰਹਿ ਸਕਦਾ। ਗੁੱਸਾ, ਨਿਰਾਸ਼ਾ, ਚਿੰਤਾ, ਘਰੇਲੂ ਕਲੇਸ਼ ਮਨੁੱਖੀ ਸਿਹਤ ’ਤੇ ਮਾੜਾ ਅਸਰ ਪਾਉਂਦੇ ਹਨ। ਚੰਗੀ ਖ਼ੁਰਾਕ ਦੇ ਨਾਲ-ਨਾਲ ਚੰਗੇ ਵਿਚਾਰ ਤੇ ਲੜਾਈ-ਝਗੜੇ ਤੋਂ ਦੂਰ ਰਹਿਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ, ਜੋ ਚੰਗੀ ਮਾਨਸਿਕ ਤੇ ਸਰੀਰਕ ਸਿਹਤ ਲਈ ਬਹੁਤ ਜ਼ਰੂਰੀ ਹੈ। ਸਾਡੀ ਜ਼ਿੰਦਗੀ ਵਿੱਚ ਚੰਗੀ ਸਿਹਤ ਲਈ ਪੌਣ-ਪਾਣੀ ਦਾ ਵੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਸਾਫ਼ ਹਵਾ ਤੇ ਪਾਣੀ ਹਮੇਸ਼ਾ ਮਨੁੱਖ ਨੂੰ ਤੰਦਰੁਸਤ ਰੱਖਦੇ ਹਨ। ਸਾਨੂੰ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਮਾੜੀ ਆਬੋ-ਹਵਾ ਤੇ ਧੂੜ ਮਿੱਟੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਇਸ ਲਈ ਸਫ਼ਾਈ ਪੱਖੋਂ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ। ਚੰਗੀ ਸਿਹਤ ਲਈ ਸਿੱਖਿਆ ਅਤੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਮਨੁੱਖ ਨੂੰ ਚੰਗਾ ਵਾਤਾਵਰਨ ਸਿਰਜਣ ਲਈ ਸਾਇੰਸ ਵਿਸ਼ਾ ਜ਼ਰੂਰ ਪੜ੍ਹਨਾ ਚਾਹੀਦਾ ਹੈ ਤੇ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ। ਇਸ ਨਾਲ ਵਿਟਾਮਿਨ ਤੇ ਮਿਨਰਲਜ਼ ਵਰਗੇ ਖਣਿਜਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਕੇ ਅਸੀਂ ਆਪਣੀ ਖੁਰਾਕ ਵਿੱਚ ਇਨ੍ਹਾਂ ਤੱਤਾਂ ਨੂੰ ਸ਼ਾਮਿਲ ਕਰ ਸਕਦੇ ਹਾਂ।
ਨਸ਼ਾ ਕਰਨ ਵਾਲਾ ਵਿਆਕਤੀ ਕਦੇ ਵੀ ਸਰੀਰਕ ਤੇ ਮਾਨਸਿਕ ਤੌਰ ’ਤੇ ਖੁਸ਼ਹਾਲ ਨਹੀਂ ਰਹਿ ਸਕਦਾ ਅਤੇ ਨਾ ਹੀ ਲੰਮੀ ਉਮਰ ਭੋਗ ਸਕਦਾ ਹੈ। ਅੱਜ ਸਮਾਜ ’ਚ ਨਸ਼ਾ ਬਹੁਤ ਭਿਆਨਕ ਰੂਪ ਧਾਰ ਚੁੱਕਾ ਹੈ, ਜਿਸ ਨਾਲ ਰਿਸ਼ਤੇ ਟੁੱਟ ਰਹੇ ਹਨ, ਅਪਰਾਧ ਵਧਦਾ ਜਾ ਰਿਹਾ ਹੈ। ਨਸ਼ਿਆਂ ਤੋਂ ਦੂਰੀ ਸਿਹਤਮੰਦ ਜੀਵਨ ਵੱਲ ਪੁੱਟਿਆ ਗਿਆ ਵੱਡਾ ਤੇ ਅਹਿਮ ਕਦਮ ਹੈ। ਘਰ ਸਿਰਫ਼ ਇੱਟਾਂ ਅਤੇ ਸੀਮਿੰਟ ਨਾਲ ਹੀ ਨਹੀਂ ਬਣਦੇ, ਇਹ ਪਰਿਵਾਰਕ ਸਾਂਝ, ਪਿਆਰ ਤੇ ਵਿਸ਼ਵਾਸ ਨਾਲ ਬਣਦੇ ਹਨ। ਪੁਰਾਣੇ ਸਮਿਆਂ ਦੇ ਮੁਕਾਬਲੇ ਹੁਣ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ। ਪਰਿਵਾਰ ’ਚ ਆਪਸੀ ਮੇਲ-ਮਿਲਾਪ, ਇੱਕ-ਦੂਜੇ ਨਾਲ ਵਿਚਾਰ ਸਾਂਝੇ ਕਰਨਾ ਤੇ ਉਨ੍ਹਾਂ ਦਾ ਸਨਮਾਨ ਕਰਨਾ ਸੁਖੀ ਪਰਿਵਾਰ ਦੇ ਨਾਲ ਨਾਲ ਮਾਨਸਿਕ ਤੇ ਸਰੀਰਕ ਤੰਦਰੁਸਤੀ ਦਾ ਖ਼ਜ਼ਾਨਾ ਮੰਨੇ ਗਏ ਹਨ।
ਵੱਡੀ ਉਮਰ ਦੇ ਲੋਕਾਂ ਨੂੰ ਸਮੇਂ ਸਿਰ ਸਰੀਰ ਦੇ ਟੈਸਟ ਕਰਵਾਉਂਦੇ ਰਹਿਣਾ ਜ਼ਰੂਰੀ ਬਣ ਚੁੱਕਾ ਹੈ। ਸਿਆਣੇ ਕਹਿੰਦੇ ਹਨ ਕਿ ਸਿਹਤ ਹੈ ਤਾਂ ਸਭ ਕੁਝ ਹੈ। ਅੰਗਰੇਜ਼ੀ ਵਿੱਚ ਵੀ ਕਿਹਾ ਗਿਆ ਹੈ ‘ਹੈਲਥ ਇਜ਼ ਵੈਲਥ’ ਭਾਵ ਚੰਗੀ ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ।
ਸੰਪਰਕ: 94179-90040

