ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਯਾਦ ਕਰਦਿਆਂ
ਮੋਟੇ ਤੌਰ ’ਤੇ ਜ਼ਿੰਦਗੀ ਜਿਊਣ ਦੇ ਦੋ ਢੰਗ ਹੁੰਦੇ ਹਨ, ਪਹਿਲਾ ਆਪਣੇ ਹਿੱਤਾਂ ਲਈ ਜਿਊਣਾ ਅਤੇ ਦੂਜਾ ਹੋਰਾਂ ਦੇ ਹਿੱਤਾਂ ਲਈ ਯਾਨੀ ਪਰਉਪਕਾਰ ਲਈ ਜਿਊਣਾ। ਆਪਣੇ ਹਿੱਤਾਂ ਲਈ ਤਾਂ ਹਰ ਕੋਈ ਜਿਊਂਦਾ ਹੈ, ਪਰ ਪਰਉਪਕਾਰ ਲਈ ਜਿਊਣ ਵਾਲਿਆਂ ਦੀ ਕਥਾ...
ਮੋਟੇ ਤੌਰ ’ਤੇ ਜ਼ਿੰਦਗੀ ਜਿਊਣ ਦੇ ਦੋ ਢੰਗ ਹੁੰਦੇ ਹਨ, ਪਹਿਲਾ ਆਪਣੇ ਹਿੱਤਾਂ ਲਈ ਜਿਊਣਾ ਅਤੇ ਦੂਜਾ ਹੋਰਾਂ ਦੇ ਹਿੱਤਾਂ ਲਈ ਯਾਨੀ ਪਰਉਪਕਾਰ ਲਈ ਜਿਊਣਾ। ਆਪਣੇ ਹਿੱਤਾਂ ਲਈ ਤਾਂ ਹਰ ਕੋਈ ਜਿਊਂਦਾ ਹੈ, ਪਰ ਪਰਉਪਕਾਰ ਲਈ ਜਿਊਣ ਵਾਲਿਆਂ ਦੀ ਕਥਾ ਨਿਰਾਲੀ ਹੁੰਦੀ ਹੈ। ਉਨ੍ਹਾਂ ਦੇ ਹਰ ਕਾਰਜ ਤੇ ਕਰਤੱਵ ਦਾ ਮੁੱਖ ਉਦੇਸ਼ ਸ੍ਰਿਸ਼ਟੀ ਨੂੰ ਦੂਰ-ਦ੍ਰਿਸ਼ਟੀ ਨਾਲ ਦੇਖਣਾ ਹੁੰਦਾ ਹੈ। 2 ਜਨਵਰੀ 1932 ਨੂੰ ਪਿੰਡ ਗਿੱਦੜਿਆਣੀ (ਸੰਗਰੂਰ) ਵਿੱਚ ਹਰਚੰਦ ਸਿੰਘ ਦਾ ਜਨਮ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਮੁਣਸ਼ਾ ਸਿੰਘ ਅਤੇ ਮਾਤਾ ਦਾ ਨਾਂ ਮਾਨ ਕੌਰ ਸੀ। ਉਨ੍ਹਾਂ ਦੇ ਜਨਮ ਵਾਲਾ ਇਲਾਕਾ ਹੁਣ ਜ਼ਿਲ੍ਹਾ ਸੰਗਰੂਰ ਵਿੱਚ ਹੈ। ਸਕੂਲਾਂ-ਕਾਲਜਾਂ ਦੀ ਵਿੱਦਿਆ ਉਸ ਵੇਲੇ ਖ਼ਾਸ ਕਰਕੇ ਪੇਂਡੂਆਂ ਲਈ ਦੁਰਲੱਭ ਸੀ। ਪਿੰਡਾਂ ਵਿੱਚ ਡੇਰੇ ਜਾਂ ਗੁਰਦੁਆਰੇ ਪਾਠਸ਼ਾਲਾ ਦਾ ਕੇਂਦਰ ਹੁੰਦੇ ਸਨ। ਛੇ ਸਾਲ ਦੀ ਉਮਰ ਵਿੱਚ ਹੀ ਉਹ ਪਿੰਡ ਮੋਜੋ ਦੇ ਗੁਰਦੁਆਰਾ ਸਾਹਿਬ ਦੀ ਪਾਠਸ਼ਾਲਾ ਵਿੱਚ ਪੁੱਜ ਗਏ ਸਨ। ਉੱਥੇ ਸੰਤ ਬਾਬਾ ਜੋਧ ਸਿੰਘ ਜੀ ਤੋਂ ਕਥਾ ਕੀਰਤਨ ਅਤੇ ਧਾਰਮਿਕ ਵਿੱਦਿਆ ਪ੍ਰਾਪਤ ਕੀਤੀ।
ਭਰ ਜਵਾਨੀ ਵਿੱਚ ਉਹ ਪਿੰਡ ਲੌਂਗੋਵਾਲ ਆ ਗਏ ਅਤੇ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਦੇ ਅਸਥਾਨ ’ਤੇ ਸੇਵਾ ਵਿੱਚ ਜੁੱਟ ਗਏ। ਪਿੰਡ ਲੌਂਗੋਵਾਲ ਦਾ ਨਾਂ ਇਨ੍ਹਾਂ ਨਾਲ ਪੱਕੇ ਤੌਰ ’ਤੇ ਜੁੜ ਗਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਇੱਕ ਗ਼ਰੀਬ ਪੇਂਡੂ ਪਰਿਵਾਰ ਵਿੱਚ ਪੈਦਾ ਹੋ ਕੇ ਜਿਸ ਤਰ੍ਹਾਂ ਧਰਮ ਅਤੇ ਰਾਜਨੀਤੀ ਦੇ ਖੇਤਰਾਂ ਵਿੱਚ ਬੁਲੰਦੀਆਂ ਨੂੰ ਛੋਹਿਆ, ਅੱਜ ਦੇ ਦਿਨ ਹਰ ਆਮ ਅਤੇ ਖ਼ਾਸ ਪੰਜਾਬੀ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਸੱਚ ਤਾਂ ਇਹ ਹੈ ਕਿ ਉਨ੍ਹਾਂ ਨੇ ਰਾਜਨੀਤੀ ਵਿੱਚ ਵੀ ਗੁਰਬਾਣੀ ਦੇ ਨਿਰਸਵਾਰਥ ਸੇਵਾ ਅਤੇ ਸਰਬ-ਸਾਂਝੀਵਾਲਤਾ ਵਰਗੇ ਮਹਾਨ ਅਸੂਲਾਂ ਉੱਤੇ ਪਹਿਰਾ ਦਿੱਤਾ। ਪੰਜਾਬ ਅੰਦਰ ਹਿੰਦੂ ਅਤੇ ਸਿੱਖ ਫ਼ਿਰਕਿਆਂ ਨਾਲ ਸੰਬੰਧਿਤ ਨਿਰਦੋਸ਼ਾਂ ਨੂੰ ਗੋਲੀਆਂ ਨਾਲ ਭੁੰਨ ਕੇ ਆਪਸ ਵਿੱਚ ਲੜਾਉਣ ਦੀ ਕੋਝੀ ਸਾਜ਼ਿਸ਼ ਰਚੀ ਜਾ ਰਹੀ ਸੀ, ਪਰ ਉਸ ਸਮੇਂ ਸੰਤ ਲੌਂਗੋਵਾਲ ਦੀ ਕੁਰਬਾਨੀ ਨੇ ਦੁਸ਼ਮਣਾਂ ਦੀ ਇਸ ਸਾਜ਼ਿਸ਼ ਨੂੰ ਫ਼ੇਲ੍ਹ ਕਰ ਦਿੱਤਾ।
ਉਨ੍ਹਾਂ ਅੰਦਰ ਉਪਜੀ ਇਹ ਨਿਰਸਵਾਰਥ ਕੁਰਬਾਨੀ ਦੀ ਭਾਵਨਾ ਸਾਰੇ ਧਰਮਾਂ ਨੂੰ ਬਰਾਬਰ ਸਥਾਨ ਦੇਣ ਵਾਲੇ ਸਿੱਖ ਧਰਮ ਅਤੇ ਸਿੱਖੀ ਅਸੂਲਾਂ ਦੀ ਹੀ ਪ੍ਰੇਰਣਾ ਸੀ। ਸਿੱਖ ਧਰਮ ਨੇ ਹਮੇਸ਼ਾ ਮਜ਼ਲੂਮਾਂ ਦੀ ਰਾਖੀ ਕਰਨ ਦਾ ਉਦੇਸ਼ ਦਿੱਤਾ ਹੈ। ਸੰਤ ਲੌਂਗੋਵਾਲ ਨੇ ਜੀਵਨ ਭਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਇਸ ਦੇ ਵਿਸਥਾਰ ਅਤੇ ਬਿਹਤਰੀ ਲਈ ਸੁਚੱਜੇ ਯਤਨ ਕੀਤੇ। ਬਚਪਨ ਵਿੱਚ ਲਗਾਤਾਰ ਦਸ ਸਾਲ ਹਾਸਲ ਕੀਤੀ ਗੁਰਮਤਿ ਵਿੱਦਿਆ ਨੂੰ ਉਨ੍ਹਾਂ ਨੇ ਜੀਵਨ ਭਰ ਲੋਕਾਂ ਵਿੱਚ ਵੰਡਿਆ। ਉਨ੍ਹਾਂ ਨੇ ਮਾਲਵੇ ਵਿੱਚ ਸਿੱਖੀ ਦੇ ਪਸਾਰ ਲਈ ਪਿੰਡ-ਪਿੰਡ ਜਾ ਕੇ ਅੰਮ੍ਰਿਤ ਸੰਚਾਰ ਕਰਵਾਇਆ। ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹੁੰਦਿਆਂ ਉਨ੍ਹਾਂ ਨੇ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਕੈਨੇਡਾ ਅਤੇ ਅਮਰੀਕਾ ਤੱਕ ਸਰਗਰਮ ਕਰ ਦਿੱਤਾ। ਮਾਲਵੇ ਦੇ ਅਨੇਕਾਂ ਪਿੰਡ ਅਜਿਹੇ ਸਨ ਜਿੱਥੇ ਗੁਰਦੁਆਰੇ ਨਹੀਂ ਸਨ; ਉਨ੍ਹਾਂ ਨੇ ਉੱਥੇ ਆਪ ਕਾਰਸੇਵਾ ਸੰਭਾਲ ਕੇ ਲੋਕਾਂ ਦੇ ਸਹਿਯੋਗ ਨਾਲ ਗੁਰਦੁਆਰਿਆਂ ਦੀ ਉਸਾਰੀ ਕਰਵਾਈ।
ਪੰਥ ਦੀ ਨਿਰਸਵਾਰਥ ਸੇਵਾ ਨੂੰ ਪਹਿਲ ਦਿੰਦਿਆਂ ਉਨ੍ਹਾਂ ਨੇ 1960 ਵਿੱਚ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਮਿਲੀ ਪਾਰਟੀ ਟਿਕਟ ਵੀ ਠੁਕਰਾ ਦਿੱਤੀ। ਸੰਤ ਲੌਂਗੋਵਾਲ ਦੀ ਨਿਸ਼ਕਾਮ ਸੇਵਾ ਦਾ ਹੀ ਫਲ ਸੀ ਕਿ ਸੰਗਤ ਨੇ ਉਨ੍ਹਾਂ ਨੂੰ ਸਿੱਖੀ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ 1963 ਵਿੱਚ ਜਥੇਦਾਰ ਥਾਪ ਦਿੱਤਾ। ਆਪ ਨੇ ਸਾਲ ਭਰ ਇਹ ਸੇਵਾ ਬਾਖ਼ੂਬੀ ਨਿਭਾਈ। 1979 ਵਿੱਚ ਸੰਤ ਲੌਂਗੋਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸ ਉਪਰੰਤ, ਨਾ ਚਾਹੁੰਦੇ ਹੋਏ ਵੀ ਉਹ ਰਾਜਸੀ ਉਲਝਣਾਂ ਵਿੱਚ ਘਿਰ ਗਏ, ਪਰ ਇੱਕ ਸੱਚੇ ਸਿੱਖ ਵਾਂਗ ਉਨ੍ਹਾਂ ਨੂੰ ਦਿਲੀ ਖ਼ੁਸ਼ੀ ਅਤੇ ਸਕੂਨ ਗੁਰਬਾਣੀ ਦੇ ਪਾਠ ਅਤੇ ਕੀਰਤਨ ਰਾਹੀਂ ਹੀ ਮਿਲਦਾ ਸੀ, ਜਿਸ ਲਈ ਉਹ ਰਾਜਸੀ ਝਮੇਲਿਆਂ ਵਿੱਚੋਂ ਵੀ ਸਮਾਂ ਕੱਢ ਲੈਂਦੇ ਸਨ।
ਸੰਤ ਲੌਂਗੋਵਾਲ ਰਾਜਨੀਤੀ ਦੀ ਚਿੱਕੜ ਵਿੱਚ ਕਦੇ ਫਸਣਾ ਨਹੀਂ ਚਾਹੁੰਦੇ ਸਨ ਪਰ ਪੰਥ ਅਤੇ ਸਮਾਜ ਸੇਵਾ ਦੀ ਤਾਂਘ ਉਨ੍ਹਾਂ ਨੂੰ ਇੱਧਰ ਲੈ ਹੀ ਆਈ। ਹਮੇਸ਼ਾ ਧਰਮ ਦੇ ਮਾਰਗਾਂ ’ਤੇ ਚੱਲਦਿਆਂ ਰਾਜਨੀਤੀ ਵਿੱਚ ਵਿਚਰਨ ਕਰਕੇ ਉਹ ਚਿੱਕੜ ਵਿੱਚ ਖਿੜੇ ਕਮਲ ਦੇ ਫੁੱਲ ਵਾਂਗ ਬੇਦਾਗ਼ ਰਹੇ। ਇਹੀ ਕਾਰਨ ਸੀ ਕਿ ਸ਼ੁਰੂ ਤੋਂ ਅੰਤ ਤੱਕ ਅਕਾਲੀ ਵਰਕਰਾਂ ਨੇ ਹਰ ਮੋਰਚੇ ਸਮੇਂ ਉਨ੍ਹਾਂ ਦੀ ਅਗਵਾਈ ਵਿੱਚ ਪੂਰਾ ਭਰੋਸਾ ਪ੍ਰਗਟਾਇਆ। ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਦਿਆਂ ਅਨੇਕਾਂ ਵਾਰ ਜੇਲ੍ਹ ਵੀ ਜਾਣਾ ਪਿਆ। 1953 ਵਿੱਚ ਪੈਪਸੂ ਸਰਕਾਰ ਸਮੇਂ ਲੱਗੇ ਮੋਰਚੇ ਵਿੱਚ ਉਹ ਪਹਿਲੀ ਵਾਰ ਜੇਲ੍ਹ ਗਏ ਅਤੇ ਤਿੰਨ ਮਹੀਨੇ ਕੈਦ ਕੱਟਣੀ ਪਈ। 1955 ਵਿੱਚ ਪੰਜਾਬੀ ਸੂਬੇ ਲਈ ਲੱਗੇ ਮੋਰਚੇ ਵਿੱਚ ਸੰਤ ਲੌਂਗੋਵਾਲ ਨੂੰ ਦੋ ਵਾਰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਰੱਖਿਆ ਗਿਆ।
1969 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਅਸੈਂਬਲੀ ਚੋਣ ਲਹਿਰਾਗਾਗਾ ਤੋਂ ਲੜੀ, ਜਿੱਥੇ ਉਨ੍ਹਾਂ ਨੇ ਕਾਂਗਰਸ ਦੇ ਥੰਮ੍ਹ ਕਹੇ ਜਾਂਦੇ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬ੍ਰਿਸ਼ਭਾਨ ਨੂੰ ਕਰਾਰੀ ਹਾਰ ਦਿੱਤੀ। 1975 ਵਿੱਚ ਐਮਰਜੈਂਸੀ ਵਿਰੁੱਧ ਮਨੁੱਖੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦੇ ਹੋਏ ਮੋਰਚਾ ਲਗਾਇਆ, ਜਿਸ ਵਿੱਚ ਲੱਖਾਂ ਪੰਜਾਬੀ ਉਨ੍ਹਾਂ ਦੀ ਕਮਾਨ ਹੇਠ ਇਸ ਅਨਿਆਂ ਵਿਰੁੱਧ ਲੜੇ। ਆਖ਼ਰਕਾਰ ਸੰਤ ਲੌਂਗੋਵਾਲ ਨੇ ਸਰਕਾਰੀ ਜ਼ੁਲਮ ’ਤੇ ਜਿੱਤ ਪ੍ਰਾਪਤ ਕੀਤੀ ਅਤੇ 20 ਅਗਸਤ 1980 ਨੂੰ ਸੰਤ ਲੌਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ।
1982 ਵਿੱਚ ਉਨ੍ਹਾਂ ਨੇ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ‘ਧਰਮ ਯੁੱਧ ਮੋਰਚਾ’ ਲਗਾਇਆ। ਪਰੰਤੂ ਬਦਕਿਸਮਤੀ ਨਾਲ ਅਮਨ-ਸ਼ਾਂਤੀ ਨਾਲ ਆਪਣੇ ਨਿਸ਼ਚੇ ਵੱਲ ਵਧ ਰਹੇ ਇਸ ਹੱਕੀ ਸੰਘਰਸ਼ ਦੇ ਰੂਪ ਨੂੰ ਸਰਕਾਰ ਦੀਆਂ ਕੋਝੀਆਂ ਨੀਤੀਆਂ ਨੇ ਵਿਗਾੜਨਾ ਸ਼ੁਰੂ ਕਰ ਦਿੱਤਾ। ਹਾਲਾਤ ਤੇਜ਼ੀ ਨਾਲ ਵਿਗੜਦੇ ਗਏ ਅਤੇ ਸੰਤ ਲੌਂਗੋਵਾਲ ਬੇਵੱਸ ਤੇ ਚਿੰਤਾ ਵਿੱਚ ਡੁੱਬ ਗਏ। ਉਨ੍ਹਾਂ ਦੀ ਇਹ ਚਿੰਤਾ ਕਿਸੇ ਅਣਹੋਣੀ ਦੇ ਡਰ ਵਿੱਚੋਂ ਉਪਜ ਰਹੀ ਸੀ, ਜੋ ਉਸ ਵੇਲੇ ਸੱਚ ਹੋ ਗਈ ਜਦੋਂ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਗਰਮਖ਼ਿਆਲੀਆਂ ਨੂੰ ਕੱਢਣ ਦੇ ਬਹਾਨੇ ਕੇਂਦਰ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਫ਼ੌਜੀ ਹਮਲਾ ਬੋਲ ਦਿੱਤਾ। 6 ਜੂਨ 1984 ਨੂੰ ਇਸੇ ਦੌਰਾਨ ਉਨ੍ਹਾਂ ਨੂੰ ਦਰਬਾਰ ਸਾਹਿਬ ’ਚੋਂ ਗ੍ਰਿਫ਼ਤਾਰ ਕਰਕੇ ਉਦੈਪੁਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਉਹ ਕਿਸੇ ਵੀ ਤਰ੍ਹਾਂ ਪੰਜਾਬ ਨੂੰ ਬਾਰੂਦ ਦੀ ਅੱਗ ’ਚੋਂ ਕੱਢ ਕੇ ਮੁੜ ਹੱਸਦਾ-ਵੱਸਦਾ ਵੇਖਣਾ ਚਾਹੁੰਦੇ ਸਨ ਅਤੇ ਨਾਲ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਸਿੱਖੀ ਨੂੰ ਲੱਗੀ ਢਾਹ ਨੂੰ ਫਿਰ ਤੋਂ ਉਭਾਰਨਾ ਲੋਚਦੇ ਸਨ।
ਇਸੇ ਇੱਛਾ ਕਾਰਨ ਉਨ੍ਹਾਂ ਨੇ 24 ਜੁਲਾਈ 1985 ਨੂੰ ‘ਪੰਜਾਬ ਸਮਝੌਤੇ’ (ਰਾਜੀਵ-ਲੌਂਗੋਵਾਲ ਸਮਝੌਤੇ) ਵਰਗਾ ਦਲੇਰਾਨਾ ਕਦਮ ਚੁੱਕਿਆ। ਉਨ੍ਹਾਂ ਨੂੰ ਇਸ ਅਮਲ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ, ਫਿਰ ਵੀ ਉਨ੍ਹਾਂ ਦਾ ਬਲੀਦਾਨ ਵਿਅਰਥ ਨਹੀਂ ਗਿਆ ਬਲਕਿ ਅੱਗ ਵਿੱਚ ਬਲਦੇ ਪੰਜਾਬ ਨੂੰ ਅਮਨ-ਸ਼ਾਂਤੀ ਅਤੇ ਖ਼ੁਸ਼ਹਾਲੀ ਦੀਆਂ ਬਹਾਰਾਂ ਬਖ਼ਸ਼ ਗਿਆ। ਅਮਨ ਦੇ ਮਸੀਹਾ ਅਤੇ ਪੰਜਾਬ ਦੇ ਇਸ ਮਹਾਨ ਸਪੂਤ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣਾ ਜੀਵਨ ਦੇ ਕੇ ਉਸ ਸਮੇਂ ਦੀ ਵੱਡੀ ਕੌਮੀ ਲੋੜ ਨੂੰ ਪੂਰਾ ਕੀਤਾ। ਸੰਤ ਲੌਂਗੋਵਾਲ ਦੀ ਸ਼ਹੀਦੀ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਨੂੰ ਉਦਾਸ ਕਰ ਦਿੱਤਾ। ਉਹ ਕੁਰਬਾਨੀ ਅਤੇ ਪਰਉਪਕਾਰ ਦੇ ਮਾਰਗ ਦੇ ਸੱਚੇ ਪਾਂਧੀ ਸਨ।
ਸੰਪਰਕ: 98552-64144

