ਪੰਜਾਬੀ ਕਹਾਣੀਕਾਰ ਬਲਜੀਤ ਕੌਰ ਬਲੀ ਨੂੰ ਯਾਦ ਕਰਦਿਆਂ
ਕੋਈ ਵੀ ਸਾਹਿਤਕਾਰ ਸਮਾਜ ਤੋਂ ਜੋ ਅਨੁਭਵ ਹਾਸਿਲ ਕਰਦਾ ਹੈ, ਉਨ੍ਹਾਂ ਨੂੰ ਹੀ ਸ਼ਾਬਦਿਕ ਰੂਪ ਵਿੱਚ ਪ੍ਰਗਟਾਉਂਦਾ ਹੈ। ਆਧੁਨਿਕ ਪੰਜਾਬੀ ਕਹਾਣੀ ਵਿੱਚ ਜਿਨ੍ਹਾਂ ਪੰਜਾਬੀ ਲੇਖਿਕਾਵਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ, ਉਨ੍ਹਾਂ ਵਿੱਚ ਬਲਜੀਤ ਕੌਰ ਬੱਲੀ ਅਜਿਹੀ ਸੰਵੇਦਨਸ਼ੀਲ ਤੇ ਸੂਝਵਾਨ...
ਕੋਈ ਵੀ ਸਾਹਿਤਕਾਰ ਸਮਾਜ ਤੋਂ ਜੋ ਅਨੁਭਵ ਹਾਸਿਲ ਕਰਦਾ ਹੈ, ਉਨ੍ਹਾਂ ਨੂੰ ਹੀ ਸ਼ਾਬਦਿਕ ਰੂਪ ਵਿੱਚ ਪ੍ਰਗਟਾਉਂਦਾ ਹੈ। ਆਧੁਨਿਕ ਪੰਜਾਬੀ ਕਹਾਣੀ ਵਿੱਚ ਜਿਨ੍ਹਾਂ ਪੰਜਾਬੀ ਲੇਖਿਕਾਵਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ, ਉਨ੍ਹਾਂ ਵਿੱਚ ਬਲਜੀਤ ਕੌਰ ਬੱਲੀ ਅਜਿਹੀ ਸੰਵੇਦਨਸ਼ੀਲ ਤੇ ਸੂਝਵਾਨ ਕਹਾਣੀਕਾਰਾ ਹੈ, ਜਿਹੜੀ ਨਾਰੀ ਹੋਂਦ ਦੇ ਸਵਾਲਾਂ ਬਾਰੇ ਨਾ ਤਾਂ ਉਲਾਰ ਦ੍ਰਿਸ਼ਟੀ ਰੱਖਦੀ ਹੈ ਤੇ ਨਾ ਹੀ ਸਾਡੇ ਪੇਂਡੂ, ਪਰੰਪਰਕ ਤੇ ਪਿੱਤਰੀ ਸਮਾਜ-ਸੱਭਿਆਚਾਰਕ ਬਣਤਰ ਦੇ ਪ੍ਰਸੰਗ ਵਿੱਚ ਮੰਗਵੇਂ ਸਿਧਾਂਤਾਂ ਜਾਂ ਵਿਚਾਰਾਂ ਨੂੰ ਇੰਨ-ਬਿੰਨ ਆਪਣੀ ਰਚਨਾ ਦਾ ਹਿੱਸਾ ਬਣਾਉਂਦੀ ਹੈ।
ਬਲਜੀਤ ਕੌਰ ਬੱਲੀ ਦਾ ਜਨਮ ਮਈ 1939 ’ਚ ਪਿੰਡ ਚੱਕ ਬਖਤੂ ਜ਼ਿਲ੍ਹਾ ਬਠਿੰਡਾ ਵਿੱਚ ਹੋਇਆ। ਉਹ ਆਪਣੀ ਮੁੱਢਲੀ ਅਤੇ ਉਚੇਰੀ ਸਿੱਖਿਆ ਤੋਂ ਬਾਅਦ ਸਕੂਲ ਅਧਿਆਪਕ ਅਤੇ ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਪੰਜਾਬੀ ਲੈਕਚਰਰ ਵਜੋਂ ਕਾਰਜਸ਼ੀਲ ਰਹੀ।
ਪੰਜਾਬੀ ਸਾਹਿਤ ਵਿੱਚ ਉਸ ਦੇ ਪੰਜ ਨਾਵਲ (ਆਪਣੀ ਛਾਵੇਂ, ਠਰੀ ਰਾਤ, ਧੁੱਪ ਦੀ ਵਾਟ, ਪੈਰਾਂ ਹੇਠਲੀ ਧਰਤੀ, ਗੁਆਚੇ ਸੂਰਜ), ਪੰਜ ਕਹਾਣੀ-ਸੰਗ੍ਰਹਿ (ਤੇ ਨਕਸ਼ ਮਿਟਦੇ ਗਏ, ਹਾਦਸੇ, ਹਵਾਲੇ ਤੇ ਸਲੀਬਾਂ, ਇੱਕ ਪੈਰ ਵਾਲਾ ਘਰ, ਮਰਜਾਣੀ ਜੀਤੋ, ਰੁੱਤ ਕੁਰੁੱਤੀ) ਅਤੇ ਇੱਕ ਸਵੈ-ਜੀਵਨੀ ‘ਢਾਈ ਸਤਰਾਂ’ ਹੈ। ਇਨ੍ਹਾਂ ਰਚਨਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿੱਚ ਔਰਤ ਦੀ ਹੋਂਦ ਦਾ ਮਸਲਾ ਸਮੁੱਚੇ ਪੰਜਾਬੀ ਸਮਾਜ ਅਤੇ ਅਜੋਕੇ ਸਮੇਂ ਦੇ ਸਮੁੱਚੇ ਸੰਦਰਭ ਵਿੱਚ ਪੇਸ਼ ਹੋਇਆ ਹੈ। ਲੇਖਿਕਾ ਦੀ ਸਪੱਸ਼ਟ ਸਮਝ ਹੈ ਕਿ ਔਰਤ ਜਦੋਂ ਤੱਕ ਪਿੱਤਰਸੱਤਾ ਦੇ ਸੰਸਕਾਰਾਂ ਤੋਂ ਮੁਕਤ ਨਹੀਂ ਹੁੰਦੀ, ਉਦੋਂ ਤੱਕ ਨਿਰੀ ਆਰਥਿਕ ਸਵੈ-ਨਿਰਭਤਾ ਉਸ ਨੂੰ ਸਮਾਜਿਕ ਪ੍ਰਾਣੀ ਵਜੋਂ ਮਾਨਤਾ ਨਹੀਂ ਦਿਵਾ ਸਕਦੀ।
ਬਲਜੀਤ ਕੌਰ ਬੱਲੀ 1940ਵਿਆਂ ਤੇ 50ਵਿਆਂ ਦੇ ਸਮੇਂ ਦੀ ਔਰਤ ਦੀ ਹੋਂਦ ਅਤੇ ਸਵੈਮਾਣ ਦੀ ਬਾਤ ਪਾਉਂਦੀ ਹੈ। ਉਦੋਂ ਔਰਤਾਂ ਦੇ ਪੜ੍ਹਨ ਲਿਖਣ ਦਾ ਬਹੁਤਾ ਪ੍ਰਚਲਨ ਨਹੀਂ ਸੀ। ਅਜਿਹੇ ਸਮੇਂ ਵਿੱਚ ਤਿੰਨ ਪ੍ਰਕਾਰ ਦੀਆਂ ਔਰਤਾਂ ਦੇ ਸੰਘਰਸ਼ ਦੀ ਗਾਥਾ ਬਲਜੀਤ ਕੌਰ ਬੱਲੀ ਨੇ ਆਪਣੇ ਗਲਪ ਵਿੱਚ ਬਿਆਨ ਕੀਤੀ ਹੈ। ਇੱਕ ਪਾਸੇ ਉਹ ਔਰਤਾਂ ਹਨ, ਜੋ ਪਿੱਤਰ-ਸੱਤਾ ਦਾ ਸੰਤਾਪ ਭੋਗਦੀਆਂ ਖੂਹ-ਖਾਤੇ ਪੈ ਜਾਂਦੀਆਂ ਹਨ ਜਾਂ ਹਾਲਾਤ ਨਾਲ ਸਮਝੌਤਾ ਕਰਦੀਆਂ ਡੰਗ ਟਪਾਉਂਦੀਆਂ ਹਨ। ਅਜਿਹੀਆਂ ਔਰਤਾਂ ਦੀ ਪੇਸ਼ਕਾਰੀ ਉਨ੍ਹਾਂ ਦੀ ਸਵੈ-ਜੀਵਨੀ ‘ਢਾਈ ਸਤਰਾਂ’ ਵਿੱਚ ਮਿਲਦੀ ਹੈ। ਦੂਜੀ ਕਿਸਮ ਦੀਆਂ ਉਹ ਔਰਤਾਂ ਹਨ ਜੋ ਘਰੋਂ ਭੱਜ ਜਾਂਦੀਆਂ ਹਨ ਜਿਵੇਂ ‘ਠਰੀ ਰਾਤ’ ਨਾਵਲ ਵਿਚਲੀ ਸੰਤੋ ਉਧਲ ਜਾਂਦੀ ਹੈ। ਤੀਜੀ ਕਿਸਮ ਦੀਆਂ ਉਹ ਔਰਤਾਂ ਹਨ ਜੋ ਪੜ੍ਹ-ਲਿਖ ਕੇ ਆਪਣੀ ਹੋਂਦ ਲਈ ਸੰਘਰਸ਼ ਕਰਦਿਆਂ ਪਿੱਤਰ-ਸੱਤਾ ਦੇ ਗ਼ੈਰ-ਮਾਨਵੀ ਮੁੱਲਾਂ ਦੇ ਸੰਕਟ ਦਾ ਸਾਹਮਣਾ ਕਰਦੀਆਂ ਵੱਡਾ ਮੁੱਲ ਤਾਰਦੀਆਂ ਹਨ ਜਿਵੇਂ ‘ਆਪਣੀ ਛਾਵੇਂ’ ਨਾਵਲ ਦੀ ਨਾਇਕਾ ਦੀਸ਼ ਨੂੰ ਸਵੈਮਾਣ ਨਾਲ ਜਿਊਣ ਲਈ ਵੱਡਾ ਸੰਘਰਸ਼ ਕਰਦਿਆਂ ਅੰਤ ਇਕੱਲੇ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹੀ ਸਥਿਤੀ ਹੀ ਬਲਜੀਤ ਕੌਰ ਬੱਲੀ ਦੀ ਸਵੈ-ਜੀਵਨੀ ‘ਢਾਈ ਸਤਰਾਂ’ ਵਿੱਚ ਪੇਸ਼ ਹੋਈ ਹੈ, ਜਿਸ ਵਿੱਚ ਪੜ੍ਹੀ-ਲਿਖੀ, ਸੰਵੇਦਨਸ਼ੀਲ, ਚੇਤੰਨ ਔਰਤ ਦੀ ਹਿੰਮਤ, ਦਲੇਰੀ, ਸੰਘਰਸ਼ ਅਤੇ ਵਿਦਰੋਹ ਨੂੰ ਸਿਰਜਣਾਤਮਕਤਾ ਵਿੱਚ ਢਾਲਿਆ ਗਿਆ ਹੈ। ਬਲਜੀਤ ਕੌਰ ਬੱਲੀ ਦੀਆਂ ਰਚਨਾਵਾਂ ਵਿੱਚ ਵਧੇਰੇ ਕਰਕੇ ਔਰਤ ਕੇਂਦਰ ਵਿੱਚ ਹੈ, ਪਰ ਉਹ ਔਰਤ ਦੀ ਹੋਂਦ ਨੂੰ ਸਮੁੱਚੀ ਮਨੁੱਖੀ ਆਜ਼ਾਦੀ ਨਾਲੋਂ ਵੱਖਰਾ ਕਰਕੇ ਨਹੀਂ ਦੇਖਦੀ। ਉਸ ਦੀ ਲਿਖਤ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਜਿੰਨੀ ਦੇਰ ਔਰਤ ਨੂੰ ਆਪਣੀ ਮੁਕੰਮਲ ਸਥਿਤੀ ਤੇ ਬਾਹਰੀ ਪ੍ਰਸਥਿਤੀਆਂ ਦਾ ਪੂਰਨ ਗਿਆਨ ਨਹੀਂ ਹੁੰਦਾ ਉਸ ਨੂੰ ਹੋਂਦ ਦਾ ਸਹੀ ਅਰਥ ਸਮਝ ਨਹੀਂ ਆ ਸਕਦਾ। ਦੂਸਰਾ ਚੇਤੰਨ ਔਰਤ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਵੱਡਾ ਮੁੱਲ ਤਾਰਨਾ ਪੈਂਦਾ ਹੈ। ਉਸ ਨੂੰ ਸਮਾਜਿਕ ਤੌਰ ’ਤੇ ਇਕੱਲੇ ਰਹਿ ਜਾਣ ’ਤੇ ਪੜ੍ਹ-ਲਿਖ ਕੇ ਆਪਣੇ ਪੈਰਾਂ ਸਿਰ ਹੋਣ ਦੇ ਸਿਰਜਣਾਤਮਕ ਅਮਲ ਵੱਲ ਪਰਤਣਾ ਇੱਕ ਹਾਸਿਲ ਹੋ ਸਕਦਾ ਹੈ।
ਬਲਜੀਤ ਕੌਰ ਬੱਲੀ ਦੀ ਰਚਨਾ ਪ੍ਰਕਿਰਿਆ ਦੀ ਸ਼ੁਰੂਆਤ ਕਹਾਣੀ ਰਚਨਾ ਤੋਂ ਹੋਈ, ਪਰ ਪ੍ਰਕਾਸ਼ਿਤ ਰੂਪ ਵਿੱਚ ਉਸ ਦੀ ਪਹਿਲੀ ਪੁਸਤਕ ‘ਆਪਣੀ ਛਾਵੇਂ’ ਨਾਵਲ ਹੈ। ਇਹ ਨਾਵਲ ਔਰਤ ਦੇ ਸੰਘਰਸ਼ ਦੀ ਗਾਥਾ ਹੈ। ਇਸ ਦੀ ਕੇਂਦਰੀ ਪਾਤਰ ਦੀਸ਼ ਸਾਰੀ ਉਮਰ ਕਿਸੇ ਸਥਾਈ ਤੇ ਸੁਖਾਵੀਂ ਛਾਂ ਦੀ ਤਲਾਸ਼ ਵਿੱਚ ਰਹਿੰਦੀ ਹੈ, ਪਰ ਇਹ ਉਸ ਦਾ ਹਾਸਿਲ ਨਹੀਂ ਬਣਦੀ। ‘ਠਰੀ ਰਾਤ’ ਨਾਵਲ ਬਲਜੀਤ ਕੌਰ ਬੱਲੀ ਦਾ ਅਗਲੇਰਾ ਨਾਵਲ ਹੈ। ਇਹ ਨਾਵਲ ਇਸਤਰੀ ਹੋਂਦ ਦੇ ਗੁਣਾਂ-ਔਗੁਣਾਂ ਸਮੇਤ ਰਿਸ਼ਤਿਆਂ ਦੀ ਯਥਾਰਥਕ ਧਰਤੀ ਉੱਤੇ ਖਲੋਤਾ ਹੈ। ਉਸ ਦੇ ਨਾਵਲ ‘ਧੁੱਪ ਦੀ ਵਾਟ’ ਵਿੱਚ ਔਰਤ ਆਪਣੇ ਰਵਾਇਤੀ ਬਿੰਬ ਨੂੰ ਤੋੜਨ ਲਈ ਯਤਨਸ਼ੀਲ ਹੈ। ਉਹ ਆਰਥਿਕ ਤੌਰ ’ਤੇ ਸਵੈ-ਨਿਰਭਰ ਹੋਣ ਦੇ ਰਾਹ ਵੀ ਤੁਰੀ ਹੈ, ਪਰ ਇਸ ਦੇ ਬਾਵਜੂਦ ਉਹ ਅਜੇ ਤੱਕ ਸਾਡੀਆਂ ਸੱਭਿਆਚਾਰਕ ਸੀਮਾਵਾਂ ਨੂੰ ਪੂਰੀ ਤਰ੍ਹਾਂ ਉਲੰਘਣ ਪ੍ਰਤੀ ਦੁਬਿਧਾਗ੍ਰਸਤ ਹੈ। ਉਸ ਦੇ ਨਾਵਲ ‘ਗੁਆਚੇ ਸੂਰਜ’ ਦੀ ਵਿਲੱਖਣਤਾ ਇਸ ਦੇ ਥੀਮਿਕ ਨਿਵੇਕਲੇਪਣ ਵਿੱਚ ਹੈ। ਨਾਵਲੀ ਪ੍ਰਵਚਨ ਜਿੱਥੇ ਸਾਡੇ ਵਿੱਦਿਅਕ ਢਾਂਚੇ ਦੀਆਂ ਕਮਜ਼ੋਰੀਆਂ ਉੱਤੇ ਵਿਅੰਗ ਹੈ, ਉੱਥੇ ਪਰਿਵਾਰ ਵਿੱਚ ਪਿਤਾ ਦੇ ਦਾਬੇ ਬਾਰੇ ਵੀ ਬਿਰਤਾਂਤ ਹੈ, ਜਿਸ ਦੇ ਅਧੀਨ ਨਾਰੀ ਤੇ ਬੱਚੇ ਸਹਿਮੇ ਰਹਿਣ ਦੇ ਪ੍ਰਭਾਵ ਦੀ ਪੇਸ਼ਕਾਰੀ ਕੀਤੀ ਗਈ ਹੈ। ਨਾਵਲ ‘ਪੈਰਾਂ ਹੇਠਲੀ ਧਰਤੀ’ ਵਿੱਚ ਬਲਜੀਤ ਕੌਰ ਬੱਲੀ ਨੇ ਕਿਸਾਨੀ ਦੀ ਚਾਰ ਪੀੜ੍ਹੀਆਂ ਦੇ ਟੁੱਟਣ, ਜੁੜਨ ਤੇ ਮੁੜ ਬਿਖਰਨ ਦੇ ਬਿਰਤਾਂਤ ਨੂੰ ਪੇਸ਼ ਕੀਤਾ ਹੈ। ਇਸ ਨਾਵਲ ਵਿੱਚ ਕਿਸਾਨੀ ਜੀਵਨ ਦੇ ਸਖ਼ਤ ਅਤੇ ਸੰਘਰਸ਼ਮਈ ਜੀਵਨ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਵਿੱਚ ਜਾਗੀਰਦਾਰੀ ਸਮਾਜ ਤੋਂ ਪੂੰਜੀਵਾਦੀ ਸਮਾਜ ਵਿੱਚ ਬਦਲਦੀਆਂ ਕਦਰਾਂ-ਕੀਮਤਾਂ ਤੇ ਕਿਸਾਨੀ ਜਨ-ਜੀਵਨ ਦਾ ਸੰਘਰਸ਼ ਉੱਭਰ ਕੇ ਸਾਹਮਣੇ ਆਉਂਦਾ ਹੈ।
ਬਲਜੀਤ ਕੌਰ ਬੱਲੀ ਦੀਆਂ ਕਹਾਣੀਆਂ ਔਰਤ ਦੇ ਮਸਲੇ ਨੂੰ ਸਾਡੇ ਸਮਾਜ-ਸੱਭਿਆਚਾਰਕ ਪ੍ਰਸੰਗ ਵਿੱਚ ਰੱਖ ਕੇ ਔਰਤ ਦੀ ਤ੍ਰਾਸਦਿਕ ਸਥਿਤੀ ਨੂੰ ਰੂਪਮਾਨ ਕਰਦੀਆਂ ਹਨ। ਸਪੱਸ਼ਟ ਹੈ ਕਿ ਬਲਜੀਤ ਕੌਰ ਬੱਲੀ ਔਰਤ ਨੂੰ ਕਿਸੇ ਇਕੱਲੇ-ਇਕਹਿਰੇ ਜਾਂ ਸਮਾਜ ਨਾਲੋਂ ਟੁੱਟੇ ਰੂਪ ਵਿੱਚ ਨਹੀਂ ਵੇਖਦੀ ਸਗੋਂ ਔਰਤ ਦੀ ਹੋਂਦ ਤੇ ਪਛਾਣ ਦੇ ਮਸਲੇ ਨੂੰ ਇੱਕ ਸਾਵੇਂ, ਸੰਤੁਲਿਤ ਤੇ ਸੁਖਾਵੇਂ ਪਰਿਵਾਰਕ ਜੀਵਨ ਦੀ ਉਸਾਰੀ ਨਾਲ ਜੋੜਦੀ ਹੋਈ ਔਰਤ ਦੀ ਆਜ਼ਾਦੀ ਦਾ ਗਲਪੀ-ਪ੍ਰਵਚਨ ਸਿਰਜਦੀ ਹੈ।
ਉਸ ਦੇ ਕਹਾਣੀ ਸੰਗ੍ਰਹਿ ‘ਤੇ ਨਕਸ਼ ਮਿਟਦੇ ਗਏ’ ਵਿੱਚ ਔਰਤ ਦਾ ਮਾਨਵੀ ਰੂਪ ਅਤੇ ਮਰਦ ਦੀਆਂ ਗ਼ੈਰ-ਮਨੁੱਖੀ ਨੀਤੀਆਂ ਤੋਂ ਪੈਦਾ ਸੰਕਟ ਕਰਕੇ ਪੈਦਾ ਅਸਾਵੇਂ ਸਬੰਧਾਂ ਨੂੰ ਵਿਸ਼ਾ ਬਣਾਇਆ ਗਿਆ ਹੈ। ‘ਹਾਦਸੇ, ਹਵਾਲੇ ਤੇ ਸਲੀਬਾਂ’ ਕਹਾਣੀ ਸੰਗ੍ਰਹਿ ਵਿੱਚ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀਆਂ ਭਾਵਨਾਵਾਂ ਨੂੰ ਸਮਾਜਿਕ ਰੀਤੀ ਰਿਵਾਜਾਂ ਦੀ ਸਲੀਬ ’ਤੇ ਚੜ੍ਹਾਉਣ ਦੀ ਪੇਸ਼ਕਾਰੀ ਕਰਦੀਆਂ ਕਹਾਣੀਆਂ ਹਨ। ਇਹ ਕਹਾਣੀਆਂ ਹਾਸ਼ੀਏ ’ਤੇ ਸਿਮਟੀ ਪਰ ਆਪਣੀ ਸਾਲਮ ਸਬੂਤੀ ਪਛਾਣ ਲਈ ਤਾਂਘਦੀ ਔਰਤ ਦੀਆਂ ਇੱਛਾਵਾਂ ਨੂੰ ਜ਼ੁਬਾਨ ਦੇ ਕੇ ਔਰਤ ਦੀ ਹੋਂਦ ਦੇ ਨਿਆਰੇਪਣ ਨੂੰ ਸਥਾਪਿਤ ਕਰਦੀਆਂ ਹਨ। ਕਹਾਣੀ ਸੰਗ੍ਰਹਿ ‘ਇੱਕ ਪੈਰ ਵਾਲਾ ਘਰ’ ਵਿਚਲੀਆਂ ਕਹਾਣੀਆਂ ਦਾ ਜਟਿਲ ਬਿਰਤਾਂਤ ਔਰਤ ਦੇ ਆਧੁਨਿਕ ਚੇਤਨਾ ਦੇ ਨਾਰੀਵਾਦ ਨੂੰ ਇੱਕ ਵਿਲੱਖਣ ਅੰਦਾਜ਼ ਵਿੱਚ ਪੇਸ਼ ਕਰਦਾ ਹੈ। ‘ਮਰਜਾਣੀ ਜੀਤੋ’ ਕਹਾਣੀ ਸੰਗ੍ਰਹਿ ਵਿੱਚ ਵਿਅਕਤੀ, ਸੰਸਥਾਵਾਂ ਤੇ ਸਮਾਜਿਕ ਨਿਆਂ ਦੇ ਮਸਲਿਆਂ ਨੂੰ ਪੇਸ਼ ਕੀਤਾ ਗਿਆ ਹੈ। ‘ਰੁੱਤ-ਕੁਰੁੱਤੀ’ ਕਹਾਣੀ ਸੰਗ੍ਰਹਿ ਵਿੱਚ ਅਤ੍ਰਿਪਤ ਭਾਵਨਾ ਕਰਕੇ ਪ੍ਰਭਾਵਿਤ ਔਰਤ ਮਰਦ ਮਾਨਸਿਕਤਾ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਬਲਜੀਤ ਕੌਰ ਬੱਲੀ ਦੀ ਸਵੈ-ਜੀਵਨੀ ‘ਢਾਈ ਸਤਰਾਂ’ ਵਿੱਚ ਪੇਸ਼ ਬਚਪਨ ਹੀ ਉਸ ਦੀ ਅਗਲੇਰੀ ਜ਼ਿੰਦਗੀ ਦੀਆਂ ਸੰਭਾਵਨਾਵਾਂ ਅਤੇ ਸੀਮਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ। ਬਚਪਨ ਦੀ ਆਜ਼ਾਦੀ, ਖੁੱਲ੍ਹਾ ਮਾਹੌਲ, ਮਨਮਰਜ਼ੀ ਵਾਲਾ ਸੁਭਾਅ, ਬੇਪਰਵਾਹੀ, ਹਿੰਮਤ ਤੇ ਦਲੇਰੀ ਵਰਗੇ ਗੁਣਾਂ ਨੇ ਉਸ ਦੇ ਵਿਅਕਤਿਤਵ ਦੀ ਅਜਿਹੀ ਸਿਰਜਣਾ ਕੀਤੀ, ਜਿਸ ਨੇ ਉਸ ਦੀ ਹੋਂਦ ਤੇ ਪਛਾਣ ਲਈ ਸੰਘਰਸ਼ ਦੀ ਨੀਂਹ ਰੱਖ ਦਿੱਤੀ। ਬਲਜੀਤ ਕੌਰ ਬੱਲੀ ਲੰਮਾ ਸਮਾਂ ਸਾਹਿਤ ਦੇ ਅਧਿਐਨ ਤੇ ਅਧਿਆਪਨ ਨਾਲ ਜੁੜੀ ਰਹੀ ਹੈ। ਉਹ ਆਪਣੀ ਉਮਰ ਦੇ ਅਖ਼ੀਰਲੇ ਪੜਾਅ ’ਤੇ ਵੀ ਨਿਰੰਤਰ ਸਾਹਿਤ ਚਿੰਤਨ ਨਾਲ ਜੁੜੀ ਰਹੀ। ਉਸ ਨੇ ਆਪਣੀ ਜ਼ਿੰਦਗੀ ਵਿੱਚ ਲੰਮਾ ਸਮਾਂ ਪਰਿਵਾਰ ਤੋਂ ਵਿਛੁੰਨੇ ਰਹਿਣ ਦੇ ਬਾਵਜੂਦ ਆਪਣੀ ਹੋਣੀ ਨੂੰ ਸਿਰਜਣਾਤਮਕਤਾ ਦੇ ਅਮਲ ਵਿੱਚ ਢਾਲੀ ਰੱਖਿਆ। ਪਰਿਵਾਰ ਇੱਕ ਛੋਟੀ ਇਕਾਈ ਹੈ ਅਤੇ ਸਮਾਜ ਇੱਕ ਵੱਡੀ ਇਕਾਈ, ਜਿਸ ਨਾਲ ਜੁੜ ਕੇ ਉਸ ਨੇ ਆਪਣੀ ਮਮਤਾ ਦੀ ਭਾਵਨਾ ਨੂੰ ਵਸੀਹ ਕੀਤਾ। ਮਨੁੱਖ ਦੀ ਸ਼ਖ਼ਸੀਅਤ ਦੇ ਨਿਰਮਾਣ ਵਿੱਚ ਮਾਪਿਆਂ, ਅਧਿਆਪਕਾਂ ਤੇ ਆਲੇ-ਦੁਆਲੇ ਦੀ ਮੁੱਖ ਭੂਮਿਕਾ ਹੁੰਦੀ ਹੈ। ਉਸ ਦੀ ਲੇਖਣੀ ਦਾ ਇਹ ਹਾਸਿਲ ਹੈ ਕਿ ਉਸ ਨੇ ਪਹਿਲੀ ਜਮਾਤ ਦੇ ਵਿਦਿਆਰਥੀ ਤੋਂ ਲੈ ਕੇ ਪੀਐੱਚ. ਡੀ. ਤੱਕ ਦੇ ਵਿਦਿਆਰਥੀਆਂ ਦੀਆਂ ਭਾਵਨਾਵਾਂ ਦੀ ਪੇਸ਼ਕਾਰੀ ਆਪਣੀਆਂ ਰਚਨਾਵਾਂ ਵਿੱਚ ਕੀਤੀ ਹੈ। ਇੱਕ ਅਧਿਆਪਕ ਵਜੋਂ ਵਿਦਿਆਰਥੀਆਂ ਨੂੰ ਮਨੁੱਖ-ਪੱਖੀ ਬਣਾਉਣ ਤੇ ਘੜਨ ਵਿੱਚ ਉਸ ਨੇ ਵਡਮੁੱਲਾ ਯੋਗਦਾਨ ਪਾਇਆ। ਉਸ ਦੇ ਨਾਵਲ ‘ਗੁਆਚੇ ਸੂਰਜ’ ਵਿੱਚ ਅਧਿਆਪਕ ਦਾ ਰੋਲ ਮਹੱਤਪੂਰਨ ਰੂਪ ਵਿੱਚ ਪੇਸ਼ ਹੋਇਆ ਹੈ। ਇੰਨਾ ਹੀ ਨਹੀਂ, ਉਸ ਦੇ ਲਗਪਗ ਸਾਰੇ ਨਾਵਲਾਂ ਵਿੱਚ ਅਧਿਆਪਕ ਦਾ ਸੁਚੱਜਾ ਰੂਪ ਪੇਸ਼ ਹੋਇਆ ਹੈ। ਉਸ ਦੀਆਂ ਰਚਨਾਵਾਂ ਵਿੱਚ ਔਰਤ ਦੀ ਸਮੁੱਚੀ ਹੋਂਦ ਦੇ ਸੰਕਟ ਤੇ ਸੰਤੁਲਨ ਸਬੰਧੀ ਲਗਪਗ 1950 ਤੋਂ 2025 ਤੱਕ ਦੀ ਪ੍ਰੰਪਰਾਗਤ, ਪੜ੍ਹੀ-ਲਿਖੀ ਅਤੇ ਅਤਿ-ਆਧੁਨਿਕ ਔਰਤਾਂ ਦੇ ਸਰੋਕਾਰਾਂ ਦੀ ਪੇਸ਼ਕਾਰੀ ਹੋਈ ਮਿਲਦੀ ਹੈ। ਉਹ ਨਾ ਪ੍ਰੰਪਰਾਵਾਦੀ ਤੇ ਨਾ ਨਾਰੀਵਾਦੀ ਔਰਤ ਦੀ ਪ੍ਰੋੜਤਾ ਕਰਦੀ ਹੈ, ਸਗੋਂ ਉਸ ਔਰਤ ਦੀ ਪ੍ਰਤੀਨਿਧਤਾ ਕਰਦੀ ਹੈ ਜੋ ਸਮਾਜ ਦੀ ਉਸਾਰੀ ਵਿੱਚ ਉਸਾਰੂ ਯੋਗਦਾਨ ਪਾਉਂਦੀ ਹੈ। ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਬਲਜੀਤ ਕੌਰ ਬੱਲੀ ਦੀ ਸਾਹਿਤਕ ਦੇਣ ਬਹੁਤ ਮਹੱਤਵਪੂਰਨ ਹੈ।
ਸੰਖੇਪ ਬਿਮਾਰੀ ਉਪਰੰਤ ਬਲਜੀਤ ਕੌਰ ਬੱਲੀ ਨੇ 5 ਫਰਵਰੀ 2026 ਨੂੰ ਆਖ਼ਰੀ ਸਾਹ ਲਏ। ਉਸ ਨੇ 86 ਸਾਲ ਉਮਰ ਭੋਗੀ। ਸਾਰੀ ਉਮਰ ਜੂਝਦੀ ਰਹੀ ਇਸ ਕਹਾਣੀਕਾਰਾ ਦੀ ਰਚਨਾ ਨਾਰੀ ਮਨ ਦੇ ਵੱਖ-ਵੱਖ ਅਹਿਸਾਸਾਂ ਦੀ ਬਾਤ ਪਾਉਣ ਸਦਕਾ ਸਦੀਵੀ ਅਹਿਮੀਅਤ ਵਾਲੀ ਰਹੇਗੀ।
* ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98760-18191

