ਗੁਰਿੰਦਰ ਸਿੰਘ ਮਾਨ
ਗੁਰਬਾਣੀ ਦੇ ਮਹਾਵਾਕ ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ (ਮ: ੩, ੯੫੧) ਦੀ ਰੌਸ਼ਨੀ ਵਿਚ ਆਓ ਬਾਤ ਪਾਈਏ ਐਸੇ ਆਲਮ ਦੀ, ਜੋ ਇਸ ਦਿਨ ਸੰਨ ੧੯੨੧ ਵਿਚ ਜਨਮਿਆ ਤੇ ਆਉਣ ਵਾਲ਼ੇ ਅੱਠ ਦਹਾਕਿਆਂ ਵਿਚ ਅੱਸੀ ਦੇ ਕਰੀਬ ਛੋਟੀਆਂ-ਵੱਡੀਆਂ ਮੌਲਿਕ ਤੇ ਗੁੰਦੀਆਂ ਰਚਨਾਵਾਂ ਦਾ ਗੁਲਦਸਤਾ ਪਟਿਆਲ਼ੇ ਦੇ ਕਲਮ ਮੰਦਿਰ ਦੀ ਸਰਦਲ ’ਤੇ ਸਜਾ ਕੇ ੨੦੦੧ ਵਿਚ ਫ਼ਾਨੀ ਦੁਨੀਆ ਤੋਂ ਪਿਆਨਾ ਕਰ ਗਿਆ।
੧: ਜਿਉ ਸਾਹਿਬੁ ਰਾਖੈ ਤਿਉ ਰਹੈ (ਮ: ੧, ੨੫)
ਪਿੰਡ ਘੁੰਗਰਾਣਾ ਦੇ ਵਸਨੀਕ ਗੁਰਨਾਮ ਸਿੰਘ ਤੇ ਨੰਦ ਕੌਰ ਤੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ। ਇਹ ਕੰਬੋਂ ਪਰਿਵਾਰ ਕਈ ਪੁਸ਼ਤਾਂ ਤੋਂ ਸਿੱਖ ਪੰਥ ਦਾ ਪੈਰੋਕਾਰ ਸੀ ਤੇ ਇਨ੍ਹਾਂ ਦਾ ਪਿੰਡ ਦੇ ਗੁਰਦੁਆਰੇ ਨਾਲ਼ ਬਹੁਤ ਨੇੜੇ ਦਾ ਸੰਬੰਧ ਸੀ। ਗੁਰਨਾਮ ਸਿੰਘ ਓਥੇ ਕਦੀ-ਕਦੀ ਕੀਰਤਨ ਵੀ ਕਰਿਆ ਕਰਦਾ ਸੀ। ਇਸ ਜੋੜੇ ਦੇ ਚਾਰ ਪੁਤਰ ਸਨ ਤੇ ਪਿਆਰਾ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਸੀ।
੧੯੩੧ ਵਿਚ ਨਵੇਂ ਪਿੰਡ ਦੋਰਾਹੇ ਦੇ ਅਰਜਨ ਸਿੰਘ ਗਿਆਨੀ (੧੮੯੯-੧੯੫੭) ਘੁੰਗਰਾਣੇ ਦੇ ਗੁਰਦੁਆਰੇ ਵਿਚ ਅਪਣੇ ਅੱਠ-ਦਸ ਸ਼ਾਗਿਰਦਾਂ ਨਾਲ਼ ਕਥਾ ਕਰਨ ਆਏ ਤੇ ਦੋ ਸਾਲ ਉਥੇ ਹੀ ਰਹੇ। ਉਨ੍ਹਾਂ ਦੇ ਜਾਣ ਸਮੇਂ ਤੇ ਯਾਰਾਂ ਸਾਲਾਂ ਦਾ ਪਿਆਰਾ ਵੀ ਗਿਆਨੀ ਜੀ ਦੀ ਸ਼ਾਗਿਰਦਾਂ ਦੀ ਟੋਲੀ ਵਿਚ ਰਲ਼ ਕੇ ਨਵੇਂ ਪਿੰਡ ਦੋਰਾਹੇ ਆ ਗਿਆ ਤੇ ਅਗਲੇ ਸਤ ਸਾਲ ਗ੍ਰੰਥੀ ਬਣਨ ਦੀ ਤਿਆਰੀ ਵਿਚ ਰੁੱਝਾ ਰਿਹਾ।
ਗਿਆਨੀ ਜੀ ਨੂੰ ਇਸ ਭੁਜੰਗੀ ਵਿਚ ਕਾਬਲੀਅਤ ਦੀ ਖ਼ਾਸ ਚਿਣਗ ਨਜ਼ਰ ਆਈ ਤੇ ਉਹਨੂੰ ਗ੍ਰੰਥੀ ਦੀ ਸੇਵਾ ਤੇ ਲਾਉਣ ਦੀ ਬਜਾਇ ਤਰਨ ਤਾਰਨ ਦੇ ਸਿੱਖ ਪ੍ਰਚਾਰਕ ਵਿਦਿਆਲਯ ਵਿਚ ਗਿਆਨੀ ਦੀ ਪੜ੍ਹਾਈ ਲਈ ਘੱਲ ਦਿੱਤਾ। ਇਸ ਸਮੇਂ ਪਿਆਰੇ ਨੇ ਬ੍ਰਜ ਭਾਸ਼ਾ ਵਿਚ ਨਜ਼ਮਾਂ ਵੀ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਇਸ ਤਰ੍ਹਾਂ ਲਗਦਾ ਹੈ ਕਿ ਮਾਲਵੇ ਦੇ ਕਥਾਕਾਰ ਕਰਤਾਰ ਸਿੰਘ ਦਾਖਾ (੧੮੮੮-੧੯੫੮) ਦੀ ਸਲਾਹ ਨਾਲ ਉਹਨੇ ਕਵਿਤਾ ਦੀ ਦੁਨੀਆ ਵਿਚ ਉਤਰਨ ਲਈ ਅਪਣੇ ਨਾਂ ਨਾਲ਼ ‘ਪਦਮ’ ਦਾ ਤਖ਼ਲੱਸ ਜੋੜ ਲਿਆ। ਇਹ ਲਫ਼ਜ਼ ਗੁਰਬਾਣੀ ਵਿਚ ਤਾਂ ਨਹੀਂ ਮਿਲ਼ਦਾ, ਪਰ ‘ਬਧਿਕ’ ਦੇ ਪ੍ਰਸੰਗ ਵਿਚ ਆਉਣ ਕਰਕੇ (ਬਧਿਕੁ ਉਧਾਰਿਓ ਖਮਿ ਪ੍ਰਹਾਰ, ਮ: ੫, ੧੧੯੨), ਹੋ ਸਕਦਾ ਹੈ ਦਾਖੇ ਨੂੰ ਪਿਆਰਾ ਪੰਥ ਦੇ ਪੈਰ ਦਾ ਨਗ ਨਜ਼ਰ ਆਉਂਦਾ ਹੋਏ।
੧੯੩੯ ਵਿਚ ਅਪਣਾ ਕੰਮ ਪੂਰਾ ਕਰ ਕੇ ਪਿਆਰਾ ਸਿੰਘ ਪਦਮ ਗਿਆਨੀ ਬਣਕੇ ਘਰ ਪਰਤਿਆ ਤੇ ਉਹਦੀ ਸ਼ਾਦੀ ਨਜ਼ਦੀਕੀ ਪਿੰਡ ਕਲ੍ਹਾੜ ਦੀ ਜਸਵੰਤ ਕੌਰ ਨਾਲ਼ ਹੋ ਗਈ। ਸ਼ਾਦੀ ਇਸ ਨੌਜੁਆਨ ਗਿਆਨੀ ਨੂੰ ਘਰ ਰੋਕਣ ਵਿਚ ਸਫਲ ਨਾ ਹੋਈ ਤੇ ਉਹ ਤਿੰਨ ਮਹੀਨੇ ਬਾਅਦ ਅਪ੍ਰੈਲ ੧੯੪੧ ਵਿਚ ਅੰਮ੍ਰਿਤਸਰ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ ਪ੍ਰਚਾਰਕਾਂ ਦੀ ਪੜ੍ਹਾਈ ਦੀ ਜਮਾਤ ਵਿਚ ਦਾਖ਼ਿਲ ਹੋ ਗਿਆ। ਪੜ੍ਹਾਈ ਅੱਵਲ ਰਹਿ ਕੇ ਪਾਸ ਕੀਤੀ ਤੇ ਨਾਲ਼ ਹੀ ਅੰਮ੍ਰਿਤਸਰ ਵਿਚ ਨੌਕਰੀ ਵੀ ਲੱਭ ਲਈ, ਜੋ ਵੱਖ-ਵੱਖ ਸ਼ਕਲਾਂ ਵਿਚ ਅਪ੍ਰੈਲ ੧੯੫੦ ਤਕ ਚਲਦੀ ਰਹੀ।
ਸਿੱਖ ਰਿਆਸਤਾਂ ਦੇ ਮਜ਼ਹਬੀ ਮਾਹੌਲ ਵਿਚ ਜਨਮਿਆ ਤੇ ਪਲ਼ਿਆ ਇਹ ਨੌਜੁਆਨ ਅੰਗ੍ਰੇਜ਼ੀ ਰਾਜ-ਪ੍ਰਬੰਧ ਹੇਠ ਚਲ ਰਹੇ ਮਾਝੇ ਦੇ ਸਿੱਖ ਆਲਮੀ ਮਾਹੌਲ ਵਿਚ ਤਕਰੀਬਨ ਯਾਰਾਂ ਸਾਲ ਬਿਤਾਉਣ ਬਾਅਦ ਵਾਪਿਸ ਆ ਗਿਆ। ਉਹਨੇ ਅਪਣਾ ਘਰ ਮਾਲਵੇ ਦੇ ਸ਼ਾਹੀ ਸ਼ਹਿਰ ਪਟਿਆਲੇ ਵਿਚ ਬਣਾ ਲਿਆ; ਦੋ ਬੱਚੀਆਂ ਹਰਿੰਦਰ ਕੌਰ (ਜਨਮ ੧੯੪੯) ਤੇ ਰਵਿੰਦਰ ਕੌਰ (੧੯੫੫-੨੦੧੪) ਪਾਲ਼ੀਆਂ ਤੇ ਅਪਣੀ ਰਹਿੰਦੀ ਜ਼ਿੰਦਗੀ ਓਥੇ ਹੀ ਗੁਜ਼ਾਰੀ।
ਪਦਮ ਦਾ ਘਰ ਤੇ ਖ਼ੂਬਸੂਰਤ ਬਗ਼ੀਚੀ ਪੰਜਾਬ ਦੇ ਸਾਹਿਤਿਕ ਦਾਇਰਿਆਂ ਵਿਚ ਕਲਮ ਮੰਦਿਰ ਦੇ ਨਾਂ ਨਾਲ਼ ਜਾਣੀ ਜਾਣ ਲੱਗ ਪਈ ਤੇ ਉਸ ਸਮੇਂ ਦਾ ਸ਼ਾਇਦ ਹੀ ਕੋਈ ਐਸਾ ਦਾਨਿਸ਼ਵਰ ਹੋਵੇਗਾ, ਜਿਹਦੇ ਚਰਨ ਇੱਥੇ ਨਾ ਪਏ ਹੋਣ। ੧੯੭੬ ਵਿਚ ਜਸਵੰਤ ਕੌਰ ਚਲਾਣਾ ਕਰ ਗਈ ਅਤੇ ੨੦੦੧ ਵਿਚ ਦਿਲ ਦੀ ਧੜਕਣ ਬੰਦ ਹੋਣ ਨਾਲ਼ ਪਦਮ ਖ਼ੁਦ ਅਪਣੇ ਪਰਿਵਾਰ ਤੇ ਸੱਜਣਾਂ ਨੂੰ ਫ਼ਤਿਹ ਬੁਲ਼ਾ ਕੇ ਚਲਦਾ ਬਣਿਆ।
ਜਿਥੋਂ ਤਕ ਪਦਮ ਦੇ ਰੁਜ਼ਗਾਰ ਦਾ ਤੁਅੱਲਕ਼ ਸੀ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਪੜ੍ਹਾਈ ਪੂਰੀ ਕਰਨ ਬਾਅਦ ਉਹਨੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਾਈ ਸਕੂਲ ਵਿਚ ਇਕ ਸਾਲ ਪੜ੍ਹਾਇਆ; ੧੯੪੨ ਵਿਚ ਸਿੱਖ ਮਿਸ਼ਨਰੀ ਕਾਲਜ ਵਿਚ ਉਸਤਾਦ ਲੱਗ ਗਿਆ ਤੇ ਇਹ ਜ਼ੁੰਮੇਵਾਰੀ ਅਕਤੂਬਰ ੧੯੪੭ ਤਕ ਚਲਦੀ ਰਹੀ। ਪੰਜਾਬ ਦੇ ਬਟਵਾਰੇ ਤੋਂ ਬਾਅਦ ਕਾਲਜ ਦੇ ਥੋੜ੍ਹੀ ਦੇਰ ਲਈ ਬੰਦ ਹੋ ਜਾਣ ’ਤੇ ਪਦਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲਿਸਟੀ ਇਨਚਾਰਜ ਤੇ ਗੁਰਦੁਆਰਾ ਗਜ਼ਟ ਦੇ ਸੰਪਾਦਕ ਦੇ ਅਹੁਦਿਆਂ ’ਤੇ ਕੰਮ ਕੀਤਾ।
੧੯੫੦ ਦੇ ਅਖ਼ੀਰ ਵਿਚ ਪਦਮ ਨੂੰ ਪਟਿਆਲੇ ਵਿਚ ਨਵੇਂ ਬਣੇ ਪੰਜਾਬੀ ਮਹਿਕਮੇ (ਭਾਸ਼ਾ ਵਿਭਾਗ) ਦੇ ਸਾਹਿਤਿਕ ਰਸਾਲੇ, ਪੰਜਾਬੀ ਦੁਨੀਆ ਦੀ ਸੰਪਾਦਕੀ ਮਿਲ਼ ਗਈ ਤੇ ਉਹਨੇ ਇਹ ਜ਼ੁਮੇਵਾਰੀ ੧੯੬੬ ਤਕ ਨਿਭਾਈ। ਇਸ ਸਾਲ ਪੰਜਾਬੀ ਯੂਨੀਵਰਸਿਟੀ ਨੇ ਪਦਮ ਨੂੰ ਸੀਨੀਅਰ ਫ਼ੈਲੋਸ਼ਿਪ ਨਾਲ਼ ਨਿਵਾਜਿਆ ਤੇ ਉਹਨੇ ਇਸ ਅਹੁਦੇ ’ਤੇ ੧੯੮੩ ਤਕ ਕੰਮ ਕੀਤਾ। ਇਸ ਸਮੇਂ ਦੌਰਾਨ ਪਦਮ ਲਈ ਅਮਰੀਕਾ ਆ ਕੇ ਘਰ ਬਣਾਉਣ ਦਾ ਮੌਕਾ ਵੀ ਬਣਿਆ, ਪਰ ਅਪਣੇ ਲਿਖਣ-ਪੜ੍ਹਨ ਦੇ ਕੰਮ ਨੂੰ ਤਰਜੀਹ ਦੇਂਦੇ ਹੋਏ ਨੇ ਇਹ ਸੱਦਾ ਪਰਵਾਨ ਨਾ ਕੀਤਾ। ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਪਦਮ ਦਾ ਪੜ੍ਹਨ-ਲਿਖਣ ਦਾ ਕੰਮ ਚਲਾਣੇ ਤਕ ਬਾਖ਼ੂਬੀ ਚਲਦਾ ਰਿਹਾ।
੨: ਪੋਥੀ ਪੁਰਾਣ ਕਮਾਈਐ (ਮ: ੧, ੨੫)
ਮਾਤਾ-ਪਿਤਾ ਦਾ ਗੁਰਦੁਆਰੇ ਨਾਲ਼ ਨੇੜੇ ਦਾ ਸੰਬੰਧ ਹੋਣ ਦਾ ਬੱਚਿਆਂ ਉੱਤੇ ਅਸਰ ਪੈਣਾ ਸੁਭਾਵਿਕ ਹੀ ਸੀ। ਪਿਆਰਾ ਸਿੰਘ ਲਈ ਅਰਜਨ ਸਿੰਘ ਗਿਆਨੀ ਨਾਲ਼ ਮਿਲਣਾ ਹੋਰ ਅਹਿਮ ਸਾਬਿਤ ਹੋਇਆ ਤੇ ਉਹਦੇ ਡੇਰੇ ’ਤੇ ਰਹਿੰਦਿਆਂ ਗ੍ਰੰਥ ਸਾਹਿਬ ਦੀ ਬੀੜ ਦੀ ਮਰਯਾਦਾ, ਬਾਣੀ ਦਾ ਪਾਠ, ਕੀਰਤਨ ਤੇ ਕਥਾ ਦਾ ਦਸਤੂਰ ਅਤੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਬਾਰੇ ਜਾਣਕਾਰੀ ਉਸ ਦੀ ਕਾਬਲੀਅਤ ਦੀ ਨੀਂਹ ਬਣੀ ਤੇ ਉਹਨੇ ਪਿੰਡ ਵਿਚ ਵਸਦੇ ਸਿੱਖ ਪਰਿਵਾਰਾਂ ਨਾਲ਼ ਜਨਮ, ਵਿਆਹ, ਮੌਤ, ਮਾਮੂਲੀ ਬੀਮਾਰੀ, ਤੇ ਹੋਰ ਦੁੱਖ-ਸੁੱਖ ਵਿਚ ਭਾਈਵਾਲ਼ ਹੋਣ ਦਾ ਵੀ ਤੌਰ-ਤਰੀਕਾ ਸਿੱਖਿਆ।
ਵੀਹਵੀਂ ਸਦੀ ਦੇ ਸ਼ੁਰੂ ਦੇ ਦਹਾਕਿਆਂ ਵਿਚ ਤਰਨ ਤਾਰਨ ਸਿੱਖ ਤਾਲੀਮ ਦੇ ਦਾਇਰੇ ਵਿਚ ਚੋਟੀ ਦੀ ਜਗ੍ਹਾ ਗਿਣੀ ਜਾਂਦੀ ਸੀ। ਈਸ਼ਰ ਸਿੰਘ ਢੋਟੀਆਂ, ਗੰਗਾ ਸਿੰਘ, ਨਰੈਣ ਸਿੰਘ, ਮੋਹਣ ਸਿੰਘ ਵੈਦ ਵਗ਼ੈਰਾ ਆਲਮ ਇਸ ਸ਼ਹਿਰ ਵਿਚ ਰਹਿੰਦੇ ਸਨ। ਅੰਮ੍ਰਿਤਸਰ ਦੇ ਸਿੱਖ ਮਿਸ਼ਨਰੀ ਕਾਲਜ ਵਿਚ ਪਦਮ ਨੇ ਪਹਿਲਾਂ ਆਪ ਪ੍ਰਚਾਰਕ ਦੀਆਂ ਜ਼ੁਮੇਵਾਰੀਆਂ-ਗੁਰਮੱਤ, ਤਾਰੀਖ਼, ਤੇ ਸਿੱਖ ਸ੍ਰੋਤਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਤੇ ਫਿਰ ਇਸ ਮਸੌਦੇ ਨੂੰ ਸੰਗਤਾਂ ਤਕ ਕਾਮਯਾਬੀ ਨਾਲ਼ ਪਹੁੰਚਾਉਣ ਦੇ ਤਰੀਕੇ ਸਿੱਖੇ ਤੇ ਫਿਰ ਅਪਣੇ ਸ਼ਾਗਿਰਦਾਂ ਨੂੰ ਇਸ ਜ਼ੁੰਮੇਵਾਰੀ ਲਈ ਤਿਆਰ ਕੀਤਾ। ਹਰ ਸਾਲ ਨਵਿਆਂ ਸ਼ਾਗਿਰਦਾਂ ਨੂੰ ਪੜ੍ਹਾਉਂਦਿਆਂ ਉਹਦੀ ਗੁਰਬਾਣੀ ਦੀ ਮੁਹਾਰਤ ਵਿਗਸੀ ਤੇ ਤਾਰੀਖ਼ ਲਿਖਣ ਦੇ ਮਰਹਲੇ ਵਿਚ ਸਮਕਾਲੀ ਸ੍ਰੋਤਾਂ ਦੀ ਅਹਿਮੀਅਤ ਬਾਰੇ ਸਮਝ ਵਿਚ ਵੀ ਵਾਧਾ ਹੋਇਆ।
ਪਦਮ ਦਾ ਤਰਨ ਤਾਰਨ ਤੇ ਅੰਮ੍ਰਿਤਸਰ ਵਿਚ ਬਿਤਾਇਆ ਦਹਾਕਾ ਸਿੱਖ ਵਿਦਿਅਕ ਦਾਇਰਿਆਂ ਵਿਚ ਉਪਜਾਊ ਤੇ ਨਾਲ਼-ਨਾਲ਼ ਕਾਫ਼ੀ ਹੱਲ-ਚੱਲ ਦਾ ਸਮਾਂ ਸੀ। ਤੇਜਾ ਸਿੰਘ ਦਾ ਸ਼ਬਦਾਰਥ (੧੯੪੧), ਜੀ ਬੀ ਸਿੰਘ ਦੀ ਪ੍ਰਾਚੀਨ ਬੀੜਾਂ ਬਾਰੇ (੧੯੪੬), ਤੇ ਸ਼੍ਰੋਮਣੀ ਕਮੇਟੀ ਦੀ ਮੁਹਰ ਹੇਠ ਛਪੀ ਗ੍ਰੰਥ ਸਾਹਿਬ ਦੀ ਬੀੜ (੧੯੫੧) ਇਸ ਅਰਸੇ ਦੀਆਂ ਤਿੰਨ ਅਹਿਮ ਪ੍ਰਾਪਤੀਆਂ ਸਨ।
ਸਿੱਖ ਮਿਸ਼ਨਰੀ ਕਾਲਜ ਨਾਲ਼ ਜੁੜੇ ਹੋਣ ਕਰਕੇ ਪਦਮ ਨੂੰ ਦੂਰ-ਦੁਰਾਡੇ ਦੇ ਗੁਰਦੁਆਰਿਆਂ ਤੋਂ ਸੰਗਤਾਂ ਨੂੰ ਮੁਖ਼ਾਤਬਿ ਕਰਨ ਦੇ ਸੱਦੇ ਆਉਂਦੇ। ਮਸਲਨ, ਉਹ ਕੁਲੂ-ਮਨਾਲ਼ੀ ਤੇ ਮੁਲਤਾਨ ਦੀਆਂ ਸੰਗਤਾਂ ਨੂੰ ਮਿਲਣ ਲਈ ਲਾਏ ਦੌਰਿਆਂ ਬਾਰੇ ਲਿਖਦਾ ਹੈ, ਤੇ ਬਾਅਦ ਦੇ ਮਿਲ਼ਦੇ ਹਵਾਲਿਆਂ ਤੋਂ ਸਪਸ਼ਟ ਹੈ ਕਿ ਉਹ ਬਨਾਰਸ, ਪਟਨਾ, ਬੁਰਹਾਨਪੁਰ, ਨੰਦੇੜ ਵਗ਼ੈਰਾ ਸ਼ਹਿਰੀਂ ਵੀ ਗਿਆ। ਇਨ੍ਹਾਂ ਅਵਸਰਾਂ ਉੱਤੇ ਉਹ ਸਥਾਨਿਕ ਸੰਗਤਾਂ ਦੇ ਨਾਲ਼ ਸਮਾਂ ਬਤੀਤ ਕਰਦਾ, ਉਨ੍ਹਾਂ ਦੀਆਂ ਰਵਾਇਤਾਂ ਬਾਰੇ ਸੁਣਦਾ, ਪੁਰਾਤਨ ਹੱਥ-ਲਿਖਤਾਂ ਤੇ ਹੋਰ ਸਮੱਗਰੀ ਵੇਖਦਾ। ਅਪਣੇ ਦੌਰਿਆਂ ਦੌਰਾਨ ਪਦਮ ਨੇ ਤਰ੍ਹਾਂ-ਤਰ੍ਹਾਂ ਦੀਆਂ ਹੱਥ ਲਿਖਤਾਂ ਵੇਖੀਆਂ, ਇਨ੍ਹਾਂ ਬੁਨਿਆਦੀ ਦਸਤਾਵੇਜ਼ਾਂ ਨੂੰ ਅਪਣੇ ਕੰਮ ਵਿਚ ਕਾਰਗਰ ਤਰੀਕੇ ਨਾਲ਼ ਵਰਤਿਆ, ਅਤੇ ਸਿੱਖ ਤਾਲੀਮ ਦੇ ਦਾਇਰੇ ਵਿਚ ਨਵੇਂ ਸ੍ਰੋਤ ਛਾਪ ਕੇ ਮਾਅਰਕੇ ਦੀ ਦੇਣ ਦਿੱਤੀ।
ਸਮੇਂ ਦੇ ਨਾਲ਼ ਇਨ੍ਹਾਂ ਸੱਦਿਆਂ ਦਾ ਦਾਇਰਾ ਵਧ ਕੇ ਇੰਗਲੈਂਡ ਦੇ ਗੁਰਦੁਆਰਿਆਂ ਤਕ ਵੀ ਪਹੁੰਚ ਗਿਆ। ਮੇਰੇ ਲਈ ਇਹ ਦੁੱਖ ਦੀ ਗੱਲ ਹੈ ਕਿ ੧੯੯੦ ਦੇ ਦਹਾਕੇ ਵਿਚ ਮੈਂ ਪਦਮ ਨੂੰ ਕੈਲੇਫ਼ੋਰਨੀਆ ਯੂਨੀਵਰਸਿਟੀ ਦੇ ਸੱਦੇ ’ਤੇ ਅਮਰੀਕਾ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਸਿਹਤ ਦੀਆਂ ਮੁਸ਼ਕਿਲਾਂ ਕਾਰਣ ਇਹ ਮੁਮਕਿਨ ਨਾ ਹੋ ਸਕਿਆ ਤੇ ਆਖ਼ਿਰ ਵਿਚ ਜਦੋਂ ਮੇਰੇ ਸੱਜਣ ਨੇ ਆਉਣ ਦਾ ਮਨ ਬਣਾਇਆ ਉਸੇ ਵੇਲ਼ੇ ਹੀ ਵਾਹਿਗੁਰੂ ਦਾ ਸੱਦਾ ਆ ਗਿਆ।
੩: ਸਚੁ ਬੂਝਣੁ ਆਣਿ ਜਲਾਈਐ (ਮ: ੧, ੨੫)
ਪਦਮ ਦੀਆਂ ਲਿਖਤਾਂ ਦੇ ਸਿਰਲੇਖਾਂ ਉੱਤੇ ਸਰਸਰੀ ਜਿਹੀ ਝਾਤ ਵਿਖਾਉਂਦੀ ਹੈ ਕਿ ਉਹਦੀ ਤਾਲੀਮ ਦਾ ਦਾਇਰਾ ਵਸੀਹ ਸੀ ਤੇ ਇਸ ਵਿਚ ਸਿੱਖ ਮਜ਼ਮੂਨ (ਗੁਰਮਤ, ਰਹੁ-ਰੀਤ, ਤਾਰੀਖ਼, ਗੁਰਮੁਖੀ ਲਿੱਪੀ), ਪੰਜਾਬੀ ਮੁੱਦੇ (ਬੋਲੀ, ਸਾਹਿਤ, ਸਭਿਆਚਾਰ, ਇਲਾਕਈ ਸੂਝ-ਬੂਝ), ਸਭ ਸਮੋਏ ਹੋਏ ਹਨ। ਅਪਣੇ ਅੱਧੀ ਸਦੀ ਦੇ ਲਿਖਣ ਦੇ ਅਰਸੇ ਵਿਚ ਸ਼ਾਇਦ ਹੀ ਕੋਈ ਪੰਜਾਬ ਦੇ ਖ਼ਿੱਤੇ ਨਾਲ਼ ਜੁੜਦਾ ਮਸਲ੍ਹਾ ਹੋਵੇ, ਜਿਹਨੂੰ ਕਿਸੇ ਨਾ ਕਿਸੇ ਤਰ੍ਹਾਂ ਪਦਮ ਨੇ ਮੁਖ਼ਾਤਬਿ ਨਹੀਂ ਕੀਤਾ।
੧੯੪੮ ਵਿਚ ਪਦਮ ਨੇ ਕੇਸਰ ਸਿੰਘ ਛਿੱਬਰ ਦੇ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੰਚ ਤੇ ਅਪਣਾ ਪਰਚਾ ਪੜ੍ਹਿਆ ਤੇ ਇਸ ਸ੍ਰੋਤ ਵਿਚ ਮਿਲ਼ਦੀਆਂ ਪੁਰਾਤਨ ਤਿੱਥਾਂ ਤੇ ਤਾਰੀਖ਼ੀ ਸੂਝ-ਬੂਝ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਹਦੀ ਆਲਮੀਅਤ ਦਾ ਇਹ ਪਹਿਲਾ ਲਿਸ਼ਕਾਰਾ ਸੀ।
ਇਸ ਬਹਿਸ ਦੇ ਪਹਿਲੂਆਂ ਵਿਚ ਜਾਣ ਦੀ ਬਜਾਇ ਮੇਰੀ ਟਿੱਪਣੀ ਇਹ ਹੈ ਕਿ ੧੯੫੦ ਦੇ ਕਰੀਬ ਸਿੱਖ ਤਾਲੀਮੀ ਦਾਇਰਿਆਂ ਵਿਚ ਪਦਮ ਦੀ ਸ਼ੁਹਰਤ ਇਸ ਪੱਧਰ ’ਤੇ ਪਹੁੰਚ ਚੁੱਕੀ ਸੀ ਕਿ ਉਹਦੇ ਵਿਚਾਰਾਂ ’ਤੇ ਤਵੱਜੋ ਦੇਣੀ ਜ਼ਰੂਰੀ ਸਮਝੀ ਜਾਣ ਲੱਗ ਪਈ ਸੀ। ਨਾਲ਼ ਹੀ ਪਦਮ ਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਸਿੱਖ ਤਾਰੀਖ਼ ਬਾਰੇ ਕੋਈ ਵੀ ਕਹੀ ਜਾਂ ਲਿਖੀ ਗੱਲ ਉੱਤੇ ਕਿਸੇ ਵੇਲ਼ੇ ਵੀ ਖਿੱਚੋਤਾਣ ਹੋ ਸਕਦੀ ਸੀ।
ਪਟਿਆਲੇ ਵਿਚ ਪੰਦਰਾਂ ਸਾਲਾਂ ਦੀ ਪੰਜਾਬੀ ਦੁਨੀਆ ਦੀ ਸੰਪਾਦਕੀ ਨੇ ਉਹਦੀ ਤਾਲੀਮ ਦੇ ਭੰਡਾਰ ਵਿਚ ਪੰਜਾਬੀ ਸਾਹਿਤ ਤੇ ਸਭਿਆਚਾਰ ਬਾਰੇ ਅਹਿਮ ਜਾਣਕਾਰੀ ਜਮ੍ਹਾ ਕੀਤੀ। ਕਈ ਮਜ਼ਮੂਨਾਂ ਉੱਤੇ ਪੰਜਾਬੀ ਦੁਨੀਆ ਦੇ ਖ਼ਾਸ ਅੰਕ ਕੱਢ ਕੇ ਪਦਮ ਨੇ ਇਸ ਰਿਸਾਲੇ ਨੂੰ ਪੰਜਾਬੀ ਬੋਲੀ ਤੇ ਇਲਾਕਈ ਸੂਝ-ਬੂਝ ਦੇ ਅਹਿਮ ਸ੍ਰੋਤ ਦੇ ਰੂਪ ਵਿਚ ਸਥਾਪਿਤ ਕਰ ਦਿੱਤਾ। ਪਦਮ ਨੇ ਪਟਿਆਲੇ ਦੇ ਕਿਤਾਬਖ਼ਾਨਿਆਂ ਵਿਚ ਹੱਥ-ਲਿਖਤਾਂ ਨੂੰ ਇਕੱਠਿਆਂ ਕਰਨ ਵਿਚ ਵੀ ਵੱਡਾ ਹਿੱਸਾ ਪਾਇਆ ਤੇ ਬਾਅਦ ਵਿਚ ਸਿੱਖ ਤਾਰੀਖ਼ ਲਿਖਣ ਵਿਚ ਇਨ੍ਹਾਂ ਸੋਮਿਆਂ ਦਾ ਪੂਰਾ ਫ਼ਾਇਦਾ ਵੀ ਉਠਾਇਆ। ਪੰਜਾਬੀ ਯੂਨੀਵਰਸਿਟੀ ਦੇ ਗ੍ਰੰਥ ਸਾਹਿਬ ਅਧਿਅਨ ਵਿਭਾਗ ਵਿਚ ਪਦਮ ਦੇ ਕੀਤੇ ਕੰਮ ਤੋਂ ਗੁਰੂ ਅਮਰਦਾਸ ਦੀ ਬਾਣੀ (੧੯੭੯), ਉਨ੍ਹਾਂ ਦੇ ਪੰਜ ਸੌ ਸਾਲਾ ਗੁਰਪੁਰਬ ’ਤੇ ਛਾਪੀ ਗਈ, ਤੇ ਬਾਅਦ ਦੇ ਸਾਲਾਂ ਵਿਚ ਗ੍ਰੰਥ ਸਾਹਿਬ ਦੇ ਵਿਚਾਰ ਕੋਸ਼, ਸੰਕੇਤ ਕੋਸ਼, ਤੇ ਮਹਿਮਾ ਕੋਸ਼ ਵਰਗੀਆਂ ਸਿੱਕੇਬੰਦ ਕਿਤਾਬਾਂ ਛਪੀਆਂ। ਪਦਮ ਅਪਣੇ-ਆਪ ਦੀ ਵਾਹਿਦ ਮਿਸਾਲ ਹੈ, ਜਿੱਥੇ ਕਿਸੇ ਟਕਸਾਲੀ ਆਲਮ ਨੂੰ ਯੂਨੀਵਰਸਿਟੀ ਵਿਚ ਬੈਠ ਕੇ ਕੰਮ ਕਰਨ ਦਾ ਮੌਕਾ ਮਿਲ਼ਿਆ।
੪: ਕਰਿ ਚਾਨਣੁ ਸਾਹਿਬ ਤਉ ਮਿਲੈ (ਮ: ੧, ੨੫)
ਪਦਮ ਦੀਆਂ ਲਿਖਤਾਂ ਦੀ ਉਡਦੀ ਜਿਹੀ ਪੜ੍ਹਤ ਵੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣ ਦੇਂਦੀ ਕਿ ਉਹਦੇ ਮਜ਼ਮੂਨਾਂ ਦੀ ਚੋਣ ਬੇਹਤਰੀਨ ਹੈ, ਲਿਖਣ ਦਾ ਤਰੀਕਾ ਜ਼ਹੀਨ ਹੈ, ਪੇਸ਼ ਕੀਤੀਆਂ ਦਲੀਲਾਂ ਪਾਇਦਾਰ ਹਨ, ਉਨ੍ਹਾਂ ਦੀ ਹਿਮਾਇਤ ਵਿਚ ਦਿੱਤੇ ਸਬੂਤ ਪ੍ਰਮਾਣਿਕ ਸੋਮਿਆਂ ਤੋਂ ਲਏੇ ਹੋਏ ਹਨ, ਤੇ ਹਰ ਕਿਤਾਬ ਦੀ ਲਿਖਤ ਵਿਚ ਅਪਣੀ ਹੀ ਤਰ੍ਹਾਂ ਦੀ ਤਾਜ਼ਗੀ ਤੇ ਨਵੇਕਲਾਪਣ ਹੈ।
ਪਦਮ ਦੀ ਸਿੱਖ ਆਲਮੀਅਤ ਦੇ ਦਾਇਰੇ ਨੂੰ ਦੇਣ ਦਾ ਲੇਖਾ-ਜੋਖਾ ਕਰਦਿਆਂ ਸਭ ਤੋਂ ਪਹਿਲਾਂ ਗ਼ੌਰ ਕਰਨ ਵਾਲ਼ੀ ਗੱਲ ਇਹ ਹੈ ਕਿ ਪਦਮ ਦੀ ਸੋਚ ਵਿਚ ਉਹਦੇ ਸਿੱਖ ਤੇ ਸਿੱਖ ਤਾਰੀਖ਼ ਦੇ ਆਲਮ ਹੋਣ ਵਿਚ ਕਿਸੇ ਕਿਸਮ ਦਾ ਦਵੰਦ ਨਹੀਂ ਸੀ। ਉਹ ਦਫ਼ਤਰੀ ਨਹੀਂ ਬਲਕਿ ਸਿੱਖ ਦੁਨੀਆ ਵਿਚ ਵਿਚਰਨ ਵਾਲ਼ਾ ਆਲਮ ਸੀ। ਗੁਰਮਤ, ਰਹਿਤ, ਸਿੱਖ ਤਾਰੀਖ਼, ਉਹਦੀ ਸੋਚ ਦੇ ਮਰਕਜ਼ ਸਨ; ਗੁਰਦੁਆਰਾ ਇਨ੍ਹਾਂ ਮੁੱਦਿਆਂ ਨਾਲ਼ ਸਬੰਧਿਤ ਵਿਚਾਰਾਂ ਨੂੰ ਸੰਗਤ ਨਾਲ਼ ਸਾਂਝੇ ਕਰਨ ਦਾ ਮੁਕਾਮ ਸੀ, ਤੇ ਕਥਾ/ਤਕਰੀਰ ਇਨ੍ਹਾਂ ਨੂੰ ਸ੍ਰੋਤਿਆਂ ਤਕ ਪਹੁੰਚਾਉਣ ਦਾ ਸਾਧਨ ਸੀ।
ਉਹ ਦੂਰ-ਨੇੜੇ ਦਿਆਂ ਗੁਰਦੁਆਰਿਆਂ ਵਿਚ ਜਾਂਦਾ, ਕੀਰਤਨ ਵਿਚ ਵਰਤੇ ਸ਼ਬਦਾਂ ਦੀ ਵਿਆਖਿਆ ਕਰਦਾ, ਗੁਰਪੁਰਬਾਂ ਤੇ ਤਿਉਹਾਰਾਂ ਸੰਬੰਧੀ ਰਵਾਇਤਾਂ ’ਤੇ ਰੋਸ਼ਨੀ ਪਾਉਂਦਾ, ਅਤੇ ਸਿੱਖ ਪੰਥ ਨੂੰ ਦਰਪੇਸ਼ ਮੁਸ਼ਕਿਲਾਂ ਉੱਤੇ ਅਪਣੇ ਵਿਚਾਰ ਦਸਦਾ। ਤਾਰੀਖ਼ ਦੀ ਅਸਲੀਅਤ ਨੂੰ ਸਹੀ ਤਰੀਕੇ ਨਾਲ਼ ਪੇਸ਼ ਕਰਨਾ, ਸਿੱਖਾਂ ਵਿਚ ਅਪਣੇ ਵਿਰਸੇ ਦਾ ਮਾਣ ਵਧਾਉਣਾ, ਅਤੇ ਇਸ ਜ਼ੁੰਮੇਵਾਰੀ ਨੂੰ ਅਪਣੀ ਭਾਈਚਾਰਿਕ ਸੇਵਾ ਦੇ ਰੂਪ ਵਿਚ ਵੇਖਣਾ ਉਹਦੀ ਸੋਚ ਦੀ ਬੁਨਿਆਦ ਸੀ।
ਪਦਮ ਦੇ ਕੰਮ ਦਾ ਆਧਾਰ ਪੁਰਾਤਨ ਸਿੱਖ ਸ੍ਰੋਤ ਸਨ। ਉਹਨੇ ਬਚਪਣ ਤੋਂ ਹੀ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ, ਕੀਰਤਨ, ਤੇ ਵਿਆਖਿਆ ਸੁਣੀ। ਕਿਸੇ ਵੀ ਮੁੱਦੇ ’ਤੇ ਗੱਲ ਕਰਦਿਆਂ ਬਾਣੀ ਦੀ ਤੁਕ ਦਾ ਹਵਾਲਾ ਦੇ ਸਕਣਾ ਉਹਦੀ ਸੋਚ ਦਾ ਅਨਿੱਖੜਵਾਂ ਅੰਗ ਸੀ। ਗ੍ਰੰਥ ਸਾਹਿਬ ਦੇ ਨਾਲ਼ ਨਾਲ਼ ਉਹਦੇ ਜ਼ਿਹਨ ਵਿਚ ਸਿੱਖ ਤਾਰੀਖ਼ੀ ਸ੍ਰੋਤਾਂ ਦਾ ਵੀ ਵੱਡਾ ਭੰਡਾਰ ਕਾਇਮ ਸੀ, ਤੇ ਉਹ ਇਨ੍ਹਾਂ ਦੇ ਲਿਖਣ ਸਮੇਂ ਦੀ ਅਹਿਮੀਅਤ ਤੋਂ ਵੀ ਸੁਚੇਤ ਸੀ।
ਇਕ ਆਲਮ ਦੀ ਹੈਸੀਅਤ ਵਿਚ ਪਦਮ ਦੇ ਕੰਮ ਦਾ ਮਕਸਦ ਤਾਰੀਖ਼ੀ ਸੱਚ ਦੀ ਖੋਜ ਸੀ। ਜਦੋਂ ਪੁਰਾਤਨ ਸ੍ਰੋਤਾਂ ਵਿਚਲੀ ਜਾਣਕਾਰੀ ਅੱਜ ਕੱਲ੍ਹ ਦੀਆਂ ਪ੍ਰਚਲਿਤ ਰਵਾਇਤਾਂ ਦਾ ਖੰਡਨ ਕਰਦੀ, ਤਾਂ ਪਦਮ ਸਪਸ਼ਟ ਤੌਰ ’ਤੇ ਇਨ੍ਹਾਂ ਰਵਾਇਤਾਂ ਵਿਚ ਸੁਧਾਰ ਦੀ ਮੰਗ ਕਰਦਾ।
ਆਲਮ ਹੋਣ ਦੇ ਨਾਤੇ ਉਹ ਤਿੱਥਾਂ ਬਾਰੇ ਦਲੀਲ਼ਾਂ ਪੁਰਾਤਨ ਸ੍ਰੋਤਾਂ ਵਿਚ ਮਿਲ਼ਦੀ ਜਾਣਕਾਰੀ ਦੇ ਆਧਾਰ ’ਤੇ ਪੇਸ਼ ਕਰਦਾ ਹੈ ਤੇ ਸ਼ਰਧਾਲੂ ਸਿੱਖ ਦੇ ਨਾਤੇ ਉਮੀਦ ਰੱਖਦਾ ਹੈ ਕਿ ਪੰਥ ਦੇ ਆਗੂ ਇਸ ਜਾਣਕਾਰੀ ਬਾਰੇ ਸੋਚਣ ਤੇ ਅਪਣਾਉਣ ਦੇ ਢੰਗ ਲੱਭਣ। ਪਦਮ ਵਿਵਾਦ ਵਾਲ਼ੇ ਮੁੱਦਿਆਂ ਨੂੰ ਮੁਖ਼ਾਤਬਿ ਕਰਨ ਤੋਂ ਘਬਰਾਉਂਦਾ ਨਹੀਂ, ਪਰ ਨਾਲ਼ ਹੀ ਫ਼ਰਾਖ਼ਦਿਲ ਆਲਮ ਹੋਣ ਦੇ ਨਾਤੇ ਸੋਚ ਦੇ ਮੱਤਭੇਦਾਂ ਨੂੰ ਕੋਈ ਬੁਰੀ ਗੱਲ ਨਹੀਂ ਸਮਝਦਾ।
੫: ਸੁਖੁ ਹੋਵੈ ਸੇਵ ਕਮਾਣੀਆ (ਮ: ੧, ੨੫)
ਪਦਮ ਨੇ ਸਿੱਖ ਆਲਮੀਅਤ ਦੀ ਸੇਵਾ ਤਨ, ਮਨ ਤੇ ਧਨ ਨਾਲ਼ ਕੀਤੀ। ਉਹ ਨਿਰਾਲਾ ਹੀ ਆਲਮ ਸੀ, ਜਿਹਨੇ ਕਿਤਾਬਾਂ ਲਿਖੀਆਂ, ਛਪਵਾਈਆਂ, ਤੇ ਆਪ ਹੀ ਇਨ੍ਹਾਂ ਮੁੱਦਿਆਂ ਦੇ ਦੀਦਾਵਰਾਂ ਨੂੰ ਤੋਹਫ਼ੇ ਦੇ ਤੌਰ ’ਤੇ ਦਿੱਤੀਆਂ। ਇਸ ਭਾਈਚਾਰਿਕ ਸੇਵਾ ਦਾ ਕਿੱਸਾ ਇੱਥੇ ਹੀ ਖ਼ਤਮ ਨਹੀਂ ਹੁੰਦਾ, ਪਦਮ ਆਪਣੀ ਮਿਹਨਤ ਦੀ ਕਮਾਈ ਵਿਚੋਂ ਦਸਵੰਧ ਕੱਢ ਕੇ ਹਰ ਸਾਲ ਨਵੇਂ ਲਿਖਾਰੀਆਂ ਦੀ ਹੌਂਸਲਾ-ਅਫ਼ਜ਼ਾਈ ਲਈ ਪਹਿਲਾਂ ਸਟੱਡੀ ਸਰਕਲ ਲੁਧਿਆਣਾ, ਤੇ ਫਿਰ ਕਲਗ਼ੀਧਰ ਕਲਮ ਫ਼ਾਊਂਡੇਸ਼ਨ ਪਟਿਆਲਾ ਦੇ ਤਹਿਤ ਇਨਾਮ ਦੇਂਦਾ ਤੇ ਨਾਲ਼ ਹੀ ਅਪਣੇ ਅਜ਼ੀਜ਼ਾਂ ਲਈ ‘ਦੀਜੈ ਬੁਧਿ ਬਬਿੇਕ’ ਦੀ ਅਰਦਾਸ ਕਰਦਾ।
ਹਰਿੰਦਰ ਭੈਣ, ਪਦਮ ਜੀ ਦੀ ਧੀ, ਤੇ ਸਿੰਘ ਬ੍ਰਦਰਜ਼ ਦੇ ਗੁਰਸਾਗਰ ਜੀ ਨੇ ਮਿਹਨਤ ਕਰਕੇ ਪਦਮ ਦੀਆਂ ਕਿਤਾਬਾਂ ਨੂੰ ਨਵੇਂ ਰੂਪ ਵਿਚ ਛਾਪਿਆ ਹੈ ਤੇ ਹਰ ਪੰਜਾਬੀ ਤੇ ਸਿੱਖ ਨੂੰ ਉਨ੍ਹਾਂ ਦਾ ਮਸ਼ਕੂਰ ਹੋਣਾ ਬਣਦਾ ਹੈ। ਪਿਛਲੇ ਸਾਲਾਂ ਵਿਚ ਹੋਰ ਆਲਮਾਂ ਨੇ ਪਦਮ ਦੇ ਵਿਰਸੇ ਤੇ ਵਿਰਾਸਤ ਦਾ ਖ਼ੂਬਸੂਰਤ ਮੁਤਾਲਿਆ ਪੰਜਾਬੀ ਦੁਨੀਆ ਦੇ ਵਿਸ਼ੇਸ਼ ਅੰਕ ਤੇ ਸਿਮਰਤੀ ਗ੍ਰੰਥ ਦੀ ਸ਼ਕਲ ਵਿਚ ਪਾਠਕਾਂ ਨੂੰ ਦਿੱਤੇ ਹਨ, ਤੇ ਮੈਂ ਵੀ ਅਪਣੇ ਗੁਰਮੁੱਖ ਸੱਜਣ ਦੇ ਲੇਖਾਂ ਦੀ ਗੋਂਦ ਇਸ ਸਾਲ ਦੇ ਅਖ਼ੀਰ ਤਕ ਪੰਥ ਦੀ ਨਜ਼ਰੇ-ਇਨਾਇਤ ਕਰਾਂਗਾ।
ਆਖ਼ਿਰ ਵਿਚ ਪਦਮ ਜਿਸ ਤਾਰਿਕਾ ਮੰਡਲ ਦਾ ਧਰੂ ਤਾਰਾ ਹੋ ਨਬਿੜਿਆ, ਉਸ ’ਤੇ ਵੀ ਨਜ਼ਰ ਮਾਰਨੀ ਨਾਵਾਜਬਿ ਨਹੀਂ। ੧੯੨੦ ਦੇ ਦਹਾਕੇ ਵਿਚ ਪੁਰਜ਼ੋਰ ਚਲਦੀਆਂ ਅੰਮ੍ਰਿਤਸਰ ਤੇ ਤਰਨ ਤਾਰਨ ਦੀਆਂ ਟਕਸਾਲਾਂ ਤਕਰੀਬਨ ਗ਼ਾਇਬ ਹੋ ਗਈਆਂ ਹਨ ਤੇ ਸਿੱਖ ਆਲਮੀਅਤ ਹੁਣ ਮਿਸ਼ਨਰੀ ਅਦਾਰਿਆਂ, ਕਾਲਜਾਂ, ਤੇ ਯਨੀਵਰਸਿਟੀਆਂ ਵਿਚ ਦਾਖ਼ਿਲ ਹੋ ਗਈ ਹੈ। ਸੋਚਣ ਵਾਲ਼ੀ ਗੱਲ ਹੈ ਕਿ ਇਸ ਰੁਜਹਾਨ ਦਾ ਨਤੀਜਾ ਕੀ ਨਿਕਲ਼ੇਗਾ?
ਪਦਮ ਦੀ ਮੈਨੂੰ 11 ਜੂਨ 2000 ਦੀ ਲਿਖੀ ਆਖ਼ਿਰੀ ਚਿੱਠੀ ਵਿਚ ਇਕਬਾਲ ਦੇ ਲਫ਼ਜ਼ ਦਰਜ ਸਨ। ਤੁਸੀਂ ਵੀ ਪੜ੍ਹੋ:
ਮਸ਼ਰਕ ਮੇਂ ਅਸੂਲ ‘ਦੀਨ’ ਬਨ ਜਾਤੇ ਹੈ, ਮਗ਼ਰਬ ਮੇ ਮਗ਼ਰ ਯਹ ‘ਮਸ਼ੀਨ’ ਬਨ ਜਾਤੇ ਹੈ।
ਇਕਬਾਲ ਜੀ ਦੇ ਦਰਸ਼ਨ ਤੇ ਨਹੀਂ ਹੋਏ, ਪਰ ੪੫ ਸਾਲਾਂ ਤੋਂ ਮਗ਼ਰਬ ਵਿਚ ਫ਼ਸੀ ਇਸ ਮਸ਼ੀਨ ਦੀਆਂ ਗਰਾਰੀਆਂ ਨੂੰ ਚਲਾਉਣ ਲਈ ਵੀਹਵੀ ਸਦੀ ਦੇ ਟਕਸਾਲ਼ੀ ਆਲਮ (ਮਾਲਵੇ ਦੇ ਪਦਮ) ਤੇ ‘ਬਿਰਹਾ’ ਦੇ ਮਾਰੇ ਮਾਝੇ/ਰਿਆੜਕੀ ਦੇ ਆਸ਼ਕ (ਸ਼ਿਵ) ਦੀਆਂ ਯਾਦਾਂ ਮੱਦਦਗ਼ਾਰ ਸਨ। ਹਰਿੰਦਰ ਭੈਣ ਤੇ ਪੂਜਾ ਤੇ ਵਿੱਕੀ (ਸ਼ਿਵ ਦੇ ਬੱਚੇ) ਵੀ ਮੇਰੇ ਕੋਲ਼ ਇੱਥੇ ਸ਼ੁਮਾਲੀ ਅਮਰੀਕਾ ਵਿਚ ਹੀ ਹਨ। ਪੰਜਾਬ ਦਿਉ ਵਾਰਸੋ, ਸਾਰਿਆਂ ਨੂੰ ਕਿਤੇ ਬਾਹਰ ‘ਮਸ਼ੀਨਾਂ’ ਬਨਣ ਲਈ ਹੀ ਨਾ ਭੇਜ ਦਿਓ, ਤੇ ਰੱਬ ਤੁਹਾਡਾ ਭਲਾ ਕਰੇ ਕਿਤੇ ਉੱਥੇ ਹੀ ‘ਦੀਨ’ ਨੂੰ ‘ਮਸ਼ੀਨ’ ਵਿਚ ਨਾ ਬਦਲ ਲਿਓ!!
ਲੇਖਕ ਸਿੱਖ ਇਤਿਹਾਸਕਾਰ ਗੁਰਿੰਦਰ ਸਿੰਘ ਮਾਨ ਨੇ ਬੇਰਿੰਗ ਕਾਲਜ ਬਟਾਲ਼ਿਓਂ ਤੋਂ ਪੜ੍ਹਾਈ ਕਰਨ ਬਾਅਦ ਹਾਰਵਰਡ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ ਤੇ ਯੂਨੀਵਰਸਿਟੀ ਆੱਵ ਕੈਲਿਫ਼ੋਰਨੀਆ, ਸੈਂਟਾ ਬਾਰਬਰਾ ਵਿਚ ਮਜ਼ਹਬ ਦੀ ਪੜ੍ਹਾਈ ਕੀਤੀ ਤੇ ਕਰਾਈ। ਸੰਨ ੨੦੧੬ ਤੋਂ ਇਹ ਗਲੋਬਲ ਇੰਸਟੀਚਿਊਟ ਫ਼ੌਰ ਸਿੱਖ ਸਟੱਡੀਜ਼ ਦੀ ਦੇਖ-ਰੇਖ ਵਿਚ ਰੁੱਝੇ ਹਨ।
ਸੰਪਰਕ: gsm@giss.org