ਬਾਬਾ ਫੌਜਾ ਸਿੰਘ ਨੂੰ ਯਾਦ ਕਰਦਿਆਂ
ਬਾਬਾ ਫੌਜਾ ਸਿੰਘ ਨੂੰ ਗੁਜ਼ਰਿਆਂ ਇੱਕ ਸਾਲ ਹੋ ਗਿਆ ਹੈ। ਉਸ ਦੇ ਸਸਕਾਰ ਸਮੇਂ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਨੇ ਬਿਆਸ ਪਿੰਡ ਪੁੱਜ ਕੇ ਸ਼ਰਧਾਂਜਲੀਆਂ ਦਿੱਤੀਆਂ ਸਨ। ਪ੍ਰਧਾਨ ਮੰਤਰੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਪੰਜਾਬ ਪੁਲੀਸ ਨੇ...
ਬਾਬਾ ਫੌਜਾ ਸਿੰਘ ਨੂੰ ਗੁਜ਼ਰਿਆਂ ਇੱਕ ਸਾਲ ਹੋ ਗਿਆ ਹੈ। ਉਸ ਦੇ ਸਸਕਾਰ ਸਮੇਂ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਨੇ ਬਿਆਸ ਪਿੰਡ ਪੁੱਜ ਕੇ ਸ਼ਰਧਾਂਜਲੀਆਂ ਦਿੱਤੀਆਂ ਸਨ। ਪ੍ਰਧਾਨ ਮੰਤਰੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਪੰਜਾਬ ਪੁਲੀਸ ਨੇ ਉਸ ਗੱਡੀ ਦਾ ਡਰਾਈਵਰ ਲੱਭ ਲਿਆ ਸੀ, ਜਿਸ ਨਾਲ ਹੋਏ ਹਾਦਸੇ ’ਚ ਬਾਬੇ ਦੀ ਜਾਨ ਚਲੀ ਗਈ। ਹਾਦਸੇ ਦਾ ਕਾਰਨ ਦੂਹਰੀ ਸੜਕ ਪਾਰ ਕਰਨ ਲਈ ਯੋਗ ਪ੍ਰਬੰਧ ਦਾ ਨਾ ਹੋਣਾ ਸੀ। ਫੌਜਾ ਸਿੰਘ ਆਪਣੇ ਖੇਤ ’ਚ ਪੁੱਤਰ ਦੀ ਯਾਦ ਵਿੱਚ ਬਣੇ ਕੁਲਦੀਪ ਵੈਸ਼ਨੂੰ ਢਾਬੇ ਵੱਲ ਜਾਣ ਲਈ ਹੋਰ ਕਿੱਥੋਂ ਦੀ ਲੰਘਦਾ? ਪਿੰਡਾਂ ਲਾਗੋਂ ਲੰਘਦੀ ਮੁੱਖ ਸੜਕ ਨੂੰ ਪਾਰ ਕਰਨ ਦਾ ਅਜੇ ਵੀ ਕੋਈ ਯੋਗ ਉਪਾਅ ਨਹੀਂ ਕੀਤਾ ਗਿਆ।
ਬਾਬਾ ਫੌਜਾ ਸਿੰਘ ਦੀ ਜੀਵਨ ਗਾਥਾ ਜੱਗੋਂ ਨਿਆਰੀ ਰਹੀ। ਬਿਰਧ ਅਵਸਥਾ ਨੂੰ ਪੁੱਜਾ ਉਹ ਆਪਣੀ ਧੀ, ਪਤਨੀ ਤੇ ਜੁਆਨ ਪੁੱਤ ਦੀਆਂ ਹੋਈਆਂ ਮੌਤਾਂ ਕਾਰਨ ਕਹਿਣ ਲੱਗ ਪਿਆ ਸੀ ਕਿ ਹੁਣ ਜਿਉਂ ਕੇ ਕੀ ਲੈਣਾ? ਉਹ ਸ਼ੁਦਾਈ ਹੋਇਆ ਸਿਵਿਆਂ ’ਚ ਬੈਠਾ ਰਹਿੰਦਾ। ਉਸ ਨੇ ਉਪਰਾਮਤਾ ਤੇ ਨਿਰਾਸ਼ਾ ’ਚ ਮਰ ਜਾਣਾ ਸੀ ਜੇ ਵਲੈਤੀਏ ਪੁੱਤਰ ਤੇ ਰਿਸ਼ਤਦਾਰਾਂ ਦੇ ਆਖੇ ਇੰਗਲੈਂਡ ਨਾ ਜਾਂਦਾ ਤੇ ਚੈਰਿਟੀ ਦੌੜਾਂ ’ਚ ਭਾਗ ਨਾ ਲੈਣ ਲੱਗਦਾ।
ਭਲਾ ਹੋਵੇ, ਦੌੜਾਂ ਦੇ ਕੋਚ ਹਰਮੰਦਰ ਸਿੰਘ ਦਾ, ਜਿਸ ਨੇ ਇਲਫੋਰਡ ਦੇ ਪਾਰਕ ਵਿੱਚ ਸਿਰ ਸੁੱਟੀ ਬੈਠੇ ਬਾਬੇ ਨੂੰ ਵੈਟਰਨ ਦੌੜਾਕ ਬਣਨ ਲਈ ਪ੍ਰੇਰ ਲਿਆ। ਉਸ ਨੇ ਬਾਬਾ ਫੌਜਾ ਸਿੰਘ ਨੂੰ ਧਰਵਾਸ ਦਿੰਦਿਆਂ ਕਿਹਾ, ‘‘ਮੇਰਾ ਬਾਪ ਵੀ ਕੁਝ ਦਿਨ ਪਹਿਲਾਂ ਹੀ ਪੂਰਾ ਹੋਇਐ। ਮਰ ਗਿਆਂ ਨਾਲ ਮਰ ਥੋੜ੍ਹੇ ਜਾਈਦੈ? ਮੈਨੂੰ ਦੇਖ ਮੈਂ ਫੇਰ ਵੀ ਦੌੜ ਰਿਹਾਂ।’’ ਖ਼ੁਦ ਦੌੜਾਕ ਰਿਹਾ ਕੋਚ ਉਹਦੇ ਲਈ ਮਸੀਹਾ ਬਣ ਕੇ ਬਹੁੜਿਆ। ਉਹਦੀ ਅਗਵਾਈ ਤੇ ਸਿਖਲਾਈ ਸਦਕਾ ਫੌਜਾ ਸਿੰਘ ਨਿਰਾਸ਼ਾ ’ਚੋਂ ਨਿਕਲ ਕੇ ਆਸ ਉਮੀਦ ਨਾਲ ਉੱਠ ਖੜ੍ਹਾ ਹੋਇਆ। ਪਹਿਲਾਂ ਹੌਲੀ ਤੇ ਫੇਰ ਤੇਜ਼ ਦੌੜਨ ਲੱਗ ਪਿਆ। ਕੁਦਰਤ ਦੀ ਬਖਸ਼ਿਸ਼ ਵੇਖੋ ਕਿ ਮੈਰਾਥਨ ਦੌੜਾਕ ਬਣਨ ਨਾਲ ਹੀ ਉਹ 114 ਸਾਲ 3 ਮਹੀਨੇ 13 ਦਿਨਾਂ ਦਾ ਸਫ਼ਲ ਜੀਵਨ ਜੀਵਿਆ। ਹਾਦਸਾ ਨਾ ਹੁੰਦਾ ਤਾਂ ਪਤਾ ਨਹੀਂ ਹੋਰ ਕਿੰਨਾ ਚਿਰ ਜਿਊਂਦਾ।
ਪਹਿਲਾਂ ਪਹਿਲ ਉਹ ਵੈਟਰਨ ਦੌੜਾਕ ਵਜੋਂ ਚੈਰਿਟੀ ਦੌੜਾਂ ਲਾਉਣ ਲੱਗਾ, ਜਿਸ ਨਾਲ ਯਤੀਮ ਬੱਚਿਆਂ ਦੀ ਮਦਦ ਹੁੰਦੀ। ਸਾਲ 2000 ’ਚ ਲੰਡਨ ਦੀ ਮੈਰਾਥਨ ਲਾਉਣ ਵੇਲੇ ਉਹਦੇ ਪੱਗ ਦਾੜ੍ਹੀ ਵਾਲੇ ਨਿਆਰੇ ਸਰੂਪ ਨੇ ਮੀਡੀਆ ਦਾ ਧਿਆਨ ਖਿੱਚਿਆ। ਇੰਜ ਉਹ ਮੈਰਾਥਨ ਦਾ ‘ਸਟਾਰ’ ਵੈਟਰਨ ਦੌੜਾਕ ਬਣ ਗਿਆ। 2001, 2002 ਤੇ 2003 ਵਿੱਚ ਵੀ ਉਸ ਨੇ ਲੰਡਨ ਦੀਆਂ ਮੈਰਾਥਨ ਦੌੜਾਂ ਲਾਈਆਂ ਤੇ ਟਾਈਮ ਵਿੱਚ ਸੁਧਾਰ ਕਰਦਾ ਗਿਆ। 92 ਸਾਲ ਦੀ ਉਮਰੇ ਉਸ ਨੇ ਟੋਰਾਂਟੋ ਦੀ ਵਾਟਰਫਰੰਟ ਮੈਰਾਥਨ-2003 ਦੌਰਾਨ 5 ਘੰਟੇ 40 ਮਿੰਟ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ। ਸਾਲ 2004 ’ਚ ਐਡੀਡਾਸ ਕੰਪਨੀ ਨੇ ਉਸ ਨੂੰ ਮੁੱਕੇਬਾਜ਼ ਮੁਹੰਮਦ ਅਲੀ ਤੇ ਫੁੱਟਬਾਲ ਖਿਡਾਰੀ ਡੇਵਿਡ ਬੈਕਹਮ ਵਾਂਗ ਆਪਣਾ ਬਰਾਂਡ ਮਾਡਲ ਬਣਾਇਆ। ਐਡੀਡਾਸ ਦੇ ਬਣਾਏ ਦੌੜਨ ਵਾਲੇ ਇੱਕ ਬੂਟ ਉੱਤੇ ‘ਫੌਜਾ’ ਤੇ ਦੂਜੇ ਉੱਤੇ ‘ਸਿੰਘ’ ਲਿਖਿਆ ਗਿਆ। ਐਡੀਡਾਸ ਮਾਡਲ ਬਣਨ ਨਾਲ ਪਗੜੀ ਤੇ ਦਾੜ੍ਹੀ ਵਾਲੇ ਬਾਬੇ ਦੀ ਹੋਰ ਮਸ਼ਹੂਰੀ ਹੋਣ ਲੱਗੀ। ਉਸ ਨੇ ਏਸ਼ੀਆ, ਯੂਰੋਪ, ਅਮਰੀਕਾ, ਅਫਰੀਕਾ ਤੇ ਆਸਟਰੇਲੀਆ ਮਹਾਦੀਪਾਂ ਦੇ ਕਈ ਮੁਲਕ ਗਾਹੇ।
ਬਰਤਾਨੀਆ ਦੀ ਮਹਾਰਾਣੀ ਐਲਿਜ਼ਬੈੱਥ ਦੋਇਮ ਨੇ ਬਾਬਾ ਫੌਜਾ ਸਿੰਘ ਨੂੰ ਸੌ ਸਾਲਾਂ ਦਾ ਹੋ ਜਾਣ ’ਤੇ ਵਧਾਈ ਪੱਤਰ ਭੇਜਿਆ ਤੇ ਮਹਿਲ ’ਚ ਖਾਣੇ ’ਤੇ ਸੱਦਿਆ। ਬਾਬਾ ਫੌਜਾ ਸਿੰਘ ਨੂੰ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਤੇ ਬਰਾਕ ਓਬਾਮਾ, ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਤੇ ਹੋਰ ਕਈ ਦੇਸ਼ਾਂ ਦੇ ਮੁਖੀਆਂ ਨੂੰ ਮਿਲਣ ਦੇ ਮੌਕੇ ਮਿਲੇ। ਉਹ 2012 ਦੀਆਂ ਓਲੰਪਿਕ ਖੇਡਾਂ ਦੀ ਮਸ਼ਾਲ ਲੈ ਕੇ ਲੰਡਨ ਦੀਆਂ ਸੜਕਾਂ ’ਤੇ ਦੌੜਿਆ ਤਾਂ ਸਿੰਘਾਂ ਦੀਆਂ ਛਬੀਲਾਂ ਤੇ ਲੰਗਰ ਓਲੰਪਿਕ ਖੇਡਾਂ ਦਾ ਅੰਗ ਬਣ ਗਏ। ਉਸ ਨੇ ਸਿੱਖ ਸਰੂਪ ਦੀ ਪਛਾਣ ਕਰੋੜਾਂ ਵਿਦੇਸ਼ੀਆਂ ਨੂੰ ਕਰਾਈ। ਉਹ ਆਪ ਮੰਨਦਾ ਰਿਹਾ ਕਿ ਮੇਰੀ ਪ੍ਰਸਿੱਧੀ ਪੱਗ-ਦਾੜ੍ਹੀ ਨਾਲ ਵਧੇਰੇ ਹੋਈ ਨਹੀਂ ਤਾਂ ਕੀਹਨੇ ਪੁੱਛਣਾ ਸੀ?
ਸਿੱਧੇ-ਸਾਦੇ, ਸੱਚੇ-ਸੁੱਚੇ ਤੇ ਖੁੱਲ੍ਹ-ਦਿਲੇ ਸੁਹਿਰਦ ਇਨਸਾਨ ਦਾ ਜੀਵਨ ਉਤਸ਼ਾਹ ਵਧਾਊ ਵੀ ਹੈ ਤੇ ਆਦਰਸ਼ਕ ਵੀ। ਫੌਜਾ ਸਿੰਘ ਕਹਿੰਦਾ ਹੁੰਦਾ ਸੀ ਕਿ ਉਹ ਕੁਦਰਤ ਦੇ ਰੰਗਾਂ ’ਚ ਰਾਜ਼ੀ ਹੈ। ਉਹ ਸੰਜਮੀ, ਸੰਤੋਖੀ, ਪ੍ਰਹੇਜ਼ਗਾਰ, ਸੁਹਿਰਦ, ਸਿਰੜੀ, ਸਿਦਕੀ ਤੇ ਲੋਭ ਲਾਲਚ ਤੋਂ ਪਰ੍ਹੇ ਸੀ। ਕਹਿੰਦਾ ਹੁੰਦਾ ਸੀ, ‘‘ਕਮਾਉਣ ਨੂੰ ਤਾਂ ਭਾਵੇਂ ਮੈ ਮਿਲੀਅਨ ਪੌਂਡ ਕਮਾ ਲੈਂਦਾ ਪਰ ਕਰਨੇ ਕੀ ਸੀ? ਰੱਬ ਦਾ ਲੋੜ ਜੋਗਾ ਦਿੱਤਾ ਬਹੁਤ ਕੁਝ ਹੈ। ਬਸ ਤੰਦਰੁਸਤੀ ਚਾਹੀਦੀ ਐ। ਜੀਹਦੇ ਕੋਲ ਤੰਦਰੁਸਤੀ ਐ ਉਹਦੇ ਕੋਲ ਦੁਨੀਆ ਦੀਆਂ ਸਾਰੀਆਂ ਦੌਲਤਾਂ ਸਮਝੋ।’’
ਮਾਰਚ 2025 ’ਚ ਆਖ਼ਰੀ ਮੁਲਾਕਾਤ ਸਮੇਂ ਮੈਂ ਬਾਬੇ ਨੂੰ ਪੁੱਛਿਆ ਸੀ, ‘‘ਅੱਜਕੱਲ੍ਹ ਕੀ ਮਹਿਸੂਸ ਕਰਦੇ ਓ?’’ ਬਾਬੇ ਨੇ ਦੋਵੇਂ ਹੱਥ ਉਪਰ ਨੂੰ ਜੋੜਦਿਆਂ ਕਿਹਾ ਸੀ, ‘‘ਰੱਬ ਦਾ ਸ਼ੁਕਰ ਐ। ਕਦੇ ਚਿੱਤ ਚੇਤੇ ਵੀ ਨਾ ਸੀ ਕਿ ਉਹ ਐਨੀਆਂ ਰਹਿਮਤਾਂ ਦੀ ਬਰਖਾ ਕਰੇਗਾ। ਜਦੋਂ ਮੈਂ ਸਦਮੇ ’ਚੋਂ ਗੁਜ਼ਰ ਰਿਹਾ ਸੀ ਤਾਂ ਉਹਨੇ ਮੇਰੇ ਅੰਦਰ ਦੌੜਨ ਦੀ ਚੁਆਤੀ ਲਾਈ ਤੇ ਆਪਣੀ ਬੁੱਕਲ ’ਚ ਸਮੋ ਲਿਆ। ਮੈਨੂੰ ਜੋ ਪੈਸਾ ਧੇਲਾ ਦੌੜਾਂ ’ਚੋਂ ਮਿਲਿਆ, ਉਹ ਚੈਰਟੀ ਦੇ ਲੇਖੇ ਲਾ-’ਤਾ। ਸੋਚਦਾਂ ਉਨ੍ਹਾਂ ਦਾ ਵੀ ਭਲਾ ਕੀਤਾ ਹੋਊ, ਜਿਨ੍ਹਾਂ ਦੀਆਂ ਅਸੀਸਾਂ ਨਾਲ ਦੌੜੀ ਜਾ ਰਿਹਾਂ।’’
ਉਹ ਸੈਂਕੜਿਆਂ ’ਚ ਨਹੀਂ, ‘ਵੀਹਾਂ’ ’ਚ ਹਿਸਾਬ ਕਰਨ ਵਾਲਾ ਬੰਦਾ ਸੀ। ਚੈਰਿਟੀ ਦੌੜਾਂ ਲਾਉਣ ਤੱਕ ਉਸ ਨੂੰ ਮੀਲ ਤੇ ਕਿਲੋਮੀਟਰ ਦਾ ਵੀ ਪਤਾ ਨਹੀਂ ਸੀ। 42 ਕਿਲੋਮੀਟਰ ਦੀ ਮੈਰਾਥਨ ਦੌੜ ’ਚੋਂ ਭਾਵੇਂ ਦਸ ਕਿਲੋਮੀਟਰ ਹੋਰ ਲਾਉਣੀ ਬਾਕੀ ਹੁੰਦੀ, ਉਹਦਾ ਕੋਚ ਹੌਸਲਾ ਵਧਾਉਂਦਾ ਕਹਿੰਦਾ, ‘‘ਬੱਸ ਛੇ ਮੀਲ ਹੀ ਰਹਿਗੇ!’’ ਤੇ ਬਾਬਾ ਥੱਕਿਆ ਹੋਣ ਦੇ ਬਾਵਜੂਦ ਵਾਹਿਗੁਰੂ ਵਾਹਿਗੁਰੂ ਜਪਦਾ ਦੌੜੀ ਜਾਂਦਾ। ਉਹ ਦਸਤਖਤ ਕਰਨੇ ਵੀ ਬੁੱਢੇ ਵਾਰੇ ਸਿੱਖਿਆ, ਜੋ ਬੁਢਾਪਾ ਪੈਨਸ਼ਨ ਲੈਣ ਵੇਲੇ ਕਰਨੇ ਹੁੰਦੇ। ਉਸ ਨੇ ਪਹਿਲੀ ਵਾਰ ਲੰਡਨ ਦੀ ਮੈਰਾਥਨ 89 ਸਾਲ ਦੀ ਉਮਰੇ ਦੌੜੀ ਸੀ ਤੇ ਆਖ਼ਰੀ ਵਾਰ ਹਾਂਗਕਾਂਗ ਦੀ ਦਸ ਕਿਲੋਮੀਟਰ ਦੌੜ 102 ਸਾਲ ਦੀ ਉਮਰੇ ਦੌੜ ਕੇ ‘ਦੌੜਾਂ’ ਤੋਂ ਰਿਟਾਇਰ ਹੋਇਆ ਸੀ।
ਫੌਜਾ ਸਿੰਘ ਕਿਹਾ ਕਰਦਾ ਸੀ ਕਿ ਬੰਦਾ ਠੋਕਰ ਖਾਧੇ ਬਿਨਾਂ ਨਹੀਂ ਸੁਧਰਦਾ। ਉਸ ਨੇ ਖ਼ੁਦ ਠੋਕਰਾਂ ਖਾਧੀਆਂ। ਜ਼ਿਕਰਯੋਗ ਹੈ ਕਿ ਆਪਣੀ ਜ਼ਿੰਦਗੀ ਦੇ ਪਹਿਲੇ ਪੰਜ ਸਾਲ ਉਹ ਪੰਜ ਕਦਮ ਤੁਰਨ ਜੋਗਾ ਵੀ ਨਹੀਂ ਸੀ ਹੋਇਆ, ਪਰ ਬੁੱਢੇ ਵਾਰੇ ਏਨਾ ਦੌੜਿਆ ਕਿ ਕੁੱਲ ਦੁਨੀਆ ’ਚ ‘ਫੌਜਾ-ਫੌਜਾ’ ਕਰਾ ਦਿੱਤੀ। ਫੌਜਾ ਸਿੰਘ ਦੇ ਪਾਸਪੋਰਟ ’ਤੇ ਉਹਦੀ ਜਨਮ ਤਾਰੀਖ਼ 1 ਅਪਰੈਲ 1911 ਲਿਖੀ ਹੋਈ ਸੀ। ਉਸੇ ਜਨਮ ਤਾਰੀਖ਼ ਨਾਲ ਉਸ ਨੇ 2000 ’ਚ ਪਹਿਲੀ ਵਾਰ ਲੰਡਨ ਦੀ ਮੈਰਾਥਨ ਦੌੜੀ, ਜਿਸ ਵਿੱਚ 33 ਹਜ਼ਾਰ ਦੌੜਾਕ ਸ਼ਾਮਿਲ ਸਨ। ਉਸ ਪਿੱਛੋਂ ਉਹ 102 ਸਾਲ ਦੀ ਉਮਰ ਤੱਕ ਆਖ਼ਰ 2013 ’ਚ ਹਾਂਗਕਾਂਗ ਦੀ ਹਾਫ ਮੈਰਾਥਨ ਦੌੜ ਕੇ ਦੌੜਾਂ ਦੌੜਨ ਤੋਂ ਰਿਟਾਇਰ ਹੋਇਆ। ਰਿਟਾਇਰ ਹੋਣ ਪਿੱਛੋਂ ਉਹ 14 ਜੁਲਾਈ 2025 ਤਕ ਕਸਰਤਾਂ ਕਰਦਾ ਤੁਰਦਾ ਫਿਰਦਾ ਰਿਹਾ ਤੇ ਤੁਰਿਆ ਫਿਰਦਾ ਹੀ ਕਾਰ ਦੀ ਫੇਟ ਵੱਜਣ ਨਾਲ ਅਕਾਲ ਚਲਾਣਾ ਕਰ ਗਿਆ।
ਬਾਬਾ ਫੌਜਾ ਸਿੰਘ ਦੀ ਜੀਵਨ ਕਹਾਣੀ ਦਾ ਸਾਰ ਇਹੋ ਹੈ ਕਿ ਬੰਦੇ ਦੇ ਜੀਵਨ ਪੰਧ ’ਚ ਕਿੰਨੇ ਵੀ ਅੜਿੱਕੇ ਆਏ ਹੋਣ, ਕਿੰਨੇ ਵੀ ਦੁੱਖ ਸਹਿਣੇ ਪਏ ਹੋਣ ਤੇ ਉਹ ਕਿੱਡੀ ਵੀ ਵੱਡੀ ਉਮਰ ਦਾ ਕਿਉਂ ਨਾ ਹੋ ਗਿਆ ਹੋਵੇ, ਜੇਕਰ ਹਿੰਮਤ ਧਾਰ ਲਵੇ ਤਾਂ ਕੁਝ ਵੀ ਕਰ ਸਕਦਾ ਹੈ। ਬਾਬਾ ਫੌਜਾ ਸਿੰਘ ਦੀ ਜੀਵਨ-ਦੌੜ ਆਉਂਦੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣੀ ਰਹੇਗੀ।
ਈ-ਮੇਲ: principalsarwansingh@gmail.com

