ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੇਡ ਸਾਹਿਤ ਦੀ ਪ੍ਰਸੰਗਿਕਤਾ

ਜ਼ਿੰਦਗੀ ਦੇ ਦੁੱਖਾਂ ਸੁੱਖਾਂ, ਅਨਿਆਂ, ਘਾਟਾਂ, ਊਣਤਾਈਆਂ ਨੂੰ ਸਾਹਿਤ ਜ਼ੁਬਾਨ ਦਿੰਦਾ ਹੈ। ਸਾਹਿਤ ਦੀ ਭਾਸ਼ਾ ਚਾਹੇ ਕੋਈ ਵੀ ਹੋਵੇ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਮਨ ਨਾਲ ਜੁੜੀਆਂ ਇਹ ਅਵਸਥਾਵਾਂ ਪਾਠਕਾਂ ਤੱਕ ਇਸ ਤਰ੍ਹਾਂ ਪਹੁੰਚਣ ਕਿ ਉਨ੍ਹਾਂ ਨੂੰ...
Advertisement

ਜ਼ਿੰਦਗੀ ਦੇ ਦੁੱਖਾਂ ਸੁੱਖਾਂ, ਅਨਿਆਂ, ਘਾਟਾਂ, ਊਣਤਾਈਆਂ ਨੂੰ ਸਾਹਿਤ ਜ਼ੁਬਾਨ ਦਿੰਦਾ ਹੈ। ਸਾਹਿਤ ਦੀ ਭਾਸ਼ਾ ਚਾਹੇ ਕੋਈ ਵੀ ਹੋਵੇ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਮਨ ਨਾਲ ਜੁੜੀਆਂ ਇਹ ਅਵਸਥਾਵਾਂ ਪਾਠਕਾਂ ਤੱਕ ਇਸ ਤਰ੍ਹਾਂ ਪਹੁੰਚਣ ਕਿ ਉਨ੍ਹਾਂ ਨੂੰ ਇਸ ਦਾ ਤੀਬਰਤਾ ਨਾਲ ਅਹਿਸਾਸ ਹੋਵੇ।

ਖੇਡ ਸਾਹਿਤ ਕਈ ਢੰਗਾਂ ਨਾਲ ਪਾਠਕਾਂ ਅਤੇ ਖਿਡਾਰੀਆਂ ’ਤੇ ਅਸਰ ਪਾ ਸਕਦਾ ਹੈ। ਖੇਡ ਜੀਵਨੀਆਂ ਨਾਲ ਸਾਧਾਰਨ ਪਾਠਕ ਖਿਡਾਰੀ ਦੇ ਸੰਘਰਸ਼ ਅਤੇ ਮਿਹਨਤ ਬਾਬਤ ਸਿੱਖ ਸਕਦਾ ਹੈ, ਬਸ਼ਰਤੇ ਉਸ ਵਿੱਚ ਥੋੜ੍ਹਾ ਕਥਾ-ਰਸ ਤੇ ਰੌਚਕ ਸ਼ੈਲੀ ਹੋਵੇ। ਇੱਕ ਖੇਡ ਪਾਠਕ ‘ਜੀਵਨੀ’ ਤੋਂ ਉਸ ਜੀਵਨੀ-ਨਾਇਕ ਦੇ ਬਾਰੀਕ ਖੇਡ ਅਨੁਸ਼ਾਸਨ, ਜੀਵਨ ਆਚਰਣ, ਮਿਹਨਤ ਤੇ ਹੋਰ ਖਾਣ-ਪੀਣ ਨਾਲ ਸਬੰਧਿਤ ਜਾਣਕਾਰੀ ਹਾਸਲ ਕਰ ਸਕਦਾ ਹੈ, ਜਿਸ ਕਾਰਨ ਉਹ ਵੱਡਾ ਖਿਡਾਰੀ ਬਣਿਆ ਤੇ ਉਸ ਦੀ ਜੀਵਨੀ ਲਿਖੀ ਗਈ।

Advertisement

ਅਖ਼ਬਾਰਾਂ, ਰਸਾਲਿਆਂ ਵਿੱਚ ਜ਼ਿੰਦਗੀ ਦੇ ਹੋਰ ਖੇਤਰਾਂ ਬਾਰੇ ਲੇਖ ਛਪਦੇ ਰਹਿੰਦੇ ਹਨ। ਕਈ ਲੇਖ ਉਨ੍ਹਾਂ ਖਿਡਾਰੀਆਂ ਬਾਰੇ ਸੰਖੇਪ ਲੇਖ ਹੁੰਦੇ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਵਿਸ਼ੇਸ਼ ਮੁਕਾਮ ਬਣਾ ਲਿਆ। ਇਸ ਤੋਂ ਖਿਡਾਰੀ/ਪਾਠਕ ਕਿਸੇ ਵੱਡੇ ਖਿਡਾਰੀ ਦੇ ਸੰਖੇਪ ਜੀਵਨ, ਖੇਡ ਜੀਵਨ ਬਾਰੇ ਜਾਣ ਕੇ ਉਤਸ਼ਾਹਿਤ ਹੋ ਸਕਦੇ ਹਨ। ਇਸ ਨਾਲ ਖਿਡਾਰੀ- ਪਾਠਕ ਜਿਹੜੇ ਜ਼ਿਆਦਾ ਪੜ੍ਹਨ ਦੇ ਅਭਿਆਸੀ ਨਹੀਂ ਹੁੰਦੇ, ਲਾਭ ਉਠਾ ਸਕਦੇ ਹਨ। ਇਸ ਦਾ ਇੱਕ ਲਾਭ ਇਹ ਵੀ ਹੁੰਦਾ ਹੈ ਕਿ ਕੁਝ ਲੋਕ ਇਸ ਤਰ੍ਹਾਂ ਦੇ ਲੇਖ ਪੜ੍ਹ ਕੇ ਆਪਣੇ ਬੱਚੇ ਜਾਂ ਵਿਦਿਆਰਥੀ ਨੂੰ ਖੇਡਾਂ ਪ੍ਰਤੀ ਜਾਗਰੂਕ ਜਾਂ ਉਤਸ਼ਾਹਿਤ ਕਰ ਸਕਦੇ ਹਨ।

ਦੂਜੀ ਕਿਸਮ ਦੇ ਲੇਖ ਉਹ ਹੋ ਸਕਦੇ ਜਾਂ ਹੁੰਦੇ ਹਨ, ਜਿਹੜੇ ਕਿਸੇ ਉੱਭਰ ਰਹੇ ਖਿਡਾਰੀ ਬਾਰੇ ਹੁੰਦੇ ਹਨ। ਇਸ ਨਾਲ ਜਿਸ ਬਾਰੇ ਲਿਖਿਆ ਹੁੰਦਾ ਹੈ ਉਹ ਵੀ ਉਤਸ਼ਾਹਿਤ ਹੋਵੇਗਾ ਤੇ ਅਗਾਂਹ ਹੋਰ ਮਿਹਨਤ ਕਰੇਗਾ। ਦੂਜਾ ਉਸ ਉਮਰ ਦੇ ਹੋਰ ਖਿਡਾਰੀ ਹੋਰ ਜ਼ਿਆਦਾ ਮਿਹਨਤ ਜਾਂ ਖੇਡ ਪ੍ਰਤੀ ਜਾਗਰੂਕ ਹੋਣਗੇ।

ਬਚਪਨ ਵਿੱਚ ਸਾਡੇ ਕਮਰਿਆਂ ਵਿੱਚ ਖਿਡਾਰੀਆਂ ਦੇ ਪੋਸਟਰ ਲੱੱਗੇ ਹੁੰਦੇ ਸਨ। ਇਹ ਤਸਵੀਰਾਂ ਖਿਡਾਰੀਆਂ ਦੇ ਸਾਧਾਰਨ ਚਿਹਰਿਆਂ ਦੀਆਂ ਜ਼ਿਆਦਾ ਹੁੰਦੀਆਂ ਸਨ। ਤਸਵੀਰਾਂ ਦੁਆਰਾ ਵੀ ਵਧੀਆ ਖੇਡ ਸਾਹਿਤ ਸਿਰਜਣ ਵੱਲ ਵਧਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ’ਤੇ ਤੁਸੀਂ ਖਿਡਾਰੀਆਂ ਦਾ ਖੇਡ ਖੇਡਦਿਆਂ ਦਾ ਪੋਸਟਰ ਲਗਾ ਸਕਦੇ ਹੋ, ਜਿਵੇਂ ਹਾਕੀ ਨਾਲ ਗੋਲ ਹੋ ਰਿਹਾ ਹੈ ਤੇ ਤਸਵੀਰ ਦੀ ਥੋੜ੍ਹੀ ਜਿਹੀ ਥਾਂ ’ਤੇ ਦਰਸ਼ਕ ਤਾੜੀਆਂ ਵਜਾ ਰਹੇ ਹਨ। ਇਸ ਤਰ੍ਹਾਂ ਖੇਡ ਦੇ ਹੋਰ ਕਲਾਤਮਕ ਰੂਪ ਦਿਖਾਏ ਜਾ ਸਕਦੇ ਹਨ। ਦ੍ਰਿਸ਼ਾਤਮਕ ਸ਼ੈਲੀ ਹਮੇਸ਼ਾ ਉਪਯੋਗੀ ਹੁੰਦੀ ਹੈ।

ਖੇਡ ਸਾਹਿਤ ਨੂੰ ਅਸੀਂ ਸਿਰਫ਼ ਕਿਤਾਬ, ਕਾਪੀ ਜਾਂ ਰਸਾਲੇ ਦੀ ਲਿਖਤ ਤੱਕ ਹੀ ਸੀਮਤ ਨਹੀਂ ਕਰ ਸਕਦੇ। ਇਸ ਨੂੰ ਆਮ ਲੋਕਾਂ ਜਾਂ ਲੇਖਕਾਂ ਵੱਲੋਂ ਘੱਟ ਤੇ ਸਰਕਾਰਾਂ ਵੱਲੋਂ ਵੱਧ ਉਤਸ਼ਾਹਿਤ ਕਰਨ ਦੀ ਲੋੜ ਹੈ। ਸਕੂਲਾਂ ਕਾਲਜਾਂ ਜਾਂ ਪੁਲਾਂ ਦੇ ਥੱਲੇ ਜਾਂ ਪਿੱਲਰਾਂ ਦੀਆਂ ਖ਼ਾਲੀ ਥਾਵਾਂ ਨੂੰ ਇਸ ਲਈ ਵਰਤਿਆ ਜਾ ਸਕਦਾ ਹੈ। ਉੱਥੇ ਖੇਡਾਂ ਸਬੰਧੀ ਤੁਕਾਂ ਲੈਅ ਵਿੱਚ ਲਿਖੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਹੀ ਪੜ੍ਹਨ ਵਾਲੇ ਛੇਤੀ ਪ੍ਰਭਾਵਿਤ ਹੋ ਸਕਦੇ ਹਨ। ਉਦਾਹਰਨ ਵਜੋਂ ਇੱਕ ਪੱਖ ਬਾਰੇ ਲਿਖਿਆ ਜਾ ਸਕਦਾ ਹੈ: ‘ਰੱਖੀਏ ਸਿਹਤ ਦਾ ਖ਼ਿਆਲ, ਖੇਡੀਏ ਹਾਕੀ, ਫੁੱਟਬਾਲ।’ ਇਸ ਤਰ੍ਹਾਂ ਬੱਚੇ ਤੇ ਨੌਜਵਾਨ ਹੀ ਨਹੀਂ ਸਗੋਂ ਵਡੇਰੀ ਉਮਰ ਦੇ ਲੋਕ ਵੀ ਉਤਸ਼ਾਹਿਤ ਹੋਣਗੇ, ਜਿਸ ਸਦਕਾ ਇੱਕ ਤੰਦਰੁਸਤ ਦੇਸ਼ ਦਾ ਨਿਰਮਾਣ ਹੋ ਸਕੇਗਾ।

ਛਾਪਾਖਾਨਾ ਆਉਣ ਤੋਂ ਪਹਿਲਾਂ ਕਿੱਸੇ ਕਹਾਣੀਆਂ ਮੌਖਿਕ ਹੀ ਸਨ। ਅਸੀਂ ਜ਼ੁਬਾਨੀ ਸੁਣ ਕੇ ਅਗਾਂਹ ਤੋਰਦੇ ਰਹਿੰਦੇ ਸਾਂ। ਸਾਡੇ ਨਾਇਕ, ਖਲਨਾਇਕ ਬਣਦੇ ਵਿਸਰਦੇ ਰਹੇ ਸਨ। ਧਿਆਨ ਨਾਲ ਦੇਖੀਏ ਤਾਂ ਮੌਖਿਕ ਸਾਹਿਤ ਦਾ ਅਜੇ ਵੀ ਮਹੱਤਵਪੂਰਨ ਸਥਾਨ ਹੈ। ‘ਲਾਲੀ ਬਾਬਾ’ ਪਟਿਆਲੇ ਦੇ ਭੂਤਵਾੜੇ ਦਾ ਅਹਿਮ ਹਸਤਾਖ਼ਰ ਰਿਹਾ ਹੈ। ਅਸੀਂ ਉਸ ਦੇ ਬਚਨ-ਵਿਲਾਸ ਉਸ ਦੇ ਮੌਖਿਕ ਪ੍ਰਵਚਨ ਕਾਰਨ ਹੀ ਚੇਤੇ ਵਿੱਚ ਵਸਾਏ ਹੋਏ ਹਨ। ਉਸ ਦੀ ਇੱਕ ਵੀ ਲਿਖਤ ਕਿਤੇ ਲਿਖੀ ਨਹੀਂ ਮਿਲਦੀ ਤੇ ਬਾਅਦ ਵਿੱਚ ਉਸ ਬਾਰੇ ਕਿਤਾਬ ਲਿਖੀ ਗਈ।

ਇਸ ਤਰ੍ਹਾਂ ਧਿਆਨ ਨਾਲ ਦੇਖੀਏ ਤਾਂ ਮੌਖਿਕ ਖੇਡ ਸਾਹਿਤ ਜੇਕਰ ਚੰਗੇਰਾ, ਡੂੰਘਾ ਅਤੇ ਕਲਾਤਮਕ ਹੈ ਤਾਂ ਸਾਹਿਤ ਦੀ ਵੰਨਗੀ ਵਿੱਚ ਸ਼ਾਮਿਲ ਹੋਵੇਗਾ। ਇਸ ਵਿੱਚ ਕਮੈਂਟਰੀ, ਕੋਚਾਂ ਵੱਲੋਂ ਹੱਲਾਸ਼ੇਰੀ ਅਤੇ ਸਹਾਇਕਾਂ ਵੱਲੋਂ ਪ੍ਰਵਚਨ ਆਦਿ ਆ ਸਕਦੇ ਹਨ।

ਸਭ ਤੋਂ ਪਹਿਲਾਂ ਕਮੈਂਟਰੀ ਦੀ ਗੱਲ ਕਰਦੇ ਹਾਂ। ਜਦੋਂ ਮੈਂ ਛੋਟਾ ਸਾਂ ਤਾਂ ਅਕਸਰ ਰੇਡੀਓ, ਟੈਲੀਵਿਜ਼ਨ ’ਤੇ ਕਮੈਂਟਰੀ ਸੁਣਦਾ ਸਾਂ। ਸਭ ਤੋਂ ਵੱਧ ਮੈਂ ਜਸਦੇਵ ਸਿੰਘ ਤੋਂ ਪ੍ਰਭਾਵਿਤ ਸਾਂ। ਉਸ ਦੀ ਕਮੈਂਟਰੀ ਏਨੀ ਜਾਨਦਾਰ ਹੁੰਦੀ ਸੀ ਕਿ ਮੇਰਾ ਵੀ ਖੇਡਣ ਨੂੰ ਦਿਲ ਕਰ ਆਉਣਾ। ਉਸ ਵਿੱਚ ਸ਼ਬਦਾਂ ਦੀ ਚੋਣ, ਸ਼ੈਲੀ, ਰਵਾਨੀ ਨੇ ਹੀ ਅਸਲ ਵਿੱਚ ਪ੍ਰਭਾਵਿਤ ਕੀਤਾ ਸੀ ਤੇ ਮੁੱਖ ਸਾਹਿਤ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਸੋ ਜੇਕਰ ਖੇਡਣ ਲਈ ਤਦ ਮੇਰੇ ਖ਼ੂਨ ਵਿੱਚ ਉਬਾਲ਼ਾ ਆਇਆ ਸੀ ਤਾਂ ਹੋਰ ਬੱਚਿਆਂ, ਨੌਜਵਾਨਾਂ ਦੇ ਮਨਾਂ ਵਿੱਚ ਵੀ ਇਸ ਤਰ੍ਹਾਂ ਦੀ ਹਲਚਲ ਹੋਈ ਹੋਵੇਗੀ। ਇਸ ਕਰਕੇ ਸੁਣਨ ਵਾਲੇ ਦੇ ਨਾਲ ਖੇਡਣ ਵਾਲੇ ਦੇ ਵੀ ਕੰਨਾਂ ’ਚ ਵੀ ਜੇਕਰ ਉਹ ਆਵਾਜ਼ ਪੈਂਦੀ ਹੋਵੇਗੀ ਤਾਂ ਹੁਲਾਰਾ ਮਿਲਦਾ ਹੋਵੇਗਾ।

ਮੁੱਖਧਾਰਾਈ ਸਾਹਿਤ ਦਾ ਚੰਗੇਰੇ ਜੀਵਨ ਲਈ ਪ੍ਰੇਰਿਤ ਕਰਨਾ ਮਹੱਤਵਪੂਰਨ ਹੁੰਦਾ ਹੈ। ਜੇਕਰ ਕੋਈ ਹੱਲਾਸ਼ੇਰੀ, ਪ੍ਰਵਚਨ ਜਾਂ ਗੱਲ ਚੰਗੀ ਭਾਸ਼ਾ ਵਿੱਚ ਕੀਤੀ ਜਾਵੇ ਤਾਂ ਉਸ ਨੂੰ ਸਾਹਿਤ ਦਾ ਨਾਂ ਦਿੱਤਾ ਜਾ ਸਕਦਾ ਹੈ। ਮੈਂ ਸਾਰੀਆਂ ਅਜਿਹੀਆਂ ਗੱਲਾਂ ਨੂੰ ਸਾਹਿਤ ਕਹਿਣ ਲਈ ਬਜ਼ਿੱਦ ਨਹੀਂ ਹਾਂ। ’ਕੱਲਾ ਬੰਦਾ ਕਿਸੇ ਵੀ ਖੇਤਰ ਵਿੱਚ ਸਲਾਹੁਣਯੋਗ ਉਪਲਬਧੀ ਹਾਸਿਲ ਨਹੀਂ ਕਰ ਸਕਦਾ। ਹਾਕੀ, ਫੁੱਟਬਾਲ ਅਜਿਹੀ ਖੇਡ ਹੈ ਜਿੱਥੇ ਪਾਸਿੰਗ, ਇੱਕ ਦੂਜੇ ਦਾ ਸਥਾਨ ਲੈਣਾ ਮਹੱਤਵਪੂਰਨ ਹੈ। ਸੋ ਇਸ ਤਰ੍ਹਾਂ ਦੀ ਸ਼ੈਲੀ ਵਿੱਚ ਜੋ ‘ਸਾਹਿਤ’ ਹੈ ਉਹ ਖੇਡ ਸਾਹਿਤ ਦੀ ਵੰਨਗੀ ਬਣ ਸਕਦਾ ਹੈ।

ਮੁੱਖਧਾਰਾਈ ਸਾਹਿਤ ਕਵਿਤਾ, ਕਹਾਣੀ, ਨਾਵਲ ਵਿੱਚ ਖੇਡ ਜਾਂ ਖੇਡਾਂ ਦਾ ਜ਼ਿਕਰ ਹੋਣਾ ਜਾਂ ਮੁੱਖ ਰੂਪ ਵਿੱਚ ਆਉਣਾ ਖੇਡ ਸਾਹਿਤ ਦਾ ਹੀ ਇੱਕ ਹਿੱਸਾ ਸਮਝਿਆ ਜਾਣਾ ਚਾਹੀਦਾ ਹੈ। ਇਸ ਨਾਲ ਖੇਡ ਤੇ ਖੇਡਾਂ ਗੰਭੀਰ ਸਾਹਿਤ ਵਿਚ ਦਾਖ਼ਲ ਹੋ ਕੇ ਖੇਡਾਂ ਨੂੰ ਹੋਰ ਮਹੱਤਵ ਪ੍ਰਦਾਨ ਕਰਨਗੀਆਂ। ਇਸ ਨਾਲ ਜਨ-ਸਾਧਾਰਨ ਵੀ ਖੇਡਾਂ ਨਾਲ ਜੁੜੇਗਾ ਅਤੇ ਖੇਡ, ਖਿਡਾਰੀ ਦੀ ਪੀੜ, ਸੰਘਰਸ਼, ਉਤਰਾਅ ਚੜਾਅ, ਸੱਟਾਂ, ਮਾਨਸਿਕ ਮਜ਼ਬੂਤੀ ਅਤੇ ਕਮਜ਼ੋਰੀ ਨੂੰ ਨੇੜਿਉਂ ਜਾਣੇਗਾ ਅਤੇ ਉਨ੍ਹਾਂ ਦੀ ਸੰਵੇਦਨਾ ਜਾਗੇਗੀ।

ਭਾਰਤੀ ਸਾਹਿਤ ਵਿੱਚ ਇਸ ਤਰ੍ਹਾਂ ਦੀਆਂ ਉਦਾਹਰਣਾਂ ਮਿਲਦੀਆਂ ਹਨ। ਹਿੰਦੀ ਦੇ ਵੱਡੇ ਕਵੀ ਵਿਸ਼ਣੂ ਖਰੇ ਨੇ ਕ੍ਰਿਕਟ ਬਾਰੇ ਕੁਝ ਕਵਿਤਾਵਾਂ

ਲਿਖੀਆਂ ਨੇ:

ਮੈਂ ਹੁਣੇ ਹੁਣੇ ਫੇਰ ਗਾਰਡ ਲਿਆ ਹੈ/ ਜੁੱਤੇ ਪੈੜ ਦਸਤਾਨੇ ਹੈਲਮਟ ਦੀ ਕਸਾਵਟ ਨੂੰ ਪਰਖਿਆ ਹੈ/ ਸਾਹਮਣੇ ਪਿੱਚ ਨੂੰ ਬੈਟ ਨਾਲ ਬਰਾਬਰ ਕੀਤਾ ਹੈ/ ਇੱਕ-ਅੱਧੀ ਵਾਰ ਬੀਟ ਹੋਇਆ/ ਪਰ ਅਗਲੀ ਗੇਂਦ ਦੀ ਉਡੀਕ ਵਿੱਚ ਹਾਂ।

ਇਸੇ ਤਰ੍ਹਾਂ ਪੰਜਾਬੀ ਕਹਾਣੀਕਾਰ ਭਗਵੰਤ ਰਸੂਲਪੁਰੀ ਦੀ ਕਹਾਣੀ ‘ਗੋਲਕੀਪਰ’ ਦੀ ਗੱਲ ਕੀਤੀ ਜਾ ਸਕਦੀ ਹੈ।

ਹਥਲੇ ਲੇਖ ਦੇ ਲੇਖਕ ਦੀ ਇੱਕ ਛੋਟੀ ਜਿਹੀ ਕਵਿਤਾ ਦਾ ਜ਼ਿਕਰ ਕੀਤਾ ਜਾ ਸਕਦਾ ਹੈ:

ਪੈਰਾਂ ਨਾਲ

ਖੇਡਣ ਵਾਲੀ ਖੇਡ ਵਿੱਚ ਵੀ

ਕਦੇ ਕਦੇ

ਹੱਥਾਂ ਨਾਲ ਛੂਹਣ ਦਾ ਮੌਕਾ ਹੁੰਦਾ!

ਕਦੀ

ਇਉਂ ਹੀ ਮਿਲ ਜ਼ਿੰਦਗੀ

ਸੋ ਇਸ ਕਵਿਤਾ ਵਿੱਚ ਜ਼ਿੰਦਗੀ ਦੇ ਦੁਖ-ਸੁਖ ਦੀ ਗੱਲ ਫੁੱਟਬਾਲ ਦਾ ਬਿੰਬ ਲੈ ਕੇ ਕੀਤੀ ਗਈ ਹੈ ਕਿ ਕਿਵੇਂ ਪੈਰਾਂ ਨਾਲ ਖੇਡਣ ਵਾਲੀ ਖੇਡ ਵਿੱਚ ਵੀ ਗੇਂਦ ਨੂੰ ਹੱਥਾਂ ਨਾਲ ਛੂਹਣ ਦਾ ਮੌਕਾ ਹੁੰਦਾ ਹੈ, ਜ਼ਿੰਦਗੀ ਸਾਨੂੰ ਕਦੇ ਇਉਂ ਤਾਂ ਮਿਲੇ। ਇਸ ਨਾਲ ਪਾਠਕ ਦਾ ਵਿਰੇਚਨ ਹੋ ਜਾਂਦਾ ਹੈ। ਖੇਡ ਗਹਿਰ-ਗੰਭੀਰ ਸਾਹਿਤ ਵਿੱਚ ਸ਼ਾਮਿਲ ਹੋ ਕੇ ਆਪਣਾ ਮਹੱਤਵ ਵਧਾਉਂਦੀ ਹੈ।

ਸੰਪਰਕ: 82838-26876

Advertisement
Show comments