ਸ਼ਰਨਾਰਥੀ : The Tribune India

ਸ਼ਰਨਾਰਥੀ

ਸ਼ਰਨਾਰਥੀ

ਡਾ. ਬੀਨਾ ਬੁਦਕੀ

ਕਰਫਿਊ, ਹੜਤਾਲ ਅਤੇ ਗੋਲੀ ਨਾਲ ਮਰਦੇ ਮਾਸੂਮ ਲੋਕ। ਰਾਕੇਸ਼ ਦੀ ਮੌਤ ਨੇ ਪ੍ਰਾਨਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਹ ਰੋਜ਼ ਸਵੇਰੇ ਪੁਰਖੂ ਕੈਂਪ ਤੋਂ ਸਾਂਬਾ ਵਿੱਚ ਕੰਮ ਕਰਨ ਜਾਂਦਾ ਸੀ। ਪਿਛਲੇ ਇੱਕ ਮਹੀਨੇ ਤੋਂ ਜੰਮੂ ਵਿੱਚ ਬਾਬਾ ਅਮਰਨਾਥ ਜ਼ਮੀਨ ਵਿਵਾਦ ਕਰਕੇ ਹੜਤਾਲਾਂ, ਕਰਫਿਊ ਅਤੇ ਅਨੇਕ ਵਾਰਦਾਤਾਂ ਹੋ ਰਹੀਆਂ ਸਨ। ਦੇਰ ਰਾਤ ਤੱਕ ਰਾਕੇਸ਼ ਦੇ ਵਾਪਸ ਨਾ ਆਉਣ ’ਤੇ ਰਾਗਿਨੀ ਪਰੇਸ਼ਾਨ ਪ੍ਰਾਨਾ ਕੋਲ ਆਈ। ਹੌਲੀ ਹੌਲੀ ਸਭ ਨੂੰ ਪਤਾ ਲੱਗਿਆ ਅਤੇ ਕੈਂਪ ਦੇ ਨੌਜਵਾਨ ਉਸ ਨੂੰ ਲੱਭਣ ਤੁਰ ਪਏ। ਸਵੇਰ ਹੋ ਗਈ ਪਰ ਰਾਕੇਸ਼ ਦਾ ਕੁਝ ਪਤਾ ਨਾ ਲੱਗਿਆ। ਸਵੇਰ ਹੁੰਦੇ ਹੀ ਰਾਗਿਨੀ ਵੀ ਉਸ ਨੂੰ ਲੱਭਣ ਸਾਰਿਆਂ ਦੇ ਨਾਲ ਚੱਲ ਪਈ। ਕਾਲੂ ਚੱਕ ਦੇ ਕੋਲ ਇੱਕ ਚਾਹ ਵਾਲੇ ਨੇ ਦੱਸਿਆ ਕਿ ਇੱਕ ਆਦਮੀ ਦੀ ਲਾਸ਼ ਹੁਣ ਤੱਕ ਇਧਰ ਪਈ ਸੀ। ਹੁਣੇ ਹੁਣੇ ਪੁਲੀਸ ਵਾਲੇ ਉਸ ਨੂੰ ਚੁੱਕ ਕੇ ਉਸ ਪਾਸੇ ਲੈ ਗਏ ਨੇ। ਰਾਗਿਨੀ ਅਤੇ ਹੋਰ ਸਾਰੇ ਪਾਗਲਾਂ ਵਾਂਗ ਉੱਧਰ ਨੂੰ ਭੱਜਣ ਲੱਗੇ। ਜੰਗਲ ਵਿੱਚ ਸੁੰਨਸਾਨ ਥਾਂ ਚਾਰ ਪੁਲੀਸ ਵਾਲੇ ਕਿਸੇ ਦਾ ਦਾਹ ਸਸਕਾਰ ਕਰਨ ਦੀ ਤਿਆਰੀ ਕਰ ਰਹੇ ਸਨ। ਲੋਕਾਂ ਨੂੰ ਆਉਂਦਿਆਂ ਦੇਖ ਕੇ ਪੁਲੀਸ ਵਾਲਿਆਂ ਨੇ ਅੱਗ ਲਗਾ ਦਿੱਤੀ ਤੇ ਭੱਜਣ ਲੱਗੇ। ਰਾਗਿਨੀ ਵੀ ਭੱਜਦੀ ਹੋਈ ਉੱਥੇ ਪਹੁੰਚੀ, ਉੱਥੇ ਹੀ ਰਾਕੇਸ਼ ਦੀ ਜੈਕੇਟ ਉਸ ਨੂੰ ਦਿਸੀ। ਸਾਰਿਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਰਾਕੇਸ਼ ਦੀ ਅਧਸੜੀ ਲਾਸ਼ ਮਿਲੀ। ਕਾਹਲੀ ਵਿੱਚ ਪੁਲੀਸ ਵਾਲੇ ਜੈਕੇਟ ਚੁੱਕਣੀ ਭੁੱਲ ਗਏ ਸਨ। ਰਾਕੇਸ਼ ਦੀ ਅਧਸੜੀ ਲਾਸ਼ ਨੂੰ ਕੂੜੇ ਦੇ ਢੇਰ ’ਤੇ ਪੈਟਰੋਲ ਪਾ ਕੇ ਪੁਲੀਸ ਵਾਲਿਆਂ ਨੇ ਸਾੜਿਆ ਸੀ।

ਰਾਕੇਸ਼ ਦੀ ਲਾਸ਼ ਨੇ ਸ਼ਹਿਰ ਵਿੱਚ ਤਣਾਅ ਨੂੰ ਵਧਾਉਣ ਲਈ ਬਲਦੀ ’ਚ ਤੇਲ ਦਾ ਕੰਮ ਕੀਤਾ। ਸਿਆਸੀ ਪਾਰਟੀਆਂ ਵੀ ਉਸ ਨੂੰ ਮੁੱਦਾ ਬਣਾ ਕੇ ਖ਼ੂਬ ਚੁੱਕਣ ਲੱਗੀਆਂ, ਪਰ ਰਾਗਿਨੀ ਆਪਣੇ ਮਾਸੂਮ ਬੱਚੇ ਨੂੰ ਗੋਦ ਵਿੱਚ ਲੈ ਕੇ ਕਿਸੇ ਤੋਂ ਕੀ ਨਿਆਂ ਮੰਗਦੀ? ਸਰਕਾਰ ਤੇ ਸਿਆਸੀ ਪਾਰਟੀਆਂ ਨੇ ਭਰੋਸੇ ਦਿੱਤੇ, ਉਮੀਦਾਂ ਜਗਾਈਆਂ। ਘੱਟ ਪੜ੍ਹੀ-ਲਿਖੀ ਰਾਗਿਨੀ ਨੂੰ ਆਪਣਾ ਭਵਿੱਖ ਹਨੇਰੇ ’ਚ ਡੁੱਬਿਆ ਦਿਖਾਈ ਦੇ ਰਿਹਾ ਸੀ ਕਿ ਕਿਵੇਂ ਪਾਲੇਗੀ ਇਸ ਮਾਸੂਮ ਬੱਚੇ ਨੂੰ? ਪ੍ਰਾਨਾ ਉਸ ਨੂੰ ਹਰ ਤਰੀਕੇ ਨਾਲ ਢਾਰਸ ਦੇ ਰਹੀ ਸੀ। ਬੇਟੇ ਲਈ ਜਿਉਣ ਦੀ ਮੰਜ਼ਿਲ ਦਿਖਾਈ, ਪਰ ਅੰਦਰ ਹੀ ਅੰਦਰ ਉਹ ਖ਼ੁਦ ਟੁੱਟ ਰਹੀ ਸੀ। ਘਰ ਆ ਕੇ ਇੱਕ ਕੋਨੇ ਵਿੱਚ ਨਿਢਾਲ ਜਿਹੀ ਡਿੱਗ ਪਈ। ਪਿਛਲੇ 25 ਸਾਲ ਉਸ ਦੀਆਂ ਅੱਖਾਂ ਮੂਹਰੇ ਤਸਵੀਰਾਂ ਵਾਂਗ ਘੁੰਮਣ ਲੱਗੇ।

ਕਸ਼ਮੀਰ ਦੇ ਪਹਿਲਗਾਮ ਪਿੰਡ ਵਿੱਚ ਉਹ ਪੰਮਪੋਸ਼ ਦੀ ਪਤਨੀ ਬਣ ਕੇ ਆਈ ਸੀ। ਮਾਂ ਬਾਪ ਦੀ ਇਕਲੌਤੀ ਧੀ ਪ੍ਰਾਨਾ ਬੇਹੱਦ ਖ਼ੂਬਸੂਰਤ ਸੀ। ਪੰਮਪੋਸ਼, ਉਸ ਦੀ ਮਾਂ ਅਤੇ ਖ਼ੁਦ, ਬਸ ਇਹੀ ਛੋਟੀ ਜਿਹੀ ਦੁਨੀਆਂ ਸੀ। ਦੋ ਸਾਲਾਂ ਬਾਅਦ ਪ੍ਰਾਨਾ ਨੇ ਸ਼ੀਨ ਨੂੰ ਜਨਮ ਦਿੱਤਾ। ਕੰਮ ਵੀ ਕਰਦੀ, ਪੰਮਪੋਸ਼ ਬਾਰਾਮੂਲਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਸੀ। ਮੂੰਹ ਹਨੇਰੇ ਨਿਕਲ ਕੇ ਰਾਤ ਨੂੰ ਵਾਪਸ ਆਉਂਦਾ। ਪ੍ਰਾਨਾ ਜ਼ਿਆਦਾਤਰ ਰਾਤ ਨੂੰ ਕੱਪੜੇ ਧੋ ਕੇ ਬਾਹਰ ਸੁਕਾਉਂਦੀ ਸੀ। ਇੱਕ ਦਿਨ ਸਵੇਰੇ ਬਾਹਰ ਸੁਕਾਏ ਹੋਏ ਸਾਰੇ ਕੱਪੜੇ ਗਾਇਬ ਸਨ। ਹੈਰਾਨ ਪ੍ਰੇਸ਼ਾਨ ਪ੍ਰਾਨਾ ਸਾਰੇ ਪਾਸੇ ਲੱਭਦੀ ਰਹੀ, ਪਰ ਉਸ ਨੂੰ ਕੁਝ ਦੂਰੀ ’ਤੇ ਇੱਕ ਸਵੈਟਰ ਮਿਲਿਆ। ਅਜਿਹੀ ਘਟਨਾ ਪਿੰਡ ਵਿੱਚ ਕਦੇ ਨਹੀਂ ਵਾਪਰੀ ਸੀ। ਪੂਰੇ ਪਿੰਡ ਵਿੱਚ ਸਨਸਨੀ ਜਿਹੀ ਫੈਲ ਗਈ। ਸਾਰਿਆਂ ਦੇ ਦਿਲਾਂ ਵਿੱਚ ਦਹਿਸ਼ਤ ਸੀ ਮਤੇ ਅਤਿਵਾਦੀ ਉਨ੍ਹਾਂ ਦੇ ਪਿੰਡ ਵਿੱਚ ਵੀ ਤਾਂ ਨਹੀਂ ਆ ਗਏ। ਪਿਛਲੇ ਕੁਝ ਮਹੀਨਿਆਂ ਤੋਂ ਕੁਝ ਪਿੰਡਾਂ ਵਿੱਚ ਕਈ ਵਾਰਦਾਤਾਂ ਹੋਈਆਂ ਸਨ।

ਉਦੋਂ ਹੀ ਸਾਹਮਣਿਉਂ ਦੌੜਦਾ ਹੋਇਆ ਟਾਈਗਰ ਖ਼ੂਨ ਨਾਲ ਲੱਥਪਥ ਦਿਖਾਈ ਦਿੱਤਾ। ਪ੍ਰਾਨਾ ਨੇ ਉਸ ਸਵੈਟਰ ਨੂੰ ਵੀ ਉੱਥੇ ਹੀ ਛੱਡ ਕੇ ਟਾਈਗਰ ਨੂੰ ਫੜਿਆ। ਘਰ ਲਿਜਾ ਕੇ ਉਸ ਦੀ ਮੱਲ੍ਹਮ ਪੱਟੀ ਕੀਤੀ। ਟਾਈਗਰ ਦੀ ਅਜਿਹੀ ਹਾਲਤ ਦੇਖ ਕੇ ਸਾਰਿਆਂ ਨੂੰ ਵਿਸ਼ਵਾਸ ਹੋ ਗਿਆ ਕਿ ਅਤਿਵਾਦੀ ਪਿੰਡ ਵਿੱਚ ਆ ਚੁੱਕੇ ਨੇ।

ਖ਼ੌਫ਼, ਦਹਿਸ਼ਤ ਦਾ ਪਹਿਲਾ ਬੀਜ ਪਿੰਡ ਦੇ ਘਰ ਘਰ ਵਿੱਚ ਬੀਜਿਆ ਜਾ ਚੁੱਕਿਆ ਸੀ। ਹਰ ਰਾਤ ਸਾਰਿਆਂ ਦੀ ਬੇਚੈਨੀ ਨਾਲ ਲੰਘਦੀ। ਜਦੋਂ ਤਕ ਘਰ ਦੇ ਮਰਦ ਸਹੀ ਸਲਾਮਤ ਘਰ ਨਾ ਆ ਜਾਂਦੇ, ਉਦੋਂ ਤੱਕ ਔਰਤਾਂ ਕਈ ਤਰ੍ਹਾਂ ਦੇ ਜਾਪ ਕਰਦੀਆਂ ਰਹਿੰਦੀਆਂ। ਪੰਮਪੋਸ਼ ਵੀ ਰੋਜ਼ ਘਰ ਆਉਂਦੇ ਵਕਤ ਘਰ ਦੀਆਂ ਸਾਰੀਆਂ ਜ਼ਰੂਰੀ ਚੀਜ਼ਾਂ, ਸਬਜ਼ੀਆਂ, ਦੁੱਧ ਆਦਿ ਲਿਆਉਂਦਾ। ਉਸ ਰਾਤ ਪੰਮਪੋਸ਼ ਸਬਜ਼ੀ ਖਰੀਦ ਰਿਹਾ ਸੀ ਕਿ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਸਾਰੇ ਇੱਧਰ ਉਧਰ ਭੱਜਣ ਲੱਗੇ। ਪੰਮਪੋਸ਼ ਵੀ ਘਰ ਵੱਲ ਤੇਜ਼ ਤੇਜ਼ ਕਦਮਾਂ ਨਾਲ ਚੱਲਣ ਲੱਗਿਆ। ਦੋਵਾਂ ਹੱਥਾਂ ਵਿੱਚ ਸਾਮਾਨ ਨਾਲ ਭਰੇ ਝੋਲੇ। ਪੰਮਪੋਸ਼ ਕੁਝ ਹੀ ਦੂਰੀ ’ਤੇ ਸੀ ਕਿ ਪਤਾ ਨਹੀਂ ਕਿੱਧਰੋਂ ਆਈ ਗੋਲੀ ਉਸ ਦੇ ਸਿਰ ਦੇ ਆਰ-ਪਾਰ ਲੰਘ ਗਈ। ਖ਼ੂਨ ਨਾਲ ਲੱਥਪਥ ਪੰਮਪੋਸ਼ ਉੱਥੇ ਹੀ ਡਿੱਗ ਪਿਆ। ਭੱਜਦੇ ਲੋਕਾਂ ’ਚੋਂ ਦੀਨਾ ਨਾਥ ਨੇ ਉਸ ਨੂੰ ਪਛਾਣਿਆ ਅਤੇ ਪੰਮਪੋਸ਼ ਦੀ ਮਾਂ ਕਾਕਨੀ ਨੂੰ ਉੱਥੋਂ ਹੀ ਆਵਾਜ਼ ਮਾਰੀ। ਦੀਨਾ ਨਾਥ ਦੀ ਆਵਾਜ਼ ਸੁਣ ਕੇ ਕਾਕਨੀ ਅਤੇ ਪ੍ਰਾਨਾ ਵੀ ਭੱਜਦੀਆਂ ਆਈਆਂ। ਪੰਮਪੋਸ਼ ਨੂੰ ਹਸਪਤਾਲ ਤਾਂ ਪਹੁੰਚਾਇਆ, ਪਰ ਖ਼ੂਨ ਇੰਨਾ ਵਹਿ ਗਿਆ ਸੀ ਕਿ ਉਹ ਹਸਪਤਾਲ ਪਹੁੰਚਦੇ ਹੀ ਦਮ ਤੋੜ ਗਿਆ।

ਕਾਕਨੀ ਤੇ ਪ੍ਰਾਨਾ ਜ਼ਾਰੋ-ਜ਼ਾਰ ਰੋ ਰਹੀਆਂ ਸਨ। ਪੂਰੇ ਪਿੰਡ ਵਿੱਚ ਪਹਿਲਾਂ ਹੀ ਖ਼ਬਰ ਫੈਲ ਚੁੱਕੀ ਸੀ। ਉਦੋਂ ਹੀ ਪਿੰਡ ਵਾਲੇ ਹਸਪਤਾਲ ਪਹੁੰਚ ਗਏ। ਜਿਵੇਂ-ਕਿਵੇਂ ਪੰਮਪੋਸ਼ ਦੀ ਲਾਸ਼ ਨੂੰ ਘਰ ਪਹੁੰਚਾਇਆ ਗਿਆ। ਪ੍ਰਾਨਾ ਦੇ ਮਾਂ ਬਾਪ ਨੂੰ ਵੀ ਸਪੋਰ ਵਿੱਚ ਜਿਉਂ ਹੀ ਇਹ ਖ਼ਬਰ ਮਿਲੀ, ਉਹ ਲੁੱਟੇ ਪੁੱਟੇ ਉੱਥੇ ਪਹੁੰਚੇ।

ਪਿੰਡ ਵਾਲਿਆਂ ਨੇ ਹੀ ਮਿਲ ਕੇ ਸਾਰਾ ਇੰਤਜ਼ਾਮ ਕੀਤਾ। ਕਈ ਦਿਨਾਂ ਤੱਕ ਪ੍ਰਾਨਾ ਅਤੇ ਕਾਕਨੀ ਨੂੰ ਪਿੰਡ ਦੀਆਂ ਔਰਤਾਂ ਨੇ ਆਪਣੇ ਸੀਨੇ ਨਾਲ ਲਗਾ ਕੇ ਰੱਖਿਆ। ਉਨ੍ਹਾਂ ਦੇ ਘਰ ਦੀਆਂ ਜ਼ਰੂਰਤਾਂ ਦਾ ਵੀ ਕੋਈ ਨਾ ਕੋਈ ਬਿਨਾਂ ਕਹੇ ਬੰਦੋਬਸਤ ਕਰ ਦਿੰਦਾ। ਹੌਲੀ ਹੌਲੀ ਪ੍ਰਾਨਾ ਨੇ ਖ਼ੁਦ ਨੂੰ ਸੰਭਾਲਿਆ ਤੇ ਘਰ ਦੀ ਜ਼ਿੰਮੇਵਾਰੀ ਨੂੰ ਵੀ। ਉਸ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਉਹ ਕੀ ਕਰੇ, ਕਿਵੇਂ ਸ਼ੀਨ ਤੇ ਕਾਕਨੀ ਨੂੰ ਪਾਲੇ। ਕਾਕਨੀ ਪਸ਼ਮੀਨੇ ਦਾ ਸੂਤ ਕੱਤਦੀ ਅਤੇ ਪੁਰਾਣੀਆਂ ਸ਼ਾਲਾਂ ’ਤੇ ਧਾਗੇ ਅਤੇ ਤਿੱਲੇ ਦਾ ਕੰਮ ਕਰ ਕੇ ਘਰ ਦਾ ਖਰਚ ਚਲਾਉਂਦੀ।

ਪੰਮਪੋਸ਼ ਦੀ ਮੌਤ ਤੋਂ ਬਾਅਦ ਟਾਈਗਰ ਵੀ ਦਿਨ ਰਾਤ ਘਰ ਦੀ ਦਹਿਲੀਜ਼ ’ਤੇ ਬੈਠਾ ਰਹਿੰਦਾ। ਪ੍ਰਾਨਾ ਘਰ ਦੇ ਬਾਹਰ ਕਿਤੇ ਵੀ ਜਾਂਦੀ ਤਾਂ ਟਾਈਗਰ ਸੁਰੱਖਿਆ ਵਾਲਿਆਂ ਵਾਂਗ ਨਾਲ ਨਾਲ ਚਲਦਾ ਹਾਲਾਂਕਿ ਪੂਰਾ ਪਿੰਡ ਉਸ ਤੋਂ ਡਰਦਾ ਸੀ। ਵਾਰਦਾਤਾਂ ਦਾ ਸਿਲਸਿਲਾ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਸੀ। ਕੁਝ ਅਤਿਵਾਦੀ ਰਾਤ-ਬਰਾਤੇ ਪਨਾਹ ਲੈਣ ਲਈ ਕਿਸੇ ਦੇ ਵੀ ਘਰ ਦਾ ਦਰਵਾਜ਼ਾ ਖੜਕਾਉਂਦੇ। ਸਿਰਫ਼ ਰਹਿਣ ਲਈ ਜਗ੍ਹਾ ਦਾ ਹੀ ਨਹੀਂ ਸਗੋਂ ਉਨ੍ਹਾਂ ਦੇ ਖਾਣੇ ਦਾ ਬੰਦੋਬਸਤ ਵੀ ਕਰਨਾ ਪੈਂਦਾ ਸੀ। ਮਜਬੂਰ ਪਿੰਡ ਵਾਲੇ ਉਨ੍ਹਾਂ ਦੀ ਜੀ ਹਜ਼ੂਰੀ ਕਰਦੇ, ਪਰ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਹੁਕਮ ਨੂੰ ਮੰਨਣ ਤੇ ਪਨਾਹ ਦੇਣ ਤੋਂ ਇਨਕਾਰ ਕੀਤਾ, ਉਨ੍ਹਾਂ ਨੂੰ ਗੋਲੀ ਦਾ ਸ਼ਿਕਾਰ ਬਣਨਾ ਪਿਆ। ਇਸ ਲਈ ਮੌਤ ਦੇ ਡਰ ਕਾਰਨ ਸਾਰੇ ਘਰ ਦੇ ਦਰਵਾਜ਼ੇ ਖੋਲ੍ਹ ਦਿੰਦੇ। ਜਿਨ੍ਹਾਂ ਘਰਾਂ ਵਿੱਚ ਜੁਆਨ ਨੂੰਹਾਂ ਧੀਆਂ ਸਨ, ਉਹ ਸਭ ਤੋਂ ਵੱਧ ਪ੍ਰੇਸ਼ਾਨ ਸਨ ਕਿਉਂਕਿ ਕੋਕਰਨਾਗ ਅਤਿਵਾਦੀਆਂ ਨੇ ਕਈ ਨੂੰਹਾਂ-ਧੀਆਂ ਦੀ ਇੱਜ਼ਤ ਨੂੰ ਮਾਂ ਬਾਪ, ਸੱਸ ਸਹੁਰੇ ਤੇ ਪਤੀ ਦੇ ਸਾਹਮਣੇ ਹੀ ਤਾਰ-ਤਾਰ ਕਰ ਦਿੱਤਾ ਸੀ।

ਕੁਝ ਦਿਨਾਂ ਬਾਅਦ ਦੀਨਾ ਨਾਥ ਨੇ ਕਾਕਨੀ ਨੂੰ ਕਿਹਾ, ‘‘ਅਸੀਂ ਪੰਜ ਘਰਾਂ ਨੇ ਜੰਮੂ ਜਾਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਰਸੂਲ ਮੀਰ ਨੇ ਆਖਿਆ ਕਿ ‘ਬਿਹਤਰ ਹੋਵੇਗਾ ਤੁਸੀਂ ਲੋਕ ਜੰਮੂ ਚਲੇ ਜਾਓ; ਜਦੋਂ ਹਾਲਾਤ ਠੀਕ ਹੋਣਗੇ ਉਦੋਂ ਆ ਜਾਣਾ; ਅਸੀਂ ਇੱਥੇ ਤੁਹਾਡੀ ਰੱਖਿਆ ਨਹੀਂ ਕਰ ਸਕਾਂਗੇ। ਜੇ ਸਾਡੇ ਬੱਚੇ ਬੰਦੂਕ ਦੀ ਨੋਕ ’ਤੇ ਹੋਣਗੇ ਤਾਂ ਅਸੀਂ ਕਿਵੇਂ ਤੁਹਾਨੂੰ ਬਚਾਵਾਂਗੇ?’ ਤੁਸੀਂ ਵੀ ਜ਼ਰੂਰੀ ਸਾਮਾਨ ਬੰਨ੍ਹ ਲਵੋ। ਪਰਸੋਂ ਸਵੇਰੇ ਹੀ ਜੰਮੂ ਨਿਕਲ ਚੱਲਾਂਗੇ।’’ ਕਾਕਨੀ ਨੂੰ ਸੁਣ ਕੇ ਅਜੀਬ ਜਿਹਾ ਲੱਗਿਆ। ਪ੍ਰਾਨਾ ਦੀਆਂ ਅੱਖਾਂ ’ਚੋਂ ਹੰਝੂਆਂ ਦੀ ਬਰਸਾਤ ਹੋਣ ਲੱਗੀ। ਕੀ ਸਾਮਾਨ ਲੈ ਜਾਈਏ ਤੇ ਕੀ ਨਹੀਂ, ਕੁਝ ਵੀ ਸਮਝ ਨਹੀਂ ਆ ਰਿਹਾ ਸੀ।

ਇੱਕ ਦਿਨ ਪਲਕ ਝਪਕਦੇ ਹੀ ਲੰਘਿਆ। ਪ੍ਰਾਨਾ ਨੇ ਕੁਝ ਬਰਤਨ, ਕੱਪੜੇ ਅਤੇ ਬਿਸਤਰ ਬੰਨ੍ਹ ਲਿਆ ਅਤੇ ਦੀਨਾ ਨਾਥ ਨਾਲ ਅੱਧੇ ਟਰੱਕ ਵਿੱਚ ਆਪਣਾ ਸਾਮਾਨ ਵੀ ਭਰ ਲਿਆ। ਉਸੇ ਟਰੱਕ ਵਿੱਚ ਦੀਨਾ ਨਾਥ ਅਤੇ ਉਸ ਦੀ ਪਤਨੀ ਨਾਲ ਕਾਕਨੀ ਤੇ ਪ੍ਰਾਨਾ ਵੀ ਸਨ। ਟਾਈਗਰ ਵੀ ਦੌੜ ਕੇ ਟਰੱਕ ਵਿੱਚ ਚੜ੍ਹ ਗਿਆ। ਟਾਈਗਰ ਨੂੰ ਦੇਖ ਕੇ ਦੀਨਾ ਨਾਥ ਦੀ ਪਤਨੀ ਨੇ ਨੱਕ ਮੂੰਹ ਚੜ੍ਹਾਇਆ ਤੇ ਕਹਿਣ ਲੱਗੀ, ‘‘ਪ੍ਰਾਨਾ ਜੀ, ਕੀ ਟਾਈਗਰ ਨਾਲ ਨਾਲ ਚੱਲੇਗਾ? ਇਹ ਜਾਨਵਰ ਹੈ ਛੱਡ ਦਿਓ ਇਸ ਨੂੰ।’’

ਪ੍ਰਾਨਾ ਨੇ ਦੀਨਾ ਨਾਥ ਦੀ ਪਤਨੀ ਜਿਗਰੀ ਨੂੰ ਕਿਹਾ, ‘‘ਜਿਗਰੀ, ਇਹ ਜਾਨਵਰ ਜ਼ਰੂਰ ਏ ਪਰ ਵਫ਼ਾਦਾਰ ਹੈ।’’ ਜਿਗਰੀ ਨੂੰ ਪ੍ਰਾਨਾ ਦੀ ਗੱਲ ਚੰਗੀ ਨਹੀਂ ਲੱਗੀ, ਪਰ ਆਪਣੇ ਕੱਪੜੇ ਸੰਭਾਲ ਕੇ ਬੈਠ ਗਈ।

ਰਾਤ ਹੁੰਦੇ ਹੁੰਦੇ ਜੰਮੂ ਪਹੁੰਚ ਗਏ। ‘ਹਾਫ ਸ਼ੰਭੂ ਮੰਦਰ’ ਦੇ ਵਿਹੜੇ ਵਿੱਚ ਸਭ ਨੇ ਸ਼ਰਨ ਲਈ। ਟਰੱਕ ਵਾਲਿਆਂ ਨੇ ਫਟਾਫਟ ਉੱਥੇ ਹੀ ਸਾਮਾਨ ਉਤਾਰ ਦਿੱਤਾ। ਕਿਸੇ ਤਰ੍ਹਾਂ ਰਾਤ ਬਿਤਾਈ ਤੇ ਅਗਲੇ ਦਿਨ ਦੀਨਾ ਨਾਥ ਸਰਕਾਰ ਵੱਲੋਂ ਕੀਤੇ ਗਏ ਇੰਤਜ਼ਾਮ ਵੇਖਣ ਚਲਾ ਗਿਆ। ਕਾਫੀ ਜੱਦੋਜਹਿਦ ਮਗਰੋਂ ਟੈਂਟ ਨਸੀਬ ਹੋਇਆ। ਫਿਰ ਸਾਮਾਨ ਚੁੱਕ ਕੇ ਟੈਂਟ ਵਿੱਚ ਸ਼ਰਨ ਲਈ। ਪੁਰਖੂ ਕੈਂਪ ਵਿੱਚ ਦੋ ਟੈਂਟ ਨਾਲ ਨਾਲ ਖੜ੍ਹੇ ਕਰਕੇ ਆਪਣਾ ਲਿਆਂਦਾ ਸਾਮਾਨ ਰੱਖਿਆ। ਦੀਨਾ ਨਾਥ ਦੇ ਨਾਲ ਨਾਲ ਪ੍ਰਾਨਾ ਨੂੰ ਵੀ ਜਾਣਾ ਪੈਂਦਾ ਕਿਉਂਕਿ ਰਾਸ਼ਨ ਕਾਰਡ ਰਿਲੀਫ ’ਤੇ ਇਨ੍ਹਾਂ ਸਭ ਲਈ ਦਸਤਖ਼ਤ ਵੀ ਕਰਨੇ ਸਨ। ਸ਼ੀਨ ਨੂੰ ਕਾਕਨੀ ਦੇ ਹਵਾਲੇ ਕਰ ਕੇ ਦਿਨ ਭਰ ਉਹ ਦੀਨਾ ਨਾਥ ਦੇ ਨਾਲ ਭਟਕਦੀ। ਉਸ ਦੀ ਸੁੰਦਰਤਾ ਨੂੰ ਦੇਖ ਕੇ ਕਈ ਮਨਚਲੇ ਆਪਣੇ ਹੱਥ ਅੱਗੇ ਵਧਾਉਂਦੇ। ਕਈ ਅਫ਼ਸਰ ਵੀ ਮੌਕੇ ਦਾ ਫ਼ਾਇਦਾ ਉਠਾਉਣ ਦੀ ਤਾਕ ਵਿੱਚ ਰਹਿੰਦੇ, ਪਰ ਦੀਨਾ ਨਾਥ ਉਸ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ।

ਕਾਕਨੀ ਜੰਮੂ ਬੇਸ਼ੱਕ ਆ ਗਈ ਸੀ, ਪਰ ਆਪਣਾ ਦਿਲੋ ਦਿਮਾਗ ਕਸ਼ਮੀਰ ਵਿੱਚ ਹੀ ਛੱਡ ਆਈ ਸੀ। ਉੱਥੋਂ ਦੀਆਂ ਯਾਦਾਂ ਨੂੰ ਉਹ ਆਪਣੇ ਤੋਂ ਅਲੱਗ ਨਾ ਕਰ ਸਕੀ ਤੇ ਆਖ਼ਰ ਉਹ ਮਾਨਸਿਕ ਰੋਗੀ ਬਣ ਗਈ। ਕਦੇ ਰੋਂਦੀ ਕਦੇ ਚੀਖਦੀ ਤੇ ਕਦੇ ਸਾਧਾਰਨ ਜਿਹੀ ਜ਼ਿੰਦਗੀ ਬਿਤਾਉਂਦੀ। ਪ੍ਰਾਨਾ ਸ਼ੀਨ ਨੂੰ ਗੋਦੀ ਵਿੱਚ ਲੈ ਕੇ ਸਾਰਾ ਕੰਮਕਾਜ ਵੀ ਕਰਦੀ ਤੇ ਕਾਕਨੀ ਪ੍ਰਤੀ ਵੀ ਸੁਚੇਤ ਰਹਿੰਦੀ। ਹਰ ਮਹੀਨੇ ਮਿਲਣ ਵਾਲੀ ਰਾਹਤ ਰਾਸ਼ੀ ਜਦੋਂ ਜਦੋਂ ਵੀ ਪ੍ਰਾਨਾ ਤਹਿਸੀਲਦਾਰ ਤੋਂ ਲੈਂਦੀ, ਉਹਨੂੰ ਮਹਿਸੂਸ ਹੁੰਦਾ ਕਿ ਉਹ ਰੁਪਇਆਂ ਦੇ ਨਾਲ ਨਾਲ ਥੱਲੇ ਹੱਥ ਨੂੰ ਵੀ ਦਬਾ ਦਿੰਦਾ ਹੈ। ਉਸ ਦੀਆਂ ਅੱਖਾਂ ਵਿੱਚ ਲੁਕਿਆ ਸ਼ੈਤਾਨ ਦਿਸਣ ਲੱਗਿਆ ਸੀ, ਪਰ ਮਜਬੂਰ ਪ੍ਰਾਨਾ ਬੇਵੱਸੀ ਦੇ ਜਾਲ ਵਿੱਚ ਤੜਪਦੀ ਰਹਿੰਦੀ। ਤਹਿਸੀਲਦਾਰ ਹੱਕ ਜਤਾਉਣ ਦੀ ਕੋਸ਼ਿਸ਼ ਕਰਦਾ। ਸਰਕਾਰ ਵੱਲੋਂ ਮਿਲੀ ਰਾਹਤ ਰਾਸ਼ੀ ਦੇਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਉਂਦਾ।

ਕਦੇ ਕਦੇ ਪ੍ਰਾਨਾ ਟਾਈਗਰ ਨੂੰ ਨਾਲ ਲੈ ਜਾਂਦੀ। ਟਾਈਗਰ ਨੂੰ ਦੇਖਦੇ ਹੀ ਤਹਿਸੀਲਦਾਰ ਪ੍ਰਾਨਾ ਦੇ ਕੰਨ ਵਿੱਚ ਫੁਸਫਸਾਉਂਦਾ, ‘‘ਓ ਰਾਣੀ, ਕੀ ਏਸੇ ਨਾਲ ਆਪਣਾ ਕੰਮ ਚਲਾਉਂਦੀ ਏਂ? ਇਹ ਚੰਗਾ ਲੱਭਿਆ ਹੈ। ਸਾਨੂੰ ਵੀ ਸੇਵਾ ਦਾ ਮੌਕਾ ਦਿਓ।’’

ਪ੍ਰਾਨਾ ਗੂੰਗੀ ਬੋਲੀ ਜਿਹੀ ਬਣ ਜਾਂਦੀ ਤੇ ਚੁੱਪਚਾਪ ਵਾਪਸ ਆ ਜਾਂਦੀ। ਜੰਮੂ ਆਉਣ ਮਗਰੋਂ ਉਸ ਦੀ ਹਰ ਰਾਤ ਵਹਿੰਦੇ ਹੰਝੂਆਂ ਨਾਲ ਲੰਘੀ। ਹਰ ਪਾਸੇ ਪਰੇਸ਼ਾਨੀਆਂ। ਰਿਸ਼ਤੇਦਾਰਾਂ ਦੇ ਨਾਂ ’ਤੇ ਬੁੱਢੇ ਮਾਂ ਬਾਪ ਅਤੇ ਕਾਕਨੀ। ਕਿੱਥੇ ਜਾਣ, ਕਿਸ ਨੂੰ ਕਹਿਣ?

ਕਾਕਨੀ ਐਲਜ਼ਾਈਮਰ ਦੀ ਸ਼ਿਕਾਰ ਹੋ ਗਈ ਸੀ। ਕਈ ਡਾਕਟਰਾਂ ਨੂੰ ਦਿਖਾਇਆ, ਪਰ ਕੋਈ ਖ਼ਾਸ ਫ਼ਰਕ ਨਾ ਪਿਆ। ਉਸ ਦਾ ਵਿਹਾਰ, ਗੱਲਬਾਤ ਕਸ਼ਮੀਰ ਤੋਂ ਵੱਖ ਨਾ ਹੋਏ। ਅਕਸਰ ਉਹ ਮੁਹੱਲੇ ਦੇ ਲੋਕਾਂ ਦਾ ਨਾਂ ਲੈ ਕੇ ਕਿਸੇ ਵੀ ਆਉਂਦੇ ਜਾਂਦੇ ਨੂੰ ਬੁਲਾਉਂਦੀ। ਇਹ ਹਕੀਕਤ ਮੰਨਣ ਨੂੰ ਉਸ ਦ‍ਾ ਦਿਮਾਗ਼ ਤਿਆਰ ਨਹੀਂ ਸੀ ਕਿ ਉਹ ਜੰਮੂ ਵਿੱਚ ਹੈ।

ਸ਼ੁਰੂ ਸ਼ੁਰੂ ਵਿੱਚ ਕੈਂਪ ਵਿੱਚ ਰਹਿੰਦੀਆਂ ਔਰਤਾਂ ਵੱਡੇ ਤੜਕੇ ਹਨੇਰੇ ਵਿੱਚ ਹੀ ਨਹਾ ਧੋ ਲੈਂਦੀਆਂ ਕਿਉਂਕਿ ਪਖਾਨੇ ਜਾਣ ਤੇ ਨਹਾਉਣ ਲਈ ਕੋਈ ਜਗ੍ਹਾ ਨਹੀਂ ਸੀ। ਕਾਕਨੀ ਵੀ ਰਾਤ ਦੇ ਹਨੇਰੇ ’ਚ ਨਹਾ ਧੋ ਕੇ ਨੇੜੇ ਦੇ ਮੰਦਰ ਵਿੱਚ ਚਲੀ ਜਾਂਦੀ, ਪਰ ਇੱਕ ਦਿਨ ਨਹਾਉਣ ਵਾਲੀ ਥਾਂ ਤੋਂ ਰੌਲਾ ਪਾਉਂਦੀਆਂ ਔਰਤਾਂ ਆਪਣੇ ਆਪਣੇ ਟੈਂਟਾਂ ਵਿੱਚ ਵਾਪਸ ਆ ਰਹੀਆਂ ਸਨ। ਪ੍ਰਾਨਾ ਅਤੇ ਹੋਰ ਲੋਕਾਂ ਨੇ ਜਦੋਂ ਆਵਾਜ਼ਾਂ ਸੁਣੀਆਂ, ਸਾਰੇ ਬਾਹਰ ਆ ਕੇ ਇਹ ਜਾਣਨ ਦੀ ਕੋਸ਼ਿਸ਼ ਕਰਨ ਲੱਗੇ ਕਿ ਆਖ਼ਰ ਕੀ ਹੋਇਆ ਹੈ?

ਉਦੋਂ ਹੀ ਰੂਪਵਤੀ ਨੇ ਹਫ਼ਦਿਆਂ ਦੱਸਿਆ ਕਿ ਉੱਥੇ ਬਹੁਤ ਵੱਡਾ ਲੰਬਾ ਸੱਪ ਸੀ ਜਿਸ ਨੇ ਕੇਸਰ ਤੇ ਕੁਸੁਮਾਵਤੀ ਨੂੰ ਡੱਸ ਲਿਆ। ਟੈਂਟ ਦੇ ਸਾਰੇ ਲੋਕ ਕੇਸਰ ਅਤੇ ਕੁਸੁਮਾਵਤੀ ਦੇ ਟੈਂਟ ਵੱਲ ਜਾਣ ਲੱਗੇ। ਸੱਪ ਜ਼ਹਿਰੀਲਾ ਸੀ। ਕੁਝ ਪਲਾਂ ਵਿੱਚ ਹੀ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ। ਕਿਸੇ ਤਰ੍ਹਾਂ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੋ ਮਰੀਜ਼ਾਂ ਨਾਲ ਇੱਕ ਲੰਮਾ ਜਲੂਸ ਦੇਖ ਕੇ ਹਸਪਤਾਲ ਵਾਲੇ ਵੀ ਘਬਰਾ ਗਏ। ਕੈਂਪ ਵਿੱਚ ਜ਼ਿਆਦਾਤਰ ਉਹੀ ਔਰਤਾਂ ਸਨ ਜਿਨ੍ਹਾਂ ਦੇ ਬੱਚੇ ਛੋਟੇ ਸਨ। ਉਹ ਵੀ ਇੱਕ ਥਾਂ ’ਤੇ ਬੱਚਿਆਂ ਨੂੰ ਫੜ ਕੇ ਬੈਠੀਆਂ ਸਨ। ਉਦੋਂ ਹੀ ਪ੍ਰਾਨਾ ਦੀ ਚੀਕ ਸਭ ਨੇ ਸੁਣੀ। ਸਾਰੀਆਂ ਔਰਤਾਂ ਨਹਾਉਣ ਵਾਲੀ ਥਾਂ ਵੱਲ ਭੱਜੀਆਂ। ਨਹਾਉਣ ਵਾਲੀ ਥਾਂ ਤੋਂ ਥੋੜ੍ਹੀ ਦੂਰ ਝਾੜੀਆਂ ਕੋਲ ਖ਼ੂਨ ਨਾਲ ਲੱਥਪੱਥ ਕਾਕਨੀ ਕੁਰਲਾ ਰਹੀ ਸੀ। ਸਾਰੀਆਂ ਨੇ ਮਿਲ ਕੇ ਕਾਕਨੀ ਨੂੰ ਚੁੱਕਿਆ ਤੇ ਕਿਸੇ ਤਰ੍ਹਾਂ ਪ੍ਰਾਨਾ ਨੇ ਉਸ ਨੂੰ ਵੀ ਹਸਪਤਾਲ ਪਹੁੰਚਾਇਆ। ਪੂਰੇ ਹਸਪਤਾਲ ਵਿੱਚ ਹਾਹਾਕਾਰ ਮੱਚ ਗਈ। ਪੁਰਖੂ ਕੈਂਪ ਦੀਆਂ ਇਹ ਵਾਰਦਾਤਾਂ ਕਈ ਦਿਨਾਂ ਤਕ ਅਖ਼ਬਾਰ ਵਿੱਚ ਵੀ ਛਾਈਆਂ ਰਹੀਆਂ ਕਿਉਂਕਿ ਤਿੰਨ ਦਿਨਾਂ ਬਾਅਦ ਕੇਸਰ ਤੇ ਕੁਸੁਮਾਵਤੀ ਦੀ ਮੌਤ ਹੋ ਗਈ ਸੀ ਤੇ ਕਾਕਨੀ ਵੀ ਪੰਜਵੇਂ ਦਿਨ ਦਮ ਤੋੜ ਗਈ।

ਕਾਕਨੀ ਵੀ ਰੌਲਾ ਸੁਣ ਕੇ ਉਧਰ ਹੀ ਭੱਜੀ ਸੀ। ਉੱਥੇ ਕਿਸੇ ਨੂੰ ਦੇਖ ਕੇ ਵਾਪਸ ਆਉਣ ਲੱਗੀ ਸੀ ਕਿ ਕਿਸੇ ਨੇ ਪਿੱਛਿਓਂ ਮੂੰਹ ਬੰਦ ਕਰ ਦਿੱਤਾ। ਕਾਕਨੀ ਚੀਕਣ ਲੱਗੀ, ਪਰ ਉਸ ਦੀ ਚੀਕ ਕੇਸਰ ਤੇ ਕੁੁਸੁਮਾ ਦੇ ਰੌਲੇ ’ਚ ਦਬ ਗਈ ਸੀ। ਉਸ ਚੋਰ ਨੇ ਕਾਕਨੀ ਦੇ ਕੰਨਾਂ ’ਚੋਂ ਦੋਵੇਂ ਡੇਜਹਰੂ (ਕਸ਼ਮੀਰੀ ਮੰਗਲਸੂਤਰ) ਤੇ ਗਲੇ ਦੀ ਚੇਨ ਖੋਹ ਲਈ। ਕਾਕਨੀ ਦੀਆਂ ਬੁੱਢੀਆਂ ਹੱਡੀਆਂ ਨੇ ਮੁਕਾਬਲਾ ਤਾਂ ਕੀਤਾ, ਪਰ ਸ਼ੈਤਾਨ ਚੋਰ ਨੇ ਕਾਕਨੀ ਦੇ ਢਿੱਡ ਵਿੱਚ ਚਾਕੂ ਖੋਭ ਕੇ ਉਸ ਨੂੰ ਚੁੱਪ ਕਰਾ ਦਿੱਤਾ। ਉਸ ਤੋਂ ਪਹਿਲਾਂ ਵੀ ਕਈ ਵਾਰ ਡੇਜਹਰੂ ਖੋਹਣ ਦੀਆਂ ਵਾਰਦਾਤਾਂ ਹੋ ਚੁੱਕੀਆਂ ਸਨ, ਪਰ ਕੋਈ ਵੀ ਸੁਹਾਗਣ ਜਾਂ ਪੁੱਤਰਵਤੀ ਆਪਣੇ ਹੱਥੀਂ ਡੇਜਹਰੂ ਨਹੀਂ ਉਤਾਰਨਾ ਚਾਹੁੰਦੀ ਸੀ।

ਪ੍ਰਾਨਾ ਹੁਣ ਇਕੱਲੀ ਰਹਿ ਗਈ। ਸਾਰਿਆਂ ਨੇ ਉਸ ਦੇ ਮਾਤਾ ਪਿਤਾ ਨੂੰ ਉੱਥੇ ਹੀ ਰਹਿਣ ਦੀ ਪੇਸ਼ਕਸ਼ ਕੀਤੀ। ਮਜਬੂਰ, ਲਾਚਾਰ, ਬੇਵੱਸ ਮਾਂ ਉੱਥੇ ਹੀ ਪ੍ਰਾਨਾ ਦੇ ਨਾਲ ਰਹਿਣ ਲੱਗੀ ਕਿਉਂਕਿ ਜੇ ਉਹ ਆਪਣਾ ਟੈਂਟ ਛੱਡ ਦਿੰਦੇ ਤਾਂ ਉਨ੍ਹਾਂ ਨੂੰ ਟੈਂਟ ਤੋਂ ਤਾਂ ਮਹਿਰੂਮ ਹੋਣਾ ਹੀ ਪੈਂਦਾ ਸਗੋਂ ਨਾਲ ਹੀ ਰਾਹਤ ਰਾਸ਼ੀ ਤੋਂ ਵੀ ਹੱਥ ਧੋਣੇ ਪੈਂਦੇ। ਹਰ ਰੋਜ਼ ਪ੍ਰਾਨਾ ਦੇ ਬਾਬੂ ਜੀ ਆਉਂਦੇ ਤੇ ਸ਼ਾਮ ਢਲੇ ਵਾਪਸ ਚਲੇ ਜਾਂਦੇ।

ਕਸ਼ਮੀਰ ਦੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਸਨ। ਸੁਧਾਰ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆ ਰਹੀ ਸੀ। ਪੂਰੀ ਕਸ਼ਮੀਰ ਘਾਟੀ ਤੋਂ ਹਿੰਦੂ ਪਰਿਵਾਰ ਪੂਰੇ ਭਾਰਤ ਵਿੱਚ ਸ਼ਰਨਾਰਥੀ ਬਣ ਕੇ ਸ਼ਰਨ ਲੈ ਰਹੇ ਸਨ। ਗਰਮੀ ਵਿੱਚ ਕੜਕਦੀ ਧੁੱਪ, ਸਨ ਸਟਰੋਕ ਨੇ ਕਈ ਲੋਕਾਂ ਦੀ ਜਾਨ ਲੈ ਲਈ। ਚਮਕਦੇ ਦਮਕਦੇ ਲਾਲ ਲਾਲ ਗੱਲ੍ਹਾਂ ਵਾਲੇ ਚਿਹਰੇ ਪੀਲੇ ਪੈਂਦੇ ਜਾ ਰਹੇ ਸਨ। ਚੁਸਤ-ਦਰੁਸਤ ਸਿਹਤਮੰਦ ਸਰੀਰ ਵਾਲੇ ਸਾਰੇ ਹੁਣ ਪਤਲੇ ਜਿਹੇ ਹੁੰਦੇ ਜਾ ਰਹੇ ਸਨ।

ਸਮਾਂ ਕਿਵੇਂ ਲੰਘਿਆ ਪ੍ਰਾਨਾ ਨੂੰ ਯਾਦ ਨਹੀਂ। ਹੋਸ਼ ਤਾਂ ਉਸ ਨੂੰ ਉਦੋਂ ਆਇਆ, ਜਦੋਂ ਸ਼ੀਨ ਦੀਆਂ ਕਿਤਾਬਾਂ ਵਿੱਚ ਉਸ ਨੇ ਕਿਸੇ ਵਿਜੇ ਦਾ ਖ਼ਤ ਵੇਖਿਆ। ਖ਼ਤ ਪੜ੍ਹ ਕੇ ਪ੍ਰਾਨਾ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਸ਼ੀਨ ਜੰਮੂ ਦੇ ਮਾਹੌਲ ਵਿੱਚ ਪਲੀ ਸੀ। ਜਦੋਂ ਦਾ ਹੋਸ਼ ਸੰਭਾਲਿਆ ਸੀ, ਉਦੋਂ ਤੋਂ ਮਾਂ ਦੀਆਂ ਅੱਖਾਂ ਵਿੱਚ ਲਾਚਾਰੀ, ਬੇਵਸੀ ਤੇ ਘਰ ਵਿੱਚ ਕਿੱਲਤ ਦੇਖੀ ਸੀ। ਕਸ਼ਮੀਰ ਵਿੱਚ ਉਹ ਕਿੱਥੇ ਸਨ? ਉਸ ਦਾ ਉਸ ਨੂੰ ਅਹਿਸਾਸ ਨਹੀਂ ਸੀ। ਕਸ਼ਮੀਰੀ ਸੰਸਕਾਰ, ਕਸ਼ਮੀਰੀਅਤ ਕੋਹਾਂ ਮੀਲ ਪਿੱਛੇ ਰਹਿ ਗਏ। ਟੈਂਟਾਂ ਵਿੱਚ ਰਹਿੰਦੇ ਲਗਭਗ ਸਾਰੇ ਲੋਕ ਰੋਜ਼ਾਨਾ ਦੀ ਤੰਗੀ ਤੋਂ ਤੰਗ ਸਨ ਤਾਂ ਫਿਰ ਕਸ਼ਮੀਰੀਅਤ ਦਾ ਪਾਠ ਕੌਣ ਪੜ੍ਹਾਉਂਦਾ?

ਸ਼ੀਨ ਦੇ ਕਾਲਜ ਤੋਂ ਆਉਂਦੇ ਹੀ ਪ੍ਰਾਨਾ ਨੇ ਸਵਾਲਾਂ ਦੀ ਝੜੀ ਲਾ ਦਿੱਤੀ। ਸ਼ੀਨ ਨੇ ਬੇਰੁਖ਼ੀ ਨਾਲ ਸਵਾਲਾਂ ਦਾ ਜਵਾਬ ਦਿੱਤਾ। ਪ੍ਰਾਨਾ ਨੇ ਉਸ ਨੂੰ ਹਰ ਤਰ੍ਹਾਂ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨੀ। ਵਿਜੇ ਨੇੜੇ ਹੀ ਆਰਟੀਫੀਸ਼ੀਅਲ ਜਿਊਲਰੀ ਦੀ ਦੁਕਾਨ ਚਲਾਉਂਦਾ ਸੀ। ਪ੍ਰਾਨਾ ਨੇ ਟੁੱਟੇ ਮਨ ਨਾਲ ਵਿਜੇ ਨਾਲ ਸ਼ੀਨ ਦਾ ਵਿਆਹ ਕਰ ਦਿੱਤਾ। ਵਿਜੇ ਕਸ਼ਮੀਰੀ ਨਹੀਂ ਸਗੋਂ ਡੋਗਰਾ ਸੀ। ਉਸ ਦੇ ਰੀਤੀ ਰਿਵਾਜ ਸਭ ਕੁਝ ਵੱਖਰੇ ਸਨ, ਫਿਰ ਵੀ ਪ੍ਰਾਨਾ ਨੇ ਜਿਵੇਂ ਕਿਵੇਂ ਸਭ ਕੁਝ ਕੀਤਾ।

ਸ਼ੀਨ ਦੇ ਵਿਆਹ ਨੂੰ ਮੁਸ਼ਕਿਲ ਨਾਲ ਚਾਰ ਮਹੀਨੇ ਹੀ ਹੋਏ ਸਨ ਕਿ ਇੱਕ ਦਿਨ ਉਹ ਰੋਂਦੀ ਪਿੱਟਦੀ ਆਪਣੀ ਮਾਂ ਕੋਲ ਆ ਗਈ। ਉਸ ਨੇ ਮਾਂ ਨੂੰ ਦੱਸਿਆ ਕਿ ਵਿਜੇ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ, ਉਹ ਤਲਾਕ ਚਾਹੁੰਦਾ ਹੈ। ਪ੍ਰਾਨਾ ਧੀ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ। ਵਿਜੇ ਨੇ ਉਸ ਨੂੰ ਦੋ ਤਿੰਨ ਮਹੀਨੇ ਖ਼ੂਬ ਭੋਗਿਆ। ਤਿੰਨ ਮਹੀਨਿਆਂ ਮਗਰੋਂ ਦਹੇਜ ਦੀ ਭੁੱਖ ਸਤਾਉਣ ਲੱਗੀ। ਨਾਲ ਹੀ ਗੁਆਂਢ ਵਿੱਚ ਰਹਿੰਦੀ ਪਿੰਕੀ ਨਾਲ ਪਿਆਰ ਦੀਆਂ ਪੀਂਘਾਂ ਵਧਾ ਰਿਹਾ ਸੀ। ਪਿੰਕੀ ਮਾਂ ਬਾਪ ਦੀ ਇਕਲੌਤੀ ਧੀ ਸੀ ਜਿਸ ਦਾ ਬਾਪ ਕੱਪੜਿਆਂ ਦਾ ਵਪਾਰ ਕਰਦਾ ਸੀ। ਪ੍ਰਾਨਾ ਨੂੰ ਕੁਝ ਵੀ ਨਹੀਂ ਸੁੱਝ ਰਿਹਾ ਸੀ ਕਿ ਕੀ ਕਰੇ। ਫਿਰ ਇੱਕ ਵਾਰ ਕੈਂਪ ਵਾਲੇ ਇਕੱਠੇ ਹੋਏ। ਵਿਜੇ ਨੂੰ ਵੀ ਬੁਲਾਇਆ ਗਿਆ, ਪਰ ਉਸ ਨੇ ਆਉਂਦੇ ਹੀ ਸ਼ੀਨ ’ਤੇ ਬਦਚਲਨੀ ਦਾ ਕਲੰਕ ਲਗਾਇਆ ਤੇ ਹੋਰ ਵੀ ਤਮਾਮ ਇਲਜ਼ਾਮ ਲਗਾ ਕੇ ਤਲਾਕ ਦੀ ਮੰਗ ਕੀਤੀ।

ਕੈਂਪ ਵਿੱਚ ਰਹਿੰਦੇ ਵੱਡੇ ਬਜ਼ੁਰਗਾਂ ਨੇ ਇਹੀ ਫ਼ੈਸਲਾ ਕੀਤਾ ਕਿ ਤਲਾਕ ਲੈ ਕੇ ਦੂਜਾ ਵਿਆਹ ਕਰ ਦੇਣਗੇ। ਉਸ ਮਗਰੋਂ ਪ੍ਰਾਨਾ ਧੀ ਨਾਲ ਕਚਹਿਰੀ ਦੇ ਚੱਕਰ ਕੱਟਣ ਲੱਗੀ। ਕਚਹਿਰੀ ਵਿੱਚ ਕਈ ਕਸ਼ਮੀਰੀ ਕੁੜੀਆਂ ਨਿਆਂ ਲਈ ਭਟਕ ਰਹੀਆਂ ਸਨ। ਯਕੀਨ ਨਹੀਂ ਹੁੰਦਾ ਕਿ ਜਿਸ ਕਸ਼ਮੀਰ ਵਿੱਚ ਵਰ੍ਹਿਆਂ ਤੱਕ ਤਲਾਕ ਦਾ ਨਾਂ ਨਹੀਂ ਸੁਣਾਈ ਦਿੰਦਾ ਸੀ, ਉਸੇ ਕਸ਼ਮੀਰ ਦੀਆਂ ਕੁੜੀਆਂ ਕਚਹਿਰੀ ਵਿੱਚ ਇਨਸਾਫ਼ ਤੇ ਤਲਾਕ ਪਾਉਣ ਲਈ ਤੜਫ਼ ਰਹੀਆਂ ਸਨ। ਸ਼ੀਨ ਦਾ ਤਲਾਕ ਹੋ ਗਿਆ। ਪ੍ਰਾਨਾ ਉਸ ਨੂੰ ਲੈ ਕੇ ਫਿਰ ਆਪਣੇ ਕੈਂਪ ਵਿੱਚ ਆ ਗਈ। ਕਚਹਿਰੀ ਵਿੱਚ ਅਣਗਿਣਤ ਕਸ਼ਮੀਰੀ ਕੁੜੀਆਂ ਨੂੰ ਦੇਖ ਕੇ ਉਸ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਸੀ। ਕੁਝ ਦਿਨਾਂ ਬਾਅਦ ਉਸ ਨੇ ਆਪਣਾ ਡੇਜਹਰੂ ਅਤੇ ਸ਼ੀਨ ਦੇ ਕੰਨਾਂ ਦੇ ਡੇਜਹਰੂ ਲਾਹ ਕੇ ਦੋਵਾਂ ਨੂੰ ਵੇਚ ਕੇ ਇੱਕ ਛੋਟਾ ਜਿਹਾ ਮਕਾਨ ਖ਼ਰੀਦ ਲਿਆ ਜਿਸ ਦਾ ਨਾਂ ‘ਜੀਓ ਔਰ ਜੀਨੇ ਦੋ’ ਰੱਖਿਆ। ਨੌਂ ਮਹੀਨਿਆਂ ਮਗਰੋਂ ਸ਼ੀਨ ਨੇ ਗਿਰਿਜਾ ਨੂੰ ਜਨਮ ਦਿੱਤਾ। ਪ੍ਰਾਨਾ ਅਤੇ ਸ਼ੀਨ ਨੇ ਗਿਰਿਜਾ ਨੂੰ ਪੂਰੇ ਸੰਸਕਾਰਾਂ ਨਾਲ ਪਾਲਿਆ। ਪੜ੍ਹ ਲਿਖ ਕੇ ਸ਼ਰਨਾਰਥੀ ਸੀਟ ਮਿਲਣ ਨਾਲ ਡਾਕਟਰ ਵੀ ਬਣ ਗਈ ਅਤੇ ਕਿਸਮਤ ਦੀਆਂ ਮਾਰੀਆਂ ਕਈ ਕਸ਼ਮੀਰੀ ਹੀ ਨਹੀਂ ਸਗੋਂ ਕਈ ਹੋਰ ਔਰਤਾਂ ਨੂੰ ਵੀ ਇਸ ਕੇਂਦਰ ਵਿੱਚ ਹੁਨਰ ਨਾਲ ਰੋਜ਼ੀ ਰੋਟੀ ਮਿਲੀ। ਕੋਈ ਸ਼ਾਲ ਬਣਾਉਂਦੀ ਤਾਂ ਕੋਈ ਗੱਬੇ (ਊਨੀ ਕਲੀਨ), ਕੋਈ ਪਾਪੜ ਤਾਂ ਕੋਈ ਆਚਾਰ। ਜਿਸ ਨੂੰ ਜੋ ਆਉਂਦਾ ਉਹੀ ਬਣਾਉਂਦਾ ਤੇ ਮਹੀਨੇ ਦੇ ਅਖੀਰ ਵਿੱਚ ਚਾਰ ਦਿਨ ਸੇਲ ਲੱਗਦੀ। ਪੂਰਾ ਜੰਮੂ ਸ਼ਹਿਰ ਇਸ ਸੇਲ ਵਿੱਚ ਸਾਮਾਨ ਖ਼ਰੀਦਣ ਆਉਂਦਾ। ‘ਜੀਓ ਔਰ ਜੀਨੇ ਦੋ’ ਕੇਂਦਰ ਦਿਨੋਂ ਦਿਨ ਮਸ਼ਹੂਰ ਹੋ ਰਿਹਾ ਸੀ। ਔਰਤਾਂ ਦੇ ਮਾਯੂਸ ਚਿਹਰਿਆਂ ’ਤੇ ਖ਼ੁਸ਼ੀ ਦੀ ਲਾਲੀ ਦੇਖ ਕੇ ਪ੍ਰਾਨਾ ਖ਼ੁਸ਼ ਹੋ ਜਾਂਦੀ। ਆਪਣੀ ਦੋਹਤੀ ਨੂੰ ਪੜ੍ਹਾਉਣ ਲਿਖਾਉਣ ਵਿੱਚ ਉਸ ਨੇ ਕੋਈ ਕਸਰ ਨਾ ਛੱਡੀ। ਮਾਂ ਧੀ ਦੀ ਮਿਹਨਤ ਅਤੇ ਸਰਕਾਰ ਵੱਲੋਂ ਮਿਲੀ ਮੁਫ਼ਤ ਸੀਟ ਨਾਲ ਗਿਰਿਜਾ ਨੂੰ ਜੰਮੂ ਵਿੱਚ ਹੀ ਮੈਡੀਕਲ ਕਾਲਜ ਦੀ ਸੀਟ ਮਿਲ ਗਈ।

ਮਾਂ ਨੂੰ ਬੇਸੁੱਧ ਜਿਹਾ ਦੇਖ ਕੇ ਸ਼ੀਨ ਨੇ ਮਾਂ ਨੂੰ ਝੰਜੋੜਿਆ, ‘‘ਮਾਂ ਕੀ ਗੱਲ ਹੈ? ਕੀ ਸੋਚ ਰਹੀ ਹੈਂ?’’ ਵਰ੍ਹਿਆਂ ਬਾਅਦ ਪ੍ਰਾਨਾ ਦੀਆਂ ਅੱਖਾਂ ’ਚੋਂ ਹੰਝੂ ਵਹਿ ਨਿਕਲੇ ਜੋ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਸਨ। ਵਰ੍ਹਿਆਂ ਤੋਂ ਸੀਨੇ ਵਿੱਚ ਦੱਬੇ ਪਏ ਸ਼ਬਦ ਪ੍ਰਾਨਾ ਦੇ ਮੂੰਹੋ ਨਿਕਲ ਪਏ, ‘‘ਧੀਏ, ਭਰੋਸਾ, ਉਮੀਦਾਂ ਸਭ ਥੋੜ੍ਹੇ ਦਿਨ੍ਹਾਂ ਦੀਆਂ ਹੋਣਗੀਆਂ। ਆਖ਼ਰਕਾਰ ਰਾਗਿਨੀ ਬੇਸਹਾਰਾ ਹੋ ਗਈ। ਹਰ ਪਲ ਉਸ ਨੂੰ ਮਰਨਾ ਪਵੇਗਾ। ਤਹਿਸੀਲਦਾਰ ਰਾਹਤ ਰਾਸ਼ੀ ਦਿੰਦਿਆਂ ਹੱਥ ਨੂੰ ਦਬਾ ਕੇ ਦਿਲ ਦੀ ਮਨਸ਼ਾ ਜਾਣਨ ਦੀ ਕੋਸ਼ਿਸ਼ ਕਰੇਗਾ। ਰਾਗਿਨੀ ਦੱਬ ਗਈ ਜਾਂ ਡਰ ਗਈ ਤਾਂ ਹਰ ਦਿਨ ਕੋਈ ਨਾ ਕੋਈ ਭੇੜੀਆ ਉਸ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰੇਗਾ। ਰਾਜਨੇਤਾ ਤੇ ਉਸ ਦੇ ਵਰਕਰ ਨਿਆਂ ਘੱਟ, ਉਸ ਦੇ ਸਰੀਰ ਦਾ ਮੁਆਇਨਾ ਜ਼ਿਆਦਾ ਕਰਨਗੇ।

ਇਹੀ ਨਹੀਂ, ਕਸ਼ਮੀਰ ਤੋਂ ਨਿਕਲ ਕੇ ਸ਼ਰਨਾਰਥੀ ਬਣ ਕੇ ਜੰਮੂ ਵਿੱਚ ਸ਼ਰਨ ਲਈ, ਪਰ ਹੁਣ ਕਿੱਥੇ ਜਾਣ?’’ ਮਾਂ ਦੇ ਹੰਝੂਆਂ ਨੇ ਸ਼ੀਨ ਦੇ ਜ਼ਖ਼ਮਾਂ ਨੂੰ ਵੀ ਤਾਜ਼ਾ ਕਰ ਦਿੱਤਾ। ਦੋਵੇਂ ਦੇਰ ਰਾਤ ਤੱਕ ਹੰਝੂ ਵਹਾ ਕੇ ਵਰ੍ਹਿਆਂ ਤੋਂ ਜੰਮੇ ਲਾਵੇ ਨੂੰ ਕੱਢ ਰਹੀਆਂ ਸਨ।

- ਪੰਜਾਬੀ ਰੂਪ: ਅਵਤਾਰ ਸਿੰਘ ਢਿੱਲੋਂ

* ਪੰਜਾਬੀ ਨਿਊਜ਼ ਰੀਡਰ, ਆਲ ਇੰਡੀਆ ਰੇਡੀਓ, ਨਵੀਂ ਦਿੱਲੀ।

ਸੰਪਰਕ: 98998-32513


ਵਾਤਾਵਰਣ ਦੀ ਸੰਭਾਲ

ਜਯਾ ਵਿਨੈ ਤਾਗੜੇ

ਬੱਸ ਰੁਕੀ ਅਤੇ ਕੁਝ ਯਾਤਰੀਆਂ ਨਾਲ ਇੱਕ ਸੀਨੀਅਰ ਅਧਿਆਪਕਾ ਵੀ ਚੜ੍ਹੀ।

‘‘ਓ ਬਈ, ਅੱਜ ਫੇਰ ਤੂੰ ਸੰਧੂਰ ਨਹੀਂ ਲਾਇਆ?’’ ਉਹ ਸੀਨੀਅਰ ਅਧਿਆਪਕਾ ਇਹ ਕਹਿੰਦਿਆਂ ਬੱਸ ਦੀ ਸੀਟ ’ਤੇ ਆਪਣੀ ਸਹਿਕਰਮੀ ਅਧਿਆਪਕਾ ਕੇ ਕੋਲ ਆ ਕੇ ਬਹਿ ਗਈ।

ਚਿਹਰੇ ’ਤੇ ਨਕਲੀ ਮੁਸਕਰਾਹਟ ਲਿਆਉਂਦਿਆਂ ਜੂਨੀਅਰ ਅਧਿਆਪਕਾ ਕੁਝ ਝਿਜਕੀ। ਹਾਲਾਂਕਿ ਉਹਦੇ ਮਨ ਵਿੱਚ ਤਾਂ ਆ ਰਿਹਾ ਸੀ ਕਿ ਕਹਿ ਦੇਵੇ ‘ਤੁਸੀਂ ਸਿਰਫ਼ ਆਪਣੇ ਕੰਮ ਨਾਲ ਕੰਮ ਰੱਖੋ।’

ਸੀਨੀਅਰ ਅਧਿਆਪਕਾ ਲਗਪਗ ਰੋਜ਼ ਹੀ ਕਦੇ ਉਹਨੂੰ ਰੀਤੀ ਰਿਵਾਜ, ਪੂਜਾ ਵਿਧੀ, ਵਰਤ ਆਦਿ ਲਈ ਟੋਕਦੀ, ਕਦੇ ਆਪਣੇ ਜ਼ਿਆਦਾ ਗਿਆਨ ਅਤੇ ਅਨੁਭਵ ਦੀਆਂ ਸ਼ੇਖੀਆਂ ਮਾਰਦੀ।

ਅੱਜ ਗੱਲ ਕੁਝ ਵੱਖਰੀ ਸੀ। ਸੀਨੀਅਰ ਅਧਿਆਪਕਾ ਦੇ ਹੱਥ ਵਿੱਚ ਵੱਡਾ ਸਾਰਾ ਪੌਲੀਥੀਨ ਲਿਫ਼ਾਫ਼ਾ ਸੀ। ਬੱਸ ’ਚ ਚੜ੍ਹਦੇ ਸਮੇਂ ਉਹਨੂੰ ਪ੍ਰੇਸ਼ਾਨੀ ਹੋ ਰਹੀ ਸੀ। ਕੰਡਕਟਰ ਨੇ ਉਸ ਤੋਂ ਉਹ ਵੱਡਾ ਲਿਫ਼ਾਫ਼ਾ ਫੜ ਲਿਆ ਅਤੇ ਜਦੋਂ ਉਹ ਸੀਟ ’ਤੇ ਚੰਗੀ ਤਰ੍ਹਾਂ ਬਹਿ ਗਈ ਤਾਂ ਕੰਡਕਟਰ ਨੇ ਉਹਨੂੰ ਉਹ ਫਿਰ ਫੜਾ ਦਿੱਤਾ। ਜੂਨੀਅਰ ਅਧਿਆਪਕਾ ਨੇ ਸਵਾਲੀਆ ਨਜ਼ਰਾਂ ਨਾਲ ਉਸ ਲਿਫ਼ਾਫ਼ੇ ਨੂੰ ਵੇਖਿਆ ਤਾਂ ਸੀਨੀਅਰ ਅਧਿਆਪਕਾ ਨੇ ਉਹਦੀ ਜਗਿਆਸਾ ਸ਼ਾਂਤ ਕਰਦਿਆਂ ਕਿਹਾ, ‘‘ਪੂਜਾ ਦਾ ਸਾਮਾਨ ਹੈ, ਵਿਸਰਜਨ ਕਰਨ ਲਈ ਲਿਆਈ ਹਾਂ।’’

‘‘ਸਕੂਲ ਵਿੱਚ ਵਿਸਰਜਨ ਵੀ ਹੁੰਦਾ ਹੈ? ਵੈਰੀ ਸਟ੍ਰੇਂਜ!’’ ਜੂਨੀਅਰ ਅਧਿਆਪਕਾ ਨੇ ਭਰਵੱਟੇ ਚੜ੍ਹਾ ਕੇ ਪੁੱਛਿਆ।

‘‘ਹਾ-ਹਾ-ਹਾ, ਨਹੀਂ ਬਈ! ਕੀ ਕਹਿ ਰਹੀ ਹੈਂ! ਉਹ ਰਾਹ ਵਿੱਚ ਨਦੀ ਆਵੇਗੀ ਨਾ, ਤਾਂ ਖਿੜਕੀ ’ਚੋਂ ਸਿੱਧਾ ਪਾਣੀ ਵਿੱਚ ਇਹ ਲਿਫ਼ਾਫ਼ਾ ਵਿਸਰਜਿਤ ਕਰ ਦੇਵਾਂਗੀ।’’ ਹੱਸ ਕੇ ਸੀਨੀਅਰ ਅਧਿਆਪਕਾ ਦੱਸਣ ਲੱਗੀ।

ਇਹ ਸੁਣ ਕੇ ਜੂਨੀਅਰ ਅਧਿਆਪਕਾ ਹੈਰਾਨ ਹੋਈ ਅਤੇ ਬੋਲੀ, ‘‘ਯਕੀਨ ਨਹੀਂ ਹੁੰਦਾ। ਤੁਸੀਂ ਅਧਿਆਪਕਾ ਹੋ ਕੇ ਵਾਤਾਵਰਣ ਨੂੰ ਬਚਾਉਣ ਦੀ ਥਾਂ ਉਹਨੂੰ ਦੂਸ਼ਿਤ ਕਰ ਰਹੇ ਹੋ!’’ ਅੱਜ ਟੋਕਣ ਦੀ ਵਾਰੀ ਜੂਨੀਅਰ ਅਧਿਆਪਕਾ ਦੀ ਸੀ, ਸੋ ਚੁੱਪ ਕਿਵੇਂ ਰਹਿੰਦੀ। ਉਹਨੇ ਵਾਤਾਵਰਣ ’ਤੇ ਲੰਮਾ ਚੌੜਾ ਭਾਸ਼ਨ ਵੀ ਦੇ ਦਿੱਤਾ।

ਉਹਦੀ ਗੱਲ ਸੁਣ ਕੇ ਸੀਨੀਅਰ ਅਧਿਆਪਕਾ ਕੁਝ ਅਸਹਿਜ ਹੁੰਦਿਆਂ ਬਸ ਇੰਨਾ ਹੀ ਬੋਲੀ, ‘‘ਪਾਣੀ ਦੀ ਸਾਫ਼-ਸਫ਼ਾਈ ਲਈ ਫਿਲਟਰ ਪਲਾਂਟ ਲੱਗੇ ਤਾਂ ਹਨ!’’ ਇਹ ਕਹਿੰਦਿਆਂ ਸੀਨੀਅਰ ਅਧਿਆਪਕਾ ਉੱਠੀ, ਸਿਰ ਨੂੰ ਪੱਲੂ ਨਾਲ ਢਕਿਆ, ਪੂਜਾ-ਸਮੱਗਰੀ ਨਾਲ ਭਰਿਆ ਲਿਫ਼ਾਫ਼ਾ ਖਿੜਕੀ ’ਚੋਂ ਬਾਹਰ ਨਦੀ ਵਿੱਚ ਸੁੱਟ ਦਿੱਤਾ ਅਤੇ ਝੱਟ ਦੋਵੇਂ ਹੱਥ ਜੋੜ ਕੇ ਡਿੱਗ ਰਹੇ ਲਿਫ਼ਾਫ਼ੇ ਨੂੰ ਨਮਸਕਾਰ ਕੀਤੀ।

- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ

ਸੰਪਰਕ: 94176-92015


ਪ੍ਰਾਹੁਣੇ

ਬਿੰਦਰ ਸਿੰਘ ਖੁੱਡੀ ਕਲਾਂ

ਅੱਸੂ ਦਾ ਮਹੀਨਾ ਹੋਣ ਕਾਰਨ ਸਵੇਰ ਸ਼ਾਮ ਅਤੇ ਰਾਤ ਦੀ ਗਰਮੀ ਤਾਂ ਤਕਰੀਬਨ ਖ਼ਤਮ ਹੀ ਹੋ ਗਈ ਸੀ। ਦੁਪਹਿਰਾ ਜ਼ਰੂਰ ਹਾਲੇ ਗਰਮੀ ਦਾ ਅਹਿਸਾਸ ਕਰਵਾਉਂਦਾ ਸੀ। ਦੁਪਹਿਰਾ ਢਲਿਆ ਤਾਂ ਭਜਨੋ ਕਮਰੇ ਵਿੱਚੋਂ ਉੱਠ ਬਾਹਰ ਵਿਹੜੇ ’ਚ ਪਏ ਮੰਜੇ ’ਤੇ ਆ ਪਈ ਸੀ। ਭਾਂਅ-ਭਾਂਅ ਕਰਦੇ ਲੰਬੇ ਚੌੜੇ ਵਿਹੜੇ ’ਚ ਭਜਨੋ ਨੂੰ ਇਕਲਾਪਾ ਵੱਢ ਵੱਢ ਖਾ ਰਿਹਾ ਸੀ। ਭਜਨੋ ਦੇ ਘਰ ਵਾਲੇ ਮੇਜਰ ਸਿਹੁੰ ਦਾ ਤਾਂ ਘਰੇ ਜਿਵੇਂ ਜੀਅ ਹੀ ਨਹੀਂ ਲੱਗਦਾ ਸੀ। ਉਹ ਤਾਂ ਸਵੇਰੇ ਰੋਟੀ ਪਾਣੀ ਖਾ ਪੀ ਕੇ ਸੱਥ ’ਚ ਜਾ ਬੈਠਦਾ ਤੇ ਦੁਪਹਿਰ ਦੀ ਖਾ ਪੀ ਕੇ ਫਿਰ ਮੁੜ ਜਾਂਦਾ। ਫੇਰ ਆਥਣੇ ਆਉਂਦਾ। ਭਜਨੋ ਦਾ ਮੁੰਡਾ ਆਪਣੇ ਕੰਮ ਧੰਦੇ ਗਿਆ ਰਹਿੰਦਾ ਅਤੇ ਨੂੰਹ ਸਾਰਾ ਦਿਨ ਮੋਬਾਈਲ ਜਾਂ ਟੈਲੀਵਿਜ਼ਨ ਨਾਲ ਚਿੰਬੜੀ ਰਹਿੰਦੀ। ਟੈਲੀਵਿਜ਼ਨ ਅਤੇ ਮੋਬਾਈਲ ਵੇਖ ਵੇਖ ’ਕੱਲੀ ਹੀ ਹੱਸਦੀ ਰਹਿੰਦੀ। ਖੇਤੀ ਛੱਡੀ ਨੂੰ ਤਾਂ ਕਈ ਵਰ੍ਹੇ ਹੋ ਗਏ ਸਨ। ‘‘ਬੇਬੇ, ਪਸ਼ੂਆਂ ਦਾ ਖਰਚਾ ਤਾਂ ਦੁੱਧ ਦੇ ਖਰਚੇ ਨਾਲੋਂ ਮੂਹਰੇ ਜਾਂਦੈ’’ ਕਹਿੰਦਿਆਂ ਭਜਨੋ ਦੇ ਮੁੰਡੇ ਨੇ ਪਿਛਲੇ ਵਰ੍ਹੇ ਸਾਰੇ ਪਸ਼ੂ ਵੀ ਵੇਚ ਦਿੱਤੇ ਸਨ।

ਨਾ ਖੇਤੀ ਨਾ ਪਸ਼ੂ ਡੰਗਰ। ਜ਼ਿਮੀਦਾਰਾਂ ਦੇ ਘਰਾਂ ’ਚ ਹੋਰ ਫਿਰ ਕੰਮ ਰਹਿ ਵੀ ਕੀ ਜਾਂਦੈ? ਸਾਰੀ ਉਮਰ ਸੀਰੀਆਂ ਅਤੇ ਦਿਹਾੜੀਆਂ ਦੀਆਂ ਰੋਟੀਆਂ ਲਾਹੁਣ ਅਤੇ ਪਸ਼ੂਆਂ ਦੀਆਂ ਸੰਨ੍ਹੀਆਂ ਰਲਾਉਣ ਵਾਲੀ ਭਜਨੋ ਤਾਂ ਹੁਣ ਜਮਾਂ ਈ ਵਿਹਲੀ ਹੋ ਗਈ ਸੀ। ਕਈ ਵਾਰ ਭਜਨੋ ’ਕੱਲੀ ਹੀ ਬੁੜ-ਬੁੜ ਕਰਦੀ ‘‘ਜੈ ਖਾਣਾ ਕੋਈ ਤਾਂ ਆਹਰ ਹੋਵੇ ਬੰਦੇ ਨੂੰ। ਵਿਹਲਾ ਬੰਦਾ ਤਾਂ ਊਂਈ ਰੋਗੀ ਹੋ ਜਾਂਦੈ।’’

ਦਿਲ ਦਿਮਾਗ਼ ’ਤੇ ਛਾਈ ਉਦਾਸੀ ’ਚ ਮੰਜੇ ’ਤੇ ਪਈ ਭਜਨੋ ਯਾਦਾਂ ਦੇ ਸਮੁੰਦਰ ’ਚ ਗੋਤੇ ਖਾਣ ਲੱਗੀ। ਜਿੱਦਣ ਇਸ ਘਰ ਵਿਆਹ ਕੇ ਆਈ ਉਸ ਦਿਨ ਤਾਂ ਘਰ ’ਚ ਰੌਣਕ ਹੋਣੀ ਹੀ ਹੋਣੀ ਸੀ। ਇਸ ਘਰ ਤਾਂ ਹਮੇਸ਼ਾ ਹੀ ਵਿਆਹ ਵਰਗਾ ਮਾਹੌਲ ਰਹਿੰਦਾ ਸੀ। ਰਿਸ਼ਤਾ ਵੇਖਣ ਆਏ ਬਾਪੂ ਵੱਲੋਂ ਬੇਬੇ ਨੂੰ ਕਹੇ ਸ਼ਬਦ ‘‘ਲਾਣਾ ਥੋੜ੍ਹਾ ਜਿਹਾ ਜਿਆਦਾ ਵੱਡਾ ਬਾਕੀ ਤਾਂ ਸਭ ਕੁਛ ਠੀਕ ਆ’’ ਭਜਨੋ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਸਨ। ਉਸ ਦੇ ਸਹੁਰੇ ਹੋਰੀਂ ਤਿੰਨ ਭਰਾ, ਅਗਾਂਹ ਤਿੰਨਾਂ ਦੇ ਦੋ ਦੋ ਮੁੰਡੇ ਅਤੇ ਤਿੰਨ ਤਿੰਨ ਕੁੜੀਆਂ। ਜਿਵੇਂ ਰੱਬ ਨੇ ਸਾਰਿਆਂ ਨੂੰ ਮਿਥ ਕੇ ਹੀ ਬਰਾਬਰ ਔਲ਼ਾਦ ਦਿੱਤੀ ਹੋਵੇ। ਸਾਰੇ ਭੈਣ ਭਰਾ ਵਿਆਹੇ ਹੋਏ ਸਨ। ਸੁੱਖ ਨਾਲ ਜੁਆਕਾਂ ਵਾਲੇ ਸਨ। ਸਭ ਤੋਂ ਛੋਟਾ ਹੋਣ ਕਾਰਨ ਮੇਜਰ ਸਿਹੁੰ ਦਾ ਵਿਆਹ ਹੀ ਸਭ ਤੋਂ ਪਿੱਛੋਂ ਹੋਇਆ ਸੀ। ਆਥਣੇ ਰੋਟੀ ਬਣਦੀ ਤਾਂ ਇਹ ਪਤਾ ਨਾ ਲੱਗਦਾ ਬਈ ਕਿਹੜਾ ਖਾ ਗਿਆ ਤੇ ਕਿਹੜਾ ਰਹਿ ਗਿਆ। ਕਈ ਵਾਰ ਤਾਂ ਕੋਈ ਨਿਆਣਾ ਆ ਕੇ ਕਹਿੰਦਾ, ‘‘ਬੇਬੇ, ਮੈਂ ਰੋਟੀ ਖਾਣੀ ਆ’’ ਤਾਂ ਭਜਨੋ ਦੀ ਸੱਸ ਮੱਥੇ ’ਤੇ ਹੱਥ ਜਿਹਾ ਮਾਰ ਕੇ ਕਹਿੰਦੀ ‘‘ਵੇ ਫੋਟ ਤੂੰ ਰਹਿ ਈ ਗਿਆ ਸੀ ਹਾਲੇ।’’ ਉਨ੍ਹਾਂ ਦਿਨਾਂ ’ਚ ਅੱਜ ਵਾਂਗ ਗਿਣ ਕੇ ਰੋਟੀਆਂ ਨਹੀਂ ਪੱਕਦੀਆਂ ਸਨ। ਟੱਬਰ ਤੇ ਸੀਰੀਆਂ ਸਾਂਝੀਆਂ ਲਈ ਛਾਬਾ ਭਰ ਕੇ ਰੋਟੀਆਂ ਦਾ ਬਣਦਾ ਅਤੇ ਪਤੀਲਾ ਭਰ ਕੇ ਦਾਲ ਸਬਜ਼ੀ ਦਾ। ਜਿਹੜਾ ਰੋਟੀ ਖਾਣ ਤੋਂ ਰਹਿ ਜਾਂਦਾ ਬੇਬੇ ਕਹਿ ਦਿੰਦੀ ‘‘ਲੈ ਭਾਈ ਕੁੜੀਓ ਆਹ ਤਾਂ ਰਹਿ ਈ ਗਿਆ। ਭਾਈ ਇਹਨੂੰ ਵੀ ਦਿਓ ਰੋਟੀ ਪਾ ਕੇ ਜਵਾਕ ਨੂੰ।’’ ਭਜਨੋ ਹੋਰੀਂ ਸਾਰੀਆਂ ਦਰਾਣੀਆਂ ਜਠਾਣੀਆਂ ਦਾ ਥਵਾਕ ਇੰਨਾ ਕਿ ਜਵਾਕ ਜਿਸ ਦਾ ਮਰਜ਼ੀ ਹੁੰਦਾ, ਜਿਹੜੀ ਵੀ ਬੇਬੇ ਦੀ ਆਵਾਜ਼ ਸੁਣਦੀ ਝੱਟ ਰੋਟੀ ਪਾ ਕੇ ਦੇ ਦਿੰਦੀ। ਬਚਦੀਆਂ ਰੋਟੀਆਂ ਭਿਉਂ ਦਿੱਤੀਆਂ ਜਾਂਦੀਆਂ ਜਿਹੜੀਆਂ ਦੂਜੇ ਦਿਨ ਪਸ਼ੂਆਂ ਦੀ ਸੰਨ੍ਹੀ ’ਚ ਰਲਾ ਦਿੱਤੀਆਂ ਜਾਦੀਆਂ।

ਇਕੇਰਾਂ ਪਿੰਡ ਵਾਲਾ ਮਾਸਟਰ ਵਿਚਾਰਾ ਮਰਦਮਸ਼ੁਮਾਰੀ ਕਰਨ ਆ ਗਿਆ। ਗੇਟ ’ਤੇ ਮੰਜਾ ਡਾਹੀ ਬੈਠੀ ਭਜਨੋ ਦੀ ਸੱਸ ਨੇ ਪਹਿਲਾਂ ਤਾਂ ਉਹਦੇ ਪੂਰੇ ਅੰਤਰੇ ਲਏ: ਤੂੰ ਕੌਣ ਐਂ ਭਾਈ? ਕਿੱਥੋਂ ਆਇਐਂ? ਕਰਨ ਕੀ ਆਇਐਂ ਭਾਈ? ਮਾਸਟਰ ਨੇ ਦੱਸਿਆ, ‘‘ਬੇਬੇ, ਮੈਂ ਪਿੰਡ ਦੇ ਸਕੂਲ ਵਾਲਾ ਮਾਸਟਰ ਆਂ ਤੇ ਸਰਕਾਰ ਨੇ ਮੇਰੀ ਡਿਊਟੀ ਘਰ ਘਰ ਜਾ ਕੇ ਮਰਦਮਸ਼ੁਮਾਰੀ ਕਰਨ ਦੀ ਲਗਾਈ ਆ। ਬੇਬੇ ਜੀ, ਇਹ ਮਰਦਮਸ਼ੁਮਾਰੀ ਸਰਕਾਰ ਵੱਲੋਂ ਹਰ ਦਸ ਵਰ੍ਹਿਆਂ ਬਾਅਦ ਕਰਵਾਈ ਜਾਂਦੀ ਐ। ਮੈਂ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਮ ਲਿਖਣੇ ਨੇ।’’

‘‘ਲੈ ਭਾਈ, ਮੈਂ ਕਿਹੜਾ ਜਾਣਦੀ ਨੀ ਬੀ ਮਾਸਟਰ ਤਾਂ ਜਵਾਕਾਂ ਨੂੰ ਪੜ੍ਹਾਉਣ ਆਉਂਦੇ ਹੁੰਦੇ ਨੇ। ਮੈਂ ਤਾਂ ਕਦੇ ਨੀ ਸੁਣਿਆ ਵੀ ਮਾਸਟਰ ਮਰਦਾਸ਼ੁਮਾਰੀ ਕਰਦੇ ਫਿਰਨ। ਜਮਾਨਾਂ ਮਾੜਾ ਭਾਈ ਕੀ ਪਤਾ ਲੱਗਦੈ ਕੌਣ ਕਾਪੀ ਜੀ ਚੱਕ ਕੇ ਆ ਵੜੇ ਤੇ ਸਾਰਾ ਘਰ ਲੁੱਟ ਕੇ ਲੈ ਜਾਵੇ।’’ ਬੇਬੇ ਮਾਸਟਰ ਨੂੰ ਗੇਟ ’ਤੇ ਇਉਂ ਰੋਕੀ ਬੈਠੀ ਜਿਵੇਂ ਮੰਤਰੀ ਦੇ ਗੇਟ ’ਤੇ ਸਕਿਉਰਿਟੀ ਵਾਲੇ ਜਨਤਾ ਨੂੰ ਰੋਕੀ ਬੈਠੇ ਹੁੰਦੇ ਨੇ। ਉਹ ਤਾਂ ਸ਼ੁਕਰ ਹੈ ਅੰਦਰੋਂ ਭਜਨੋ ਦਾ ਛੋਟਾ ਜੇਠ ਆ ਗਿਆ ਤੇ ਉਹ ਮਾਸਟਰ ਨੂੰ ਆਪਣੇ ਨਾਲ ਅੰਦਰ ਲੈ ਗਿਆ। ਅੰਦਰ ਗਿਆ ਤਾਂ ਮਾਸਟਰ ਵਿਚਾਰਾ ਕਹੇ ਲੜੀਵਾਰ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖਾਓ ਤੇ ਭਜਨੋ ਕਾ ਲਾਣਾ ਜਿਹੜਾ ਨਾਮ ਮੂੰਹ ’ਚ ਆਵੇ ਲਿਖਾ ਦੇਣ। ਕਹਿੰਦੇ, ‘‘ਮਾਸਟਰ ਜੀ, ਤੁਸੀਂ ਤਾਂ ਨਾਮ ਈ ਲਿਖਣੇ ਨੇ ਲਿਖ ਕੇ ਪਰ੍ਹੇ ਕਰੋ।’’

ਭਜਨੋ ਕੇ ਲਾਣੇ ਦੀਆਂ ਤਾਂ ਸਾਰੇ ਪਿੰਡ ’ਚ ਗੱਲਾਂ ਹੁੰਦੀਆਂ ਸਨ, ਪਰ ਸਮੇਂ ਦੇ ਫੇਰ ਦਾ ਕੁਲਹਿਣਾ ਪਰਛਾਵਾਂ ਉਨ੍ਹਾਂ ਦੇ ਟੱਬਰ ’ਤੇ ਆਣ ਪਿਆ। ਉਸ ਦੇ ਜੇਠ ਦਾ ਵੱਡਾ ਮੁੰਡਾ ਦਾਰੂ ਦੱਪੇ ਆਲਿਆਂ ਨਾਲ ਬੈਠਣ ਉੱਠਣ ਲੱਗਿਆ। ਦੇਰ ਸਵੇਰ ਘਰ ਵੜਦਾ। ਛੋਟੇ ਜੇਠ ਦਾ ਮੁੰਡਾ ਸਾਰਾ ਦਿਨ ਕਾਲਜ ਦੀਆਂ ਕੁੜੀਆਂ ਮਗਰ ਤੁਰਿਆ ਫਿਰਦਾ ਰਹਿੰਦਾ। ਘਰ ’ਚ ਕਲੇਸ਼ ਰਹਿਣ ਲੱਗਿਆ। ਭਜਨੋ ਦੀਆਂ ਜਠਾਣੀਆਂ ਆਪੋ ਆਪਣੇ ਮੁੰਡਿਆਂ ’ਚ ਕਸੂਰ ਨਾ ਕੱਢਣ ਦਿੰਦੀਆਂ। ਜੇ ਭਜਨੋ ਦਾ ਸਹੁਰਾ ਮਾੜੀ ਮੋਟੀ ਝਿੜਕ ਝੱਪ ਕਰ ਦਿੰਦਾ ਤਾਂ ਘਰ ’ਚ ਕਈ ਕਈ ਦਿਨ ਕਲੇਸ਼ ਰਹਿੰਦਾ।

ਅੱਕ ਕੇ ਭਜਨੋ ਦੇ ਸਹੁਰੇ ਨੇ ਸਾਰਿਆਂ ਦੇ ਹਿੱਸੇ ਦੀ ਜ਼ਮੀਨ ਅਤੇ ਘਰ ਦੇ ਕੇ ਅੱਡੋ ਅੱਡ ਕਰ ਦਿੱਤਾ। ਭਜਨੋ ਦੇ ਮੁੰਡਾ ਤੇ ਕੁੜੀ ਤਾਂ ਉਦੋਂ ਮਸਾਂ ਦਸ ਦਸ ਵਰ੍ਹਿਆਂ ਦੇ ਹੋਣਗੇ। ਛੋਟਾ ਹੋਣ ਕਾਰਨ ਭਜਨੋ ਦੀ ਸੱਸ ਅਤੇ ਸਹੁਰੇ ਨੇ ਮੇਜਰ ਸਿਹੁੰ ਨਾਲ ਰਹਿਣ ਦਾ ਫ਼ੈਸਲਾ ਕੀਤਾ। ਭਜਨੋ ਕਾ ਆਪਣਾ ਹਿੱਸਾ ਅਤੇ ਸੱਸ ਸਹੁਰੇ ਵਾਲਾ ਚੌਥਾ ਹਿੱਸਾ ਰਲਾ ਕੇ ਸੋਹਣੀ ਪੈਲੀ ਬਣਦੀ ਸੀ।

ਮੇਜਰ ਤੇ ਭਜਨੋ ਨੇ ਦੱਬ ਕੇ ਮਿਹਨਤ ਕੀਤੀ। ਜੱਦੀ ਸੀਰੀ ਵੀ ਇਨ੍ਹਾਂ ਨਾਲ ਆ ਰਲੇ। ਕਾਮਿਆਂ ਨਾਲ ਭਰਿਆ ਭਰਿਆ ਘਰ ਵੇਖ ਕੇ ਭਜਨੋ ਦਾ ਹੌਸਲਾ ਦੂਣਾ ਚੌਣਾ ਹੋ ਜਾਂਦਾ। ਉਹ ਚਾਈਂ ਚਾਈਂ ’ਕੱਲੀ ਹੀ ਸਾਰੇ ਟੱਬਰ ਦੀਆਂ ਰੋਟੀਆਂ ਬਣਾ ਦਿੰਦੀ, ਨਾਲੇ ਜਵਾਕਾਂ ਨੂੰ ਸਕੂਲ ਤੋਰਦੀ। ਉਸ ਦੇ ਕੰਮ ਕਰਨ ਬਾਰੇ ਤਾਂ ਉਸ ਦਾ ਸਹੁਰਾ ਵੀ ਸੱਥ ’ਚ ਅਕਸਰ ਆਖਦਾ, ‘‘ਆਹ ਮੇਜਰ ਦੇ ਘਰੋਂ ਛੋਟੀ ਤਾਂ ਸਹੁਰੀ ਬਾਹਲੀ ਛੋਹਲੀ ਆ। ਕੱਲੀ ਓ ਰੇਲ ਬਣਾ ਦਿੰਦੀ ਐ ਕੰਮ ਦੀ।’’

ਭਜਨੋ ਨੇ ਦੋਵੇਂ ਜਵਾਕ ਚੰਗੇ ਪੜ੍ਹਾਏ। ਮੁੰਡੇ ਨੂੰ ਨੌਕਰੀ ਤਾਂ ਬੇਸ਼ੱਕ ਨਾ ਮਿਲ ਸਕੀ ਪਰ ਪੜ੍ਹ ਲਿਖ ਕੇ ਖੇਤੀ ਵਧੀਆ ਤਰੀਕੇ ਕਰਨ ਲੱਗਿਆ। ਚੰਗੇ ਲੈਣ ਦੇਣ ਨਾਲ ਕੁੜੀ ਲਈ ਵੀ ਵਧੀਆ ਜ਼ਮੀਨ ਵਾਲਾ ਘਰ ਲੱਭਿਆ ਸੀ ਉਨ੍ਹਾਂ ਨੇ। ਕੁੜੀ ਦੇ ਵਿਆਹ ਤੋਂ ਛੇ ਮਹੀਨਿਆਂ ਬਾਅਦ ਹੀ ਮੁੰਡੇ ਦਾ ਵਿਆਹ ਕਰ ਲਿਆ। ਨੂੰਹ ਸਿਆਣੀ ਅਤੇ ਕਹਿਣੇ ’ਚ ਰਹਿਣ ਵਾਲੀ ਪੜੀ ਲਿਖੀ ਕੁੜੀ ਸੀ। ਜਿਵੇਂ ਕਹਿੰਦੇ ਨੇ ਵਿਆਜ ਨਾਲੋਂ ਮੂਲ ਪਿਆਰਾ ਹੁੰਦਾ ਹੈ, ਭਜਨੋ ਪੋਤੇ ਲਵੀ ਅਤੇ ਪੋਤੀ ਸੁੱਖੀ ਨੂੰ ਮੁੰਡੇ ਨਾਲੋਂ ਵੀ ਵੱਧ ਪਿਆਰ ਕਰਦੀ।

‘‘ਲੈ ਬੇਬੇ ਨਵੀ ਨਾਲ ਗੱਲ ਕਰ ਲੈ। ਕਹਿੰਦਾ ਬੇਬੇ ਨਾਲ ਗੱਲ ਕਰਨੀ ਐ।’’ ਨੂੰਹ ਨੇ ਭਜਨੋ ਨੂੰ ਮੋਬਾਈਲ ਫੜਾਇਆ ਤਾਂ ਭਜਨੋ ਦੀ ਸੋਚਾਂ ਦੀ ਲੜੀ ਟੁੱਟੀ ਅਤੇ ‘‘ਸਾਸਰੀਕਾਲ ਪੁੱਤ, ਮੈਂ ਠੀਕ ਆਂ। ਤੂੰ ਸੁਣਾ ਕਿਵੇਂ ਐਂ ਮੇਰਾ ਪੁੱਤ?’’ ਕਹਿੰਦਿਆਂ ਭਜਨੋ ਨੇ ਪੋਤੇ ਨਾਲ ਗੱਲਾਂ ਦਾ ਸਿਲਸਿਲਾ ਸ਼ੁਰੂ ਕੀਤਾ।

‘‘ਬੇਬੇ, ਪਹਿਲਾਂ ਤਾਂ ਵਧਾਈਆਂ ਤੈਨੂੰ। ਮੈਨੂੰ ਪੀ.ਆਰ. ਮਿਲ ਗਈ।’’

‘‘ਵਧਾਈਆਂ ਪੁੱਤ, ਤੈਨੂੰ ਵੀ ਬਾਹਲੀਆਂ ਬਾਹਲੀਆਂ। ਹੁਣ ਆਪਣੀ ਬੇਬੇ ਕੋਲ ਆ ਜਾ ਕਿ ਆਹ ਮੋਬਾਈਲ ’ਤੇ ਗੱਲਾਂ ਕਰਕੇ ਈ ਸਾਰੀ ਜਾਣੈ?’’

‘‘ਬੇਬੇ, ਬਸ ਆਹ ਪੀ.ਆਰ. ਦਾ ਈ ਔਖਾ ਸੀ। ਉਹ ਕੰਮ ਹੋ ਗਿਆ ਆਪਣਾ। ਹੁਣ ਮੈਂ ਅਗਲੇ ਮਹੀਨੇ ਤੇਰੇ ਕੋਲ ਆ ਜਾਣੈ। ਨਾਲੇ ਆਪਣੀ ਸੁੱਖੀ ਵੀ ਪੀ.ਆਰ. ਹੋ ਗਈ। ਉਹ ਵੀ ਆ ਰਹੀ ਐ ਅਗਲੇ ਮਹੀਨੇ। ਬੇਬੇ ਤੇਰੇ ਸਾਰੇ ਉਲਾਂਭੇ ਲਾਹ ਦੇਣੇ ਐ। ਅਸੀਂ ਦੋਵਾਂ ਭੈਣਾਂ ਭਰਾਵਾਂ ਨੇ ’ਕੱਠੇ ਈ ਆ ਜਾਣੈ ਤੇਰੇ ਕੋਲ।’’

‘‘ਹੋਰ ਪੁੱਤ, ਹੁਣ ਤੁਸੀਂ ਦੋਵੇਂ ਜਣੇ ਆ ਜਾਓ। ਬਥੇਰਾ ਚਿਰ ਹੋ ਗਿਆ ਥੋਨੂੰ ਗਏ ਹੋਇਆਂ ਨੂੰ। ਨਾਲੇ ਮੈਂ ਤਾਂ ਹੁਣ ਨਦੀ ਕਿਨਾਰੇ ਰੁੱਖ ਵਾਂਗ ਹਾਂ, ਕੀ ਪਤਾ ਕਦੋਂ ਖੁਰ ਜਾਵਾਂ! ਕੀ ਪਤਾ ਡਾਹਢੇ ਦੇ ਘਰੋਂ ਕਦੋਂ ਬੁਲਾਵਾ ਆ ਜਾਵੇ! ਨਾਲੇ ਪੁੱਤ, ਹੁਣ ਸੁੱਖ ਨਾਲ ਥੋਡਾ ਵਿਆਹ ਵੀ ਕਰਨੈ ਦੋਵੇਂ ਭੈਣ ਭਰਾਵਾਂ ਦਾ। ਐਥੇ ਸਾਰਾ ਕੁਝ ਹੈ ਆਪਣੇ ਕੋਲ। ਬਥੇਰੀ ਪੈਲੀ ਬਣਾਈ ਐ ਮੈਂ ਤੇ ਥੋਡੇ ਦਾਦੇ ਨੇ ਜੀਅ ਜਾਨ ਇੱਕ ਕਰਕੇ। ਤੇਰੇ ਜਿੰਨੀ ਜ਼ਮੀਨ ਵਾਲਾ ਸੁੱਖੀ ਨੂੰ ਮੁੰਡਾ ਲੱਭ ਲਵਾਂਗੇ। ਮੌਜ ਨਾਲ ਆਪਣੇ ਘਰੇ ਰਾਜ ਕਰਿਓ ਦੋਵੇਂ ਭੈਣ ਭਰਾ।’’ ਭਜਨੋ ਨੂੰ ਜਾਪ ਰਿਹਾ ਸੀ ਜਿਵੇਂ ਕੈਨੇਡਾ ਗਿਆ ਉਸ ਦਾ ਪੋਤਾ ਅਤੇ ਆਸਟਰੇਲੀਆ ਗਈ ਪੋਤੀ ਹੁਣ ਘਰੇ ਵਾਪਸ ਆ ਜਾਣਗੇ ਤੇ ਘਰ ’ਚ ਫਿਰ ਰੌਣਕਾਂ ਲੱਗ ਜਾਣਗੀਆਂ।

‘‘ਚੱਲ ਲਿਆ ਬੇਬੇ, ਹੁਣ ਬੰਦ ਕਰ ਦੇ ਫੋਨ। ਕੰਮ ’ਤੇ ਹੋਣੈ ਵਿਚਾਰਾ,’’ ਭਜਨੋ ਤੋਂ ਮੋਬਾਈਲ ਫੜਦਿਆਂ ਉਸ ਦੀ ਨੂੰਹ ਬੋਲੀ, ‘‘ਨਾਲੇ ਬੇਬੇ ਨਵੀ ਤੇ ਸੁੱਖੀ ਏਥੇ ਰਹਿਣ ਥੋੜ੍ਹਾ ਆ ਰਹੇ ਨੇ। ਤੂੰ ਤਾਂ ਆਪਣੀਆਂ ਈ ਮਾਰੀ ਜਾਨੀ ਐਂ। ਨਵੀ ਤੇ ਸੁੱਖੀ ਇੱਕ ਮਹੀਨੇ ਲਈ ਆਉਣਗੇ। ਜਿੱਥੇ ਕੰੰਮ ਕਰਦੇ ਨੇ ਉਨ੍ਹਾਂ ਨੇ ਛੁੱਟੀ ਹੀ ਇੱਕ ਇੱਕ ਮਹੀਨੇ ਦੀ ਦਿੱਤੀ ਐ। ਜੇ ਜ਼ਿਆਦਾ ਟੈਮ ਰਹਿਣਗੇ ਫੇਰ ਉਨ੍ਹਾਂ ਕੰਮ ਤੋਂ ਹਟਾ ਦੇਣੈ। ਨਿੱਤ ਨਵਾਂ ਕੰਮ ਲੱਭਣਾ ਕਿਹੜਾ ਸੌਖਾ ਵਿਦੇਸ਼ਾਂ ’ਚ।’’ ‘‘ਇੱਕ ਮਹੀਨਾ? ਨਾ ਹੁਣ ਉੱਥੇ ਈ ਤਾਂ ਨੀ ਉਮਰ ਗੁਜ਼ਾਰਨੀ। ਚਾਰ ਪੈਸੇ ਕਮਾ ਲਏ ਹੋਣਗੇ। ਏਥੇ ਚਾਰ ਸਿਆੜ ਹੋਰ ਲੈ ਲੈਨੇ ਆਂ। ਪਹਿਲਾਂ ਬਥੇਰੀ ਐ ਸੁੱਖ ਨਾਲ।’’ ‘‘ਬੇਬੇ, ਏਥੇ ਊਥੇ ਨੀ ਲੈਂਦੇ ਆਪਾਂ ਹੁਣ ਜ਼ਮੀਨ। ਏਥੇ ਵਾਲੀ ਤਾਂ ਵੇਚਾਂਗੇ ਨਵੀ ਕਹਿੰਦਾ ਸੀ,’’ ਉਸ ਦੇ ਮੰਜੇ ’ਤੇ ਬੈਠਦੀ ਉਸ ਦੀ ਨੂੰਹ ਬੋਲੀ। ‘‘ਨਵੀ ਤਾਂ ਕਹਿੰਦਾ ਸੀ ਕੈਨੇਡਾ ’ਚ ਈ ਘਰ ਲੈਣੈ। ਘਰ ਮਿਲ ਤਾਂ ਬੇਸ਼ੱਕ ਕਿਸ਼ਤਾਂ ’ਤੇ ਜਾਂਦੈ, ਪਰ ਫੇਰ ਵੀ ਕੁਛ ਪੈਸੇ ਪਹਿਲਾਂ ਭਰਨੇ ਪੈਂਦੇ ਨੇ ਤੇ ਉਹ ਪੈਸੇ ਜ਼ਮੀਨ ਵੇਚ ਕੇ ਈ ਭੇਜੇ ਜਾਣਗੇ।’’

‘‘ਜਮੀਨ ਜਮੂਨ ਤਾਂ ਮੈਂ ਓਰਾ ਨੀ ਵੇਚਣ ਦਿੰਦੀ ਭਾਈ ਥੋਨੂੰ। ਰਾਜੀ ਰਹੋ ਭਾਵੇਂ ਗੁੱਸੇ। ਨਾਲੇ ਆਹ ਕੀ ਹੋਇਆ ਵੀ ਇੱਕ ਮਹੀਨੇ ਵਾਸਤੇ ਆਉਣਗੇ ਨਿਆਣੇ। ਸਾਡੇ ਵੇਲਿਆਂ ’ਚ ਮਹੀਨਾ ਮਹੀਨਾ ਤਾਂ ਪ੍ਰਾਹੁਣੇ ਲਾ ਜਾਂਦੇ ਸੀ। ਨਾਲੇ ਦੋ ਚਾਰ ਮਹੀਨਿਆਂ ਬਾਅਦ ਫੇਰ ਆ ਜਾਂਦੇ ਸੀ। ਇਹ ਆਪਦੇ ਜਵਾਕ ਭਾਈ ਕੋਈ ਪ੍ਰਾਹੁਣੇ ਤਾਂ ਨੀ ਹੈਗੇ ਬੀ ਮਹੀਨੇ ਬਾਅਦ ਮੁੜ ਜਾਣਗੇ।’’

‘‘ਬੇਬੇ, ਹੁਣ ਤਾਂ ਜਵਾਕ ਪ੍ਰਾਹੁਣਿਆਂ ਵਾਂਗੂੰ ਮਿਲਣ ਆ ਜਾਣ ਏਨਾ ਈ ਬਹੁਤ ਐ। ਟੈਮ ਪਾ ਕੇ ਇਨ੍ਹਾਂ ਨੂੰ ਆਉਣ ਜਾਣ ਦਾ ਇਹ ਖਰਚਾ ਵੀ ਫਜੂਲ ਲੱਗਣ ਲੱਗ ਜਾਂਦੈ।’’ ਪਿਆਲਿਆਂ ਵਾਂਗ ਭਰੀਆਂ ਦੋਵੇਂ ਅੱਖਾਂ ਦੇ ਕੋਏ ਸਾਫ਼ ਕਰਦੀ ਉਸ ਦੀ ਨੂੰਹ ਆਥਣ ਦਾ ਰੋਟੀ ਟੁੱਕ ਕਰਨ ਲਈ ਰਸੋਈ ’ਚ ਜਾ ਵੜੀ।

ਸੰਪਰਕ: 98786-05965


ਨਕਾਰਾ ਬੰਦੇ

ਮਨਜੀਤ ਮਾਨ

ਪਿੰਡ ਦੇ ਛੱਪੜ ਵਿੱਚ ਮਗਨਰੇਗਾ ਮਜ਼ਦੂਰ ਪਿਛਲੇ ਕਈ ਦਿਨਾਂ ਤੋਂ ਕੰਮ ਕਰ ਰਹੇ ਸਨ। ਅੱਜ ਸਵੇਰੇ ਜਦੋਂ ਸੈਕਟਰੀ ਮਜ਼ਦੂਰਾਂ ਦੀ ਹਾਜ਼ਰੀ ਲਗਾ ਰਿਹਾ ਸੀ ਤਾਂ ਉਸ ਕੋਲ ਖੜ੍ਹੇ ਸਰਪੰਚ ਨੇ ਹੱਥ ਵਿੱਚ ਬੱਠਲ ਫੜੀ ਖੜ੍ਹੀ ਪ੍ਰਸਿੰਨੀ ਬੁੜ੍ਹੀ ਨੂੰ ਵੇਖ ਕੇ ਕਿਹਾ, ‘‘ਬੇਬੇ, ਤੂੰ ਕਾਹਨੂੰ ਏਸ ਉਮਰ ’ਚ ਕੰਮ ਕਰਨ ਦੇ ਚੱਕਰਾਂ ਵਿੱਚ ਪੈਂਦੀ ਐਂ, ਘਰ ਬੈਠ ਕੇ ਰਾਮ ਰਾਮ ਕਰ। ਤੂੰ ਰਹਿਣ ਦੇ ਕੰਮ ਕਰਨ ਨੂੰ। ਐਵੇਂ ਕਿਤੇ ਸਾਡੇ ਗਲ ਨਾ ਪੈ ਜਾਵੀਂ।’’

‘‘ਵੇ ਪੁੱਤ, ਜੇ ਘਰ ਬੈਠ ਗਈ ਤਾਂ ਖਾਵਾਂਗੀ ਕੀ? ਤੈਨੂੰ ਪਤਾ ਹੀ ਹੈ ਅੱਜਕੱਲ੍ਹ ਦੇ ਨੂੰਹਾਂ ਪੁੱਤਰਾਂ ਦਾ, ਵਿਹਲੇ ਬੈਠਿਆਂ ਨੂੰ ਕੌਣ ਰੋਟੀ ਦਿੰਦੈ। ਜੇ ਇੱਥੇ ਕੰਮ ਕਰਾਂਗੀ ਤਾਂ ਚਾਰ ਪੈਸੇ ਮਿਲਣਗੇ। ਨਾਲੇ ਕੰਮ ਕਰਦਿਆਂ ਦੇ ਹੱਥ ਪੈਰ ਵੀ ਚੱਲਦੇ ਰਹਿੰਦੇ ਨੇ ਭਾਈ,’’ ਪ੍ਰਸਿੰਨੀ ਕੰਬਵੀਂ ਆਵਾਜ਼ ਵਿੱਚ ਬੋਲਦੀ ਛੱਪੜ ਵੱਲ ਤੁਰ ਗਈ ਸੀ।

‘‘ਸੈਕਟਰੀ ਸਾਬ੍ਹ, ਤੁਸੀਂ ਵੀ ਥੋੜ੍ਹਾ ਜਿਹਾ ਵੇਖ ਕੇ ਹਾਜ਼ਰੀ ਲਾਇਆ ਕਰੋ। ਇੱਥੇ ਮੰਜੇ ’ਤੇ ਪਏ ਨਕਾਰਾ ਬੰਦੇ ਮਗਨਰੇਗਾ ਵਿੱਚ ਕੰਮ ਕਰਨ ਤੁਰੇ ਆਉਂਦੇ ਹਨ, ਕੰਮ ਤਾਂ ਇਨ੍ਹਾਂ ਤੋਂ ਹੁੰਦਾ ਨਹੀਂ ਬੱਸ ਹਾਜ਼ਰੀ ਲਵਾ ਕੇ ਇੱਥੇ ਬੈਠੇ ਰਹਿੰਦੇ ਹਨ।’’

‘‘ਗੱਲ ਤਾਂ ਥੋਡੀ ਠੀਕ ਹੈ ਸਰਪੰਚ ਸਾਬ੍ਹ, ਪਰ ਕੀ ਕਰੀਏ ਸਰਕਾਰ ਦੀ ਸਕੀਮ ਹੀ ਐਸੀ ਹੈ ਕਿ ਆਪਾਂ ਕਿਸੇ ਨੂੰ ਕੰਮ ਕਰਨ ਤੋਂ ਨਹੀਂ ਰੋਕ ਸਕਦੇ,’’ ਸੈਕਟਰੀ ਨੇ ਆਪਣੀ ਮਜਬੂਰੀ ਦੱਸਦਿਆਂ ਕਿਹਾ। ‘‘ਚਲੋ ਕੋਈ ਨਾ ਸੈਕਟਰੀ ਸਾਬ੍ਹ, ਮੇਰਾ ਕੰਮ ਤਾਂ ਥੋਨੂੰ ਦੱਸਣਾ ਸੀ ਹੁਣ ਅੱਗੇ ਥੋਡੀ ਮਰਜ਼ੀ ਏ ਤੁਸੀਂ ਕੀ ਕਰਨਾ ਏ। ਪਰ ਆਹ ਇੱਕ ਸਰਦੂਲ ਸਿੰਘ ਦੇ ਨਾਂ ਦੀ ਹਾਜ਼ਰੀ ਲਾ ਦਿਉ ਜੀ,’’ ਸਰਪੰਚ ਨੇ ਮੂੰਹ ਪਰ੍ਹਾਂ ਜਿਹੇ ਨੂੰ ਕਰਦਿਆਂ ਕਿਹਾ। ‘‘ਇਹ ਕੌਣ ਹੈ ਤੇ ਕਿੱਥੇ ਹੈ ਸਰਪੰਚ ਸਾਬ੍ਹ?’’ ਸੈਕਟਰੀ ਨੇ ਇਕਦਮ ਹੈਰਾਨੀ ਨਾਲ ਪੁੱਛਿਆ। ‘‘ਇਹ ਮੇਰੇ ਬਾਪੂ ਜੀ ਹਨ ਤੇ ਉਹ ਘਰ ਹਨ। ਪਰ ਤੁਸੀਂ ਕਿਸੇ ਕਿਸਮ ਦੀ ਚਿੰਤਾ ਨਾ ਕਰੋ ਜਨਾਬ, ਆਪਣੀ ਐਮ.ਐਲ.ਏ. ਨਾਲ ਸਿੱਧੀ ਗੱਲ ਐ,’’ ਸਰਪੰਚ ਨੇ ਯਕੀਨ ਦਿਵਾਉਂਦਿਆਂ ਕਿਹਾ। ਸਰਪੰਚ ਦੀ ਗੱਲ ਸੁਣ ਕੇ ਸੈਕਟਰੀ ਇਕਦਮ ਸੁੰਨ ਜਿਹਾ ਹੋ ਗਿਆ ਸੀ। ਉਸ ਨੇ ਛੱਪੜ ਵੱਲ ਵੇਖਿਆ ਤਾਂ ਸਾਹਮਣੇ ਪ੍ਰਸਿੰਨੀ ਬੁੜ੍ਹੀ ਮਿੱਟੀ ਦਾ ਬੱਠਲ ਭਰ ਰਹੀ ਸੀ।

ਸੰਪਰਕ: 70098-98044

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All