ਸੰਘਰਸ਼ ਅੰਦਰ ਜ਼ਾਬਤੇ ’ਚ ਰਹਿਣ ਦਾ ਮਹੱਤਵ ਪਛਾਣੋ

ਸੰਘਰਸ਼ ਅੰਦਰ ਜ਼ਾਬਤੇ ’ਚ ਰਹਿਣ ਦਾ ਮਹੱਤਵ ਪਛਾਣੋ

ਮੁਲਕ ਭਰ ’ਚ ਇਕ ਹਰਮਨ ਪਿਆਰੇ ਅੰਦੋਲਨ ਵਜੋਂ ਉੱਭਰੇ ਕਿਸਾਨ ਅੰਦੋਲਨ ਦਾ ਮਹੱਤਵ ਸਿਰਫ਼ ਕਿਸਾਨ ਮੰਗਾਂ ਤਕ ਸੀਮਤ ਨਹੀਂ ਰਿਹਾ ਸਗੋਂ ਇਹ ਮੌਜੂਦਾ ਸਰਕਾਰ ਵਿਰੁੱਧ ਜਨਤਕ ਅੰਗੜਾਈ ਦਾ ਅਹਿਮ ਨੁਕਤਾ ਬਣ ਕੇ ਉੱਭਰ ਰਿਹਾ ਹੈ। ਇਹ ਸੰਘਰਸ਼ ਕੇਂਦਰ ਸਰਕਾਰ ਵੱਲੋਂ ਵਿੱਢੇ ਹੋਏ ਅਖੌਤੀ ਆਰਥਿਕ ਸੁਧਾਰਾਂ ਤੇ ਵੰਡਪਾਊ ਸਿਆਸਤ ਦੇ ਹਮਲੇ ਖ਼ਿਲਾਫ਼ ਦੇਸ਼ ਦੇ ਲੋਕਾਂ ਦੀ ਲਹਿਰ ਦਾ ਕੇਂਦਰ ਬਣ ਕੇ ਉੱਭਰਨ ਦੀਆਂ ਸੰਭਾਵਨਾਵਾਂ ਰੱਖਦਾ ਹੈ। ਇਸ ਲਈ ਅਜਿਹੇ ਸੰਘਰਸ਼ ਦੇ ਅੰਜਾਮ ਤਕ ਪੁੱਜਣ ਦੇ ਅਰਥ ਵੀ ਹੁਣ ਸਮੁੱਚੇ ਮੁਲਕ ਦੇ ਲੋਕਾਂ ਲਈ ਮਹੱਤਵ ਰੱਖਦੇ ਹਨ। ਅਜਿਹਾ ਮਹੱਤਵ ਕਿਸਾਨ ਜਥੇਬੰਦੀਆਂ ਸਿਰ ਇਸ ਨੂੰ ਸਫਲਤਾ ਨਾਲ ਅਗਲੇ ਸਿਖਰ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਨੂੰ ਹੋਰ ਵੀ ਵੱਡਾ ਕਰ ਦਿੰਦਾ ਹੈ। ਸੱਤ ਮਹੀਨੇ ਤੋਂ ਚੱਲਦਾ ਆ ਰਿਹਾ ਸੰਘਰਸ਼ ਦਾ ਇਹ ਮੌਜੂਦਾ ਦੌਰ ਅਜਿਹੀ ਜ਼ਿੰਮੇਵਾਰੀ ਦਾ ਅਹਿਸਾਸ ਹੋਰ ਡੂੰਘਾ ਕਰਨ ਲਈ ਕਹਿ ਰਿਹਾ ਹੈ।

ਇਸ ਸੰਘਰਸ਼ ਦੀ ਮੁੱਖ ਤਾਕਤ ਕਿਸਾਨੀ ਦੀ ਵਿਸ਼ਾਲ ਲਾਮਬੰਦੀ ਤੇ ਸਮਾਜ ਦੇ ਬਾਕੀ ਮਿਹਨਤਕਸ਼ ਤਬਕਿਆਂ ਦੀ ਡਟਵੀਂ ਹਮਾਇਤ ਹੈ। ਇਹ ਵਿਸ਼ਾਲ ਲਾਮਬੰਦੀ ਜਾਤਾਂ, ਧਰਮਾਂ, ਗੋਤਾਂ ਤੇ ਇਲਾਕਿਆਂ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਹੋਈ ਹੈ। ਕਿਰਤੀ ਲੋਕਾਂ ਦੀ ਭਾਈਚਾਰਕ ਤੇ ਜਮਾਤੀ ਸਾਂਝ ਦੇ ਜ਼ੋਰ ਹੋਈ ਹੈ। ਸੰਘਰਸ਼ ਦਾ ਧਰਮ ਨਿਰਪੱਖ ਖਾਸਾ ਲਾਮਬੰਦੀ ਦੀ ਵਿਸ਼ਾਲਤਾ ਲਈ ਬੁਨਿਆਦ ਬਣਿਆ ਹੈ। ਸੰਘਰਸ਼ ਦੀ ਇਸ ਤਾਕਤ ਨੇ ਹੀ ਸਰਕਾਰ ਨੂੰ ਇਸ ਨੂੰ ਕਿਸੇ ਵਿਸ਼ੇਸ਼ ਧਰਮ ਜਾਂ ਖਿੱਤੇ ਨਾਲ ਜੋੜ ਕੇ ਪੇਸ਼ ਕਰਨ ਦੇ ਮਨਸੂਬਿਆਂ ’ਚ ਕਾਮਯਾਬ ਨਹੀਂ ਹੋਣ ਦਿੱਤਾ। ਪਰ ਮਸਲੇ ਨੂੰ ਫ਼ਿਰਕੂ ਰੰਗਤ ਦੇਣ ਦੇ ਮਾਹਰ ਖਿਡਾਰੀਆਂ ਤੋਂ ਸਾਨੂੰ ਅਜੇ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਸੰਘਰਸ਼ ਅੰਦਰ ਕਿਸੇ ਵੀ ਵਿਸ਼ੇਸ਼ ਧਰਮ ਜਾਂ ਧਰਮ ਆਧਾਰਿਤ ਰਾਜ ਦੇ ਮੁੱਦਿਆਂ ਦੀ ਚਰਚਾ ਇਸ ਦਾ ਦਾਇਰਾ ਸੁੰਗੇੜਨ ਦਾ ਕਾਰਨ ਬਣ ਸਕਦੀ ਹੈ ਤੇ ਨਾਲ ਹੀ ਕੇਂਦਰ ਸਰਕਾਰ ਨੂੰ ਸੰਘਰਸ਼ ’ਤੇ ਮੋੜਵੇਂ ਸਿਆਸੀ ਹਮਲੇ ਲਈ ਬਹਾਨਾ ਦੇ ਸਕਦੀ ਹੈ। ਸੱਤਾਧਾਰੀ ਅਤੇ ਕੱਟੜਪੰਥੀ ਧਿਰਾਂ ਦੀਆਂ ਇਸ ਨੂੰ ਕਿਸੇ ਵਿਸ਼ੇਸ਼ ਧਰਮ ਆਧਾਰਿਤ ਰਾਜ ਬਣਾਉਣ ਦੇ ਮਕਸਦਾਂ ਲਈ ਹੋ ਰਹੇ ਸੰਘਰਸ਼ ਦਾ ਠੱਪਾ ਲਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ। ਸਾਨੂੰ ਅਜਿਹੇ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੀਦਾ।

ਕਿਸਾਨ ਅੰਦੋਲਨ ਸਾਡੀ ਪਿੱਠ ’ਤੇ ਖੜ੍ਹਾ ਕਿਰਤੀ ਲੋਕਾਂ ਦਾ ਭਾਈਚਾਰਾ ਹੈ। ਇਸ ਭਾਈਚਾਰੇ ਅੰਦਰ ਸਾਡੀਆਂ ਮੰਗਾਂ ਦੀ ਵਾਜਬੀਅਤ ਤੇ ਸਾਡੇ ਮਕਸਦਾਂ ਤੇ ਇਰਾਦਿਆਂ ਦੀ ਪਵਿੱਤਰਤਾ ਦਾ ਹੋਇਆ ਸੰਚਾਰ ਸਾਡੀ ਤਾਕਤ ਬਣ ਰਿਹਾ ਹੈ। ਦਿੱਲੀ ਮੋਰਚਿਆਂ ’ਚ ਲਗਪਗ 100 ਤੋਂ ਉੱਪਰ ਜ਼ਿੰਦਗੀਆਂ ਕੁਰਬਾਨ ਕਰਕੇ ਵੀ ਸਾਡਾ ਅਡੋਲ ਤੇ ਸ਼ਾਂਤ ਚਿੱਤ ਡਟੇ ਰਹਿਣਾ ਸਾਡੀ ਤਾਕਤ ਹੈ। ਹੱਥੋਂ ਕਿਰਦੇ ਜਾ ਰਹੇ ਸਾਥੀਆਂ ਦੀ ਲੰਮੀ ਹੁੰਦੀ ਸੂਚੀ ਦੇ ਬਾਵਜੂਦ ਲੋਕਾਂ ਨੇ ਜ਼ਬਤ ’ਤੇ ਆਂਚ ਨਹੀਂ ਆਉਣ ਦਿੱਤੀ। ਦੁਨੀਆਂ ਭਰ ’ਚ ਸਾਡੀ ਹਮਾਇਤ ਦੀ ਫੈਲ ਰਹੀ ਭਾਵਨਾ ਨੂੰ ਅਸੀਂ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਯਤਨਸ਼ੀਲ ਹਾਂ। ਸਾਨੂੰ ਸੰਘਰਸ਼ ਅੰਦਰ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਬਚਣਾ ਚਾਹੀਦਾ ਹੈ ਜਿਹੜਾ ਸਾਨੂੰ ਇਸ ਹਮਾਇਤ ਤੋਂ ਵਿਰਵਾ ਕਰਦਾ ਹੋਵੇ, ਲੋਕਾਂ ਦੀ ਸ਼ਮੂਲੀਅਤ ਨੂੰ ਸੁੰਗੇੜਦਾ ਹੋਵੇ ਤੇ ਸਰਕਾਰ ਨੂੰ ਲੋਕਾਂ ਅੰਦਰ ਸਾਡੇ ਸੰਘਰਸ਼ ਬਾਰੇ ਭਰਮ ਭੁਲੇਖੇ ਖੜ੍ਹੇ ਕਰਨ ਦਾ ਮੌਕਾ ਦਿੰਦਾ ਹੋਵੇ। ਸਾਡੇ ਸੰਘਰਸ਼ ਦੀ ਇਸ ਮਜ਼ਬੂਤ ਢੋਈ ਨੂੰ ਕਮਜ਼ੋਰ ਕਰਨ ਦਾ ਜ਼ਰੀਆ ਬਣਦਾ ਹੋਵੇ। ਸੰਘਰਸ਼ ਦੇ ਇਸ ਮੋੜ ’ਤੇ ਕਿਸੇ ਐਕਸ਼ਨ ਦੀ ਵਾਜਬੀਅਤ ਦੀ ਕਸਵੱਟੀ ਵੀ ਇਹੀ ਬਣਦੀ ਹੈ ਕਿ ਕੀ ਉਹ ਐਕਸ਼ਨ ਸਾਡੇ ਸੰਘਰਸ਼ ਨੂੰ ਹੋਰ ਵਿਸ਼ਾਲ ਕਰਨ ਤੇ ਅੱਗੇ ਵਧਾਉਣ ਦਾ ਸਾਧਨ ਬਣੇਗਾ ਜਾਂ ਸਰਕਾਰ ਨੂੰ ਮੋੜਵੇਂ ਹਮਲੇ ਦਾ ਬਹਾਨਾ ਦੇਵੇਗਾ ਤੇ ਸੰਘਰਸ਼ ਨੂੰ ਖਿੰਡਾਉਣ ਦਾ ਸਾਧਨ ਬਣੇਗਾ।

ਇਨ੍ਹਾਂ ਖੇਤੀ ਕਾਨੂੰਨਾਂ ਪਿੱਛੇ ਸਿਰਫ਼ ਕਾਰਪੋਰੇਟ ਘਰਾਣੇ ਹੀ ਨਹੀਂ ਹਨ ਸਗੋਂ ਸੰਸਾਰ ਸਾਮਰਾਜੀ ਤਾਕਤਾਂ ਵੀ ਖੜ੍ਹੀਆਂ ਹਨ। ਸੰਸਾਰ ਦੇ ਸਾਮਰਾਜੀ ਮੁਲਕਾਂ ਦੀਆਂ ਕੌਮਾਂਤਰੀ ਵਿੱਤੀ ਸੰਸਥਾਵਾਂ ਜਿਵੇਂ ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਤੇ ਵਿਸ਼ਵ ਵਪਾਰ ਸੰਸਥਾ ਖੜ੍ਹੀਆਂ ਹਨ। ਉਨ੍ਹਾਂ ਵੱਲੋਂ ਤੀਜੀ ਦੁਨੀਆਂ ਦੇ ਮੁਲਕਾਂ ਨੂੰ ਖੇਤੀ ਮੰਡੀਆਂ ਖੋਲ੍ਹਣ ਬਾਰੇ ਕੀਤੀਆਂ ਜਾਂਦੀਆਂ ਹਦਾਇਤਾਂ ਇਨ੍ਹਾਂ ਖੇਤੀ ਕਾਨੂੰਨਾਂ ਦਾ ਆਧਾਰ ਬਣੀਆਂ ਹਨ। ਕੁਝ ਦਿਨ ਪਹਿਲਾਂ ਹੀ ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਖੇਤੀ ਸੁਧਾਰਾਂ ਦੇ ਖੇਤਰ ’ਚ ਇਨ੍ਹਾਂ ਕਾਨੂੰਨਾਂ ਨੂੰ ਅਹਿਮ ਕਦਮ ਕਰਾਰ ਦੇ ਕੇ ਇਨ੍ਹਾਂ ਦੀ ਪ੍ਰਸੰਸਾ ਕੀਤੀ ਗਈ ਹੈ ਤੇ ਇਸ ਨੂੰ ਵੇਲੇ ਸਿਰ ਚੁੱਕਿਆ ਕਦਮ ਕਿਹਾ ਗਿਆ ਹੈ। ਕਿਸਾਨਾਂ ਦੇ ਸੰਘਰਸ਼ ਦੇ ਦਬਾਅ ਹੇਠ ਆਈ ਸਰਕਾਰ ਨੂੰ ਇਹ ਸੰਸਾਰ ਸਾਮਰਾਜੀਆਂ ਵੱਲੋਂ ਲੋਕਾਂ ਖ਼ਿਲਾਫ਼ ਡਟੇ ਰਹਿਣ ਲਈ ਦਿੱਤਾ ਗਿਆ ਥਾਪੜਾ ਹੈ। ਇਸੇ ਲਈ ਸਰਕਾਰ ਕਾਨੂੰਨ ਲਾਗੂ ਕਰਨ ਲਈ ਸਿਰੇ ਤਕ ਜਾਣ ਲਈ ਤਿਆਰ ਹੋਣ ਦਾ ਇਰਾਦਾ ਜ਼ਾਹਰ ਕਰ ਰਹੀ ਹੈ। ਸਰਕਾਰ ਦੀ ਅਜਿਹੀ ਪਹੁੰਚ ਕਾਰਨ ਇਸ ਨੂੰ ਲੰਬਾ ਤੇ ਲਮਕਵਾਂ ਸੰਘਰਸ਼ ਸਮਝ ਕੇ ਚੱਲਣ ਦੀ ਲੋੜ ਹੈ।

ਸੰਘਰਸ਼ ਦੇ ਅਗਲੇ ਪੜਾਵਾਂ ਲਈ ਦੂਰਅੰਦੇਸ਼ੀ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਲਈ ਸੰਘਰਸ਼ ਦਾ ਅਜੇ ਅਜਿਹਾ ਪੜਾਅ ਨਹੀਂ ਆਇਆ ਜਦੋਂ ਫ਼ੈਸਲਾਕੁੰਨ ਐਕਸ਼ਨ ਕੀਤੇ ਜਾਣ। ਉਹ ਐਕਸ਼ਨ ਜਿਨ੍ਹਾਂ ਨਾਲ ਸੰਘਰਸ਼ ਦਾ ਨਿਪਟਾਰਾ ਕੀਤਾ ਜਾਂਦਾ ਹੈ। ਜਦੋਂ ਤਾਕਤਾਂ ਦਾ ਸਾਰਾ ਤੋਲ ਸਰਕਾਰ ਦੇ ਉਲਟ ਤੇ ਸੰਘਰਸ਼ ਕਰ ਰਹੀ ਧਿਰ ਦੇ ਪੱਖ ’ਚ ਹੋ ਚੁੱਕਿਆ ਹੁੰਦਾ ਹੈ, ਉਦੋਂ ਇਕ ਅੰਤਮ ਝਟਕਾ ਦੇਣ ਦੀ ਜ਼ਰੂਰਤ ਹੁੰਦੀ ਹੈ। ਅਜੇ ਮੁਲਕ ਪੱਧਰ ’ਤੇ ਤਾਕਤਾਂ ਦਾ ਤੋਲ ਫ਼ੈਸਲਾਕੁੰਨ ਤੌਰ ’ਤੇ ਲੋਕਾਂ ਦੇ ਪੱਖ ’ਚ ਕਰਨ ਲਈ ਹੋਰ ਕੰਮ ਕਰਨ ਦੀ ਜ਼ਰੂਰਤ ਹੈ। ਖ਼ਾਸ ਕਰਕੇ ਪੰਜਾਬ ਹਰਿਆਣਾ ਤੋਂ ਬਿਨਾਂ ਬਾਕੀ ਦੇ ਸੂਬਿਆਂ ’ਚ ਲਾਮਬੰਦੀ ਨੂੰ ਡੂੰਘੀ ਤੇ ਵਿਸ਼ਾਲ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਸੂਬਿਆਂ ’ਚੋਂ ਭਾਜਪਾ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕਾਏ ਜਾਣ ਦਾ ਅਮਲ ਤੇਜ਼ ਕਰਨ ਦੀ ਜ਼ਰੂਰਤ ਹੈ। ਅਜਿਹਾ ਅਮਲ ਤੇਜ਼ ਕਰਨ ਲਈ ਦਿੱਲੀ ਵਿਚ ਲੱਗੇ ਮੋਰਚੇ ਮੁਲਕ ਭਰ ਅੰਦਰ ਸੰਘਰਸ਼ ਤਰੰਗਾਂ ਦਾ ਸੰਚਾਰ ਕਰ ਰਹੇ ਹਨ। ਸਬਰ ਸਿਦਕ ਦੀ ਜਗਦੀ ਮਿਸ਼ਾਲ ਵਜੋਂ ਮੁਲਕ ਭਰ ਅੰਦਰ ਇਨ੍ਹਾਂ ਮੋਰਚਿਆਂ ਦੀ ਰੋਸ਼ਨੀ ਦਿਖਾਈ ਦਿੰਦੀ ਰਹਿਣੀ ਚਾਹੀਦੀ ਹੈ, ਪਰ ਸਰਕਾਰ ਚਾਹੁੰਦੀ ਹੈ ਕਿ ਮੁਲਕ ਭਰ ਅੰਦਰ ਸੰਘਰਸ਼ ਦੇ ਸੁਨੇਹੇ ਦਾ ਸੰਚਾਰ ਕਰ ਰਹੇ ਇਨ੍ਹਾਂ ਮੋਰਚਿਆਂ ਨੂੰ ਉਖਾੜਿਆ ਜਾਵੇ ਤਾਂ ਕਿ ਸੰਘਰਸ਼ ਦੀ ਵਧ ਰਹੀ ਹਰਮਨਪਿਆਰਤਾ ਨੂੰ ਠੱਲ੍ਹ ਪਾਈ ਜਾ ਸਕੇ ਤੇ ਭਾਜਪਾ ਨੂੰ ਪੈ ਰਹੇ ਸਿਆਸੀ ਖੋਰੇ ਨੂੰ ਰੋਕ ਲਾਈ ਜਾ ਸਕੇ। ਇਸ ਵੇਲੇ ਸਾਡਾ ਕੋਈ ਵੀ ਕਦਮ ਭਾਜਪਾ ਦੇ ਇਨ੍ਹਾਂ ਮੰਤਵਾਂ ਦੀ ਪੂਰਤੀ ਦਾ ਜ਼ਰੀਆ ਨਹੀਂ ਬਣਨਾ ਚਾਹੀਦਾ। ਸਗੋਂ ਮੋਰਚਿਆਂ ਤੋਂ ਜਾ ਰਹੇ ਸੁਨੇਹੇ ਦਾ ਸੰਚਾਰ ਹੋਰ ਤੇਜ਼ ਤੇ ਡੂੰਘਾ ਕਰਨ ਵਾਲਾ ਹੋਣਾ ਚਾਹੀਦਾ ਹੈ।

26 ਜਨਵਰੀ ਨੂੰ ਕੀਤੇ ਜਾਣ ਵਾਲੇ ਮਾਰਚ ਦੀ ਵਿਸ਼ੇਸ਼ਤਾ ਨੂੰ ਵੀ ਇਸੇ ਪ੍ਰਸੰਗ ਵਿਚ ਸਮਝਣ ਦੀ ਜ਼ਰੂਰਤ ਹੈ। ਇਸ ਐਕਸ਼ਨ ਰਾਹੀਂ ਅਸੀਂ ਸਰਕਾਰ ਨੂੰ ਮੁਲਕ ਤੇ ਸੰਸਾਰ ਭਰ ਅੰਦਰ ਹੋਰ ਵਧੇਰੇ ਸਿਆਸੀ ਨਿਖੇੜੇ ਦੀ ਹਾਲਤ ਵਿਚ ਸੁੱਟਣ ਜਾ ਰਹੇ ਹਾਂ। ਇਕ ਪਾਸੇ ਜਦੋਂ ਸਰਕਾਰ ਗਣਤੰਤਰ ਦਿਵਸ ਮਨਾ ਰਹੀ ਹੋਵੇਗੀ ਤਾਂ ਮੁਲਕ ਦੀ ਰਾਜਧਾਨੀ ਦੀਆਂ ਸੜਕਾਂ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀ ਕਿਸਾਨ ਪਰੇਡ ਹੋ ਰਹੀ ਹੋਵੇਗੀ। ਲੱਖਾਂ ਕਿਸਾਨਾਂ ਦਾ ਰੋਹ ਭਰਪੂਰ ਮਾਰਚ ਦੁਨੀਆਂ ਦੇਖ ਰਹੀ ਹੋਵੇਗੀ। ਇਹ ਪ੍ਰਦਰਸ਼ਨ ਕੌਮਾਂਤਰੀ ਪੱਧਰ ’ਤੇ ਸਰਕਾਰ ਦੀ ਸਾਖ ਨੂੰ ਗੰਭੀਰ ਖੋਰਾ ਲਾਉਣ ਦਾ ਜ਼ਰੀਆ ਬਣੇਗਾ। ਸਰਕਾਰ ਦਾ ਵਧਿਆ ਹੋਇਆ ਸਿਆਸੀ ਨਿਖੇੜਾ ਸਾਡੇ ਸੰਘਰਸ਼ ਦੀ ਅਗਲੀ ਪੇਸ਼ਕਦਮੀ ਲਈ ਹਾਲਤਾਂ ਦਾ ਤਵਾਜ਼ਨ ਸਾਡੇ ਪੱਖ ’ਚ ਕਰੇਗਾ। ਇਉਂ ਇਹ ਐਕਸ਼ਨ ਸਾਡੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਜ਼ਰੀਆ ਬਣੇਗਾ, ਪਰ ਇਹ ਮੰਤਵ ਤਾਂ ਹੀ ਹਾਸਲ ਕੀਤਾ ਜਾ ਸਕੇਗਾ ਜੇਕਰ ਅਸੀਂ ਪੁਰ-ਅਮਨ ਤੇ ਜ਼ਾਬਤੇ ਦੀ ਮਿਸਾਲ ਪੇਸ਼ ਕਰਾਂਗੇ। ਅਜਿਹੇ ਮਿਸਾਲੀ ਵਿਵਹਾਰ ਤੋਂ ਬਿਨਾਂ ਸਾਡੇ ਮਾਰਚ ਦਾ ਸੰਦੇਸ਼ ਕਮਜ਼ੋਰ ਹੋਵੇਗਾ। ਇਹ ਦੇਸ਼ ਦੇ ਲੋਕਾਂ ਦੀ ਹਮਾਇਤ ਤੋਂ ਵਿਰਵਾ ਰਹੇਗਾ। ਜ਼ਬਤ ਤੋਂ ਬਾਹਰ ਜਾ ਕੇ ਕੀਤੀ ਕੋਈ ਵੀ ਭੜਕਾਹਟ ਭਰੀ ਕਾਰਵਾਈ ਸਾਡੇ ਐਕਸ਼ਨ ਦੇ ਸੁਨੇਹੇ ਦੀ ਤਾਕਤ ਨੂੰ ਘਟਾ ਦੇਵੇਗੀ। ਸਾਨੂੰ ਹਿੰਸਕ ਕਰਾਰ ਦਿੱਤਾ ਜਾਵੇਗਾ ਤੇ ਅਜਿਹਾ ਬਹਾਨਾ ਘੜ ਕੇ ਹਕੂਮਤੀ ਹਿੰਸਾ ਦਾ ਰਾਹ ਖੋਲ੍ਹਿਆ ਜਾਵੇਗਾ। ਇਸ ਲਈ ਸੰਘਰਸ਼ ਦੇ ਇਸ ਮੋੜ ’ਤੇ ਜ਼ਬਤਬੱਧ ਵਿਵਹਾਰ ਦੀ ਬਹੁਤ ਜ਼ਰੂਰਤ ਹੈ। ਸੰਘਰਸ਼ ਦੇ ਇਸ ਅਹਿਮ ਮੋੜ ’ਤੇ ਬਾ-ਜ਼ਾਬਤਾ ਰਹਿਣ ਦੇ ਮਹੱਤਵ ਦੀ ਪਛਾਣ ਬਹੁਤ ਜ਼ਰੂਰੀ ਹੈ। ਇਸ ਪਛਾਣ ਰਾਹੀਂ ਹੀ ਸੌੜੇ ਸਿਆਸੀ ਤੇ ਫ਼ਿਰਕੂ ਮੰਤਵਾਂ ਲਈ ਸੰਘਰਸ਼ ਦੀ ਵਰਤੋਂ ਕਰਨਾ ਚਾਹੁੰਦੀਆਂ ਸ਼ਕਤੀਆਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ।

ਅਸੀਂ ਆਪਣੀ ਜਥੇਬੰਦੀ ਵੱਲੋਂ ਲੜੇ ਗਏ ਬਹੁਤ ਸਾਰੇ ਸੰਘਰਸ਼ਾਂ ਦੌਰਾਨ ਅਜਿਹੇ ਮੌਕਿਆਂ ’ਤੇ ਪੁਰ-ਅਮਨ ਵਿਵਹਾਰ ਤੇ ਸਖ਼ਤ ਜ਼ਾਬਤੇ ਦੇ ਪ੍ਰਗਟਾਵੇ ਰਾਹੀਂ ਮਿੱਥੇ ਐਕਸ਼ਨਾਂ ਦੇ ਮੰਤਵਾਂ ’ਚ ਸਫਲਤਾ ਹਾਸਲ ਕੀਤੀ ਹੈ। ਅਜਿਹੇ ਬਹੁਤ ਮੌਕੇ ਆਏ ਹਨ, ਜਦੋਂ ਲੋਕਾਂ ਨੇ ਸ਼ਾਂਤ ਚਿੱਤ ਰਹਿ ਕੇ ਸਰਕਾਰੀ ਜਬਰ ਦਾ ਸਾਹਮਣਾ ਕੀਤਾ ਹੈ, ਆਪਣੇ ਸਿਦਕ ਤੇ ਕੁਰਬਾਨੀ ਦੇ ਜਜ਼ਬੇ ਦੇ ਪ੍ਰਗਟਾਵੇ ਰਾਹੀਂ ਸਰਕਾਰ ਨੂੰ ਲੋਕਾਂ ’ਚੋਂ ਨਿਖੇੜੇ ਦੀ ਹਾਲਤ ’ਚ ਪਹੁੰਚਾਇਆ ਹੈ। ਇਕ ਵੱਡੀ ਵਪਾਰਕ ਕੰਪਨੀ ਵੱਲੋਂ ਅਧਿਗ੍ਰਹਿਣ ਕੀਤੀ ਜ਼ਮੀਨ ਛੁਡਵਾਉਣ ਲਈ ਚੱਲੇ ਸੰਘਰਸ਼ ਵੇਲੇ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੀ ਅਗਵਾਈ ਵਿਚ ਅਜਿਹਾ ਇਕ ਸਿਦਕਵਾਨ ਮਾਰਚ ਕੀਤਾ ਗਿਆ ਸੀ। ਖੇਤਾਂ ਵੱਲ ਤੁਰੇ ਕਿਸਾਨ ਕਾਫ਼ਲੇ ਨੇ ਪੁਰ-ਅਮਨ ਰਹਿੰਦਿਆਂ ਵਰ੍ਹਦੀਆਂ ਗੋਲੀਆਂ ਦਾ ਸਾਹਮਣਾ ਸਿਦਕਦਿਲੀ ਨਾਲ ਕੀਤਾ ਸੀ। ਜਬਰ ਦੌਰਾਨ ਇਹ ਕਾਫ਼ਲਾ ਅਡੋਲ ਰਿਹਾ ਸੀ। ਇਸ ਕੁਰਬਾਨੀ ਦੇ ਜਜ਼ਬੇ, ਅਡੋਲਤਾ, ਜ਼ਾਬਤੇ ਦੀ ਡੂੰਘੀ ਭਾਵਨਾ ਤੇ ਸਿਦਕਦਿਲੀ ਨਾਲ ਛੋਟੀ ਜਥੇਬੰਦ ਤਾਕਤ ਦੇ ਬਾਵਜੂਦ ਇਹ ਮੋਰਚਾ ਫਤਿਹ ਕੀਤਾ ਗਿਆ ਸੀ। ਇਉਂ ਹੀ ਪ੍ਰਾਈਵੇਟ ਥਰਮਲ ਪਲਾਂਟ ਲਈ ਅਧਿਗ੍ਰਹਿਣ ਕੀਤੀ ਜ਼ਮੀਨ ਛੁਡਾਉਣ ਲਈ ਲੜਿਆ ਗੋਬਿੰਦਪੁਰੇ ਦਾ ਜ਼ਮੀਨੀ ਘੋਲ ਵੀ ਅਡੋਲ ਰਹਿ ਕੇ ਜਬਰ ਸਹਿਣ ਦੀ ਮਿਸਾਲ ਬਣਿਆ ਸੀ। ਬੀਤੇ ਦਹਾਕਿਆਂ ਦੇ ਸੰਘਰਸ਼ਾਂ ਦੌਰਾਨ ਅਜਿਹੇ ਬਹੁਤ ਮੌਕੇ ਆਏ ਹਨ ਜਦੋਂ ਸ਼ਾਂਤ ਚਿੱਤ, ਅਡੋਲ ਤੇ ਅਡਿੱਗ ਰਹਿ ਕੇ ਸਿਦਕਦਿਲੀ ਨਾਲ ਸਰਕਾਰੀ ਜਬਰ ਝੱਲ ਜਾਣ ਨੇ ਇਕ ਅਰਸੇ ਬਾਅਦ ਤਾਕਤਾਂ ਦਾ ਤੋਲ ਛੋਟੀ ਜਥੇਬੰਦ ਸ਼ਕਤੀ ਦੇ ਪੱਖ ’ਚ ਪਲਟ ਦਿੱਤਾ ਸੀ ਤੇ ਸੰਘਰਸ਼ ਜਿੱਤ ਲਿਆ ਸੀ।

ਇਸ ਨੂੰ ਇਕ ਲੰਮਾ ਤੇ ਲਮਕਵਾਂ ਸੰਘਰਸ਼ ਚਿਤਵ ਕੇ ਚੱਲਣ ਦੀ ਸੋਝੀ ਸਾਨੂੰ ਇਹੀ ਸੁਝਾਅ ਦਿੰਦੀ ਹੈ ਕਿ ਇਨ੍ਹਾਂ ਐਕਸ਼ਨਾਂ ਨੂੰ ਸੰਘਰਸ਼ ਦੇ ਅਗਲੇ ਗੇੜਾਂ ਦੀ ਤਿਆਰੀ ਦਾ ਸਾਧਨ ਬਣਾਈਏ। ਇਸ ਸੱਤਾ ਨਾਲ ਲਗਾਤਾਰ ਜੂਝਦੇ ਰਹਿਣ ਲਈ ਆਪਣੀ ਜਥੇਬੰਦ ਤਾਕਤ ਦੀ ਹੋਰ ਉਸਾਰੀ ਕਰੀਏ। 26 ਜਨਵਰੀ ਦੇ ਰੋਹ ਭਰਪੂਰ, ਪਰ ਪੁਰ-ਅਮਨ ਤੇ ਜ਼ਾਬਤਾ-ਬੱਧ ਵਿਸ਼ਾਲ ਮਾਰਚ ਰਾਹੀਂ ਲੰਮੇ ਸੰਘਰਸ਼ ਦੇ ਇਰਾਦਿਆਂ ਦਾ ਮੁਜ਼ਾਹਰਾ ਕਰੀਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All