ਜਸਵੰਤ ਸਿੰਘ ਜ਼ਫ਼ਰ
ਆਦਿ ਸ੍ਰੀ ਗ੍ਰੰਥ ਸਾਹਿਬ ਦੀ ਸੰਪਾਦਨਾ ਪੰਜਾਬ ਦੇ ਇਤਿਹਾਸ ਦੀ ਮਹੱਤਵਪੂਰਨ ਘਟਨਾ ਹੈ। ਇਸ ਕਾਰਜ ਨੂੰ ਅੰਜਾਮ ਗੁਰੂ ਅਰਜਨ ਸਾਹਿਬ ਨੇ ਦਿੱਤਾ, ਪਰ ਇਸ ਦੀ ਤਿਆਰੀ ਬਾਬਾ ਨਾਨਕ ਦੀ ਪਹਿਲੀ ਉਦਾਸੀ ਨਾਲ ਸ਼ੁਰੂ ਹੋ ਗਈ ਸੀ ਜੋ ਉਨ੍ਹਾਂ ਪੰਜਾਬ ਤੋਂ ਆਰੰਭੀ ਸੀ। ਪੰਜਾਬ ਤੋਂ ਚਾਰਾਂ ਦਿਸ਼ਾਵਾਂ ਵਿਚ ਕੀਤੀਆਂ ਚਾਰ ਉਦਾਸੀਆਂ ਦੌਰਾਨ ਦੂਰ ਤੱਕ ਇਲਮ ਦੇ ਕੇਂਦਰਾਂ ‘ਤੇ ਜਾ ਕੇ ਪੀਰਾਂ, ਰਹਬਿਰਾਂ, ਭਗਤਾਂ ਦੀ ਬਾਣੀ ਬੜੇ ਸਿਰੜ ਨਾਲ ਲੱਭੀ, ਇਕੱਠੀ ਕੀਤੀ ਅਤੇ ਪਿਆਰ ਨਾਲ ਸੰਭਾਲੀ। ਗੁਰੂ ਅਮਰਦਾਸ ਜੀ ਨੇ ਬਾਣੀ ਦੀ ਇਸ ਖੋਜ-ਭਾਲ ਅਤੇ ਹਾਸਲ ਨੂੰ ਸੱਚ ਦੀ ਪ੍ਰਾਪਤੀ ਕਿਹਾ। ਇਸ ਬਾਣੀ ਨੂੰ ਨਿਰੰਕਾਰ ਕਿਹਾ:
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥ (514, ਮ.3)
ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਨੂੰ ਕਾਸ਼ੀ ਨੇ ਖਿੱਚ ਪਾਈ। ਕਾਸ਼ੀ ਗਿਆਨ, ਚਿੰਤਨ ਅਤੇ ਸ਼ਾਇਰੀ ਦਾ ਵੱਡਾ ਕੇਂਦਰ ਹੋਇਆ ਕਰਦਾ ਸੀ। ਇੱਥੋਂ ਉਨ੍ਹਾਂ ਨੂੰ ਵੱਖ ਵੱਖ ਜਾਤਾਂ ਅਤੇ ਵਰਗਾਂ ਨਾਲ ਸਬੰਧਿਤ ਛੇ ਮਹਾਨ ਸੁਖਨਵਰਾਂ ਰਾਮਾਨੰਦ ਜੀ, ਰਵਿਦਾਸ ਜੀ, ਕਬੀਰ ਜੀ, ਪੀਪਾ ਜੀ, ਸੈਨ ਜੀ ਅਤੇ ਧੰਨਾ ਜੀ ਦੀ ਬਾਣੀ ਦੀ ਸੌਗਾਤ ਮਿਲੀ। ਗੁਰੂ ਨਾਨਕ ਇਸ ਬਾਣੀ ਦੀ ਵਿਚਾਰਧਾਰਾ ਦੀ ਰੌਸ਼ਨੀ ਵਿਚ ਸਚਿਆਰੇ ਮਨੁੱਖ ਅਤੇ ਹੱਕ, ਸੱਚ ਤੇ ਬਰਾਬਰੀ ਦੇ ਬੋਲਬਾਲੇ ਵਾਲੇ ਸਮਾਜ ਦੀ ਸਿਰਜਣਾ ਕਰਨਾ ਲੋਚਦੇ ਸਨ। ਇਸ ਬਾਣੀ ਦੀ ਗੂੰਜ ਨਾਲ ਆਪ ਲੋਕਾਈ ਨੂੰ ਜਾਗ੍ਰਿਤ ਕਰਨਾ ਚਾਹੁੰਦੇ ਸਨ, ਸਭ ਨੂੰ ਮੁਹੱਬਤ ਭਰੀ ਏਕਤਾ ਵਿਚ ਬੰਨ੍ਹਣਾ ਚਾਹੁੰਦੇ ਸਨ:
ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ॥ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ॥ (844, ਮ.1)
ਇਸ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਬਹੁਤ ਆਦਰ ਨਾਲ ਸੰਭਾਲ ਕੇ ਹੋਰ ਬਾਣੀਕਾਰਾਂ ਅਤੇ ਆਪਣੀ ਬਾਣੀ ਸਹਿਤ ਪੋਥੀ ਸਾਹਿਬ ਦੇ ਰੂਪ ਵਿਚ ਆਪਣੇ ਉਤਰਾਧਿਕਾਰੀ ਭਾਈ ਲਹਿਣਾ ਜੀ ਨੂੰ ਗੁਰਿਆਈ ਦੇ ਰੂਪ ਵਿਚ ਸੌਂਪਿਆ। ਹੋਰ ਬਾਣੀਕਾਰਾਂ ਦੀ ਰਚਨਾ ਸ਼ਾਮਿਲ ਹੋਣ ਨਾਲ ਇਸ ਪੋਥੀ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਤੱਕ ਪਹੁੰਚ ਕੇ ਆਦਿ ਸ੍ਰੀ ਗ੍ਰੰਥ ਸਾਹਿਬ ਦਾ ਰੂਪ ਧਾਰਨ ਕੀਤਾ। ਗੁਰੂ ਰਾਮਦਾਸ ਜੀ ਨੇ ਇਸ ਬਾਣੀ ਨੂੰ ਅੰਮ੍ਰਿਤ ਕਹਿ ਕੇ ਵਡਿਆਇਆ:
ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ॥ (538, ਮ.4)
ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੀ ਬਾਣੀ ਨੂੰ ਸੱਚੀ ਬਾਣੀ ਮੰਨਦੇ ਹਾਂ। ਇਸ ਵਿਚ ਗੁਰੂ ਅਮਰਦਾਸ ਜੀ ਮੁਤਾਬਿਕ ਰਵਿਦਾਸ ਜੀ ਸਮੇਤ ਇਹ ਸਾਰੇ ਬਾਣੀਕਾਰ ਸਾਡੇ ਸਤਿਗੁਰੂ ਹਨ:
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (920, ਮ.3)
ਗੁਰੂ ਅਰਜਨ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਚਲੀ ਆ ਰਹੀ ਭਗਤੀ ਪਰੰਪਰਾ ਦੀ ਕਹਾਣੀ ਦੇ ਪ੍ਰਵਾਹ ਦੀ ਲਗਾਤਾਰਤਾ ਵਜੋਂ ਧਿਆਉਂਦੇ ਹਨ ਅਤੇ ਸਮੂਹ ਸੰਤਾਂ ਭਗਤਾਂ ਨੂੰ ਨਮੋ ਕਰਦੇ ਹਨ। ਸਬੰਧਿਤ ਸ਼ਬਦ ਦੀ ਸਮਾਪਤੀ ਇਸ ਤਰ੍ਹਾਂ ਹੁੰਦੀ ਹੈ:
ਕਬੀਰਿ ਧਿਆਇਓ ਏਕ ਰੰਗ॥ ਨਾਮਦੇਵ ਹਰਿ ਜੀਉ ਬਸਹਿ ਸੰਗਿ॥ ਰਵਿਦਾਸ ਧਿਆਏ ਪ੍ਰਭ ਅਨੂਪ॥ ਗੁਰ ਨਾਨਕ ਦੇਵ ਗੋਵਿੰਦ ਰੂਪ॥ (1192, ਮ.5)
ਜਿਸ ਭਗਤੀ ਪਰੰਪਰਾ ਨੂੰ ਗੁਰੂ ਨਾਨਕ ਦੇਵ ਜੀ ਨੇ ਇਕ ਸ਼ਕਤੀਸ਼ਾਲੀ ਸਿੱਖ ਲਹਿਰ ਵਿਚ ਤਬਦੀਲ ਕੀਤਾ, ਰਵਿਦਾਸ ਜੀ ਨੂੰ ਇਸ ਸ਼ਬਦ ਰਾਹੀਂ ਉਸ ਪਰੰਪਰਾ ਦਾ ਮਹੱਤਵਪੂਰਨ ਪੜਾਅ ਜਾਂ ਮੀਲ ਪੱਥਰ ਤਸਲੀਮ ਕੀਤਾ ਗਿਆ। ਗੁਰੂ ਅਰਜਨ ਸਾਹਿਬ ਰਵਿਦਾਸ ਜੀ ਅਤੇ ਦੂਸਰੇ ਬਾਣੀਕਾਰਾਂ ਨੂੰ ਆਪਣੇ ਪ੍ਰੇਰਨਾ ਸਰੋਤ ਮੰਨਦੇ ਹਨ, ਆਪਣੀ ਹਸਤੀ ਦੇ ਹੋਣ ਥੀਣ ਦਾ ਆਧਾਰ ਮੰਨਦੇ ਹਨ ਅਤੇ ਖ਼ੁਦ ਨੂੰ ਉਨ੍ਹਾਂ ਦੇ ਚਰਨਾਂ ਦੀ ਧੂੜ ਆਖਦੇ ਹਨ:
ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ॥ (1207, ਮ.5)
ਉਨ੍ਹਾਂ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਵੀ ਭਗਤ ਰਵਿਦਾਸ ਜੀ ਦੀ ਜ਼ਾਤ (ਸ਼ਖ਼ਸੀਅਤ) ਨੂੰ ਸਭ ਜਾਤਾਂ ਤੋਂ ਸ੍ਰੇਸ਼ਠ ਕਹਿ ਕੇ ਵਡਿਆਇਆ। ਭੱਟ ਕਲ ਨੇ ਆਪਣੇ ਸਵੱਈਆਂ ਵਿਚ ਰਵਿਦਾਸ ਜੀ ਦਾ ਉਚੇਚਾ ਜ਼ਿਕਰ ਕੀਤਾ। ਇਸ ਤਰ੍ਹਾਂ ਹੋਰ ਬਾਣੀਕਾਰਾਂ ਦੀ ਰਚਨਾ ਵਿਚ ਰਵਿਦਾਸ ਜੀ ਦਾ ਆਦਰ ਭਰਿਆ ਜ਼ਿਕਰ ਉਨ੍ਹਾਂ ਦੀ ਗੁਰਮਤਿ ਅੰਦਰ ਵੱਡੀ ਵਡਿਆਈ ਨੂੰ ਸਥਾਪਿਤ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ 18 ਰਾਗਾਂ ਵਿਚ 40 ਸ਼ਬਦ ਹਨ ਪਰ ਉਨ੍ਹਾਂ ਦੇ ਬੋਲਾਂ, ਵਿਚਾਰਾਂ ਅਤੇ ਉਨ੍ਹਾਂ ਪ੍ਰਤੀ ਆਦਰ ਦੇ ਭਾਵ ਦੀ ਗੂੰਜ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਥਾਂ ਫੈਲੀ ਹੋਈ ਮਿਲਦੀ ਹੈ। ਗੁਰੂ ਸਾਹਿਬਾਨ ਦੀ ਬਾਣੀ ਵਿਚ ਰਵਿਦਾਸ ਜੀ ਦੇ ਬੋਲ ਆਪਮੁਹਾਰੇ ਆਣ ਮਿਲਦੇ ਹਨ। ਰਵਿਦਾਸ ਜੀ ਉਚਰਦੇ ਹਨ: ਊਚੇ ਮੰਦਰ ਸੁੰਦਰ ਨਾਰੀ॥ ਰਾਮ ਨਾਮ ਬਿਨੁ ਬਾਜੀ ਹਾਰੀ॥ (659) ਅਤੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ: ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ॥ ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ॥ (412)
ਰਵਿਦਾਸ ਜੀ ਆਖਦੇ ਹਨ: ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ॥ (973) ਇਸ ਨੂੰ ਗੁਰੂ ਅਰਜਨ ਦੇਵ ਜੀ ਇਉਂ ਪ੍ਰਗਟਾਉਂਦੇ ਹਨ: ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ॥ (379)
ਗੁਰੂ ਨਾਨਕ ਦੇਵ ਜੀ ਤੋਂ ਮਗਰਲੇ ਬਾਣੀਕਾਰ ਗੁਰੂਆਂ ਨੇ ਨਾਨਕ-ਮਾਰਗ ਦੇ ਪਾਂਧੀ ਹੋਣ ਕਰਕੇ ਆਪਣੇ ਆਪ ਨੂੰ ਬਾਣੀ ਵਿਚ ‘ਨਾਨਕ’ ਲਿਖਿਆ। ਕਬੀਰ ਸਾਹਿਬ ਨੇ ਆਪਣੇੇ ਇਕ ਸਲੋਕ ਵਿਚ ਖ਼ੁਦ ਨੂੰ ‘ਰਵਿਦਾਸ’ ਲਿਖਿਆ ਹੈ:
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ॥ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ॥ (1377, ਕਬੀਰ ਜੀ)
ਕਬੀਰ ਜੀ ਉਨ੍ਹਾਂ ਦੇ ਬੋਲਾਂ ਨੂੰ ‘ਸਤਿ’ ਕਰਕੇ ਜਾਣਦੇ ਸਨ। ਉਨ੍ਹਾਂ ਦੇ ਸੋਚ ਮੰਡਲ ਵਿਚ ਰਵਿਦਾਸ ਜੀ ਛਾਏ ਹੋਏ ਸਨ। ਕਈ ਵਾਰ ਤਾਂ ਹੂਬਹੂ ਇਕੋ ਗੱਲ ਆਖਦੇ ਹਨ। ਜੇਕਰ ਰਵਿਦਾਸ ਜੀ ‘ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥ (657)’ ਕਹਿੰਦੇ ਹਨ ਤਾਂ ਭਗਤ ਕਬੀਰ ਜੀ ਕਹਿੰਦੇ ਹਨ ‘ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ॥’ (339)
ਇੰਜ ਕਬੀਰ ਜੀ ਰਵਿਦਾਸ ਜੀ ਪ੍ਰਤੀ ਸਤਿਕਾਰ ਪ੍ਰਗਟ ਕਰਨ, ਵਿਚਾਰਾਂ ਦੀ ਪ੍ਰੋੜਤਾ ਕਰਨ ਦੇ ਨਾਲ ਨਾਲ ਕਈ ਥਾਈਂ ਉਨ੍ਹਾਂ ਦੀਆਂ ਰਮਜ਼ਾਂ ਦਾ ਖੁਲਾਸਾ ਕਰਦੇ ਹਨ। ਰਵਿਦਾਸ ਜੀ ਦੇ ਸ਼ਬਦ ਹਨ: ਸੰਤ ਅਨੰਤਹਿ ਅੰਤਰੁ ਨਾਹੀ॥ (486) ਇਸ ਦੇ ਨਾਲ ਕਬੀਰ ਜੀ ਆਖਦੇ ਹਨ:
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥ (1372)
ਹੋਰ ਬਾਣੀਕਾਰਾਂ ਦਾ ਰਵਿਦਾਸ ਜੀ ਪ੍ਰਤੀ ਸਤਿਕਾਰ ਉਨ੍ਹਾਂ ਨਾਲ ਜੁੜੀਆਂ ਅਖੌਤੀ ਕਰਾਮਾਤਾਂ ਦੀਆਂ ਕਹਾਣੀਆਂ ਕਾਰਨ ਨਹੀਂ ਸਗੋਂ ਉਨ੍ਹਾਂ ਦੀ ਪ੍ਰੇਮ, ਭਗਤੀ, ਸ਼ੁਭਚਿੰਤਨ ਅਤੇ ਵੈਰਾਗ ਨਾਲ ਭਰਪੂਰ ਸ਼ਖ਼ਸੀਅਤ ਕਾਰਨ ਹੈ, ਉਨ੍ਹਾਂ ਦੀ ਬਾਣੀ ਦੀ ਉੱਚਤਾ ਕਾਰਨ ਹੈ। ਸੰਖੇਪਤਾ ਇਸ ਬਾਣੀ ਦਾ ਉੱਘੜਵਾਂ ਗੁਣ ਹੈ। ਗੁਰੂ ਸਾਹਿਬਾਨ ਨੇ ਉਨ੍ਹਾਂ ਦੇ ਥੋੜ੍ਹੇ ਲਫ਼ਜ਼ਾਂ ‘ਚੋਂ ਬਹੁਤਾ ਸੁਣਿਆ। ਕਈ ਥਾਈਂ ਆਪਣੀ ਬਾਣੀ ਰਾਹੀਂ ਰਵਿਦਾਸ ਜੀ ਦੁਆਰਾ ਪ੍ਰਗਟ ਕੀਤੇ ਗਏ ਵਿਚਾਰਾਂ ਦਾ ਖੁਲਾਸਾ, ਬਖਾਨ ਅਤੇ ਵਿਸਥਾਰ ਕੀਤਾ।
ਰਵਿਦਾਸ ਜੀ ਦੇ ਸ਼ਬਦਾਂ ‘ਘਰ ਕੀ ਨਾਰਿ ਉਰਹਿ ਤਨ ਲਾਗੀ॥ ਉਹ ਤਉ ਭੂਤੁ ਭੂਤੁ ਕਰਿ ਭਾਗੀ॥’ (794) ਦੇ ਸੰਦਰਭ ਵਿਚ ਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ‘ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ॥’ (634)
ਆਦਿ ਸ੍ਰੀ ਗ੍ਰੰਥ ਸਾਹਿਬ ਦੇ ਸੰਕਲਨ ਸਮੇਂ ਹਰੇਕ ਬਾਣੀ ਅੱਗੇ ਪਰਮਾਤਮਾ ਦੇ ਸੰਕਲਪ ਦਾ ਤੱਤ ਸਾਰ ਪੇਸ਼ ਕਰਨ ਵਾਲੇ ਮੂਲ ਮੰਤਰ ਦੇ ਅਨੇਕਾਂ ਬੀਜ ਰਵਿਦਾਸ ਜੀ ਦੀ ਬਾਣੀ ਵਿਚ ਸੌਖਿਆਂ ਹੀ ਦਿਸ ਸਕਦੇ ਹਨ:
ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ॥ (346)
ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੁੋਗਵੈ ਸੋਈ॥ (657)
ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ॥ (1293)
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥ (694)
ਮਨ ਕਾ ਸੁਭਾਉ ਸਭੁ ਕੋਈ ਕਰੈ॥ ਕਰਤਾ ਹੋਇ ਸੁ ਅਨਭੈ ਰਹੈ॥ (1167)
ਤਨੁ ਮਨੁ ਅਰਪਉ ਪੂਜ ਚਰਾਵਉ॥ ਗੁਰ ਪਰਸਾਦਿ ਨਿਰੰਜਨੁ ਪਾਵਉ॥ (525)
ਉਨ੍ਹਾਂ ਦੀ ਬਾਣੀ ਵਿਚ ਆਈ ਹੋਰ ਬਹੁਤ ਸਾਰੀ ਸ਼ਬਦਾਵਲੀ ਗੁਰਮਤਿ ਦੀ ਸ਼ਬਦਾਵਲੀ ਬਣੀ ਜਿਵੇਂ ਗੁਰੂ, ਸਤਿਗੁਰੂ, ਸੰਗਤ, ਸਾਧਸੰਗਤ, ਸੰਤ, ਸਿਮਰਨ, ਅੰਮ੍ਰਿਤ, ਪੰਥ ਆਦਿ। ਉਨ੍ਹਾਂ ਕਿਹਾ:
ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ॥ (346)
ਸੰਤ ਤੁਝੀ ਤਨੁ ਸੰਗਤਿ ਪ੍ਰਾਨ॥ ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ॥ (486)
ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥ (694)
ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ॥ ਸਾਧਸੰਗਤਿ ਪਾਈ ਪਰਮ ਗਤੇ॥ (1293)
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ॥ ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ॥ (694)
ਪੁਰ ਸਲਾਤ ਕਾ ਪੰਥੁ ਦੁਹੇਲਾ॥ ਸੰਗਿ ਨ ਸਾਥੀ ਗਵਨੁ ਇਕੇਲਾ॥ (793)
ਜਨਮੁ ਸਿਰਾਨੋ ਪੰਥੁ ਨ ਸਵਾਰਾ॥ ਸਾਂਝ ਪਰੀ ਦਹ ਦਿਸ ਅੰਧਿਆਰਾ॥ (793)
ਉਨ੍ਹਾਂ ਦੀ ਰਚਨਾ ਵਿਚ ਉਨ੍ਹਾਂ ਦੀ ਕਿਰਤ ਅਤੇ ਕਾਰ ਵਿਹਾਰ ਨਾਲ ਜੁੜੀ ਸ਼ਬਦਾਵਲੀ ਵੀ ਸਾਹਮਣੇ ਆਉਂਦੀ ਹੈ: ਜਿਵੇਂ ਢੋਰ, ਜੁੱਤੀ, ਰੰਬੀ, ਆਰ, ਧਾਗਾ, ਤੋਪਾ, ਗੰਢ ਆਦਿ। ਇੰਜ ਆਪ ਕਿਰਤ ਦੇ ਗੌਰਵ ਅਤੇ ਆਨੰਦ ਦੇ ਨਾਲ ਨਾਲ ਕਿਰਤੀ ਦੇ ਸਵੈ-ਸਨਮਾਨ ਨੂੰ ਉਜਾਗਰ ਕਰਦੇ ਹਨ, ਕਿਰਤ ਨਾਲ ਜੋੜੀ ਹੋਈ ਗਿਲਾਨੀ ਨੂੰ ਹੂੰਝਦੇ ਪੂੰਝਦੇ ਹਨ। ਗੁਰਮਤਿ ਵਿਚਾਰਧਾਰਾ ਦੀਆਂ ਨੀਹਾਂ ਵਿਚ ਪਈ ਆਪ ਜਿਹੀਆਂ ਸ਼ਖ਼ਸੀਅਤਾਂ ਦੀ ਸ਼ਕਤੀ ਅਤੇ ਵਿਚਾਰਾਂ ਦੀ ਰੌਸ਼ਨੀ ਸੰਯੁਕਤ ਹੋ ਕੇ ਸਿੱਖ ਧਰਮ ਦਾ ਬੁਨਿਆਦੀ ਅਸੂਲ ‘ਕਿਰਤ ਕਰਨਾ’ ਬਣਦੀ ਹੈ।
ਉਨ੍ਹਾਂ ਹਰੇਕ ਸ਼ਬਦ ਦੇ ਅੰਤ ਵਿਚ ਆਪਣੀ ਨੀਵੀਂ ਸਮਝੀ ਜਾਂਦੀ ਜਾਤ ਦਾ ਨਾਂ ਦਰਜ ਕਰਕੇੇ ਜਨਮ ਆਧਾਰਿਤ ਊਚ-ਨੀਚ ਵਾਲੇ ਜਾਤੀ ਪ੍ਰਬੰਧ ਦੀ ਨਿਮਰਤਾ ਦੀ ਜੁਗਤ ਨਾਲ ਖਿੱਲੀ ਉਡਾਈ। ਜਾਤ ਪਾਤ ਵਿਰੋਧੀ ਵਿਚਾਰਾਂ ਨੂੰ ਅਗਾਂਹ ਤੋਰਦਿਆਂ ਗੁਰੂ ਸਾਹਿਬਾਨ ਨੇ ਸਾਂਝੇ ਲੰਗਰਾਂ ਅਤੇ ਸਰੋਵਰਾਂ ਦੀ ਰਚਨਾ ਕਰ ਕੇ ਬਰਾਬਰੀ ਨੂੰ ਵਿਹਾਰਕ ਅਤੇ ਸਮਾਜਿਕ ਤੌਰ ‘ਤੇ ਵਿਸਥਾਰ ਪ੍ਰਦਾਨ ਕਰਨ ਦਾ ਮਹਾਨ ਕਾਰਜ ਕੀਤਾ।
ਗੁਰਮਤਿ ਨੇ ਕਰਮ ਕਾਂਡਾਂ ਦੀ ਬਜਾਏ ਪ੍ਰੇਮ ਭਗਤੀ ਜਾਂ ਨਾਮੁ ਦੇ ਮਹੱਤਵ ਨੂੰ ਸਥਾਪਿਤ ਕੀਤਾ। ਕਰਮ ਕਾਂਡਾਂ ਵਿਚੋਂ ਮੂਰਤੀਆਂ ਅੱਗੇ ਦੀਵੇ ਬਾਲ ਕੇ ਕੀਤੀ ਜਾਂਦੀ ਆਰਤੀ ਸਭ ਤੋਂ ਆਕਰਸ਼ਕ ਕਰਮ ਕਾਂਡ ਸੀ। ਪਰ ਰਵਿਦਾਸ ਜੀ ਨੇ ਆਰਤੀ ਦੀ ਸਾਰੀ ਸਮੱਗਰੀ ਨੂੰ ਪਿਛਾਂਹ ਕਰ ਕੇ ਉਸ ਦੀ ਜਗ੍ਹਾ ‘ਨਾਮੁ’ ਨੂੰ ਵਡਿਆਇਆ:
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ (694)
ਉਨ੍ਹਾਂ ਦਾ ਬੇਗਮਪੁਰਾ ਵਾਲਾ ਸ਼ਬਦ ਇਸ ਗੱਲ ਦਾ ਪ੍ਰਮਾਣ ਹੈ ਕਿ ਰਵਿਦਾਸ ਜੀ ਲਈ ਭਗਤੀ ਜਾਂ ਧਰਮ ਨਿੱਜੀ ਪ੍ਰਾਪਤੀ, ਖ਼ੁਸ਼ੀ ਜਾਂ ਮੁਕਤੀ ਲਈ ਨਹੀਂ, ਸਗੋਂ ਉਹ ਨਿਆਂ ਅਤੇ ਬਰਾਬਰੀ ਆਧਾਰਿਤ ਸਮਾਜ ਤੇ ਸੰਸਾਰ ਦਾ ਸੁਪਨਾ ਦੇਖਦੇ ਸਨ ਜਿੱਥੇ ਹਰ ਕੋਈ ਖ਼ੁਸ਼ੀ, ਖੁਸ਼ਹਾਲੀ, ਸੁਤੰਤਰਤਾ ਅਤੇ ਮੁਹੱਬਤ ਭਰੇ ਜੀਵਨ ਦਾ ਭਾਗੀ ਬਣ ਸਕੇ। ਤਕੜੇ ਦੇ ਰੋਹਬ, ਜ਼ੁਲਮ ਅਤੇ ਸ਼ੋਸ਼ਣ ਦਾ ਕੋਈ ਸ਼ਿਕਾਰ ਨਾ ਹੋਵੇ। ਇਹ ਸੁਪਨਾ ਗੁਰੂ ਸਾਹਿਬਾਨ ਦੁਆਰਾ ਖੜ੍ਹੀ ਕੀਤੀ ਗਈ ਸਿੱਖ ਲਹਿਰ ਦੇ ਏਜੰਡੇ ਦਾ ਕੇਂਦਰੀ ਨੁਕਤਾ ਬਣਿਆ। ਸਿੱਖੀ ਦੇ ਪ੍ਰਚਾਰ ਦਾ ਭਾਵ ਇਸ ਸੁਪਨੇ ਨੂੰ ਜਨ ਜਨ ਦੇ ਖ਼ੂਨ ਵਿਚ ਉਤਾਰਨਾ ਸੀ ਅਤੇ ਖਾਲਸਾ ਪੰਥ ਦੀ ਸਾਜਨਾ ਇਸ ਸੁਪਨੇ ਦੀ ਪੂਰਤੀ ਲਈ ਇਨਕਲਾਬੀ ਪ੍ਰਤਬਿੱਧਤਾ ਦਾ ਐਲਾਨਨਾਮਾ ਸੀ।
ਸੰਪਰਕ: 80540-04977