ਅਦਾਕਾਰ ਰਣਵੀਰ ਸਿੰਘ ਨੇ ਮੁੰਬਈ ਵਿੱਚ ਆਪਣੀ ਫਿਲਮ ‘ਪ੍ਰਲਯ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜੋ ਨਿਰਮਾਤਾ ਵਜੋਂ ਉਸ ਦੀ ਪਹਿਲੀ ਫਿਲਮ ਹੈ। ਇਹ ਫਿਲਮ ਜੈ ਮਹਿਤਾ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ, ਜੋ ਪਹਿਲਾਂ ‘ਸਕੈਮ 1992: ਦਿ ਹਰਸ਼ਦ ਮਹਿਤਾ ਸਟੋਰੀ’ ਲਈ ਜਾਣੇ ਜਾਂਦੇ ਹਨ। ਪ੍ਰੈੱਸ ਰਿਲੀਜ਼ ਅਨੁਸਾਰ ਰਣਵੀਰ ਸਿੰਘ, ਅਨੰਨਿਆ ਬਿਰਲਾ ਦੇ ਬਿਰਲਾ ਸਟੂਡੀਓਜ਼, ਟਰੂ ਸਟੋਰੀ ਫਿਲਮਜ਼ ਅਤੇ ਮਾਂ ਕਸਮ ਫਿਲਮਜ਼ ਦੇ ਸਹਿਯੋਗ ਨਾਲ ਇਸ ਫਿਲਮ ਦਾ ਨਿਰਮਾਣ ਕਰ ਰਿਹਾ ਹੈ।
ਇਸ ਫਿਲਮ ਦੀ ਕਹਾਣੀ ਮੁੰਬਈ ਦੇ ਪਿਛੋਕੜ ’ਤੇ ਹੈ। ‘ਪ੍ਰਲਯ’ ਮੌਲਿਕ ਕਹਾਣੀ ਹੈ, ਜੋ ਸ਼ਾਨਦਾਰ ਦ੍ਰਿਸ਼ਾਂ ਨੂੰ ਡੂੰਘੇ ਭਾਵਨਾਤਮਕ ਆਧਾਰ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਹੈ। ਇਸ ਦੇ ਕੇਂਦਰ ਵਿੱਚ ਹਿੰਮਤ ਅਤੇ ਉਸ ਚੀਜ਼ ਲਈ ਲੜਨ ਦੀ ਕਹਾਣੀ ਹੈ, ਜੋ ਸਭ ਤੋਂ ਵੱਧ ਮਾਇਨੇ ਰੱਖਦੀ ਹੈ, ਜਦੋਂ ਤੁਹਾਡੀ ਦੁਨੀਆ ਤਬਾਹ ਹੋਣ ਲੱਗਦੀ ਹੈ। ਇਸ ਵਿੱਚ ਰਣਵੀਰ ਨਾਲ ਅਦਾਕਾਰਾ ਕਲਿਆਣੀ ਪ੍ਰਿਆਦਰਸ਼ਨ ਵੀ ਨਜ਼ਰ ਆਵੇਗੀ। ਰਣਵੀਰ ਆਖਰੀ ਵਾਰ ‘ਧੁਰੰਧਰ ਦੀ ਰਿਵੈਂਜ’ ’ਚ ਨਜ਼ਰ ਆਇਆ ਸੀ, ਜਿਸ ਨੇ ਆਲਮੀ ਬਾਕਸ ਆਫਿਸ ’ਤੇ 1800 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਦਾ ਨਿਰਦੇਸ਼ਨ ਆਦਿੱਤਿਆ ਧਰ ਨੇ ਕੀਤਾ ਸੀ ਅਤੇ ਇਸ ਵਿੱਚ ਅਦਾਕਾਰ ਨੇ ਹਮਜ਼ਾ ਅਲੀ ਮਜ਼ਾਰੀ ਅਤੇ ਜਸਕੀਰਤ ਸਿੰਘ ਰੰਗੀ ਦੀ ਭੂਮਿਕਾ ਨਿਭਾਈ ਸੀ। ਫਿਲਮ ਵਿੱਚ ਆਰ ਮਾਧਵਨ, ਸਾਰਾ ਅਰਜੁਨ ਅਤੇ ਰਾਕੇਸ਼ ਬੇਦੀ ਸਣੇ ਹੋਰ ਕਲਾਕਾਰਾਂ ਨੇ ਕੰਮ ਕੀਤਾ ਸੀ।

