ਰਾਮ ਸਿੰਘ ਦੀ ਟਰੇਨਿੰਗ

ਰਾਮ ਸਿੰਘ ਦੀ ਟਰੇਨਿੰਗ

ਹਰੀ ਸ਼ੰਕਰ ਪਰਸਾਈ

ਹਰੀ ਸ਼ੰਕਰ ਪਰਸਾਈ

ਵਿਅੰਗ

ਰਾਮ ਸਿੰਘ ਰੋਜ਼ ਸ਼ਾਮ ਨੂੰ ਮੇਰੇ ਘਰ ਆਉਂਦਾ ਹੈ। ਮੈਨੂੰ ਸਾਹਮਣੇ ਬਿਠਾ ਕੇ ਪੂਰਾ ਘੰਟਾ ਮੈਨੂੰ ਖ਼ੂਬ ਗਾਲ੍ਹਾਂ ਕੱਢਦਾ ਹੈ। ਗੁਆਂਢੀ ਪੁੱਛਦੇ ਨੇ, ‘‘ਕੀ ਇਹ ਪਾਗਲ ਹੋ ਗਿਆ ਹੈ?”

ਮੈਂ ਕਹਿੰਦਾ ਹਾਂ, ‘‘ਨਹੀਂ।”

ਫਿਰ ਉਹ ਮੈਨੂੰ ਉਤਸ਼ਾਹਿਤ ਕਰਦੇ ਹਨ ਕਿ ਜਾਂ ਤਾਂ ਮੈਂ ਉਸ ਦੇ ਚਾਰ ਚਪੇੜਾਂ ਜੜ ਦਿਆਂ ਜਾਂ ਉਸ ਨੂੰ ਕੁੱਟਣ ਦਾ ਗੁਆਂਢੀਆਂ ਨੂੰ ਆਪਣਾ ਫ਼ਰਜ਼ ਨਿਭਾਉਣ ਦਿਆਂ। ਮੈਂ ਗੱਲ ਨੂੰ ਹਾਸੇ ਵਿੱਚ ਟਾਲ ਦੇਂਦਾ ਹਾਂ। ਹੁਣ ਉਹ ਮੈਨੂੰ ਡਰਪੋਕ ਜਾਂ ਮਾਨਸਿਕ ਤੌਰ ’ਤੇ ਹਿੱਲਿਆ ਸਮਝਣ ਦੀ ਤਿਆਰੀ ’ਚ ਹਨ। ਰਾਮ ਸਿੰਘ ’ਕੱਲੀਆਂ ਗਾਲ੍ਹਾਂ ਹੀ ਨਹੀਂ ਕੱਢਦਾ। ਇਕ ਵਾਰ ਰਾਤ ਨੂੰ ਉਹ ਮੇਰੇ ਘਰ ਗਾਂਜੇ ਦਾ ਭੋਰਾ ਸੁੱਟ ਗਿਆ। ਦੂਜੇ ਦਿਨ ਮੂੰਹ ਨ੍ਹੇਰੇ ਹੀ ਸਾਡੇ ਘਰ ਦੀ ਤਲਾਸ਼ੀ ਲੈਣ ਆ ਟਪਕਿਆ। ਰੁਮਾਲ ਨਾਲ ਮੇਰੇ ਹੱਥ ਬੰਨ੍ਹ ਦਿੱਤੇ ਅਤੇ ਮੈਨੂੰ ਗ੍ਰਿਫ਼ਤਾਰ ਕਰ ਲਿਆ। ਉਹ ਮੈਨੂੰ ਆਪਣੇ ਛੋਟੇ ਭਾਈ ਵਾਂਗ ਪਿਆਰਾ ਹੈ। ਮੈਂ ਇਹ ਦੇਖ ਕੇ ਬੜਾ ਖ਼ੁਸ਼ ਹੁੰਦਾ ਹਾਂ ਕਿ ਉਹ ਤੇਜ਼ ਰਫ਼ਤਾਰ ਨਾਲ ਯੋਗ ਬਣਦਾ ਜਾ ਰਿਹਾ ਹੈ ਅਤੇ ਨੌਕਰੀ ਵਿੱਚ ਤਰੱਕੀ ਕਰਦਾ ਜਾਵੇਗਾ।

ਅੱਠ ਦਸ ਦਿਨ ਪਹਿਲਾਂ ਰਾਮ ਸਿੰਘ ਦੇ ਵੱਡੇ ਭਾਈ ਹਨੂੰਮਾਨ ਸਿੰਘ ਮੇਰੇ ਘਰ ਆਏ। ਬੜੇ ਪ੍ਰੇਸ਼ਾਨ ਸਨ। ਕਹਿੰਦੇ, ‘‘ਤੈਨੂੰ ਪਤਾ ਹੈ, ਰਾਮ ਸਿੰਘ ਛੁੱਟੀ ’ਤੇ ਆਇਆ ਹੈ। ਉਹ ਪੁਲੀਸ ਇੰਸਪੈਕਟਰ ਕੀ ਬਣ ਗਿਆ, ਉਹ ਤਾਂ ਜਿਵੇਂ ਪਾਗਲਾਂ ਵਰਗੀਆਂ ਹਰਕਤਾਂ ਕਰਦਾ ਹੈ। ਸਾਰਾ ਘਰ ਉਹਨੇ ਸਿਰ ’ਤੇ ਚੁੱਕਿਆ ਹੋਇਆ। ਕਮਰਾ ਬੰਦ ਕਰ ਲੈਂਦਾ ਅਤੇ ਘੰਟਿਆਂਬੱਧੀ ਗਾਲ੍ਹਾਂ ਕੱਢਦਾ ਰਹਿੰਦਾ ਹੈ। ਇਕ ਦਿਨ ਮੈਂ ਖਿੜਕੀ ਵਿਚਲੇ ਸੁਰਾਖ਼ ’ਚੋਂ ਦੇਖਿਆ ਕਿ ਸਾਡੇ ਬਾਪ ਦਾਦਿਆਂ ਦੀਆਂ ਫੋਟੋਆਂ ਉਸ ਨੇ ਕੰਧ ’ਤੇ ਟੰਗੀਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਗਾਲਾਂ ਕੱਢ ਰਿਹਾ ਸੀ। ਇਕ ਦਿਨ ਮੈਂ ਮੁੰਨੇ ਨੂੰ ਪੜ੍ਹਨ ਲਈ ਬਿਠਾ ਕੇ ਕਿਤੇ ਬਾਹਰ ਚਲਾ ਗਿਆ। ਜਦੋਂ ਘਰ ਆਇਆ ਤਾਂ ਮੇਰੀ ਬੇਟੀ ਬੋਲੀ, ‘ਕੀ ਰਾਮ ਸਿੰਘ ਚਾਚੇ ਦਾ ਦਿਮਾਗ਼ ਘੁੰਮ ਗਿਆ ਹੈ? ਤੁਹਾਡੇ ਜਾਣ ਮਗਰੋਂ ਮੁੰਨਾ ਉੱਠ ਕੇ ਖੇਡਣ ਚਲਾ ਗਿਆ। ਜਦੋਂ ਮੁੜਿਆ ਤਾਂ ਚਾਚੇ ਨੇ ਪਤਾ ਉਸ ਨੂੰ ਕੀ ਕਿਹਾ? ਕਹਿੰਦਾ- ਓਏ ਮੁੰਨੇ ਰੁਪਈਆ ਕੱਢ ਨਹੀਂ ਤਾਂ ਵੱਡੇ ਵੀਰੇ ਨੂੰ ਰਿਪੋਰਟ ਕਰਕੇ ਤੇਰੇ ਮਾਰ ਪੁਆਵਾਂਗਾ। ਅਸੀਂ ਹਾਸੇ ਹਾਸੇ ’ਚ ਰੁਪਈਆ ਚਾਚੇ ਨੂੰ ਦੇ ਦਿੱਤਾ। ਚਾਚੇ ਨੇ ਫੜ ਕੇ ਜੇਬ੍ਹ ਵਿੱਚ ਪਾ ਲਿਆ।’ ਅਜੀਬ ਹਰਕਤਾਂ ਕਰਦਾ ਹੈ। ਬੱਚਿਆਂ ਤੋਂ ਪਾਣੀ ਮੰਗਦਾ ਹੈ। ਭੋਰਾ ਦੇਰ ਹੋ ਜਾਵੇ ਤਾਂ ਚੀਕਾਂ ਮਾਰਦਾ ਹੈ। ਕਹਿੰਦਾ- ਛੇਤੀ ਪਾਣੀ ਲੈ ਆ। ਕੀ ਸਮਝਦੈਂ ਤੂੰ? ਸੱਤ ਸਾਲ ਲਈ ਅੰਦਰ ਭੇਜ ਦਿਆਂਗਾ। ਮੇਰਾ ਤਾਂ ਨੱਕ ’ਚ ਦਮ ਕਰ ਰੱਖਿਆ ਉਸ ਨੇ। ਦੱਸ ਕੀ ਕਰਾਂ?’’ ਮੈਂ ਗੱਲ ਹਾਸੇ ਵਿੱਚ ਟਾਲਦਾ ਆਖ ਦਿੰਦਾਂ, ‘‘ਅੱਗੇ ਜਾ ਕੇ ਸਮਝ ਪਵੇਗੀ, ਅਜੇ ਨਾ ਬੋਲੋ।”

ਰਾਮ ਸਿੰਘ ਨੂੰ ਮੈਂ ਬਚਪਨ ਤੋਂ ਜਾਣਦਾ ਹਾਂ। ਬੜਾ ਸਾਊ, ਇਮਾਨਦਾਰ ਅਤੇ ਨਿਮਰਤਾ ਵਾਲਾ ਮੁੰਡਾ ਸੀ। ਦੂਜੇ ਦਿਨ ਮੈਂ ਉਸ ਨੂੰ ਮਿਲਿਆ। ਪੁੱਛਿਆ, ‘‘ਇਹ ਮਾਮਲਾ ਕੀ ਹੈ?”

ਉਹ ਬੋਲਿਆ, ‘‘ਲੱਗਦਾ ਵੱਡੇ ਭਾਈ ਸਾਬ੍ਹ ਨੇ ਤੁਹਾਡੇ ਕੋਲ ਮੇਰੀ ਸ਼ਿਕਾਇਤ ਲਗਾ ਦਿੱਤੀ ਹੈ। ਮੈਨੂੰ ਕੋਈ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਮੈਂ ਕਹਿੰਨਾ ਇਕ ਮਹੀਨਾ ਮੈਨੂੰ ਕੋਈ ਕੁਝ ਨਾ ਕਹੇ। ਮੇਰਾ ਦਿਮਾਗ਼ ਪੂਰਾ ਦਰੁਸਤ ਹੈ। ਮੈਂ ਪਾਗਲ ਨਹੀਂ ਹਾਂ।”

ਮੈਂ ਪੁੱਛਿਆ, ‘‘ਫੇਰ ਤੂੰ ਐਸੀਆਂ ਹਰਕਤਾਂ ਕਿਉਂ ਕਰਦਾ ਏਂ?” ਉਸ ਨੇ ਜਿਹੜੀ ਕਹਾਣੀ ਮੈਨੂੰ ਸੁਣਾਈ, ਲਓ ਉਸੇ ਦੇ ਸ਼ਬਦਾਂ ਵਿਚ ਤੁਸੀਂ ਵੀ ਸੁਣ ਲਓ: ਭਾਈ ਸਾਬ੍ਹ ਮੈਂ ਨਵਾਂ ਨਵਾਂ ਇੰਸਪੈਕਟਰ ਬਣਿਆ ਸੀ। ਮੇਰੇ ਮਨ ਵਿੱਚ ਬੜੇ ਉੱਚੇ ਆਦਰਸ਼ ਅਤੇ ਸੇਵਾ ਭਾਵਨਾ ਸੀ। ਇਕ ਦਿਨ ਗੁਆਂਢੀ ਪਿੰਡ ਤੋਂ ਇਕ ਮੁੰਡਾ ਥਾਣੇ ਆਇਆ ਤੇ ਰਿਪੋਰਟ ਕੀਤੀ ਕਿ ਸਾਡੇ ਘਰ ਚੋਰੀ ਹੋ ਗਈ। ਮੈਂ ਤੁਰੰਤ ਤਹਿਕੀਕਾਤ ਕਰਨ ਉਨ੍ਹਾਂ ਦੇ ਘਰ ਪਹੁੰਚ ਗਿਆ। ਵਿਹੜੇ ਵਿੱਚ ਇਕ ਬਜ਼ੁਰਗ ਨੀਵੀਂ ਪਾਈ ਬੈਠਾ ਸੀ। ਮੈਨੂੰ ਦੇਖ ਕੇ ਉਹ ਉੱਠ ਬੈਠਾ ਅਤੇ ਘਬਰਾਹਟ ’ਚ ਬੋਲਿਆ, ‘‘ਆਓ ਬੈਠੋ ਸਾਬ੍ਹ!’’ ਮੈਂ ਮੰਜੀ ’ਤੇ ਬੈਠ ਕੇ ਪੁੱਛਗਿੱਛ ਕਰਨ ਲੱਗਾ। “ਬਾਬਾ ਥੋਡੇ ਹੀ ਘਰ ਚੋਰੀ ਹੋਈ ਹੈ?” ਉਹ ਚੁੱਪ ਖੜ੍ਹਾ ਰਿਹਾ। ਉਸ ਨੇ ਕਿਹਾ, ‘‘ਜਨਾਬ, ਤੁਸੀਂ ਮੈਨੂੰ ਪੁੱਛ ਰਹੇ ਹੋ?”

ਮੈਂ ਕਿਹਾ, ‘‘ਹਾਂ ਬਾਬਾ, ਮੈਂ ਤੁਹਾਥੋਂ ਹੀ ਪੁੱਛ ਰਿਹਾ ਹਾਂ।”

ਬਜ਼ੁਰਗ ਬੋਲਿਆ, ‘‘ਮੇਰਾ ਨਾਂ ਤਾਂ ‘ਓਏ ਸਾਲੇ ਬੁੱਢੇ’ ਹੈ। ਬਾਬਾ ਨਹੀਂ ਹਾਂ ਮੈਂ।” ਮੈਨੂੰ ਬਜ਼ੁਰਗ ਦੀ ਗੱਲ ਪੱਲੇ ਨਹੀਂ ਪਈ। ਮੈਂ ਜਲਦਬਾਜ਼ੀ ਵਿੱਚ ਉਸ ਨੂੰ ਪੁੱਛਿਆ, ‘‘ਦੱਸੋ ਚੋਰੀ ਕਦੋਂ ਹੋਈ?”

ਬੁੱਢਾ ਫਿਰ ਚੁੱਪ। ਮੈਂ ਫਿਰ ਪੁੱਛਿਆ ਤਾਂ ਉਹ ਹੱਥ ਜੋੜ ਕੇ ਬੋਲਿਆ, “ਹਜ਼ੂਰ! ਗਲਤੀ ਤਾਂ ਸਾਡੇ ਕੋਲੋਂ ਹੋ ਗਈ। ਮੁੰਡਾ ਨਾਦਾਨ ਹੈ। ਮੈਂ ਬਾਹਰ ਗਿਆ ਹੋਇਆ ਸੀ। ਮੈਂ ਹੁੰਦਾ ਤਾਂ ਕਦੇ ਰਿਪੋਰਟ ਨਾ ਕਰਦਾ। ਨਾ ਤੁਹਾਨੂੰ ਇੱਥੇ ਆਉਣ ਦੀ ਤਕਲੀਫ਼ ਉਠਾਉਣੀ ਪੈਂਦੀ। ਮੁੰਡੇ ਦੀ ਗ਼ਲਤੀ ਲਈ ਉਸ ਨੂੰ ਮੁਆਫ਼ ਕਰ ਦਿਓ।” ਮੈਂ ਆਚੰਭੇ ’ਚ ਪੈ ਗਿਆ ਕਿ ਆਖ਼ਰ ਇਹ ਕਹਿ ਕੀ ਰਿਹਾ ਸੀ?

ਮੈਂ ਕਿਹਾ, ‘‘ਤੁਸੀਂ ਬੜੀ ਅਜੀਬ ਗੱਲ ਕਰ ਰਹੇ ਹੋ। ਚੋਰੀ ਦੀ ਰਿਪੋਰਟ ਤਾਂ ਕਰਨੀ ਹੀ ਚਾਹੀਦੀ ਹੈ। ਅਸੀਂ ਕਾਹਦੇ ਲਈ ਬੈਠੇ ਹਾਂ? ਸਾਡਾ ਫ਼ਰਜ਼ ਬਣਦਾ ਹੈ ਕਿ ਚੋਰੀ ਦਾ ਪਤਾ ਕਰੀਏ ਅਤੇ ਤੁਹਾਡਾ ਮਾਲ ਵਾਪਸ ਮਿਲ ਜਾਵੇ। ਹਾਂ, ਮੈਨੂੰ ਦੱਸੋ ਚੋਰੀ ਕਦੋਂ ਹੋਈ ਅਤੇ ਕਿਹੜੀ ਕਿਹੜੀ ਚੀਜ਼ ਚੋਰੀ ਹੋਈ ਹੈ?’’ ਬਜ਼ੁਰਗ ਫਿਰ ਮੌਨ ਹੋ ਗਿਆ। ਹੋਰਨਾਂ ਲੋਕਾਂ ਵੱਲ ਉਹ ਬੜੀ ਅਰਥ ਭਰੀ ਨਜ਼ਰ ਨਾਲ ਦੇਖਦਾ ਰਿਹਾ। ਇੰਨੇ ਨੂੰ ਉਸ ਦਾ ਲੜਕਾ ਦੁੱਧ ਦਾ ਗਿਲਾਸ ਲੈ ਆਇਆ ਅਤੇ ਮੇਰੇ ਵੱਲ ਕਰਨ ਲੱਗਾ। ਮੈਂ ਗਿਲਾਸ ਲੈਣ ਤੋਂ ਮਨ੍ਹਾ ਕਰ ਦਿੱਤਾ ਤਾਂ ਬਜ਼ੁਰਗ ਬੋਲਿਆ, ‘‘ਲੈ ਲਓ ਸਾਬ੍ਹ!”

ਮੈਂ ਕਿਹਾ, ‘‘ਨਹੀਂ, ਮੈਂ ਆਪਣੀ ਡਿਊਟੀ ਕਰ ਰਿਹਾ ਹਾਂ। ਇਸ ਸਮੇਂ ਤੁਹਾਡੀ ਕੋਈ ਵੀ ਚੀਜ਼ ਨਹੀਂ ਲਵਾਂਗਾ। ਸੁਪਾਰੀ ਦਾ ਟੁਕੜਾ ਵੀ ਨਹੀਂ।” ਮੈਂ ਦੇਖਿਆ ਕਿ ਉੱਥੇ ਖੜ੍ਹੇ ਲੋਕਾਂ ਨੇ ਅੱਖਾਂ ਅੱਖਾਂ ਵਿਚੀਂ ਭੇਤ ਭਰੇ ਇਸ਼ਾਰੇ ਕੀਤੇ। ਮੇਰੀ ਕਹੀ ਹਰ ਗੱਲ ’ਤੇ ਲੋਕ ਤ੍ਰਭਕ ਪੈਂਦੇ ਅਤੇ ਘੁਸਰ ਮੁਸਰ ਕਰਨ ਲੱਗਦੇ ਸਨ। ਮੈਂ ਬਜ਼ੁਰਗ ਨੂੰ ਕਿਹਾ, ‘‘ਬਾਬਾ, ਤੂੰ ਤਾਂ ਮੰਜੀ ’ਤੇ ਬੈਠ ਜਾ, ਸਿਆਣਾ ਆਦਮੀ ਏਂ।” ਬਜ਼ੁਰਗ ਡਰ ਕੇ ਦੋ ਕਦਮ ਪਿਛਾਂਹ ਹਟ ਗਿਆ। ਉਸ ਨੇ ਆਸ ਪਾਸ ਖੜ੍ਹੇ ਲੋਕਾਂ ਦੇ ਕੰਨ ਵਿੱਚ ਕੁਝ ਕਿਹਾ। ਮੈਂ ਪ੍ਰੇਸ਼ਾਨ ਸੀ ਕਿ ਲੋਕ ਇੰਨੇ ਹੱਕੇ ਬੱਕੇ ਕਿਉਂ ਖੜ੍ਹੇ ਹਨ? ਗੱਲਾਂ ਦਾ ਜਵਾਬ ਨਹੀਂ ਦੇ ਰਹੇ। ਇਕ ਦੂਜੇ ਦੇ ਕੰਨ ਵਿੱਚ ਘੁਸਰ ਮੁਸਰ ਕਰੀ ਜਾ ਰਹੇ ਹਨ। ਬਜ਼ੁਰਗ ਨੇ ਜੇਬ੍ਹ ’ਚੋਂ ਕੁਝ ਨੋਟ ਕੱਢੇ ਅਤੇ ਮੇਰੀ ਤਰਫ਼ ਵਧਾਉਂਦਿਆਂ ਕਿਹਾ, ‘‘ਜਨਾਬ, ਗ਼ਲਤੀ ਸਾਥੋਂ ਜ਼ਰੂਰ ਹੋਈ ਹੈ। ਪਰ ਮੁੰਡਾ ਨਾਦਾਨ ਹੈ। ਮੈਂ ਹੁੰਦਾ ਤਾਂ ਕਦੇ ਰਿਪੋਰਟ ਨਾ ਹੋਈ ਹੁੰਦੀ। ਮੈਨੂੰ ਪਤਾ ਹੈ ਤੁਹਾਡੇ ਸਮੇਂ ਦਾ ਹਰਜ ਹੁੰਦਾ ਹੈ। ਇਹ ਵੀ ਪਤਾ ਇਸ ਦਾ ਹਰਜਾਨਾ ਭਰਨਾ ਪੈਂਦਾ ਹੈ। ਇਹ ਪੰਜਾਹ ਰੁਪਏ ਰੱਖ ਲਓ ਅਤੇ ਇਸ ਮੁੰਡੇ ਨੂੰ ਮੁਆਫ਼ ਕਰ ਦਿਉ। ਮੁੜ ਕੇ ਐਸੀ ਗ਼ਲਤੀ ਨਹੀਂ ਹੋਵੇਗੀ।’’ ਮੈਂ ਥੋੜ੍ਹੀ ਦੇਰ ਲਈ ਸੁੰਨ ਹੋ ਗਿਆ। ਫਿਰ ਕਿਹਾ, ‘‘ਦੇਖੋ ਮੈਨੂੰ ਤਾਂ ਤੁਹਾਡੀਆਂ ਗੱਲਾਂ ਸਮਝ ਨਹੀਂ ਆ ਰਹੀਆਂ। ਮੈਂ ਇਹ ਰੁਪਏ ਕਿਉਂ ਲਵਾਂ? ਮੈਨੂੰ ਕੰਮ ਕਰਨ ਦੀ ਤਨਖ਼ਾਹ ਮਿਲਦੀ ਹੈ। ਇਕ ਵੀ ਅਜਿਹਾ ਪੈਸਾ ਲੈਣ ਨੂੰ ਮੈਂ ਗੁਨਾਹ ਸਮਝਦਾ ਹਾਂ।’’ ਮੇਰੀ ਕਹੀ ਗੱਲ ਦਾ ਉਨ੍ਹਾਂ ’ਤੇ ਅਨੋਖਾ ਅਸਰ ਹੋਇਆ। ਬਜ਼ੁਰਗ ਸਖ਼ਤ ਹੋ ਗਿਆ। ਉਸ ਨੇ ਆਸੇ-ਪਾਸੇ ਖੜ੍ਹੇ ਲੋਕਾਂ ਨੂੰ ਕਿਹਾ, ‘‘ਹੁਣ ਵੀ ਤੁਹਾਨੂੰ ਕੋਈ ਸ਼ੱਕ ਹੈ?”

ਉਹ ਬੋਲੇ, ‘‘ਨਹੀਂ।”

ਬੁੱਢੇ ਨੇ ਹੁੱਕਮ ਦਿੱਤਾ, ‘‘ਫੇਰ ਦੇਖਦੇ ਕੀ ਹੋ? ਇਸ ਤੋਂ ਪਹਿਲਾਂ ਕਿ ਮੈਨੂੰ ਕੁਝ ਸਮਝ ਪੈਂਦਾ, ਉਨ੍ਹਾਂ ਨੇ ਮੇਰੇ ਹੱਥ ਪੈਰ ਰੱਸੇ ਨਾਲ ਬੰਨ੍ਹ ਦਿੱਤੇ। ਬੁੱਢੇ ਨੇ ਇਕ ਆਦਮੀ ਨੂੰ ਕਿਹਾ, ‘‘ਜਾ ਸ਼ਹਿਰ ਜਾ ਕੇ ਇੰਸਪੈਕਟਰ ਸਾਬ੍ਹ ਨੂੰ ਕਹਿਣਾ ਕਿ ਕੋਈ ਚੋਰ ਲਫ਼ੰਗਾ ਪੁਲੀਸ ਦੀ ਵਰਦੀ ਪਾ ਕੇ ਇੱਥੇ ਆਇਆ ਸੀ। ਅਸੀਂ ਉਸ ਨੂੰ ਪਕੜ ਕੇ ਬੰਨ੍ਹ ਲਿਆ ਹੈ।’’ ਮੈਂ ਚੀਕਿਆ, ‘‘ਮੈਂ ਚੋਰ ਲਫ਼ੰਗਾ ਜਾਂ ਡਾਕੂ ਨਹੀਂ। ਮੈਂ ਪੁਲੀਸ ਇੰਸਪੈਕਟਰ ਹਾਂ।”

ਬਜ਼ੁਰਗ ਬੋਲਿਆ, ‘‘ਤੂੰ ਪੁਲੀਸ ਇੰਸਪੈਕਟਰ ਨਹੀਂ। ਤੂੰ ਵਰਦੀ ਕਿਤੋਂ ਚੋਰੀ ਕੀਤੀ ਹੈ। ਵਰਦੀ ਪਾ ਕੇ ਆ ਗਿਆ ਠੱਗੀ ਮਾਰਨ। ਤੂੰ ਮੈਨੂੰ ਧੋਖਾ ਨਹੀਂ ਦੇ ਸਕਦਾ। ਮੈਂ ਕਿਤੇ ਪੁਲੀਸ ਵਾਲੇ ਦੇਖੇ ਨਹੀਂ! ਪੁਲੀਸ ਵਾਲ਼ਿਆਂ ਨੂੰ ਦੇਖਦਾ ਦੇਖਦਾ ਬੁੱਢਾ ਹੋਇਆ ਹਾਂ। ਜਿੱਦਾਂ ਦੀਆਂ ਤੂੰ ਗੱਲਾਂ ਕਰਦਾਂ, ਐਦਾਂ ਪੁਲੀਸ ਵਾਲੇ ਨਹੀਂ ਕਰਦੇ। ਜ਼ਰੂਰ ਤੂੰ ਕੋਈ ਠੱਗ ਏਂ।”

ਮੈਂ ਪੁੱਛਿਆ, ‘‘ਤੁਹਾਨੂੰ ਮੇਰੇ ’ਤੇ ਸ਼ੱਕ ਕਿਉਂ ਹੋ ਰਿਹਾ ਹੈ?”

ਬੁੱਢਾ ਬੋਲਿਆ, ‘‘ਤੇਰੇ ਵਿੱਚ ਸੱਚੇ ਪੁਲੀਸ ਅਫ਼ਸਰ ਵਾਲਾ ਤਾਂ ਇਕ ਵੀ ਲੱਛਣ ਨਹੀਂ। ਪੁਲੀਸ ਅਫ਼ਸਰਾਂ ਨੂੰ ਵਿੰਹਦਿਆਂ ਮੇਰੀ ਉਮਰ ਲੰਘ ਗਈ, ਕਿਸੇ ਨੇ ਮੈਨੂੰ ‘ਕਿਉਂ ਓਏ ਬੁੱਢਿਆ’ ਤੋਂ ਇਲਾਵਾ ਕੁਝ ਨਹੀਂ ਆਖਿਆ। ਮੈਨੂੰ ਤਾਂ ਉਸੇ ਵੇਲੇ ਸ਼ੱਕ ਪੈ ਗਿਆ ਸੀ ਜਦੋਂ ਤੂੰ ਮੈਨੂੰ ਸਤਿਕਾਰ ਨਾਲ ਬਾਬਾ ਕਿਹਾ ਸੀ। ਫੇਰ ਤੂੰ ਦੁੱਧ ਪੀਣ ਤੋਂ ਮਨ੍ਹਾ ਕਰ ਦਿੱਤਾ। ਐਦਾਂ ਕੋਈ ਅਫ਼ਸਰ ਨਹੀਂ ਕਰਦਾ। ਫੇਰ ਤੂੰ ਪੈਸੇ ਨਹੀਂ ਲਏ। ਐਦਾਂ ਕੋਈ ਅਫ਼ਸਰ ਕਰਦਾ ਭਲਾ? ਅਸੀਂ ਤਾਂ ਡਰਦੇ ਮਾਰੇ ਚੋਰੀ ਦੀ ਰਿਪੋਰਟ ਨਹੀਂ ਕਰਦੇ ਕਿ ਪੁਲੀਸ ਵਾਲੇ ਆ ਕੇ ਤੰਗ ਕਰਨਗੇ, ਜੁਰਮਾਨਾ ਵਸੂਲ ਕੇ ਸਰਕਾਰ ਕੋਲ ਜਮ੍ਹਾਂ ਕਰਾ ਦੇਣਗੇ। ਤੂੰ ਕਹਿੰਨਾ ਮੈਂ ਇਕ ਪੈਸਾ ਨਹੀਂ ਲੈਣਾ। ਚੋਰੀ ਦਾ ਪਤਾ ਲਗਾਵਾਂਗਾ। ਐਸਾ ਅਫ਼ਸਰ ਤਾਂ ਮੈਂ ਅੱਜ ਤੀਕ ਨਹੀਂ ਦੇਖਿਆ। ਤੂੰ ਤਾਂ ਕੋਈ ਨਾਟਕ ਕਰਨ ਆਇਆਂ ਤੇ ਫੜਿਆ ਗਿਆ। ਹੁਣ ਸੱਚੇ ਪੁਲੀਸ ਅਫ਼ਸਰ ਆਉਣਗੇ ਅਤੇ ਤੈਨੂੰ ਦਸ ਸਾਲ ਖ਼ਾਤਰ ਜੇਲ੍ਹ ਵਿੱਚ ਸੁੱਟੀ ਰੱਖਣਗੇ।’’

ਭਾਈ ਸਾਬ੍ਹ ਮੈਨੂੰ ਸ਼ਾਮ ਤੱਕ ਉਨ੍ਹਾਂ ਨੇ ਉੱਥੇ ਹੀ ਬੰਨ੍ਹੀ ਰੱਖਿਆ। ਆਥਣ ਵੇਲੇ ਇਕ ਸਾਥੀ ਇੰਸਪੈਕਟਰ ਆਇਆ। ਉਸ ਨੇ ਆਉਂਦੇ ਸਾਰ ਬੁੱਢੇ ਨੂੰ ਮੋਟੀਆਂ ਮੋਟੀਆਂ ਗਾਲ੍ਹਾਂ ਕੱਢੀਆਂ। ਕਹਿੰਦਾ, ‘‘ਓਏ ਬੁੱਢੇ ਦੇ ਬੱਚਿਆ, ਇਸ ਨੂੰ ਕਿਉਂ ਬੰਨ੍ਹ ਕੇ ਰੱਖਿਐ?’’

ਗਾਲ੍ਹਾਂ ਸੁਣ ਕੇ ਬੁੱਢਾ ਖ਼ੁਸ਼ ਹੋ ਗਿਆ। ਬੋਲਿਆ, ‘‘ਜਨਾਬ ਇਹੀ ਤਾਂ ਅਸੀਂ ਇਸ ਠੱਗ ਨੂੰ ਕਹਿ ਰਹੇ ਸੀ। ਦੇਖ ਲਿਆ ਇਹ ਹੁੰਦੇ ਨੇ ਪੁਲੀਸ ਅਫ਼ਸਰ, ਜਿਵੇਂ ਦੇ ਇਹ ਸਾਬ੍ਹ ਨੇ। ਇਕ ਤੂੰ ਏਂ ਜਿਹੜਾ ਬਾਬਾ ਬਾਬਾ ਕਹੀ ਜਾਂਦਾ ਸੀ। ਰਾਮ ਸਿੰਘ ਨੇ ਕਿਹਾ, ‘‘ਇਸ ਦੁਰਦਸ਼ਾ ਪਿੱਛੋਂ ਮੈਂ ਸੋਚਿਆ ਕਿ ਮੇਰੀ ਟਰੇਨਿੰਗ ਅਧੂਰੀ ਰਹਿ ਗਈ। ਲੋਕ ਮੈਨੂੰ ਠੱਗ ਸਮਝ ਲੈਂਦੇ ਹਨ। ਮੈਂ ਇਕ ਮਹੀਨੇ ਦੀ ਛੁੱਟੀ ਲਈ ਅਤੇ ਘਰ ਆ ਗਿਆ ਟ੍ਰੇਨਿੰਗ ਪੂਰੀ ਕਰਨ।’’ ਮੈਂ ਕਿਹਾ, ‘‘ਰਾਮ ਸਿੰਘ ਇਹ ਸਾਡੀ ਬਦਕਿਸਮਤੀ ਹੈ ਕਿ ਤੇਰੇ ਅਤੇ ਮੇਰੇ ਦੋਵਾਂ ਦੇ ਪਿਤਾ ਇਸ ਜਹਾਨੋਂ ਕੂਚ ਕਰ ਗਏ। ਉਹ ਜਿਉਂਦੇ ਹੁੰਦੇ ਤਾਂ ਤੈਨੂੰ ਤਿੰਨ ਚਾਰ ਦਿਨਾਂ ਵਿੱਚ ਹੀ ਨਿਪੁੰਨ ਬਣਾ ਦਿੰਦੇ। ਕੋਈ ਨਹੀਂ ਮੈਂ ਅਜੇ ਹੈਗਾਂ। ਤੂੰ ਹਰ ਰੋਜ਼ ਮੇਰੇ ’ਤੇ ਪ੍ਰੈਕਟਿਸ ਕਰਿਆ ਕਰ। ਇਸ ਨਾਲ ਮੈਨੂੰ ਖ਼ੁਸ਼ੀ ਹੋਵੇਗੀ ਕਿ ਮੈਂ ਤੇਰੇ ਕਿਸੇ ਕੰਮ ਆ ਸਕਿਆ। ਉਦੋਂ ਤੋਂ ਰਾਮ ਸਿੰਘ ਰੋਜ਼ ਮੈਨੂੰ ਗਾਲ੍ਹਾਂ ਕੱਢਦਾ ਹੈ ਅਤੇ ਮੈਂ ਬੱਸ ਹੱਸਦਾ ਰਹਿੰਦਾ ਹਾਂ।

- ਪੰਜਾਬੀ ਰੂਪ: ਹਰੀ ਕ੍ਰਿਸ਼ਨ ਮਾਇਰ

ਅਨੁਵਾਦਕ: 97806-67686

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All