ਰੈਲੀਆਂ ਦੀ ਸਿਆਸਤ ਅਤੇ ਮੰਦੜੇ ਬੋਲ...

ਰੈਲੀਆਂ ਦੀ ਸਿਆਸਤ ਅਤੇ ਮੰਦੜੇ ਬੋਲ...

ਵਾਹਗਿਓਂ ਪਾਰ

ਸੜਕਾਂ ਉੱਤੇ ਪਰਤ ਆਈ ਹੈ ਪਾਕਿਸਤਾਨੀ ਸਿਆਸਤ। ਸ਼ੁੱਕਰਵਾਰ ਨੂੰ ਗੁੱਜਰਾਂਵਾਲਾ ਅਤੇ ਐਤਵਾਰ ਨੂੰ ਕਰਾਚੀ ਵਿਚ ਪਾਕਿਸਤਾਨ ਜਮਹੂਰੀ ਤਹਿਰੀਕ (ਪੀਡੀਐਮ) ਦੀਆਂ ਰੈਲੀਆਂ ਦੌਰਾਨ ਜਿੰਨੀਆਂ ਭੀੜਾਂ ਜੁੜੀਆਂ, ਉਨ੍ਹਾਂ ਤੋਂ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਫ਼ਿਕਰ ਹੋਣਾ ਸੁਭਾਵਿਕ ਹੀ ਹੈ। ਅੱਠ ਪਾਰਟੀਆਂ ਦੇ ਗੱਠਜੋੜ- ਪੀਡੀਐਮ ਦੀ ਗੁੱਜਰਾਂਵਾਲਾ ਰੈਲੀ, ਲੋਕ ਹੁੰਗਾਰੇ ਪੱਖੋਂ ਬੇਮਿਸਾਲ ਦੱਸੀ ਜਾ ਰਹੀ ਹੈ। ਇਸ ਰੈਲੀ ਦੀ ਮੇਜ਼ਬਾਨੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਕੀਤੀ। ਕਰਾਚੀ ਰੈਲੀ ਲਈ ਵੀ ਬਹੁਤ ਵੱਡਾ ਇਕੱਠ ਜੁੜਿਆ, ਪਰ ਜੋਸ਼ ਤੇ ਹੁੱਲਾਸ ਪੱਖੋਂ ਇਹ ਗੁੱਜਰਾਂਵਾਲਾ ਰੈਲੀ ਜਿੰਨੀ ਪ੍ਰਭਾਵਸ਼ਾਲੀ ਨਹੀਂ ਸੀ। ਰੈਲੀਆਂ ਦੀ ਇਸ ਮੁਹਿੰਮ ਦਾ ਇਕੋ ਇਕ ਮਕਸਦ ਇਮਰਾਨ ਖ਼ਾਨ ਸਰਕਾਰ ਦੀਆਂ ਚੂਲਾਂ ਹਿਲਾਉਣਾ ਅਤੇ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਕਾਡਰ ਨੂੰ ਸਰਗਰਮ ਕਰਨਾ ਹੈ। ਹਾਲਾਂਕਿ ਪੀਡੀਐਮ, ਇਮਰਾਨ ਖ਼ਾਨ ਨੂੰ ਅਸਤੀਫ਼ੇ ਲਈ ਮਜਬੂਰ ਕਰਨਾ ਆਪਣਾ ਮਕਸਦ ਦੱਸਦਾ ਹੈ, ਪਰ ਰਾਜਸੀ ਮਾਹਿਰਾਂ ਦੀ ਇਕਜੁੱਟ ਰਾਇ ਹੈ ਕਿ ਇਮਰਾਨ ਨੂੰ ਅਸਤੀਫ਼ੇ ਲਈ ਸਿਰਫ਼ ਫੌ਼ਜ ਹੀ ਮਜਬੂਰ ਕਰ ਸਕਦੀ ਹੈ, ਸਿਆਸੀ ਵਿਰੋਧ ਜਾਂ ਰੈਲੀਆਂ ਦੀ ਰਾਜਨੀਤੀ ਨਹੀਂ। ਫੌ਼ਜ ਅਜੇ ਵੀ ਇਮਰਾਨ ਉੱਤੇ ਮਿਹਰਬਾਨ ਹੈ। ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀਟੀਆਈ) ਤੇ ਫੌ਼ਜੀ ਜਰਨੈਲਾਂ ਦੇ ਆਪਸੀ ਰਿਸ਼ਤੇ ਵਿਚ ਅਜੇ ਅਜਿਹੀ ਕੋਈ ਤਰੇੜ ਨਹੀਂ ਪਈ ਜਿਹੜੀ ਫੌ਼ਜ ਨੂੰ ਆਪਣਾ ਰੁਖ਼ ਬਦਲਣ ਦੇ ਰਾਹ ਪਾਵੇ।

ਅਜਿਹੀ ਸੂਰਤੇਹਾਲ ਦੇ ਬਾਵਜੂਦ ਗੁੱਜਰਾਂਵਾਲਾ ਤੇ ਕਰਾਚੀ ਰੈਲੀਆਂ ਦੀ ਕਾਮਯਾਬੀ ਇਹ ਦਰਸਾਉਂਦੀ ਹੈ ਕਿ ਆਮ ਲੋਕਾਂ ਦਾ ਇਮਰਾਨ ਸਰਕਾਰ ਤੋਂ ਮੋਹ ਭੰਗ ਹੋਣ ਲੱਗਾ ਹੈ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੇ ਰੈਜ਼ੀਡੈਂਟ ਐਡੀਟਰ ਫ਼ਾਹਦ ਖ਼ਾਨ ਦੀ ਰਾਇ ਅਨੁਸਾਰ ਜ਼ਰੂਰੀ ਵਸਤਾਂ, ਖ਼ਾਸ ਕਰਕੇ ਕਣਕ ਤੇ ਖੰਡ ਦੀ ਮਹਿੰਗਾਈ ਨੇ ਲੋਕਾਂ ਅੰਦਰ ਗੁੱਸੇ ਦੀ ਲਹਿਰ ਪੈਦਾ ਕੀਤੀ ਹੋਈ ਹੈ। ਇਸ ਗੁੱਸੇ ਦਾ ਝਲਕਾਰਾ ਗੁੱਜਰਾਂਵਾਲਾ ਤੇ ਕਰਾਚੀ ਦੀਆਂ ਰੈਲੀਆਂ ਦੇ ਨਾਅਰਿਆਂ ਵਿਚੋਂ ਨਜ਼ਰ ਆ ਰਿਹਾ ਹੈ। ‘ਡਾਅਨ’ ਵਿਚ ਪ੍ਰਕਾਸ਼ਿਤ ਆਪਣੇ ਲੇਖ ‘ਉੱਠ ਰਹੀ ਲਹਿਰ’ ਵਿਚ ਫ਼ਾਹਦ ਨੇ ਲਿਖਿਆ ਹੈ ਕਿ ਪਾਕਿਸਤਾਨ ਅੰਦਰ ਅਸਲ ਸਿਆਸਤ ਗਲੀਆਂ, ਚੌਕਾਂ ਤੇ ਸੜਕਾਂ ਉਪਰ ਹੀ ਹੁੰਦੀ ਹੈ, ਕੌਮੀ ਅਸੈਂਬਲੀ ਜਾਂ ਸੂਬਾਈ ਅਸੈਂਬਲੀਆਂ ਦੇ ਚੈਂਬਰਾਂ ਦੇ ਅੰਦਰ ਨਹੀਂ। ਉਨ੍ਹਾਂ ਚੈਂਬਰਾਂ ਦੇ ਅੰਦਰ ਜੋ ਮਾਅਰਕੇਬਾਜ਼ਾਨਾ ਤਕਰੀਰਾਂ ਕੀਤੀਆਂ ਜਾਂਦੀਆਂ ਹਨ, ਉਹ ਸਿਆਸੀ ਤਾਪਮਾਨ ਨਹੀਂ ਦੱਸਦੀਆਂ। ਸਿਆਸੀ ਤਾਪਮਾਨ ਤਾਂ ਸੜਕੀ ਰੈਲੀਆਂ ਜਾਂ ਚੌਕਾਂ ’ਤੇ ਚੱਲਦੀਆਂ ਚੁੰਝ ਚਰਚਾਵਾਂ ਤੋਂ ਹੀ ਆਂਕਿਆ ਜਾ ਸਕਦਾ ਹੈ। ਇਹ ਚੁੰਝ ਚਰਚਾਵਾਂ, ਹੁਣ ਹਵਾ ਇਮਰਾਨ ਖ਼ਾਨ ਦੇ ਖ਼ਿਲਾਫ਼ ਹੋਣ ਦਾ ਸੰਕੇਤ ਦਿੰਦੀਆਂ ਹਨ।

ਗੁੱਜਰਾਂਵਾਲਾ ਰੈਲੀ ਵਿਚ ਪੀਐਮਐਲ-ਐਨ ਦੇ ਸੁਪਰੀਮੋ ਨਵਾਜ਼ ਸ਼ਰੀਫ਼ ਨੇ ਫੌ਼ਜ ਉੱਤੇ ਆਪਣਾ ਹਮਲਾ ਜਾਰੀ ਰੱਖਿਆ। ਲੰਡਨ ਤੋਂ ਵੀਡੀਓ ਲਿੰਕ ਦੇ ਜ਼ਰੀਏ ਕੀਤੀ ਗਈ ਤਿੱਖੀ ਤਕਰੀਰ ਵਿਚ ਨਵਾਜ਼ ਸ਼ਰੀਫ਼ ਨੇ ਮੌਜੂਦਾ ਥਲ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਅਤੇ ਆਈਐੱਸਆਈ ਦੇ ਮੁਖੀ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਨੂੰ ਆਪਣੀ ਜਲਾਵਤਨੀ ਲਈ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਦੋਵਾਂ ਨੇ ਉਨ੍ਹਾਂ (ਨਵਾਜ਼) ਨੂੰ ਵਜ਼ੀਰੇ ਆਜ਼ਮ ਦਾ ਅਹੁਦਾ ਤਿਆਗਣ ਲਈ ਮਜਬੂਰ ਕੀਤਾ। ਨਵਾਜ਼ ਦਾ ਦਾਅਵਾ ਸੀ ਕਿ ਉਹ ਜਰਨੈਲਾਂ ਦੀ ਕਠਪੁਤਲੀ ਨਹੀਂ ਬਣ ਸਕਦਾ, ਇਸੇ ਲਈ ਫੌ਼ਜ ਨੇ ਅਸਿੱਧੇ ਰਾਜ ਪਲਟੇ ਰਾਹੀਂ ਕਠਪੁਤਲੀ ਵਜ਼ੀਰੇ ਆਜ਼ਮ (ਇਮਰਾਨ ਖ਼ਾਨ) ਮੁਲਕ ਉੱਤੇ ਥੋਪਿਆ। ਰੈਲੀ ਦੌਰਾਨ ਭਾਵੇਂ ਹੋਰਨਾਂ ਬੁਲਾਰਿਆਂ ਨੇ ਫੌ਼ਜ ਨੂੰ ਨਿੰਦਣ ਤੋਂ ਪਰਹੇਜ਼ ਕੀਤਾ, ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਬਾਅਦ ਵਿਚ ਸਪਸ਼ਟ ਵੀ ਕੀਤਾ ਕਿ ਉਹ ਫੌ਼ਜੀ ਜਰਨੈਲਾਂ ਵੱਲ ਉਂਗਲੀ ਉਠਾਏ ਜਾਣ ਦੇ ਹੱਕ ਵਿਚ ਨਹੀਂ, ਫਿਰ ਵੀ ਨਵਾਜ਼ ਸ਼ਰੀਫ਼ ਦੀ ਤਕਰੀਰ ਹੀ ਮੀਡੀਆ ਕਵਰੇਜ ਦਾ ਮੁੱਖ ਹਿੱਸਾ ਬਣੀ ਰਹੀ। ਇਮਰਾਨ ਤੇ ਹੁਕਮਰਾਨ ਧਿਰ ਦੇ ਹੋਰਨਾਂ ਆਗੂਆਂ ਨੇ ਆਪਣੇ ਜਵਾਬੀ ਹਮਲਿਆਂ ਵਿਚ ਨਵਾਜ਼ ਸ਼ਰੀਫ਼ ਨੂੰ ਭਾਰਤੀ ਏਜੰਟ ਅਤੇ ਗ਼ੱਦਾਰ ਦੱਸਣ ਵਿਚ ਦੇਰ ਨਹੀਂ ਲਾਈ, ਫਿਰ ਵੀ ਇਹ ਸਾਫ਼ ਹੈ ਕਿ ਫ਼ਿਲਹਾਲ ਵਿਰੋਧੀ ਧਿਰ ਦੇ ਹੱਲਿਆਂ ਵਿਚ ਦਮ ਹੈ। ਇਹੋ ਦਮ, ਇਮਰਾਨ ਸਰਕਾਰ ਨੂੰ ਵਿਰੋਧੀ ਨੇਤਾਵਾਂ ਖ਼ਿਲਾਫ਼ ਭਿੰਨ ਭਿੰਨ ਕੇਸ ਦਰਜ ਕਰਨ ਅਤੇ ਬਾਂਹ ਮਰੋੜੂ ਕਾਰਵਾਈਆਂ ਦੇ ਰਾਹ ਪਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਮੁਕੱਦਮੇ ਦਰਜ ਕਰਨ ਦੀ ਸਰਕਾਰੀ ਰਣਨੀਤੀ ਲੋਕਾਂ ਨੂੰ ਹੁਣ ਭਰਮਾ ਨਹੀਂ ਰਹੀ।

* * *

ਇਮਰਾਨ ਖ਼ਾਨ ਦਾ ਤਿੱਖਾ ਜਵਾਬ

ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦਾ ਦਾਅਵਾ ਹੈ ਕਿ ਫੌ਼ਜ ਨੇ ਉਨ੍ਹਾਂ ਦੀ ਸਰਕਾਰ ਦੇ ਕੰਮ-ਕਾਜ ਵਿਚ ਕਦੇ ਦਖ਼ਲ ਨਹੀਂ ਦਿੱਤਾ। ਸ੍ਰੀ ਖ਼ਾਨ ਦੇ ਕਹਿਣ ਅਨੁਸਾਰ ਪਾਕਿਸਤਾਨ ਦਾ ਇਤਿਹਾਸ ਦਰਸਾਉਂਦਾ ਹੈ ਕਿ ਫੌ਼ਜ ਨੇ ਸਿਵਲੀਅਨ ਪ੍ਰਬੰਧ ਵਿਚ ਸਿਰਫ਼ ਉਦੋਂ ਮਦਾਖ਼ਲਤ ਕੀਤੀ ਜਦੋਂ ਸਿਆਸੀ ਹੁਕਮਰਾਨ ਆਪਣੇ ਜ਼ਾਤੀ ਲਾਭਾਂ ਦੀ ਖ਼ਾਤਿਰ ਕੌਮੀ ਹਿੱਤਾਂ ਦੀ ਬਲੀ ਦੇਣ ਲੱਗੇ। ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬਿਊਨ’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਸ਼ਨਿੱਚਰਵਾਰ ਨੂੰ ਇਸਲਾਮਾਬਾਦ ਵਿਚ ਟਾਈਗਰ ਫੋਰਸ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਵਜ਼ੀਰੇ ਆਜ਼ਮ ਨੇ ਕਿਹਾ ਕਿ ਪਾਕਿਸਤਾਨੀ ਫੌ਼ਜ ਤੇ ਜਰਨੈਲਾਂ ਨੂੰ ਨਿੰਦਰ-ਭੰਡਣ ਵਾਲਾ ਨਵਾਜ਼ ਸ਼ਰੀਫ਼ ਆਪ ਵੀ ਫੌ਼ਜ ਦੀ ਪੈਦਾਇਸ਼ ਹੈ। ਗੁੱਜਰਾਂਵਾਲਾ ਰੈਲੀ ਨੂੰ ‘ਸਰਕਸ’ ਦੱਸਦਿਆਂ ਇਮਰਾਨ ਨੇ ਕਿਹਾ, ‘‘ਨਵਾਜ਼ ਸ਼ਰੀਫ਼ ਨਮਕ ਹਰਾਮ ਹੈ। ਉਹ ਜਨਰਲ ਗ਼ੁਲਾਮ ਜੀਲਾਨੀ ਦੀ ਸਰਪ੍ਰਸਤੀ ਸਦਕਾ ਸਿਆਸਤ ਵਿਚ ਆਇਆ ਅਤੇ ਜਨਰਲ ਜ਼ਿਆ-ਉਲ-ਹੱਕ ਦੇ ‘ਬੂਟ ਚੱਟ ਚੱਟ ਕੇ’ ਪਹਿਲੀ ਵਾਰ ਵਜ਼ੀਰੇ ਆਜ਼ਮ ਬਣਿਆ। ਹੁਣ ਉਹ ਫੌ਼ਜ ਨੂੰ ਪਾਕਿਸਤਾਨ ਦੇ ਦੁੱਖਾਂ ਦੀ ਜੜ੍ਹ ਦੱਸ ਰਿਹਾ ਹੈ।’’ ਇਮਰਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਜਿੰਨਾ ਖ਼ਤਰਾ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਭਾਰਤ ਤੋਂ ਹੈ, ਓਨਾ ਕਦੇ ਵੀ ਕਿਸੇ ਮੁਲਕ ਤੋਂ ਨਹੀਂ ਰਿਹਾ। ਨਵਾਜ਼ ਸ਼ਰੀਫ਼ ਉਸ ਮੋਦੀ ਦੀ ਮਦਦ ਕਰਦਾ ਆ ਰਿਹਾ ਹੈ ਜੋ ਪਾਕਿਸਤਾਨ ਅੰਦਰ ਲਗਾਤਾਰ ਦਹਿਸ਼ਤੀ ਕਾਰੇ ਕਰਵਾਉਂਦਾ ਆਇਆ ਹੈ। ਵਜ਼ੀਰੇ ਆਜ਼ਮ ਨੇ ਨਵਾਜ਼ ਸ਼ਰੀਫ਼ ਨੂੰ ‘ਗਿੱਦੜਾਂ ਦੇ ਟੋਲੇ ਦਾ ਮੁਖੀ’ ਵੀ ਦੱਸਿਆ ਅਤੇ ਕਿਹਾ, ‘‘ਇਹ ਪਹਿਲੀ ਵਾਰ ਹੈ ਜਦੋਂ ਕਿਸੇ ਹੁਕਮਰਾਨ ਨੇ ਨਵਾਜ਼ ਸ਼ਰੀਫ਼ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਲਿਆਉਣ ਦੀ ਜੁਰਅੱਤ ਦਿਖਾਈ ਹੈ।’’

* * *

ਗੱਲਬਾਤ ਦੀ ਚਾਹਤ?

ਵਜ਼ੀਰੇ ਆਜ਼ਮ ਦੇ ਕੌਮੀ ਸੁਰੱਖਿਆ ਬਾਰੇ ਵਿਸ਼ੇਸ਼ ਸਹਾਇਕ ਡਾ. ਮੋਈਦ ਯੁਸੁਫ਼ ਨੇ ਦੁਬਾਰਾ ਇਹ ਦਾਅਵਾ ਕੀਤਾ ਹੈ ਕਿ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਇੱਛਾ ਮੁੜ ਜਤਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਜਵਾਬ ਵਿਚ ਤਿੰਨ ਸ਼ਰਤਾਂ ਰੱਖੀਆਂ ਹਨ। ਇਹ ਸ਼ਰਤਾਂ ਪੂਰੀਆਂ ਹੋਣ ਮਗਰੋਂ ਹੀ ਗੱਲਬਾਤ ਸੁਰਜੀਤ ਕਰਨ ਦੀ ਸੰਭਾਵਨਾ ਵਿਚਾਰੀ ਜਾ ਸਕਦੀ ਹੈ। ਰੋਜ਼ਨਾਮਾ ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ਲਾਹੌਰ ਪ੍ਰੈਸ ਕਲੱਬ ਵਿਚ ਇਕ ਪ੍ਰੋਗਰਾਮ ਦੌਰਾਨ ਡਾ. ਮੋਈਦ ਨੇ ਕਿਹਾ ਕਿ ਪਾਕਿਸਤਾਨ ਦੀਆਂ ਮੁੱਖ ਸ਼ਰਤਾਂ ਇਸ ਤਰ੍ਹਾਂ ਹਨ: ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕੀਤਾ ਜਾਵੇ, ਊੱਥੋਂ ਦੇ ਸਾਰੇ ਸਿਆਸੀ ਕੈਦੀ ਰਿਹਾਅ ਕੀਤੇ ਜਾਣ ਅਤੇ ਸੰਯੁਕਤ ਰਾਸ਼ਟਰ ਦੇ ਕਸ਼ਮੀਰ ਬਾਰੇ ਸਾਰੇ ਮਤਿਆਂ ਉੱਤੇ ਅਮਲ ਕੀਤਾ ਜਾਵੇ। ਡਾ. ਮੋਈਦ ਨੇ ਭਾਰਤ ਉੱਤੇ ਪਾਕਿਸਤਾਨ ਦੇ ਅੰਦਰ ਦਹਿਸ਼ਤੀ ਹਮਲੇ ਕਰਵਾਉਣ ਦੇ ਦੋਸ਼ ਲਾਏ ਅਤੇ ਕਿਹਾ ਕਿ ਅੰਦਰੂਨੀ ਸੁਰੱਖਿਆ ਲਈ ਜ਼ਿੰਮੇਵਾਰ ਹੋਣ ਦੇ ਨਾਤੇ ਉਹ ਜਾਣਦੇ ਹਨ ਕਿ ਭਾਰਤੀ ਦਹਿਸ਼ਤੀ ਢਾਂਚਾ ਪਾਕਿਸਤਾਨ ਵਿਚ ਕਿੱਥੇ ਕਿੱਥੇ ਤੇ ਕਿੰਨਾ ਸਰਗਰਮ ਹੈ। ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ਡਾ. ਮੋਈਦ ਨੇ ਆਪਣੇ ਦਾਅਵਿਆਂ ਦੇ ਹੱਕ ਵਿਚ ਕੋਈ ਸਬੂਤ ਪੇਸ਼ ਨਹੀਂ ਕੀਤੇ। ਜ਼ਿਕਰਯੋਗ ਹੈ ਕਿ ਭਾਰਤੀ ਵਿਦੇਸ਼ ਮੰਤਰਾਲਾ ਡਾ. ਮੋਈਦ ਦੇ ਦਾਅਵੇ ਪਹਿਲਾਂ ਹੀ ਰੱਦ ਕਰ ਚੁੱਕਾ ਹੈ।

* * *

ਕਣਕ ਤੇ ਖੰਡ ਦਾ ਸੰਕਟ

ਕਣਕ ਤੇ ਖੰਡ ਦੀਆਂ ਕੀਮਤਾਂ ਵਿਚ ਲਗਾਤਾਰ ਇਜ਼ਾਫ਼ਾ ਸਮੁੱਚੇ ਪਾਿਕਸਤਾਨ ਵਿਚ ਸਿਆਸੀ ਖਿੱਚੋਤਾਣ ਦਾ ਵਿਸ਼ਾ ਬਣਿਆ ਹੋਇਆ ਹੈ। ਸਭ ਤੋਂ ਗੰਭੀਰ ਸੰਕਟ ਸੂਬਾ ਪੰਜਾਬ ਵਿਚ ਹੈ। ਇਸ ਸੂਬੇ ਦੇ ਖੁਰਾਕ ਸਕੱਤਰ ਦੇ ਅਹੁਦੇ ਉੱਤੇ ਕੋਈ ਅਫ਼ਸਰ ਨਹੀਂ ਆਉਣਾ ਚਾਹੁੰਦਾ। ਰੋਜ਼ਨਾਮਾ ‘ਦਿ ਨਿਊਜ਼’ ਅਨੁਸਾਰ ਕੋਈ ਵੀ ਅਫ਼ਸਰ ਖੁਰਾਕ ਸਕੱਤਰ ਦੇ ਅਹੁਦੇ ’ਤੇ ਅੱਠ ਮਹੀਨਿਆਂ ਤੋਂ ਵੱਧ ਸਮਾਂ ਨਹੀਂ ਟਿਕਿਆ। ਹੁਣ ਸ਼ਹਿਰਯਾਰ ਸੁਲਤਾਨ ਨੂੰ ਖੁਰਾਕ ਤੇ ਸਿਵਿਲ ਸਪਲਾਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਪਾਕਿਸਤਾਨ ਪ੍ਰਬੰਧਕੀ ਸੇਵਾ (ਪੀਏਐੱਸ) ਨਾਲ ਸਬੰਧਤ ਇਸ ਅਧਿਕਾਰੀ ਦਾ ਕਾਰਜਕਾਲ ਮੁਕਾਬਲਤਨ ਲੰਮੇਰਾ ਹੋਵੇਗਾ। ਇਸ ਉਮੀਦ ਦੀ ਵਜ੍ਹਾ ਹੈ ਇਸ ਅਫ਼ਸਰ ਦੀਆਂ ਰਿਸ਼ਤੇਦਾਰੀਆਂ। ਸ਼ਹਿਰਯਾਰ ਸੁਲਤਾਨ, ਕੇਂਦਰੀ ਮੰਤਰੀ ਸਾਹਿਬਜ਼ਾਦਾ ਮਹਿਬੂਬ ਸੁਲਤਾਨ ਦਾ ਭਤੀਜਾ ਹੈ ਅਤੇ ਪੰਜਾਬ ਦੇ ਸਾਬਕਾ ਗਵਰਨਰ ਸ਼ਾਹਿਦ ਹਮੀਦ ਦਾ ਦਾਮਾਦ। ਝੰਗ ਜ਼ਿਲ੍ਹੇ ਦੇ ਸੁਲਤਾਨ ਬਾਹੂ ਖ਼ਾਨਦਾਨ ਨਾਲ ਸਬੰਧਤ ਇਸ ਅਫ਼ਸਰ ਦੇ ਕਈ ਹੋਰ ਰਿਸ਼ਤੇਦਾਰ ਵੀ ਸਿਆਸਤਦਾਨ ਹਨ। ਸੁਲਤਾਨ ਤੋਂ ਪਹਿਲਾਂ ਖੁਰਾਕ ਸਕੱਤਰ ਦੇ ਅਹੁਦੇ ਉੱਤੇ ਅਸਦ ਰਹਿਮਾਨ ਜੀਲਾਨੀ ਰਿਹਾ, ਪਰ ਉਸ ਨੂੰ ਦੋ ਮਹੀਨੇ ਬਾਅਦ ਬਦਲ ਦਿੱਤਾ ਗਿਆ। ਦਰਅਸਲ, 15 ਮਹੀਨਿਆਂ ਦੌਰਾਨ ਛੇ ਅਫ਼ਸਰਾਂ ਨੂੰ ਖੁਰਾਕ ਸਕੱਤਰ ਵਜੋਂ ਅਜ਼ਮਾਏ ਜਾਣਾ ਇਹ ਦਰਸਾਉਂਦਾ ਹੈ ਕਿ ਸਿਆਸਤਦਾਨ, ਅਫ਼ਸਰਸ਼ਾਹੀ ਤੋਂ ਤਾਂ ਜਾਦੂਈ ਕਾਰਗੁਜ਼ਾਰੀ ਦੀ ਤਵੱਕੋ ਕਰਦੇ ਹਨ, ਪਰ ਆਪ ਕੋਈ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ। ਬਹਰਹਾਲ, ਸੂਬਾ ਪੰਜਾਬ ਵਿਚ 40 ਕਿਲੋ ਆਟੇ ਦੀ ਥੈਲੀ 2400 ਰੁਪਏ ਵਿਚ ਵਿਕ ਰਹੀ ਹੈ। ਖੰਡ ਦਾ ਭਾਅ 110 ਰੁਪਏ ਕਿਲੋ ਹੈ। ਕੋਈ ਵੀ ਤਰਕਾਰੀ ਸੌ ਰੁਪਏ ਕਿਲੋ ਤੋਂ ਘੱਟ ਨਹੀਂ। ਊਪਰੋਂ, ਬਿਜਲੀ ਤੇ ਗੈਸ ਦੇ ਰੇਟ ਵਧਾਉਣ ਦੀ ਤਿਆਰੀ ਹੈ। ਇਸ ਸੂਰਤੇਹਾਲ ਕਾਰਨ ਲੋਕਾਂ ਵਿਚ ਜੇਕਰ ਗੁੱਸਾ ਹੈ ਤਾਂ ਇਹ ਕਿਸੇ ਵੀ ਤਰ੍ਹਾਂ ਨਾਵਾਜਬ ਨਹੀਂ।

- ਪੰਜਾਬੀ ਟ੍ਰਿਬਿਊਨ ਫ਼ੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All