ਲਾਹੌਰ ਜੇਲ੍ਹ ਵਿਚ ਬੰਦ ਭਗਤ ਸਿੰਘ ਨੂੰ ਰੱਖੜੀ ਦਾ ਤੋਹਫ਼ਾ

ਲਾਹੌਰ ਜੇਲ੍ਹ ਵਿਚ ਬੰਦ ਭਗਤ ਸਿੰਘ ਨੂੰ ਰੱਖੜੀ ਦਾ ਤੋਹਫ਼ਾ

ਜੇਲ੍ਹ ਵਿਚ ਬੰਦ ਭਗਤ ਸਿੰਘ ਨੂੰੂ ਰੱਖਡ਼ੀ ਦਾ ਤੋਹਫ਼ਾ ਭੇਜਣ ਵਾਲੀ ਕੁਮਾਰੀ ਲੱਜਾਵਤੀ।

ਗੁਰਦੇਵ ਸਿੰਘ ਸਿੱਧੂ

ਗੁਰਦੇਵ ਸਿੰਘ ਸਿੱਧੂ

ਇਤਿਹਾਸ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ਤੋਂ ਹਰ ਵਰਗ ਦੇ ਲੋਕ ਚੰਗੀ ਤਰ੍ਹਾਂ ਵਾਕਫ਼ ਹਨ। ਉਸ ਨੇ ਆਪਣੇ ਵਿਚਾਰਾਂ ਨਾਲ ਪੱਕੇ ਗਾਂਧੀਵਾਦੀਆਂ ਨੂੰ ਵੀ ਪ੍ਰਭਾਵਿਤ ਕੀਤਾ ਜਿਨ੍ਹਾਂ ਵਿਚ ਕੁਮਾਰੀ ਲੱਜਾਵਤੀ ਦਾ ਨਾਂ ਵੀ ਸ਼ਾਮਲ ਹੈ। ਇਹ ਲੇਖ ਕੁਮਾਰੀ ਲੱਜਾਵਤੀ ਵੱਲੋਂ ਭਗਤ ਸਿੰਘ ਨੂੰ ਲਿਖੇ ਖ਼ਤ ਬਾਰੇ ਹੈ।

ਅੱਠ ਅਪਰੈਲ 1929 ਨੂੰ ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਣ ਦੀ ਘਟਨਾ ਤੋਂ ਪਹਿਲਾਂ ਭਗਤ ਸਿੰਘ ਦੀਆਂ ਗਤੀਵਿਧੀਆਂ ਬਾਰੇ ਜਨਤਾ ਨੂੰ ਜਾਣਕਾਰੀ ਨਹੀਂ ਸੀ, ਪਰ ਇਸ ਘਟਨਾ ਕਾਰਨ ਉਸ ਦਾ ਨਾਂ ਹਿੰਦੋਸਤਾਨ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਵਸਦੇ ਲੋਕਾਂ ਤੱਕ ਪੁੱਜ ਗਿਆ। ਦਿੱਲੀ ਬੰਬ ਕਾਂਡ ਮੁਕੱਦਮੇ ਦੌਰਾਨ ਉਸ ਨੇ ਆਪਣੇ ਬਿਆਨ ਵਿਚ ਇਸ ਘਟਨਾ ਨੂੰ ਅਮਲ ਵਿਚ ਲਿਆਉਣ ਦੇ ਪਿਛੋਕੜ ਅਤੇ ਇਨਕਲਾਬੀ ਨਾਅਰੇ ‘ਇਨਕਲਾਬ ਜ਼ਿੰਦਾਬਾਦ’ ਦੀ ਵਿਆਖਿਆ ਕੀਤੀ ਜਿਸ ਕਾਰਨ ਹਰ ਦੇਸ਼ ਭਗਤ ਦੇ ਮਨ ਵਿਚ ਉਸ ਨੂੰ ਥਾਂ ਮਿਲ ਗਈ। ਇੱਥੋਂ ਤੱਕ ਕਿ ਉਹ ਅੰਗਰੇਜ਼ ਸਰਕਾਰ ਵਿਰੋਧੀ ਅੰਦੋਲਨ ਲਈ ‘ਅਹਿੰਸਾ’ ਵਿਚ ਵਿਸ਼ਵਾਸ ਰੱਖਣ ਵਾਲੇ ਅਨੇਕਾਂ ਗਾਂਧੀਵਾਦੀਆਂ ਦਾ ਵੀ ਦਿਲ-ਦਾਦਾ ਬਣ ਗਿਆ। ਭਗਤ ਸਿੰਘ ਦੇ ਹੌਸਲੇ, ਕੁਰਬਾਨੀ ਦੀ ਭਾਵਨਾ ਅਤੇ ਉਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਣ ਵਾਲੇ ਗਾਂਧੀ ਜੀ ਦੇ ਅਜਿਹੇ ਪੈਰੋਕਾਰਾਂ ਵਿਚੋਂ ਹੀ ਇਕ ਸੀ ਤੀਹ ਕੁ ਸਾਲ ਦੀ ਉਮਰ ਦੀ ਮੁਟਿਆਰ ਕੁਮਾਰੀ ਲੱਜਾਵਤੀ। ਖੁਸ਼ਹਾਲ ਆਰੀਆ ਸਮਾਜੀ ਪਰਿਵਾਰ ਵਿਚ ਜਨਮੀ ਕੁਮਾਰੀ ਲੱਜਾਵਤੀ ਨੂੰ ਸਮਾਜ ਸੇਵਾ ਅਤੇ ਦੇਸ਼ ਪਿਆਰ ਦੀ ਲਗਨ ਬਚਪਨ ਤੋਂ ਹੀ ਲੱਗ ਗਈ ਸੀ। 1919 ਦੀ ਵਿਸਾਖੀ ਵਾਲੇ ਦਿਨ ਜਦ ਜਲ੍ਹਿਆਂਵਾਲੇ ਬਾਗ਼ ਦਾ ਹੱਤਿਆ ਕਾਂਡ ਵਾਪਰਿਆ ਉਹ ਲਾਹੌਰ ਵਿਚ ਉੱਚ ਸਿੱਖਿਆ ਪ੍ਰਾਪਤ ਕਰ ਰਹੀ ਸੀ। ਇਸ ਕਤਲੇਆਮ ਦੀ ਪੀੜਾ ਨਾ ਸਹਿੰਦਿਆਂ ਉਹ ਗਾਂਧੀ ਜੀ ਦੀ ਅਗਵਾਈ ਵਿਚ ਚੱਲ ਰਹੇ ਆਜ਼ਾਦੀ ਅੰਦੋਲਨ ਵਿਚ ਸ਼ਾਮਲ ਹੋ ਗਈ ਅਤੇ ਉਸ ਨੇ ਆਪਣਾ ਜੀਵਨ ਲੋਕ ਸੇਵਾ ਲਈ ਅਰਪਣ ਕਰ ਦਿੱਤਾ। ਲਗਭਗ ਇਕ ਦਹਾਕਾ ਗਾਂਧੀ ਜੀ ਦੀ ਵਿਚਾਰਧਾਰਾ ਦੀ ਲੋਅ ਵਿਚ ਕਾਰਜ ਕਰਦੀ ਰਹੀ ਕੁਮਾਰੀ ਲੱਜਾਵਤੀ ਅਖ਼ਬਾਰਾਂ ਵਿਚ ਛਪਦੇ ਭਗਤ ਸਿੰਘ ਦੇ ਅਦਾਲਤੀ ਬਿਆਨ ਪੜ੍ਹਦਿਆਂ ਉਸ ਨਾਲ ਜ਼ਜ਼ਬਾਤੀ ਤੌਰ ਉੱਤੇ ਏਨੀ ਜੁੜ ਗਈ ਕਿ ਉਸ ਨੇ 1929 ਦੇ ਰੱਖੜੀ ਤਿਉਹਾਰ ਮੌਕੇ ਲਾਹੌਰ ਜੇਲ੍ਹ ਵਿਚ ਬੰਦ ਭਗਤ ਸਿੰਘ ਨੂੰ ਰੱਖੜੀ ਭੇਜਦਿਆਂ ਨਾਲ ਇਕ ਪੱਤਰ ਭੇਜਿਆ। ਇਸ ਪੱਤਰ ਦੀ ਇਬਾਰਤ ਇਉਂ ਸੀ:

‘‘ਬਦਨਸੀਬ ਮੁਲਕ ਦੀ ਜੀਵਨ-ਸ਼ਕਤੀ ਪਿਆਰੇ ਭਗਤ ਸਿੰਘ!

ਅੱਜ ਪੂਰਾ ਮੁਲਕ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਹੈ। ਇਸ ਨੂੰ ਵਿਦੇਸ਼ੀਆਂ ਦੇ ਬੂਟਾਂ ਦੀਆਂ ਠੋਕਰਾਂ ਵੱਜ ਰਹੀਆਂ ਹਨ। ਇਹੋ ਕਾਰਨ ਹੈ ਕਿ ਪੂਰੇ ਮੁਲਕ ਦੀ ਇਸਤਰੀ ਜਾਤੀ ਸੰਕਟ ਵਿਚ ਹੈ। ਜਦੋਂ ਮੁਲਕ ਦੇ ਮਰਦ ਆਪਣੀ ਆਜ਼ਾਦੀ ਗੁਆ ਬੈਠਣ, ਅਤੇ ਆਪਣੇ ਆਪ ਨੂੰ ਸੁਰੱਖਿਅਤ ਨਾ ਰੱਖ ਸਕਣ ਵਾਲੇ ਅਜਿਹੇ ਡਰਪੋਕ ਵਿਅਕਤੀ ਆਪਣੀਆਂ ਮਾਵਾਂ, ਭੈਣਾਂ, ਧੀਆਂ ਅਤੇ ਵਹੁਟੀਆਂ ਦੀ ਇੱਜ਼ਤ ਨੂੰ ਬਚਾ ਸਕਣ ਤੋਂ ਅਸਮਰੱਥ ਹੋ ਜਾਣ ਤਾਂ ਇਸ ਦੇ ਨਤੀਜੇ ਉਨ੍ਹਾਂ ਦੀਆਂ ਮਾਵਾਂ ਅਤੇ ਭੈਣਾਂ ਨੂੰ ਭੁਗਤਣੇ ਪੈਂਦੇ ਹਨ। ਜੇਕਰ ਮੇਰੇ ਇਸ ਕਥਨ ਦੇ ਸਬੂਤ ਦੀ ਜ਼ਰੂਰਤ ਹੋਵੇ ਤਾਂ ਐ ਭਗਤ ਸਿੰਘ! ਬਿਹਤਰ ਹੋਵੇਗਾ ਕਿ ਤੂੰ ਮਾਨਾਂਵਾਲੇ ਦੀਆਂ ਉਨ੍ਹਾਂ ਬਦਕਿਸਮਤ ਔਰਤਾਂ, ਜਿਨ੍ਹਾਂ ਦੇ ਚਿਹਰਿਆਂ ਉੱਤੋਂ ਘੁੰਡ ਹਟਵਾ ਕੇ, 1919 ਵਿਚ ਜਦੋਂ ਤੂੰ ਅਜੇ ਮੁਛੋਹਰ ਹੀ ਸੀ, ਨੌਕਰਸ਼ਾਹੀ ਦੇ ਪ੍ਰਤੀਨਿਧਾਂ ਨੇ ਥੁੱਕਣ ਦੀ ਹਿਮਾਕਤ ਕੀਤੀ, ਵਿਚੋਂ ਕਿਸੇ ਇਕ ਹੀ ਨਾਲ ਇੰਟਰਵਿਊ ਕਰਨਾ ਬਹੁਤ ਹੋਵੇਗਾ। ਇਕ ਵਾਰ - ਕੇਵਲ ਇਕ ਵਾਰ - ਸਿੱਖਾਂ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀਆਂ ਗਲੀਆਂ ਦਾ ਚੱਕਰ ਲਾ ਅਤੇ 1919 ਵਿਚ ਜਣੇਪੇ ਦੀਆਂ ਪੀੜਾਂ ਦੌਰਾਨ ਡਾਕਟਰ ਜਾਂ ਨਰਸ ਦੀ ਮਦਦ ਨਾ ਲੈ ਸਕਣ ਵਾਲੀਆਂ ਔਰਤਾਂ ਦੀ ਗਿਣਤੀ ਪਤਾ ਕਰ। ਜਦ ਫਿੱਜੀ ਜਾਂ ਮੌਰੀਸ਼ੀਅਸ ਲਈ ਦੇਸ ਵਿਚੋਂ ਸਮਝੌਤਾ ਪ੍ਰਬੰਧ ਅਧੀਨ ਕੁਲੀ ਭਰਤੀ ਕੀਤੇ ਜਾ ਰਹੇ ਸਨ, ਉਨ੍ਹਾਂ ਦਿਨਾਂ ਦੇ ਅਖ਼ਬਾਰਾਂ ਦੀਆਂ ਫਾਈਲਾਂ ਉੱਤੇ ਝਾਤੀ ਮਾਰ ਅਤੇ ਖ਼ੁਦਕੁਸ਼ੀ ਲਈ ਮਜਬੂਰ ਔਰਤਾਂ ਦੀ ਸੂਚੀ ਬਣਾ। ਅਜੇ ਕੱਲ੍ਹ ਹੀ ਲਾਹੌਰ ਕੇਂਦਰੀ ਜੇਲ੍ਹ ਦੇ ਦਰਵਾਜ਼ੇ ਉੱਤੇ ਦੋ ਢਾਈ ਘੰਟੇ ਧੁੱਪ ਵਿਚ ਖੜ੍ਹ ਕੇ ਇੰਤਜ਼ਾਰ ਕਰਨ ਵਾਲੀਆਂ ਔਰਤਾਂ ਵਿਚ ਇਕ ਸੱਤਰ ਸਾਲ ਦੀ ਬੁੱਢੀ ਸੀ ਜਦੋਂਕਿ ਦੂਜੀ ਦੀ ਗੋਦ ਵਿਚ ਛੇ ਕੁ ਮਹੀਨੇ ਦਾ ਬਾਲ ਸੀ। ਆਪਣੀ ਕੌਮ ਦੀ ਬਹਾਦਰੀ ਦੀਆਂ ਡੀਂਗਾਂ ਮਾਰਨ ਵਾਲੀ ਮਿਸ ਮੇਓ ਦੇ ਚਾਚੇ ਦੇ ਪੁੱਤ ਦਰਵਾਜ਼ੇ ਉੱਤੇ ਖੜ੍ਹੇ ਸਨ, ਪਰ ਕਿਸੇ ਨੇ ਵੀ ਢਾਈ ਘੰਟੇ ਲਈ ਉਨ੍ਹਾਂ ਔਰਤਾਂ ਦੇ ਬੈਠਣ ਦਾ ਇੰਤਜ਼ਾਮ ਨਹੀਂ ਕੀਤਾ ਕਿਉਂਕਿ ਉਹ ਗ਼ੁਲਾਮ ਪੁੱਤਰਾਂ ਦੀਆਂ ਮਾਵਾਂ, ਗ਼ੁਲਾਮ ਭਰਾਵਾਂ ਦੀਆਂ ਭੈਣਾਂ ਅਤੇ ਗ਼ੁਲਾਮ ਪਤੀਆਂ ਦੀਆਂ ਪਤਨੀਆਂ ਸਨ।

1919 ਵਿਚ ਨੌਕਰਸ਼ਾਹੀ ਦੇ ਡਰਾਉਣੇ ਪੱਖ ਨੂੰ ਵੇਖਦਿਆਂ ਅਤੇ ਸੂਬੇ ਦੇ ਡਰਪੋਕ ਨੌਜਵਾਨਾਂ ਦੇ ਨਾਵਾਂ ਨੂੰ ਵਾਚਦਿਆਂ ਸਾਡੇ ਮਨਾਂ ਵਿਚ ਇਹ ਵਿਸ਼ਵਾਸ ਬਣ ਗਿਆ ਸੀ ਕਿ ਅਨੰਤ ਕਾਲ ਤੱਕ ਦੇਸ਼ ਦੀ ਗ਼ੁਲਾਮੀ ਅਤੇ ਸਾਨੂੰ, ਔਰਤਾਂ ਨੂੰ, ਨੀਵਾਂ ਦਿਖਾਉਣ ਦਾ ਅੰਤ ਨਹੀਂ ਹੋਵੇਗਾ, ਪਰ ਪਿਛਲੀ ਮਈ ਦੌਰਾਨ ਜਦ ਦਿੱਲੀ ਬੰਬ ਕਾਂਡ ਵਿਚ ਤੇਰੇ ਬਿਆਨ ਨੂੰ ਪੜ੍ਹਨ ਦਾ ਸਬੱਬ ਬਣਿਆ ਤਾਂ ਅਚਾਨਕ ਹੀ ਬੇਬੱਸੀ ਦੀ ਹਨੇਰੀ ਰਾਤ ਵਿਚ ਰੌਸ਼ਨੀ ਦੀ ਕਿਰਨ ਦਿਖਾਈ ਦਿੱਤੀ। ਮੇਰਾ ਸਿਰ ਸਤਿਕਾਰ ਵਿਚ ਝੁਕ ਗਿਆ। ਮੈਂ ਅਹਿੰਸਾ ਦੀ ਸਮਰਥਕ ਹਾਂ, ਪਰ ਐ ਭਗਤ ਸਿੰਘ! ਮੈਂ ਸੱਚ ਕਹਿੰਦੀ ਹਾਂ ਕਿ ਮੈਂ ਤੇਰੇ ਪੈਰਾਂ ਦੀ ਮਿੱਟੀ ਆਪਣੇ ਮੱਥੇ ਉੱਤੇ ਲਾਉਣ ਦੀ ਤਾਂਘਵਾਨ ਹੋ ਗਈ ਹਾਂ।

ਉਸ ਦਿਨ ਤੋਂ ਤੂੰ ਮੇਰੇ ਮਨ ਵਿਚ ਮਹਾਰਾਣਾ ਪ੍ਰਤਾਪ, ਛਤਰਪਤੀ ਸ਼ਿਵਾ ਜੀ, ਲੋਕਮਾਨਿਆ ਤਿਲਕ ਅਤੇ ਮਹਾਤਮਾ ਗਾਂਧੀ ਦੇ ਬਰਾਬਰ ਸਥਾਨ ਲੈ ਲਿਆ ਹੈ।

ਇਸ ਲਈ ਅੱਜ ਰੱਖੜੀ ਤਿਉਹਾਰ ਦੇ ਪਵਿੱਤਰ ਮੌਕੇ ਸੂਬੇ ਦੀਆਂ ਤਮਾਮ ਔਰਤਾਂ, ਜਿਨ੍ਹਾਂ ਦੇ ਮਨ ਵਿਚ ਨਾਇਕ-ਪੂਜਾ ਦਾ ਜਜ਼ਬਾ ਹੈ, ਜੋ ਸਵੈ-ਕੁਰਬਾਨੀ ਦੀ ਭਾਵਨਾ ਨੂੰ ਸਲਾਹੁਣਾ ਜਾਣਦੀਆਂ ਹਨ, ਗ਼ੁਲਾਮੀ ਦੀਆਂ ਹੱਥਕੜੀਆਂ ਅਤੇ ਪੈਰ-ਬੇੜੀਆਂ ਜਿਨ੍ਹਾਂ ਦੇ ਮਨਾਂ ਨੂੰ ਅਸਹਿ ਪੀੜਾ ਦਿੰਦੀਆਂ ਹਨ, ਅਤੇ ਜੋ ਮੁਲਕ ਨੂੰ ਆਜ਼ਾਦ ਵੇਖਣ ਦੀ ਸੁਹਿਰਦ ਇੱਛਾ ਰੱਖਦੀਆਂ ਹਨ, ਉਨ੍ਹਾਂ ਸਾਰੀਆਂ ਵੱਲੋਂ ਮੈਂ ਤੇਰੀ ਬਹਾਦਰੀ ਦੇ ਸਤਿਕਾਰ, ਸਵੈ-ਕੁਰਬਾਨੀ ਪ੍ਰਤੀ ਸ਼ਰਧਾ ਭਾਵਨਾ ਅਤੇ ਬੇਦਾਗ ਦੇਸ਼ਭਗਤੀ ਤੋਂ ਦਿਲੀ ਪ੍ਰਭਾਵ ਗ੍ਰਹਿਣ ਕਰਦਿਆਂ, ਪੁਰਾਤਨ ਕਾਲ ਦੇ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ, ਅਤੇ ਯੁਵਾ ਪੰਜਾਬ ਦੇ ਮੈਜ਼ਿਨੀ, ਨੂੰ ਇਸ ਖ਼ਤ ਦੇ ਰੂਪ ਵਿਚ ਰੱਖੜੀ ਦਾ ਤੋਹਫ਼ਾ ਪੇਸ਼ ਕਰਦੀ ਹਾਂ।

ਸ਼ਾਲਾ! ਤੇਰੀ ਕੁਰਬਾਨੀ ਅਤੇ ਤੇਰਾ ਆਤਮ-ਤਿਆਗ ਸੂਬੇ ਦੇ ਸਭਨਾਂ ਗੱਭਰੂਆਂ ਦੇ ਮਨਾਂ ਵਿਚ ਬਹਾਦਰੀ ਅਤੇ ਨਿਡਰਤਾ ਪੈਦਾ ਕਰੇ।

ਸ਼ਾਲਾ! ਨੌਕਰਸ਼ਾਹੀ ਦੇ ਹੱਥੋਂ ਆਪਣੀਆਂ ਮਾਵਾਂ ਭੈਣਾਂ ਦੀ ਬੇਹੁਰਮਤੀ ਹੁੰਦੀ ਵੇਖ ਉਨ੍ਹਾਂ ਦਾ ਖ਼ੂਨ ਉਬਾਲਾ ਖਾਵੇ।

ਸ਼ਾਲਾ! ਉਹ ਸਵਰਾਜ ਪ੍ਰਾਪਤੀ ਲਈ ਬੇਸਬਰੇ ਹੋ ਕੇ ਤੇਰੇ ਵਾਂਗ, ਹਾਂ ਤੇਰੇ ਵਾਂਗ ਹੀ, ‘ਪਾਗਲ’ ਬਣ ਕੇ ਜੇਲ੍ਹ, ਕਾਲੇਪਾਣੀ ਅਤੇ ਮੌਤ ਦਾ ਡਰ ਲਾਹ ਕੇ ਕੁਝ ਕਰ ਗੁਜ਼ਰਨ ਲਈ ਮੈਦਾਨ ਵਿਚ ਆਉਣ।’’

ਭਗਤ ਸਿੰਘ ਨੇ ਇਸ ਖ਼ਤ ਅਤੇ ਤੋਹਫ਼ੇ ਦਾ ਕੀ ਉੱਤਰ ਭੇਜਿਆ? ਇਹ ਜਾਣਕਾਰੀ ਨਹੀਂ ਮਿਲਦੀ। ਪਰ ਇਹ ਪੱਕ ਹੈ ਕਿ ਇਸ ਪਿੱਛੋਂ ਦੋਵਾਂ ਵਿਚਕਾਰ ਨੇੜਤਾ ਬਣ ਗਈ ਅਤੇ ਕੁਮਾਰੀ ਲੱਜਾਵਤੀ ਭਗਤ ਸਿੰਘ ਦੇ ਹਮਖਿਆਲ ਇਨਕਲਾਬੀ ਨੌਜਵਾਨਾਂ ਦੇ ਘੇਰੇ ਵਿਚ ਸ਼ਾਮਲ ਹੋ ਗਈ। ਇਸ ਦੀ ਪੁਸ਼ਟੀ ਭਗਤ ਸਿੰਘ ਵੱਲੋਂ 24 ਜੁਲਾਈ 1930 ਨੂੰ ਜੈਦੇਵ ਵੱਲ ਲਿਖੇ ਪੱਤਰ ਤੋਂ ਵੀ ਹੁੰਦੀ ਹੈ। ਇਸ ਪੱਤਰ ਵਿਚ ਉਸ ਨੇ ‘‘ਸਾਰੇ ਦੋਸਤਾਂ ਨੂੰ ਮੇਰੀ ਯਾਦ-ਸਲਾਮ ਕਹਿਣਾ’’ ਲਿਖਣ ਪਿੱਛੋਂ ‘‘ਅਤੇ ਲੱਜਿਆਵਤੀ ਜੀ ਨੂੰ ਮੇਰੇ ਵੱਲੋਂ ਨਮਸਕਾਰ ਕਹਿਣਾ’’ ਲਿਖਿਆ। ਕੁਮਾਰੀ ਲੱਜਾਵਤੀ ਨੇ ਇਸ ਮੁਕੱਦਮੇ ਦੀ ਪੈਰਵੀ ਕਰਨ ਲਈ ਗਠਿਤ ਡਿਫੈਂਸ ਕਮੇਟੀ ਵਿਚ ਸਰਗਰਮੀ ਨਾਲ ਕੰਮ ਕੀਤਾ ਅਤੇ ਉਹ ਜੇਲ੍ਹ ਵਿਚ ਬੰਦ ਭਗਤ ਸਿੰਘ ਨਾਲ ਮੁਲਾਕਾਤਾਂ ਕਰਦੀ ਰਹੀ। ਪਾਠਕ ਜਾਣਦੇ ਹਨ ਕਿ ਚੰਦਰ ਸ਼ੇਖਰ ਆਜ਼ਾਦ ਨੇ ਦੂਜੇ ਸਾਥੀਆਂ ਦੀ ਮਦਦ ਨਾਲ ਭਗਤ ਸਿੰਘ ਅਤੇ ਕੁਝ ਹੋਰਨਾਂ ਨੂੰ ਪੁਲੀਸ ਦੇ ਕਬਜ਼ੇ ਵਿਚੋਂ ਛੁਡਾਉਣ ਦੀ ਯੋਜਨਾ ਬਣਾਈ ਸੀ। ਸੁਣਨ ਵਿਚ ਆਇਆ ਹੈ ਕਿ 1 ਜੂਨ 1930 ਨੂੰ ਇਸ ਯੋਜਨਾ ਨੂੰ ਅਮਲ ਵਿਚ ਲਿਆਉਣ ਲਈ ਜੇਲ੍ਹ ਦੇ ਦਰਵਾਜ਼ੇ ਉੱਤੇ ਪਹੁੰਚਣ ਵਾਲੇ ਹੋਰਨਾਂ ਇਨਕਲਾਬੀ ਨੌਜਵਾਨਾਂ ਵਿਚ ਕੁਮਾਰੀ ਲੱਜਾਵਤੀ ਵੀ ਸ਼ਾਮਲ ਸੀ। ਪਾਠਕ ਇਹ ਜਾਣਦੇ ਹੀ ਹਨ ਕਿ ਭਗਤ ਸਿੰਘ ਵੱਲੋਂ ਨੋਟ ਬੁਕ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਜੇਲ੍ਹ ਅਧਿਕਾਰੀਆਂ ਨੇ 12 ਸਤੰਬਰ 1929 ਨੂੰ ਇਕ ਡਾਇਰੀ ਉਸ ਨੂੰ ਦਿੱਤੀ। ਪੜ੍ਹੀਆਂ ਜਾ ਰਹੀਆਂ ਪੁਸਤਕਾਂ ਵਿਚੋਂ ਜੋ ਵਿਚਾਰ ਭਗਤ ਸਿੰਘ ਨੂੰ ਟੁੰਬਦਾ ਜਾਂ ਜਿਸ ਵਿਚਾਰ ਨੂੰ ਉਹ ਆਪਣੀ ਕਿਸੇ ਲਿਖਤ ਵਿਚ ਹਵਾਲੇ ਵਜੋਂ ਵਰਤਣ ਦੇ ਯੋਗ ਸਮਝਦਾ, ਉਹ ਇਸ ਡਾਇਰੀ ਵਿਚ ਦਰਜ ਕਰਦਾ ਰਹਿੰਦਾ। ਅਧਿਕ੍ਰਿਤ ਤੌਰ ਉੱਤੇ ਪ੍ਰਾਪਤ ਨੋਟ ਬੁਕ ਉੱਤੇ ਲਿਖੇ ਜਾਣ ਨੂੰ ਦਿਖਾਵੇ ਵਜੋਂ ਵਰਤਦਿਆਂ ਭਗਤ ਸਿੰਘ ਨੇ ਕੁਝ ਹੋਰ ਲਿਖਤਾਂ ਵੀ ਕੀਤੀਆਂ। ਮੰਨਿਆ ਜਾਂਦਾ ਹੈ ਕਿ ਲਿਖਤਾਂ ਚਾਰ ਖਰੜਿਆਂ ਜਾਂ ਲਿਖੀਆਂ ਜਾਣ ਵਾਲੀਆਂ ਪੁਸਤਕਾਂ ਦੀਆਂ ਰੂਪ-ਰੇਖਾਵਾਂ ਦੇ ਰੂਪ ਵਿਚ ਸਨ। ਇਨ੍ਹਾਂ ਦੇ ਨਾਉਂ ਸਨ: ਆਤਮ ਕਥਾ, ਦਿ ਡੋਰ ਟੂ ਡੈੱਥ, ਦਿ ਆਈਡਲ ਆਫ ਸੋਸ਼ਿਆਲਿਜ਼ਮ, ਅਤੇ ਹਿਸਟਰੀ ਆਫ ਰੈਵੋਲਿਊਸ਼ਨਰੀ ਮੂਵਮੈਂਟ ਇਨ ਇੰਡੀਆ। ਇਹ ਖਰੜੇ ਜੇਲ੍ਹ ਅਧਿਕਾਰੀਆਂ ਤੋਂ ਚੋਰੀ ਬਾਹਰ ਭੇਜੇ ਜਾਣੇ ਸਨ ਅਤੇ ਇਹ ਕੰਮ ਕਿਸੇ ਮਰਦ ਮੁਲਾਕਾਤੀ ਦੇ ਮੁਕਾਬਲੇ ਮੁਲਾਕਾਤ ਲਈ ਆਈ ਕਿਸੇ ਔਰਤ ਦੇ ਹੱਥੀਂ ਆਸਾਨੀ ਨਾਲ ਕੀਤਾ ਜਾ ਸਕਦਾ ਸੀ। ਭਗਤ ਸਿੰਘ ਨੇ ਇਸ ਮੰਤਵ ਵਾਸਤੇ ਕੁਮਾਰੀ ਲੱਜਾਵਤੀ ਦੀ ਮਦਦ ਲਈ ਅਤੇ ਇਹ ਸਮੱਗਰੀ ਉਸ ਦੇ ਹੱਥ ਜੇਲ੍ਹ ਤੋਂ ਬਾਹਰ ਭੇਜੀ ਜੋ ਕੁਮਾਰੀ ਲੱਜਾਵਤੀ ਨੇ ਕਈ ਸਾਲ ਪਿੱਛੋਂ ਭਗਤ ਸਿੰਘ ਦੇ ਜੇਲ੍ਹ ਸਾਥੀ ਸ਼ਿਵ ਵਰਮਾ ਦੇ ਹਵਾਲੇ ਕੀਤੀ। ਭਗਤ ਸਿੰਘ ਨੇ ਅਧਿਕ੍ਰਿਤ ਤੌਰ ਉੱਤੇ ਪ੍ਰਾਪਤ ਡਾਇਰੀ ਅਤੇ ਹੋਰ ਸਾਮਾਨ ਡਿਪਟੀ ਜੇਲ੍ਹ ਸੁਪਰਡੈਂਟ ਦੇ ਦਫ਼ਤਰ ਵਿਚ ਜਮ੍ਹਾਂ ਕਰਵਾਇਆ ਜਿੱਥੋਂ ਉਸ ਦੇ ਭਰਾ ਕੁਲਬੀਰ ਸਿੰਘ ਨੇ ਪ੍ਰਾਪਤ ਕੀਤਾ।

ਕੁਮਾਰੀ ਲੱਜਾਵਤੀ ਵੱਲੋਂ ਲਿਖਿਆ ਖ਼ਤ ਬੇਸ਼ੱਕ ਭਗਤ ਸਿੰਘ ਨੂੰ ਸੰਬੋਧਿਤ ਸੀ, ਪਰ ਅਸਲ ਵਿਚ ਸਭਨਾਂ ਨੌਜਵਾਨਾਂ ਲਈ ਵੰਗਾਰ ਸੀ। ਵਰਤਮਾਨ ਸਮੇਂ ਵੀ ਇਸ ਖ਼ਤ ਦੀ ਪ੍ਰਸੰਗਕਿਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਜ਼ਿਕਰਯੋਗ ਹੈ ਕਿ ਇਹੋ ਕੁਮਾਰੀ ਲੱਜਾਵਤੀ

ਬਾਅਦ ਵਿਚ ਕੰਨਿਆ ਮਹਾਂਵਿਦਿਆਲਾ, ਜਲੰਧਰ ਦੀ 1 ਜਨਵਰੀ 1935 ਤੋਂ 31 ਮਾਰਚ 1965 ਤੱਕ ਪ੍ਰਿੰਸੀਪਲ ਰਹੀ।

23 ਮਾਰਚ 1931 ਨੂੰ ਭਗਤ ਸਿੰਘ ਆਪਣੇ ਸਾਥੀਆਂ ਸਮੇਤ ਸ਼ਹੀਦੀ ਪ੍ਰਾਪਤ ਕਰ ਗਿਆ ਤਾਂ ਇਸ ਸਾਲ, ਇਹ ਪੱਤਰ ਲਿਖੇ ਜਾਣ ਦੇ ਦੋ ਸਾਲ ਪਿੱਛੋਂ ਰੱਖੜੀ ਵਾਲੇ ਦਿਨ 28 ਅਗਸਤ ਨੂੰ ਕਲਕੱਤੇ ਤੋਂ ਛਪਦੇ ਅਖ਼ਬਾਰ ‘ਸਵਤੰਤਰ’ ਵਿਚ ਪ੍ਰਕਾਸ਼ਿਤ ਹੋਇਆ। ਇਹ ਭੇਤ ਬਣਿਆ ਹੋਇਆ ਹੈ ਕਿ ਇਹ ਖ਼ਤ ਸੰਪਾਦਕ ਨੂੰ ਕੁਮਾਰੀ ਲੱਜਾਵਤੀ ਨੇ ਖ਼ੁਦ ਭੇਜਿਆ ਜਾਂ ਸੰਪਾਦਕ ਨੇ ਕਿਸੇ ਹੋਰ ਵਸੀਲੇ ਰਾਹੀਂ ਪ੍ਰਾਪਤ ਕੀਤਾ? ਖ਼ੈਰ! ਇਹ ਖ਼ਤ ਸੰਪਾਦਕ ਦੇ ਹੱਥ ਕਿਵੇਂ ਵੀ ਲੱਗਿਆ ਹੋਵੇ, ਪਰ ਬੰਗਾਲ ਸਰਕਾਰ ਨੂੰ ਇਸ ਦਾ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਣਾ ਫੁੱਟੀ ਅੱਖ ਨਹੀਂ ਭਾਇਆ। ਬੰਗਾਲ ਪੁਲੀਸ ਨੇ ਇਸੇ ਦਿਨ ਅਖ਼ਬਾਰ ਦੇ ਸੰਪਾਦਕ ਮੁਦ੍ਰਿਕ ਅਤੇ ਪ੍ਰਕਾਸ਼ਕ ਸ੍ਰੀ ਭਗਾਉਤ ਮਿਸ਼ਰਾ ਖ਼ਿਲਾਫ਼ ਇਹ ਪੱਤਰ ਛਾਪਣ ਦੇ ਦੋਸ਼ ਵਿਚ ਹਿੰਦ ਦੰਡਾਵਲੀ ਦੀ ਧਾਰਾ 124-ਏ ਅਧੀਨ ਮੁਕੱਦਮਾ ਦਰਜ ਕੀਤਾ। ਚੀਫ ਮੈਜਿਸਟ੍ਰੇਟ ਕਲਕੱਤਾ ਨੇ 21 ਜਨਵਰੀ 1932 ਨੂੰ ਇਸ ਮੁਕੱਦਮੇ ਦਾ ਫ਼ੈਸਲਾ ਸੁਣਾਉਂਦਿਆਂ ਸ੍ਰੀ ਮਿਸ਼ਰਾ ਨੂੰ ਇਕ ਸਾਲ ਕੈਦ ਬਾਮੁਸ਼ੱਕਤ ਸਜ਼ਾ ਸੁਣਾਈ।

ਸੰਪਰਕ: 94170-49417

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All