ਰਾਜ ਕੁਮਾਰ ਰਾਓ ਨੇ ਫਿਲਮ ‘ਨਿਕਮ’ ਦੀ ਸ਼ੂਟਿੰਗ ਕੀਤੀ ਮੁਕੰਮਲ
ਬੌਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੇ ਸਰਕਾਰੀ ਵਕੀਲ ਉੱਜਵਲ ਨਿਕਮ ਦੀ ਜ਼ਿੰਦਗੀ ’ਤੇ ਆਧਾਰਤ ‘ਨਿਕਮ’ ਫਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਰਾਓ ਨੇ ਸੋਸ਼ਲ ਮੀਡੀਆ ਮੰਚ ‘ਇੰਸਟਾਗ੍ਰਾਮ’ ਦੀ ਸਟੋਰੀ ’ਤੇ ਫਿਲਮ ਨਿਰਦੇਸ਼ਨ ਟੀਮ ਦਾ ਪੱਤਰ ਸੋਮਵਾਰ ਨੂੰ ਸਾਂਝਾ ਕਰਦਿਆਂ ਇਸ ਦੀ ਐਲਾਨ ਕੀਤਾ। ਹੱਥ ਲਿਖਿਤ ਪੱਤਰ ’ਚ ਅਭਿਨੇਤਾ ਦੀ ਸ਼ਲਾਘਾ ਕੀਤੀ ਗਈ। ਪੱਤਰ ’ਚ ਲਿਖਿਆ ਸੀ, ‘‘ਰਾਜ ਸਰ... ਅੱਜ ਸੱਚਮੁੱਚ ਇਹ ਕਹਿਣਾ ਮੁਸ਼ਕਲ ਹੈ ਕਿ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਕਿਉਂਕਿ ਅਸੀਂ ਇਸ ਦੌਰਾਨ ਤੁਹਾਡੇ ਨਾਲ ਕਈ ਦਿਨ ਬਿਤਾਏ। ਤੁਹਾਨੂੰ ਇੰਨੀ ਸ਼ਾਂਤੀ, ਇਮਾਦਾਰੀ ਅਤੇ ਕੁਸ਼ਲਤਾ ਨਾਲ ਉੱਜਵਲ ਨਿਕਮ ਚਰਿੱਤਰ ’ਚ ਜਾਨ ਭਰਦਿਆਂ ਦੇਖਿਆ ਹੈ।’’ ਪੱਤਰ ਦੀ ਤਸਵੀਰ ਸਾਂਝੀ ਕਰਦਿਆਂ ਅਭਿਨੇਤਾ ਨੇ ਲਿਖਿਆ, ‘‘ਨਿਕਮ ਟੀਮ ਦਾ ਬਹੁਤ ਬਹੁਤ ਧੰਨਵਾਦ।’’ ਅਵਿਨਾਸ਼ ਅਰੁਣ ਵੱਲੋਂ ਨਿਰਦੇਸ਼ਤ ਇਸ ਫਿਲਮ ਦੇ ਨਿਰਮਾਤਾ ਦਿਨੇਸ਼ ਵਿਜਨ ਹਨ ਅਤੇ ਇਸ ਵਿੱਚ ਵਾਮਿਕਾ ਗੱਬੀ ਵੀ ਹੈ। ‘ਭੂਲ ਚੂਕ ਮਾਫ਼’ ਤੋਂ ਬਾਅਦ ਰਾਓ ਅਤੇ ਗੱਬੀ ਦੀ ਜੋੜੀ ਮੁੜ ਇਸ ’ਚ ਦੇਖਣ ਨੂੰ ਮਿਲੇਗੀ। ਰਾਓ ਦੀ ਇਸ ਤੋਂ ਪਹਿਲਾਂ ‘ਮਾਲਕ’ ਫਿਲਮ ਆਈ ਸੀ, ਜੋ ਜੁਲਾਈ ’ਚ ਰਿਲੀਜ਼ ਹੋਈ ਅਤੇ ਇਸ ਦਾ ਨਿਰਦੇਸ਼ਨ ਪੁਲਕਿਤ ਨੇ ਕੀਤਾ ਸੀ।
