ਤਸਵੀਰਾਂ ਨਾਲ ਇਤਿਹਾਸ ਸਿਰਜਣ ਵਾਲਾ ਰਘੂ ਰਾਏ
ਆਪਣੇ ਕੈਮਰੇ ਦੀ ਅੱਖ ਨਾਲ ਜ਼ਿੰਦਗੀ ਦੇ ਹਰ ਰੰਗ, ਸੁਫ਼ਨੇ ਅਤੇ ਸੰਵੇਦਨਾ ਨੂੰ ਛੂਹਣ ਵਾਲਾ ਫੋਟੋ ਪੱਤਰਕਾਰੀ ਦਾ ਪਿਤਾਮਾ ਰਘੂ ਰਾਏ 83 ਵਰ੍ਹਿਆਂ ਦੀ ਉਮਰ ’ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਉਸ ਦੀ ਮੌਤ ਨਾਲ ਭਾਰਤੀ ਫੋਟੋਗ੍ਰਾਫੀ...
ਆਪਣੇ ਕੈਮਰੇ ਦੀ ਅੱਖ ਨਾਲ ਜ਼ਿੰਦਗੀ ਦੇ ਹਰ ਰੰਗ, ਸੁਫ਼ਨੇ ਅਤੇ ਸੰਵੇਦਨਾ ਨੂੰ ਛੂਹਣ ਵਾਲਾ ਫੋਟੋ ਪੱਤਰਕਾਰੀ ਦਾ ਪਿਤਾਮਾ ਰਘੂ ਰਾਏ 83 ਵਰ੍ਹਿਆਂ ਦੀ ਉਮਰ ’ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਉਸ ਦੀ ਮੌਤ ਨਾਲ ਭਾਰਤੀ ਫੋਟੋਗ੍ਰਾਫੀ ਦੇ ਜਗਤ ਨੂੰ ਇੱਕ ਵੱਡਾ ਘਾਟਾ ਪਿਆ ਹੈ। ਰਘੂ ਰਾਏ ਨੇ ਕੈਮਰੇ ਰਾਹੀਂ ਛੇ ਦਹਾਕਿਆਂ ਤੱਕ ਭਾਰਤੀ ਸਭਿਅਤਾ, ਸੰਸਕ੍ਰਿਤੀ ਤੇ ਜੀਵਨ ਸ਼ੈਲੀ ਨੂੰ ਇੱਕ ਨਿਵੇਕਲੇ ਅੰਦਾਜ਼ ਵਿੱਚ ਦਰਸ਼ਕਾਂ ਦੇ ਰੂਬਰੂ ਕੀਤਾ।
ਰਘੂ ਰਾਏ ਨੇ ਆਪਣੀਆਂ ਤਸਵੀਰਾਂ ਰਾਹੀਂ ਮਨੁੱਖੀ ਸੰਵੇਦਨਾਵਾਂ, ਦੁਖਾਂਤ, ਸੰਘਰਸ਼ ਤੇ ਹਰ ਉਸ ਅਹਿਸਾਸ ਨੂੰ ਰੂਪਮਾਨ ਕੀਤਾ ਹੈ, ਜਿਸ ਵਿੱਚੋਂ ਗੁਜ਼ਰਦਿਆਂ ਮਨੁੱਖ ਖ਼ੁਦ ਨੂੰ ਵੀ ਉਨ੍ਹਾਂ ਨਾਲ ਜੁੜਿਆ ਮਹਿਸੂਸ ਕਰਦਾ ਹੈ। ਅਸਲ ਵਿੱਚ ਉਹ ਸੂਖਮਭਾਵੀ ਤੇ ਸੰਵੇਦਨਸ਼ੀਲ ਫ਼ੋਟੋਗ੍ਰਾਫਰ ਸੀ। ਰਘੂ ਰਾਏ ਦੀਆਂ ਤਸਵੀਰਾਂ ਕੇਵਲ ਦ੍ਰਿਸ਼ ਨਹੀਂ ਸਨ ਹੁੰਦੀਆਂ ਉਹ ਬੋਲਦੀਆਂ ਸਨ, ਸੋਚਣ ਲਈ ਮਜਬੂਰ ਕਰਦੀਆਂ ਅਤੇ ਕਈ ਵਾਰ ਅੱਖਾਂ ਨੂੰ ਨਮ ਕਰ ਦਿੰਦੀਆਂ।
ਰਘੂ ਰਾਏ ਦਾ ਜਨਮ 8 ਦਸੰਬਰ 1942 ਨੂੰ ਉਸ ਵੇਲੇ ਦੇ ਬ੍ਰਿਟਿਸ਼ ਭਾਰਤ ਦੇ ਝੰਗ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ ਸੀ। ਵੰਡ ਦੇ ਦਰਦ ਨੇ ਉਸ ਦੇ ਪਰਿਵਾਰ ਨੂੰ ਵੀ ਪ੍ਰਭਾਵਿਤ ਕੀਤਾ। ਬਚਪਨ ਤੋਂ ਹੀ ਜੀਵਨ ਦੀਆਂ ਤਲਖ਼ ਹਕੀਕਤਾਂ ਨਾਲ ਸਾਹਮਣਾ ਹੋਇਆ, ਜਿਸ ਨੇ ਰਘੂ ਰਾਏ ਨੂੰ ਇੱਕ ਗੰਭੀਰ ਤੇ ਸੰਵੇਦਨਸ਼ੀਲ ਨਜ਼ਰੀਆ ਬਖ਼ਸ਼ਿਆ। ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਉਸ ਨੇ ਪਹਿਲਾਂ ਇੰਜੀਨੀਅਰਿੰਗ ਤੇ ਫੌਜ ਦੀ ਸੇਵਾ ਵੱਲ ਵੀ ਰੁਖ਼ ਕੀਤਾ ਸੀ, ਪਰ ਕੈਮਰੇ ਦੀ ਖਿੱਚ ਨੇ ਅਖੀਰ ਉਸ ਨੂੰ ਸਦਾ ਲਈ ਆਪਣਾ ਬਣਾ ਲਿਆ। ਫ਼ਿਰ ਕੈਮਰਾ ਉਸ ਦੇ ਹੱਥ ਵਿੱਚ ਆਇਆ ਤੇ ਇਤਿਹਾਸ ਨੇ ਇੱਕ ਨਵਾਂ ਅਧਿਆਇ ਲਿਖਣਾ ਸ਼ੁਰੂ ਕੀਤਾ।
1955 ਵਿੱਚ ਰਘੂ ਰਾਏ ਨੇ ਗੰਭੀਰਤਾ ਨਾਲ ਫੋਟੋਗ੍ਰਾਫੀ ਸ਼ੁਰੂ ਕੀਤੀ ਤੇ ਕੁਝ ਹੀ ਸਮੇਂ ਵਿੱਚ ਉਸ ਦੇ ਕੰਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪ੍ਰਸਿੱਧ ਫੋਟੋਗ੍ਰਾਫਰ ਹੈਨਰੀ ਕਾਤੀਏ ਬ੍ਰੈਸਨ (Henri Cartier-Bresson) ਨੇ ਵੀ ਉਸ ਦੇ ਇਸ ਹੁਨਰ ਨੂੰ ਪਛਾਣਿਆ ਤੇ ਮੈਗਨਮ ਫੋਟੋਜ਼ ਨਾਲ ਜੁੜਨ ਵਿੱਚ ਅਹਿਮ ਭੂਮਿਕਾ ਨਿਭਾਈ। ਕਿਸੇ ਵੀ ਭਾਰਤੀ ਫ਼ੋਟੋਗ੍ਰਾਫਰ ਲਈ ਇਹ ਬਹੁਤ ਵੱਡੀ ਉਪਲੱਬਧੀ ਸੀ। ਇਸ ਮਗਰੋਂ ਕਦੇ ਰਘੂ ਰਾਏ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਰਘੂ ਨੇ ਭਾਰਤ ਦੇ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਪਲਾਂ ਨੂੰ ਅਮਰ ਕੀਤਾ। ਇੰਦਰਾ ਗਾਂਧੀ ਦੇ ਵਿਲੱਖਣ ਪੋਰਟਰੇਟ, ਭੋਪਾਲ ਗੈਸ ਤ੍ਰਾਸਦੀ, ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਜਾਂ ਦਿੱਲੀ ਦੀਆਂ ਗਲੀਆਂ ਵਿੱਚ ਜੀਵਨ ਦੀ ਚੱਲਦੀ ਫਿਰਦੀ ਕਵਿਤਾ। ਗੱਲ ਕੀ, ਰਘੂ ਰਾਏ ਦੀ ਅੱਖ ਨੇ ਹਰ ਤਸਵੀਰ ਨੂੰ ਵੱਖਰੀ ਪਛਾਣ ਦਿੱਤੀ। ਉਸ ਵੱਲੋਂ ਖਿੱਚੀਆਂ ਭੋਪਾਲ ਗੈਸ ਤ੍ਰਾਸਦੀ ਦੀਆਂ ਤਸਵੀਰਾਂ ਨੇ ਸੰਸਾਰ ਭਰ ਵਿੱਚ ਵਸਦੇ ਲੋਕਾਂ ਦੇ ਮਨਾਂ ਨੂੰ ਧੂਹ ਪਾਈ। ਰਘੂ ਨੇ ਸਦਾ ਹੀ ਮਨੁੱਖੀ ਪੀੜ ਨੂੰ ਕੋਰੇ ਚਿੱਟੇ ਸੱਚ ਵਾਂਗ ਪੇਸ਼ ਕੀਤਾ ਸੀ।
ਰਘੂ ਨੇ ਗਰੀਬੀ ਦਿਖਾਈ ਪਰ ਗਰੀਬਾਂ ਦੀ ਇੱਜ਼ਤ ਕੀਤੀ, ਭੁੱਖ ਦਿਖਾਈ ਤੇ ਭੁੱਖੇ ਮਰ ਰਹੇ ਲੋਕਾਂ ਦਾ ਦਰਦ ਵੀ ਦਿਖਾਇਆ। ਉਸ ਦੀ ਤਸਵੀਰ ਦਾ ਹਰ ਫਰੇਮ ਇੱਕ ਵੱਖਰੀ ਕਹਾਣੀ ਬਿਆਨ ਕਰਦਾ ਹੈ। ਉਸ ਦਾ ਕਹਿਣਾ ਸੀ, ‘‘ਫੋਟੋਗ੍ਰਾਫੀ ਸਿਰਫ਼ ਦੇਖਣਾ ਨਹੀਂ, ਮਹਿਸੂਸ ਕਰਨਾ ਹੈ।” ਇਹੀ ਕਾਰਨ ਹੈ ਕਿ ਉਸ ਦੀ ਹਰ ਤਸਵੀਰ ਦੇਖਣ ਵਾਲੇ ਨੂੰ ਇੱਕ ਕਵਿਤਾ ਵਰਗੀ ਜਾਪਦੀ ਹੈ।
ਆਪਣੇ ਬਾਕਮਾਲ ਕੰਮ ਲਈ ਰਘੂ ਰਾਏ ਨੂੰ ਵੱਡੇ ਵੱਡੇ ਪੁਰਸਕਾਰ ਮਿਲੇ। ਭਾਰਤ ਸਰਕਾਰ ਵੱਲੋਂ ਉਸ ਨੂੰ ਪਦਮ ਸ੍ਰੀ ਨਾਲ ਸਨਮਾਨਿਆ ਗਿਆ। ਰਘੂ ਦਾ ਆਖਣਾ ਸੀ ਕਿ ਇਹ ਸਿਰਫ਼ ਸਨਮਾਨ ਨਹੀਂ, ਸਗੋਂ ਭਾਰਤ ਦੀ ਦ੍ਰਿਸ਼-ਸੰਸਕ੍ਰਿਤੀ ਨੂੰ ਸੰਭਾਲਣ ਵਿੱਚ ਪਾਏ ਉਸ ਦੇ ਯੋਗਦਾਨ ਦੀ ਪ੍ਰਤਿਸ਼ਠਾ ਸੀ। ਰਘੂ ਰਾਏ ਦੀਆਂ ਖਿੱਚੀਆਂ ਵੱਡੀ ਗਿਣਤੀ ਤਸਵੀਰਾਂ ਦੁਨੀਆ ਭਰ ਵਿੱਚ ਮਸ਼ਹੂਰ ਹੋਈਆਂ। ਉਸ ਨੇ ਸਿਰਫ਼ ਤਸਵੀਰਾਂ ਨਹੀਂ ਖਿੱਚੀਆਂ, ਸਗੋਂ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਭਾਰਤ ਨੂੰ ਸੰਜੋ ਕੇ ਰੱਖ ਦਿੱਤਾ ਹੈ। ਕੁਝ ਲੋਕ ਆਪਣੇ ਲਿਖੇ ਅੱਖਰਾਂ ਵਿੱਚ ਅਮਰ ਹੋ ਜਾਂਦੇ ਹਨ, ਕੁਝ ਗੀਤਾਂ ਵਿੱਚ ਤੇ ਰਘੂ ਰਾਏ ਆਪਣੀਆਂ ਖਿੱਚੀਆਂ ਤਸਵੀਰਾਂ ਰਾਹੀਂ ਅਮਰ ਹੋ ਗਿਆ ਹੈ। ਜਦੋਂ ਕਿਤੇ ਵੀ ਫੋੋਟੋਗ੍ਰਾਫੀ ਦੇ ਇਤਿਹਾਸ ਦੀ ਚਰਚਾ ਛਿੜੇਗੀ ਤਾਂ ਬਿਨਾ ਸ਼ੱਕ ਰਘੂ ਰਾਏ ਦਾ ਨਾਂ ਬਹੁਤ ਹੀ ਮਾਣ, ਇੱਜ਼ਤ ਅਤੇ ਅਪਣੱਤ ਨਾਲ ਲਿਆ ਜਾਵੇਗਾ।
ਰਘੂ ਰਾਏ ਨੇ ਸਿਰਫ਼ ਭਾਰਤ ਨੂੰ ਦੇਖਿਆ ਹੀ ਨਹੀਂ, ਸਗੋਂ ਉਸ ਨੇ ਆਪਣੇ ਕੈਮਰੇ ਦੀ ਅੱਖ ਰਾਹੀਂ ਹੋਰਨਾਂ ਵੱਡੀ ਗਿਣਤੀ ਲੋਕਾਂ ਨੂੰ ਵੀ ਦੁਨੀਆ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣ ਲਾਇਆ ਹੈ। ਰਘੂ ਰਾਏ ਦਾ ਆਖਣਾ ਸੀ, ‘‘ਤਸਵੀਰ ਖਿੱਚਣ ਤੋਂ ਪਹਿਲਾਂ ਮਨੁੱਖ ਨੂੰ ਮਹਿਸੂਸ ਕਰੋ, ਨਹੀਂ ਤਾਂ ਫੋਟੋ ਸਿਰਫ਼ ਚਿਹਰਾ ਰਹਿ ਜਾਂਦੀ ਹੈ, ਜੀਵਨ ਨਹੀਂ ਬਣਦੀ।”
ਰਘੂ ਰਾਏ ਨੇ ਦਰਦ ਦੀ ਇੰਤਹਾ, ਖੁਸ਼ੀ, ਉਦਾਸੀ, ਦਰਦ, ਜਨਮ, ਮੌਤ, ਕੁਦਰਤ ਤੇ ਧਰਤੀ ’ਤੇ ਵਿਗਸਣ ਵਾਲੀ ਹਰ ਸ਼ੈਅ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਦਾ ਯਤਨ ਕੀਤਾ ਹੈ। ਇੱਕ ਗੱਲਬਾਤ ਦੌਰਾਨ ਮਦਰ ਟੈਰੇਸਾ ਨੂੰ ਯਾਦ ਕਰਦਿਆਂ ਰਘੂ ਰਾਏ ਨੇ ਕਿਹਾ ਸੀ, ‘‘ਮਦਰ ਟੈਰੇਸਾ ਨੂੰ ਫੋਟੋ ਵਿੱਚ ਕੈਦ ਕਰਨਾ ਰੌਸ਼ਨੀ ਨੂੰ ਛੂਹਣ ਵਰਗਾ ਸੀ।’’ ਇੱਕ ਇੰਟਰਵਿਊ ਦੌਰਾਨ ਉਸ ਨੇ ਆਖਿਆ ਕਿ ਜਦੋਂ ਉਹ ਪਹਿਲੀ ਵਾਰ ਮਦਰ ਟੈਰੇਸਾ ਨੂੰ ਮਿਲਿਆ ਤਾਂ ਇੰਜ ਲੱਗਿਆ ਜਿਵੇਂ ਕਮਰੇ ਵਿੱਚ ਇੱਕ ਅਜੀਬ ਸ਼ਾਂਤੀ ਉਤਰ ਆਈ ਹੋਵੇ। ਉਹ ਦੱਸਦਾ ਸੀ ਕਿ ਮਦਰ ਟੈਰੇਸਾ ਦੀਆਂ ਅੱਖਾਂ ਵਿੱਚ ਬੋਲਣ ਨਾਲੋਂ ਵੱਧ ਪ੍ਰਾਰਥਨਾ ਸੀ। ਇੱਕ ਵਾਰ ਰਘੂ ਰਾਏ ਨੇ ਮਦਰ ਟੈਰੇਸਾ ਨੂੰ ਇੱਕ ਬਿਮਾਰ ਬੱਚੇ ਨੂੰ ਚੁੱਕੇ ਹੋਏ ਦੇਖਿਆ, ਉਸ ਪਲ ਉਸ ਨੇ ਕੈਮਰਾ ਨਹੀਂ, ਪਹਿਲਾਂ ਆਪਣਾ ਸਿਰ ਝੁਕਾਇਆ। ਫਿਰ ਜੋ ਤਸਵੀਰ ਬਣੀ, ਉਹ ਦੁਨੀਆ ਲਈ ਦਇਆ ਦਾ ਪ੍ਰਤੀਕ ਬਣ ਗਈ।
ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਖਿੱਚਣ ਨੂੰ ਉਸ ਨੇ ਸਮੇਂ ਦੇ ਸਭ ਤੋਂ ਤਣਾਅ ਭਰੇ ਪਲਾਂ ਨੂੰ ਛੂਹਣਾ ਦੱਸਿਆ ਸੀ। ਉਸ ਵੇਲੇ ਰਘੂ ਰਾਏ ਨੇ ਸਿਰਫ਼ ਤਸਵੀਰਾਂ ਹੀ ਨਹੀਂ ਖਿੱਚੀਆਂ, ਸਗੋਂ ਉਸ ਤਣਾਅ ਨੂੰ ਵੀ ਇਤਿਹਾਸ ਦੀ ਧੜਕਣ ਵਿੱਚ ਕੈਦ ਕੀਤਾ ਸੀ।
ਫਿਲਮਕਾਰ ਸਤਿਆਜੀਤ ਰੇਅ ਦੀਆਂ ਤਸਵੀਰਾਂ ਖਿੱਚਦਿਆਂ ਰਘੂ ਰਾਏ ਨੇ ਕਿਹਾ ਸੀ ਕਿ ਉਸ ਪਲ ਉਸ ਨੂੰ ਲੱਗਿਆ ਸੀ ਜਿਵੇਂ ਇੱਕ ਕੈਮਰਾ ਦੂਜੇ ਕੈਮਰੇ ਨੂੰ ਦੇਖ ਰਿਹਾ ਹੋਵੇ। ਰੇਅ ਦੀ ਚੁੱਪ ਵੀ ਇੱਕ ਡਾਇਲਾਗ ਵਰਗੀ ਸੀ। ਉਨ੍ਹਾਂ ਦੀਆਂ ਅੱਖਾਂ ਨੂੰ ਕੈਦ ਕਰਨਾ ਸਭ ਤੋਂ ਮੁਸ਼ਕਿਲ ਕੰਮ ਸੀ, ਕਿਉਂਕਿ ਉਹ ਪਹਿਲਾਂ ਹੀ ਦੁਨੀਆ ਨੂੰ ਆਪਣੇ ਅੰਦਰ ਕੈਦ ਕਰ ਚੁੱਕੀਆਂ ਸਨ।
ਰਘੂ ਰਾਏ ਨੇ ਸਾਨੂੰ ਸਿਖਾਇਆ ਕਿ ਕੈਮਰਾ ਸਿਰਫ਼ ਰੌਸ਼ਨੀ ਨਹੀਂ ਫੜਦਾ, ਉਹ ਇਤਿਹਾਸ ਦੀ ਧੜਕਣ ਨੂੰ ਵੀ ਸੁਣਦਾ ਹੈ। ਉਸ ਨੇ ਭਾਰਤ ਨੂੰ ਸਿਰਫ਼ ਤਸਵੀਰਾਂ ਵਿੱਚ ਨਹੀਂ, ਯਾਦਾਂ ਵਿੱਚ ਅਮਰ ਕਰ ਦਿੱਤਾ ਹੈ।
ਸੰਪਰਕ: 94787-30156

