ਪ੍ਰਿੰ. ਸਰਵਣ ਸਿੰਘ
ਪੂਰਨ ਸਿੰਘ ਪਾਂਧੀ ਗੁਰਮਤਿ ਦਾ ਵਿਦਵਾਨ ਲੇਖਕ ਹੈ। ਉਸ ਦਾ ਜਨਮ 12 ਸਤੰਬਰ 1933 ਨੂੰ ਰਾਮ ਸਿੰਘ ਅਤੇ ਜੈ ਕੌਰ ਦੇ ਘਰ ਪਿੰਡ ਰਾਮੂਵਾਲਾ ਕਲਾਂ ਵਿਚ ਹੋਇਆ। ਉਸ ਨੇ ਭਿੰਡਰਾਂ ਦੀ ਟਕਸਾਲ ਤੋਂ ਗੁਰਮਤਿ ਦੀ ਸੰਥਿਆ ਲਈ ਅਤੇ ਗਿਆਨੀ, ਓਟੀ ਅਤੇ ਬੀਏ ਦੇ ਕੋਰਸ ਕਰਨ ਨਾਲ ਵੋਕਲ ਮਿਊਜ਼ਕ ਦਾ ਡਿਪਲੋਮਾ ਕੀਤਾ ਜਿਸ ਨਾਲ ਕਈ ਸਾਜ਼ ਵਜਾਉਣੇ ਵੀ ਸਿੱਖੇ। ਉਸ ਨੇ 1951 ਤੋਂ 91 ਤਕ ਬਤੌਰ ਗਿਆਨੀ ਅਧਿਆਪਕ ਵੱਖ ਵੱਖ ਸਕੂਲਾਂ ਵਿਚ ਪੜ੍ਹਾਇਆ। ਵਿਚੋਂ ਸਾਲ ਕੁ ਲਈ ਥਾਈਲੈਂਡ ਜਾ ਕੇ ਬੈਂਕਾਕ ਦੇ ਗੁਰਦੁਆਰੇ ਅਤੇ ਖ਼ਾਲਸਾ ਸਕੂਲ ਵਿਚ ਸੇਵਾਵਾਂ ਦਿੱਤੀਆਂ। 1996 ਤੋਂ ਉਹ ਕੈਨੇਡਾ ਦਾ ਪਰਵਾਸੀ ਹੈ ਜਿਥੇ ਬਰੈਂਪਟਨ ਦੀਆਂ ਸਾਹਿਤਕ ਮਹਿਫ਼ਲਾਂ ਨੂੰ ਰੰਗ ਭਾਗ ਲਾ ਰਿਹਾ ਹੈ।
ਨਚਣੁ ਕੁਦਣੁ ਮਨ ਕਾ ਚਾਉ॥ ਹਰ ਜੀਵਤ ਪ੍ਰਾਣੀ ਵਿਚ ਨੱਚਣ, ਕੁੱਦਣ ਤੇ ਗਤੀਸ਼ੀਲ ਹੋਣ ਦੀ ਤਾਂਘ ਅਤੇ ਤਮੰਨਾ ਹੈ। ‘ਭੈ ਵਿਚਿ ਸੂਰਜੁ ਭੈ ਵਿਚ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥’ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਸਿੱਧ ਕੀਤਾ ਕਿ ਬ੍ਰਹਿਮੰਡ ਦੇ ਵਿਆਪਕ ਪਸਾਰੇ ਵਿਚ ਬੇਅੰਤ ਧਰਤੀਆਂ, ਚੰਦ, ਸੂਰਜ, ਤਾਰੇ ਸਿਤਾਰੇ ਕੁਦਰਤ ਦੇ ਇਸੇ ਵਿਧੀ ਵਿਧਾਨ ਅਨੁਸਾਰ ਕਰੋੜਾਂ ਕੋਹਾਂ ਦੀ ਰਫਤਾਰ ਨਾਲ਼ ਦੌੜ ਰਹੇ ਹਨ। ਧਰਤੀ ਦੇ ਹਰ ਜੀਵ ਜੰਤੂ ਵਿਚ ਵਿਕਾਸ ਕਰਨ ਅਤੇ ਦੌੜਨ ਦੀਆਂ ਤਾਘਾਂ ਹਨ। ਮਨੁੱਖੀ ਸਰੀਰ ਦੇ ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰਿਆਂ ਵਿਚ ਪਾਰੇ ਵਰਗੀ ਥਿਰਕਣ, ਧੜਕਣ ਤੇ ਹਰਕਤ ਕਰਨ ਦਾ ਵੇਗ ਅਤੇ ਵਹਾਅ ਹੈ। ਮਨੁੱਖੀ ਮਨ ਦੇ ਅਹਿਸਾਸ ਵਿਚ ਪ੍ਰਤੀ ਸੈਕਿੰਡ ਅਰਬਾਂ ਖਰਬਾਂ ਦਾ ਪੈਂਡਾ ਮਾਰਨ ਦੀ ਅਪਰੰਪਾਰ ਲੀਲ੍ਹਾ ਹੈ। ਦਿਮਾਗੀ ਅਨੁਭਵ ਵਿਚ ਸੋਚਾਂ ਤੇ ਸਾਹਾਂ ਦੀ ਸੀਮਾ ਤੇ ਸਮਰਥਾ ਦਾ ਕੋਈ ਪਾਰਾਵਾਰ ਨਹੀਂ। ਕੁਦਰਤ ਦੇ ਕਣ ਕਣ ਵਿਚ ਵਿਕਾਸ ਕਰਨ ਦੀ ਦੌੜ ਹੈ। ਸਾਗਰੀ ਲਹਿਰਾਂ ਇੱਕ ਦੂਜੇ ਨਾਲ਼ ਖਹਿੰਦੀਆਂ, ਖੇਡਦੀਆਂ, ਕਲੋਲਾਂ ਕਰਦੀਆਂ ਹਨ। ਮਿਰਗ, ਮੀਨ, ਪਸ਼ੂ, ਪੰਛੀ ਆਪੋ-ਆਪਣੀਆਂ ਕੌਤਕੀ ਖੇਡਾਂ ਅਤੇ ਉਡਾਰੀਆਂ ਵਿਚ ਮਘਨ ਹਨ। ਬਨਸਪਤੀ ਦੀਆਂ ਤਮਾਮ ਲਗਰਾਂ ਤੇ ਪੱਤਿਆਂ ਵਿਚ ਵਿਕਾਸ ਕਰਨ ਅਤੇ ਵਧਣ ਦੀ ਤਾਂਘ ਦੀ ਤੀਬਰਤਾ ਹੈ। ਹਵਾ ਜੀਵਨ ਦੀ ਖਿਡਾਵੀ ਹੈ। ਹਵਾ ਦੁਆਰਾ ਬਨਸਪਤੀ ਦੀ ਹਰ ਲਗਰ, ਹਰ ਪੱਤੇ ਵਿਚ ਗੀਤ ਸੰਗੀਤ ਦੀ ਗੂੰਜ ਹੈ। ਇੰਜ ਜਾਪਦੈ, ਜਿਵੇਂ ਕੁਦਰਤ ਨੇ ਜਿ਼ੰਦਗੀ ਨਾਲ਼ ਖੇਡਾਂ ਤੇ ਨੱਚਣ ਕੁੱਦਣ ਦਾ ਰੂਹਾਨੀ ਰਿਸ਼ਤਾ ਨਾਤਾ ਪੱਕਾ ਕਰ ਕੇ ਜੀਵਨ ਦਿੱਤਾ ਹੋਵੇ। ਪੰਘੂੜੇ ਵਿਚ ਪਿਆ ਅਨਭੋਲ ਬੱਚਾ ਕਦੇ ਹੱਸਦਾ, ਕਦੇ ਰੋਂਦਾ ਤੇ ਕਦੇ ਲੱਤਾਂ ਬਾਹਾਂ ਮਾਰਦਾ ਖੇਡਦਾ ਹੈ। ਇਹ ਉਸ ਦੀਆਂ ਬਚਪਨ ਅਵਸਥਾ ਦੀਆਂ ਖੇਡਾਂ ਹਨ। ਬੱਚਾ ਖੇਡ ਵਿਚ ਮਸਤ ਹੁੰਦਾ ਦੇਖਿਆ ਜਾਂਦਾ ਹੈ। ਬੱਚੇ ਦੇ ਵਿਕਾਸ ਕਰਨ ਅਤੇ ਵੱਡਾ ਹੋਣ ਨਾਲ਼ ਉਸ ਦੀਆਂ ਖੇਡਾਂ ਵੀ ਵਿਕਾਸ ਕਰਦੀਆਂ, ਬਦਲਦੀਆਂ ਹੋਈਆਂ ਬਾਹੂਬਲੀ ਹੋ ਜਾਂਦੀਆਂ ਹਨ। ਕੁਦਰਤ ਦੇ ਇਸ ਰਹੱਸਮਈ ਭਾਵ ਨੂੰ ਸਪੱਸ਼ਟ ਕਰਦਿਆਂ ਗੁਰੂ ਨਾਨਕ ਦੇਵ ਨੇ ਆਖਿਆ ਕਿ ਜਿ਼ੰਦਗੀ ਲਈ ਪੌਣ ਗੁਰੂ ਹੈ, ਪਾਣੀ ਪਿਤਾ ਤੇ ਧਰਤੀ ਮਾਤਾ ਹੈ। ਦਿਨ ਤੇ ਰਾਤ ਜਿ਼ੰਦਗੀ ਦੇ ਖਿਡਾਵੇ ਹਨ। ਇਨ੍ਹਾਂ ਖੇਡਾਂ ਦੁਆਰਾ ਸਾਰਾ ਜਗਤ ਖੇਡ ਰਿਹਾ ਹੈ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਪੂਰਨ ਸਿੰਘ ਪਾਂਧੀ ਗੁਰਮਤਿ ਦਾ ਵਿਦਵਾਨ ਲੇਖਕ ਹੈ। ਉਸ ਦਾ ਜਨਮ 12 ਸਤੰਬਰ 1933 ਨੂੰ ਰਾਮ ਸਿੰਘ ਅਤੇ ਜੈ ਕੌਰ ਦੇ ਘਰ ਪਿੰਡ ਰਾਮੂਵਾਲਾ ਕਲਾਂ ਵਿਚ ਹੋਇਆ। ਉਸ ਨੇ ਭਿੰਡਰਾਂ ਦੀ ਟਕਸਾਲ ਤੋਂ ਗੁਰਮਤਿ ਦੀ ਸੰਥਿਆ ਲਈ ਅਤੇ ਗਿਆਨੀ, ਓਟੀ ਅਤੇ ਬੀਏ ਦੇ ਕੋਰਸ ਕਰਨ ਨਾਲ ਵੋਕਲ ਮਿਊਜ਼ਕ ਦਾ ਡਿਪਲੋਮਾ ਕੀਤਾ ਜਿਸ ਨਾਲ ਕਈ ਸਾਜ਼ ਵਜਾਉਣੇ ਵੀ ਸਿੱਖੇ। ਉਸ ਨੇ 1951 ਤੋਂ 91 ਤਕ ਬਤੌਰ ਗਿਆਨੀ ਅਧਿਆਪਕ ਵੱਖ ਵੱਖ ਸਕੂਲਾਂ ਵਿਚ ਪੜ੍ਹਾਇਆ। ਵਿਚੋਂ ਸਾਲ ਕੁ ਲਈ ਥਾਈਲੈਂਡ ਜਾ ਕੇ ਬੈਂਕਾਕ ਦੇ ਗੁਰਦੁਆਰੇ ਅਤੇ ਖ਼ਾਲਸਾ ਸਕੂਲ ਵਿਚ ਸੇਵਾਵਾਂ ਦਿੱਤੀਆਂ। 1996 ਤੋਂ ਉਹ ਕੈਨੇਡਾ ਦਾ ਪਰਵਾਸੀ ਹੈ ਜਿਥੇ ਬਰੈਂਪਟਨ ਦੀਆਂ ਸਾਹਿਤਕ ਮਹਿਫ਼ਲਾਂ ਨੂੰ ਰੰਗ ਭਾਗ ਲਾ ਰਿਹਾ ਹੈ। 88 ਸਾਲ ਦੀ ਉਮਰ ਵਿਚ ਵੀ ਉਹਦਾ ਚਿਹਰਾ ਫੁੱਲ ਵਾਂਗ ਟਹਿਕਦਾ ਹੈ। ਉਹਦਾ ਸਮੁੱਚਾ ਵਜੂਦ ਹੀ ‘ਪੂਰਨ ਪੂਰਨ’ ਦੀ ਮਾਲਾ ਫੇਰਦਾ ਜਾਪਦਾ ਹੈ! ਉਹਦਾ ਕੱਦ ਭਾਵੇਂ ਸਮੱਧਰ ਹੈ ਪਰ ਧਰਤੀ ਤੋਂ ਜਿੰਨਾ ਉਪਰ ਹੈ, ਧਰਤੀ ਵਿਚ ਓਦੂੰ ਵੱਧ ਹੈ। ਨਿਮਰ ਸੁਭਾਅ ਦਾ ਹੋਣ ਕਰ ਕੇ ਨਾ ਖੜ੍ਹਾ ਦਿਸਦਾ ਹੈ ਨਾ ਬੈਠਾ। ਅਸਲ ਵਿਚ ਉਹ ਦਿਸਣਾ ਚਾਹੁੰਦਾ ਹੀ ਨਹੀਂ। ਉਹਦੀ ਚਾਹਤ ਛਿਪੇ ਰਹਿਣ ਅਤੇ ਛਿਪ ਟੁਰ ਜਾਣ ਦੀ ਹੈ ਪਰ ਉਹਦੇ ਪ੍ਰਸ਼ੰਸਕ ਉਹਨੂੰ ਛਿਪਣ ਨਹੀਂ ਦਿੰਦੇ। ਉਸ ਨੇ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿਚ ਅਹਿਮ ਪੁਸਤਕ ‘ਸੰਗੀਤ ਦੀ ਦੁਨੀਆ’ ਵੀ ਹੈ। ਉਸ ਦੀਆਂ ਮੁੱਖ ਸਤਰਾਂ ਪੜ੍ਹੋ:
ਕਾਦਰ ਕਰੀਮ ਦੀ ਬੇਅੰਤ ਰਚਨਾ ਵਿਚ ਗੀਤ ਸੰਗੀਤ ਦੀ ਗੂੰਜ ਅਤੇ ਝੂਮਦੀ ਲੈਅ ਦਾ ਪਸਾਰਾ ਹੈ। ਇਸ ਵਿਆਪਕ ਪਸਾਰੇ ਵਿਚ ਧਰਤੀ ਦਾ ਹਰ ਮਨੁੱਖ ਗੁਣਗੁਣਾਉਂਦੀ ਸੁੰਦਰਤਾ ਤੇ ਸੰਗੀਤ ਦਾ ਮਤਵਾਲਾ ਹੈ। ਸੰਗੀਤ ਮਨੁੱਖੀ ਮਨ ਦੀਆਂ ਸੂਖਮ ਤਾਰਾਂ ਤੇ ਤਰਬਾਂ ਵਿਚ ਤਰੰਗਾਂ ਪੈਦਾ ਕਰਦਾ; ਥੱਕੇ, ਉਦਾਸ ਤੇ ਨਿਰਾਸ ਮਨ ਨੂੰ ਆਪਣੀ ਬੁੱਕਲ ਵਿਚ ਆਸਰਾ ਦਿੰਦਾ; ਉਸ ਨੂੰ ਪਿਆਰਦਾ, ਦੁਲਾਰਦਾ, ਤਾਜ਼ਗੀ, ਖੁਸ਼ੀ ਤੇ ਖੇੜਾ ਪ੍ਰਦਾਨ ਕਰਦਾ ਹੈ। ਸਰਸ਼ਾਰੀ ਤੇ ਕਰਤਾਰੀ ਧੁਨਾਂ ਦੁਆਰਾ ਮਨੁੱਖ ਦੇ ਸਾਹਾਂ ਵਿਚ ਸੁਗੰਧੀ ਭਰਦਾ, ਰੰਗੀਨ ਤੇ ਹੁਸੀਨ ਅਵਸਥਾ ਪ੍ਰਦਾਨ ਕਰਦਾ ਹੈ। ਸੰਗੀਤ ਦੀਆਂ ਮਤਵਾਲੀਆਂ ਸੁਰਾਂ, ਧੁਨਾਂ ਤੇ ਲੈਆਂ, ਭਟਕਦੇ ਤੇ ਅਸਥਿਰ ਮਨ ਨੂੰ ਸਥਿਰ, ਸ਼ਾਂਤੀ ਤੇ ਝੂਮਦੀ ਮਸਤੀ ਪ੍ਰਦਾਨ ਕਰਦੀਆਂ ਹਨ…।
ਪਾਂਧੀ ਦੀ ਆਪਣੇ ਪਿੰਡ ਬਾਰੇ ਲਿਖੀ ਪੁਸਤਕ ‘ਤੇਰੀਆਂ ਗੱਲਾਂ ਤੇਰੇ ਨਾਲ’ ਵਿਚਲੀ ਸੁਹਜੀਲੀ ਸ਼ੈਲੀ ਦਾ ਸ਼ੀਸ਼ਾ ਵੀ ਦੇਖੋ: ਮੇਰੇ ਸਾਹਾਂ ਵਿਚ ਤੇਰੀ ਧੂੜ ਦੀ ਸੁਗੰਧੀ ਹੈ। ਮੇਰੇ ਰੋਮ ਰੋਮ ਵਿਚ ਤੇਰੀ ਮਿੱਟੀ ਦੇ ਨਕਸ਼ ਉੱਕਰੇ ਹੋਏ ਹਨ। ਤੇਰੀਆਂ ਹਵਾਵਾਂ ਨੇ ਮੈਨੂੰ ਅਰਸ਼ੀ ਉਡਾਣਾਂ ਦੀ ਪਰਵਾਜ਼ ਦਿੱਤੀ ਹੈ। ਮੇਰੇ ਅਹਿਸਾਸ ਵਿਚ ਤੇ ਮੇਰੇ ਬੋਲਾਂ ਵਿਚ ਤੇਰੇ ਮਿੱਠੇ ਤੇ ਮਧੁਰ ਗੀਤ-ਸੰਗੀਤ ਦੀ ਗੁੰਜਾਰ ਹੈ। ਤੇਰੇ ਪਿੱਪਲਾਂ, ਬੋਹੜਾਂ, ਕਿੱਕਰਾਂ, ਤੂਤਾਂ, ਨਿੰਮਾਂ ਦੀ ਸੰਘਣੀ ਛਾਂ ਦਾ ਆਨੰਦ, ਛੱਪੜਾਂ, ਜੌਹੜਾਂ ਤੇ ਢਾਬਾਂ ਦੇ ਪਾਣੀਆਂ ਵਿਚ ਤਾਰੀਆਂ ਲਾਉਣ ਦਾ ਅਲਬੇਲਾਪਣ, ਖੁੱਲ੍ਹੀਆਂ ਜੂਹਾਂ ਵਿਚ ਜੰਗਲੀ ਝਾੜੀਆਂ ਦੇ ਸੂਹੇ ਫੁੱਲਾਂ ਤੇ ਫਲਾਂ ਦੀਆਂ ਬਹਾਰਾਂ ਦਾ ਸੁਆਦ, ਭਿੰਨ ਭਿੰਨ ਫਸਲਾਂ ਦੀਆਂ ਸੁਗੰਧੀਆਂ, ਪਥਕਣਾਂ ਤੇ ਗਹੀਰਿਆਂ ਦਾ ਵਿਸਥਾਰ ਅਤੇ ਖੂਹਾਂ ਖਰਾਸਾਂ ਤੇ ਹੱਟੀਆਂ ਭੱਠੀਆਂ ਦੀਆਂ ਰੌਣਕਾਂ ਦੇ ਤੇਰੇ ਹੀ ਵੱਖ ਵੱਖ ਰੂਪ ਹਨ। ਚਾਟੀਆਂ ਵਿਚ ਦੁੱਧ ਰਿੜਕਦੀਆਂ ਮਧਾਣੀਆਂ, ਆਟਾ ਪੀਂਹਦੀਆਂ ਚੱਕੀਆਂ ਤੇ ਤ੍ਰਿੰਜਣਾਂ ਦੇ ਚਰਖਿਆਂ ਦੀ ਘੂਕ ਵਿਚੋਂ, ਖੁੱਲ੍ਹੀਆਂ ਜੂਹਾਂ ਤੇ ਸਰਸਬਜ਼ ਖੇਤਾਂ ਵਿਚੋਂ, ਹਾਲ਼ੀਆਂ ਪਾਲ਼ੀਆਂ ਦੀਆਂ ਹੇਕਾਂ ਵਿਚੋਂ, ਕਿਸੇ ਅਲਾਹੀ ਤੇ ਅਰਸ਼ੀ ਗੀਤ-ਸੰਗੀਤ ਦੀਆਂ ਤਰੰਗਾਂ ਛਿੜਦੀਆਂ ਹਨ।ਤੇਰੇ ਨਿੱਖਰੇ ਰੂਪ ਦੀ ਮਘਦੀ ਝਲਕ ਤੇਰੇ ਮੇਲਿਆਂ ਦੇ ਪਿੜਾਂ ਵਿਚੋਂ ਦੇਖੀ ਜਾਂਦੀ ਹੈ। ਵਿਸਾਖੀ, ਮਾਘੀ, ਦੀਵਾਲੀ, ਤਿੱਥਾਂ ਤਿਉਹਾਰਾਂ ਤੇ ਗੁਰਪੁਰਬਾਂ `ਤੇ ਤੇਰਾ ਅਨੋਖਾ ਜਲੌਅ ਹੁੰਦਾ ਹੈ। ਤੀਆਂ ਦੇ ਗਿੱਧਿਆਂ ਵਿਚ ਭਖਦੇ ਜੋਬਨ ਦੀ ਲਾਲੀ ਅਤੇ ਧੂਹਵੇਂ ਚਾਦਰਿਆਂ ਵਾਲੇ ਚੋਬਰਾਂ ਦੇ ਭੰਗੜੇ ਵਿਚੋਂ ਸੂਰਬੀਰਤਾ ਝਲਕਾਂ ਮਾਰਦੀ ਹੈ।
…ਤੇਰਾ ਪਹਿਲਾਂ ਵਾਲਾ ਹੁਸਨ ਭਾਵੇਂ ਢਲ਼ ਗਿਆ ਹੈ ਤੇ ਤੇਰੇ ਗੋਰੇ ਮੁਖੜੇ ਤੇ ਭਖਦੇ ਹੁਸਨ ਦੀ ਲਾਲੀ ਵੀ ਫਿੱਕੀ ਪਈ ਜਾਪਦੀ ਹੈ। ਤੇਰੇ ਪੁਰਾਤਨ ਰੂਪ ਤੇ ਹੁਣ ਭਾਵੇਂ ਝਰੀਟਾਂ ਆ ਗਈਆਂ ਹਨ, ਸਮੇਂ ਦੀ ਚਾਲ ਨਾਲ ਭਾਵੇਂ ਇਹ ਬਦਲਾਓ ਹੋਣਾ ਹੀ ਸੀ ਪਰ ਮੈਂ ਤੇਰਾ ਜਾਇਆ ਤੈਥੋਂ ਬੇਮੁਖ ਨਹੀਂ ਹੋ ਸਕਦਾ ਤੇ ਤੇਰੇ ਪਹਿਲਾਂ ਵਾਲੇ ਹੁਸਨ ਦਾ ਦੀਵਾਨਾ ਤੇਰੇ ਸਨਮੁਖ ਹਾਂ। ‘ਤੇਰੀਆਂ ਗੱਲਾਂ ਤੇਰੇ ਨਾਲ’ ਕਰਨ ਅਤੇ ਤੇਰੇ ਲਾਡਲੇ ਜਾਇਆਂ ਨੂੰ ਨਿੱਘਾ ਪਿਆਰ, ਡੂੰਘੀ ਮੁਹੱਬਤ ਤੇ ਹਾਰਦਿਕ ਸਿਜਦਾ ਕਰਨ ਲਈ ਮੈਂ ਇਹ ਨਿਮਾਣੇ ਅੱਖਰ ਲੈ ਕੇ ਹਾਜ਼ਰ ਹੋਇਆ ਹਾਂ।
ਵਰਿਆਮ ਸਿੰਘ ਸੰਧੂ ਦਾ ਕਥਨ ਹੈ: ਪਾਂਧੀ ਸੁਰੀਲੀ ਸ਼ਖ਼ਸੀਅਤ ਦਾ ਮਾਲਕ, ਸੁਰੀਲੀ ਵਾਰਤਕ ਦਾ ਸਿਰਜਕ, ਸੁਰੀਲੇ ਜੀਵਨ, ਸੁਰੀਲੇ ਸਮਾਜ ਤੇ ਸੁਰੀਲੇ ਸੱਭਿਆਚਾਰ ਦਾ ਤਲਬਗ਼ਾਰ ਹੈ। ਉਹ ਸੱਚਮੁੱਚ ਪੰਜਾਬੀ ਵਾਰਤਕ ਖੇਤਰ ਦਾ ‘ਪਹੁੰਚਿਆ ਹੋਇਆ ਪਾਂਧੀ’ ਹੈ।
ਮੈਂ ਉਹਦੇ ਅਭਿਨੰਦਨ ਗ੍ਰੰਥ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ ਪੂਰਨ ਸਿੰਘ ਪਾਂਧੀ’ ਦੀ ਸੰਪਾਦਨਾ ਕਰਦਿਆਂ ਲਿਖਿਆ: ਪਾਂਧੀ ਸਫਲ ਅਧਿਆਪਕ, ਸ਼ੁਧ ਪਾਠੀ, ਸੁਰੀਲਾ ਰਾਗੀ, ਕਥਾਕਾਰ, ਸੇਵਾਦਾਰ, ਪ੍ਰਬੰਧਕ, ਸਟੇਜ ਸਕੱਤਰ, ਭਾਸ਼ਨਕਾਰ ਤੇ ਲੇਖਕ ਸਭ ਕੁਝ ਹੈ। ਇਹ ਸਮਝ ਲਓ ਕਿ ਨਾਈਨ ਇਨ ਵਨ ਹੈ। ਸਾਊ ਸੁਭਾਅ ਦਾ ਦਰਵੇਸ਼ ਲੇਖਕ। ਸਹਿਜ ਅਵਸਥਾ ਵਿਚ ਵਿਚਰਨ ਵਾਲਾ ਸੰਤੋਖੀ ਸੱਜਣ। ਜਿੰਨੀ ਉਹਦੀ ਬੋਲ ਬਾਣੀ ਮਿੱਠੀ ਹੈ, ਓਨੀ ਹੀ ਉਹਦੀ ਲੇਖਣੀ ਸੁਆਦਲੀ ਹੈ। ਉਹਦੀ ਰਸੀਲੀ ਵਾਰਤਕ ਪਾਠਕਾਂ ਨੂੰ ਕਾਇਲ ਕਰੀ ਰੱਖਦੀ ਹੈ…।
ਪਾਂਧੀ ਦੀ ਖੇਡ ਲਿਖਤ
ਮਨੁੱਖੀ ਫਿਤਰਤ ਵਿਚ ਲੜਨ ਭਿੜਨ, ਆਪਣੇ ਤੋਂ ਕਮਜ਼ੋਰ ਨੂੰ ਲੁੱਟਣ, ਕੁੱਟਣ ਅਤੇ ਕਿਸੇ ਦੀ ‘ਜ਼ਰ, ਜ਼ੋਰੂ, ਜ਼ਮੀਨ’ ਤੇ ਕਬਜ਼ਾ ਕਰਨ ਦੀ ਦਾਨਵ ਪ੍ਰਵਿਰਤੀ ਦਾ ਪਸਾਰਾ ਹੈ। ਅਜਿਹੀਆਂ ਹਿੰਸਕ ਤੇ ਮਾਰੂ ਪ੍ਰਵਿਰਤੀਆਂ ਨੂੰ ਬਦਲਦਿਆਂ ਸਿਆਣਿਆਂ ਨੇ ਮਨੁੱਖ ਨੂੰ ਖੇਡਾਂ ਖੇਡਣ ਨਾਲ਼ ਜੋੜਨ ਦਾ ਕਾਰਜ ਅਰੰਭਿਆ। ਖੇਡਾਂ ਦੁਆਰਾ ਮਨੁੱਖ ਆਪਣੀ ਜਿਸਮਾਨੀ ਤਾਕਤ ਦੁਆਰਾ ਆਪਣੇ ਵਿਰੋਧੀ ਤੇ ਧਾਵਾ ਕਰਦਾ ਹੈ। ਅੱਗੋਂ ਉਸ ਦੇ ਮੁਕਾਬਲੇ ਵਿਚ ਤਿਆਰ ਖਿਡਾਰੀ ਆਪਣੀ ਪੂਰੀ ਤਾਕਤ ਨਾਲ਼ ਧਾਵਾ ਰੋਕਦਾ ਹੈ। ਇਸ ਵਿਚ ਚਾਹੇ ਕਬੱਡੀ ਹੋਵੇ ਜਾਂ ਹੋਰ ਖੇਡਾਂ ਹੋਣ। ਹਰ ਖੇਡ ਵਿਚ ਹੱਲਾ ਕਰਨ ਅਤੇ ਹੱਲਾ ਰੋਕਣ ਦੀਆਂ ਤਰਕੀਬਾਂ ਤੇ ਵਿਧੀਆਂ ਹਨ। ਇਸ ਨਾਲ਼ ਜਿੱਥੇ ਸਰੀਰਕ ਸ਼ਕਤੀ ਵਿਚ ਵਾਧਾ ਹੁੁੰਦੈ, ਉੱਥੇ ਇੱਕ ਦੂਜੇ ਨਾਲ਼ ਸਦਭਾਵਨਾ ਤੇ ਮੇਲ ਮਿਲਾਪ ਵੀ ਵਧਦੇ ਫੁਲਦੇ ਰਹਿੰਦੇ ਹਨ।
ਮਨੁੱਖ ਵਿਚ ਬਚਪਨ ਤੋਂ ਖੇਡਾਂ ਖੇਡਣ ਦੀਆਂ ਰੁਚੀਆਂ ਪਾਈਆਂ ਜਾਂਦੀਆਂ ਹਨ। ਬਚਪਨ ਵਿਚ ਹੋਰ ਤੇ ਜੁਆਨੀ ਵਿਚ ਹੋਰ। ਬੱਚੇ ਲੁਕਣਮੀਚੀ, ਖੁੱਦੋ-ਖੂੰਡੀ, ਗੁੱਲੀ-ਡੰਡਾ, ਸ਼ੱਕਰ ਭਿੱਜੀ, ਬੰਟੇ, ਰੀਠੇ ਆਦਿ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਤੇ ਮੌਜ ਮੇਲਾ ਕਰਦੇ ਹਨ। ਗੱਭਰੂ ਜ਼ੋਰ ਅਜ਼ਮਾਈ ਕਰਦਿਆਂ, ਕਸਰਤਾਂ ਕਰਦੇ ਤੇ ਮੁਕਾਬਲੇ ਦੀਆਂ ਖੇਡਾਂ ਖੇਡਦੇ ਹਨ। ਕੁਸ਼ਤੀ ਕਰਦੇ, ਘੋਲ ਘੁਲਦੇ, ਸੌਂਚੀ ਖੇਡਦੇ, ਦੌੜਦੇ ਤੇ ਉੱਚੀਆਂ ਲੰਮੀਆਂ ਛਾਲ਼ਾਂ ਲਾਉਂਦੇ ਹਨ। ਸ਼ਾਮ ਨੂੰ ਪਿੜਾਂ ਤੇ ਰੌੜਾਂ ਵਿਚ ਖੇਡਾਂ ਹੁੰਦੀਆਂ ਹੀ ਰਹਿੰਦੀਆਂ ਹਨ। ਮੇਲੇ ਵਰਗਾ ਮਾਹੌਲ ਬਣ ਜਾਂਦੈ। ਬਿਰਧ ਬਾਬੇ ਤੇ ਹੋਰ ਲੋਕ ਗੋਲ ਦਾਇਰੇ ਦੁਆਲੇ ਬੈਠ ਕੇ ਖੇਡਾਂ ਦਾ ਅਨੰਦ ਮਾਣਦੇ ਹਨ। ਬਾਜ਼ੀਗਰਾਂ ਦੀਆਂ ਬਾਜ਼ੀਆਂ ਤਾਂ ਪਿੰਡੋ ਪਿੰਡ ਪੈਂਦੀਆਂ ਸਨ। ਉਨ੍ਹਾਂ ਦੀਆਂ ਪੁੱਠੀਆਂ ਸਿੱਧੀਆਂ ਛਾਲ਼ਾਂ ਦਰਸ਼ਕਾਂ ਨੂੰ ਹੈਰਾਨ ਕਰਦੀਆਂ ਉਨ੍ਹਾਂ ਦੇ ਸੁਹਜ ਸੁਆਦ ਵਿਚ ਵਾਧਾ ਕਰਦੀਆਂ ਸਨ। ਲੋਕ ਬਾਜ਼ੀਗਰਾਂ ਨੂੰ ਅਨਾਜ, ਕੱਪੜੇ ਲੱਤੇ ਤੇ ਕੜੇ ਕੈਂਠੇ ਭੇਟ ਕਰਦੇ ਸਨ। ਪੰਜਾਬ ਦੇ ਰਾਜੇ ਮਹਾਰਾਜੇ ਪਹਿਲਵਾਨਾਂ, ਮੱਲਾਂ, ਬਾਜ਼ੀਗਰਾਂ, ਗਾਇਕਾਂ ਤੇ ਕਲਾਕਾਰਾਂ ਨੂੰ ਆਸਰਾ ਦਿੰਦੇ ਤੇ ਹਰ ਤਰ੍ਹਾਂ ਦੀ ਸਹਾਇਤਾ ਕਰਦੇ ਸਨ।
ਪੰਜਾਬ ਦੇ ਗੱਭਰੂਆਂ ਵਿਚ ਕਿਸੇ ਵੀ ਕੰਮ ਲਈ ਜਿ਼ਦ ਕੇ, ਵੰਗਾਰ ਕੇ, ਲਲਕਾਰ ਕੇ ਮੁਕਾਬਲੇ ਦੀ ਭਾਵਨਾ ਭਰੀ ਹੋਈ ਹੈ। ਆਣ-ਅਣਖ, ਮਾਣ-ਮੜਕ ਤੇ ਰੜਕ ਦੀ ਭਾਵਨਾ ਪੰਜਾਬੀਆਂ ਦੇ ਖੂਨ ਵਿਚ ਹੈ। ਖੇਤੀ ਦੇ ਕਰੜੇ ਕੰਮਾਂ ਵਿਚ, ਕਹੀ ਵਾਹੁਣ, ਗੱਡੇ ਭਰਨ, ਵਾਢੀ ਕਰਨ ਜਾਂ ਭਾਰ ਚੁੱਕਣ-ਢੋਣ ਦਾ ਕੰਮ ਕਰਦਿਆਂ ਜਿੱਥੇ ਚਾਰ ਗੱਭਰੂ ਜੁੜਦੇ, ਮੁਕਾਬਲਾ ਸ਼ੁਰੂ ਹੋ ਜਾਂਦਾ ਹੈ। ਕੌਣ ਤਕੜੈ, ਕੌਣ ਮੂਹਰੇ ਨਿਕਲਦੈ, ਕੌਣ ਬਾਜ਼ੀ ਜਿੱਤਦੈ? ਇਸ ਤਰ੍ਹਾਂ ਜ਼ੋਰ ਅਜ਼ਮਾਈ ਕਰਨਾ ਚੋਬਰਾਂ ਦਾ ਸ਼ੌਕ ਹੈ। ਇਸ ਨਾਲ਼ ਹਾਸੇ ਠੱਠੇ ਵਿਚ ਕੰਮ ਵੀ ਜਿ਼ਆਦਾ ਨਿੱਬੜਦਾ ਤੇ ਜ਼ੋਰ ਅਜ਼ਮਾਈ ਦਾ ਝੱਸ ਵੀ ਪੂਰਾ ਹੋ ਜਾਂਦਾ ਹੈ।
ਪੁਰਾਣੇ ਜ਼ਮਾਨੇ ਵਿਚ ਝਗੜੇ ਦਾ ਨਿਪਟਾਰਾ ਕੁਸ਼ਤੀ ਜਾਂ ਘੋਲ ਰਾਹੀਂ ਹੁੰਦਾ ਸੀ। ਜੋ ਵੀ ਕੁਸ਼ਤੀ ਜਾਂ ਘੋਲ਼ ਵਿਚ ਜਿੱਤ ਜਾਂਦਾ, ਉਹ ਸਹੀ ਸਮਝਿਆ ਜਾਂਦਾ ਸੀ। ਇਸ ਤੋਂ ਪਤਾ ਚਲਦਾ ਹੈ ਕਿ ਪੁਰਾਤਨ ਭਾਰਤੀ ਸਮਾਜ ਵਿਚ ਖੇਡਾਂ ਅਤੇ ਜਿਸਮਾਨੀ ਜ਼ੋਰ ਦੀ ਕਿੰਨੀ ਮਹਾਨਤਾ ਸੀ। ਇਸ ਦੀਆਂ ਕੁਝ ਇਤਿਹਾਸਕ ਮਿਥਹਾਸਕ ਮਿਸਾਲਾਂ ਮੌਜੂਦ ਹਨ: ਦੁਆਪਰ ਵਿਚ ਜਰਾਸੰਧ ਤੇ ਭੀਮ ਦੀ ਦੁਸ਼ਮਣੀ ਦਾ ਨਬੇੜਾ ਕੁਸ਼ਤੀ ਰਾਹੀਂ ਹੋਇਆ ਸੀ। ਦੋਵੇਂ ਯੋਧੇ ਲੜਾਕੇ ਸੂਰਬੀਰ ਸਨ। ਕੰਸ ਦਾ ਸਹੁਰਾ ਜਰਾਸੰਧ ਸ਼ਕਤੀਸ਼ਾਲੀ ਰਾਜਾ ਸੀ। ਕ੍ਰਿਸ਼ਨ ਨੇ ਆਪਣੇ ਜ਼ਾਲਮ ਮਾਮੇ ਕੰਸ ਨੂੰ ਮਾਰ ਦਿੱਤਾ ਸੀ। ਉਸ ਦਾ ਬਦਲਾ ਲੈਣ ਲਈ ਜਰਾਸੰਧ ਨੇ ਕ੍ਰਿਸ਼ਨ ਤੇ ਅਠਾਰਾਂ ਹਮਲੇ ਕੀਤੇ ਜਿਸ ਕਾਰਨ ਕ੍ਰਿਸ਼ਨ ਨੂੰ ਦੁਆਰਕਾ ਜਾਣਾ ਪਿਆ। ਇੱਕ ਵਾਰ ਯੁਧਿਸ਼ਟਰ ਨੇ ਯੱਗ ਕੀਤਾ। ਉਸ ਵਿਚ ਕ੍ਰਿਸ਼ਨ, ਭੀਮ, ਅਰਜਨ ਆਦਿ ਵੀ ਹਾਜ਼ਰ ਹੋਏ। ਜਰਾਸੰਧ ਪਹਿਲਾਂ ਹੀ ਹਾਜ਼ਰ ਸੀ। ਭੀਮ ਤੇ ਜਰਾਸੰਧ ਨੇ ਇੱਕ ਦੂਜੇ ਦੇਖਿਆ। ਦੋਹਾਂ ਦੀਆਂ ਅੱਖਾਂ ਵਿਚ ਪੁਰਾਣੀ ਦੁਸ਼ਮਣੀ ਦਾ ਲਹੂ ਉੱਤਰ ਆਇਆ। ਦੋਹਾਂ ਦੀ ਟੱਕਰ ਹੋ ਗਈ। ਦੋਨੋਂ ਭਿੜ ਪਏ। ਦੋਨੋਂ ਬਾਹੂਬਲੀ ਯੋਧੇ। ਲੰਮਾ ਸਮਾਂ ਕੁਸ਼ਤੀ ਹੁੰਦੀ ਰਹੀ। ਹਾਰ ਜਿੱਤ ਦਾ ਫੈਸਲਾ ਨਹੀਂ ਸੀ ਹੋ ਰਿਹਾ। ਅੰਤ ਕ੍ਰਿਸ਼ਨ ਦੀ ਕੁਟਲਨੀਤੀ ਨੇ ਕੁਸ਼ਤੀ ਦਾ ਪਾਸਾ ਪਲਟ ਦਿੱਤਾ। ਕ੍ਰਿਸ਼ਨ ਨੇ ਭੀਮ ਨੂੰ ਇਸ਼ਾਰੇ ਨਾਲ਼ ਇੱਕ ਵਿਸ਼ੇਸ਼ ਦਾਅ ਮਾਰਨ ਦੀ ਜੁਗਤ ਦੱਸੀ। ਭੀਮ ਨੇ ਉਹ ਜੁਗਤ ਵਰਤੀ ਅਤੇ ਜਰਾਸੰਧ ਦੇ ਟੋਟੇ ਕਰ ਦਿੱਤੇ। ਇਸ ਤਰ੍ਹਾਂ ਜਰਾਸੰਧ ਮਾਰਿਆ ਗਿਆ। ਇਸ ਦਾ ਸਿੱਧਾ ਸਬੰਧ ਕੁਸ਼ਤੀ ਨਾਲ਼ ਹੈ। ਗੁਰਬਾਣੀ ਵਿਚ ਅੰਕਿਤ ਹੈ:
ਜਰਾਸੰਧਿ ਕਾਲਜਮੁਨ ਸੰਘਾਰੇ॥
ਰਕਤਬੀਜੁ ਕਾਲੁਨੇਮੁ ਬਿਦਾਰੇ॥
ਦੈਤ ਸੰਘਾਰਿ ਸੰਤ ਨਿਸਤਾਰੇ॥
ਸਿੱਖ ਗੁਰੂਆਂ ਨੇ ਹਰ ਪ੍ਰਾਣੀ ਲਈ ਤਨ ਮਨ ਦੀ ਸ਼ੁੱਧਤਾ, ਸੁੰਦਰਤਾ ਤੇ ਅਰੋਗਤਾ ਲਈ ਸੰਦੇਸ਼-ਉਪਦੇਸ਼ ਦਿੱਤੇ ਹਨ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਸੰਸਾਰ ਦੇ ਭਲੇ ਲਈ ਤੀਰਥ ਅਸਥਾਨਾਂ ਤੇ ਗਏ। ਪੈਦਲ ਯਾਤਰਾ ਕੀਤੀ। ਸਿੱਧਾਂ ਨਾਲ ਗੋਸ਼ਟੀਆਂ ਰਚਾਈਆਂ। ਸਹਿਜ, ਸੰਤੋਖ ਰੱਖਣ ਤੇ ਕਿਰਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਯਾਤਰਾਵਾਂ ਦਾ ਪੈਦਲ ਪੈਂਡਾ 40 ਹਜ਼ਾਰ ਮੀਲ ਬਣਦਾ ਹੈ। ਪੈਦਲ ਯਾਤਰਾ ਦਾ ਇਹ ਅਨੋਖਾ ਰਿਕਾਰਡ ਹੈ। ਇੰਨੀਆਂ ਲੰਮੀਆਂ ਯਾਤਰਾਵਾਂ ਕਸਰਤਾਂ ਦੁਆਰਾ ਸੋਧੇ ਸਰੀਰ ਦੀ ਕਾਰਗੁਜ਼ਾਰੀ ਬਿਆਨ ਕਰਦੀਆਂ ਹਨ।
ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨੇ ਜਿੱਥੇ ਪੰਜਾਬੀ ਦੇ ਬਾਲ-ਬੋਧ ਤਿਆਰ ਕੀਤੇ ਤੇ ਨਵੀਂ ਪਨੀਰੀ ਨੂੰ ਪੰਜਾਬੀ/ਗੁਰਮੁਖੀ ਪੜ੍ਹਨ ਦੀ ਚੇਟਕ ਲਾਈ; ਉੱਥੇ ਉਨ੍ਹਾਂ ਨੇ ਸਰੀਰਕ ਕਸਰਤਾਂ ਅਤੇ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਤਕੜੇ ਪਹਿਲਵਾਨ ਤਿਆਰ ਕੀਤੇ ਤੇ ਆਪਣੀ ਨਿਗਰਾਨੀ ਵਿਚ ਕੁਸ਼ਤੀਆਂ ਕਰਵਾਉਂਦੇ ਰਹੇ। ਖਡੂਰ ਸਾਹਿਬ ਵਿਖੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ‘ਮੱਲ ਅਖਾੜਾ’ ਸ਼ਸ਼ੋਭਿਤ ਹੈ। ਗੁਰੂ ਸਾਹਿਬਾਨ ਗੱਦੀ ਤੇ ਬੈਠ ਕੇ ਨਿਰਾ ਉਪਦੇਸ਼ ਹੀ ਨਹੀਂ ਸਨ ਕਰਦੇ; ਉਹ ਤਨ ਤੇ ਮਨ ਦੀ ਸਿਹਤ ਤੇ ਸੁੰਦਰਤਾ ਲਈ ਖ਼ੁਦ ਕਿਰਤ ਤੇ ਕਸਰਤ ਕਰਨ ਤੇ ਵੀ ਜ਼ੋਰ ਦਿੰਦੇ ਸਨ।
ਸਿੱਖ ਇਤਹਾਸ ਵਿਚ ਜਿ਼ਕਰ ਹੈ ਕਿ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਸੇਵਾ ਸੰਭਾਲ ਲਈ ਮਾਤਾ ਸੁੰਦਰੀ ਜੀ ਨੇ 1721 ਵਿਚ ਭਾਈ ਮਨੀ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਭੇਜਿਆ। ਉਦੋਂ ਹਰਿਮੰਦਰ ਸਾਹਿਬ ਤੇ ‘ਬੰਦਈ ਖਾਲਸਾ’ ਦੇ ਆਗੂ ਭਾਈ ਮਹੰਤ ਸਿੰਘ ਖੇਮਕਰਨ ਦਾ ਕਬਜ਼ਾ ਸੀ। ਬੰਦਈ ਖਾਲਸਾ ਵੱਲੋਂ ਸਿੱਖ ਮਰਿਆਦਾ ਵਿਰੋਧੀ ਕੁਰੀਤੀਆਂ ਹੋ ਰਹੀਆਂ ਸਨ। ਉੁਹ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਦੀ ਥਾਂ ‘ਫਤਹਿ ਦਰਸ਼ਨ’ ਬੁਲਾਉਂਦੇ ਸਨ। ਉਨ੍ਹਾਂ ਦੀ ਅੰਦਰਖਾਤੇ ਮੁਗਲ ਹਕੂਮਤ ਨਾਲ਼ ਮੀਚਾ ਮਿਲਦੀ ਸੀ। ਮੁਗਲ ਹਕੂਮਤ ਦੀ ਖਾਲਸੇ ਨਾਲ਼ ਸਿੱਧੀ ਟੱਕਰ ਸੀ। ਇਸ ਹਾਲਤ ਵਿਚ ਤੱਤ ਖਾਲਸਾ ਤੇ ਬੰਦਈ ਖਾਲਸਾ ਦੀ ਟੱਕਰ ਵਿਚੋਂ ਭਿਆਨਕ ਸਿੱਟੇ ਨਿਕਲ ਸਕਦੇ ਸਨ ਜਿਸ ਨਾਲ ਸਿੱਖਾਂ ਦਾ ਘਾਣ ਹੋ ਸਕਦਾ ਸੀ। ਭਾਈ ਮਨੀ ਸਿੰਘ ਨੇ ਸਲਾਹ ਦਿੱਤੀ ਕਿ ਵਿਸਾਖੀ ਤੇ ਖਾਲਸੇ ਦੀ ਇਕੱਤਰਤਾ ਸੱਦੀ ਜਾਵੇ ਜਿਸ ਵਿਚ ਸਰਬ ਸਾਂਝਾ ਫੈਸਲਾ ਕੀਤਾ ਜਾਵੇ ਕਿ ਹਰਿਮੰਦਰ ਸਾਹਿਬ ਦਾ ਪ੍ਰਬੰਧ ਕੀਹਨੂੰ ਸੌਂਪਿਆ ਜਾਵੇ? ਫੈਸਲਾ ਹੋਇਆ ਕਿ ਸਰੋਵਰ ਦੀ ਹਰਿ ਕੀ ਪਉੜੀ ਵਿਚ ਪਰਚੀਆਂ ਪਾਈਆਂ ਜਾਣ। ਜਿਸ ਦੀ ਪਰਚੀ ਪਹਿਲਾਂ ਉੱਪਰ ਆ ਜਾਏ, ਉਸ ਦੀ ਜਿੱਤ ਮੰਨੀ ਜਾਵੇ।
ਫੈਸਲੇ ਅਨੁਸਾਰ ਵਿਸਾਖੀ ਦੇ ਤਿਉਹਾਰ ਤੇ ਖਾਲਸੇ ਦਾ ਇਕੱਠ ਹੋਇਆ। ਸਭ ਦੇ ਸਾਹਮਣੇ ਦੋ ਪਰਚੀਆਂ ਬਣਾਈਆਂ ਗਈਆਂ। ਇੱਕ ਤੇ ਬੰਦਈ ਖਾਲਸੇ ਦਾ ਜੰਗੀ ਨਾਹਰਾ ‘ਫਤਹਿ ਦਰਸ਼ਨ’ ਅਤੇ ਦੂਜੀ ਉੱਤੇ ‘ਵਾਹਿਗੁਰੂ ਜੀ ਕੀ ਫਤਹਿ’ ਲਿਖ ਕੇ ਇੱਕ ਬਾਲਕ ਰਾਹੀਂ ਹਰਿ ਕੀ ਪੌੜੀ ਵਿਚ ਸੁੱਟ ਦਿੱਤੀਆਂ ਗਈਆਂ। ਥੋੜ੍ਹੀ ਉਡੀਕ ਪਿੱਛੋਂ ‘ਵਾਹਿਗੁਰੂ ਜੀ ਕੀ ਫਤਹਿ’ ਵਾਲੀ ਪਰਚੀ ਉੱਪਰ ਆ ਗਈ। ਇਸ ਅਨੁਸਾਰ ਤੱਤ ਖਾਲਸਾ ਦੀ ਜਿੱਤ ਮੰਨੀ ਜਾਣੀ ਸੀ ਪਰ ਬੰਦਈ ਖਾਲਸਾ ਵਾਲੇ ਇਸ ਫੈਸਲੇ ਤੋਂ ਮੁੱਕਰ ਗਏ।
ਅੰਤ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਫੈਸਲਾ ਹੋਇਆ ਕਿ ਤੱਤ ਖਾਲਸਾ ਵੱਲੋਂ ਬਾਬਾ ਕਾਹਨ ਸਿੰਘ ਦੇ ਪੁੱਤਰ ਮੀਰੀ ਸਿੰਘ ਤੇ ਬੰਦਈ ਖਾਲਸਾ ਵੱਲੋਂ ਲਾਹੌਰਾ ਸਿੰਘ ਦੇ ਪੁੱਤਰ ਸੰਗਤ ਸਿੰਘ ਦੀ ਅਕਾਲ ਤਖਤ ਸਾਹਮਣੇ ਕੁਸ਼ਤੀ ਕਰਵਾਈ ਜਾਏ ਜੋ ਜਿੱਤ ਜਾਏ, ਉਹੋ ਧਿਰ ਹਰਿਮੰਦਰ ਸਾਹਿਬ ਦੀ ਪ੍ਰਬੰਧਕ ਬਣੇ। ਕੁਸ਼ਤੀ ਵਿਚ ਮੀਰੀ ਸਿੰਘ ਨੇ ਸੰਗਤ ਸਿੰਘ ਨੂੰ ਹਰਾ ਦਿੱਤਾ। ਇਸ ਤਰ੍ਹਾਂ ਕੁਸ਼ਤੀ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਭਾਈ ਮਨੀ ਸਿੰਘ ਦੇ ਤੱਤ ਖਾਲਸਾ ਨੂੰ ਸੌਂਪਿਆ ਗਿਆ। ਇਸ ਤੋਂ ਸਿੱਖਾਂ ਵਿਚ ਖੇਡਾਂ ਅਤੇ ਕੁਸ਼ਤੀਆਂ ਦੀ ਮਹਾਨਤਾ ਦਾ ਪਤਾ ਲਗਦਾ ਹੈ।
ਗੁਰੂ ਹਰਿਗੋਬਿੰਦ ਸਾਹਿਬ ਨੇ 1606 ਵਿਚ ਅਕਾਲ ਬੁੰਗੇ ਦੀ ਸਥਾਪਨਾ ਸਮੇਂ ਤਖਤਨੁਮਾ ਥੜ੍ਹੇ ਦੀ ਉਸਾਰੀ ਕਰਵਾਈ। ਉਸ ਸਮੇਂ ਇਮਾਰਤ ਉਸਾਰੀ ਦੀ ਵਿਧੀ ਅਨੁਸਾਰ ਚੂਨੇ ਨਾਲ਼ ਨਿੱਕੀ ਇੱਟ ਦਾ ਬੜਾ ਮਜ਼ਬੂਤ ਥੜ੍ਹਾ ਤਿਆਰ ਕੀਤਾ। ਥੜ੍ਹੇ ਦੀ ਲੰਬਾਈ 14 ਫੁੱਟ, ਚੌੜਾਈ 8 ਫੁੱਟ ਤੇ ਉਚਾਈ 7 ਫੁੱਟ ਹੈ। ਇਸ ਥੜ੍ਹੇ ਤੋਂ ਗੁਰੂ ਜੀ ਕੌਮ ਨੂੰ ਸੰਦੇਸ਼-ਉਪਦੇਸ਼ ਦਿੰਦੇ। ਨੱਥੇ ਅਬਦੁੱਲੇ ਦੁਆਰਾ ਢਾਡੀ ਵਾਰਾਂ ਗਵਾ ਕੇ ਸੁਰੋਤਿਆਂ ਵਿਚ ਜੰਗੀ ਜੋਸ਼ ਭਰਦੇ ਤੇ ਆਪਣੀ ਨਿਗਰਾਨੀ ਵਿਚ ਪਹਿਲਵਾਨਾਂ ਦੇ ਜ਼ੋਰ ਤੇ ਕੁਸ਼ਤੀਆਂ ਕਰਾਉਂਦੇ। ਜੂਨ 1984 ਵਿਚ ਬਲਿਊ ਸਟਾਰ ਅਪਰੇਸ਼ਨ ਨਾਲ ਅਕਾਲ ਬੁੰਗਾ ਢਹਿ ਢੇਰੀ ਹੋ ਗਿਆ। ਪਿੱਛੋਂ ਉਸ ਥਾਂ ਤੇ ਨਵੀਂ ਇਮਾਰਤ ਦੀ ਉਸਾਰੀ ਕੀਤੀ ਗਈ ਪਰ ਛੇਵੇਂ ਗੁਰੂ ਜੀ ਦਾ ਤਿਆਰ ਕੀਤਾ ਉਹ ਥੜ੍ਹਾ ਉਸੇ ਤਰ੍ਹਾਂ ਕਾਇਮ ਹੈ।
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਮੇਂ ਵਿਚ ਸਿੱਖ ਕੌਮ ਨੂੰ ਸ਼ਕਤੀਸ਼ਾਲੀ, ਬਲਵਾਨ, ਨਿੱਡਰ ਤੇ ਜੁਝਾਰੂ ਯੋਧੇ ਬਣਾਉਣ, ਜੰਗੀ ਸਪਿਰਟ ਭਰਨ, ਸਿ਼ਕਾਰ ਖੇਡਣ ਅਤੇ ਸ਼ਸਤਰ ਰੱਖਣ ਲਈ ਹਰ ਤਰ੍ਹਾਂ ਦੀਆਂ ਜਿਸਮਾਨੀ ਖੇਡਾਂ ਖੇਡਣ ਵੱਲ ਤੋਰਿਆ। ਕੇਸਗੜ੍ਹ ਸਿੱਖੀ ਸਪਿਰਟ ਦਾ, ਜੰਗੀ ਕਰਤਬਾਂ ਤੇ ਖੇਡਾਂ ਦਾ ਕੇਂਦਰ ਬਣ ਗਿਆ। ਹੋਲੀ ਤੋਂ ਹੋਲਾ ਮਹੱਲਾ ਦੀ ਕਾਢ ਵੀ ਬਹੁਭਾਂਤੀ ਖੇਡਾਂ ਤੇ ਜੰਗੀ ਕਰਤਬਾਂ ਦਾ ਪ੍ਰਤੀਕ ਹੈ। ਰੰਗਾਂ ਨਾਲ਼ ਜਿਸਮ ਰੰਗਣ ਦੀ ਥਾਂ ਹਜ਼ੂਰ ਨੇ ਜੰਗੀ ਕਰਤਬਾਂ ਦੀਆਂ ਖੇਡਾਂ ਵੱਲ ਖ਼ਾਲਸੇ ਦੀਆਂ ਰੁਚੀਆਂ ਮੋੜੀਆਂ। ਹਰ ਖੇਡ ਵਿਚ ਦੋ ਧਿਰਾਂ ਦੀ ਲੜਾਈ ਵਰਗੇ ਮੁਕਾਬਲੇ ਹੋਣ ਲੱਗੇ। ਵੱਖ ਵੱਖ ਟੋਲੀਆਂ ਤੇ ਜੱਥਿਆਂ ਵੱਲੋਂ ਨਿਸ਼ਚਤ ਕੀਤੇ ਕਿਸੇ ਸਥਾਨ ਜਾਂ ਕਿਸੇ ਵਸਤੂ ਤੇ ਕਬਜ਼ਾ ਕਰਨ ਲਈ ਭੇੜ ਹੋਣ ਲੱਗੇ। ਰਣਸਿੰਗਿਆਂ, ਨਗਾਰਿਆਂ ਤੇ ਜੈਕਾਰਿਆਂ ਦੀਆਂ ਗੂੰਜਾਂ ਪੈਣ ਲੱਗੀਆਂ। ਸਿੱਖ ਇਤਹਾਸ ਵਿਚੋਂ ਇੱਥੋਂ ਤੱਕ ਵੀ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਵੇਲੇ ਦੋ ਟੋਲੀਆਂ ਵਿਚ ਮੁਕਾਬਲਾ ਕਰਾ ਦਿੰਦੇ ਤੇ ਖੁੱਲ੍ਹ ਦਿੰਦੇ ਕਿ ਲੰਗਰ ਦੀ ਇਸ ਦੇਗ ਨੂੰ ਜੋ ਧੜਾ ਜ਼ੋਰ ਨਾਲ ਲੁੱਟ ਕੇ ਲੈ ਜਾਵੇਗਾ, ਸਾਰੀ ਦੇਗ ਉਸੇ ਦੀ ਹੋਵੇਗੀ। ਬੱਸ ਮੁਕਾਬਲਾ ਸ਼ੁਰੂ ਹੋ ਜਾਂਦਾ। ਸਿੰਘ ਟੁੱਟ ਕੇ ਪੈ ਜਾਂਦੇ। ਹਾਸੇ ਤਮਾਸ਼ੇ ਵਿਚ ਸਿੰਘ ਦੇਗਾਂ ਦੇ ਭਰੇ ਕੜਾਹੇ ਛਕ ਜਾਂਦੇ!
ਗੁਰਬਾਣੀ ਵਿਚ ਜਿੱਥੇ ਜੀਵਨ ਜੁਗਤ ਨਾਲ਼, ਆਤਮਾ ਤੇ ਪਰਮਾਤਮਾ ਨਾਲ਼ ਖੇਡਾਂ ਦਾ ਜਿ਼ਕਰ ਹੈ; ਉੱਥੇ ਵਿਸ਼ੇ ਵਿਕਾਰਾਂ ਵਿਰੁੱਧ ਲੜਨ, ਘੁਲਣ ਤੇ ਜਿੱਤਣ ਹਾਰਨ ਦੀ ਪ੍ਰਕਿਰਿਆ ਦਾ ਜਿ਼ਕਰ ਵੀ ਆਇਆ ਹੈ। ਜਿਵੇਂ:
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ॥
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ॥
ਲਥੇ ਭੜਥੂ ਪਾਇ ਗੁਰਮੁਖਿ ਮਚਿਆ॥
ਪੰਜਵੇਂ ਗੁਰੂ ਨੇ ਆਪਣੇ ਮਾਲਕ ਦਾ ਪਹਿਲਵਾਨ ਹੋਣ ਦਾ ਜਿ਼ਕਰ ਕਰਦਿਆਂ ਆਖਿਆ:
ਹਉ ਗੁਸਾਈ ਦਾ ਪਹਿਲਵਾਨੜਾ॥
ਮੈ ਗੁਰ ਮਿਲਿ ਉਚ ਦੁਮਾਲੜਾ॥
ਸਭ ਹੋਈ ਛਿੰਜ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥
ਵਾਤ ਵਜਨਿ ਟੰਮਕ ਭੇਰੀਆ॥
ਮਲ ਲਥੇ ਲੈਦੇ ਫੇਰੀਆ॥
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡ ਜੀਉ॥
ਜਗਤ ਦੇ ਪਸਾਰੇ ਬਾਰੇ ਆਖਿਆ:
ਬਾਜੀਗਰਿ ਜੈਸੇ ਬਾਜੀ ਪਾਈ॥
ਨਾਨਾ ਰੂਪ ਭੇਖ ਦਿਖਲਾਈ॥
ਸਾਂਗੁ ਉਤਾਰ ਥੰਮਿਓ ਪਾਸਾਰਾ॥
ਤਬ ਏਕੋ ਏਕੰਕਾਰਾ॥
ਮਨੁੱਖੀ ਸਰੀਰ ਦੀਆਂ ਕਿਰਿਆਵਾਂ ਬਾਰੇ:
ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ॥
ਆਪੇ ਖੇਲ ਕਰੈ ਸਭ ਕਰਤਾ ਐਸਾ ਬੂਝੈ ਕੋਈ॥
ਗੁਰੂ ਦੀ ਬਾਣੀ ਦੇ ਬਾਣਾਂ ਦੁਆਰਾ ਘਾਇਲ ਹੋਣ ਅਤੇ ਡਿੱਗ ਪੈਣ ਬਾਰੇ ਕਬੀਰ ਦਾ ਫਰਮਾਨ ਹੈ:
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ॥
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ॥
ਗੁਰੂ ਗੋਬਿੰਦ ਸਿੰਘ ਦਾ ‘ਬਚਿੱਤਰ ਨਾਟਕ’ ਵਿਚ ਫਰਮਾਨ ਹੈ:
ਮੈ ਹੋ ਪਰਮ ਪੁਰਖ ਕੋ ਦਾਸਾ।
ਦੇਖਨ ਆਇਓ ਜਗਤ ਤਮਾਸਾ।
ਇਸ ਦੇ ਨਾਲ ਹੀ ਦਸਮੇਸ਼ ਪਿਤਾ ਨੇ ‘ਜਾਪ ਸਾਹਿਬ’ ਬਾਣੀ ਵਿਚ ਪਰਮੇਸ਼ਰ ਦੁਆਰਾ ਜਿ਼ੰਦਗੀ ਦੇ ਅਨੇਕ ਰੰਗ ਰੂਪ ਬਦਲ ਕੇ, ਖੇਲ ਖੇਲ ਵਿਚ ਮੁੜ ਉਸੇ ਵਿਚ ਅਭੇਦ ਹੋਣ ਦਾ ਜਿ਼ਕਰ ਕੀਤਾ ਹੈ:
ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ।
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ।
ਇਸ ਤਰ੍ਹਾਂ ਜਿ਼ੰਦਗੀ ਦੇ ਸੰਗਰਾਮ ਵਿਚ, ਇਤਹਾਸ ਤੇ ਮਿਥਹਾਸ ਵਿਚ, ਗੁਰੂ ਨਾਨਕ ਦੇ ਅਮਰ ਤੇ ਅਦੁੱਤੀ ਸਿਧਾਂਤ ਅਨੁਸਾਰ ‘ਨਚਣੁ ਕੁਦਣੁ ਮਨ ਕਾ ਚਾਉ॥’ ਦੀ ਜੀਵਨ ਜੋਤ ਜਗਦੀ ਦਿਖਾਈ ਦੇ ਰਹੀ ਹੈ।
ਪੂਰਨ ਸਿੰਘ ਪਾਂਧੀ ਨੂੰ ਕਿਸੇ ਨੇ ਸੰਗੀਤਕ ਸੁਰਾਂ ਦੀ ਹੂਕ ਤੇ ਕਿਸੇ ਨੇ ਸਹਿਜ ਤੇ ਸੁਹਜ ਦੇ ਰਾਹਾਂ ਦਾ ਪਾਂਧੀ ਕਿਹਾ ਹੈ। ਕੋਈ ਉਸ ਨੂੰ ਰਾਮੂਵਾਲੇ ਦਾ ਲਾਲ, ਕੋਈ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਦੂਤ, ਕੋਈ ਮਰਦਾਨੇ ਰਬਾਬੀ ਦਾ ਸਕਾ ਸੋਧਰਾ ਅਤੇ ਕੋਈ ਸੁੱਚੇ ਵਿਚਾਰਾਂ ਦਾ ਵਣਜਾਰਾ ਕਹਿੰਦਾ ਹੈ। ਕੋਈ ਪੱਕੇ ਰਾਗਾਂ ਦਾ ਮਾਹਿਰ ਤੇ ਕੋਈ ਸੱਜਣ ਮੀਤ ਮੁਰਾਰੇ ਜੀਓ ਆਖਦਾ ਹੈ। ਕੋਈ ਸ਼ਬਨਮ ਦਾ ਮੋਤੀ, ਚਾਨਣ ਦਾ ਬੂਟਾ, ਮਹਿਕਾਂ ਵੰਡਦਾ ਮਾਲੀ, ਮਾਂ ਬੋਲੀ ਦਾ ਮੁਰਸ਼ਦ, ਬਹੁਪੱਖੀ ਵਿਦਵਾਨ, ਵਿਸਮਾਦੀ ਜਿਊੜਾ ਤੇ ਪਹੁੰਚਿਆ ਹੋਈ ਪਾਂਧੀ ਕਹਿੰਦਾ ਹੈ। ਉਹ ਸੰਗੀਤ ਦਾ ਬਾਬਾ ਬੋਹੜ, ਚੰਦਨ ਦਾ ਰੁੱਖ, ਮਿਲਾਪੜਾ ਸੱਜਣ, ਵਿਸਮਾਦੀ ਵਕਤਾ, ਸੰਗੀਤ ਸਾਗਰ ਦਾ ਤੈਰਾਕ ਤੇ ਰੰਗ-ਰੱਤੜਾ ਜਿਊੜਾ ਹੈ।
ਸੰਪਰਕ: principalsarwansingh@>gmail.com