ਕਿਸਾਨੀ ਦੀ ਬਾਤ ਪਾਉਂਦੀ ਪੰਜਾਬੀ ਗਾਇਕੀ

ਕਿਸਾਨੀ ਦੀ ਬਾਤ ਪਾਉਂਦੀ ਪੰਜਾਬੀ ਗਾਇਕੀ

ਜਸਪਾਲ ਸਿੰਘ

ਕਿਸੇ ਨਾ ਕਿਸੇ ਰੂਪ ਵਿਚ ਲੋਕਤੰਤਰ ਦੇ ਹੋ ਰਹੇ ਘਾਣ ਦੇ ਰੋਸ ਵਜੋਂ ਲੋਕਾਈ ਦਾ ਢਿੱਡ ਭਰਨ ਵਾਲਾ ਅੰਨਦਾਤਾ ਸੜਕਾਂ ‘ਤੇ ਰੁਲਣ ਲਈ ਮਜਬੂਰ ਹੈ। ਭਾਵਨਾਤਮਕ ਬਿਰਤੀ ਤੇ ਕਿਸਾਨ ਹਿਤੈਸ਼ੀ ਸੋਚ ਰੱਖਣ ਵਾਲਾ ਵਰਗ ਉਨ੍ਹਾਂ ਕਾਰਨਾਂ ਤੋਂ ਭਲੀ-ਭਾਂਤ ਜਾਣੂ ਹੈ, ਜਿਹੜੇ ਕਿਰਤੀ ਨੂੰ ਆਪਣੇ ਹੱਕਾਂ ਤੋਂ ਵਾਂਝਾ ਕਰਦੇ ਹਨ। ਉਨ੍ਹਾਂ ਸਮੁੱਚੇ ਕਾਰਨਾਂ ਅਤੇ ਕਿਰਤੀ ਦੇ ਦਰਦ ਨੂੰ ਪਛਾਣਨ ਵਾਲੇ ਲੋਕ ਕਿਸੇ ਨਾ ਕਿਸੇ ਰੂਪ ਵਿਚ ਕਿਸਾਨੀ ਸੰਘਰਸ਼ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਰਾਜਨੀਤਕ ਧਿਰਾਂ ਵੀ ਇਸ ਕਿਸਾਨੀ ਮੁੱਦੇ ਨੂੰ ਮਾਸ ਦਾ ਲੋਥੜਾ ਸਮਝ ਕੇ ਗਿਰਝਾਂ ਵਾਂਗੂੰ ਝਪਟ ਪਈਆਂ ਹਨ। ਵੱਖ-ਵੱਖ ਮਾਧਿਅਮਾਂ ਰਾਹੀਂ ਕਿਸਾਨੀ ਦੀ ਧੁਰ ਅੰਦਰਲੀ ਹੂਕ ਨੂੰ ਲੋਕਾਂ ਦੇ ਸਨਮੁੱਖ ਕਰਨ ਵਾਲਿਆਂ ਦੇ ਹਿੱਸੇ ਵਜੋਂ ਪੰਜਾਬੀ ਗਾਇਕ ਵੀ ਇਸ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। 

ਭਾਵੇਂ ਹਥਿਆਰਾਂ ਵਾਲੀ ਜਾਂ ਭੜਕਾਊ ਗਾਇਕੀ ਅਤੇ ਫੋਕੀ ਦਿਖਾਵੇਬਾਜ਼ੀ ਵਾਲੇ ਗੀਤ ਵੀ ਪੰਜਾਬੀ ਗਾਇਕੀ ਦਾ ਅੰਗ ਰਹੇ ਹਨ ਪਰ ਸਮੇਂ-ਸਮੇਂ ਪੰਜਾਬੀ ਗਾਇਕੀ ਕਿਸਾਨੀ ਨਾਲ ਸਬੰਧਤ ਸਰੋਕਾਰਾਂ ਨੂੰ ਵੀ ਮੁਖ਼ਾਤਿਬ ਹੁੰਦੀ ਰਹੀ ਹੈ। ਕਿਸਾਨੀ ਦੀ ਮਾੜੀ ਹਾਲਤ ਨੂੰ ਬਿਆਨ ਕਰਦੀ ਆਈ ਗਾਇਕੀ ਨੂੰ ਹਾਂਪੱਖੀ ਰੂਪ ਵਿਚ ਵੇਖਣਾ ਬਣਦਾ ਹੈ। ਇਸ ਸਮੇਂ ਚੱਲ ਰਹੇ ਕਿਸਾਨ ਅੰਦੋਲਨ ‘ਚ ਗਾਇਕਾਂ ਦੀ ਸਿੱਧੇ ਅਤੇ ਅਸਿੱਧੇ ਰੂਪ ਵਿਚ ਸ਼ਮੂਲੀਅਤ ਸਾਡੇ ਸਮਾਜ ਲਈ ਸ਼ੁਭ ਸ਼ਗਨ ਹੈ। ਧਰਨਿਆਂ, ਮੁਜ਼ਾਹਰਿਆਂ ਵਿਚ ਗਾਇਕਾਂ ਦੀ ਹਿੱਸੇਦਾਰੀ ਨਾਲ ਕਿਸਾਨੀ ਤੇ ਸਮਾਜ ਦੇ ਮਸਲਿਆਂ ਨੂੰ ਉਹ ਬਹੁਤ ਨੇੜਿਉਂ ਜਾਣ ਸਕਣਗੇ ਅਤੇ ਭਵਿੱਖ ਵਿਚ ਉਨ੍ਹਾਂ ਮਸਲਿਆਂ ਨੂੰ ਆਪਣੇ ਗੀਤਾਂ ਵਿਚ ਪਰੋ ਕੇ ਕਿਸਾਨੀ ਦੇ ਦਰਦ ਨੂੰ ਬਿਆਨ ਕਰ ਸਕਦੇ ਹਨ। ਕੋਈ ਵੀ ਗੀਤ ਮਨੋਰੰਜਨ ਦੇ ਨਾਲ-ਨਾਲ ਸਰੋਤਿਆਂ ਨੂੰ ਉਤਸ਼ਾਹਿਤ ਤੇ ਪ੍ਰੇਰਿਤ ਕਰਦਾ ਹੋਇਆ ਉਨ੍ਹਾਂ ਵਿਚ ਜੋਸ਼ ਭਰਨ ਦਾ ਕੰਮ ਵੀ ਕਰਦਾ ਹੈ। ਇਹ ਨਹੀਂ ਹੈ ਕਿ ਹੁਣੇ ਹੀ ਗਾਇਕ ਮੁੱਦੇ ਦਾ ਲਾਹਾ ਲੈਣ ਲਈ ਕਿਸਾਨਾਂ ਦੇ ਮਸਲਿਆਂ ਵੱਲ ਅਹੁਲੇ ਹਨ, ਸਗੋਂ ਪਹਿਲਾਂ ਵੀ ਸਮੇਂ-ਸਮੇਂ ‘ਤੇ ਕਿਸਾਨਾਂ ਦੀ ਖ਼ਸਤਾ ਹਾਲਤ ਨੂੰ ਵੱਖ-ਵੱਖ ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਪੇਸ਼ ਕੀਤਾ ਹੈ। ਅਜਿਹੇ ਗੀਤਾਂ ਵਿਚੋਂ ਰਾਜ ਬਰਾੜ ਦਾ ਗੀਤ ‘ਪੁੱਤ ਵਰਗਾ ਫੋਰਡ ਟਰੈਕਟਰ’ ਕਿਸਾਨੀ ਦੀ ਤਰਸਯੋਗ ਹਾਲਤ ਦਾ ਬਾਖ਼ੂਬੀ ਚਿਤਰਨ ਕਰਦਾ ਹੈ। ਇਹ ਗੀਤ ਅਸਿੱਧੇ ਰੂਪ ਵਿਚ ਦਾਜ-ਪ੍ਰਥਾ ‘ਤੇ ਵੀ ਤਨਜ਼ ਕਰਦਾ ਹੈ। ਇਸ ਦੇ ਬੋਲ ਹਨ:

ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ-ਰੋ ਕੇ।

ਅਜਿਹੇ ਗੀਤਾਂ ਦੀ ਲੜੀ ‘ਚ ਐਮੀ ਵਿਰਕ ਦਾ ਗੀਤ ‘ਖੇਤ’ ਜਿੱਥੇ ਕਿਸਾਨ ਦੇ ਜ਼ਮੀਨ ਨਾਲ ਮਾਂ-ਪੁੱਤ ਵਾਲੇ ਰਿਸ਼ਤੇ ਨੂੰ ਦਰਸਾਉਂਦਾ ਹੈ, ਉੱਥੇ ਕਿਸਾਨ ਅਤੇ ਸੀਰੀ ਦੀ ਗਹਿਰੀ ਅਤੇ ਪੀਡੀ ਸਾਂਝ ਨੂੰ ਵੀ ਬਾਖ਼ੂਬੀ ਜ਼ਾਹਰ ਕਰਦਾ ਹੈ। ਇਹ ਗੀਤ ਕਰਜ਼ੇ ਦੀ ਸਮੱਸਿਆ, ਜ਼ਮੀਨ ਵਿਕਣ ਦੇ ਦੁੱਖ ਅਤੇ ਆਸਾਂ-ਉਮੀਦਾਂ ਢਹਿ-ਢੇਰੀ ਕਰ ਚੁੱਕੇ ਕਿਸਾਨ ਦੀ ਖ਼ੁਦਕੁਸ਼ੀ ਨੂੰ ਬੜੀ ਦਿਲ-ਵਿੰਨ੍ਹਵੀਂ ਸ਼ੈਲੀ ਅਤੇ ਵੀਡੀਓ ਰਾਹੀਂ ਪੇਸ਼ ਕਰਦਾ ਹੈ:

ਅੱਧੀ ਉਮਰੇ ਬਾਪ ਗੁਜ਼ਰ ਗਿਆ, ਕੈਂਸਰ ਦੇ ਨਾਲ ਲੜਦਾ/ ਕਹਿਰ ਗ਼ਰੀਬੀ ਵਾਲਾ ਚੰਦਰਾ ਰਿਹਾ ਦਿਨੋਂ-ਦਿਨ ਵਰ੍ਹਦਾ/ ਸਿਰ ‘ਤੇ ਜੋ ਪੰਡ ਸੀ ਕਰਜ਼ੇ ਦੀ, ਉਹ ਨਾਲ ਵਿਆਜਾਂ ਵਧਦੀ ਰਹੀ/ ਮੈਂ ਤੇ ਸੀਰੀ ਰੋਂਦੇ ਰਹੇ ਜਦੋਂ ਖੇਤ ਦੀ  ਬੋਲੀ ਲੱਗਦੀ ਰਹੀ।

ਬੱਬੂ ਮਾਨ ਦਾ ਗੀਤ ‘ਮੰਡੀਆਂ ‘ਚ ਜੱਟ ਰੁਲਦਾ’ ਵੀ ਕਰਜ਼ੇ ਕਾਰਨ ਖ਼ੁਆਬਾਂ ਦੀ ਬਲੀ ਦੇਣ ਵਾਲੇ ਮਾਪਿਆਂ ਅਤੇ ਮੰਡੀਆਂ ਵਿਚਲੇ ਬੇਤਰਤੀਬੇ ਸਿਸਟਮ ਕਾਰਨ ਰੁਲ ਰਹੇ ਕਿਸਾਨ ਦੀ ਬਾਤ ਪਾਉਂਦਾ ਹੈ:

ਮਾਵਾਂ ਦੀ ਜਵਾਨੀ ਖਾ ਗਈ, ਬਾਪੂਆਂ ਦੀ ਚੰਦਰੀ ਸ਼ਰਾਬ/ ਬਾਪੂ ਵੀ ਵਿਚਾਰੇ ਕਿੱਥੇ ਜਾਣ, ਕਰਜ਼ੇ ਨੇ ਖਾ ਲਏ ਖ਼ੁਆਬ। 

ਇਸ ਤੋਂ ਇਲਾਵਾ ਬੱਬੂ ਮਾਨ ਦੇ ਗੀਤ ‘ਜੱਟ ਦੀ ਜੂਨ ਬੁਰੀ’ ਅਤੇ ‘ਹੋਲੀ’ ਵੀ ਕਿਰਸਾਨੀ ਦੀ ਬੜੀ ਸੂਖ਼ਮ ਤਸਵੀਰ ਉਲੀਕਦੇ ਹਨ। ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੀ ਮਿਲੀ-ਭੁਗਤ ਬਾਰੇ ‘ਸਰਦਾਰ’ ਗੀਤ ਵੀ ਵਿਚਾਰਨਯੋਗ ਹੈ। ਕੁਦਰਤੀ ਆਫ਼ਤਾਂ ਤੇ ਆੜ੍ਹਤੀਏ ਦੇ ਸਤਾਏ ਕਿਸਾਨ ਦੀ ਹਾਲਤ ਰਾਜਾ ਸਿੱਧੂ ਤੇ ਰਾਜਵਿੰਦਰ ਕੌਰ ‘ਕਿਸਾਨ’ ਗੀਤ ਵਿਚ ਕਿਸਾਨ ਤੇ ਭਾਰਤ ਮਾਤਾ ਦੇ ਆਪਸੀ ਸੰਵਾਦ ਰਾਹੀਂ ਸਾਡੇ ਸਮਨੁੱਖ ਕਰਦੇ ਹਨ: 

ਤੇਰੇ ਨਿੱਕੇ-ਨਿੱਕੇ ਨੰਨ੍ਹੇ ਜਿਹੇ ਮਾਸੂਮ ਨੀ, ਅੱਜ ਰੂੜੀਆਂ ‘ਤੇ ਫਿਰਦੇ ਨੇ ਰੁਲਦੇ/ ਢਿੱਡੋਂ ਭੁੱਖਾ ਰਹਿ ਕੇ ਦੇਸ਼ ਦਾ ਕਿਸਾਨ ਨੀ, ਦਾਣੇ ਖੇਤਾਂ ‘ਚ ਉਗਾਵੇ ਮਹਿੰਗੇ ਮੁੱਲ ਦੇ।

ਕੁਲਬੀਰ ਝਿੰਜਰ ਦਾ ਗੀਤ ‘ਧਰਨਾ’ ਵੀ ਕਿਸਾਨੀ ਮਸਲਿਆਂ ਦੀ ਗਾਥਾ ਛੋਂਹਦਾ ਨਜ਼ਰੀਂ ਪੈਂਦਾ ਹੈ। ਇਸ ਗੀਤ ਵਿਚ ਹੱਕ ਮੰਗਣ ਵਾਲੇ ਅਤੇ ਹੱਕ ਮਾਰਨ ਵਾਲੇ ਦੋਵਾਂ ਵਰਗਾਂ ਦੇ ਹਿਤਾਂ ਅਤੇ ਅੰਤਰ-ਵਿਰੋਧਾਂ ਨੂੰ ਰੂਪਮਾਨ ਕੀਤਾ ਗਿਆ ਹੈ:

ਅਸੀਂ ਨਿੱਤ ਡਾਗਾਂ ਖਾਈਏ ਸਾਡੇ ਹੱਕਾਂ ਦੇ ਲਈ/ ਤੁਸੀਂ ਵੰਡਦੇ ਖ਼ੈਰਾਤ ਪੈਸਾ ਰਾਜ-ਸੱਤਾ ਦੇ ਲਈ/ ਸਾਡੇ ਮੁੱਕ ਜਾਂਦੇ ਦੇ-ਦੇ ਸ਼ਹੀਦੀਆਂ/ ਥੋਡੇ ਤਖ਼ਤਾਂ ‘ਤੇ ਬਹਿਣ ਲਈ ਤਿਆਰ ਨੇ/ ਅਸੀਂ ਉਹ ਜਿਹੜੇ ਧਰਨੇ ‘ਤੇ ਰਹਿੰਨੇ ਆਂ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ।

ਸਰਕਾਰਾਂ ਦੀ ਮਨਸ਼ਾ ਪ੍ਰਤੀ ਚਿੰਤਾ ਅਤੇ ਖ਼ਦਸ਼ਾ ਜ਼ਾਹਰ ਕਰਨ ਵਾਲੇ ਗਾਇਕਾਂ ਵਿਚੋਂ ਰਾਜ ਕਾਕੜਾ ਵੀ ਮੋਹਰੀ ਗਾਇਕ ਹੈ ਜਿਹੜਾ ਆਪਣੇ ਗੀਤਾਂ ਅਤੇ ਫ਼ਿਲਮਾਂ ਰਾਹੀਂ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਹੈ। ਰਾਜ ਕਾਕੜੇ ਦੇ ਗੀਤ ’ਸਰਕਾਰ’ ਅਤੇ ‘ਮੇਰਾ ਪਿੰਡ’ ਸਭਿਆਚਾਰ, ਕਿਸਾਨੀ, ਪਿੰਡਾਂ ‘ਤੇ ਮਹਾਂਨਗਰਾਂ ਦਾ ਅਸਿੱਧਾ ਕਬਜ਼ਾ, ਕਾਰਪੋਰੇਟ ਘਰਾਣਿਆਂ ਤੇ ਸਰਕਾਰਾਂ ਦੀਆਂ ਕਿਸਾਨ ਅਤੇ ਸਭਿਆਚਾਰ ਵਿਰੋਧੀ ਨੀਤੀਆਂ ਆਦਿ ਪੱਖਾਂ ਨੂੰ ਭਲੀ-ਭਾਂਤ ਉਜਾਗਰ ਕਰਦੇ ਹਨ। ਗੀਤ ‘ਸਰਕਾਰ’ ਲੋਕਾਂ ਨੂੰ ਚੇਤੰਨ ਰਹਿਣ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਪ੍ਰੇਰਨਾ ਦਿੰਦਾ ਹੈ। ਕਿਰਤੀ ਦੇ ਮੂੰਹੋਂ ਰੋਟੀ ਦੀ ਬੁਰਕੀ ਖੋਹਣ ਵਾਲੀ ਸਥਾਪਤੀ ਦੀਆਂ ਕੋਝੀਆਂ ਚਾਲਾਂ ਪ੍ਰਤੀ ਫ਼ਿਕਰਮੰਦ ਰਾਜ ਕਾਕੜੇ ਦੇ ਇਸ ਗੀਤ ਦੇ ਬੋਲ ਇਸ ਪ੍ਰਕਾਰ ਹਨ:

ਤੇਰੇ ਹੱਕ ‘ਚ ਨਾ ਬੋਲਦੇ ਕਿਸਾਨਾ ਇਹੇ ਤੱਥ/ ਉਨ੍ਹਾਂ  ਫ਼ਸਲਾਂ ਖ਼ਰੀਦਣੋਂ ਵੀ ਖਿੱਚ ਲਏ ਨੇ ਹੱਥ/ ਅੱਖਾਂ ਖੋਲ੍ਹ ਤੂੰ ਵੀ ਤੱਕ/ ਦਿਸੀ ਜਾਵੇ ਪ੍ਰਤੱਖ/ ਲਾਈ ਬੈਠਾ ਏ ਵਪਾਰੀ ਤੇ ਜ਼ਮੀਨ ‘ਤੇ ਅੱਖ।

ਪੂਰਵਲੇ ਸਮੇਂ ਵਿਚ ਤਾਂ ਕਿਸਾਨੀ ਦੀ ਗੱਲ ਸਮੇਂ ਦੇ ਅੰਤਰਾਲ ਨਾਲ ਵੱਖ-ਵੱਖ ਗਾਇਕਾਂ ਵੱਲੋਂ ਹੁੰਦੀ ਰਹੀ ਹੀ ਹੈ, ਪਰ ਅਜੋਕੇ ਕਿਸਾਨੀ ਘੋਲ ਦੇ ਆਰੰਭ ਹੋਣ ਨਾਲ ਇਸ ਮਸਲੇ ਨੂੰ ਹੋਰ ਗੰਭੀਰਤਾ ਨਾਲ ਲਿਆ ਜਾਣ ਲੱਗਾ ਹੈ। ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਵਜੋਂ ਵੀ ਗਾਇਕਾਂ ਨੇ ਕਿਸਾਨੀ ਨਾਲ ਸਬੰਧਤ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ। ਖੇਤੀ ਆਰਡੀਨੈਂਸਾਂ ਦੀ ਆਮਦ ਉਪਰੰਤ ਉਨ੍ਹਾਂ ਦੇ ਮਾਰੂ ਨਤੀਜਿਆਂ ਦੇ ਖ਼ਦਸ਼ੇ ਵਿਚੋਂ ਉਪਜਿਆ ਵਾਰਸ ਭਰਾਵਾਂ (ਮਨਮੋਹਨ ਵਾਰਸ ਤੇ ਕਮਲ ਹੀਰ) ਦਾ ਗੀਤ ‘ਪੰਜਾਬ ਦੀ ਕਿਸਾਨੀ’ ਵਿਚਾਰਨਯੋਗ ਹੈ। ਇਹ ਗੀਤ ਸਰਕਾਰ ਦੀਆਂ ਲਾਗੂ  ਹੋਣ ਜਾ ਰਹੀਆਂ ਮਾਰੂ ਨੀਤੀਆਂ ਬਾਰੇ ਅੰਦੋਲਨ ਤੋਂ ਪਹਿਲਾਂ ਸਮਝਣ ਤੇ ਸਮਝਾਉਣ ਦਾ ਯਤਨ ਹੈ। ਇਹ ਗੀਤ ਜਿੱਥੇ ਇਕ ਪਾਸੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਕਿਸਾਨਾਂ ਦੀ ਬਾਤ ਪਾਉਂਦਾ ਹੈ, ਉੱਥੇ ਨਾਲ ਹੀ ਲੋਕਤੰਤਰ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਦਾ ਮੁਖੌਟਾ ਵੀ ਉਤਾਰਦਾ ਹੈ:

ਪੱਕੇ ਮੁੱਲ ਵਾਲੀ ਸਾਡੀ ਜਮ੍ਹਾਂ ਟੁੱਟ ਗਈ ਉਮੀਦ/ ਝੋਨਾ ਕਣਕ ਨ੍ਹੀਂ ਲੈਣੀ ਕਹਿੰਦੇ ਤੋੜ ‘ਤੀ ਖ਼ਰੀਦ/ ਮਾਰੂ ਫ਼ੈਸਲੇ ਦੇ ਹੜ੍ਹਾਂ ਮਿਹਰਬਾਨੀ ਡੋਬ ‘ਤੀ/ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬ ‘ਤੀ।

ਕਿਸਾਨੀ ਮਸਲਿਆਂ ਦੇ ਨਾਲ-ਨਾਲ ਸਰਕਾਰੀ ਨੀਤੀਆਂ ਬਾਰੇ ਚਾਨਣਾ ਪਾਉਣ ਤੋਂ ਇਲਾਵਾ ਅੰਦੋਲਨ ਸ਼ੁਰੂ ਹੋਣ ਨਾਲ ਪੰਜਾਬੀ ਗੀਤਾਂ ਵਿਚ ਜੋਸ਼ੀਲੀ ਸੁਰ ਆਉਣੀ ਸ਼ੁਰੂ ਹੁੰਦੀ ਹੈ। ਸਮਕਾਲੀ ਦੌਰ ਵਿਚ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਨਿਕਲਣ ਵਾਲੇ ਲੋਕ-ਵਿਰੋਧੀ ਨਤੀਜਿਆਂ ‘ਤੇ ਚਿੰਤਾ ਜ਼ਾਹਰ ਕਰਨ ਵਾਲਾ ਜਸ ਬਾਜਵਾ ਦਾ ਗੀਤ ‘ਜੱਟਾ ਤਕੜਾ ਹੋਜਾ’ ਵਿਚਾਰਨਯੋਗ, ਖੇਤੀ ਆਰਡੀਨੈਂਸਾਂ ਦਾ ਅੰਸ਼ਕ ਰੂਪ ਵਿਚ ਨਿਚੋੜ ਅਤੇ ਕਿਸਾਨੀ ਅੰਦੋਲਨ ਲਈ ਪ੍ਰੇਰਨਾ ਦੇਣ ਵਾਲਾ ਗੀਤ ਹੈ। ਵਿਦਰੋਹੀ ਸੁਰ ਵਾਲਾ ਇਹ ਗੀਤ ਜਿੱਥੇ ਇਕ ਪਾਸੇ ਅੰਦੋਲਨਕਾਰੀਆਂ ਨੂੰ ਹੋਰ ਤਕੜੇ ਹੋਣ ਲਈ ਸੁਨੇਹਾ ਦਿੰਦਾ ਹੈ, ਉੱਥੇ ਨਾਲ ਹੀ ਸੱਤਾਧਾਰੀ ਧਿਰਾਂ ਨੂੰ ਵੰਗਾਰਦਾ ਵੀ ਹੈ:

ਇਹ ਖੇਤ ਸਾਡੇ ਪੜਦਾਦਿਆਂ ਨੇ ਬੜੀ ਮਿਹਨਤਾਂ ਨਾਲ ਕਮਾਏ ਨੇ/ ਓਏ ਉੇੱਚੇ-ਨੀਵੇਂ ਟਿੱਬੇ ਸੀ, ਜਿਹੜੇ ਬਲਦਾਂ ਦੇ ਨਾਲ ਵਾਹੇ ਨੇ/ ਹੱਕ ਅੜ ਕੇ ਆਪੇ ਲੈਲਾਂਗੇ, ਤੇਰੇ ਤਰਲੇ ਤੁਰਲੇ ਕੱਢਦੇ ਨਹੀਂ/ ਓਏ ਇਹ ਜ਼ਮੀਨ ਜੱਟਾਂ ਦੀ ਐ, ਤੇ ਜੱਟ ਛੱਡਦੇ ਨਹੀਂ।

ਅਜੋਕੇ ਕਿਸਾਨੀ ਅੰਦੋਲਨ ਵਿਚੋਂ ਸਿੱਧੇ ਰੂਪ ਵਿਚ ਨਿਕਲਿਆ ਹਿੰਮਤ ਸੰਧੂ ਦਾ ਗੀਤ ‘ਅਸੀਂ ਵੱਢਾਂਗੇ’ ਦੇਖਿਆ ਜਾ ਸਕਦਾ ਹੈ। ਮਾਂ ਸਮਝੀ ਜਾਂਦੀ ਜ਼ਮੀਨ ਖੁੱਸਣ ਦੇ ਡਰ ‘ਚੋਂ ਉਪਜਿਆ ਇਹ ਗੀਤ ਕਿਸਾਨੀ ਅੰਦੋਲਨ ਨੂੰ ਉਤਸ਼ਾਹ ਅਤੇ ਬਲ ਦੇਣ ਵਾਲਾ ਗੀਤ ਹੈ:

ਕਿਸੇ ਦੇ ਪਿਓ ਦੀ ਨੀ ਜਾਗੀਰ, ਵੱਟਾਂ ਸਾਡੀਆਂ/ ਆਸ਼ਕ ਅਸੀਂ ਤੇ ਸਾਡੀ ਹੀਰ ਵੱਟਾਂ ਸਾਡੀਆਂ।

ਕਿਸਾਨੀ ਘੋਲ ਦੌਰਾਨ ਸਰਕਾਰਾਂ ਨੂੰ ਵੰਗਾਰਨ/ਲਲਕਾਰਨ ਭਾਵ ਵਿਦਰੋਹੀ ਸੁਰ ਵਾਲੇ ਗੀਤਾਂ ਤੋਂ ਇਲਾਵਾ ਕਿਸਾਨੀ ਦੀ ਮਾੜੀ ਹਾਲਤ ਨੂੰ ਸਮਝਣ/ਸਮਝਾਉਣ ਵਾਲੇ ਗੀਤ ਵੀ ਆਉਂਦੇ ਹਨ। ਅਮਰਿੰਦਰ ਗਿੱਲ ਦਾ ਗੀਤ ‘ਸੂਰਜਾਂ ਵਾਲੇ’ ਕਿਸਾਨੀ  ਨਾਲ ਜੁੜੇ ਪਰਿਵਾਰ ਦੁਆਰਾ ਬੇਰੁਜ਼ਗਾਰੀ, ਮਾੜੀ ਆਰਥਿਕ ਹਾਲਤ, ਸਰਕਾਰਾਂ ਦੁਆਰਾ ਕਿਸਾਨੀ ਹੱਕਾਂ ਦੀ ਅਣਦੇਖੀ ਦੇ ਰੂਪ ‘ਚ ਹੰਢਾਏ ਜਾ ਰਹੇ ਮਾਨਸਿਕ ਤਸ਼ੱਦਦ ਦੀ ਝਲਕ ਹੈ:

ਕਾਲੀ ਬੱਦਲੀ ਹਨ੍ਹੇਰੀ ਜਿਹੀ ਰਾਤ ਏ, ਨੀ ਫਿੱਕੀ ਪੈਂਦੀ ਦੀਵਿਆਂ ਦੀ ਲੋਅ/ ਕਦੇ ਸੂਰਜਾਂ ਵਾਲੇ ਵੀ ਦਿਨ ਆਉਣਗੇ, ਤੂੰ ਐਵੇਂ ਬਿੱਟੂ ਚੀਮਿਆ ਨਾ ਰੋ।

ਇਸ ਤੋਂ ਇਲਾਵਾ ਕਿਸਾਨੀ ਦੀ ਬਾਤ ਪਾਉਂਦੇ ਗੀਤਾਂ ਵਿਚ ਹਰਫ਼ ਚੀਮੇ ਦਾ ‘ਸਰਕਾਰੇ’, ਕੋਰ ਆਲੇ ਮਾਨ ਦਾ ‘ਕਿਸਾਨ’, ਕਨਵਰ ਗਰੇਵਾਲ ਦਾ ‘ਅੱਖਾਂ ਖੋਲ੍ਹ’, ਰਾਜਾ ਸਿੱਧੂ ਦਾ ‘ਦਰਦ ਕਿਸਾਨਾਂ ਦਾ’, ਸਿੱਪੀ ਗਿੱਲ ਦਾ ‘ਆਸ਼ਕ ਮਿੱਟੀ ਦੇ’ ਆਦਿ ਗੌਲਣਯੋਗ ਗੀਤ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਗਾਇਕੀ ਵੰਨ-ਸੁਵੰਨੇ ਵਿਸ਼ਿਆਂ ਨੂੰ ਆਪਣੀ ਕਲਮ ਦਾ ਵਾਹਨ ਬਣਾਉਂਦੀ ਆਈ ਹੈ, ਜਿਨ੍ਹਾਂ ਵਿਚੋਂ ਕਿਸਾਨੀ ਵੀ ਇਕ ਅਹਿਮ ਸਰੋਕਾਰ ਹੈ। ਅਜੋਕੇ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਇਨ੍ਹਾਂ ਵਿਸ਼ਿਆਂ ਦੀ ਗੱਲ ਪੰਜਾਬੀ ਗਾਇਕੀ ਵਿਚ ਸਮੇਂ-ਸਮੇਂ ਹੁੰਦੀ ਰਹੀ ਹੈ ਪਰ ਕਿਸਾਨੀ ਅੰਦੋਲਨ ਦੇ ਸ਼ੁਰੂ ਹੋਣ ਉਪਰੰਤ ਇਨ੍ਹਾਂ ਵਿਸ਼ਿਆਂ ਦੇ ਨਾਲ-ਨਾਲ ਕਿਸਾਨੀ ਸੰਘਰਸ਼ ਨਾਲ ਸਿੱਧੇ ਰੂਪ ‘ਚ ਜੁੜੇ ਮਸਲਿਆਂ ਕਾਰਨ ਵਿਦਰੋਹ ਦੀ ਸੁਰ ਵਿਚ ਤੀਬਰਤਾ ਆਈ ਹੈ। ਇਸ ਕਰਕੇ ਪੰਜਾਬੀ ਗਾਇਕੀ ਨੂੰ ਮਹਿਜ਼ ਮਨੋਰੰਜਨ ਦਾ ਸਾਧਨ ਜਾਂ ਭੜਕਾਊ ਗਾਇਕੀ ਸਮਝਣ ਵਾਲੀ ਸੋਚ ਨੂੰ ਤਿਆਗ ਕੇ ਕਿਸਾਨੀ ਜਾਂ ਕਿਸਾਨੀ ਸੰਘਰਸ਼ ਨਾਲ ਜੁੜੇ ਗੀਤਾਂ ਦਾ ਖਿੜੇ ਮੱਥੇ ਸਵਾਗਤ ਕਰਨ ਦੀ ਵੀ ਲੋੜ ਹੈ। ਅਜਿਹੇ ਗੀਤ ਜਿੱਥੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਕਿਸਾਨੀ ਅੰਦੋਲਨ ਨੂੰ ਹੁਲਾਰਾ ਦੇਣ ਵਿਚ ਭੂਮਿਕਾ ਅਦਾ ਕਰ ਸਕਦੇ ਹਨ, ਉੱਥੇ ਪੰਜਾਬੀ ਗੀਤਕਾਰੀ ਦੇ ਮਿਆਰ ਵਿਚ ਵੀ ਨਿੱਗਰ ਵਾਧਾ ਕਰਨ ਵਾਲੇ ਹਨ।

*ਖੋਜਾਰਥੀ (ਪੀਐਚਡੀ ਪੰਜਾਬੀ), ਦਿੱਲੀ ਯੂਨੀਵਰਸਿਟੀ, ਦਿੱਲੀ। 
ਸੰਪਰਕ: 73474-34029

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All