ਨੌਜਵਾਨ ਪੀੜ੍ਹੀ ਤੇ ਪੰਜਾਬੀ ਵਿਰਸਾ

ਨੌਜਵਾਨ ਪੀੜ੍ਹੀ ਤੇ ਪੰਜਾਬੀ ਵਿਰਸਾ

ਡਾ. ਰਣਜੀਤ ਸਿੰਘ

ਪੰਜਾਬੀ ਉਦਮੀ ਹਨ ਤੇ ਹਮੇਸ਼ਾ ਖ਼ਤਰੇ ਸਹੇੜਨ ਲਈ ਤਿਆਰ ਰਹਿੰਦੇ ਹਨ। ਔਖੀ ਘੜੀ ਵਿਚ ਵੀ ਚੜ੍ਹਦੀ ਕਲਾ ਵਿਚ ਰਹਿੰਦਿਆਂ ਮੁਸ਼ਕਲਾਂ ਦਾ ਮੁਕਾਬਲਾ ਡਟ ਕੇ ਕਰਦੇ ਹਨ। ਉਹ ਹਮੇਸ਼ਾ ਨਵੇਂ ਵਿਚਾਰਾਂ ਅਤੇ ਨਵੀਆਂ ਥਾਵਾਂ ਨੂੰ ਆਪਣਾ ਬਣਾਉਣ ਲਈ ਤੱਤਪਰ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਪੰਜਾਬੀਆਂ ਵਿਚ ਵਿਦੇਸ਼ ਜਾਣ ਦੇ ਰੁਝਾਨ ਵਿਚ ਤੇਜ਼ੀ ਆਈ ਹੈ। ਇਸੇ ਪ੍ਰਵਾਹ ਅਧੀਨ ਉਨ੍ਹਾਂ ਪੱਛਮੀ ਪਹਿਰਾਵਾ, ਖਾਣ-ਪੀਣ ਤੇ ਰਸਮੋ ਰਿਵਾਜਾਂ ਨੂੰ ਦੇਸ਼ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਤੇਜ਼ੀ ਨਾਲ ਅਪਣਾਇਆ ਹੈ। ਅੰਗਰੇਜ਼ੀ ਪੜ੍ਹਨ ਦੀ ਲਾਲਸਾ ਅਧੀਨ ਪੰਜਾਬੀਆਂ ਨੇ ਆਪਣੇ ਬੱਚੇ ਅਖੌਤੀ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਨੇ ਪਾ ਦਿੱਤੇ ਹਨ, ਜਿਥੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਤੇ ਬੋਲਣ ਤੋਂ ਵਰਜਿਆ ਜਾਂਦਾ ਹੈ। ਉਨ੍ਹਾਂ ਨੂੰ ਆਪਣਾ ਸ਼ਾਨਾਮੱਤਾ ਇਤਿਹਾਸ ਪੜ੍ਹਾਉਣ ਅਤੇ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਉਣ ਦੀ ਥਾਂ ਵਿਦੇਸ਼ੀ ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।

ਇਸ ਦਾ ਅਸਰ ਉਨ੍ਹਾਂ ਉਤੇ ਸਾਫ ਨਜ਼ਰ ਆਉਣ ਲੱਗਾ ਹੈ। ਪੈਸੇ ਕਮਾਉਣ ਦੀ ਦੌੜ ਵਿਚ ਉਹ ਗਲਤ ਕੰਮ ਕਰਨ ਲਈ ਵੀ ਕਰਨ ਲੱਗੇ ਹਨ। ਬਾਜ਼ਾਰ ਵਿਚ ਵਿਕਣ ਵਾਲੀਆਂ ਬਹੁਤੀਆਂ ਵਸਤਾਂ ਵਿਚ ਜ਼ਹਿਰੀਲੀ ਮਿਲਾਵਟ ਹੋਣ ਲੱਗੀ ਹੈ। ਬਹੁਤੇ ਕਾਰਖਾਨੇ ਰਸਾਇਣਾਂ ਵਾਲੇ ਪਾਣੀ ਨੂੰ ਸਾਫ਼ ਕਰਨ ਦੀ ਥਾਂ ਨੇੜੇ ਵਗਦੇ ਦਰਿਆ ਵਿਚ ਸੁੱਟਣ ਦਾ ਯਤਨ ਕਰਦੇ ਹਨ ਜਾਂ ਧਰਤੀ ਹੇਠਾਂ ਭੇਜ ਰਹੇ ਹਨ। ਇੰਝ ਪੰਜਾਬ ਦੇ ਪਾਣੀਆਂ ਵਿਚ ਜ਼ਹਿਰ ਘੁੱਲ ਰਹੀ ਹੈ। ਕਾਇਦੇ ਕਾਨੂੰਨ ਦੀ ਪਾਲਣਾ ਕਰਨਾ ਕਮਜ਼ੋਰੀ ਸਮਝਿਆ ਜਾਣ ਲਗ ਪਿਆ ਹੈ। ਹੱਥੀਂ ਕੰਮ ਕਰਨਾ ਅਸੀਂ ਹੇਠੀ ਸਮਝਣ ਲਗ ਪਏ ਹਾਂ। ਵਿਖਾਵਾ ਸਾਡੇ ਜੀਵਨ ਦਾ ਅੰਗ ਬਣ ਰਿਹਾ ਹੈ। ਵਿੱਤੋਂ ਵੱਧ ਖਰਚ ਕਰਨ ਨੂੰ ਮਾਣ ਸਮਝਦੇ ਹਾਂ। ਪਰਵਾਸੀ ਮਜ਼ਦੂਰਾਂ ਉਤੇ ਸਾਡੀ ਨਿਰਭਰਤਾ ਏਨੀ ਵਧ ਗਈ ਹੈ ਕਿ ਹੁਣ ਉਨ੍ਹਾਂ ਦੀ ਗਿਣਤੀ ਸੂਬੇ ਵਿਚ 12 ਫੀਸਦੀ ਤੱਕ ਪੁੱਜ ਗਈ ਹੈ। ਖੇਤਾਂ, ਫੈਕਟਰੀਆਂ ਅਤੇ ਘਰਾਂ ਵਿਚ ਹਰ ਥਾਂ ਪਰਵਾਸੀ ਮਜ਼ਦੂਰ ਨਜ਼ਰ ਆ ਰਹੇ ਹਨ। ਸਾਡੇ ਪਿੰਡ ਇਕ ਇਕ ਕਰਕੇ ਮਰ ਰਹੇ ਹਨ। ਉਨ੍ਹਾਂ ਦੇ ਨਾਲ ਹੀ ਸਾਡੀਆਂ ਪਰੰਪਰਾਵਾਂ, ਸੱਭਿਆਚਾਰ, ਲੋਕ ਗੀਤ, ਲੋਕ ਨਾਚ, ਲੋਕ ਬੋਲੀ ਵੀ ਮਰ ਰਹੀ ਹੈ। ਮਨੁੱਖ ਵਿਕਾਸ ਦੀ ਥਾਂ ਨਿਘਾਰ ਵੱਲ ਜਾ ਰਿਹਾ ਹੈ। ਇਸ ਦਾ ਇਕ ਕਾਰਨ ਸਰਕਾਰੀ ਵਿਦਿਅਕ ਢਾਂਚੇ ਦਾ ਟੁੱਟ ਜਾਣਾ ਹੈ। ਸਰਕਾਰ ਤੇ ਅਧਿਆਪਕ ਇਸ ਪਾਸੇ ਸੰਜੀਦਾ ਨਹੀਂ। ਇਸੇ ਦਾ ਅਸਰ ਪੰਜਾਬੀਆਂ ’ਤੇ ਪੈ ਰਿਹਾ ਹੈ। ਉਨ੍ਹਾਂ ਦੇ ਜੀਵਨ ਵਿਚੋਂ ਵੀ ਸੰਜੀਦਗੀ ਖ਼ਤਮ ਹੋ ਰਹੀ ਹੈ। ਸਾਡੇ ਧਾਰਮਿਕ ਆਗੂ ਅਤੇ ਪ੍ਰਚਾਰਕ ਵੀ ਇਸ ਦੀ ਲਪੇਟ ਵਿਚ ਆ ਗਏ ਹਨ। ਰਾਜਸੀ ਆਗੂ ਇਸ ਤੋਂ ਵੀ ਅੱਗੇ ਨਿਕਲ ਗਏ ਹਨ।

ਹੁਣ ਤਕ ਪੰਜਾਬੀ ਸੱਭਿਆਚਾਰ, ਰਸਮੋ ਰਿਵਾਸ, ਲੋਕ ਗੀਤ-ਸੰਗੀਤ ਨੂੰ ਸਾਡੇ ਪਿੰਡਾਂ ਨੇ ਸੰਭਾਲ ਕੇ ਰੱਖਿਆ ਸੀ। ਪੰਜਾਬ ਵਿਚ ਪੇਂਡੂ-ਸ਼ਹਿਰੀ ਫ਼ਰਕ ਬੜੀ ਤੇਜ਼ੀ ਨਾਲ ਘਟ ਰਿਹਾ ਹੈ। ਇਸ ਦਾ ਅਸਰ ਪੇਂਡੂ ਜਨਜੀਵਨ ‘ਤੇ ਪਿਆ ਹੈ। ਪੇਂਡੂ ਲੋਕਾਂ ਨੇ ਵੀ ਸ਼ਹਿਰੀ ਜੀਵਨ ਅਤੇ ਬੋਲੀ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਹੈ। ਖੁਸ਼ੀ ਦੇ ਸਮਾਗਮ ਤਾਂ ਦੂਰ ਗਮੀ ਦੇ ਸਮਾਗਮਾਂ ਵਿਚ ਵੀ ਸੰਜੀਦਗੀ ਖਤਮ ਹੈ। ਹੁਣ ਤੱਕ ਜਿਹੜੇ ਕਾਰਜ ਸਾਰਾ ਭਾਈਚਾਰਾ ਰਲ ਮਿਲ ਕੇ ਸਿਰੇ ਚਾੜ੍ਹਦਾ ਸੀ, ਉਹ ਸਾਰਾ ਕੁਝ ਠੇਕੇਦਾਰ ਕਰਦੇ ਹਨ। ਹੁਣ ਕੁੱਕੜ ਦੀ ਬਾਂਗ ਸੁਣ ਅੰਮ੍ਰਿਤ ਵੇਲੇ ਜਾਗਣ ਵਾਲਿਆਂ ਦੀ ਗਿਣਤੀ ਘਟ ਗਈ, ਕੁੱਕੜ ਖਾ ਕੇ ਸੌਣ ਵਾਲਿਆਂ ਦੀ ਵਧ ਗਈ ਹੈ। ਸ਼ਰਾਬ ਦੀ ਵਰਤੋਂ ਹੁਣ ਘਰੇ ਬੈਠ ਕੇ ਖੁੱਲ੍ਹ ਕੇ ਹੁੰਦੀ ਹੈ। ਇਸ ਬਾਰੇ ਗੰਭੀਰ ਚਿੰਤਨ ਦੀ ਲੋੜ ਹੈ।

ਜ਼ਰੂਰੀ ਹੈ ਕਿ ਬੱਚਿਆਂ ਨੂੰ ਆਪਣੀ ਬੋਲੀ ਪੰਜਾਬੀ ਨਾਲ, ਸ਼ਾਨਾਂਮੱਤੇ ਵਿਰਸੇ ਅਤੇ ਸਭਿਆਚਾਰ ਨਾਲ ਜੋੜਿਆ ਜਾਵੇ ਤਾਂ ਜੋ ਉਨ੍ਹਾਂ ਵਿਚ ਆਪਣੀ ਮਿੱਟੀ ਦਾ ਮੋਹ ਜਾਗੇ। ਦੇਸੀ ਮਹੀਨਿਆਂ, ਰੁੱਤਾਂ ਅਤੇ ਮੌਸਮਾਂ ਬਾਰੇ ਵਿਸ਼ੇਸ਼ ਕਿਤਾਬਚੇ ਛਾਪ ਕੇ ਵੰਡੇ ਜਾਣ। ਸੰਗਰਾਂਦ ਵਾਲੇ ਦਿਨ ਵੀ ਵਿਸ਼ੇਸ਼ ਸਮਾਗਮ ਕੀਤੇ ਜਾਣ। ਅਸੀਂ ਕਈ ਵਾਰ ਇਹ ਆਖ ਪੱਲਾ ਝਾੜ ਲੈਂਦੇ ਹਾਂ ਕਿ ਸਿੱਖੀ ਵਿਚ ਵਿਸ਼ੇਸ਼ ਦਿਨਾਂ ਨੂੰ ਮਨਾਉਣ ਦੀ ਮਨਾਹੀ ਹੈ। ਉਹ ਮਨਾਹੀ ਵਹਿਮਾਂ ਭਰਮਾਂ ਦੇ ਵਿਰੁੱਧ ਹੈ। ਨਵੇਂ ਚੜ੍ਹੇ ਮਹੀਨੇ ਗੁਰੂ ਸਾਹਿਬਾਨ ਦੇ ਹੁਕਮਾਂ ਨੂੰ ਸੁਣਨਾ ਅਤੇ ਉਨ੍ਹਾਂ ਉਤੇ ਅਮਲ ਕਰਨ ਦਾ ਪ੍ਰਣ ਕਰਨ ਦੀ ਮਨਾਹੀ ਨਹੀਂ ਹੈ। ਇਤਿਹਾਸ ਦੀ ਕਿਤਾਬ ਵਿਚ ਪੰਜਾਬ ਤੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਬਾਰੇ ਲਿਖਿਆ ਜਾਵੇ। ਸਾਡੇ ਪ੍ਰਚਾਰਕਾਂ ਨੂੰ ਚਾਹੀਦਾ ਹੈ ਕਿ ਗੁਰੂ ਸਾਹਿਬਾਂ ਦੇ ਚਮਤਕਾਰਾਂ ਦੀਆਂ ਸਾਖੀਆਂ ਉਤੇ ਜ਼ੋਰ ਦੇਣ ਦੀ ਥਾਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਪ੍ਰਚਾਰਿਆ ਜਾਵੇ। ਵਡੇਰਿਆਂ ਦੀਆਂ ਕੁਰਬਾਨੀਆਂ ਤੇ ਮਹਾਨ ਵਿਰਸੇ ਦੀਆਂ ਬਾਤਾਂ ਪਾਈਆਂ ਜਾਣ। ਸਕੂਲਾਂ ਵਿਚ ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ ਵਿਚ ਪੰਜਾਬ, ਪੰਜਾਬੀ ਸੱਭਿਆਚਾਰ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਉਘਾੜਿਆ ਜਾਵੇ। ਆਓ ਰਲ ਕੇ ਯਤਨ ਕਰੀਏ ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨਾਲ ਨਵੀਂ ਨੌਜਵਾਨ ਪੀੜ੍ਹੀ ਨੂੰ ਜੋੜੀਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All