ਤਰੱਕੀ ਵੱਲ ਵਧਦਾ ਪੰਜਾਬ
ਅੱਜ 26 ਜਨਵਰੀ ਮੌਕੇ ਮੈਂ ਸਾਰੇ ਦੇਸ਼ਵਾਸੀਆਂ, ਖ਼ਾਸ ਕਰਕੇ ਪੰਜਾਬ ਦੇ ਨਾਗਰਿਕਾਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਾ ਹਾਂ। ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਅਤੇ ਭਾਰਤ ਇੱਕ ਪ੍ਰਭੁੱਤਾ ਸੰਪੰਨ, ਸਮਾਜਵਾਦੀ, ਧਰਮਨਿਰਪੱਖ ਅਤੇ ਲੋਕਤੰਤਰੀ ਗਣਰਾਜ ਵਜੋਂ ਸਥਾਪਿਤ ਹੋਇਆ। ਗੁਰੂਆਂ,...
ਅੱਜ 26 ਜਨਵਰੀ ਮੌਕੇ ਮੈਂ ਸਾਰੇ ਦੇਸ਼ਵਾਸੀਆਂ, ਖ਼ਾਸ ਕਰਕੇ ਪੰਜਾਬ ਦੇ ਨਾਗਰਿਕਾਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਾ ਹਾਂ। ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਅਤੇ ਭਾਰਤ ਇੱਕ ਪ੍ਰਭੁੱਤਾ ਸੰਪੰਨ, ਸਮਾਜਵਾਦੀ, ਧਰਮਨਿਰਪੱਖ ਅਤੇ ਲੋਕਤੰਤਰੀ ਗਣਰਾਜ ਵਜੋਂ ਸਥਾਪਿਤ ਹੋਇਆ। ਗੁਰੂਆਂ, ਪੀਰਾਂ, ਸੰਤਾਂ ਅਤੇ ਮਹਾਨ ਯੋਧਿਆਂ ਦੀ ਧਰਤੀ ਪੰਜਾਬ ਨੂੰ ਮੈਂ ਸਿਜਦਾ ਕਰਦਾ ਹਾਂ ਅਤੇ ਉਨ੍ਹਾਂ ਸੈਨਿਕ ਪਰਿਵਾਰਾਂ ਲਈ ਸਤਿਕਾਰ ਪ੍ਰਗਟ ਕਰਦਾ ਹਾਂ ਜਿਨ੍ਹਾਂ ਦੇ ਸਪੂਤਾਂ ਨੇ ਮਾਤ ਭੂਮੀ ਲਈ ਸਰਵਉੱਚ ਕੁਰਬਾਨੀ ਦਿੱਤੀ। ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਨੇਤਾਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ, ਪੰਡਿਤ ਜਵਾਹਰ ਲਾਲ ਨਹਿਰੂ, ਡਾ. ਰਾਜੇਂਦਰ ਪ੍ਰਸਾਦ ਅਤੇ ਅਨੇਕਾਂ ਹੋਰ ਦੇਸ਼ ਵਾਸੀਆਂ ਨੇ ਭਾਰਤ ਦੀ ਆਜ਼ਾਦੀ ਹਾਸਲ ਕਰਨ ਵਿੱਚ ਅਹਿਮ ਯੋਗਦਾਨ ਪਾਇਆ।
ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਗਦਰੀ ਬਾਬੇ ਅਤੇ ਅਨੇਕਾਂ ਬਹਾਦਰਾਂ ਦੀ ਸ਼ਹਾਦਤ ਸਾਡੇ ਇਤਿਹਾਸ ਦੀ ਸ਼ਾਨ ਹੈ। ਸੰਵਿਧਾਨ ਸਭਾ ਦੇ ਮੈਂਬਰਾਂ ਅਤੇ ਡਾ. ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਅਣਥੱਕ ਯਤਨਾਂ ਨਾਲ ਸਾਨੂੰ ਮਜ਼ਬੂਤ ਸੰਵਿਧਾਨ ਮਿਲਿਆ। ਇਸ ਮੌਕੇ ਮੈਂ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕਰਦਾ ਹਾਂ, ਜਿਨ੍ਹਾਂ ਨੇ 562 ਰਿਆਸਤਾਂ ਨੂੰ ਇੱਕਜੁੱਟ ਕਰਕੇ ਇਸ ਨੂੰ ‘ਭਾਰਤ ਮਾਤਾ’ ਦਾ ਅਖੰਡ ਰੂਪ ਦਿੱਤਾ।
ਪੰਜਾਬ ਇੱਕ ਮਾਣਮੱਤਾ ਅਤੇ ਪ੍ਰੇਰਨਾਦਾਇਕ ਸੂਬਾ ਹੈ, ਜਿਸਨੇ ਆਪਣੀ ਅਦੁੱਤੀ ਹਿੰਮਤ, ਅਣਥੱਕ ਮਿਹਨਤ ਅਤੇ ਅਮੀਰ ਵਿਰਾਸਤ ਨਾਲ ਦੇਸ਼ ਨੂੰ ਸਦਾ ਪ੍ਰੇਰਿਤ ਕੀਤਾ ਹੈ। ਖੁਰਾਕ ਸੁਰੱਖਿਆ ਤੋਂ ਲੈ ਕੇ ਖੇਤੀ, ਉਦਯੋਗ ਅਤੇ ਉੱਦਮਤਾ ਤੱਕ ਪੰਜਾਬ ਨੇ ਅਹਿਮ ਯੋਗਦਾਨ ਪਾਇਆ ਹੈ। ਸੂਬੇ ’ਚ ਆਏ ਹਾਲੀਆ ਭਿਆਨਕ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ, ਪਰ ਇਸ ਦੌਰਾਨ ਪੰਜਾਬੀਆਂ ਦੀ ਹਿੰਮਤ, ਆਪਸੀ ਸਹਿਯੋਗ ਅਤੇ ਸੇਵਾ-ਭਾਵਨਾ ਸਭ ਤੋਂ ਵੱਧ ਪ੍ਰੇਰਕ ਰਹੀ। ਸੀਮਤ ਸਰੋਤਾਂ ਦੇ ਬਾਵਜੂਦ ਪੰਜਾਬ ਨੇ ਜਿਸ ਦ੍ਰਿੜਤਾ ਨਾਲ ਇਸ ਆਫ਼ਤ ਦਾ ਸਾਹਮਣਾ ਕੀਤਾ, ਉਹ ਪੂਰੇ ਦੇਸ਼ ਲਈ ਇੱਕ ਮਿਸਾਲ ਹੈ। ਸੂਬਾ ਸਰਕਾਰ ਲੋਕ ਸੇਵਾ ਅਤੇ ਪਾਰਦਰਸ਼ੀ ਸ਼ਾਸਨ ਦੇ ਮੰਤਰ ਨਾਲ ਅੱਗੇ ਵਧ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਨੇ ਹਰ ਖੇਤਰ ਵਿੱਚ ਨਵੇਂ ਮੀਲ ਪੱਥਰ ਕਾਇਮ ਕੀਤੇ ਹਨ। ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਜਨਵਰੀ 2026 ਤੋਂ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਨਕਦੀ ਰਹਿਤ ਇਲਾਜ ਮਿਲੇਗਾ। ਸਿਹਤ ਸੇਵਾਵਾਂ ਨੂੰ ਪਹੁੰਚਯੋਗ ਬਣਾਉਣ ਲਈ 881 ਆਮ ਆਦਮੀ ਕਲੀਨਿਕ ਅਤੇ 356 ਹਾਈ-ਟੈਕ ਐਂਬੂਲੈਂਸਾਂ ਸੂਬੇ ਭਰ ਵਿੱਚ ਕਾਰਜਸ਼ੀਲ ਹਨ। ਜੁਲਾਈ 2022 ਤੋਂ ਲਗਭਗ 90 ਫ਼ੀਸਦ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਟਿਊਬਵੈੱਲਾਂ ਨੂੰ 8 ਘੰਟਿਆਂ ਤੋਂ ਵੱਧ ਨਿਰਵਿਘਨ ਬਿਜਲੀ ਸਪਲਾਈ ਵੀ ਦਿੱਤੀ ਗਈ ਹੈ।
ਸਿੱਖਿਆ ਦੇ ਖੇਤਰ ਵਿੱਚ ਸੂਬਾ ਸਰਕਾਰ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਦੀ ਸ਼ੁਰੂਆਤ ਕੀਤੀ ਹੈ। 118 ਸਕੂਲ ਆਫ਼ ਐਮੀਨੈਂਸ ਰਾਹੀਂ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਅਧਿਆਪਕਾਂ-ਪ੍ਰਿੰਸੀਪਲਾਂ ਨੂੰ ਫਿਨਲੈਂਡ ਅਤੇ ਸਿੰਗਾਪੁਰ ਭੇਜ ਕੇ ਸਿੱਖਿਆ ਦੀ ਗੁਣਵੱਤਾ ਮਜ਼ਬੂਤ ਕੀਤੀ ਜਾ ਰਹੀ ਹੈ। ਧੀਆਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ, ਇਸ ਲਈ 230 ਤੋਂ ਵੱਧ ਵਾਹਨਾਂ ਰਾਹੀਂ ਵਿਦਿਆਰਥੀਆਂ ਨੂੰ ਆਵਾਜਾਈ ਸਹੂਲਤ ਮਿਲ ਰਹੀ ਹੈ। ਪੰਜਾਬ ਨੇ ਨੈਸ਼ਨਲ ਅਚੀਵਮੈਂਟ ਸਰਵੇ 2024 ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸੂਬਾ ਸਰਕਾਰ ਨੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਦਿਆਂ 63,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਇੱਕ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ।
ਖੇਤੀ ਅਤੇ ਬੁਨਿਆਦੀ ਢਾਂਚਾ ਪੰਜਾਬ ਦੀ ਰੀੜ੍ਹ ਹਨ। ਸਿੰਚਾਈ ਲਈ ਨਹਿਰੀ ਪਾਣੀ ਦੀ ਉਪਲੱਬਧਤਾ 21 ਫ਼ੀਸਦ ਤੋਂ ਵਧਾ ਕੇ 72 ਫ਼ੀਸਦ ਕੀਤੀ ਗਈ ਹੈ। 2,300 ਕਰੋੜ ਰੁਪਏ ਦੀ ਲਾਗਤ ਨਾਲ 150 ਕਿਲੋਮੀਟਰ ਲੰਮੀ ਮਾਲਵਾ ਨਹਿਰ ਦਾ ਨਿਰਮਾਣ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਹੈ, ਜੋ ਇਕ ਇਤਿਹਾਸਕ ਉਪਲੱਬਧੀ ਹੈ। ਕਿਸਾਨਾਂ ਦੀ ਭਲਾਈ ਲਈ ਝੋਨੇ ਦੀ ਸਿੱਧੀ ਬਿਜਾਈ ’ਤੇ ਪ੍ਰਤੀ ਏਕੜ 1,500 ਰੁਪਏ ਪ੍ਰੋਤਸਾਹਨ ਅਤੇ ਪਰਾਲੀ ਪ੍ਰਬੰਧਨ ਮਸ਼ੀਨਾਂ ’ਤੇ ਕਿਸਾਨ ਸਮੂਹਾਂ/ਪੰਚਾਇਤਾਂ ਨੂੰ 80 ਫ਼ੀਸਦ ਤੇ ਕਿਸਾਨਾਂ ਨੂੰ 50 ਫ਼ੀਸਦ ਸਬਸਿਡੀ ਦਿੱਤੀ ਜਾ ਰਹੀ ਹੈ। ਸਾਲ 2022 ਤੋਂ ਹੁਣ ਤੱਕ ਸੂਬਾ ਸਰਕਾਰ ਨੇ 1.5 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 5 ਲੱਖ ਤੋਂ ਵੱਧ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਬਣਨਗੇ। ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਈਜ਼ ਆਫ਼ ਡੂਇੰਗ ਬਿਜ਼ਨਸ ਵਿੱਚ ‘ਟੌਪ ਅਚੀਵਰ’ ਦਾ ਦਰਜਾ ਮਿਲਣਾ ਇਸਦਾ ਪ੍ਰਮਾਣ ਹੈ। ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਵਾਲੀਆਂ ਲਗਭਗ 19,000 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਜਾਰੀ ਹੈ। ਈਜ਼ੀ ਰਜਿਸਟਰੀ ਪ੍ਰਣਾਲੀ ਨਾਲ ਜੁਲਾਈ ਤੋਂ ਦਸੰਬਰ 2025 ਤੱਕ 3.7 ਲੱਖ ਤੋਂ ਵੱਧ ਰਜਿਸਟਰੀਆਂ ਹੋਈਆਂ ਹਨ। ਭ੍ਰਿਸ਼ਟਾਚਾਰ ਵਿਰੁੱਧ ‘ਜ਼ੀਰੋ ਟਾਲਰੈਂਸ’ ਨੀਤੀ, ਹੈਲਪਲਾਈਨ ਅਤੇ ‘ਸੜਕ ਸੁਰੱਖਿਆ ਫੋਰਸ’ ਸਰਕਾਰ ਦੀ ਜਨ-ਸੁਰੱਖਿਆ ਪ੍ਰਤੀ ਵਚਨਬੱਧਤਾ ਦਰਸਾਉਂਦੇ ਹਨ। ਡਿਊਟੀ ਦੌਰਾਨ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ। ਹੜ੍ਹਾਂ ਦੇ ਬਾਵਜੂਦ 156 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖ਼ਰੀਦ ਅਤੇ 37 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸਮੇਂ ਸਿਰ ਅਦਾਇਗੀ ਕੀਤੀ ਗਈ। ਗੰਨੇ ਲਈ 416 ਰੁਪਏ ਪ੍ਰਤੀ ਕੁਇੰਟਲ ਭਾਅ ਦੇਸ਼ ਵਿੱਚ ਸਭ ਤੋਂ ਵੱਧ ਹੈ।
ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕਰਕੇ ਗੁਰੂ ਸਾਹਿਬ ਦੇ ਜੀਵਨ, ਕੁਰਬਾਨੀ ਅਤੇ ਸਿੱਖਿਆਵਾਂ ’ਤੇ ਵਿਚਾਰ ਕੀਤਾ ਗਿਆ। ਨਾਲ ਹੀ ਸਿੱਖ ਤਖ਼ਤ ਸਾਹਿਬਾਨ ਨਾਲ ਜੁੜੇ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਗਿਆ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 1 ਮਾਰਚ 2025 ਤੋਂ 17 ਜਨਵਰੀ 2026 ਤੱਕ ਵਿਆਪਕ ਕਾਰਵਾਈ ਦੌਰਾਨ 31,441 ਮਾਮਲੇ ਦਰਜ ਹੋਏ, 45,137 ਤਸਕਰ ਗ੍ਰਿਫ਼ਤਾਰ ਕੀਤੇ ਗਏ, 1,962 ਕਿਲੋਗ੍ਰਾਮ ਹੈਰੋਇਨ, 28 ਟਨ ਭੁੱਕੀ ਅਤੇ 15.47 ਕਰੋੜ ਰੁਪਏ ਡਰੱਗ ਮਨੀ ਜ਼ਬਤ ਕੀਤੀ ਗਈ। ਅੰਤਰਰਾਸ਼ਟਰੀ ਸਰਹੱਦ ’ਤੇ 498 ਡਰੋਨ ਗਤੀਵਿਧੀਆਂ ਦਾ ਪਤਾ ਲੱਗਾ, 256 ਡਰੋਨ ਬਰਾਮਦ ਹੋਏ ਅਤੇ 299 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ 3,083 ਪਿੰਡਾਂ ਵਿੱਚ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹਨਾਂ ਯਤਨਾਂ ਨਾਲ ਅਸੀਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਕੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਉੱਜਵਲ ਭਵਿੱਖ ਵੱਲ ਲੈ ਜਾਵਾਂਗੇ ਤਾਂ ਜੋ ਪੰਜਾਬ ਇੱਕ ਵਾਰ ਫਿਰ ਰੰਗਲੇ ਪੰਜਾਬ ਵਜੋਂ ਆਪਣੀ ਮਾਣਮੱਤੀ ਪਛਾਣ ਹਾਸਲ ਕਰ ਸਕੇ।
ਦੇਸ਼ ਦੀ ਗੱਲ ਕਰੀਏ ਤਾਂ ਅੱਜ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ, ਇੱਕ ਪ੍ਰਭਾਵਸ਼ਾਲੀ ਵਿਸ਼ਵ ਸ਼ਕਤੀ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਪ੍ਰੇਰਣਾ ਬਣ ਚੁੱਕਾ ਹੈ। ਭਾਰਤ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ, ਜਿੱਥੇ 1.94 ਲੱਖ ਤੋਂ ਵੱਧ ਸਟਾਰਟਅੱਪ ਸਰਗਰਮ ਹਨ, ਜਿਨ੍ਹਾਂ ਵਿੱਚ 76 ਹਜ਼ਾਰ ਤੋਂ ਵੱਧ ਮਹਿਲਾਵਾਂ ਵੱਲੋਂ ਚਲਾਏ ਜਾ ਰਹੇ ਹਨ। ਰੱਖਿਆ ਖੇਤਰ ਵਿੱਚ 2024-25 ਦੌਰਾਨ ਉਤਪਾਦਨ 1.51 ਲੱਖ ਕਰੋੜ ਅਤੇ ਨਿਰਯਾਤ 23,622 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦਕਿ ਲਗਭਗ 65 ਫੀਸਦ ਰੱਖਿਆ ਉਪਕਰਨ ਦੇਸ਼ ਵਿੱਚ ਹੀ ਬਣ ਰਹੇ ਹਨ। ਚੰਦਰਯਾਨ-3, ਆਦਿਤਿਆ-ਐਲ 1, ਸਪੇਡੈਕਸ ਅਤੇ ਜੈਵਿਕ ਪ੍ਰਯੋਗਾਂ ਨੇ ਭਾਰਤ ਨੂੰ ਮੋਹਰੀ ਪੁਲਾੜ ਦੇਸ਼ ਬਣਾਇਆ ਹੈ। ‘ਇੰਡੀਆ ਏਆਈ ਮਿਸ਼ਨ’ ਹੇਠ 10,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਹੋਇਆ ਹੈ ਅਤੇ ਸੈਮੀਕੰਡਕਟਰ ਖੇਤਰ ਵਿੱਚ 10 ਯੂਨਿਟ ਸਥਾਪਿਤ ਹੋ ਰਹੇ ਹਨ, ਜਿਨ੍ਹਾਂ ਵਿੱਚ ਇੱਕ ਮੁਹਾਲੀ ਵਿੱਚ ਹੈ।
ਖੇਡਾਂ ਵਿੱਚ 2025 ਇਤਿਹਾਸਕ ਰਿਹਾ, ਪੁਰਸ਼ ਕ੍ਰਿਕਟ ਟੀਮ ਨੇ ਚੈਂਪੀਅਨਜ਼ ਟਰਾਫੀ, ਮਹਿਲਾ ਟੀਮ ਨੇ ਪਹਿਲਾ ਵਿਸ਼ਵ ਕੱਪ ਜਿੱਤਿਆ ਅਤੇ ਭਾਰਤ ਨੇ ਕਈ ਅੰਤਰਰਾਸ਼ਟਰੀ ਤਗ਼ਮੇ ਹਾਸਲ ਕੀਤੇ। 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਅਹਿਮਦਾਬਾਦ ਨੂੰ ਮਿਲਣਾ ਵੱਡੀ ਉਪਲੱਬਧੀ ਹੈ।
ਖੇਤੀ ਵਿੱਚ ਭਾਰਤ ਨੇ 2024-25 ਵਿੱਚ 357 ਮਿਲੀਅਨ ਟਨ ਅਨਾਜ ਪੈਦਾ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਮਹਿਲਾ ਸ਼ਕਤੀਕਰਨ ਲਈ ‘ਬੇਟੀ ਬਚਾਓ ਬੇਟੀ ਪੜ੍ਹਾਓ’, ‘ਲਖਪਤੀ ਦੀਦੀ’, ‘ਮੁਦਰਾ’ ਅਤੇ ‘ਮਿਸ਼ਨ ਸ਼ਕਤੀ’ ਵਰਗੀਆਂ ਯੋਜਨਾਵਾਂ ਕਾਰਗਰ ਸਾਬਤ ਹੋ ਰਹੀਆਂ ਹਨ। ਜੀ ਐੱਸ ਟੀ ਸੁਧਾਰਾਂ ਨਾਲ ਕਰ ਪ੍ਰਣਾਲੀ ਸੌਖੀ ਬਣੀ ਹੈ। ਸਿਹਤ ਖੇਤਰ ਵਿੱਚ 1 ਲੱਖ ਤੋਂ ਵੱਧ ਨਵੀਆਂ ਮੈਡੀਕਲ ਸੀਟਾਂ ਜੁੜੀਆਂ ਹਨ ਅਤੇ 800 ਤੋਂ ਵੱਧ ਮੈਡੀਕਲ ਕਾਲਜ ਹਨ। 1,338 ਯੂਨੀਵਰਸਿਟੀਆਂ ਅਤੇ 52,000 ਤੋਂ ਵੱਧ ਕਾਲਜਾਂ ਨਾਲ ਸਿੱਖਿਆ ਵਿੱਚ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਿੱਖਿਆ ਤੰਤਰ ਬਣ ਗਿਆ ਹੈ। ਪਹਿਲਗਾਮ ਹਮਲੇ ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਅਤੇ ‘ਆਪ੍ਰੇਸ਼ਨ ਮਹਾਦੇਵ’ ਨੇ ਅਤਿਵਾਦ ਵਿਰੁੱਧ ਭਾਰਤ ਦੀ ਫੈਸਲਾਕੁਨ ਨੀਤੀ ਦਰਸਾਈ। ਕੁੱਲ ਮਿਲਾ ਕੇ ਅੱਜ ਦਾ ਭਾਰਤ ਸਵੈ-ਨਿਰਭਰ, ਤਕਨੀਕੀ ਤੌਰ ’ਤੇ ਮਜ਼ਬੂਤ ਅਤੇ ਸੱਭਿਆਚਾਰਕ ਤੌਰ ’ਤੇ ਜਾਗਰੂਕ ਹੋ ਕੇ ਵਿਸ਼ਵ ਮੰਚ ’ਤੇ ਇੱਕ ਨਿਰਣਾਇਕ ਰਾਸ਼ਟਰ ਵਜੋਂ ਸਥਾਪਿਤ ਹੋ ਚੁੱਕਾ ਹੈ।
ਅੱਜ ਦਾ ਪੰਜਾਬ ਸੱਭਿਆਚਾਰ ਅਤੇ ਤਰੱਕੀ ਦਾ ਮਜ਼ਬੂਤ ਸੁਮੇਲ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪਣੇ ਮਿਹਨਤੀ ਕਿਸਾਨਾਂ, ਸਮਰਪਿਤ ਕਾਮਿਆਂ, ਪ੍ਰਤਿਭਾਸ਼ਾਲੀ ਨੌਜਵਾਨਾਂ ਅਤੇ ਵਚਨਬੱਧ ਪ੍ਰਸ਼ਾਸਨ ਦੇ ਨਾਲ ਪੰਜਾਬ ਆਉਣ ਵਾਲੇ ਸਮੇਂ ਵਿੱਚ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਵੱਡਾ ਯੋਗਦਾਨ ਪਾਵੇਗਾ। ਇਸ ਮੌਕੇ ਮੈਂ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਇੱਕ ਜਨ ਅੰਦੋਲਨ ਦੀ ਅਗਵਾਈ ਕਰਨ ਦਾ ਸੱਦਾ ਦਿੰਦਾ ਹਾਂ। ਨਸ਼ਾ ਸਮੱਸਿਆ ਨਹੀਂ, ਜ਼ਹਿਰ ਹੈ। ਆਓ ਅਸੀਂ ਆਪਣੀ ਜ਼ਿੰਦਗੀ ਨੂੰ ਸਿੱਖਿਆ, ਹੁਨਰ, ਖੇਡਾਂ, ਉੱਦਮਤਾ ਅਤੇ ਸੇਵਾ ’ਤੇ ਕੇਂਦਰਿਤ ਕਰੀਏ। ਇੱਕ ਸੁਚੇਤ, ਸਿਹਤਮੰਦ ਅਤੇ ਸਵੈ-ਨਿਰਭਰ ਨੌਜਵਾਨ ਹੀ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਹੈ।
ਇਸ ਗਣਤੰਤਰ ਦਿਵਸ ’ਤੇ ਆਓ ਅਸੀਂ ਪੰਜਾਬ ਸਮੇਤ ਸਮੁੱਚੇ ਭਾਰਤ ਨੂੰ ਵਿਕਸਤ, ਮਜ਼ਬੂਤ, ਸਵੈ-ਨਿਰਭਰ ਅਤੇ ਸਮਾਵੇਸ਼ੀ ਰਾਸ਼ਟਰ ਬਣਾਉਣ ਦਾ ਪ੍ਰਣ ਕਰੀਏ ।
ਜੈ ਹਿੰਦ! ਜੈ ਭਾਰਤ!

