ਬਹੁ-ਪਰਤੀ ਸੰਕਟ ’ਚ ਘਿਰਿਆ ਪੰਜਾਬ
ਪੰਜਾਬ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਨ੍ਹਾਂ ’ਚ ਨਸ਼ੇ, ਖ਼ੁਦਕੁਸ਼ੀਆਂ, ਬੇਰੁਜ਼ਗਾਰੀ, ਕਿਸਾਨੀ ਸੰਕਟ, ਗੈਂਗਸਟਰਵਾਦ, ਗ਼ਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ, ਜਬਰ-ਜਨਾਹ, ਕਰਜ਼ਾ, ਮਿਲਾਵਟਖੋਰੀ ਅਤੇ ਜਲ ਸੰਕਟ ਪ੍ਰਮੁੱਖ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਵਿੱਚੋਂ ਨਸ਼ਾਖੋਰੀ ਬਹੁਤ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ।...
ਪੰਜਾਬ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਨ੍ਹਾਂ ’ਚ ਨਸ਼ੇ, ਖ਼ੁਦਕੁਸ਼ੀਆਂ, ਬੇਰੁਜ਼ਗਾਰੀ, ਕਿਸਾਨੀ ਸੰਕਟ, ਗੈਂਗਸਟਰਵਾਦ, ਗ਼ਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ, ਜਬਰ-ਜਨਾਹ, ਕਰਜ਼ਾ, ਮਿਲਾਵਟਖੋਰੀ ਅਤੇ ਜਲ ਸੰਕਟ ਪ੍ਰਮੁੱਖ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਵਿੱਚੋਂ ਨਸ਼ਾਖੋਰੀ ਬਹੁਤ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸਾਲ 2025-26 ਵਿੱਚ ਪੰਜਾਬ ਦੀ ਵਿਕਰੀ ਨਾਲ 11,020 ਕਰੋੜ ਦੀ ਰਾਸ਼ੀ ਇਕੱਠੀ ਕਰਨ ਦਾ ਟੀਚਾ ਮਿਥਿਆ ਗਿਆ ਸੀ। ਚਾਲੂ ਵਿੱਤੀ ਸਾਲ ਵਿੱਚ 12,800 ਕਰੋੜ ਰੁਪਏ ਦੀ ਸ਼ਰਾਬ ਵੇਚ ਕੇ ‘ਪੰਜਾਬ ਦਾ ਵਿਕਾਸ’ ਕਰਨ ਦੀ ਯੋਜਨਾ ਉਲੀਕੀ ਗਈ ਹੈ। ਸਾਲ 2015-16 ਵਿੱਚ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕਿਆਂ ਰਾਹੀਂ 4,796 ਕਰੋੜ ਇਕੱਠੇ ਕਰਨ ਦਾ ਟੀਚਾ ਸੀ। ਸ਼ਰਾਬ ਦੇ ਤਕਰੀਬਨ 10,800 ਠੇਕਿਆਂ ਤੋਂ 12,800 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਦੇ ਹਿਸਾਬ ਨਾਲ ਪੰਜਾਬੀਆਂ ਦੀ ਆਮਦਨ ਵਿੱਚ ਵਾਧਾ ਨਹੀਂ ਹੋਇਆ। ਸਰਵੇਖਣ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਚਾਰ ਹਜ਼ਾਰ ਦੀ ਆਬਾਦੀ ਵਾਲੇ ਪਿੰਡ ਵਿੱਚ ਅੰਦਾਜ਼ਨ 30 ਹਜ਼ਾਰ ਰੁਪਏ ਦੀ ਸ਼ਰਾਬ ਰੋਜ਼ਾਨਾ ਪੀਤੀ ਜਾਂਦੀ ਹੈ। ਇਸ ਹਿਸਾਬ ਨਾਲ ਪਿੰਡ ’ਚੋਂ ਇੱਕ ਮਹੀਨੇ ਦੇ 9 ਲੱਖ ਅਤੇ ਸਾਲ ਦੇ 1.08 ਕਰੋੜ ਰੁਪਏ ਸ਼ਰਾਬ ਦੇ ਲੇਖੇ ਲੱਗ ਰਹੇ ਹਨ। ਇਹੋ ਰਕਮ ਪਿੰਡ ਦੇ ਸਰਬਪੱਖੀ ਵਿਕਾਸ ’ਤੇ ਖਰਚ ਕੇ ਵਿਦਿਅਕ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਘਰ ਦੀ ਕੱਢੀ ਸ਼ਰਾਬ ਅਤੇ ਗੁਆਂਢੀ ਰਾਜਾਂ ਤੋਂ ਲਿਆਂਦੀ ਸ਼ਰਾਬ ਤੋਂ ਇਲਾਵਾ ਅੰਦਾਜ਼ਨ 41 ਕਰੋੜ ਸ਼ਰਾਬ ਦੀਆਂ ਬੋਤਲਾਂ ਮਾਨਤਾ ਪ੍ਰਾਪਤ ਸ਼ਰਾਬ ਦੇ ਠੇਕਿਆਂ ਤੋਂ ਵਿਕਦੀਆਂ ਹਨ। ਜੇਕਰ ਇਨ੍ਹਾਂ 41 ਕਰੋੜ ਬੋਤਲਾਂ ਨੂੰ ਪੈਟਰੋਲ ਪੰਪ ਵਾਲੇ 12,000 ਲਿਟਰ ਦੀ ਸਮਰੱਥਾ ਵਾਲੇ ਟੈਂਕਰਾਂ ਵਿੱਚ ਭਰ ਦਿੱਤਾ ਜਾਵੇ ਤਾਂ 15,291 ਟੈਂਕਰ ਭਰ ਜਾਣਗੇ। ਜੇਕਰ ਇਨ੍ਹਾਂ ਟੈਂਕਰਾਂ ਨੂੰ ਕਤਾਰ ਵਿੱਚ ਖੜ੍ਹਾ ਕੀਤਾ ਜਾਵੇ ਤਾਂ 152 ਕਿਲੋਮੀਟਰ ਲੰਮੀ ਲਾਈਨ ਲੱਗ ਜਾਵੇਗੀ। ਦੂਜੇ ਸ਼ਬਦਾਂ ਵਿੱਚ ਸੰਗਰੂਰ ਤੋਂ ਜਲੰਧਰ ਦਾ ਫਾਸਲਾ 135 ਕਿਲੋਮੀਟਰ ਹੈ ਅਤੇ ਇਹ ਟੈਂਕਰ ਜਲੰਧਰ ਤੋਂ 17 ਕਿਲੋਮੀਟਰ ਅਗਾਂਹ ਤੱਕ ਪੁੱਜ ਜਾਣਗੇ। ਇਨ੍ਹਾਂ ਸ਼ਰਾਬ ਪੀਣ ਵਾਲਿਆਂ ’ਚੋਂ 30 ਫ਼ੀਸਦੀ ਹੈਪੇਟਾਈਟਸ ਸੀ, 20 ਫ਼ੀਸਦੀ ਹੈਪੇਟਾਈਟਸ ਬੀ ਅਤੇ 10 ਫ਼ੀਸਦੀ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਬਹੁਤ ਸਾਰੇ ਸ਼ਰਾਬੀ ਗੁਰਦੇ ਖ਼ਰਾਬ ਹੋਣ, ਤਣਾਅ, ਅਨੀਮੀਆ, ਗਠੀਆ ਤੇ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣ ਕਾਰਨ ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ ’ਤੇ ਖੋਖਲੇ ਹੋ ਰਹੇ ਹਨ। ਗਲਾਸ ਅਤੇ ਗੰਡਾਸੀ ਦੇ ਮੇਲ ਕਾਰਨ 60 ਫ਼ੀਸਦੀ ਹਾਦਸੇ, 90 ਫ਼ੀਸਦੀ ਤੇਜ਼ਧਾਰ ਹਥਿਆਰਾਂ ਨਾਲ ਹਮਲੇ, 69 ਫ਼ੀਸਦੀ ਜਬਰ-ਜਨਾਹ, 74 ਫ਼ੀਸਦੀ ਡਕੈਤੀਆਂ ਅਤੇ 80 ਫ਼ੀਸਦੀ ਦੁਸ਼ਮਣੀ ਦੀ ਕਿੜ ਕੱਢਣ ਲਈ ਝਗੜੇ ਹੋ ਰਹੇ ਹਨ। ਅਜਿਹੇ ’ਚ ਆਤਮਿਕ ਸ਼ਕਤੀ, ਦ੍ਰਿੜ੍ਹ ਇੱਛਾ ਸ਼ਕਤੀ, ਜ਼ਿੰਦਗੀ ਜਿਊਣ ਦਾ ਚਾਅ, ਗ਼ੈਰਤ, ਸ਼ਰਮ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਆਸ ਨਸ਼ੇੜੀ ਤੋਂ ਕਿਵੇਂ ਰੱਖੀ ਜਾ ਸਕਦੀ ਹੈ?
ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਰਾਬ ਰਾਹੀਂ ਇਕੱਠੇ ਕੀਤੇ ਮਾਲੀਏ ਤੋਂ ਕਿਤੇ ਵੱਧ ਖਰਚ ਇਨ੍ਹਾਂ ਬਿਮਾਰੀਆਂ ਨੂੰ ਰੋਕਣ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ, ਮੌਤਾਂ ਦੇ ਮੁਆਵਜ਼ੇ ਅਤੇ ਇਸ ਤੋਂ ਵੱਧ ਇਸ ਦੀ ਵਰਤੋਂ ਕਾਰਨ ਅਸਥਿਰਤਾ ਅਤੇ ਰੋਕਥਾਮ ’ਤੇ ਖਰਚ ਹੋ ਜਾਂਦਾ ਹੈ। ਸ਼ਰਾਬ ਦੇ ਕਹਿਰ ਕਾਰਨ ਲੋਕਾਂ ਦੀਆਂ ਮੌਤਾਂ ਹੋਣ ਤੋਂ ਇਲਾਵਾ ਤਕਰੀਬਨ ਤਲਾਕ ਦੇ 18 ਕੇਸ ਰੋਜ਼ਾਨਾ ਪੰਜਾਬ ਦੀਆਂ ਅਦਾਲਤਾਂ ਵਿੱਚ ਦਾਖ਼ਲ ਹੋ ਰਹੇ ਹਨ, ਜਿਨ੍ਹਾਂ ਵਿੱਚ ਵਿਆਹੀਆਂ ਕੁੜੀਆਂ ਸ਼ਰਾਬੀ ਪਤੀ ਤੋਂ ਦੁਖੀ ਹੋ ਕੇ ਤਲਾਕ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਰਹੀਆਂ ਹਨ। ਠੇਕਿਆਂ ਤੋਂ ਇਲਾਵਾ ਸ਼ਰਾਬ ਦਾ ਕਾਲਾ ਕਾਰੋਬਾਰ ਕਰਨ ਵਾਲੇ ਵਿਅਕਤੀ ਜ਼ਹਿਰੀਲੇ ਰਸਾਇਣਕ ਪਦਾਰਥ ਨਾਲ ਘਰ ਹੀ ਤਿਆਰ ਕੀਤੀ ਸ਼ਰਾਬ ਨੂੰ ‘ਸਸਤੀ ਅਤੇ ਵਧੀਆ ਸ਼ਰਾਬ’ ਦੱਸ ਕੇ ਮੌਤ ਦਾ ਸਾਮਾਨ ਵੰਡਦੇ ਹਨ। ਪਿਛਲੇ ਇੱਕ ਦਹਾਕੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਤਕਰੀਬਨ 200 ਘਰਾਂ ਵਿੱਚ ਸੱਥਰ ਵਿਛਾਏ ਹਨ। ਕਈ ਆਪਣੀਆਂ ਅੱਖਾਂ ਦੀ ਨਜ਼ਰ ਗੁਆ ਚੁੱਕੇ ਹਨ। 27-28 ਅਕਤੂਬਰ 2010 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 16 ਮੌਤਾਂ ਹੋਈਆਂ। ਕੁਝ ਦੇਰ ਪੰਜਾਬ ਵਿੱਚ ਸੰਨਾਟਾ ਛਾਇਆ ਰਿਹਾ। ਫਿਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੁਝ ਮੁਆਵਜ਼ਾ ਦੇ ਦਿੱਤਾ ਗਿਆ। ਜੁਲਾਈ-ਅਗਸਤ 2020 ਵਿੱਚ ਕਰੋਨਾ ਕਾਲ ਸਮੇਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਦੇ ਕਈ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਨੇ 121 ਲੋਕਾਂ ਦੀ ਜਾਨ ਲਈ। 16 ਜਣਿਆਂ ਦੀਆਂ ਅੱਖਾਂ ਦੀ ਜੋਤ ਚਲੀ ਗਈ। ਸਿਆਸਤਦਾਨਾਂ ਦੀਆਂ ਰਾਜਪੁਰਾ ਅਤੇ ਖੰਨਾ ’ਚ ਨਾਜਾਇਜ਼ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਦੀਆਂ ਫੈਕਟਰੀਆਂ ਵੀ ਫੜੀਆਂ ਗਈਆਂ। ਅੱਠ ਅਪਰੈਲ 2023 ਨੂੰ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋਈ। 20 ਮਾਰਚ 2024 ਨੂੰ ਸੁਨਾਮ ਤਹਿਸੀਲ ਦੇ ਪਿੰਡ ਗੁੱਜਰਾਂ ਤੇ ਟਿੱਬੀ ਰਵੀਦਾਸਪੁਰਾ ’ਚ ਜ਼ਹਿਰੀਲੀ ਸ਼ਰਾਬ ਕਾਰਨ 21 ਮੌਤਾਂ ਹੋਈਆਂ, ਚਾਰ ਵਿਅਕਤੀਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ 49 ਵਿਅਕਤੀ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹੋਏ। ਪਿੰਡ ਵਾਲਿਆਂ ਅਤੇ ਪੰਚਾਇਤ ਨੇ ਸ਼ਰ੍ਹੇਆਮ ਦੁਹਾਈ ਦਿੱਤੀ ਕਿ ਇਸ ਕਾਲੇ ਧੰਦੇ ਨੂੰ ਰੋਕਣ ਲਈ ਉਨ੍ਹਾਂ ਨੇ ਅਧਿਕਾਰੀਆਂ ਤੱਕ ਪਹੁੰਚ ਕੀਤੀ, ਪਰ ਕਿਧਰੇ ਕੋਈ ਸੁਣਵਾਈ ਨਹੀਂ ਹੋਈ। ਹੈਰਾਨੀ ਇਸ ਗੱਲ ਦੀ ਸੀ ਕਿ ਜਿੱਥੇ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਦੀ ਮਿੰਨੀ ਫੈਕਟਰੀ ਲਾਈ ਗਈ ਸੀ, ਉੱਥੋਂ ਥਾਣਾ ਸਿਰਫ਼ ਦੋ ਕਿਲੋਮੀਟਰ ਦੀ ਵਿੱਥ ’ਤੇ ਸੀ। ਇਸੇ ਤਰ੍ਹਾਂ ਮਈ 2025 ਵਿੱਚ ਮਜੀਠਾ ਦੇ ਨੇੜੇ-ਤੇੜੇ ਦੇ ਪੰਜ ਪਿੰਡਾਂ ਦੇ 24 ਘਰਾਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਸੱਥਰ ਵਿਛੇ। ਦਸ ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਹਾਲਾਂਕਿ, ਮਜੀਠਾ ਇਲਾਕੇ ਵਿੱਚ ਜ਼ਹਿਰੀਲੇ ਰਸਾਇਣਕ ਪਦਾਰਥ ਮੀਥੇਨੌਲ ਨਾਲ ਸ਼ਰਾਬ ਤਿਆਰ ਕਰਕੇ ਵੇਚਣ ਦੀ ਚਰਚਾ ਹੈ। ਜ਼ਹਿਰੀਲੀ ਸ਼ਰਾਬ ਸਸਤੀ ਹੋਣ ਕਾਰਨ ਮਜ਼ਦੂਰ ਅਤੇ ਗ਼ਰੀਬ ਤਬਕਾ ਇਸ ਦੀ ਵਰਤੋਂ ਕਰ ਰਿਹਾ ਹੈ। ਦੁਖਾਂਤਕ ਪੱਖ ਇਹ ਹੈ ਕਿ ਨਾਬਾਲਗ ਬੱਚੇ ਜ਼ਹਿਰੀਲੀ ਸ਼ਰਾਬ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਭਰ ਕੇ ਵੰਡਦੇ ਹਨ। ਸਰਕਾਰ ਦਾ ਮੁੱਢਲਾ ਕੰਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਹੈ। ਪਹਿਲਾਂ ਹੋਏ ਸ਼ਰਾਬ ਕਾਂਡਾਂ ਵਾਂਗ ਇੱਕ ਹੋਰ ਕਾਂਡ ਲੋਕਾਂ ਦੀ ਬਲੀ ਨਾ ਲੈ ਲਵੇ, ਇਸ ਸਬੰਧੀ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ।
ਸੰਪਰਕ: 94171-48866
