ਪੰਜਾਬ ਦਾ ਜੰਮਿਆ ਅੰਗਰੇਜ਼ੀ ਲੇਖਕ ਵੇਦ ਮਹਿਤਾ ਨਹੀਂ ਰਿਹਾ...

ਪੰਜਾਬ ਦਾ ਜੰਮਿਆ ਅੰਗਰੇਜ਼ੀ ਲੇਖਕ ਵੇਦ ਮਹਿਤਾ ਨਹੀਂ ਰਿਹਾ...

ਸੁਭਾਸ਼ ਪਰਿਹਾਰ

ਸੁਭਾਸ਼ ਪਰਿਹਾਰ

ਅਸਾਧਾਰਨ ਪ੍ਰਤਿਭਾ

ਇਸ 9 ਜਨਵਰੀ ਨੂੰ ਲਗਭਗ 86 ਸਾਲ ਦੀ ਉਮਰ ਵਿਚ ਪੰਜਾਬੀ ਮੂਲ਼ ਦਾ ਅੰਗਰੇਜ਼ੀ ਲੇਖਕ ਵੇਦ ਮਹਿਤਾ ਗੁਜ਼ਰ ਗਿਆ। ਉਹ ਦੋ ਦਰਜਨ ਅੰਗਰੇਜ਼ੀ ਕਿਤਾਬਾਂ ਅਤੇ ਸੈਂਕੜੇ ਲੇਖਾਂ ਦਾ ਰਚੇਤਾ ਸੀ। ਉਸ ਦੀ ਕਰਮਭੂਮੀ ਮੁੱਖ ਤੌਰ 'ਤੇ ਅਮਰੀਕਾ ਰਹੀ ਭਾਵੇਂ ਵਿਚ ਵਿਚ ਉਹ ਆਪਣੀਆਂ ਲਿਖਤਾਂ ਲਈ ਕੱਚੀ ਸਾਮੱਗਰੀ ਪ੍ਰਾਪਤ ਕਰਨ ਲਈ ਭਾਰਤ ਆਉਂਦਾ ਰਹਿੰਦਾ ਸੀ। ਮੰਨਿਆ ਜਾਂਦਾ ਹੈ ਕਿ ਅਮਰੀਕੀ ਲੋਕਾਂ ਨੂੰ ਉਸ ਨੇ ਹੀ ਆਪਣੀਆਂ ਲਿਖਤਾਂ ਰਾਹੀਂ ਜਾਣੂੰ ਕਰਵਇਆ ਸੀ।

ਵੇਦ ਮਹਿਤਾ ਦਾ ਜਨਮ 31 ਮਾਰਚ 1934 ਨੂੰ ਆਪਣੇ ਸਮੇਂ ਦੇ ਲਾਹੌਰ ਦੇ ਪ੍ਰਸਿੱਧ ਡਾਕਟਰ ਅਮੋਲਕ ਰਾਮ ਮਹਿਤਾ ਦੇ ਘਰ ਹੋਇਆ ਸੀ। ਬਦਕਿਸਮਤੀ ਨਾਲ ਕਿਸੇ ਬਿਮਾਰੀ ਕਾਰਨ ਉਹ ਤਿੰਨ ਸਾਲ ਦੀ ਉਮਰ ਵਿਚ ਹੀ ਅੱਖਾਂ ਦੀ ਜੋਤ ਪੂਰੀ ਤਰ੍ਹਾਂ ਗੁਆ ਬੈਠਾ। ਜੇਕਰ ਉਹ ਕਿਸੇ ਸਾਧਾਰਨ ਪਰਿਵਾਰ ਵਿਚ ਪੈਦਾ ਹੋਇਆ ਹੁੰਦਾ ਤਾਂ ਤੁਸੀਂ ਉਸ ਦੇ ਬਾਕੀ ਦੇ ਨਰਕੀ ਜੀਵਨ ਦੀ ਕਲਪਨਾ ਸਹਿਜੇ ਹੀ ਕਰ ਸਕਦੇ ਹੋ। ਪਰ ਡਾਕਟਰ ਪਿਤਾ ਰੌਸ਼ਨ-ਦਿਮਾਗ਼ ਸ਼ਖ਼ਸ ਸੀ। ਉਹ ਜਾਣਦਾ ਸੀ ਕਿ ਬ੍ਰਿਟਿਸ਼ ਕਵੀ ਜੌਨ੍ਹ ਮਿਲਟਨ (1608-74) ਨੇ ਪੈਰੱਡਾਇਸ ਲਾੱਸਟ ਅਤੇ ਪੈਰੱਡਾਇਸ ਰੀਗੇਅੰਡ ਜਿਹੀਆਂ ਸ਼ਾਹਕਾਰ ਲਿਖਤਾਂ 1652 ਵਿਚ ਪੂਰੀ ਤਰ੍ਹਾਂ ਅੰਨ੍ਹਾ ਹੋ ਜਾਣ ਮਗਰੋਂ ਹੀ ਲਿਖੀਆਂ ਸਨ। ਇਸ ਲਈ ਉਸ ਨੇ ਨਾ ਤਾਂ ਹਿੰਮਤ ਹਾਰੀ ਅਤੇ ਨਾ ਹੀ ਭਾਵੁਕਤਾ ਵਿਚ ਪਿਆ ਸਗੋਂ ਬੱਚੇ ਨੂੰ ਆਪਣੇ ਤੋਂ 1300 ਮੀਲ ਦੂਰ ਬੰਬਈ ਵਿਖੇ ਦਾਦਰ ਦੇ ਬਲਾਈਂਡ ਸਕੂਲ ਵਿਚ ਭਰਤੀ ਕਰਵਾ ਦਿੱਤਾ। ਇੱਥੇ ਸਿੱਖਿਆ ਪੂਰੀ ਕਰਨ ਮਗਰੋਂ ਉੱਚ ਪੜ੍ਹਾਈ ਲਈ ਉਸ ਨੂੰ ਅਮਰੀਕਾ ਅਤੇ ਇੰਗਲੈਂਡ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਭੇਜਿਆ। ਸਿੱਖਿਆ ਪੂਰੀ ਕਰਕੇ ਵੇਦ ਨੇ ਸਿਰਜਨਾਤਮਕ ਲੇਖਣ ਸ਼ੁਰੂ ਕੀਤਾ। 1957 ਵਿਚ ਉਸ ਦੀ ਪਹਿਲੀ ਕਿਤਾਬ ‘ਫ਼ੇਸ ਟੂ ਫ਼ੇਸ’ (Face to Face) ਛਪ ਗਈ। 1975 ਵਿਚ ਉਸ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਅਤੇ ਉਮਰ ਦੇ ਆਖ਼ਰੀ ਸਮੇਂ ਤੀਕ ਉੱਥੇ ਹੀ ਰਿਹਾ।

ਵੇਦ ਮਹਿਤਾ ਦੇ ਨਾਂ ਨਾਲ ਮੇਰੀ ਪਹਿਲੀ ਵਾਕਫ਼ੀਅਤ ਦਹਾਕਿਆਂ ਪਹਿਲਾਂ ਖੁਸ਼ਵੰਤ ਸਿੰਘ ਰਾਹੀਂ ਸੰਪਾਦਿਤ ਹਫ਼ਤਾਵਾਰੀ ਮੈਗਜ਼ੀਨ ਇਲਸਟ੍ਰੇਟਿਡ ਵੀਕਲੀ ਆੱਫ਼ ਇੰਡੀਆ ਰਾਹੀਂ ਹੋਈ ਸੀ। ਉਸ ਬਾਰੇ ਥੋੜ੍ਹਾ-ਬਹੁਤ ਹੋਰ ਬਲਵੰਤ ਗਾਰਗੀ ਦੀ ਸਵੈ-ਜੀਵਨੀ ਨੰਗੀ ਧੁੱਪ ਵਿਚ ਪੜ੍ਹਿਆ। ਪਰ ਗਾਰਗੀ ਨੇ ਆਪਣੀ ਕਿਤਾਬ ਵਿਚ ਵੇਦ ਮਹਿਤਾ ਦੀ ਬਹੁਤ ਮਾੜੀ ਤਸਵੀਰ ਖਿੱਚੀ ਹੈ। ਉਸ ਮੁਤਾਬਿਕ, ਨਿਊਯਾਰਕ ਵਿਖੇ “ਵੇਦ ਮਹਿਤਾ ਆਪਣੇ ਸ਼ਾਹੀ ਫਲੈਟ ਵਿਚ ਪਾਰਟੀਆਂ ਕਰਦਾ ਤਾਂ ਆਪਣੇ ਸੈਕਸ ਗਿਆਨ ਨੂੰ ਦਿਖਾਉਣ ਲਈ ਪਾਰਟੀ ਵਿਚ ਬੈਠੀਆਂ ਤੀਵੀਂਆਂ ਤੇ ਮਰਦਾਂ ਨਾਲ ਬਹੁਤ ਨਿਸੰਗ ਤੇ ‘ਪੱਕੀ’ ਸ਼ਬਦਾਵਲੀ ਵਿਚ ਗੱਲਾਂ ਕਰਦਾ।’’ ਇਸ ਬਾਰੇ ਜਦ ਮੈਂ ਵੇਦ ਮਹਿਤਾ ਨੂੰ ਈ-ਮੇਲ ਕੀਤੀ ਤਾਂ ਉਸ ਦਾ ਤੁਰਤ ਜਵਾਬ ਆਇਆ: “ਬਲਵੰਤ ਇਜ਼ ਏ ਲਾਇਰ (ਬਲਵੰਤ ਝੂਠਾ ਹੈ)।” ਮਹਿਤਾ ਦੇ ਜੀਵਨ ਬਾਰੇ ਜਿੰਨਾ ਕੁ ਮੈਂ ਪੜ੍ਹਿਆ ਹੈ ਉਸ ਤੋਂ ਪਤਾ ਲੱਗਦਾ ਹੈ ਉਹ ਬਹੁਤ ਹੀ ਸੰਵੇਦਨਸ਼ੀਲ ਕਿਸਮ ਦਾ ਗੰਭੀਰ ਬੰਦਾ ਸੀ, ਅਜਿਹਾ ਨਹੀਂ ਜੋ ਆਪਣੀ ਲਿਖਤ ਨੂੰ ਵਿਕਾਊ ਬਣਾਉਣ ਲਈ ਕਿਸੇ ਬਾਰੇ ਕੁਝ ਵੀ ਊਲ-ਜਲੂਲ ਲਿਖ ਸਕਦਾ ਸੀ।

ਮਹਿਤਾ ਦੀ ਜੋ ਪਹਿਲੀ ਲਿਖਤ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ ਉਹ ਸੀ ਕਿਤਾਬ ‘ਰਿਮੈਂਬਰਿੰਗ ਮਿਸਟਰ ਸ਼ਾਅਨ’ਜ਼ ਨਯੂ ਯਾੱਰਕਰ’ (Remembering Mr. Shawn’s New Yorker) ਜੋ ਪਹਿਲੀ ਵਾਰ 1998 ਵਿਚ ਪ੍ਰਕਾਸ਼ਿਤ ਹੋਈ ਸੀ। ਕਿਤਾਬ ਦੇ ਮੁੱਖ ਟਾਈਟਲ ਤੋਂ ਕੁਝ ਪਤਾ ਨਹੀਂ ਲੱਗਦਾ ਕਿ ਇਸ ਕਿਤਾਬ ਦਾ ਵਿਸ਼ਾ ਕੀ ਹੋ ਸਕਦਾ ਹੈ। ਪਰ ਮੈਨੂੰ ਖਿੱਚ ਪਾਉਣ ਵਾਲੀ ਚੀਜ਼ ਸੀ ਕਿਤਾਬ ਦਾ ਸਬ-ਟਾਈਟਲ:ਦਿ ਇਨਵਿਜ਼ੀਬਲ ਆਰਟ ਆੱਫ਼ ਐਡਿਟਿੰਗ (The Invisible Art of Editing)। ਦਰਅਸਲ ਦਿ ਨਯੂ ਯਾੱਰਕਰ (The New Yorker) ਇੱਕ ਪ੍ਰਸਿੱਧ ਅਮਰੀਕਨ ਹਫ਼ਤਾਵਾਰੀ ਮੈਗ਼ਜ਼ੀਨ ਦਾ ਨਾਂ ਹੈ ਜੋ 1925 ਤੋਂ ਲਗਾਤਾਰ ਛਪ ਰਿਹਾ ਹੈ। ਵਿਲੀਅਮ ਸ਼ਾਅਨ ਇਸ ਮੈਗ਼ਜ਼ੀਨ ਦਾ 1952 ਤੋਂ 1987 ਤੀਕ ਮੁੱਖ ਸੰਪਾਦਕ ਰਿਹਾ ਸੀ। ਵੇਦ ਮਹਿਤਾ ਨੇ ਤਿੰਨ ਦਹਾਕੇ ਤੋਂ ਵੱਧ ਸਮਾਂ ਇਸ ਮੈਗ਼ਜ਼ੀਨ ਵਿਚ ਬਤੌਰ ‘ਸਟਾਫ਼ ਲੇਖਕ’ ਕੰਮ ਕੀਤਾ ਸੀ। ਕਿਤਾਬ-ਸਿਰਜਣਾ ਦੇ ਹਰ ਪਹਿਲੂ ਵਿਚ ਮੇਰੀ ਰੁਚੀ ਹੋਣ ਕਾਰਨ ਮੈਂ ਕਿਤਾਬ ਪੜ੍ਹੀ। ਹੁਣ ਵੀ ਇਹ ਮੇਰੀਆਂ ਪਸੰਦੀਦਾ ਕਿਤਾਬਾਂ ਵਿਚੋਂ ਇਕ ਹੈ ਜਿਸ ਨੂੰ ਮੈਂ ਗਾਹੇ-ਬਗਾਹੇ ਮੁੜ-ਮੁੜ ਪੜ੍ਹਦਾ ਰਹਿੰਦਾ ਹਾਂ।

ਇਸ ਕਿਤਾਬ ਵਿਚ ਮਿਸਟਰ ਸ਼ਾਅਨ ਦੀ ਬੌਧਿਕ, ਨਿੱਘੀ, ਨਿਰਮਾਣ ਅਤੇ ਪਿਆਰੀ ਸ਼ਖ਼ਸੀਅਤ ਇੰਨੀ ਖ਼ੂਬਸੂਰਤੀ ਨਾਲ ਪੇਸ਼ ਕੀਤੀ ਗਈ ਹੈ ਕਿ ਪਾਠਕ ਨੂੰ ਉਸ ਨਾਲ ਇਸ਼ਕ ਹੋ ਜਾਂਦਾ ਹੈ। ਦਰਅਸਲ ਇਕੋ ਮੈਗ਼ਜ਼ੀਨ ਲਈ ਕੰਮ ਕਰਨ ਦੌਰਾਨ ਮਹਿਤਾ ਅਤੇ ਸ਼ਾਅਨ ਆਪਸ ਵਿਚ ਇੰਨਾ ਨੇੜੇ ਆ ਗਏ ਕਿ ਵੇਦ ਨੂੰ ਉਸ ਅੰਦਰ ਆਪਣਾ ਪਿਤਾ ਦਿਸਣ ਲੱਗ ਪਿਆ। ਸ਼ਾਅਨ ਦੇ ਵਿਅਕਤੀ ਚਿਤਰਣ ਦੇ ਨਾਲ ਨਾਲ ਇਹ ਕਿਤਾਬ ਵੇਦ ਮਹਿਤਾ ਦੇ ਵਿਅਕਤੀਗਤ ਸੰਘਰਸ਼ ਦੀ ਗਾਥਾ ਵੀ ਹੈ ਜਿਸ ਨਾਲ ਇਹ ਗ਼ਲਤਫ਼ਹਿਮੀ ਵੀ ਦੂਰ ਹੋ ਜਾਂਦੀ ਹੈ ਕਿ ਅਮਰੀਕਾ ਵਰਗੇ ਪੱਛਮੀ ਮੁਲਕਾਂ ਵਿਚ ਤਾਂ ਲੇਖਕ ਮਾਇਆ ਵਿਚ ਖੇਡਦੇ ਹਨ (ਪੱਛਮੀ ਸਾਹਿਤ ਜਗਤ ਦੇ ਇਸ ਪਹਿਲੂ ’ਤੇ ਨੋਬੇਲ ਪੁਰਸਕਾਰ ਜੇਤੂ ਲੇਖਕ ਵੀ.ਐੱਸ. ਨਾਇਪਾੱਲ ਦੀ ਆਪਣੇ ਪਿਤਾ ਨਾਲ ਕੀਤੀ ਖ਼ਤ-ਓ-ਕਿਤਾਬਤ ਦੀ ਕਿਤਾਬ ‘ਬਿਟਵਿਨ ਫ਼ਾਦਰ ਐਂਡ ਸਨ: ਫ਼ੈਮਲੀ ਲੈਟਰਜ਼’ [Between Father and Son: Family Letters] ਵੀ ਪੜ੍ਹਨ-ਯੋਗ ਹੈ)।

ਇਸ ਕਿਤਾਬ ਤੋਂ ਸੰਪਾਦਨ ਕਲਾ ਦੀਆਂ ਬਾਰੀਕੀਆਂ ਦੇ ਦਰਸ਼ਨ ਵੀ ਹੁੰਦੇ ਹਨ। ਸੰਪਾਦਕ ਕਿੰਨੀ ਮਿਹਨਤ ਨਾਲ ਕਿਸੇ ਹੋਰ ਦੀ ਲਿਖਤ ਨੂੰ ਸੰਵਾਰਦਾ-ਸਜਾਉਂਦਾ ਹੈ, ਉਹ ਵੀ ਬਿਨਾ ਇਸ ਦਾ ਕ੍ਰੇਡਿਟ ਲਏ। ਕਿਵੇਂ ਵੱਡੇ ਲੇਖਕ ਇੱਕ ਇੱਕ ਸ਼ਬਦ ਨੂੰ ਟੁਣਕਾ ਕੇ ਵੇਖਣ ਮਗਰੋਂ ਹੀ ਵਰਤਦੇ ਹਨ!

ਵੇਦ ਮਹਿਤਾ ਦੀ ਜੋ ਦੂਜੀ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ, ਉਹ ਸੀ: ਆਲ ਫ਼ਾਰ ਲਵ (All for Love) ਜੋ ਪਹਿਲੀ ਵਾਰ 2001 ਵਿਚ ਛਪੀ ਸੀ। ਇਹ ਕਿਤਾਬ ਉਸ ਦੀ ਬਾਰਾਂ ਜਿਲਦਾਂ ਵਿਚ ‘ਕੰਟੀਨੈਂਟਸ ਆੱਫ਼ ਏਕਸਾਇਲ’ (Continents of Exile) ਦੇ ਮੁੱਖ ਟਾਈਟਲ ਅਧੀਨ ਛਪੀਆਂ ਕਿਤਾਬਾਂ ਵਿਚੋਂ ਇੱਕ ਹੈ। ਇਸ ਵਿਚ ਵੇਦ ਦੀ ਜ਼ਿੰਦਗੀ ਵਿਚ ਇੱਕ ਤੋਂ ਬਾਅਦ ਇੱਕ ਕਰਕੇ ਆਈਆਂ ਚਾਰ ਲੜਕੀਆਂ ਨਾਲ ਆਪਣੇ ਅਸਫ਼ਲ ਸਾਥ ਦਾ ਵੇਰਵਾ ਹੈ। ਇਸ ਪਿੱਛੋਂ ਲੇਖਕ ਇਕ ਮਨੋਚਿਕਿਤਸਕ ਡਾਕਟਰ ਕੋਲ ਜਾਂਦਾ ਹੈ ਤਾਂ ਜੋ ਉਹ ਇਨ੍ਹਾਂ ਸਬੰਧਾਂ ਦੀ ਅਸਫ਼ਲਤਾ ਦੇ ਕਾਰਨਾਂ ਨੂੰ ਸਮਝ ਸਕੇ। ਕਿਤਾਬ ਦੇ ਇਸ ਭਾਗ ਵਿਚ ਉਹ ਮਨੋਚਿਕਿਤਸਕ ਮਨੁੱਖੀ ਮਨ ਦੀਆਂ ਤਹਿਆਂ, ਅਚੇਤ ਵਿਚ ਦਬੇ ਡਰ, ਇੱਛਾਵਾਂ ਅਤੇ ਗੁੰਝਲਾਂ ਦੀਆਂ ਤੰਦਾਂ ਨੂੰ ਬਹੁਤ ਹੀ ਬਾਰੀਕੀ ਨਾਲ ਸੁਲਝਾਉਂਦਾ ਹੈ। ਵੇਦ ਦਾ ਔਰਤਾਂ ਨਾਲ ਆਪਣੇ ਸਬੰਧਾਂ ਦਾ ਵੇਰਵਾ ਬਲਵੰਤ ਗਾਰਗੀ ਦੀ ਨੰਗੀ ਧੁੱਪ ਵਿਚ ਆਪਣੀ ਮਰਦਾਨਗੀ ਦਾ ਵਿਖਾਵਾ ਕਰਨ ਵਰਗਾ ਨਹੀਂ ਹੈ। ਸਗੋਂ ਇਸ ਵਿਚ ਡੂੰਘਾਈ ਹੈ, ਕੋਮਲਤਾ ਹੈ, ਸ਼ਾਇਸਤਗੀ ਹੈ। ਮਨੁੱਖੀ ਰਿਸ਼ਤਿਆਂ ਨੂੰ ਸਮਝਣ ਦੀ ਚਾਹ ਹੈ।

ਪਾਠਕ ਨੋਟ ਕਰਦਾ ਹੈ ਕਿ ਆਪਣੀਆਂ ਲਿਖਤਾਂ ਵਿਚ ਮਹਿਤਾ ਕਿਸੇ ਵੀ ਦ੍ਰਿਸ਼ ਜਾਂ ਪਾਤਰਾਂ ਦਾ ਵੇਰਵਾ ਇਸ ਬਾਰੀਕੀ ਨਾਲ ਦਿੰਦਾ ਹੈ ਕਿ ਪਾਠਕ ਨੂੰ ਸ਼ੱਕ ਹੁੰਦਾ ­ਹੈ ਕਿ ਕੀ ਉਸ ਨੂੰ ਸੱਚਮੁੱਚ ਹੀ ਅੱਖਾਂ ਤੋਂ ਕੁਝ ਨਹੀਂ ਦਿਸਦਾ ਸੀ। ਕਿਤਾਬ ਆਲ ਫ਼ਾਰ ਲਵ ਵਿਚ ਉਸ ਦੀ ਸੈਕਟਰੀ ਬਣਨ ਲਈ ਆਈ ਕੁੜੀ ਲੋਲਾ ਦਾ ਵੇਰਵਾ ਮਹਿਤਾ ਇਸ ਤਰ੍ਹਾਂ ਦਿੰਦਾ ਹੈ: “[ਉਹ] ਗੋਰੀ ਚਮੜੀ ਦੀ ਸੀ, ਹਰੀਆਂ ਅੱਖਾਂ, ਕੱਕੇ ਭੂਰੇ ਵਾਲ਼ ਅਤੇ ਕਿਸੇ ਯੂਰਪੀ ਔਰਤ ਵਾਂਙ ਝੰਬੇ ਸਰੀਰ ਵਾਲੀ, ਪਰ ਪੰਜਾਬਣ ਵਰਗੀਆਂ ਭਰਵੀਆਂ ਛਾਤੀਆਂ ਅਤੇ ਉਦਾਰ ਮੂੰਹ (the generous mouth) ਵਾਲੀ ਸੀ। ਉਸ ਨੇ ਆਪਣੇ ਵਾਲ਼ਾਂ ਦੀ ਲੰਮੀ ਗੁੱਤ ਕੀਤੀ ਹੋਈ ਸੀ ਜੋ ਉਸਦੇ ਨਿਤੰਬਾਂ ’ਤੇ ਲਮਕ ਰਹੀ ਸੀ। ਅਤੇ ਉਸ ਦਿਨ ਉਸ ਨੇ ਖ਼ੂਬਸੂਰਤ ਸਿਲਕ ਦੀ ਸਾੜ੍ਹੀ ਬੰਨੀ ਹੋਈ ਸੀ ਜਿਸ ਦੀਆਂ ਚੋਣਾਂ ਦੀਆਂ ਤਹਿਆਂ ਉਸ ਨੇ ਅਗਲੇ ਪਾਸੇ ਟੁੰਗੀਆਂ ਹੋਈਆਂ ਸਨ ਜੋ ਉਸਦੇ ਸੈਂਡਲਾਂ ਤੀਕ ਅੱਪੜ ਰਹੀਆਂ ਸਨ।’’

ਪ੍ਰਸਿੱਧ ਕਲਾਕਾਰ ਸਤੀਸ਼ ਗੁਜਰਾਲ ਜਿਸ ਨੇ ਵੇਦ ਮਹਿਤਾ ਦਾ ਲਿਖਿਆ ਸਭ ਕੁਝ ਪੜ੍ਹਿਆ ਸੀ, ਆਪਣੀ ਸਵੈ-ਜੀਵਨੀ ‘ਏ ਬਰੱਸ਼ ਵਿਦ ਲਾਈਫ਼’ (A Brush with Life, 1997) ਵਿਚ ਵੇਦ ਮਹਿਤਾ ਬਾਰੇ ਗਿਲਾ ਕਰਦਾ ਹੈ ਕਿ “ਉਹ ਦ੍ਰਿਸ਼ਾਂ ਅਤੇ ਬੰਦਿਆਂ ਦਾ ਵਰਨਣ ਕੁਝ ਜ਼ਿਆਦਾ ਹੀ ਕਰਦਾ ਹੈ ਜਿਵੇਂ ਅੱਖਾਂ ਵਾਲੇ ਇਹ ਸਭ ਵੇਖਦੇ ਹਨ, ਨਾ ਕਿ ਉਸ ਤਰ੍ਹਾਂ ਜਿਵੇਂ ਉਹ ਇਹ ਸਭ ਕੁਝ ਆਪਣੀ ਅੰਦਰੂਨੀ ਅੱਖ ਰਾਹੀਂ ਵੇਖਦਾ ਹੈ।’’ ਇਸ ਬਾਰੇ ਮਹਿਤਾ ਸਪਸ਼ਟੀਕਰਨ ਦਿੰਦਾ ਸੀ ਕਿ ਉਸ ਦਾ ਸੋਚਣ ਦਾ ਢੰਗ ਦ੍ਰਿਸ਼ਟੀਮੂਲਕ ਸੀ ਅਤੇ ਇਸ ਲਈ ਲਿਖਦਾ ਵੀ ਉਸੇ ਤਰ੍ਹਾਂ ਸੀ।

ਦਰਅਸਲ, ਕੁਦਰਤ ਵੱਲੋਂ ਕਿਸੇ ਪੱਖੋਂ ਊਣੇ ਲੋਕ ਚਾਹੁੰਦੇ ਹੁੰਦੇ ਹਨ ਕਿ ਉਨ੍ਹਾਂ ਨੂੰ ਆਮ ਬੰਦਿਆਂ ਵਾਂਙ ਸਮਝਿਆ ਜਾਵੇ ਨਾ ਕਿ ਉਨ੍ਹਾਂ ਨੂੰ ਦਯਾ ਦਾ ਪਾਤਰ ਬਣਾਇਆ ਜਾਵੇ (ਸਈ ਪਰੰਜਪਏ ਦੀ 1980 ਵਿਚ ਪ੍ਰਦਰਸ਼ਿਤ ਫ਼ਿਲਮ ‘ਸਪਰਸ਼’ ਵੀ ਇਹੋ ਸੁਨੇਹਾ ਦਿੰਦੀ ਹੈ)। ਵੇਦ ਬਿਨਾਂ ਛੜੀ ਜਾਂ ਕੁੱਤੇ ਦੀ ਮਦਦ ਦੇ ਅੱਖਾਂ ਵਾਲੇ ਲੋਕਾਂ ਵਾਂਙ ਵਿਚਰਦਾ ਸੀ। ਭਾਰਤੀ ਮੂਲ ਦੀ ਅਦਾਕਾਰ ਅਤੇ ਲੇਖਿਕਾ ਮਧੁਰ ਜ਼ਅਫ਼ਰੀ ਨੇ ਦੱਸਿਆ ਕਿ ਇੱਕ ਵਾਰ ਉਸ ਨੇ ਵੇਦ ਦੀ ਮਦਦ ਕਰਨ ਲਈ ਹੱਥ ਵਧਾਇਆ ਤਾਂ ਉਸ ਨੇ ਹੱਥ ਝਟਕ ਦਿੱਤਾ। ਮਹਿਤਾ ਖ਼ੁੱਦਾਰ ਸ਼ਖ਼ਸ ਸੀ।

ਮੈਨੂੰ ਮਹਿਤਾ ਦੀ ਇਕ ਹੋਰ ਕਿਤਾਬ ‘ਫ਼ਲਾਈ ਐਂਡ ਦਿ ਫ਼ਲਾਈ-ਬਾੱਟਲ: ਇਨਕਾਉਂਟਰਜ਼ ਵਿਦ ਬ੍ਰਿਟਿਸ਼ ਇੰਟਿਲੇੱਕਟਚੂਅਲਜ਼’ (Fly and the Fly-Bottle: Encounters with British Intellectuals, 1962) ਵੀ ਬਹੁਤ ਪਸੰਦ ਹੈ ਜਿਸ ਵਿਚ ਲੇਖਕ ਦੀਆਂ ਔਕਸਫੋਰਡ ਯੂਨੀਵਰਸਿਟੀ ਦੇ ਫਿਲਾਸਫ਼ਰਾਂ ਨਾਲ ਕੀਤੀਆਂ ਮੁਲਾਕਾਤਾਂ ਦਾ ਵੇਰਵਾ ਹੈ।

ਆਪਣੀਆਂ ਲਿਖਤਾਂ ਲਈ ਵੇਦ ਮਹਿਤਾ ਨੂੰ ਅਨੇਕਾਂ ਇਨਾਮ-ਸਨਮਾਨ ਮਿਲੇ। 1971 ਅਤੇ 1977 ਵਿਚ ਗੁਗਨਹੀਮ ਫ਼ੈਲੋਸ਼ਿਪ ਮਿਲੀ। 1982 ਵਿਚ ਉਸ ਨੂੰ ਮੈਕਆਰਥਰ ਫੈਲੋ ਅਤੇ 2009 ਵਿਚ ਰਾਇਲ ਸੋਸਾਇਟੀ ਆਫ਼ ਲਿਟਰੇਚਰ ਦਾ ਫੈਲੋ ਘੋਸ਼ਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਵੀ ਮਹਿਤਾ ਨੂੰ ਅਨੇਕਾਂ ਸੰਸਥਾਵਾਂ ਵੱਲੋਂ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ।

ਵੇਦ ਮਹਿਤਾ ਦੀ ਸ਼ਾਦੀ 1983 ਵਿਚ ਦਿ ਨਯੂ ਯਾੱਰਕਰ ਵਿਚ ਉਸ ਦੇ ਸਹਿਕਰਮੀ ਰਹਿ ਚੁੱਕੇ ਹੈਨਰੀ ਸੇਜ ਫ਼ੈਨੀਮੋਰ ਕੂਪਰ ਦੀ ਭਤੀਜੀ ਲਿਨ ਫ਼ੈਨਮੋਰ ਨਾਲ ਹੋਈ ਸੀ। ਉਨ੍ਹਾਂ ਦੇ ਦੋ ਬੱਚੇ ਹੋਏ- ਬੇਟੀ ਨਤਾਸ਼ਾ ਮਹਿਤਾ ਅਤੇ ਬੇਟਾ ਅਲੈਗ਼ਜੈਂਡਰ ਸੇਜ ਮਹਿਤਾ।

ਸੰਪਰਕ: 98728-22417

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All