DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਾਖ਼ਲਿਆਂ ਤੋਂ ਲੈ ਕੇ ਨੌਕਰੀਆਂ ਤੱਕ: ਡਿਜੀਟਲ ਜਨਮ ਸਰਟੀਫਿਕੇਟ ਕਿਉਂ ਜ਼ਰੂਰੀ?

ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਭਰੋਸੇਯੋਗਤਾ ਅਤੇ ਵਿਦਿਆਰਥੀਆਂ ਦੇ ਰਿਕਾਰਡਾਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਮੇਂ-ਸਮੇਂ ’ਤੇ ਲਾਜ਼ਮੀ ਕਦਮ ਚੁੱਕੇ ਜਾਂਦੇ ਰਹੇ ਹਨ। ਸੈਸ਼ਨ 2026-27 ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਬੋਰਡ ਵੱਲੋਂ ਜਾਰੀ ਕੀਤੀਆਂ...

  • fb
  • twitter
  • whatsapp
  • whatsapp
Advertisement

ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਭਰੋਸੇਯੋਗਤਾ ਅਤੇ ਵਿਦਿਆਰਥੀਆਂ ਦੇ ਰਿਕਾਰਡਾਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਮੇਂ-ਸਮੇਂ ’ਤੇ ਲਾਜ਼ਮੀ ਕਦਮ ਚੁੱਕੇ ਜਾਂਦੇ ਰਹੇ ਹਨ। ਸੈਸ਼ਨ 2026-27 ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਬੋਰਡ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਇਸ ਦਿਸ਼ਾ ਵਿੱਚ ਇੱਕ ਅਹਿਮ ਅਤੇ ਦੂਰਅੰਦੇਸ਼ੀ ਫ਼ੈਸਲਾ ਹਨ। ਇਨ੍ਹਾਂ ਹਦਾਇਤਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਜਨਮ ਵੇਰਵਿਆਂ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣਾ ਅਤੇ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਕਾਨੂੰਨੀ ਤੇ ਪ੍ਰਸ਼ਾਸਕੀ ਮੁਸ਼ਕਲਾਂ ਤੋਂ ਬਚਾਅ ਕਰਨਾ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਕਈ ਵਿਦਿਆਰਥੀਆਂ ਦੇ ਸਕੂਲੀ ਰਿਕਾਰਡਾਂ ਵਿੱਚ ਦਰਜ ਜਨਮ ਮਿਤੀ ਅਤੇ ਅਸਲ ਸਰਕਾਰੀ ਰਿਕਾਰਡਾਂ ਵਿੱਚ ਅੰਤਰ ਪਾਇਆ ਜਾਂਦਾ ਹੈ। ਕਈ ਵਾਰ ਵਿਦਿਆਰਥੀਆਂ ਕੋਲ ਡਿਜੀਟਲ ਜਨਮ ਪ੍ਰਮਾਣ ਪੱਤਰ ਉਪਲਬਧ ਨਹੀਂ ਹੁੰਦਾ ਜਾਂ ਜਨਮ ਰਜਿਸਟ੍ਰੇਸ਼ਨ ਨੰਬਰ (ਬੀ ਆਰ ਐੱਨ) ਦਰਜ ਨਹੀਂ ਹੁੰਦਾ। ਇਸ ਕਾਰਨ ਉੱਚ ਸਿੱਖਿਆ, ਸਰਕਾਰੀ ਨੌਕਰੀਆਂ, ਪਾਸਪੋਰਟ ਅਤੇ ਹੋਰ ਅਹਿਮ ਦਸਤਾਵੇਜ਼ਾਂ ਲਈ ਫਾਰਮ ਆਦਿ ਭਰਨ ਵੇਲੇ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸੇ ਪ੍ਰਸੰਗ ਵਿੱਚ ਬੋਰਡ ਨੇ ਇਹ ਲਾਜ਼ਮੀ ਕੀਤਾ ਹੈ ਕਿ ਹਰੇਕ ਵਿਦਿਆਰਥੀ ਦੀ ਜਨਮ ਮਿਤੀ ਨੂੰ ਪ੍ਰਮਾਣਿਤ ਅਤੇ ਡਿਜੀਟਲ ਜਨਮ ਸਰਟੀਫਿਕੇਟ ਨਾਲ ਜੋੜਿਆ ਜਾਵੇ। ਬੋਰਡ ਵੱਲੋਂ ਆਨਲਾਈਨ ਪੋਰਟਲ ’ਤੇ ਵਿਦਿਆਰਥੀਆਂ ਦੇ ਜਨਮ ਪ੍ਰਮਾਣ ਪੱਤਰਾਂ ਨੂੰ ਤਿੰਨ ਸ਼੍ਰੇ੍ਣੀਆਂ ਵਿੱਚ ਵੰਡਿਆ ਗਿਆ ਹੈ:

Advertisement

- ਪਹਿਲੀ ਸ਼੍ਰੇਣੀ: ਜਿਨ੍ਹਾਂ ਵਿਦਿਆਰਥੀਆਂ ਕੋਲ ਡਿਜੀਟਲ ਜਨਮ ਸਰਟੀਫਿਕੇਟ ਅਤੇ ਬਰਥ ਰਜਿਸਟ੍ਰੇਸ਼ਨ ਨੰਬਰ ਉਪਲਬਧ ਹੈ।

Advertisement

- ਦੂਜੀ ਸ਼੍ਰੇਣੀ: ਉਹ ਵਿਦਿਆਰਥੀ ਜਿਨ੍ਹਾਂ ਕੋਲ ਜਨਮ ਸਰਟੀਫਿਕੇਟ ਤਾਂ ਹੈ ਪਰ ਉਹ ਡਿਜੀਟਲ ਨਹੀਂ ਹੈ ਜਾਂ ਮੈਨੂਅਲ ਰੂਪ ਵਿੱਚ ਜਾਰੀ ਕੀਤਾ ਗਿਆ ਹੈ।

- ਤੀਜੀ ਸ਼੍ਰੇਣੀ: ਉਹ ਵਿਦਿਆਰਥੀ ਜਿਨ੍ਹਾਂ ਕੋਲ ਕਿਸੇ ਵੀ ਕਿਸਮ ਦਾ ਜਨਮ ਪ੍ਰਮਾਣ ਪੱਤਰ ਉਪਲਬਧ ਨਹੀਂ ਹੈ। ਅਜਿਹੀ ਸਥਿਤੀ ਵਿੱਚ ਬੋਰਡ ਦੀਆਂ ਹਦਾਇਤਾਂ

ਅਨੁਸਾਰ ਸਕੂਲ ਨੂੰ ਪੋਰਟਲ ਉੱਪਰ ਨਿਰਧਾਰਤ ਫਾਰਮੈਟ ਵਿੱਚ ਇੱਕ ਘੋਸ਼ਣਾ ਪੱਤਰ ਅਪਲੋਡ ਕਰਨਾ ਲਾਜ਼ਮੀ ਕੀਤਾ ਗਿਆ ਹੈ।

ਇਨ੍ਹਾਂ ਤਿੰਨਾਂ ਸ਼੍ਰੇਣੀਆਂ ਲਈ ਵੱਖ-ਵੱਖ ਪ੍ਰਕਿਰਿਆਵਾਂ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਜਨਮ ਵੇਰਵਿਆਂ ਦੀ ਤਸਦੀਕ ਕਰਕੇ ਬੋਰਡ ਨੂੰ ਲਿਖਤੀ ਰੂਪ ਵਿੱਚ ਇੱਕ ਅੰਡਰਟੇਕਿੰਗ ਦੇਣੀ ਹੋਵੇਗੀ। ਇਸ ਵਿੱਚ ਸਕੂਲ ਮੁਖੀ ਨੂੰ ਇਹ ਤਸਦੀਕ ਕਰਨਾ ਪਵੇਗਾ ਕਿ ਵਿਦਿਆਰਥੀ ਦੀ ਜਨਮ ਮਿਤੀ ਦਾ ਮਿਲਾਨ ਮਾਪਿਆਂ ਵੱਲੋਂ ਦਾਖ਼ਲੇ ਸਮੇਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਅਤੇ ਸਕੂਲ ਦੇ ਰਿਕਾਰਡ ਨਾਲ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਸਕੂਲ ਮੁਖੀਆਂ ਨੂੰ ਬੋਰਡ ਨੂੰ ਇਹ ਭਰੋਸਾ ਵੀ ਦੇਣਾ ਪਵੇਗਾ ਕਿ ਉਨ੍ਹਾਂ ਵੱਲੋਂ ਮਾਪਿਆਂ ਨੂੰ ਨਿਰਧਾਰਿਤ ਸਮੇਂ ਅੰਦਰ ਡਿਜੀਟਲ ਸਰਟੀਫਿਕੇਟ ਪ੍ਰਾਪਤ ਕਰਨ ਦੀ ਸਲਾਹ ਦੇ ਦਿੱਤੀ ਗਈ ਹੈ। ਇਸ ਨਾਲ ਸਕੂਲ ਪ੍ਰਬੰਧਨ ਦੀ ਜ਼ਿੰਮੇਵਾਰੀ ਤਾਂ ਵਧਦੀ ਹੀ ਹੈ, ਪਰ ਨਾਲ ਹੀ ਬੋਰਡ ਨੇ ਮਾਪਿਆਂ ਦੀ ਜਵਾਬਦੇਹੀ ਵੀ ਸਖ਼ਤ ਕਰ ਦਿੱਤੀ ਹੈ। ਪ੍ਰਮਾਣਿਕਤਾ ਪੱਤਰ ਦੀ ਸ਼ਰਤ ਮੁਤਾਬਿਕ ਜੇਕਰ ਭਵਿੱਖ ਵਿੱਚ ਮਾਪਿਆਂ ਵੱਲੋਂ ਦਿੱਤੀ ਗਈ ਕੋਈ ਵੀ ਜਾਣਕਾਰੀ ਜਾਂ ਦਸਤਾਵੇਜ਼ ਗ਼ਲਤ, ਅਧੂਰੇ ਜਾਂ ਤੱਥਾਂ ਦੇ ਉਲਟ ਪਾਏ ਜਾਂਦੇ ਹਨ ਤਾਂ ਇਹ ਪ੍ਰਮਾਣਿਕਤਾ ਪੱਤਰ ਆਪਣੇ ਆਪ ਹੀ ਰੱਦ ਸਮਝਿਆ ਜਾਵੇਗਾ। ਇਸ ਨਾਲ ਪੈਦਾ ਹੋਣ ਵਾਲੇ ਸਮੂਹ ਕਾਨੂੰਨੀ ਅਤੇ ਪ੍ਰਸ਼ਾਸਕੀ ਨਤੀਜਿਆਂ ਦੀ ਪੂਰੀ ਜ਼ਿੰਮੇਵਾਰੀ ਸਿਰਫ਼ ਮਾਪਿਆਂ ਜਾਂ ਸਰਪ੍ਰਸਤ ਦੀ ਹੋਵੇਗੀ। ਇਸ ਲਈ ਮਾਪਿਆਂ ਲਈ ਇਹ ਸਿਰਫ਼ ਇੱਕ ਰਸਮੀ ਕਾਰਵਾਈ ਨਹੀਂ, ਸਗੋਂ ਪੂਰੀ ਇਮਾਨਦਾਰੀ ਨਾਲ ਸਹੀ ਵੇਰਵੇ ਦੇਣ ਦੀ ਵੱਡੀ ਜ਼ਿੰਮੇਵਾਰੀ ਹੈ।

ਡਿਜੀਟਾਈਜ਼ਡ ਜਨਮ ਸਰਟੀਫਿਕੇਟ ਪ੍ਰਾਪਤ ਕਰਨ ਲਈ ਸਮਾਂ-ਸੀਮਾ: ਜਿਨ੍ਹਾਂ ਵਿਦਿਆਰਥੀਆਂ ਕੋਲ ਡਿਜੀਟਾਈਜ਼ਡ ਸਰਟੀਫਿਕੇਟ ਨਹੀਂ ਹੈ, ਉਨ੍ਹਾਂ ਦੇ ਮਾਪਿਆਂ ਨੂੰ ਸੇਵਾ ਕੇਂਦਰਾਂ ਜਾਂ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ https://connect.punjab.gov.in/service/ ਰਾਹੀਂ ਨਿਰਧਾਰਿਤ ਸਮੇਂ ਅੰਦਰ ਇਹ ਸਰਟੀਫਿਕੇਟ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ। ਬੋਰਡ ਦੀਆਂ ਹਦਾਇਤਾਂ ਮੁਤਾਬਿਕ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਡਿਜੀਟਲ ਸਰਟੀਫਿਕੇਟ ਬਣਵਾ ਕੇ ਪੋਰਟਲ ’ਤੇ ਬਰਥ ਰਜਿਸਟ੍ਰੇਸ਼ਨ ਨੰਬਰ (ਬੀ ਆਰ ਐੱਨ) ਅਪਡੇਟ ਕਰਨ ਦੀ ਆਖਰੀ ਮਿਤੀ 30 ਅਕਤੂਬਰ 2026 ਮਿਥੀ ਗਈ ਹੈ, ਜਦਕਿ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਪ੍ਰਕਿਰਿਆ ਅਗਲੇ ਅਕਾਦਮਿਕ ਸੈਸ਼ਨ 2027-28 ਦੀ ਰਜਿਸਟ੍ਰੇਸ਼ਨ ਜਾਂ ਕੰਟੀਨਿਊਏਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਕਰਨੀ ਲਾਜ਼ਮੀ ਹੈ। ਸਕੂਲਾਂ ਨੂੰ ਵੀ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਜਿਵੇਂ ਹੀ ਡਿਜੀਟਾਈਜ਼ਡ ਸਰਟੀਫਿਕੇਟ ਪ੍ਰਾਪਤ ਹੋਵੇ, ਉਸ ਦਾ ਬਰਥ ਰਜਿਸਟ੍ਰੇਸ਼ਨ ਨੰਬਰ ਸਕੂਲ ਲੌਗਇਨ ਅਧੀਨ ‘ਕਰੈਕਸ਼ਨ ਪ੍ਰਫਾਰਮੇ’ ਰਾਹੀਂ ਬੋਰਡ ਦੇ ਪੋਰਟਲ ’ਤੇ ਅਪਡੇਟ ਕੀਤਾ ਜਾਵੇ। ਇਹ ਪਹਿਲ ਸਿਰਫ਼ ਇੱਕ ਪ੍ਰਸ਼ਾਸਕੀ ਕਾਰਵਾਈ ਨਹੀਂ, ਸਗੋਂ ਡਿਜੀਟਲ ਗਵਰਨੈਂਸ ਅਤੇ ਪਾਰਦਰਸ਼ੀ ਸਿੱਖਿਆ ਪ੍ਰਬੰਧਨ ਵੱਲ ਇੱਕ ਅਹਿਮ ਕਦਮ ਹੈ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਦੇ ਅਕਾਦਮਿਕ ਰਿਕਾਰਡਾਂ ਦੀ ਭਰੋਸੇਯੋਗਤਾ ਵਧੇਗੀ ਸਗੋਂ ਭਵਿੱਖ ਵਿੱਚ ਜਨਮ ਮਿਤੀ ਨਾਲ ਸੰਬੰਧਿਤ ਵਿਵਾਦਾਂ ਅਤੇ ਸੋਧਾਂ ਦੀ ਲੋੜ ਵੀ ਘੱਟ ਹੋਵੇਗੀ। ਪਿਛਲੇ ਸਮੇਂ ਵਿੱਚ ਅਕਸਰ ਇਹ ਦੇਖਣ ਵਿੱਚ ਆਇਆ ਹੈ ਕਿ ਜਦੋਂ ਕੋਈ ਵਿਦਿਆਰਥੀ ਉੱਚ ਸਿੱਖਿਆ, ਸਰਕਾਰੀ ਨੌਕਰੀ, ਪਾਸਪੋਰਟ ਜਾਂ ਹੋਰ ਮਹੱਤਵਪੂਰਨ ਕਾਰਜਾਂ ਲਈ ਅਰਜ਼ੀ ਦਿੰਦਾ ਹੈ ਤਾਂ ਉਸ ਦੇ ਸਰਟੀਫਿਕੇਟਾਂ ਵਿੱਚ ਦਰਜ ਨਾਮ, ਜਨਮ ਮਿਤੀ ਜਾਂ ਹੋਰ ਵੇਰਵਿਆਂ ਵਿੱਚ ਤਰੁਟੀਆਂ ਸਾਹਮਣੇ ਆ ਜਾਂਦੀਆਂ ਹਨ। ਬਾਅਦ ਵਿੱਚ ਇਨ੍ਹਾਂ ਗਲਤੀਆਂ ਨੂੰ ਦਰੁਸਤ ਕਰਵਾਉਣ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧੇਰੇ ਸਮਾਂ, ਪੈਸਾ ਖਰਚ ਕਰਨਾ ਪੈਂਦਾ ਹੈ।

ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਹੈ ਖਾਸ: ਇਹ ਸਾਰੀ ਪ੍ਰਕਿਰਿਆ ਦੀ ਸਫ਼ਲਤਾ ਲਈ ਮਾਪਿਆਂ ਅਤੇ ਅਧਿਆਪਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਜਨਮ ਪ੍ਰਮਾਣ ਪੱਤਰਾਂ ਨੂੰ ਜਲਦੀ ਤੋਂ ਜਲਦੀ ਡਿਜੀਟਾਈਜ਼ਡ ਕਰਵਾਉਣ, ਜਦਕਿ ਅਧਿਆਪਕ ਅਤੇ ਸਕੂਲ ਮੁਖੀ ਵਿਦਿਆਰਥੀਆਂ ਦੇ ਰਿਕਾਰਡਾਂ ਦੀ ਸਹੀ ਤਸਦੀਕ ਯਕੀਨੀ ਬਣਾਉਣ। ਭਾਵੇਂ ਅੱਜ ਮਾਪਿਆਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚੋਂ ਸਮਾਂ ਕੱਢ ਕੇ ਕੁਝ ਵਾਧੂ ਮਿਹਨਤ ਕਰਨੀ ਪੈ ਰਹੀ ਹੈ ਪਰ ਇਹ ਮਿਹਨਤ ਅਸਲ ਵਿੱਚ ਉਨ੍ਹਾਂ ਦੀ ਆਪਣੀ ਔਲਾਦ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਹੈ। ਜੇਕਰ ਅੱਜ ਇੱਕ ਵਾਰ ਸਹੀ ਅਤੇ ਡਿਜੀਟਲ ਰਿਕਾਰਡ ਤਿਆਰ ਹੋ ਜਾਂਦੇ ਹਨ ਤਾਂ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਬੇਲੋੜੀਆਂ ਮੁਸ਼ਕਿਲਾਂ ਅਤੇ ਪ੍ਰਸ਼ਾਸਕੀ ਔਖਿਆਈਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਡਿਜੀਟਲ ਯੁੱਗ ਦੀ ਲੋੜ: ਇਸ ਪੂਰੀ ਪ੍ਰਕਿਰਿਆ ਦੇ ਇੱਕ ਹੋਰ ਮਹੱਤਵਪੂਰਨ ਪੱਖ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਬਹੁਤ ਸਾਰੇ ਮਾਪੇ ਮਜ਼ਦੂਰ, ਕਿਸਾਨ ਅਤੇ ਦਿਹਾੜੀਦਾਰ ਵਰਗ ਨਾਲ ਸੰਬੰਧਿਤ ਹਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਡਿਜੀਟਲ ਸੇਵਾਵਾਂ ਅਤੇ ਸਰਕਾਰੀ ਪ੍ਰਕਿਰਿਆਵਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ। ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਇੱਕ ਤੈਅ ਮਿਤੀ ਤੱਕ ਡਿਜੀਟਾਈਜ਼ਡ ਜਨਮ ਪ੍ਰਮਾਣ ਪੱਤਰ ਬਣਵਾਉਣ ਲਈ ਕਹਿਣਾ ਇੱਕ ਵਾਧੂ ਚੁਣੌਤੀ ਬਣ ਸਕਦਾ ਹੈ। ਕਈ ਮਾਪਿਆਂ ਨੂੰ ਆਪਣੀ ਦਿਹਾੜੀ ਛੱਡ ਕੇ ਸੇਵਾ ਕੇਂਦਰਾਂ ਦੇ ਚੱਕਰ ਕੱਟਣੇ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਵੀ ਅਸਰ ਪੈਂਦਾ ਹੈ। ਫਿਰ ਵੀ, ਜੇ ਇਸ ਪਹਿਲ ਦੇ ਦੂਰਗਾਮੀ ਲਾਭ ਨੂੰ ਵੇਖਿਆ ਜਾਵੇ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਵਿਦਿਆਰਥੀਆਂ ਨੂੰ ਹੀ ਹੋਵੇਗਾ। ਅਕਸਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਾਂ ਨੌਕਰੀਆਂ ਲਈ ਅਰਜ਼ੀਆਂ ਦੇ ਸਮੇਂ ਨਾਮ ਅਤੇ ਜਨਮ ਮਿਤੀ ਵਿੱਚ ਤਰੁਟੀਆਂ ਸਾਹਮਣੇ ਆ ਜਾਂਦੀਆਂ ਹਨ, ਜਿਨ੍ਹਾਂ ਨੂੰ ਦਰੁਸਤ ਕਰਵਾਉਣ ਲਈ ਪਰਿਵਾਰਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲੋਂ ਬਿਹਤਰ ਇਹੀ ਹੈ ਕਿ ਮਾਪੇ ਅੱਜ ਇੱਕ ਵਾਰ ਆਪਣੀ ਔਲਾਦ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਇਹ ਯਤਨ ਕਰ ਲੈਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਪ੍ਰਸ਼ਾਸਕੀ ਜਾਂ ਦਸਤਾਵੇਜ਼ੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਇੱਕ ਵਾਰ ਦੀ ਮਿਹਨਤ ਅਸਲ ਵਿੱਚ ਬੱਚਿਆਂ ਦੇ ਸੁਨਹਿਰੇ ਭਵਿੱਖ ਵਿੱਚ ਕੀਤਾ ਗਿਆ ਇੱਕ ਮਹੱਤਵਪੂਰਨ ਨਿਵੇਸ਼ ਹੈ।

ਸੰਪਾਰਕ: 98769-68193

Advertisement
×