ਸੋਚ ਵਿਚਾਰ

ਰੋਸ ਅਤੇ ਵਿਰੋਧ

ਰੋਸ ਅਤੇ ਵਿਰੋਧ

ਨਰਿੰਦਰ ਸਿੰਘ ਕਪੂਰ

ਆਪਣੀਆਂ ਨੀਤੀਆਂ ਕੇਵਲ ਹਾਕਮਾਂ ਨੂੰ ਚੰਗੀਆਂ ਲੱਗਦੀਆਂ ਹਨ। ਦੇਸ਼ ਨੂੰ ਡੋਬਣ ਵਾਲਿਆਂ ਨੂੰ ਵੀ ਇਹ ਭੁਲੇਖਾ ਹੁੰਦਾ ਹੈ ਕਿ ਉਹ ਦੇਸ਼ ਦਾ ਵਿਕਾਸ ਕਰ ਰਹੇ ਹਨ। ਹਿਟਲਰ ਕਿਹਾ ਕਰਦਾ ਸੀ ਕਿ ਉਹ ਜਰਮਨੀ ਦੀ ਸੇਵਾ ਕਰ ਰਿਹਾ ਸੀ। ਸਟਾਲਿਨ ਨੂੰ ਵਿਸ਼ਵਾਸ ਸੀ ਕਿ ਉਹ ਸਮਾਜਵਾਦ ਨੂੰ ਮਜ਼ਬੂਤ ਕਰ ਰਿਹਾ ਸੀ। ਜਦੋਂ ਸਰਕਾਰ ਦੇ ਕਾਨੂੰਨ ਸਾਡੀ ਰੱਖਿਆ ਕਰਨ ਦੀ ਥਾਂ ਸਾਡਾ ਨੁਕਸਾਨ ਕਰਨ ਲੱਗ ਜਾਣ ਤਾਂ ਰੋਸ ਅਤੇ ਵਿਰੋਧ ਉਪਜਣਾ ਸੁਭਾਵਿਕ ਹੁੰਦਾ ਹੈ। ਹਰੇਕ ਸਰਕਾਰ ਦੀ ਦਿਲਚਸਪੀ ਉਨ੍ਹਾਂ ਕਾਨੂੰਨਾਂ, ਵਿਉਂਤਾਂ ਅਤੇ ਪ੍ਰੋਗਰਾਮਾਂ ਵਿਚ ਹੁੰਦੀ ਹੈ ਜਿਨ੍ਹਾਂ ਨਾਲ ਉਨ੍ਹਾਂ ਦਾ ਰਾਜ ਬਣਿਆ ਰਹੇ। ਜਦੋਂ ਲੋਕਾਂ ਦਾ ਸਰਕਾਰ ਵਿਚ ਵਿਸ਼ਵਾਸ ਮੁੱਕ ਜਾਵੇ ਤਾਂ ਪਹਿਲਾਂ ਸ਼ਿਕਾਇਤਾਂ ਉਪਜਦੀਆਂ ਹਨ, ਜਿਨ੍ਹਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਵਿਰੋਧ ਦਾ ਰੂਪ ਧਾਰਨ ਕਰਨ ਲੱਗਦੀਆਂ ਹਨ। ਸਮਾਜਿਕ ਰਿਸ਼ਤਿਆਂ ਵਿਚ ਵੀ ਇਉਂ ਹੀ ਵਾਪਰਦਾ ਹੈ ਅਤੇ ਵਿਰੋਧ ਤਲਾਕ ਦਾ ਮੁਕੱਦਮਾ ਬਣ ਜਾਂਦਾ ਹੈ। ਅਸਲ ਵਿਚ ਹਰੇਕ ਰੋਸ ਅਤੇ ਵਿਰੋਧ ਕਮਜ਼ੋਰਾਂ ਦਾ ਤਕੜਿਆਂ ਵਿਰੁੱਧ, ਪਰਜਾ ਦਾ ਹਾਕਮਾਂ ਵਿਰੁੱਧ, ਕਾਮਿਆਂ ਦਾ ਮਾਲਕਾਂ ਅਤੇ ਕਰਮਚਾਰੀਆਂ ਦਾ ਸਰਕਾਰ ਵਿਰੁੱਧ ਸ਼ਕਤੀਸ਼ਾਲੀ ਪ੍ਰਗਟਾਵਾ ਹੁੰਦਾ ਹੈ। ਵਿਰੋਧ ਨਾ ਕੇਵਲ ਮਨੁੱਖੀ ਇਤਿਹਾਸ ਦਾ ਕੇਂਦਰੀ ਪ੍ਰਗਟਾਵਾ ਰਿਹਾ ਹੈ, ਇਹ ਮਨੁੱਖੀ ਸੁਭਾਅ ਦਾ ਭਾਗ ਵੀ ਹੈ। ਇਹੀ ਕਾਰਨ ਹੈ ਕਿ ਹਰੇਕ ਦੇਸ਼ ਦਾ ਇਤਿਹਾਸ ਜੰਗਾਂ-ਯੁੱਧਾਂ ਦਾ ਇਤਿਹਾਸ ਹੈ। ਹਥਿਆਰਬੰਦ ਵਿਰੋਧ ਨੂੰ ਯੁੱਧ ਕਹਿੰਦੇ ਹਨ। ਸ਼ਾਂਤੀ ਅਤੇ ਯੁੱਧ ਇਕ ਦੂਜੇ ਨਾਲ ਥਾਂ ਬਦਲਦੇੇ ਰਹੇ ਹਨ।

ਮਨੁੱਖ ਨੇ ਜਦੋਂ ਸਮੂਹਾਂ ਵਿਚ ਰਹਿਣਾ ਅਰੰਭਿਆ ਤਾਂ ਅਜਿਹੀ ਜੀਵਨ ਪ੍ਰਣਾਲੀ ਵਿਚ ਆਪਣੀ ਲੋੜ ਪੂਰੀ ਨਾ ਹੋਣ ’ਤੇ ਰੋਸ ਅਤੇ ਆਪਣੇ ਹਿੱਤਾਂ ਦੀ ਦੂਜਿਆਂ ਵੱਲੋਂ ਅਣਦੇਖੀ ਨਾਲ ਵਿਰੋਧ ਉਪਜਿਆ। ਵਿਰੋਧ ਤੋਂ ਬਿਨਾਂ ਕੋਈ ਪਰਿਵਰਤਨ ਜਾਂ ਵਿਕਾਸ ਨਹੀਂ ਵਾਪਰਦਾ। ਮੁੱਢ ਵਿਚ ਹਰੇਕ ਚੀਜ਼ ਜਾਂ ਵਰਤਾਰੇ ਦਾ ਇਕ ਹੀ ਸ਼ਬਦ ਹੋਇਆ ਕਰਦਾ ਸੀ ਅਤੇ ਹਰੇਕ ਪ੍ਰਕਿਰਤਿਕ ਸ਼ਕਤੀ ਦਾ ਇਕ ਹੀ ਦੇਵਤਾ ਹੋਇਆ ਕਰਦਾ ਸੀ। ਸਮੇਂ ਦੇ ਬੀਤਣ ਨਾਲ ਹਰੇਕ ਦੇਵਤੇ ਜਾਂ ਸ਼ਕਤੀ ਦਾ ਵਿਰੋਧ ਕਰਨ ਵਾਲੇ ਰਾਖਸ਼ਾਂ ਦੇ ਉਪਜਣ ਨਾਲ, ਹਰੇਕ ਸ਼ਬਦ ਦਾ ਵਿਰੋਧੀ ਸ਼ਬਦ ਉਪਜਿਆ, ਜਿਵੇਂ ਉੱਚਾ-ਨੀਵਾਂ, ਜ਼ਿੰਦਗੀ-ਮੌਤ, ਪਿਆਰ-ਨਫ਼ਰਤ, ਅਮੀਰ-ਗ਼ਰੀਬ, ਨਫ਼ਾ-ਨੁਕਸਾਨ ਆਦਿ। ਇਸ ਨਾਲ ਮਨੁੱਖ ਦੀ ਸ਼ਬਦਾਵਲੀ ਦੁੱਗਣੀ ਹੋ ਗਈ ਅਤੇ ਹਰੇਕ ਚੀਜ਼ ਦਾ ਵਿਰੋਧੀ ਰੂਪ ਸਥਾਪਤ ਹੋ ਗਿਆ ਅਤੇ ਮਨੁੱਖ ਨੂੰ ਹਰੇਕ ਸ਼ਕਤੀ ਦੀ ਵਿਰੋਧੀ ਸ਼ਕਤੀ ਦਾ ਗਿਆਨ ਹੋਇਆ। ਪਹਿਲਾਂ ਵਿਰੋਧ ਦੀ ਬੋਲੀ ਹੁੰਦੀ ਹੈ, ਫਿਰ ਵਿਰੋਧ ਹੁੰਦਾ ਹੈ। ਹੁਣ ਕੋਈ ਵੀ ਖੇਤਰ ਅਜਿਹਾ ਨਹੀਂ ਜਿਸ ਵਿਚ ਵਿਰੋਧ ਜਾਂ ਮੁਕਾਬਲਾ ਨਾ ਹੋਵੇ। ਹਰੇਕ ਵਿਅਕਤੀ ਅਨੇਕਾਂ ਸਮੂਹਾਂ ਦਾ ਭਾਗ ਹੁੰਦਾ ਹੈ ਜਿਸ ਕਾਰਨ ਹਰੇਕ ਵਿਅਕਤੀ ਦੀਆਂ ਅਨੇਕਾਂ ਪਛਾਣਾਂ ਹੁੰਦੀਆਂ ਹਨ। ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ, ਭਾਸ਼ਾਈ, ਇਲਾਕਾਈ ਪਛਾਣਾਂ ਵੱਖ-ਵੱਖ ਚੌਖਟੇ ਹਨ। ਹਰੇਕ ਵਿਅਕਤੀ ਜਦੋਂ ਕਿਸੇ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਹ ਦੋਵੇਂ ਵੱਖੋ-ਵੱਖਰੇ ਚੌਖਟੇ ਵਿਚੋਂ ਬੋਲ ਰਹੇ ਹੁੰਦੇ ਹਨ। ਇਉਂ ਹੀ ਜਦੋਂ ਇਸਤਰੀ ਕਿਸੇ ਦੇ ਸੰਪਰਕ ਵਿਚ ਆਉਂਦੀ ਹੈ ਤਾਂ ਉਸ ਕੋਲ ਇਸਤਰੀ ਜਾਤੀ ਦਾ ਚੌਖਟਾ ਹੁੰਦਾ ਹੈ, ਉਹ ਮਾਂ, ਪਤਨੀ, ਧੀ, ਭੈਣ, ਨੂੰਹ, ਸੱਸ, ਪ੍ਰੇਮਿਕਾ ਆਦਿ ਕਿਸੇ ਚੌਖਟੇ ਵਿਚੋਂ ਬੋਲ ਰਹੀ ਹੁੰਦੀ ਹੈ। ਇਉਂ ਹੀ ਪੁਰਸ਼ ਦੇ ਵੱਖ-ਵੱਖ ਚੌਖਟੇ ਹੁੰਦੇ ਹਨ। ਪੁਰਸ਼ ਪ੍ਰਧਾਨ ਸਮਾਜ ਹੋਣ ਕਾਰਨ ਪੁਰਸ਼ ਕੋਲ ਚੌਖਟੇ ਵੀ ਵਧੇਰੇ ਹੁੰਦੇ ਹਨ ਅਤੇ ਉਸ ਨਾਲ ਸਬੰਧਾਂ ਅਤੇ ਵਿਰੋਧਾਂ ਦੀ ਵੰਨਗੀ ਵੀ ਵਧੇਰੇ ਹੁੰਦੀ ਹੈ। ਪੁਰਸ਼ ਆਪਣੇ ਹਿੱਤਾਂ ਦੇ ਪ੍ਰੇਰੇ ਵਿਰੋਧ ਕਰਦੇ ਹਨ ਜਾਂ ਵਿਰੋਧ ਦਾ ਸਾਹਮਣਾ ਕਰਦੇ ਹਨ। ਜੇ ਵੱਖ-ਵੱਖ ਸਮੂਹਾਂ ਨੂੰ ਵਿਕਾਸ ਦੇ ਅਵਸਰ ਮਿਲਦੇ ਰਹਿਣ ਤਾਂ ਰੋਸ ਅਤੇ ਵਿਰੋਧ ਘੱਟ ਹੁੰਦੇ ਹਨ। ਜਿੱਥੇ ਨਿਰੰਤਰ ਵਿਕਾਸ ਵਾਪਰਦਾ ਹੈ, ਉੱਥੇ ਇਨਕਲਾਬ ਨਹੀਂ ਵਾਪਰਦੇ। ਜੇ ਵਗਦੇ ਪਾਣੀ ਦੇ ਰਸਤੇ ਵਿਚ ਕੋਈ ਰੁਕਾਵਟ ਨਾ ਹੋਵੇ ਤਾਂ ਉਹ ਸ਼ੋਰ ਨਹੀਂ ਕਰਦਾ। ਪਰਜਾਤੰਤਰ ਵਿਚ ਵਿਰੋਧ ਅਤੇ ਵਿਰੋਧੀ ਧਿਰ ਨੂੰ ਸੰਵਿਧਾਨਕ ਮਾਨਤਾ ਹੁੰਦੀ ਹੈ। ਪਰਜਾਤੰਤਰ ਵਿਚ ਜੇ ਜਨ-ਸਮੂਹ ਕਿਸੇ ਨੀਤੀ ਦਾ ਵਿਰੋਧ ਕਰੇ, ਉਸ ਵਿਚ ਤਰਮੀਮ ਕੀਤੀ ਜਾਂਦੀ ਹੈ ਅਤੇ ਕਈ ਵਾਰ ਉਸ ਨੂੰ ਰੱਦ ਵੀ ਕੀਤਾ ਜਾਂਦਾ ਹੈ। ਤਾਨਾਸ਼ਾਹ ਅਜਿਹਾ ਕਰਨ ਨੂੰ ਆਪਣਾ ਅਪਮਾਨ ਸਮਝਦਾ ਹੈ। ਭਾਵੇਂ ਕੋਈ ਨੀਤੀ ਚੰਗੀ ਹੀ ਹੋਵੇ ਅਤੇ ਭਵਿੱਖ ਵਿਚ ਉਸ ਦਾ ਲਾਭ ਵੀ ਹੁੰਦਾ ਹੋਵੇ, ਪਰ ਜਦੋਂ ਵਰਤਮਾਨ ਸਥਿਤੀ ਨੂੰ ਬਦਲਣ ਦਾ ਯਤਨ ਕੀਤਾ ਜਾਵੇਗਾ ਤਾਂ ਪ੍ਰਭਾਵਿਤ ਹੋਣ ਵਾਲੀਆਂ ਧਿਰਾਂ ਵੱਲੋਂ ਵਿਰੋਧ ਕਰਨਾ ਸੁਭਾਵਿਕ ਹੁੰਦਾ ਹੈ।

ਰੋਸ ਅਕਸਰ ਸਮਾਜਿਕ ਅਤੇ ਸਭਿਆਚਾਰਕ ਹੁੰਦਾ ਹੈ ਜਦੋਂਕਿ ਵਿਰੋਧ ਅਕਸਰ ਰਾਜਨੀਤਕ ਅਤੇ ਆਰਥਿਕ ਹੁੰਦਾ ਹੈ। ਇਸਤਰੀ ਰੋਸ ਕਰਦੀ ਹੈ, ਪੁਰਸ਼ ਵਿਰੋਧ ਕਰਦਾ ਹੈ। ਆਧੁਨਿਕ ਸੰਸਾਰ ਵਿਚ ਵਿਰੋਧ ਦੀ ਪਹਿਲੀ ਉਲੇਖਯੋਗ ਉਦਾਹਰਣ ਫਰਾਂਸੀਸੀ ਇਨਕਲਾਬ ਸੀ। ਗ਼ੁਲਾਮੀ ਦੇ ਖ਼ਾਤਮੇ ਸਬੰਧੀ ਅਮਰੀਕੀ ਖ਼ਾਨਾਜੰਗੀ, ਰੂਸੀ ਇਨਕਲਾਬ, ਭਾਰਤ ਦਾ ਸੁਤੰਤਰਤਾ ਅੰਦੋਲਨ, ਮਾਰਟਿਨ ਲੂਥਰ ਕਿੰਗ, ਨੈਲਸਨ ਮੰਡੇਲਾ ਆਦਿ ਵਿਰੋਧ ਦੀਆਂ ਪ੍ਰਸਿੱਧ ਉਦਾਹਰਣਾਂ ਹਨ। ਵਿਰੋਧ ਅਕਸਰ ਸਮੂਹਿਕ ਹੁੰਦਾ ਹੈ। ਵਿਰੋਧ ਦਾ ਸੁਭਾਅ ਟਕਰਾਓ ਵਾਲਾ ਹੁੰਦਾ ਹੈ। ਇਸ ਨੂੰ ਜਿਤਾਉਣ ਵਾਲੀਆਂ ਕਈ ਧਿਰਾਂ ਵਾਂਗ, ਇਸ ਨੂੰ ਹਰਾਉਣ ਵਾਲੀਆਂ ਵੀ ਕਈ ਧਿਰਾਂ ਹੁੰਦੀਆਂ ਹਨ। ਅਮਰੀਕਾ ਵਿਚ ਅਬਰਾਹਮ ਲਿੰਕਨ ਵੱਲੋਂ ਗ਼ੁਲਾਮੀ ਖ਼ਤਮ ਕਰਨ ਦਾ ਕਈ ਰਾਜਾਂ ਨੇ ਵਿਰੋਧ ਕੀਤਾ ਸੀ। ਭਾਰਤ ਵਿਚ ਸਤੀ ਪ੍ਰਥਾ ਨੂੰ ਮੁਕਾਉਣ ਦਾ ਸਨਾਤਨ ਧਰਮ ਨੇ ਅੰਦੋਲਨ ਚਲਾ ਕੇ ਵਿਰੋਧ ਕੀਤਾ ਸੀ। ਇੰਗਲੈਂਡ ਵਿਚ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦੇਣ ਦਾ ਪੁਰਸ਼ਾਂ ਨੇ ਵਿਰੋਧ ਕੀਤਾ ਸੀ ਅਤੇ ਵੋਟ ਪਾਉਣ ਵਾਲੀਆਂ ਥਾਵਾਂ ’ਤੇ ਪੁਰਸ਼ਾਂ ਨੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਸਨ। ਮਹਿਲਾਵਾਂ ਨੂੰ ਡਾਕਟਰੀ ਦੀ ਸਿੱਖਿਆ ਪ੍ਰਾਪਤ ਕਰਨ ਦੇ ਪੱਖੋਂ ਬੜੇ ਅਪਮਾਨ ਸਹਿਣੇ ਪਏ ਸਨ ਅਤੇ ਵਿਸ਼ਵ ਦੀ ਪਹਿਲੀ ਮਹਿਲਾ ਡਾਕਟਰ ਨੂੰ ਸਿਖਲਾਈ ਨਰਸ ਵਾਲੇ ਲਿਬਾਸ ਵਿਚ ਲੈਣੀ ਪਈ ਸੀ। ਜਦੋਂ ਹਿਟਲਰ ਨੇ ਯੂਰੋਪ ਦੇ ਇਕ ਦੇਸ਼ ’ਤੇ ਕਬਜ਼ਾ ਕੀਤਾ ਸੀ ਤਾਂ ਸਾਰੇ ਦੇਸ਼ ਦੀ ਵਸੋਂ ਨੇ ਵਿਰੋਧ ਅਤੇ ਰੋਸ ਵਜੋਂ ਕਾਲਾ ਲਿਬਾਸ ਧਾਰਨ ਕਰ ਲਿਆ ਸੀ। ਜਦੋਂ ਰੂਸ ਨੇ ਅਸਟੋਨੀਆ ’ਤੇ ਕਬਜ਼ਾ ਕਰ ਲਿਆ ਤਾਂ ਜੇ ਅਤੇ ਜਿੱਥੇ ਅਸਟੋਨੀਅਨ ਲੋਕਾਂ ਨੂੰ ਕੋਈ ਰੂਸੀ ਅਧਿਕਾਰੀ ਦਿਸ ਜਾਂਦਾ ਸੀ ਤਾਂ ਉਹ ਰਲ ਕੇ ਆਪਣਾ ਰਾਸ਼ਟਰੀ ਗੀਤ ਗਾਉਣ ਲੱਗ ਪੈਂਦੇ ਸਨ।

ਭਾਵੇਂ ਕੋਈ ਅੰਦੋਲਨ ਸਮਾਜ ਸੁਧਾਰਕ ਹੋਵੇ ਜਾਂ ਗੁਰਦੁਆਰਾ ਲਹਿਰ ਵਾਂਗ ਧਰਮ ਸੁਧਾਰਕ ਹੋਵੇ ਜਾਂ ਚਿਪਕੋ ਅੰਦੋਲਨ ਹੋਵੇ ਜਾਂ ਕਿਸਾਨ ਅੰਦੋਲਨ ਹੋਵੇ, ਵਿਰੋਧ ਕਾਰਨ ਲੋਕ ਉਜੜਦੇ ਅਤੇ ਮਰਦੇ ਹਨ, ਪਰ ਵਿਰੋਧ ਦੀ ਭਾਵਨਾ ਮਰਦੀ ਨਹੀਂ, ਇਹ ਨਵਾਂ ਰੂਪ ਧਾਰ ਲੈਂਦੀ ਹੈ। ਰੋਸ ਜਾਂ ਵਿਰੋਧ ਕੋਈ ਹੋਵੇ, ਉਸ ਦਾ ਦਿਸਣਾ ਅਤੇ ਸੁਣਾਈ ਦੇਣਾ ਲਾਜ਼ਮੀ ਹੁੰਦਾ ਹੈ। ਟਰੈਕਟਰ ਪਰੇਡ ਦੋ ਮਹੀਨੇ ਰੋਸ ਪ੍ਰਗਟਾਉਣ ਉਪਰੰਤ, ਦਿਖਾਉਣ ਅਤੇ ਸੁਣਾਉਣ ਦਾ ਇਕ ਉਪਰਾਲਾ ਸੀ। ਇਹ ਮਹੱਤਵਪੂਰਨ ਹੁੰਦਾ ਹੈ ਕਿ ਰੋਸ ਜਾਂ ਵਿਰੋਧ ਕਿੱਥੇ ਪ੍ਰਗਟਾਇਆ ਜਾ ਰਿਹਾ ਹੈ। ਸਿੱਖ ਜਦੋਂ ਵੀ ਮੋਰਚਾ ਲਾਉਂਦੇ ਸਨ ਤਾਂ ਉਹ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ’ਤੇ ਲਾਉਂਦੇ ਸਨ। ਭਾਵੇਂ ਮੋਰਚਾ ਜੈਤੋ ਦਾ ਹੁੰਦਾ ਸੀ, ਪਰ ਜਥਾ ਅਕਾਲ ਤਖ਼ਤ ਤੋਂ ਚਲਦਾ ਸੀ ਜਿਸ ਨਾਲ ਲੋਕ ਜੁੜਦੇ ਜਾਂਦੇ ਸਨ। ਕਿਸਾਨਾਂ ਦਾ ਮੋਰਚਾ ਹਾਕਮਾਂ ਦੇ ਗੜ੍ਹ ਦਿੱਲੀ ਦੀਆਂ ਬਰੂਹਾਂ ’ਤੇ ਹੈ ਜਿਸ ਕਾਰਨ ਇਸ ਦਾ ਮਹੱਤਵ ਬਣਿਆ ਰਹੇਗਾ।

ਹਰੇਕ ਵਿਰੋਧ ਆਰੰਭ ਵਿਚ ਰੋਸ ਹੁੰਦਾ ਹੈ ਅਤੇ ਰੋਸ ਕਰਨ ਵਾਲਿਆਂ ਦੀ ਅਕਸਰ ਇਕ ਹੀ ਮੰਗ ਹੁੰਦੀ ਹੈ, ਪਰ ਜਦੋਂ ਰੋਸ ਲੰਮਾ ਹੋ ਜਾਵੇ ਅਤੇ ਹਾਕਮਾਂ ਦਾ ਵਤੀਰਾ ਨਾਂਹ-ਪੱਖੀ ਹੋਵੇ ਤਾਂ ਹੋਰ-ਹੋਰ ਪੱਖ ਜੁੜਦੇ ਜਾਂਦੇ ਹਨ ਜਿਨ੍ਹਾਂ ਨਾਲ ਅੰਦੋਲਨ ਨੂੰ ਸ਼ਕਤੀ ਮਿਲਦੀ ਹੈ, ਪਰ ਬਹੁਤ ਅਧਿਕ ਪੱਖਾਂ ਦਾ ਜੁੜਨਾ ਅੰਦੋਲਨ ਨੂੰ ਕਮਜ਼ੋਰ ਵੀ ਕਰਦਾ ਹੈ। ਪੁਰਾਣੇ ਜ਼ਮਾਨੇ ਵਿਚ ਰੋਸ ਵਜੋਂ ਲੋਕ ਰਾਜੇ ਦੇ ਇਲਾਕੇ ਨੂੰ ਤਿਆਗ ਕੇ ਕਿਸੇ ਹੋਰ ਰਾਜ ਵਿਚ ਚਲੇ ਜਾਂਦੇ ਸਨ ਜਿਸ ਕਰਕੇ ਰਾਜਾ ਬਦਨਾਮ ਹੁੰਦਾ ਸੀ। ਰੋਸ ਅਕਸਰ ਵਿਅਕਤੀਗਤ ਹੁੰਦਾ ਹੈ ਅਤੇ ਇਸ ਵਿਚ ਰੋਸ ਕਰਨ ਵਾਲਾ ਸਰੀਰਕ ਅਤੇ ਮਾਨਸਿਕ ਪੀੜਾ ਨੂੰ ਬਰਦਾਸ਼ਤ ਕਰਦਾ ਹੈ। ਇਕ ਵਾਰੀ ਕਿਸੇ ਦੀ ਝੂਠੀ ਸ਼ਿਕਾਇਤ ’ਤੇ ਇਕ ਅਧਿਕਾਰੀ ਨੇ ਇਕ ਚਰਿੱਤਰਵਾਨ ਅਧਿਆਪਕ ਦੀ ਬਦਲੀ ਦੂਰ ਦੇ ਸਕੂਲ ਵਿਚ ਕਰ ਦਿੱਤੀ। ਉਹ ਅਧਿਆਪਕ ਚਾਰ ਘੰਟੇ ਟੁਰ ਕੇ ਉਸ ਸਕੂਲ ਵਿਚ ਸਮੇਂ ਸਿਰ ਪਹੁੰਚਦਾ ਸੀ ਅਤੇ ਸ਼ਾਮ ਨੂੰ ਚਾਰ ਘੰਟੇ ਟੁਰ ਕੇ ਘਰ ਅੱਪੜਦਾ ਸੀ। ਰਸਤੇ ਵਿਚ ਬਦਲੀ ਕਰਨ ਵਾਲੇ ਅਧਿਕਾਰੀ ਦਾ ਘਰ ਆਉਂਦਾ ਸੀ ਅਤੇ ਬਦਲੀ ਵਾਲਾ ਅਧਿਆਪਕ ਰੋਜ਼ ਸਵੇਰੇ ਉੱਥੋਂ ਲੰਘਦਿਆਂ ਅਧਿਕਾਰੀ ਦੇ ਘਰ ਦੀ ਘੰਟੀ ਵਜਾ ਕੇ ਬਾਹਰ ਨੌਕਰ ਨੂੰ ਕਹਿੰਦਾ ਸੀ ਕਿ ਸਾਹਬ ਨੂੰ ਦੱਸ ਦੇਣਾ ਕਿ ਕਰਤਾਰ ਸਿੰਘ ਸਕੂਲ ਜਾ ਰਿਹਾ ਹੈ। ਲਗਪਗ ਦੋ ਮਹੀਨੇ ਮਗਰੋਂ ਇਕ ਦਿਨ ਘੰਟੀ ਸੁਣ ਕੇ ਅਧਿਕਾਰੀ ਆਪ ਬਾਹਰ ਆਇਆ, ਜਦੋਂ ਕਰਤਾਰ ਸਿੰਘ ਨੇ ਫ਼ਤਹਿ ਬੁਲਾਈ ਤਾਂ ਅਧਿਕਾਰੀ ਨੇ ਉਸ ਨੂੰ ਦੱਸਿਆ ਕਿ ਕੱਲ੍ਹ ਤੋਂ ਤੂੰ ਪੁਰਾਣੇ ਸਕੂਲ ਹੀ ਜਾਇਆ ਕਰ, ਤੇਰੇ ਰੋਸ ਕਾਰਨ ਮੇਰੀ ਪਤਨੀ ਬਿਮਾਰ ਰਹਿਣ ਲੱਗੀ ਹੈ।

ਇਸਤਰੀ ਦੇ ਰੋਸ ਪ੍ਰਗਟਾਉਣ ਦਾ ਢੰਗ ਸੂਖਮ ਹੁੰਦਾ ਹੈ। ਇਕ ਪਤੀ ਵੱਲੋਂ ਕੀਤੀ ਬੇਵਫ਼ਾਈ ਦੇ ਰੋਸ ਵਜੋਂ ਉਸ ਦੀ ਪਤਨੀ, ਪਤੀ ਦੀ ਪਸੰਦ ਵਾਲੇ ਕੱਪ ਵਿਚ ਕੌਫ਼ੀ ਦੇਣ ਦੀ ਬਜਾਏ ਸਾਧਾਰਨ ਕੱਪ ਵਿਚ ਕੌਫ਼ੀ ਦੇਣ ਲੱਗ ਪਈ। ਪਹਿਲਾਂ ਉਹ ਆਪ ਨਹਾ ਕੇ ਮਗਰੋਂ ਪਤੀ ਦੇ ਨਹਾਉਣ ਲਈ ਗੁਸਲਖ਼ਾਨਾ ਸੁਕਾ ਦਿੰਦੀ ਸੀ, ਹੁਣ ਉਸ ਨੇ ਗੁਸਲਖ਼ਾਨਾ ਸੁਕਾਉਣਾ ਬੰਦ ਕਰ ਦਿੱਤਾ। ਉਹ ਕੋਈ ਸਾਰਿਆਂ ਦੀ ਪਸੰਦ ਦੀ ਚੀਜ਼ ਬਣਾ ਦਿੰਦੀ ਸੀ, ਪਰ ਸਾਰੀ ਬੱਚਿਆਂ ਨੂੰ ਖੁਆ ਦਿੰਦੀ ਸੀ। ਪਹਿਲਾਂ ਉਹ ਪਤੀ ਨੂੰ ਸਵੇਰੇ ਜਗਾਉਂਦੀ ਸੀ, ਹੁਣ ਉਸ ਨੇ ਜਗਾਉਣਾ ਬੰਦ ਕਰ ਦਿੱਤਾ। ਪਤੀ ਦੇ ਆਪਣੇ ਕੋਲ ਆਉਣ ’ਤੇ ਰੋਕ ਲਗਾਉਣ ਲਈ ਇਕ ਬੱਚੇ ਨੂੰ ਆਪਣੇ ਨਾਲ ਸੁਆ ਲੈਂਦੀ ਸੀ। ਪਤਨੀ ਦੇ ਅਜਿਹੇ ਸੂਖਮ ਰੋਸ ਨੇ ਪਤੀ ਨੂੰ ਮੁਆਫ਼ੀ ਮੰਗਣ ਲਈ ਬੇਵਸ ਕਰ ਦਿੱਤਾ।

ਕਈ ਵਰਤਾਰਿਆਂ ਦੇ ਇਤਿਹਾਸਕ ਕਾਰਨ ਹੁੰਦੇ ਹਨ। ਪੰਜਾਬੀ ਭਾਸ਼ਾ ਵਿਚ ਵਧੇਰੇ ਸ਼ਬਦਾਵਲੀ ਵਿਰੋਧ ਵਾਲੀ ਹੈ। ਪੰਜਾਬੀ ਵਿਰੋਧ ਨੂੰ ਮਾਣਦੇ ਹਨ। ਇਨ੍ਹਾਂ ਦੀ ਯੋਗਤਾ ਪ੍ਰਗਟ ਹੀ ਵਿਰੋਧੀ ਸਥਿਤੀ ਵਿਚ ਹੁੰਦੀ ਹੈ। ਇਹ ਲੜਦੇ ਬੜੀ ਬਹਾਦਰੀ ਨਾਲ ਹਨ, ਕੁਰਬਾਨੀਆਂ ਕਰਦੇ ਹਨ, ਸ਼ਹੀਦੀਆਂ ਪਾਉਂਦੇ ਹਨ, ਪਰ ਪ੍ਰਾਪਤ ਕੁਝ ਨਹੀਂ ਕਰਦੇ। ਪੰਜਾਬੀ ਵਿਚ ਸਮਝੌਤਾ ਕਰਨ ਵਾਲੀ ਸ਼ਬਦਾਵਲੀ ਹੀ ਨਹੀਂ ਹੈ। ਇਹ ਚੁਣੌਤੀਆਂ, ਖ਼ਤਰਿਆਂ ਅਤੇ ਸੰਕਟਾਂ ਨੂੰ ਹਾਕਾਂ ਮਾਰ ਕੇ ਬੁਲਾਉਂਦੇ ਹਨ ਅਤੇ ਸਾਰੀਆਂ ਰੁਕਾਵਟਾਂ ਉਲੰਘਦੇ ਹਨ। ਆਪਣੀ ਹੋਂਦ ਅਤੇ ਅਣਖ ਬਰਕਰਾਰ ਰੱਖਣ ਲਈ ਇਨ੍ਹਾਂ ਨੂੰ ਹਮਲਿਆਂ ਅਤੇ ਹਮਲਾਵਰਾਂ, ਜ਼ਾਲਮਾਂ ਅਤੇ ਜਰਵਾਣਿਆਂ ਦਾ ਵਿਰੋਧ ਕਰਨ ਦੀ ਨਿਰੰਤਰ ਲੋੜ ਪੈਂਦੀ ਰਹੀ ਹੈ। ਤੱਤੀਆਂ ਤਵੀਆਂ, ਚਾਂਦਨੀ ਚੌਕ, ਚਮਕੌਰ ਸਾਹਿਬ ਅਤੇ ਸਰਹਿੰਦ ਇਨ੍ਹਾਂ ਦਾ ਇਤਿਹਾਸ ਹਨ। ਸਾਡੇ ਕੋਲ ਰਾਜੇ-ਰਾਣੀਆਂ ਦੀਆਂ ਕਹਾਣੀਆਂ ਹੈ ਹੀ ਨਹੀਂ ਜਦੋਂਕਿ ਯੂਰੋਪ ਦੇ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿਚ ਰਾਜੇ-ਰਾਣੀਆਂ, ਰਾਜਕੁਮਾਰੀਆਂ ਦੀਆਂ ਕਹਾਣੀਆਂ ਪੜ੍ਹੀਆਂ ਅਤੇ ਪੜ੍ਹਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਮਾਡਲਾਂ ਵਜੋਂ ਅਪਣਾਇਆ ਜਾਂਦਾ ਹੈ। ਯੂਰੋਪ ਦੇ ਵਿਕਸਿਤ ਹੋਣ ਦਾ ਇਕ ਮਹੱਤਵਪੂਰਨ ਕਾਰਨ ਇਹ ਹੈ ਕਿ ਉੱਥੇ ਰਾਜੇ ਨੂੰ ਆਪਣਾ ਤਖ਼ਤਾ ਪਲਟੇ ਜਾਣ ਦਾ ਡਰ ਜਾਂ ਖ਼ਤਰਾ ਨਹੀਂ ਸੀ ਹੁੰਦਾ ਜਦੋਂਕਿ ਪੰਜਾਬੀ ਪੱਤੇ-ਪੱਤੇ ਨੂੰ ਆਪਣਾ ਵੈਰੀ ਸਮਝਦਾ ਹੈ। ਜਦੋਂ ਤੱਕ ਕਿਸੇ ਕੌਮ ਨੂੰ ਲੰਬਾ ਅਰਸਾ ਰਾਜ ਕਰਨ ਦਾ ਅਵਸਰ ਨਾ ਮਿਲੇ, ਉਸ ਕੌਮ ਵਿਚ ਉੱਚੀ ਪੱਧਰ ਦਾ ਚੱਜ-ਆਚਾਰ ਨਹੀਂ ਉਪਜਦਾ।

ਜੇ ਕੋਈ ਲੰਮੇ ਮਹੱਤਵਪੂਰਨ ਵਿਰੋਧ ਵਿਚ ਜੁਟਿਆ ਹੋਵੇ ਤਾਂ ਸਰੀਰਕ ਰੋਗ ਅਤੇ ਕਸ਼ਟ ਬਰਦਾਸ਼ਤ ਹੋ ਜਾਂਦੇ ਹਨ। ਇਕਾਗਰ ਚਿੱਤ ਵਿਅਕਤੀ ਖਿਝਣ ਤੋਂ ਬਚਿਆ ਰਹਿੰਦਾ ਹੈ। ਸ਼ਾਂਤਮਈ ਰਹਿਣਾ, ਵਿਰੋਧ ਦੀ ਡੂੰਘਾਈ ਅਤੇ ਸ਼ਕਤੀ ਨੂੰ ਦਰਸਾਉਂਦਾ ਹੈ। ਸ਼ਾਂਤਮਈ ਅੰਦੋਲਨ ਨੂੰ ਕੁਚਲਣਾ ਮੁਸ਼ਕਿਲ ਹੁੰਦਾ ਹੈ। ਜੇ ਅੰਦੋਲਨ ਸ਼ਾਂਤਮਈ ਹੋਵੇ ਤਾਂ ਲੋਕ ਜੁੜਦੇ ਜਾਂਦੇ ਹਨ। ਜੁੜਨ ਦੇ ਕਈ ਕਾਰਨ ਅਤੇ ਆਧਾਰ ਹੁੰਦੇ ਹਨ ਜਿਵੇਂ ਸਾਂਝੀ ਪਛਾਣ, ਭੂਗੋਲਿਕ ਨੇੜਤਾ, ਕੰਮ-ਧੰਦੇ ਦੀ ਸਾਂਝ ਆਦਿ। ਜਿਸ ਅੰਦੋਲਨ ਨੂੰ ਮਹਿਲਾਵਾਂ ਦਾ ਸਹਿਯੋਗ ਮਿਲੇ, ਉਹ ਅੰਦੋਲਨ ਪਿੱਛੇ ਨਹੀਂ ਮੁੜਦਾ ਕਿਉਂਕਿ ਮਾਵਾਂ, ਧੀਆਂ, ਪਤਨੀਆਂ, ਨੂੰਹਾਂ ਅੰਦੋਲਨ ਨੂੰ ਥੱਕਣ ਨਹੀਂ ਦਿੰਦੀਆਂ। ਗ਼ਲਤੀਆਂ ਤੋਂ ਡਰਨਾ ਨਹੀਂ ਚਾਹੀਦਾ। ਜਿਹੜੇ ਗ਼ਲਤੀ ਨਹੀਂ ਕਰਦੇ, ਉਹ ਕੁਝ ਕਰਦੇ ਵੀ ਨਹੀਂ। ਤਕਨਾਲੋਜੀ ਦੇ ਅਜੋਕੇ ਦੌਰ ਵਿਚ ਜ਼ੋਰ ਨਹੀਂ, ਤਕਨੀਕ ਦੀ ਲੋੜ ਹੈ। ਪੰਜਾਬੀਆਂ ਵਿਚ ਜ਼ੋਰ ਤਾਂ ਹੈ, ਤਕਨੀਕ ਦੀ ਘਾਟ ਹੈ। ਜੁਗਾੜ ਤਕਨੀਕ ਨਹੀਂ ਹੁੰਦਾ। ਤਕਨੀਕ ਪਿੱਛੇ ਵਿਗਿਆਨ ਦੀ ਸ਼ਕਤੀ ਹੁੰਦੀ ਹੈ। ਤਕਨੀਕ ਦਾ ਆਧਾਰ ਵਿਉਂਤਬੰਦੀ ਹੁੰਦੀ ਹੈ। ਵੇਖਿਆ ਗਿਆ ਹੈ ਕਿ ਜੇ ਮਨੋਵਿਗਿਆਨਕ ਪੱਖਾਂ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਕਈ ਅੰਦੋਲਨ ਰਸਤੇ ਵਿਚ ਗਵਾਚ ਜਾਂਦੇ ਹਨ। ਲੰਮਾ ਅਰਸਾ ਕਿਸੇ ਅੰਦੋਲਨ ਵਿਚ ਲੋਕਾਂ ਦੀ ਦਿਲਚਸਪੀ ਬਣਾਈ ਰੱਖਣੀ ਮੁਸ਼ਕਿਲ ਕਾਰਜ ਹੁੰਦਾ ਹੈ। ਨਵੇਂ ਮਸਲੇ ਉਭਰਨ ਨਾਲ ਪੁਰਾਣੇ ਮਸਲੇ ਮਹੱਤਵ ਗੁਆ ਦਿੰਦੇ ਹਨ। ਧਿਆਨ ਦੇਣ ਅਤੇ ਕਿਸੇ ਅੰਦੋਲਨ ਵਿਚ ਲੋਕਾਂ ਦੀ ਨਿਰੰਤਰ ਦਿਲਚਸਪੀ ਦਾ ਗ੍ਰਾਫ ਥੱਲੇ ਵੱਲ ਜਾਣਾ ਸੁਭਾਵਿਕ ਹੁੰਦਾ ਹੈ। ਕਿਸੇ ਅੰਦੋਲਨ ਪ੍ਰਤੀ ਜੋਸ਼ ਅਤੇ ਉਤਸ਼ਾਹ ਬਰਕਰਾਰ ਰੱਖਣ ਦਾ ਕਾਰਜ ਉਸ ਅੰਦੋਲਨ ਦੇ ਆਗੂਆਂ ਦਾ ਕਰਤੱਵ ਹੁੰਦਾ ਹੈ। ਜਿਹੜਾ ਅੰਦੋਲਨ ਗਰਮੀਆਂ ਵਿਚ ਆਰੰਭ ਹੁੰਦਾ ਹੈ, ਉਹ ਸਰਦੀਆਂ ਵਿਚ ਮਾਂਦ ਪੈ ਜਾਂਦਾ ਹੈ ਅਤੇ ਜਿਹੜਾ ਅੰਦੋਲਨ ਠੰਢ ਵਿਚ ਆਰੰਭ ਹੁੰਦਾ ਹੈ, ਉਹ ਗਰਮੀਆਂ ਵਿਚ ਥੱਕ ਜਾਂਦਾ ਹੈ। ਵਰਤਾਰਾ ਕੋਈ ਹੋਵੇ, ਉਸ ਉੱਤੇ ਮੌਸਮ ਦਾ ਅਸਰ ਪੈਂਦਾ ਹੈ।

ਜਿਵੇਂ ਬੰਦੂਕ ਦੀ ਕਾਢ ਨਾਲ ਤਲਵਾਰ ਵਾਲੇ ਯੁੱਧ ਦਾ ਰੂਪ ਬਦਲ ਗਿਆ ਸੀ ਅਤੇ ਤੋਪ ਦੀ ਕਾਢ ਨਾਲ ਕਿਲ੍ਹੇ ਨਕਾਰਾ ਹੋ ਗਏ ਸਨ, ਉਵੇਂ ਹੀ ਵਿਰੋਧ ਅਤੇ ਅੰਦੋਲਨ ਦੇ ਪਰੰਪਰਾਵਾਦੀ ਢੰਗ ਕੰਪਿਊਟਰ ਤਕਨਾਲੋਜੀ ਦੇ ਯੁੱਗ ਵਿਚ ਕਾਰਗਰ ਨਹੀਂ ਰਹੇ। ਜਿਸ ਕੋਲ ਸੂਚਨਾ ਹੈ, ਉਸ ਕੋਲ ਸ਼ਕਤੀ ਹੁੰਦੀ ਹੈ। ਅਜੋਕੇ ਯੁੱਗ ਵਿਚ ਜ਼ੋਰ ਨਾਲੋਂ ਤਕਨੀਕ, ਟਕਰਾਓ ਨਾਲੋਂ ਪੈਂਤੜਾ ਅਤੇ ਅਫ਼ਵਾਹਾਂ ਨਾਲੋਂ ਸੂਚਨਾ ਦੇ ਸਰੋਤ ਅਤੇ ਸੂਚਨਾ ਦਾ ਵਿਸ਼ਲੇਸ਼ਣ ਅਤੇ ਨੀਤੀ ਦਾ ਨਿਰਮਾਣ ਮਹੱਤਵਪੂਰਨ ਪੱਖ ਬਣ ਗਏ ਹਨ। ਇਤਿਹਾਸ ਦੀ ਸਮਝ ਤੋਂ ਬਿਨਾਂ ਅੰਦੋਲਨ ਰੁਕ ਜਾਂਦੇ ਹਨ। ਸਮਝਣ ਦੀ ਲੋੜ ਹੈ ਕਿ ਕਈ ਫ਼ੈਸਲੇ ਇਤਿਹਾਸ ਨੇ ਕਰਨੇ ਹੁੰਦੇ ਹਨ। ਕੁਦਰਤ ਕਿਸੇ ਵੀ ਸਥਿਤੀ ਨੂੰ ਨਿਰੰਤਰ ਬਰਦਾਸ਼ਤ ਨਹੀਂ ਕਰਦੀ। ਪਰਿਵਰਤਨ ਇਕ ਬੇਰੋਕ ਪ੍ਰਵਾਹ ਹੈ, ਵਿਰੋਧ ਤੋਂ ਬਿਨਾਂ ਸਥਿਤੀ ਨਹੀਂ ਬਦਲਦੀ। ਇਸੇ ਨੂੰ ਵਿਰੋਧ-ਵਿਕਾਸ ਦਾ ਸਿਧਾਂਤ ਕਹਿੰਦੇ ਹਨ। ਮਹਾਰਾਜਾ ਰਣਜੀਤ ਸਿੰਘ ਉਪਰੰਤ ਪੰਜਾਬੀਆਂ ਅਤੇ ਅੰਗਰੇਜ਼ਾਂ ਵਿਚਕਾਰ ਹੋਈਆਂ ਜੰਗਾਂ ਅਸਲ ਵਿਚ ਤਲਵਾਰ ਅਤੇ ਤੋਪ ਵਿਚਕਾਰ ਸਨ। ਸਿੱਖ ਫੌ਼ਜਾਂ ਵਿਚ ਜੇ ਹਰੇਕ ਸਿਪਾਹੀ ਸਿਖਰਲੀ ਬਹਾਦਰੀ ਵੀ ਵਿਖਾਉਂਦਾ ਤਾਂ ਵੀ ਤੋਪ ਨੇ ਤਲਵਾਰ ਤੋਂ ਜਿੱਤਣਾ ਸੀ। ਇਹ ਇਤਿਹਾਸ ਦਾ ਨਿਰਣਾ ਸੀ। ਇਉਂ ਹੀ ਧਰਮ ਅਤੇ ਵਿਗਿਆਨ ਵਿਚਕਾਰ ਵਿਰੋਧ ਭਾਵੇਂ ਸੈਂਕੜੇ ਸਾਲ ਚੱਲੇ, ਅੰਤ ਨੂੰ ਵਿਗਿਆਨ ਨੇ ਜਿੱਤਣਾ ਹੈ। ਇਸੇ ਪ੍ਰਕਾਰ ਕਿਸਾਨਾਂ ਅਤੇ ਸਰਕਾਰ ਵਿਚਕਾਰ ਅਜੋਕਾ ਵਿਰੋਧ ਇਤਿਹਾਸਕ ਦ੍ਰਿਸ਼ਟੀ ਤੋਂ ਖੇਤ ਅਤੇ ਉਦਯੋਗ ਵਿਚਕਾਰ ਹੈ। ਕਿਸਾਨਾਂ ਦਾ ਸੰਘਰਸ਼ ਇਸ ਵਿਰੋਧ ਦੇ ਸਿੱਟੇ ਨੂੰ ਕੁਝ ਚਿਰ ਲਈ ਹੀ ਟਾਲ ਸਕਦਾ ਹੈ, ਹਮੇਸ਼ਾ ਲਈ ਰੋਕ ਨਹੀਂ ਸਕਦਾ, ਪਰ ਇਸ ਦਾ ਅਰਥ ਇਹ ਨਹੀਂ ਕਿ ਕਿਸਾਨਾਂ ਦਾ ਸੰਘਰਸ਼ ਅਜਾਈਂ ਜਾਵੇਗਾ। ਸਪਸ਼ਟ ਹੈ ਕਿ ਸੈਂਕੜੇ ਬੰਦੇ ਮਰਵਾ ਕੇ ਕਿਸਾਨ ਵਾਪਸ ਨਹੀਂ ਜਾਣਗੇ। ਸਭ ਕੁਝ ਬਦਲੇਗਾ। ਜਿਵੇਂ ਸਮਾਜਵਾਦੀ ਵਿਚਾਰਧਾਰਾ ਪੂੰਜੀਵਾਦ ਨੂੰ ਮੁਕਾ ਨਹੀਂ ਸਕੀ, ਪਰ ਸਮਾਜਵਾਦੀ ਵਿਚਾਰਧਾਰਾ ਨੇ ਪੂੰਜੀਵਾਦੀਆਂ ਦਾ ਵਿਹਾਰ ਬਦਲਿਆ ਹੈ ਅਤੇ ਨਤੀਜੇ ਵਜੋਂ ਕੰਮ ਦੇ ਘੰਟੇ, ਉਜਰਤਾਂ ਅਤੇ ਸਹੂਲਤਾਂ ਆਦਿ ਨਿਸ਼ਚਿਤ ਹੋਈਆਂ ਹਨ। ਇਉਂ ਹੀ ਕਿਸਾਨਾਂ ਦਾ ਲੰਮਾ ਰੋਸ ਅਤੇ ਵਿਰੋਧ ਸਰਕਾਰ ਨੂੰ ਆਪਣੀਆਂ ਨੀਤੀਆਂ ਬਦਲਣ, ਨੀਤੀਆਂ ਨੂੰ ਤਰਕਸੰਗਤ, ਨਿਆਂਪੂਰਨ, ਕਿਸਾਨ ਪੱਖੀ ਬਣਾਉਣ ਅਤੇ ਖੇਤੀ ਅਤੇ ਕਿਸਾਨਾਂ ਪ੍ਰਤੀ ਆਪਣੀ ਸੋਚ ਬਦਲਣ ਲਈ ਮਜਬੂਰ ਕਰਨ ’ਚ ਅਵੱਸ਼ ਸਫਲ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All