ਵਾਹਗਿਓਂ ਪਾਰ

ਸਿੱਖ ਮੁਟਿਆਰ ਦੀ ਗੁੰਮਸ਼ੁਦਗੀ ਖ਼ਿਲਾਫ਼ ਰੋਸ...

ਸਿੱਖ ਮੁਟਿਆਰ ਦੀ ਗੁੰਮਸ਼ੁਦਗੀ ਖ਼ਿਲਾਫ਼ ਰੋਸ...

ਹਸਨ ਅਬਦਾਲ (ਜ਼ਿਲ੍ਹਾ ਅਟਕ) ਤੋਂ 22 ਵਰ੍ਹਿਆਂ ਦੀ ਸਿੱਖ ਮੁਟਿਆਰ ਦਾ ਲਾਪਤਾ ਹੋਣਾ ਪੇਚੀਦਾ ਰੁਖ਼ ਅਖ਼ਤਿਆਰ ਕਰਦਾ ਜਾ ਰਿਹਾ ਹੈ। ਹਾਲਾਂਕਿ ਧਾਰਮਿਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨੂਰੁਲ ਹੱਕ ਕਾਦਰੀ ਨੇ ਲੜਕੀ ਦੇ ਪਿਤਾ ਤੇ ਚਾਚੇ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਲਈ ਇਨਸਾਫ਼ ਯਕੀਨੀ ਬਣਾਇਆ ਜਾਵੇਗਾ, ਫਿਰ ਵੀ ਸਿੱਖ ਭਾਈਚਾਰੇ ਵਿਚ ਇਸ ਘਟਨਾ ਨੂੰ ਲੈ ਕੇ ਤਿੱਖਾ ਰੋਸ ਹੈ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਅਨੁਸਾਰ ਲੜਕੀ ਦਾ ਪਿਤਾ ਦੁਕਾਨਦਾਰ (ਭਾਰਤੀ ਮੀਡੀਆ ਅਨੁਸਾਰ ਗ੍ਰੰਥੀ) ਹੈ। ਲੜਕੀ ਦਾ ਘਰ ਸਿੱਖਾਂ ਦੇ ਪਾਵਨ ਅਸਥਾਨ ਗੁਰਦੁਆਰਾ ਪੰਜਾ ਸਾਹਿਬ ਤੋਂ ਥੋੜ੍ਹੀ ਜਹੀ ਦੂਰੀ ’ਤੇ ਹੈ। ਲੜਕੀ ਦਸ ਦਿਨ ਪਹਿਲਾਂ ਕੂੜਾ ਸੁੱਟਣ ਲਈ ਘਰ ਤੋਂ ਬਾਹਰ ਗਈ, ਪਰ ਵਾਪਸ ਨਹੀਂ ਆਈ। ਬਾਅਦ ਵਿਚ ਉਸ ਨੇ ਆਪਣੇ ਪਿਤਾ ਨੂੰ ਵੱਟਸਐਪ ਸੁਨੇਹੇ ਰਾਹੀਂ ਸੂਚਿਤ ਕੀਤਾ ਹੈ ਕਿ ਉਸ ਨੇ ਧਰਮ ਬਦਲ ਲਿਆ ਅਤੇ ਆਪਣੇ ਮੁਸਲਮਾਨ ਪ੍ਰੇਮੀ ਨਾਲ ਨਿਕਾਹ ਕਰਵਾ ਰਹੀ ਹੈ। ਊਸ ਨੇ ਇਹ ਵੀ ਲਿਖਿਆ ਕਿ ਜੋ ਕੁਝ ਵੀ ਹੋਇਆ ਹੈ, ਉਸ ਦੀ ਮਰਜ਼ੀ ਮੁਤਾਬਿਕ ਹੋਇਆ ਹੈ। ਇਹ ਸੁਨੇਹਾ ਮਿਲਣ ਤੋਂ ਪਹਿਲਾਂ ਪਰਿਵਾਰ, ਹਸਨ ਅਬਦਾਲ ਪੁਲੀਸ ਕੋਲ ਅਗਵਾਕਾਰੀ ਦੀ ਰਿਪੋਰਟ ਦਰਜ ਕਰਵਾ ਚੁੱਕਾ ਸੀ।

ਅਖ਼ਬਾਰੀ ਰਿਪੋਰਟ ਵਿਚ ਹਸਨ ਅਬਦਾਲ ਦੇ ਉਪ ਪੁਲੀਸ ਕਪਤਾਨ ਫ਼ੱਯਾਜ਼-ਉਲ-ਹਸਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਫ਼ਿਲਹਾਲ ਪੁਲੀਸ ਨੇ ਪਾਕਿਸਤਾਨੀ ਫੌ਼ਜਦਾਰੀ ਜ਼ਾਬਤਾ ਦੀ ਧਾਰਾ 365 ਦੇ ਤਹਿਤ ਇਕ ‘ਅਗਿਆਤ’ ਵਿਅਕਤੀ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕੀਤਾ ਹੈ। ਲੜਕੀ ਦੀ ਬਰਾਮਦਗੀ ਲਈ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਗਏ ਹਨ। ਬਰਾਮਦਗੀ ਮਗਰੋਂ ਅਦਾਲਤ ਵਿਚ ਉਸ ਦੇ ਬਿਆਨਾਂ ਦੇ ਆਧਾਰ ਉੱਤੇ ਇਸ ਕੇਸ ਵਿਚ ਹੋਰ ਧਾਰਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਉਂਜ, ਸ੍ਰੀ ਹਸਨ ਨੇ ਇਹ ਵੀ ਕਿਹਾ ਕਿ ਲੜਕੀ ਬਾਲਗ ਹੈ ਅਤੇ ਜੇ ਸਭ ਕੁਝ ਉਸ ਦੀ ਮਰਜ਼ੀ ਨਾਲ ਹੋਇਆ ਹੈ ਤਾਂ ਪੁਲੀਸ ਇਸ ਮਾਮਲੇ ਵਿਚ ਬਹੁਤੀ ਸਖ਼ਤ ਕਾਰਵਾਈ ਨਹੀਂ ਕਰ ਸਕੇਗੀ।

ਪੁਲੀਸ ਦੇ ਇਸ ਪੱਖ ਤੋਂ ਉਲਟ ਸਿੱਖ ਭਾਈਚਾਰੇ ਵਿਚ ਇਸ ਗੱਲ ਨੂੰ ਲੈ ਕੇ ਰੋਹ ਹੈ ਕਿ ਸਿੱਖ ਮੁਟਿਆਰਾਂ ਨੂੰ ‘ਗੁੰਮਰਾਹ’ ਕਰ ਕੇ ਉਨ੍ਹਾਂ ਦੇ ਵਿਆਹ ਮੁਸਲਮਾਨ ਮੁੰਡਿਆਂ ਨਾਲ ਕਰਵਾਉਣਾ ਸੂਬਾ ਪੰਜਾਬ ਵਿਚ ਇਕ ਦਸਤੂਰ ਬਣਦਾ ਜਾ ਰਿਹਾ ਹੈ। ਉਰਦੂ ਰੋਜ਼ਨਾਮਾ ‘ਡੇਲੀ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਿਕ ਹਸਨ ਅਬਦਾਲ ਦੇ ਸਿੱਖਾਂ ਦੇ ਇਕ ਵਫ਼ਦ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਦੇ ਜਨਰਲ ਸਕੱਤਰ ਅਮੀਰ ਸਿੰਘ ਨਾਲ ਮੁਲਾਕਾਤ ਦੌਰਾਨ ਕਮੇਟੀ ਦੀ ਲੀਡਰਸ਼ਿਪ ਉੱਤੇ ਸਿੱਖਾਂ ਦੇ ਹਿੱਤ ‘ਵੇਚਣ’ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰ, ਚੌਧਰਾਂ ਪਿੱਛੇ ਭੱਜੇ ਫਿਰਦੇ ਹਨ, ਸਿੱਖ ਸਮਾਜ ਦਾ ਵਜੂਦ ਬਚਾਉਣ ਲਈ ਕੁਝ ਨਹੀਂ ਕਰ ਰਹੇ। ਦੂਜੇ ਪਾਸੇ, ਅਮੀਰ ਸਿੰਘ ਨੇ ਇਸੇ ਅਖ਼ਬਾਰ ਨੂੰ ਦੱਸਿਆ ਕਿ ਪੀਐੱਸਜੀਪੀਸੀ, ਹਕੂਮਤ-ਇ-ਪਾਕਿਸਤਾਨ ਉਪਰ ਜ਼ੋਰ ਪਾ ਰਹੀ ਹੈ ਕਿ ਘੱਟਗਿਣਤੀ ਫ਼ਿਰਕਿਆਂ ਦੀਆਂ ਮੁਟਿਆਰਾਂ ਨੂੰ ਇਸਲਾਮ ਧਾਰਨ ਕਰਨ ਵਰਗੇ ਕਦਮਾਂ ਤੋਂ ਰੋਕਣ ਲਈ ਕਾਨੂੰਨੀ ਧਾਰਾਵਾਂ ਸਖ਼ਤ ਕੀਤੀਆਂ ਜਾਣ ਅਤੇ ਵਿਆਹ, ਮਾਪਿਆਂ ਦੀ ਮਨਜ਼ੂਰੀ ਤੋਂ ਬਿਨਾਂ ਨਾ ਕੀਤੇ ਜਾਣ ਦੀ ਸ਼ਰਤ ਵਿਆਹ ਕਾਨੂੰਨਾਂ, ਖ਼ਾਸ ਕਰ ਕੇ ਘੱਟਗਿਣਤੀਆਂ ਦੇ ਵਿਆਹ ਕਾਨੂੰਨਾਂ ਦਾ ਹਿੱਸਾ ਬਣਾਈ ਜਾਵੇ। ਸੂਬਾ ਪੰਜਾਬ ਦੇ ਘੱਟਗਿਣਤੀਆਂ ਬਾਰੇ ਮੰਤਰੀ ਇਜਾਜ਼ ਆਲਮ ਆਗਸਟਾਈਨ ਨੇ ਵੀ ਅਜਿਹਾ ਕਾਨੂੰਨ ਬਣਾਉਣ ਦੀ ਹਮਾਇਤ ਕੀਤੀ ਹੈ।

* * *

ਕਰੋਨਾ ਦੀ ਵਾਪਸੀ

ਪੰਜ ਦਿਨਾਂ ਪਹਿਲਾਂ ਤਕ ਪਾਕਿਸਤਾਨੀ ਹੁਕਮਰਾਨ, ਸਰਕਾਰੀ ਅਹਿਲਕਾਰ ਤੇ ਮੀਡੀਆ ਇਸ ਗੱਲ ’ਤੇ ਫਖ਼ਰ ਮਹਿਸੂਸ ਕਰ ਰਹੇ ਸਨ ਕਿ ਮੁਲਕ ਨੇ ਕਰੋਨਾ ਸੰਕਟ ਉਪਰ ਕਾਬੂ ਪਾ ਲਿਆ ਹੈ। ਇਸੇ ਪ੍ਰਭਾਵ ਸਦਕਾ ਮੁਲਕ ਦੇ ਬਹੁਤੇ ਹਿੱਸਿਆਂ ਵਿਚ ਪਹਿਲਾਂ ਯੂਨੀਵਰਸਿਟੀਆਂ ਤੇ ਤਕਨੀਕੀ ਕਾਲਜ ਅਤੇ ਫਿਰ ਸਕੂਲ-ਕਾਲਜ ਖੋਲ੍ਹ ਦਿੱਤੇ ਗਏ ਸਨ। ਉਦੋਂ ਨਵੇਂ ਕਰੋਨਾ ਕੇਸਾਂ ਦੀ ਨਿੱਤ ਦੀ ਤਾਦਾਦ ਇਕ ਸੌ ਦੇ ਅੰਕੜੇ ਤੋਂ ਵੀ ਘੱਟ ਰਹਿਣ ਨੂੰ ਜੰਗ ਜਿੱਤ ਲਏ ਜਾਣ ਦਾ ਸੰਕੇਤ ਮੰਨਿਆ ਜਾ ਰਿਹਾ ਸੀ। ਪਰ ਹੁਣ ਅਚਨਚੇਤੀ ਸਥਿਤੀ ਬਦਲ ਗਈ ਹੈ। ਪਿਛਲੇ ਚਾਰ ਦਿਨਾਂ ਤੋਂ ਨਵੇਂ ਕੇਸ ਸੱਤ ਸੌ ਦੇ ਅੰਕੜੇ ਦੇ ਆਸ-ਪਾਸ ਪਹੁੰਚ ਰਹੇ ਹਨ। ਲਿਹਾਜ਼ਾ, ਪਾਕਿਸਤਾਨ ਮੈਡੀਕਲ ਐਸੋਸੀਏਸ਼ਨ (ਪੀਐਮਏ) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਫ਼ੌਰੀ ਤੌਰ ’ਤੇ ਇਹਤਿਆਤੀ ਕਦਮ ਨਾ ਚੁੱਕੇ ਗਏ ਤਾਂ ਹਫ਼ਤੇ ਦੇ ਅੰਦਰ ਅੰਦਰ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਜਾਵੇਗੀ।

ਇਸ ਚਿਤਾਵਨੀ ਤੋਂ ਉਲਟ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਦੇ ਚਹੇਤੇ ਸਿੱਖਿਆ ਮੰਤਰੀ ਸ਼ਫ਼ਕਤ ਮਹਿਮੂਦ ਨੇ ਸ਼ਿਕਵਾ ਕੀਤਾ ਹੈ ਕਿ ਵਿੱਦਿਅਕ ਅਦਾਰੇ ਖ਼ੁਦ-ਬਖ਼ੁਦ ਆਪਣੇ ਆਪ ਨੂੰ ਬੰਦ ਕਰ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਰਹੇ ਹਨ। ਰੋਜ਼ਨਾਮਾ ‘ਡੇਲੀ ਟਾਈਮਜ਼’ ਅਨੁਸਾਰ 35 ਯੂਨੀਵਰਸਿਟੀਆਂ ਤੇ ਤਕਨੀਕੀ ਸੰਸਥਾਵਾਂ ਨੇ ਕਲਾਸਾਂ ਬੰਦ ਕਰ ਕੇ ਆਨਲਾਈਨ ਤਾਲੀਮ ਵਾਲਾ ਸਿਲਸਿਲਾ ਮੁੜ ਸ਼ੁਰੂ ਕਰ ਲਿਆ ਹੈ। ਸਿੰਧ ਸਰਕਾਰ ਨੇ ਪਹਿਲਾਂ ਸੂਬੇ ਵਿਚ ਸਕੂਲ 21 ਸਤੰਬਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਸੀ। ਹੁਣ ਇਸ ਫ਼ੈਸਲੇ ’ਤੇ ਅਮਲ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਅਖ਼ਬਾਰ ਅਨੁਸਾਰ ਸਕੂਲ-ਕਾਲਜ ਇਕ ਹਫ਼ਤੇ ਦੇ ਅੰਦਰ ਅੰਦਰ ਮੁੜ ਬੰਦ ਹੋਣ ਤੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬੜੇ ਨਾਖ਼ੁਸ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕੀਤੇ-ਕਰਾਏ ਉੱਤੇ ਪਾਣੀ ਫਿਰ ਗਿਆ ਹੈ। ਦੂਜੇ ਪਾਸੇ ਪਾਕਿਸਤਾਨੀ ਮਾਹਿਰਾਂ ਦੀ ਰਾਇ ਹੈ ਕਿ ਮੁਲਕ ਅੰਦਰ ਟੈਸਟ ਬਹੁਤ ਘੱਟ ਕੀਤੇ ਜਾ ਰਹੇ ਹਨ। ਪਿਛਲੇ ਪੰਜ ਮਹੀਨਿਆਂ ਦੌਰਾਨ ਕਿਸੇ ਵੀ ਦਿਨ 33 ਹਜ਼ਾਰ ਤੋਂ ਵੱਧ ਟੈਸਟ ਨਹੀਂ ਕੀਤੇ ਗਏ। ਇਹ ਗਿਣਤੀ ਬਾਕੀ ਸਾਰੇ ਸਾਰਕ ਦੇਸ਼ਾਂ ਤੇ ਪਾਕਿਤਸਾਨ ਦੇ ਹੋਰਨਾਂ ਗੁਆਂਢੀਆਂ ਵੱਲੋਂ ਕੀਤੇ ਜਾ ਰਹੇ ਟੈਸਟਾਂ ਦੇ ਮੁਕਾਬਲੇ ਬਹੁਤ ਘੱਟ ਹੈ। ਟੈਸਟਾਂ ਦੀ ਸੰਖਿਆ ਵਧਾਏ ਜਾਣ ’ਤੇ ਹੀ ਇਹ ਸਾਫ਼ ਹੋਵੇਗਾ ਕਿ ਕਰੋਨਾ ਦੀ ਮਾਰ ਘਟੀ ਹੈ ਜਾਂ ਨਹੀਂ।

* * *

ਪਿਆਜ਼ਾਂ ਨੂੰ ਲੱਗੀ ਅੱਗ

ਭਾਰਤ ਵਿਚ ਪਿਆਜ਼ਾਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਉਛਾਲੇ ਅਤੇ ਇਸ ਉਛਾਲੇ ਨੂੰ ਠੱਲ੍ਹਣ ਲਈ ਇਸ ਜਿਣਸ ਦੀ ਬਰਾਮਦ ਉੱਤੇ ਪਾਬੰਦੀ ਲਾਉਣ ਦੇ ਮੋਦੀ ਸਰਕਾਰ ਦੇ ਫੈ਼ਸਲੇ ਨੂੰ ਆਪਣੇ ਅਦਾਰੀਏ (ਸੰਪਾਦਕੀ) ਰਾਹੀਂ ਭਾਰਤ ਖ਼ਿਲਾਫ਼ ਮਸ਼ਕਰੀਆਂ ਦਾ ਆਧਾਰ ਬਣਾਉਣ ਵਾਲੇ ਅੰਗਰੇਜ਼ੀ ਅਖ਼ਬਾਰ ‘ਦਿ ਨੇਸ਼ਨ’ ਨੇ ਹੁਣ ਪਾਕਿਸਤਾਨ ਵਿਚ ਪਿਆਜ਼ਾਂ ਤੇ ਹੋਰ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧੇ ਦੀ ਖ਼ਬਰ ਪ੍ਰਮੁਖਤਾ ਨਾਲ ਛਾਪੀ ਹੈ। ਇਸ ਖ਼ਬਰ ਅਨੁਸਾਰ ਇਰਾਨ ਤੇ ਅਫ਼ਗਾਨਿਸਤਾਨ ਤੋਂ ਪਿਆਜ਼ਾਂ ਦੀ ਦਰਾਮਦ ਸ਼ੁਰੂ ਹੋਣ ਦੇ ਬਾਵਜੂਦ ਪਾਕਿਸਤਾਨੀ ਮੰਡੀਆਂ ਵਿਚ ਦੇਸੀ ਪਿਆਜ਼ 60 ਤੋਂ 70 ਰੁਪਏ ਅਤੇ ਅਫ਼ਗ਼ਾਨ ਪਿਆਜ਼ 50 ਤੋਂ 60 ਰੁਪਏ ਕਿਲੋ ਵਿਕ ਰਿਹਾ ਹੈ। ਖ਼ਬਰ ਵਿਚ ਕਿਹਾ ਗਿਆ ਹੈ ਕਿ ਸਿੰਧ ਤੇ ਬਲੋਚਿਸਤਾਨ ਸੂਬਿਆਂ ਵਿਚ ਆਏ ਬੇਵਕਤੀ ਹੜ੍ਹਾਂ ਨੇ ਪਿਆਜ਼ ਦੀ ਫ਼ਸਲ ਤਬਾਹ ਕਰ ਦਿੱਤੀ। ਇਸ ਕਾਰਨ ਮੰਡੀਆਂ ਵਿਚ ਇਸ ਫ਼ਸਲ ਦੀ ਤੋਟ ਹੋ ਗਈ। ਪਿਆਜ਼ਾਂ ਤੋਂ ਇਲਾਵਾ ਟਮਾਟਰਾਂ ਤੇ ਆਲੂਆਂ ਦੇ ਭਾਅ ਵੀ ਅਸਮਾਨ ਛੂਹ ਰਹੇ ਹਨ। ਟਮਾਟਰ 100 ਤੋਂ 120 ਰੁਪਏ ਕਿਲੋ ਵਿਕ ਰਹੇ ਹਨ। ਆਲੂ 50 ਰੁਪਏ ਵਿਕ ਰਹੇ ਹਨ। ਪਹਿਲਾਂ ਇਹ ਸਬਜ਼ੀਆਂ ਭਾਰਤ ਤੋਂ ਆ ਜਾਂਦੀਆਂ ਸਨ। ਹੁਣ ਦੋਵਾਂ ਮੁਲਕਾਂ ਦਰਮਿਆਨ ਇਹ ਵਪਾਰ ਬੰਦ ਹੈ। ਇਰਾਨ ਤੋਂ ਆਉਣ ਵਾਲੇ ਟਮਾਟਰ ਰਸੀਲੇ ਨਹੀਂ ਜਦੋਂਕਿ ਤੁਰਕੀ ਤੋਂ ਦਰਾਮਦ ਕੀਤੇ ਆਲੂ ਬਹੁਤ ਛੇਤੀ ਖ਼ਰਾਬ ਹੋ ਜਾਂਦੇ ਹਨ। ਖ਼ਬਰ ਵਿਚ ਕੇਂਦਰੀ ਖੇਤੀ ਮੰਤਰੀ ਸੱਯਦ ਫਖ਼ਰ ਇਮਾਮ ਦੇ ਹਵਾਲੇ ਨਾਲ ਭਰੋਸਾ ਦਿੱਤਾ ਗਿਆ ਹੈ ਕਿ ਖ਼ਪਤਕਾਰਾਂ ਲਈ ਡੇਢ ਕੁ ਮਹੀਨੇ ਦਾ ਸਮਾਂ ਔਖਾ ਹੈ। ਉਸ ਤੋਂ ਬਾਅਦ ਨਵੀਆਂ ਫ਼ਸਲਾਂ ਆਉਣ ਨਾਲ ਸਬਜ਼ੀਆਂ ਖ਼ੁਦ-ਬਖ਼ੁਦ ਸਸਤੀਆਂ ਹੋ ਜਾਣਗੀਆਂ।

* * *

ਜੋਤੀ ਜੋਤਿ ਦਿਵਸ ਸਮਾਗਮ

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਐਤਵਾਰ (20 ਸਤੰਬਰ) ਤੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਸਮਾਗਮ ਸ਼ੁਰੂ ਹੋ ਗਏ। ਅੰਗਰੇਜ਼ੀ ਰੋਜ਼ਨਾਮਾ ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਔਕਾਫ਼ ਬੋਰਡ ਦੇ ਚੇਅਰਮੈਨ ਡਾ. ਆਮਿਰ ਅਹਿਮਦ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਵਿਚ ਲਾਹੌਰ, ਨਨਕਾਣਾ ਸਾਹਿਬ, ਪਿਸ਼ਾਵਰ ਤੇ ਹੋਰਨਾਂ ਥਾਵਾਂ ਤੋਂ ਤਿੰਨ ਹਜ਼ਾਰ ਦੇ ਕਰੀਬ ਪਾਕਿਸਤਾਨੀ ਸਿੱਖ ਹਿੱਸਾ ਲੈਣਗੇ। ਸਮਾਗਮਾਂ ਦੇ ਦੂਜੇ ਦਿਨ, ਸ੍ਰੀ ਅਖੰਡ ਪਾਠ ਦੇ ਮੱਧ ਉਪਰੰਤ ਇਕ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਹਿੰਦ-ਪਾਕਿ ਸਰਹੱਦ ਦੀ ਜ਼ੀਰੋ ਲਾਈਨ ਤਕ ਜਾਵੇਗਾ। ਰਿਪੋਰਟ ਮੁਤਾਬਿਕ ਔਕਾਫ਼ ਦੇ ਮੁਖੀ ਨੇ ਇਸ ਗੱਲ ’ਤੇ ਅਫ਼ਸੋਸ ਪ੍ਰਗਟ ਕੀਤਾ ਕਿ ਭਾਰਤ ਦੀ ‘‘ਮੋਦੀ ਸਰਕਾਰ ਦੇ ਹੱਠ ਕਾਰਨ ਭਾਰਤੀ ਸਿੱਖ ਇਨ੍ਹਾਂ ਸਮਾਗਮਾਂ ਵਿਚ ਹਿੱਸਾ ਨਹੀਂ ਲੈ ਰਹੇ।’’ ਉਨ੍ਹਾਂ ਇਹ ਵੀ ਦੱਸਿਆ ਕਿ ਸਮਾਗਮਾਂ ਦੌਰਾਨ ਸ਼ਰਧਾਲੂਆਂ ਦੇ ਕਰੋਨਾ ਟੈਸਟ ਵੀ ਕੀਤੇ ਜਾਣਗੇ। ਇਸ ਸਬੰਧੀ ਇਕ ਵਿਸ਼ੇਸ਼ ਸੈਂਟਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All