ਜਦੋਂ ਮੇਲੀ ਤੋਂ ਮੁੱਖ ਮਹਿਮਾਨ ਬਣੇ
ਪ੍ਰੋ. ਮੋਹਨ ਸਿੰਘ ਮੇਲਾ ਬੜਾ ਯਾਦ ਆਉਂਦਾ ਹੈ। ਇਹ ਗੱਲ 1996 ਦੇ ਸਾਲ ਦੀ ਹੋਵੇਗੀ, ਅਕਤੂਬਰ ਦਾ ਮਹੀਨਾ ਸੀ। ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਲੱਗਣ ਵਾਲੇ ਪ੍ਰੋ. ਮੋਹਨ ਸਿੰਘ ਮੇਲੇ ’ਤੇ ਕਲਾਕਾਰਾਂ ਦੇ ਸਾਂਝੇ ਬਾਪੂ ਜਗਦੇਵ ਸਿੰਘ ਜੱਸੋਵਾਲ ਦੀ ਪੂਰੀ...
ਪ੍ਰੋ. ਮੋਹਨ ਸਿੰਘ ਮੇਲਾ ਬੜਾ ਯਾਦ ਆਉਂਦਾ ਹੈ। ਇਹ ਗੱਲ 1996 ਦੇ ਸਾਲ ਦੀ ਹੋਵੇਗੀ, ਅਕਤੂਬਰ ਦਾ ਮਹੀਨਾ ਸੀ। ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਲੱਗਣ ਵਾਲੇ ਪ੍ਰੋ. ਮੋਹਨ ਸਿੰਘ ਮੇਲੇ ’ਤੇ ਕਲਾਕਾਰਾਂ ਦੇ ਸਾਂਝੇ ਬਾਪੂ ਜਗਦੇਵ ਸਿੰਘ ਜੱਸੋਵਾਲ ਦੀ ਪੂਰੀ ਧੁੰਮ ਪੈਂਦੀ ਹੁੰਦੀ ਸੀ। ਮੇਰੇ ਕੁਝ ਦੋਸਤ ਆਖਣ ਲੱਗੇ, ‘‘ਬਾਈ ਆਪਾਂ ਏਸ ਵਾਰੀ ਮੋਹਨ ਸਿੰਘ ਮੇਲੇ ਉੱਤੇ ਗਾਇਕਾਂ ਨੂੰ ਸੁਣਨ ਜਾਣਾ ਐ।’’ ਮੇਰੇ ਕੋਲ ਉਦੋਂ ਜੀਪ ਹੁੰਦੀ ਸੀ, ਜੇਬ ਵੀ ਤੰਗ ਹੀ ਸੀ। ਸੋ, ਅਸੀਂ ਤਿੰਨ ਦੋਸਤ ਜੀਪ ਵਿੱਚ ਲੁਧਿਆਣਾ ਦੇ ਪੰਜਾਬੀ ਭਵਨ ਪਹੁੰਚ ਗਏ। ਸਾਡਾ ਪ੍ਰੋਗਰਾਮ ਸੀ ਕਿ ਗਾਇਕਾਂ ਨੂੰ ਸੁਣਾਂਗੇ, ਮੇਲਾ ਦੇਖਾਂਗੇ, ਕਿਸੇ ਢਾਬੇ ਤੋਂ ਰੋਟੀ ਖਾਵਾਂਗੇ ਤੇ ਮੇਲੇ ਦੇ ਗਰਾਊਂਡ ਵਿੱਚ ਪਰਾਲੀ ’ਤੇ ਸੌਂ ਕੇ ਰਾਤ ਕੱਟਾਂਗੇ। ਅਸੀਂ ਲੋਈਆਂ ਤੇ ਖੇਸ ਵੀ ਨਾਲ ਲੈ ਕੇ ਗਏ ਸਾਂ।
ਜਦੋਂ ਮੇਲੇ ਵਿੱਚ ਵੜੇ ਤਾਂ ਦੇਖਿਆ ਕਿ ਇਕੱਠ ਬਹੁਤ ਜ਼ਿਆਦਾ ਸੀ, ਤਿਲ ਸੁੱਟਣ ਨੂੰ ਥਾਂ ਨਾ ਲੱਭੇ ਵਾਲੀ ਗੱਲ ਹੋਈ ਪਈ ਸੀ। ਅਸੀਂ ਜਾ ਕੇ ਸਰੋਤਿਆਂ ਵਿੱਚ ਬੈਠ ਗਏ। ਦੋ ਮੁੰਡੇ ਗਾ ਰਹੇ ਸੀ, ਜਿਨ੍ਹਾਂ ਦੇ ਨਾਂ ਹੁਣ ਭੁੱਲ ਗਏ ਹਨ। ਗੁਰਭਜਨ ਗਿੱਲ ਸਟੇਜ ਸੈਕਟਰੀ ਸੀ, ਸਾਡਾ ਇੱਕ ਮਿੱਤਰ ਜਸਵੰਤ ਸਿੰਘ ਛਾਪਾ ਵੀ ਮੇਲੇ ਵਿੱਚ ਪ੍ਰਬੰਧਕ ਸੀ ਤੇ ਉਸ ਦੇ ਪਿਤਾ ਟਕਸਾਲੀ ਅਕਾਲੀ ਆਗੂ ਉਜਾਗਰ ਸਿੰਘ ਛਾਪਾ ਮੇਰੇ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨਾਲ ਇਕੱਠੇ ਰਹੇ ਸਨ। ਛਾਪੇ ਨੇ ਮੈਨੂੰ ਮੇਲੇ ਵਿੱਚ ਆਇਆਂ ਦੇਖ ਕੇ ਗੁਰਭਜਨ ਗਿੱਲ ਨੂੰ ਦੱਸ ਦਿੱਤਾ ਤੇ ਉਸ ਨੇ ਸਟੇਜ ਤੋਂ ਬੋਲਿਆ, ‘‘ਸਾਡੇ ਕੋਲ ਸਾਬਕਾ ਸੰਸਦ ਮੈਂਬਰ ਤੇ ਇਮਾਨਦਾਰ ਆਗੂ ਜਥੇਦਾਰ ਖੁੱਡੀਆਂ ਦੇ ਬੇਟੇ ਗੁਰਮੀਤ ਸਿੰਘ ਖੁਡੀਆਂ ਪੁੱਜੇ ਹੋਏ ਹਨ ਅਤੇ ਉਹ ਸਟੇਜ ਉੱਤੇ ਆਉਣ ਤੇ ਕਲਾਕਾਰਾਂ ਦਾ ਸਨਮਾਨ ਕਰਨ।’’ ਮੈਂ ਸੰਗਦਾ-ਸੰਗਦਾ ਸਟੇਜ ਉੱਤੇ ਗਿਆ ਤਾਂ ਮੈਥੋਂ ਕਲਾਕਾਰ ਸਨਮਾਨਿਤ ਕਰਵਾਏ ਗਏ। ਅਸੀਂ ਤਾਂ ਪਰਾਲੀ ਉੱਤੇ ਸੌਣ ਗਏ ਸਾਂ ਪਰ ਬਣਾ ਦਿੱਤੇ ਗਏ ਮੁੱਖ ਮਹਿਮਾਨ। ਖ਼ੈਰ, ਮੈਂ ਬੜੇ ਅਦਬ ਨਾਲ ਰਸਮ ਨਿਭਾਈ ਅਤੇ ਸਟੇਜ ਤੋਂ ਹੇਠਾਂ ਆ ਕੇ ਸਰੋਤਿਆਂ ਵਿੱਚ ਬੈਠ ਗਿਆ। ਜਗਦੇਵ ਸਿੰਘ ਜੱਸੋਵਾਲ ਨੇ ਬੜਾ ਆਦਰ ਦਿੱਤਾ ਤੇ ਆਖਿਆ, ‘‘ਗੁਰਮੀਤ ਬੇਟਾ, ਤੇਰਾ ਬਾਪੂ ਜਥੇਦਾਰ ਜਗਦੇਵ ਸਿੰਘ ਸਾਡਾ ਸੱਚਾ-ਸੁੱਚਾ ਆੜੀ ਸੀ।’’ ਮੈਨੂੰ ਉਸ ਦਿਨ ਪਤਾ ਲੱਗਿਆ ਕਿ ਜਸੋਵਾਲ ਜੀ ਸਾਡੇ ਪਿਤਾ ਜੀ ਦੇ ਸਮਕਾਲੀ ਸਨ। ਉੱਥੇ ਹੀ ਹਰਭਜਨ ਬਾਜਵਾ ਮਿਲ ਗਿਆ, ਜੋ ਫੋਟੋਆਂ ਖਿੱਚ ਰਿਹਾ ਸੀ। ਕਿਸੇ ਨੇ ਮੇਰੀ ਉਹਦੇ ਨਾਲ ਜਾਣ-ਪਛਾਣ ਕਰਵਾਈ ਤਾਂ ਉਹ ਕਹਿਣ ਲੱਗਾ, ‘‘ਏਹ ਮੇਰਾ ਭਤੀਜ ਏ, ਏਹਦੇ ਬਾਪੂ ਦੀਆਂ ਤਸਵੀਰਾਂ ਤੀਹ ਸਾਲ ਪਹਿਲਾਂ ਜੋ ਮੈਂ ਖਿੱਚੀਆਂ ਸਨ, ਉਹ ਇਤਿਹਾਸ ਮੇਰੇ ਕੋਲ ਸਾਂਭਿਆ ਪਿਐ।’’ ਮੈਂ ਆਖਿਆ ਕਿ ਅੰਕਲ ਜੀ, ਉਹ ਤਸਵੀਰਾਂ ਦੇ ਦਿਓ, ਬਾਜਵਾ ਜੀ ਬੋਲੇ, ‘‘ਬੇਟਾ, ਹਾਲੇ ਨਹੀਂ, ਜਦੋਂ ਕੋਈ ਸਮਾਂ ਆਇਆ ਫਿਰ ਦਿਆਂਗਾ।’’
ਫਿਰ ਜਦੋਂ ਅਸੀਂ ਕਿਸੇ ਪਾਰਕ ਦੇ ਬੈਂਚਾਂ ਜਾਂ ਮੇਲੇ ਦੇ ਪੰਡਾਲ ’ਚ ਪਰਾਲੀ ਉੱਤੇ ਸੌਣ ਨੂੰ ਥਾਂ ਲੱਭ ਰਹੇ ਸਾਂ ਤਾਂ ਜਸਵੰਤ ਸਿੰਘ ਛਾਪਾ ਕਹਿੰਦਾ, ‘‘ਮੈਂ ਤੁਹਾਡਾ ਹੋਟਲ ਬੁੱਕ ਕਰਵਾ ਦਿੱਤਾ ਹੈ।’’ ਅਸੀਂ ਮੇਲੇ ’ਚੋਂ ਲੰਗਰ ਛਕ ਕੇ ਹੋਟਲ ਆ ਗਏ। ਹੋਟਲ ਆਣ ਕੇ ਸਾਨੂੰ ਫਿਕਰ ਪਿਆ ਹੋਇਆ ਸੀ ਕਿ ਸਵੇਰੇ ਕਮਰੇ ਦਾ ਕਿਰਾਇਆ ਕਿਵੇਂ ਤਾਰਾਂਗੇ? ਮੇਰੀ ਜੇਬ ਵਿੱਚ ਲਗਪਗ ਢਾਈ ਤਿੰਨ ਸੌ ਰੁਪਏ ਸਨ। ਮੈਂ ਸਾਥੀਆਂ ਨੂੰ ਆਖਿਆ ਕਿ ਕੋਈ ਗੱਲ ਨਹੀਂ, ਲੰਗਰ ਮੇਲੇ ’ਚੋਂ ਛਕ ਲਿਆ ਐ, ਹੁਣ ਸੌਂ ਜਾਓ ਤੇ ਸਵੇਰੇ ਦੇਖਾਂਗੇ ਕੀ ਬਣਦਾ ਐ। ਸਵੇਰੇ ਉੱਠੇ ਤਾਂ ਮੈਂ ਇੱਕ ਸਾਥੀ ਨੂੰ ਆਖਿਆ, ‘‘ਯਾਰ, ਚਾਹ ਦਾ ਕੋਈ ਜੁਗਾੜ ਕਰੋ।’’ ਸਾਥੀ ਰਿਸੈਪਸ਼ਨ ’ਤੇ ਗਿਆ ਤੇ ਚਾਹ ਦੇ ਕੱਪ ਦਾ ਰੇਟ ਪੁੱਛਿਆ ਰਿਸੈਪਸ਼ਨ ਵਾਲਾ ਕਹਿਣਾ ਲੱਗਾ, ‘‘ਇੱਕ ਕੱਪ ਪੰਜ ਰੁਪੱਈਏ ਦਾ ਹੈ ਪਰ ਤੁਸੀਂ ਕਮਰੇ ਵਿੱਚ ਜਾਓ, ਚਾਹ ਭੇਜ ਰਹੇ ਹਾਂ... ਨਾਲੇ ਇਹ ਦੱਸੋ ਕਿ ਬਰੇਕਫਾਸਟ ਵਿੱਚ ਕੀ ਖਾਓਗੇ।’’ ਸਾਡਾ ਸਾਥੀ ਬੋਲਿਆ, ‘‘ਸਾਡੇ ਕੋਲ ਤਾਂ ਏਨਾ ਖਰਚਾ ਕਰਨ ਜੋਗੇ ਪੈਸੇ ਹੀ ਨਹੀਂ ਹਨ।’’ ਰਿਸੈਪਸ਼ਨ ਵਾਲੇ ਨੇ ਆਖਿਆ, ‘‘ਪ੍ਰਬੰਧਕ ਕਹਿ ਕੇ ਗਏ ਸਨ ਕਿ ਇਨ੍ਹਾਂ ਤੋਂ ਕੋਈ ਪੈਸਾ ਨਹੀਂ ਲੈਣਾ, ਤੁਸੀਂ ਕਮਰੇ ਵਿੱਚ ਜਾਓ ਤੇ ਖਾਓ ਪੀਓ, ਸਭ ਮੁਫ਼ਤ ਹੈ ਤੁਹਾਨੂੰ।’’ ਸੋ, ਫਿਰ ਅਸੀਂ ਸਭ ਨੇ ਇਸ਼ਨਾਨ ਕਰ ਕੇ ਦਹੀਂ ਤੇ ਅਚਾਰ ਨਾਲ ਆਲੂਆਂ ਵਾਲੇ ਪਰੌਂਠੇ ਰੱਜ ਕੇ ਛਕੇ। ਅਸੀਂ ਸਾਰੇ ਬੜੇ ਖੁਸ਼ ਸਾਂ ਕਿ ਬੜੀ ਆਓ ਭਗਤ ਹੋਈ ਹੈ।
ਸੋ, ਉਹ ਮੇਲਾ ਕਦੇ ਮਨੋਂ ਨਾ ਵਿਸਰਿਆ। ਲੰਬਾ ਸਮਾਂ ਬੀਤ ਗਿਆ ਤੇ ਫਿਰ ਆਹ ਦਿਨ ਆ ਗਏ, ਮੰਤਰੀ ਦਾ ਅਹੁਦਾ ਮਿਲ ਗਿਆ ਤੇ ਇੱਕ ਦਿਨ ਫੋਨ ਆਇਆ ਗੁਰਭਜਨ ਗਿੱਲ ਦਾ ਕਿ ਤੁਸੀਂ ਬਤੌਰ ਮੁੱਖ ਮਹਿਮਾਨ ਮੇਲੇ ਵਿੱਚ ਆਓ। ਸੋ, ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਸੀ? ਮੈਂ ਪੰਜਾਬੀ ਭਵਨ ਪੁੱਜ ਗਿਆ। ਉਹੋ ਬੀਤ ਗਿਆ ਵੇਲਾ ਤੇ ਵਿਛੜ ਗਏ ਸੱਜਣ-ਸਨੇਹੀ ਵੀ ਯਾਦ ਆਏ। ਹੁਣ ਮੇਲੇ ਦੇ ਦਿਨਾਂ ਵਿੱਚ ਮੇਲੇ ਮੋਹਨ ਸਿੰਘ ਦੀ ਯਾਦ ਸ਼ਿੱਦਤ ਨਾਲ ਆ ਰਹੀ ਹੈ।
*ਲੇਖਕ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ।

