DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਨਕਲਾਬੀ ਇਤਿਹਾਸ ਨੂੰ ਸੰਜੋਣ ਵਾਲਾ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਇਨਕਲਾਬ ਨਾਲ ਜੁੜੇ ਭੁੱਲੇ ਵਿਸਰੇ ਇਤਿਹਾਸ ਨੂੰ ਖੋਜਣ ਤੇ ਮੌਲਿਕ ਦਸਤਾਵੇਜ਼ਾਂ ਨੂੰ ਸੰਭਾਲਣ ਵਾਲੇ ਅਤੇ ਇਨਕਲਾਬੀ ਇਤਿਹਾਸ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੀਆਂ ਕੜੀਆਂ ਜੋੜਨ ਵਾਲੇ ਸਿਰਮੌਰ ਇਤਿਹਾਸਕਾਰ ਵਜੋਂ ਸਾਹਮਣੇ...

  • fb
  • twitter
  • whatsapp
  • whatsapp
Advertisement

ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਇਨਕਲਾਬ ਨਾਲ ਜੁੜੇ ਭੁੱਲੇ ਵਿਸਰੇ ਇਤਿਹਾਸ ਨੂੰ ਖੋਜਣ ਤੇ ਮੌਲਿਕ ਦਸਤਾਵੇਜ਼ਾਂ ਨੂੰ ਸੰਭਾਲਣ ਵਾਲੇ ਅਤੇ ਇਨਕਲਾਬੀ ਇਤਿਹਾਸ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੀਆਂ ਕੜੀਆਂ ਜੋੜਨ ਵਾਲੇ ਸਿਰਮੌਰ ਇਤਿਹਾਸਕਾਰ ਵਜੋਂ ਸਾਹਮਣੇ ਆਏ।

ਜਿਊਂਦੇ ਜੀਅ ਕੁਝ ਸਵਾਲ ਸਦਾ ਹੀ ਉਨ੍ਹਾਂ ਨੂੰ ਮੁਖਾਤਬ ਰਹੇ ਤੇ ਉਹ ਲਗਾਤਾਰ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦੇ ਰਹੇ ਕਿ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਨੌਜਵਾਨ ਭਾਰਤ ਸਭਾ ਲਹਿਰ ਵੱਲੋਂ ਲੋਕ-ਦੋਖੀ ਪ੍ਰਬੰਧ ਨਾਲ ਲਈਆਂ ਸਿੱਧੀਆਂ ਟੱਕਰਾਂ ਦੇ ਬਾਵਜੂਦ ਸਫ਼ਲਤਾ ਨੇ ਇਨਕਲਾਬੀ ਲਹਿਰਾਂ ਦਾ ਮੱਥਾ ਕਿਉਂ ਨਹੀਂ ਚੁੰਮਿਆ?

Advertisement

ਮੈਂ ਖ਼ੁਦ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦਾ ਵਿਦਿਆਰਥੀ ਹੋਣ ਦੇ ਨਾਤੇ ਜਾਣਦਾ ਹਾਂ ਕਿ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਇਸੇ ਕਾਲਜ ਦੇ ਵਿਦਿਆਰਥੀ ਬਖਸ਼ੀਸ਼ ਮੋਰ ਕਰੀਮਾਂ ਦੀ ਹੱਤਿਆ ਨੂੰ ਉਹ ਬੱਬਰ ਅਕਾਲੀ ਲਹਿਰ ਦੇ ਧੰਨਾ ਸਿੰਘ ਬਹਿਬਲਪੁਰ ਵਰਗਿਆਂ ਦੀ ਸ਼ਹਾਦਤ ਨਾਲ ਜੋੜ ਕੇ ਗੰਭੀਰਤਾ ਨਾਲ ਵਿਚਾਰਦੇ ਸਨ। ਉਹ ਪੰਜਾਬੀਆਂ ਦੀ ਨਾਬਰੀ ਅਤੇ ਆਪਣੀ ਮਿੱਟੀ ਲਈ ਮਰ ਮੁੱਕਣ ਦੀ ਪਰੰਪਰਾ ਦਾ ਡੂੰਘਾ ਅਧਿਐਨ ਕਰਨ ਦੇ ਉਦੇਸ਼ ਹਿੱਤ ਜ਼ਿੰਦਗੀ ਭਰ ਇਤਿਹਾਸ ਦੀਆਂ ਅਣਗੌਲੀਆਂ ਪੈੜਾਂ ਖੋਜਣ ਦੇ ਸਫ਼ਰ ’ਤੇ ਰਹੇ। ਉਹ ਆਪਣੇ ਆਪ ਨੂੰ ਗ਼ਦਰੀ ਬਾਬਿਆਂ ਦਾ ਮੁਣਸ਼ੀ ਦੱਸਦਿਆਂ ਆਖਦੇ ਸਨ ਕਦੇ ਤਾਂ ਕੋਈ ਅਜਿਹਾ ਰਾਹੀ ਵੀ ਆਵੇਗਾ, ਜੋ ਇਤਿਹਾਸ ਵਿੱਚ ਦਫ਼ਨ ਹੋ ਗਈਆਂ ਪੈੜਾਂ ਨੱਪਦਾ ਨੱਪਦਾ ਇਸ ਸਫ਼ਰ ਵਿੱਚ ਸਾਥੋਂ ਵੀ ਅੱਗੇ ਨਿਕਲ ਜਾਵੇਗਾ। 1972 ਦੇ ਮੋਗਾ ਗੋਲੀ ਕਾਂਡ ਮੌਕੇ ਪ੍ਰੋ. ਵੜੈਚ ਨੇ ਵਿਦਿਆਰਥੀਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਤੋਂ ਅੱਗੇ ਵਧਣ, ਦੁਨੀਆ ਭਰ ਦੇ ਮਸਲਿਆਂ ’ਤੇ ਵਿਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਤੇ ਕਾਲਜ ਵਿੱਚ ਗੁਰਸ਼ਰਨ ਭਾਅ ਜੀ ਦੇ ਨਾਟਕ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਮੋਗਾ ਗੋਲੀ ਕਾਂਡ ਮੌਕੇ ਸਾਹਮਣੇ ਆਏ ਲੋਕ ਰੋਹ ਨੇ ਉਨ੍ਹਾਂ ਨੂੰ ਲੋਕ ਸੰਘਰਸ਼ ਦੀ ਆਸ ਬੰਨ੍ਹਾਈ ਸੀ। ਇਸ ਤੋਂ ਪਹਿਲਾਂ ਬਖਸ਼ੀਸ਼ ਮੋਰ ਕਰੀਮਾਂ ਵਰਗਿਆਂ ਦੀ ਮੌਤ ਵੇਲੇ ਲੋਕਾਂ ਦਾ ਸਾਥ ਨਾ ਮਿਲਣ ਕਾਰਨ ਹੋਈ ਮਾਯੂਸੀ ਦੌਰਾਨ ਉਹ ਅਕਸਰ ਸਵਾਲ ਕਰਿਆ ਕਰਦੇ ਸਨ ਕਿ ਕਿੱਥੇ ਹੈ ਗ਼ਦਰੀ ਬਾਬਿਆਂ ਦਾ ਪੰਜਾਬ? ਇੱਕ ਦਿਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਹੀ ਵਿਦਿਆਰਥੀ ਪ੍ਰੋ. ਜਗਮੋਹਣ ਸਿੰਘ (ਸ਼ਹੀਦ ਭਗਤ ਸਿੰਘ ਦਾ ਭਾਣਜਾ) ਲੁਧਿਆਣਾ ਤੋਂ ਸਾਈਕਲਾਂ ’ਤੇ ਹੀ ਅੰਮ੍ਰਿਤਸਰ ਜ਼ਿਲ੍ਹੇ ’ਚ ਪੈਂਦੇ ਪਿੰਡ ਭਕਨੇ ਨੂੰ ਨਿਕਲ ਪਏ। ਉਹ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਮਿਲਣਾ ਚਾਹੁੰਦੇ ਸਨ। ਹਾਲਾਂਕਿ ਦੋਵਾਂ ਦੇ ਹੀ ਮਨ ਵਿੱਚ ਇਹ ਸਵਾਲ ਵੀ ਵਾਰ ਵਾਰ ਉੱਠ ਰਿਹਾ ਸੀ ਕਿ ਕੀ ਇੰਨਾ ਵੱਡਾ ਆਗੂ ਉਨ੍ਹਾਂ ਨੂੰ ਮਿਲਣ ਲਈ ਆਪਣਾ ਸਮਾਂ ਦੇਵੇਗਾ? ਉੱਥੇ ਪਹੁੰਚੇ ਤਾਂ ਹਕੀਕਤ ਕੁਝ ਹੋਰ ਹੀ ਸੀ। ਬਾਬਾ ਸੋਹਣ ਸਿੰਘ ਭਕਨਾ ਕੁੱਲੀਨੁਮਾ ਰਿਹਾਇਸ਼ ਵਿੱਚ ਕੱਲਮ ’ਕੱਲਾ ਸੀ। ਬਾਬੇ ਨੇ ਆਪ ਹੀ ਦੁੱਧ ਗਰਮ ਕਰ ਕੇ ਮਿਲਣ ਆਏ ਨੌਜਵਾਨਾਂ ਨੂੰ ਦਿੱਤਾ। ਇਸ ਮਿਲਣੀ ਨੇ ਪ੍ਰੋ. ਵੜੈਚ ਦੇ ਦਿਮਾਗ਼ ਵਿੱਚ ਇਹ ਸਵਾਲ ਖੜ੍ਹਾ ਕੀਤਾ ਕਿ ਉਸ ਦੌਰ ਵਿੱਚ, ਜਦੋਂ ਅਖੌਤੀ (ਧਾਰਮਿਕ) ਬਾਬਿਆਂ ਦੇ ਜਿਊਂਦੇ ਜੀਅ ਅਤੇ ਉਨ੍ਹਾਂ ਦੀ ਮੌਤ ਪਿੱਛੋਂ ਉਨ੍ਹਾਂ ਦੇ ਨਾਂ ’ਤੇ ਵੱਡੇ ਮੇਲੇ ਲੱਗਦੇ ਸਨ, ਅਜਿਹੇ ਸਮੇਂ ਵਿੱਚ ਦੇਸ਼ ਦੀ ਖ਼ਾਤਰ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੇ ਬਾਬਾ ਸੋਹਣ ਸਿੰਘ ਭਕਨਾ ਵਰਗੀਆਂ ਸ਼ਖ਼ਸੀਅਤਾਂ ਦੀ ਜ਼ਿੰਦਗੀ ’ਚ ਇਹ ਇਕੱਲਤਾ ਕਿਸੇ ਵਿਅਕਤੀ ਵਿਸ਼ੇਸ਼ ਦੀ ਕਹਾਣੀ ਨਹੀਂ, ਸਗੋਂ ਇਹ ਪੂਰੀ ਲਹਿਰ ਦੀ ਇਕੱਲਤਾ ਨੂੰ ਸਮਝਣ ਦਾ ਸਵਾਲ ਹੈ। ਇਨ੍ਹਾਂ ਸਵਾਲਾਂ ਨੇ ਪ੍ਰੋਫੈਸਰ ਵੜੈਚ ਹੋਰਾਂ ਦੇ ਮਨ ਅੰਦਰ ਹਲਚਲ ਪੈਦਾ ਕਰ ਦਿੱਤੀ।

Advertisement

ਉਸ ਮੁਲਾਕਾਤ ਮਗਰੋਂ ਬਾਬਾ ਸੋਹਣ ਸਿੰਘ ਭਕਨਾ ਨੇ ਉਰਦੂ ਵਿੱਚ ਲਿਖੇ ਆਪਣੇ ਵਰਕੇ ਪ੍ਰੋ. ਵੜੈਚ ਨੂੰ ਦਿੱਤੇ, ਜਿਨ੍ਹਾਂ ਦਾ ਅਨੁਵਾਦ ਕਰਕੇ ਪ੍ਰੋ. ਵੜੈਚ ਨੇ ਇਹ ਲੇਖ ਕਿਤਾਬ ਦੇ ਰੂਪ ਵਿੱਚ ਛਪਵਾਏ।

ਕਾਲਜ ਵਿੱਚ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਤੋਂ ਵਿਦਾਇਗੀ ਲੈ ਕੇ ਉਨ੍ਹਾਂ ਵਕਾਲਤ ਕੀਤੀ। ਵਕੀਲ ਬਣ ਕੇ ਉਨ੍ਹਾਂ ਇਤਿਹਾਸ ਦੇ ਅਣਫਰੋਲੇ ਤੇ ਅਣਛੋਹੇ ਪੰਨੇ ਪਲਟਣੇ ਸ਼ੁਰੂ ਕੀਤੇ। ਉਨ੍ਹਾਂ ਕਾਨੂੰਨੀ ਨੁਕਤਾ ਨਜ਼ਰ ਤੋਂ ਫਾਂਸੀਆਂ, ਜੇਲ੍ਹਾਂ, ਉਮਰ ਕੈਦਾਂ, ਜੂਹਬੰਦੀਆਂ, ਕੁਰਕੀਆਂ ਆਦਿ ਨਾਲ ਸਬੰਧਿਤ ਕੇਸਾਂ ਨੂੰ ਪਰਖਣ ਅਤੇ ਇਤਿਹਾਸ ਅੰਦਰ ਇਨਕਲਾਬੀ ਲਹਿਰਾਂ ਨੂੰ ਮਾਣਮੱਤਾ ਸਥਾਨ ਦਿਵਾਉਣ ਲਈ ਚਾਰਾਜੋਈ ਸ਼ੁਰੂ ਕੀਤੀ।

ਮਲਵਿੰਦਰਜੀਤ ਸਿੰਘ ਵੜੈਚ ਨੇ ਕੂਕਾ ਲਹਿਰ, ਗ਼ਦਰ ਲਹਿਰ, ਕੌਮਾਗਾਟਾ ਮਾਰੂ ਲਹਿਰ, ਬਜਬਜ ਘਾਟ, ਜਲ੍ਹਿਆਂਵਾਲਾ ਬਾਗ, ਆਜ਼ਾਦ ਹਿੰਦ ਫੌਜ ਆਦਿ ਵਿੱਚ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਯੋਧਿਆਂ ਨੂੰ ਸ਼ਹੀਦਾਂ ਦਾ ਰੁਤਬਾ ਦਿਵਾਉਣਾ ਅਤੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਲਈ ਹਾਈਕੋਰਟ ਵਿੱਚ ਕਈ ਕੇਸ ਲੜੇ। ਉਨ੍ਹਾਂ ਗ਼ਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਵਰਗੇ ਅਨੇਕਾਂ ਦੀ ਜ਼ਮੀਨ ਜਾਇਦਾਦ ਦੀ ਕੁਰਕੀ ਰੱਦ ਕਰਵਾਉਣ ਲਈ ਵੀ ਕਾਨੂੰਨੀ ਲੜਾਈ ਲੜੀ।

ਆਮ ਤੌਰ ’ਤੇ ਸਾਡੇ ਸਮਾਜ ਵਿੱਚ ਕਿਹਾ ਜਾਂਦਾ ਹੈ ਕਿ ਬਰੋਟੇ ਹੇਠਾਂ ਹੋਰ ਬੂਟੇ ਨਹੀਂ ਹੋ ਸਕਦੇ। ਗ਼ਦਰੀ ਬਾਬਿਆਂ ਦੇ ਇਤਿਹਾਸ ਦਾ ਖੋਜੀ ਵਿਦਵਾਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਇਸ ਧਾਰਨਾ ਨੂੰ ਗ਼ਲਤ ਸਾਬਿਤ ਕੀਤਾ। ਪ੍ਰੋ. ਵੜੈਚ ਅਜਿਹਾ ਸਥਾਪਤ ਬਰੋਟਾ ਬਣੇ, ਜਿਸ ਦੀ ਸੰਘਣੀ ਛਾਂ ਹੇਠ ਅਨੇਕਾਂ ਬੂਟੇ ਉੱਗੇ ਅਤੇ ਕਲਮਾਂ ਦੇ ਕਾਫ਼ਲੇ ਤੁਰੇ। ਮੈਂ ਵੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਥਾਪੜੇ ਸਦਕਾ ਕਿਤਾਬ ਦੇ ਰੂਪ ਵਿੱਚ ਬਾਬਾ ਸੋਹਣ ਸਿੰਘ ਭਕਨਾ ਦਾ ‘ਸੰਗਰਾਮੀ ਸਫ਼ਰ’ ਸਾਡੇ ਦੋਵਾਂ ਦੀ ਸੰਪਾਦਨਾ ਹੇਠ ਪਾਠਕਾਂ ਦੇ ਰੂ-ਬ-ਰੂ ਕੀਤਾ। ਹਥਲੀ ਲਿਖਤ ਵਿੱਚ ਕਿਤਾਬਾਂ ਦੇ ਲੰਮੇ ਵਿਸਥਾਰ ਵਿੱਚ ਨਾ ਜਾਂਦੇ ਹੋਏ ਸਿਰਫ਼ ਐਨਾ ਹੀ ਕਹਾਂਗਾ ਕਿ ਉਨ੍ਹਾਂ ਨੇ 62 ਤੋਂ ਵੱਧ ਕਿਤਾਬਾਂ ਅਤੇ ਦਸਤਾਵੇਜ਼ੀ ਰੂਪ ਵਿੱਚ ਦਸ ਹਜ਼ਾਰ ਸਫ਼ੇ ਪਾਠਕਾਂ ਦੀ ਝੋਲੀ ਪਾਏ ਹਨ।

ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਲਈ ਇਹ ਮਾਣਮੱਤੀ ਗੱਲ ਹੈ ਕਿ ਉਨ੍ਹਾਂ ਨੇ 1 ਮਈ 2015 ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਨਾਟਕਾਂ ਅਤੇ ਗੀਤਾਂ ਭਰੀ ਰਾਤ ਮੌਕੇ ਪਲਸ ਮੰਚ ਵੱਲੋਂ ਕਿਰਤੀ ਲੋਕਾਂ ਦੁਆਰਾ ਦਿੱਤਾ ਸਨਮਾਨ ਹਾਸਲ ਕਰ ਕੇ ਗੁਰਸ਼ਰਨ ਭਾ’ਜੀ ਦੀ ਸੰਸਥਾ ਪਲਸ ਮੰਚ ਨੂੰ ਮਾਣ ਦਿੱਤਾ। ਬੁੱਧੀਜੀਵੀਆਂ ਅਤੇ ਮਿਹਨਤਕਸ਼ ਲੋਕਾਂ ਦੀ ਅੱਜ 23 ਮਈ ਨੂੰ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ 36 ਬੀ, ਚੰਡੀਗੜ੍ਹ ’ਚ ਹੋਣ ਵਾਲੀ ਇਕੱਤਰਤਾ ਵਿੱਚ ਮਹਿਬੂਬ ਵਿਦਵਾਨ ਖੋਜੀ ਇਤਿਹਾਸਕਾਰ ਨੂੰ ਸਿਜਦਾ ਕੀਤਾ ਜਾ ਰਿਹਾ ਹੈ।

ਸੰਪਰਕ: 98778-68710

Advertisement
×