ਪ੍ਰੋ. ਜਸਵੰਤ ਸਿੰਘ ਗੰਡਮ ਦੀ ਪੱਤਰਕਾਰੀ

ਪ੍ਰੋ. ਜਸਵੰਤ ਸਿੰਘ ਗੰਡਮ ਦੀ ਪੱਤਰਕਾਰੀ

ਪ੍ਰਿੰ. ਸਰਵਣ ਸਿੰਘ

ਪ੍ਰੋ.ਜਸਵੰਤ ਸਿੰਘ ਗੰਡਮ ਪੇਸ਼ੇ ਵਜੋਂ ਅੰਗਰੇਜ਼ੀ ਦਾ ਲੈਕਚਰਾਰ ਰਿਹਾ ਅਤੇ ਸ਼ੌਕ ਵਜੋਂ ਅੰਗਰੇਜ਼ੀ ਤੇ ਪੰਜਾਬੀ ਦਾ ਪੱਤਰਕਾਰ ਹੈ। ਉਹ ਕੁਝ ਸਮਾਂ ਪੰਜਾਬ ਦੇ ਸਾਬਕਾ ਗਵਰਨਰ ਸਿਧਾਰਥ ਸ਼ੰਕਰ ਰੇਅ ਦਾ ਦੁਭਾਸ਼ੀਆ ਵੀ ਰਿਹਾ। ਹੁਣ ਦਰਜਨ ਦੇ ਕਰੀਬ ਸਭਾ ਸੁਸਾਇਟੀਆਂ ਦਾ ਅਹੁਦੇਦਾਰ ਤੇ ਮੈਂਬਰ ਹੈ। ਉਹਦੇ 400 ਤੋਂ ਵੱਧ ਅਖ਼ਬਾਰੀ ਲੇਖ ਛਪ ਚੁੱਕੇ ਹਨ ਜਿਨ੍ਹਾਂ ਦੀ ਵਾਰਤਕ ਸ਼ੈਲੀ ਬੜੀ ਦਿਲਚਸਪ ਹੈ। ਉਹਦੀ ਵੰਨ-ਸਵੰਨੇ ਲੇਖਾਂ ਦੀ ਪੁਸਤਕ ‘ਕੁਛ ਤੇਰੀਆਂ ਕੁਛ ਮੇਰੀਆਂ’ ਦਸੰਬਰ 2019 ਵਿਚ ਰਿਲੀਜ਼ ਹੋਈ। ਇਸ ਵਿਚ ‘ਮੌਤ ਦਾ ਵਰ੍ਹਾ’ ਲੇਖ ਵਿਚ ਉਸ ਨੇ ਲਿਖਿਆ ਹੈ ਕਿ ਜਦੋਂ ਵੀ ਮੈਂ ਆਰਕੇ ਨਰਾਇਣ ਦੀ ਕਹਾਣੀ ‘ਨਜੂਮੀ ਦਾ ਦਿਨ’ ਕਲਾਸ ਨੂੰ ਪੜ੍ਹਾਉਂਦਾ ਹਾਂ ਤਾਂ ਮੈਨੂੰ ਆਪਣੀ ਹੱਡਬੀਤੀ ਚੇਤੇ ਆ ਜਾਂਦੀ ਹੈ। ਇਕ ਨਾਮਵਰ ਨਜੂਮੀ ਨੇ ਦਸੰਬਰ 1980 ਦੇ ਆਖ਼ਰੀ ਹਫ਼ਤੇ, ਮੇਰੇ 1980 ਵਿਚ ਹੀ ਮਰ ਜਾਣ ਦੀ ਭਵਿੱਖਬਾਣੀ ਕੀਤੀ ਸੀ, ਭਾਵ ਪ੍ਰੋ. ਗੰਡਮ ਦੇ ‘ਮਰਨ’ ਤੋਂ ਕੇਵਲ ਹਫ਼ਤਾ ਕੁ ਪਹਿਲਾਂ। ਉਹ ਜੋਤਸ਼ੀ ਤਾਂ ਸੁੱਖ ਨਾਲ ਕਦੋਂ ਦਾ ਸਵਰਗ ਸਿਧਾਰ ਚੁੱਕੈ ਪਰ ਮੈਨੂੰ ਪਤਾ ਨੀ ਕਿਉਂ ਅਜੇ ਤਕ ਧਰਮ ਰਾਜ ਦਾ ਸੱਦਾ ਨਹੀਂ ਮਿਲਿਆ? ਸ਼ਾਇਦ ਕੋਈ ਸੀਟ ਖਾਲੀ ਨਾ ਹੋਵੇ। ਮੇਰਾ ਜੁੱਸਾ ਸੁੱਖ ਨਾਲ ਹੈ ਵੀ ਕੁਇੰਟਲ ਕੁ ਦਾ ਜਿਸ ਲਈ ਸੀਟ ਵੀ ਉਹੋ ਜਿਹੀ ਚਾਹੀਦੀ ਹੈ!

ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਿਤਾਬ ‘ਕੁਛ ਤੇਰੀਆਂ ਕੁਛ ਮੇਰੀਆਂ’ ਦਾ ਸਰਵਰਕ।

1980 ਤਕ ਪਹੁੰਚਦਿਆਂ ਮੈਂ ਲੈਕਚਰਾਰ ਲੱਗ ਚੁੱਕਾ ਸਾਂ। ਉਮਰ ਪੱਕਦੀ ਜਾ ਰਹੀ ਸੀ ਪਰ ਮੇਰੇ ਵਿਆਹ ਦਾ ਜੁਗਾੜ ਨਹੀਂ ਸੀ ਹੋ ਰਿਹਾ। ਦੋਸਤਾਂ ਮਿੱਤਰਾਂ ਨੂੰ ਚਿੰਤਾ ਹੋਣ ਲੱਗੀ, ਕਿਧਰੇ ਕੁਆਰਿਆਂ ਦੀ ਕੈਟੇਗਰੀ ਚੋਂ ਨਿਕਲ ਕੇ ਛੜਿਆਂ ਦੀ ਲਿਸਟ ਵਿਚ ਨਾ ਆ ਜਾਵਾਂ। ਇਕ ਬੇਲੀ ਤਾਂ ਐਨਾ ਫਿ਼ਕਰਮੰਦ ਹੋਇਆ ਕਿ ਮੈਨੂੰ ਜੋਤਸ਼ੀ ਕੋਲ ਲਿਜਾਣ ਲਈ ਜ਼ੋਰਦਾਰ ਇਸਰਾਰ ਕਰਨ ਲੱਗਾ। ਮੇਰਾ ਜੋਤਿਸ਼ਬਾਜ਼ੀ ਵਿਚ ਕੋਈ ਵਿਸ਼ਵਾਸ ਨਹੀਂ ਸੀ। ਮੈਂ ਨਾਂਹ ਨੁਕਰ ਕਰ ਰਿਹਾ ਸਾਂ। ਉਹਦੀ ਪਤਨੀ ਇਸ ਮਾਮਲੇ ਵਿਚ ਪਤੀ ਦਾ ਹੀ ਸਾਥ ਦੇ ਰਹੀ ਸੀ। ਸੋ ਮਰਦੀ ਨੇ ਅੱਕ ਚੱਬ ਹੀ ਲਿਆ।

ਜੋਤਸ਼ੀ ਜੀ ਕਦੇ ਮੇਰੇ ਵੱਲ ਤੇ ਕਦੇ ਪੱਤਰੀ ਵੱਲ ਵਾਰ ਵਾਰ ਵੇਖਦੇ ਹੋਏ ਬੋਲੇ, “ਇਹ ਪ੍ਰਾਇਮਰੀ ਤੋਂ ਵੀ ਘੱਟ ਪੜ੍ਹਿਆ ਲੱਗਦੈ।” ਮੇਰੀ ਥਾਂ ਦੋਸਤ ਬੋਲਿਆ, “ਇਹ ਤਾਂ ਗਰੈਜੂਏਟਾਂ ਨੂੰ ਪੜ੍ਹਾਉਂਦੈ।” ਫਿਰ ਉਸ ਨੇ ਟੇਵਾ ਲਾਇਆ ਕਿ ਸ਼ਰਾਬੀ ਕਬਾਬੀ ਹੋਊ। ਜਵਾਬ ਮਿਲਿਆ, ਅਸਲੋਂ ਸੋਫੀ ਹੈ। ਫਿਰ ਵਿਭਚਾਰੀ, ਅੱਯਾਸ਼ ਤੇ ਜੂਏਬਾਜ਼ ਹੋਣ ਦੇ ਟੇਵੇ ਲੱਗੇ ਜੋ ਗ਼ਲਤ ਨਿਕਲੇ। ਅਖ਼ੀਰ ਜੋਤਸ਼ੀ ਨੇ ਵਿਆਹ ਦੀ ਗੱਲ ਛੱਡ ਕੇ ‘ਜੋਤਿਸ਼ਬਾਣੀ’ ਕਰ ਦਿੱਤੀ ਕਿ ਇਹਦੀ ਮ੍ਰਿਤੂ 1980 ਵਿਚ ਨਿਸ਼ਚਤ ਹੈ। ਦੋਸਤ ਨੇ ਉਪਾਅ ਪੁੱਛਿਆ ਤਾਂ ਪੰਡਿਤ ਜੀ ਨੇ ਜੇਬ ਵਿਚ ਬਿੱਲੀ ਦੀ ਜੇਰ ਰੱਖਣ, ਚਾਂਦੀ ਦੀਆਂ ਚਾਰ ਗਊਆਂ ਮਨਸਣ ਅਤੇ ਅੱਠ ਕਿੱਲੋ ਮਾਂਹ ਵਗਦੇ ਪਾਣੀ ਵਿਚ ਤਾਰਨ ਦੀ ਤਾਕੀਦ ਕੀਤੀ। ਮੈਂ ਅਜਿਹਾ ਉਪਾਅ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਜੋਤਸ਼ੀ ਨੂੰ ਜਵਾਬ ਦੇਣ ਦਾ ਜਲਵਾ ਵੇਖੋ ਕਿ ਮੇਰੇ ਵਿਆਹ ਦਾ ਜੁਗਾੜ ਬਣ ਗਿਆ ਤੇ 1980 ਵਿਚ ਮਰਦਾ ਮਰਦਾ ਅੱਜ ਤਕ ਨਹੀਂ ਮਰਿਆ। ਮੇਰਾ ਤਰਕ ਹੈ ਕਿ ਪੁੱਛਾਂ-ਪੱਤਰੀਆਂ, ਧਾਗੇ-ਤਵੀਤ, ਰਾਹੂ-ਕੇਤੂ, ਓਝੇ-ਝਾੜੇ, ਮੜ੍ਹੀ-ਮਸਾਣ ਸਭ ਕਮਜ਼ੋਰ ਪਲਾਂ ਦੀ ਪੈਦਾਇਸ਼ ਹਨ। ਜੀਵਨ ਮੇਲਾ ਵੀ ਹੈ ਤੇ ਝਮੇਲਾ ਵੀ। ਉਤਸਵ ਵੀ ਤੇ ਮਾਤਮ ਵੀ। ਫਿਰ ਜੀਵਨ ਦੇ ਜਸ਼ਨ ਵਿਚ ਮੌਤ ਦੀ ਮੌਤ ਤੋਂ ਪਹਿਲਾਂ ਹੀ ਚਿੰਤਾ ਲਾ ਕੇ ਜਿਊਂਦੇ ਜੀਅ ਆਪਣੀ ਚਿਤਾ ਕਿਉਂ ਬਾਲ਼ੀਏ? ਜਿ਼ੰਦਗੀ ਜਿ਼ੰਦਾਦਿਲੀ ਕਾ ਨਾਮ ਹੈ, ਮੁਰਦਾਦਿਲ ਕਯਾ ਖ਼ਾਕ ਜੀਆ ਕਰਤੇ ਹੈਂ!

ਜਸਵੰਤ ਸਿੰਘ ਦਾ ਜਨਮ 15 ਮਈ 1951 ਨੂੰ ਪਿੰਡ ਗੰਢਵਾਂ ਦੇ ਬਾਨੀ ਸਰਪੰਚ ਪ੍ਰੀਤਮ ਸਿੰਘ ਗੰਡਮ ਦੇ ਕਿਸਾਨ ਘਰ ਵਿਚ ਹੋਇਆ। ਛੋਟੀ ਉਮਰੇ ਡੰਗਰ ਚਾਰੇ, ਮੱਝਾਂ ਦੀਆਂ ਪੂਛਾਂ ਫੜ ਕੇ ਛੱਪੜਾਂ ਵਿਚ ਤਾਰੀਆਂ ਲਾਈਆਂ, ਡੱਡੂ ਫੜੇ ਤੇ ਵੱਡਾ ਹੋ ਕੇ ਘਰਦਿਆਂ ਨਾਲ ਖੇਤੀ ਕਰਨ ਵਿਚ ਹੱਥ ਵਟਾਇਆ। ਤਦੇ ਬੁੱਢੇਵਾਰੇ ਕਿਸਾਨ ਅੰਦੋਲਨ ਵਿਚ ਦਿੱਲੀ ਦੇਖੀ। ਪਿੰਡਾਂ ਦੀ ਖੁੰਢ ਚਰਚਾ ਅਜੇ ਵੀ ਉਹਦੀ ਪੱਤਰਕਾਰੀ ਦੇ ਕੰਮ ਆਈ ਜਾਂਦੀ ਹੈ। ਪੜ੍ਹਾਈ ਵਿਚ ਉਹ ਮੁੱਢੋਂ ਹੀ ਹੁਸਿ਼ਆਰ ਰਿਹਾ। ਬੀਏ ਆਨਰਜ਼ ਵਿਚੋਂ ਗੋਲਡ ਮੈਡਲ ਲੈ ਕੇ ਤੇ ਜਲੰਧਰੋਂ ਅੰਗਰੇਜ਼ੀ ਦੀ ਐੱਮਏ ਕਰ ਕੇ ਪਿੰਡ ਦੇ ਨੇੜਲੇ ਸ਼ਹਿਰ ਫਗਵਾੜੇ ਲੈਕਚਰਾਰ ਲੱਗ ਗਿਆ। ਖੇਡਾਂ ਦਾ ਸ਼ੌਕ ਪੇਂਡੂ ਖੇਡਾਂ ਤੋਂ ਹੀ ਜਾਗ ਪਿਆ ਸੀ ਜੋ ਸ਼ਹਿਰ ਆ ਕੇ ਹੋਰ ਵਧਿਆ ਫੁੱਲਿਆ। ਗੁਰੂ ਨਾਨਕ ਕਾਲਜ ਫਗਵਾੜਾ ਕੁਸ਼ਤੀ ਦਾ ਕੋਚਿੰਗ ਕੇਂਦਰ ਸੀ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕੁਸ਼ਤੀ ਚੈਂਪੀਅਨਸਿ਼ਪ ਜਿੱਤਦਾ ਤੇ ਯੂਨੀਵਰਸਿਟੀ ਨੂੰ ਇੰਟਰ-ਵਰਸਿਟੀ ਚੈਂਪੀਅਨਸਿ਼ਪ ਜਿਤਾਉਂਦਾ ਪ੍ਰੋ. ਗੰਡਮ ਹੋਣਹਾਰ ਪਹਿਲਵਾਨ ਵਿਦਿਆਰਥੀਆਂ ਨੂੰ ਘਿਉ ਦੇ ਪੀਪੇ ਖੁਆ ਕੇ ਖ਼ੁਸ਼ ਹੁੰਦਾ। ਅਖ਼ਬਾਰਾਂ ਵਿਚ ਉਨ੍ਹਾਂ ਦੀ ਸਿਫ਼ਤ ਸਲਾਹ ਕਰਦਾ।

ਉਹ ਸਮਝਦਾ ਹੈ ਕਿ ਨੌਜੁਆਨਾਂ ਨੂੰ ਨਸਿ਼ਆਂ ਤੇ ਮਾੜੀਆਂ ਅਲਾਮਤਾਂ ਵੱਲੋਂ ਮੋੜਨ ਦਾ ਸਭ ਤੋਂ ਵਧੀਆ ਬਦਲ ਉਨ੍ਹਾਂ ਨੂੰ ਖੇਡਾਂ ਦੇ ਰਾਹ ਪਾਉਣਾ ਹੈ। ਖੇਡਾਂ ਬੰਦੇ ਨੂੰ ਸੰਵਾਰਦੀਆਂ, ਸ਼ਿੰਗਾਰਦੀਆਂ ਅਤੇ ਨਿਖਾਰਦੀਆਂ ਹਨ। ਖੇਡਾਂ ਦਾ ਨਸ਼ਾ ਨਿਆਰਾ ਤੇ ਸਿਹਤਯਾਬ ਹੁੰਦਾ ਹੈ। ਇਸ ਪ੍ਰਸੰਗ ਵਿਚ ਉਹ ਖਿਡਾਰੀਆਂ ਦੀ ਹੱਲਾਸ਼ੇਰੀ ਵਿਚ ਮਾਈਕ ਤੋਂ ਬੋਲ ਕੇ, ਅਖ਼ਬਾਰਾਂ ਵਿਚ ਲਿਖ ਕੇ, ਖੁਰਾਕ ਤੇ ਮਾਇਕ ਸਹਾਇਤਾ ਦੇ ਕੇ ਖੇਡ ਖੇਤਰ ਦੀ ਸੇਵਾ ਕਰਦਾ ਆ ਰਿਹੈ। ਜੇਸੀਟੀ ਫਗਵਾੜਾ ਦੀ ਫੁੱਟਬਾਲ ਕਲੱਬ ਦਾ ਉਹ ਸਰਗਰਮ ਹਮਾਇਤੀ ਹੈ। ਉਸ ਨੇ ਕਲੱਬ ਬਾਰੇ, ਕਲੱਬ ਦੇ ਕੋਚ ਜਗੀਰ ਸਿੰਘ ਵਿਰਕ, ਫੁੱਟਬਾਲ ਦੇ ਏਸ਼ੀਆ ਸਟਾਰ ਇੰਦਰ ਸਿੰਘ, ਕੋਚ ਸੁਖਵਿੰਦਰ ਸੁੱਖੀ ਧਿਆਨ ਚੰਦ ਅਵਾਰਡੀ ਤੇ ਹੋਰ ਕਈ ਨਾਮਵਰ ਖਿਡਾਰੀਆਂ ਬਾਰੇ ਰੂਹ ਨਾਲ ਲਿਖਿਆ ਹੈ। ਉਹ ਬਹੁਗੁਣੇ ਸੱਜਣਾਂ ਗੁਰਮੀਤ ਸਿੰਘ ਪਲਾਹੀ, ਕੁਸ਼ਤੀ ਕੋਚ ਸੋਂਧੀ, ਵਿਰਕ, ਸੁੱਖੀ ਤੇ ਸੀਤਲ ਸਿੰਘ ਡੀਪੀਈ ਦੇ ਅਜੇ ਵੀ ਅੰਗ ਸੰਗ ਵਿਚਰ ਰਿਹੈ। ਉਸ ਦਾ ਖੇਡਾਂ ਦੇ ਟੂਰਨਾਮੈਂਟ ਕਰਵਾਉਣ ਵਿਚ ਚੋਖਾ ਯੋਗਦਾਨ ਹੈ ਤੇ ਸਾਹਿਤਕ ਸਰਗਰਮੀਆਂ ਵਿਚ ਵੀ ਸ਼ਮੂਲੀਅਤ ਕਰਦਾ ਹੈ। ਦੇਸ਼ ਵਿਦੇਸ਼ ਦੀਆਂ ਗੋਸ਼ਟੀਆਂ ਵਿਚ ਭਾਗ ਲਿਆ ਤੇ ਅਧਿਆਪਕ ਯੂਨੀਅਨਾਂ ਵਿਚ ਵੀ ਬਣਦਾ ਸਰਦਾ ਰੋਲ ਨਿਭਾਇਆ ਹੈ। ਉਹ ਫਗਵਾੜੇ ਦੀ ਰੌਣਕ ਹੈ, ਸ਼ਾਨ ਹੈ, ਮਾਣ ਹੈ। ਪੰਜਾਬੀ ਵਿਰਸਾ ਟਰੱਸਟ, ਲੇਖਕਾਂ ਅਤੇ ਪੱਤਰਕਾਰਾਂ ਦੀਆਂ ਸੰਸਥਾਵਾਂ ਨੇ ਉਸ ਨੂੰ ‘ਮਾਣਮੱਤਾ ਪੱਤਰਕਾਰ ਪੁਰਸਕਾਰ’ ਦੇ ਕੇ ਸਨਮਾਨਿਆ ਹੈ।

2010 ਵਿਚ ਪੰਜਾਬ ਸਰਕਾਰ ਨੇ ਕਬੱਡੀ ਦਾ ਵਿਸ਼ਵ ਕੱਪ ਕਰਾਇਆ ਤਾਂ ਕੱਪ ਦੀ ਕੁਮੈਂਟਰੀ ਬਾਰੇ ਮੈਨੂੰ ਉਹਦਾ ਲੇਖ ‘ਅਨੂਠਾ ਕਾਵਿ-ਸੰਸਾਰ ਹੈ ਕਬੱਡੀ ਦਾ’ ਪੜ੍ਹਨ ਨੂੰ ਮਿਲਿਆ। ਉਦੋਂ ਤਕ ਮੈਂ ਉਸ ਨੂੰ ਉੱਕਾ ਹੀ ਨਹੀਂ ਸਾਂ ਜਾਣਦਾ ਹਾਲਾਂਕਿ ਉਹ ਫਗਵਾੜੇ ਲੈਕਚਰਾਰ ਸੀ ਤੇ ਮੈਂ ਵੀਹ ਕਿਲੋਮੀਟਰ ਲਾਂਭੇ ਮੁਕੰਦਪੁਰ ਪ੍ਰਿੰਸੀਪਲ। ਜਦੋਂ ਤੋਂ ਮੈਂ ਖੇਡਾਂ ਖਿਡਾਰੀਆਂ ਬਾਰੇ ਲਿਖਣ ਲੱਗਾ, ਉਦੋਂ ਤੋਂ ਪੜ੍ਹਦਾ ਆ ਰਿਹਾ ਸਾਂ ਕਿ ਹੋਰ ਕੌਣ ਕੌਣ ਪੰਜਾਬੀ ਵਿਚ ਖੇਡਾਂ ਖਿਡਾਰੀਆਂ ਬਾਰੇ ਲਿਖ ਰਿਹੈ। ਪ੍ਰੋ. ਜਸਵੰਤ ਸਿੰਘ ਗੰਡਮ ਦਾ ਕਬੱਡੀ ਦੀ ਕੁਮੈਂਟਰੀ ਬਾਰੇ ਲਿਖਿਆ ਲੇਖ ਅਖ਼ਬਾਰ ਵਿਚ ਪੜ੍ਹ ਕੇ ਮੈਂ ਸੋਚਣ ਲੱਗਾ, ਬਈ ਇਹ ਕਿਥੋਂ ਛੁਪਿਆ ਰੁਸਤਮ ਆ ਨਿਕਲਿਆ! ਬਾਅਦ ਵਿਚ ਪਤਾ ਲੱਗਾ ਕਿ ਉਹ ਗੁਰੂ ਨਾਨਕ ਕਾਲਜ ਫਗਵਾੜੇ ਤੋਂ ਰਿਟਾਇਰ ਹੋਇਆ ਲੈਕਚਰਾਰ ਹੈ ਜੋ ਕੁਝ ਸਮਾਂ ਕਾਲਜ ਦਾ ਕਾਰਜਕਾਰੀ ਪ੍ਰਿੰਸੀਪਲ ਵੀ ਰਿਹਾ। ਉਸ ਨੇ ਦੱਸਿਆ ਕਿ ਕਬੱਡੀ ਦੀ ਕੁਮੈਂਟਰੀ ਬਾਰੇ ਉਹ ਲੇਖ ਉਸ ਨੇ ਕਮਰਾ ਬੰਦ ਕਰ ਕੇ, ਟੀਵੀ ਉਪਰ ਹਰ ਰੋਜ਼ ਸਾਰੀ ਸਾਰੀ ਦਿਹਾੜੀ ਕੁਮੈਂਟਰੀ ਸੁਣ ਕੇ, ਉਸ ਵਿਚ ਕਹੀਆਂ ਜਾਣ ਵਾਲੀਆਂ ਗੱਲਾਂ ਹੱਥੀਂ ਨੋਟ ਕਰ ਕੇ, ਕਬੱਡੀ ਟੂਰਨਾਮੈਂਟ ਸਮਾਪਤ ਹੋਣ ਉਪਰੰਤ ਸਾਰੀ ਲਿਖੀ ਹੋਈ ਸਮੱਗਰੀ ਨੂੰ ਘੋਖਣ ਪਿੱਛੋਂ ਲਿਖਿਆ ਸੀ। ਮੈਂ ਉਹ ਲੇਖ ਆਪਣੀ ਪੁਸਤਕ ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਵਿਚ ਭੂਮਿਕਾ ਵਜੋਂ ਸ਼ਾਮਲ ਕੀਤਾ:

ਅਨੂਠਾ ਕਾਵਿ-ਸੰਸਾਰ ਹੈ ਕਬੱਡੀ ਦਾ

ਦਸ ਦਿਨ ਪੰਜਾਬ ਕਬੱਡੀਮਈ ਹੋਇਆ ਰਿਹਾ। ਪਲੇਠੇ ਸਰਕਲ ਸਟਾਈਲ ਕਬੱਡੀ ਵਰਲਡ ਕੱਪ ਕਾਰਨ 3 ਤੋਂ 12 ਅਪਰੈਲ ਤਕ ਕੁਲ ਆਲਮ ਵਿਚ ਵਸਦੇ ਪੰਜਾਬੀ ਕਬੱਡੀਓ-ਕਬੱਡੀ ਹੋਏ ਰਹੇ। ਇਹ ਕੱਪ ਪੰਜਾਬ ਵਿਚ ਹੋਣ ਕਾਰਨ ਆਪਣੇ ਪ੍ਰਾਂਤ ਦੇ ਪੰਜਾਬੀਆਂ ਨੂੰ ਤਾਂ ਇਨ੍ਹਾਂ ਦਿਨਾਂ ਦੌਰਾਨ ਕਬੱਡੀ ਦਾ ਬੁਖ਼ਾਰ ਹੀ ਚੜ੍ਹਿਆ ਰਿਹਾ।

ਇਸ ਪਹਿਲੇ ਵਿਸ਼ਵ ਕੱਪ ਵਿਚ ਭਾਰਤ, ਪਾਕਿਸਤਾਨ ਤੇ ਕੈਨੇਡਾ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰ ਕੇ ਇੱਕ ਕਰੋੜ, ਇਕਵੰਜਾ ਲੱਖ ਅਤੇ ਪੱਚੀ ਲੱਖ ਰੁਪਏ ਦੇ ਨਕਦ ਇਨਾਮ ਜਿੱਤਣ ਦੇ ਨਾਲ ਨਾਲ ਸੋਨੇ, ਚਾਂਦੀ ਤੇ ਤਾਂਬੇ ਦੇ ਤਮਗ਼ੇ ਵੀ ਜਿੱਤੇ। ਭਾਰਤ ਦੀ ਝੋਲੀ ਚਮ-ਚਮਾਉਂਦਾ ਸੁਨਹਿਰੀ ਕੱਪ ਵੀ ਪਿਆ। ਸਭ ਕੁਝ ਸੁਖੀਂ ਸਾਂਦੀ ਸਮਾਪਤ ਹੋਇਆ। ਕੋਈ ਰੋਂਦ ਨਹੀਂ, ਰਈ ਨਹੀਂ, ਰੱਫੜ ਨਹੀਂ। ਵਧਾਈਆਂ ਜੀ ਵਧਾਈਆਂ ਸਭ ਨੂੰ!

ਵਿਸ਼ਵ ਕਬੱਡੀ ਕੱਪ ਦੇ ਸਾਰੇ ਮੈਚਾਂ ਦੀ ਪਹਿਲੀ ਵਾਰ ਪੀਟੀਸੀ ਚੈਨਲ ਰਾਹੀਂ ਸਿੱਧੀ ਕੁਮੈਂਟਰੀ ਕਾਰਨ ਮੇਰੇ ਵਰਗੇ ਆਲਸੀਆਂ ਅਤੇ ਖੇਡਾਂ ਵਿਚ ਬਹੁਤੀ ਰੁਚੀ ਨਾ ਰੱਖਣ ਵਾਲੇ ਲੋਕਾਂ ਨੂੰ ਵੀ ਘਰਾਂ ਵਿਚ ਬੈਠੇ-ਬਿਠਾਏ ਕਬੱਡੀ ਦਾ ਅਨੰਦ ਮਾਨਣ ਨੂੰ ਮਿਲਿਆ। ਕਬੱਡੀ ਦੀ ਕੁਮੈਂਟਰੀ ਕਰਨ ਵਾਲੀ ਟੀਮ ਦੇ ਸਦਕੇ-ਬਲਿਹਾਰੇ ਜਾਣ ਵਾਲੀ ਜਾਦੂਮਈ ਤੇ ਮਿਕਨਾਤੀਸੀ ਕੁਮੈਂਟਰੀ ਕਾਰਨ ਗਰਾਊਂਡ ਵਿਚ ਬੈਠੇ ਦਰਸ਼ਕਾਂ ਨਾਲੋਂ ਜੇ ਵੱਧ ਨਹੀਂ ਤਾਂ ਘੱਟ ਸੁਆਦ ਵੀ ਨਹੀਂ ਆਇਆ। ਮੈਚਾਂ ਦੌਰਾਨ ਅਸੀਂ ਟੀਵੀ ਤੇ ਇਸ ਤਰ੍ਹਾਂ ਅੱਖਾਂ ਗੱਡੀ ਰੱਖੀਆਂ ਜਿੱਦਾਂ ਕਦੇ ਕਦੇ ਮਿਲਣ ਵਾਲੀ ਮਹਿਬੂਬਾ ਤੇ ਦਿਲਫੈਂਕ ਆਸ਼ਕ ਗੱਡਦੇ ਹਨ। ਕੁਰਸੀ ਤੇ ਇਸ ਤਰ੍ਹਾਂ ਚਿਪਕੇ ਰਹੇ ਜਿੱਦਾਂ ਫੇਵੀਕੁਇੱਕ ਨਾਲ ਚਿਪਕਾਏ ਗਏ ਹੋਈਏ। ਕ੍ਰਿਕਟ ਤੇ ਹਾਕੀ ਦੀ ਪ੍ਰੋਫੈਸ਼ਨਲੀ ਪ੍ਰਪੱਕ ਤੇ ਕੀਲ ਬੰਨ੍ਹ ਕੇ ਰੱਖ ਦੇਣ ਵਾਲੀ ਕੁਮੈਂਟਰੀ ਵਾਂਗ ਕਬੱਡੀ ਦੀ ਕੁਮੈਂਟਰੀ ਅਤੇ ਖੇਡ ਨੇ ਉੱਠਣ ਹੀ ਨਹੀਂ ਦਿੱਤਾ ਤੇ ਕੁਮੈਂਟਰੀ ਵੀ ਮਾਖਿਓਂ ਮਿੱਠੀ ਬੋਲੀ ਵਿਚ। ਸੁਣ-ਦੇਖ ਅਸੀਂ ਤਾਂ ਸਾਉਣ ਮਹੀਨੇ ਦੇ ਪੈਲਾਂ ਪਾਉਂਦੇ ਮੋਰ ਵਾਂਗ ਕਲਹਿਰੀ ਮੋਰ ਹੋ ਗਏ। ਕਬੱਡੀ ਮੈਚਾਂ ਦੇ ਸਿੱਧੇ ਪ੍ਰਸਾਰਨ ਨਾਲ ਕਬੱਡੀ ਪਿੰਡਾਂ ਦੀਆਂ ਸੱਥਾਂ ਵਿਚੋਂ ਨਿਕਲ ਕੇ ਪਹਿਲੀ ਵਾਰ ਸ਼ਹਿਰੀ ਡਰਾਇੰਗ ਰੂਮਾਂ ਦਾ ਸ਼ਿੰਗਾਰ ਬਣੀ। ਇਸ ਦੀ ਕਲਾਤਮਿਕ ਕੁਮੈਂਟਰੀ ਨੇ ਇਸ ਦਾ ਘੇਰਾ ਹੋਰ ਵਿਸ਼ਾਲ ਤੇ ਸਿਰਜਣਾਤਮਿਕ ਕਰਨ ਲਈ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਪਹਿਲੀ ਵਾਰ ਕ੍ਰਿਕਟ ਦਾ ਬੁਖ਼ਾਰ ਲੱਥਾ। ਲੋਕ ਇਸੇ ਸਮੇਂ ਚੱਲ ਰਹੇ ਆਈਪੀਐੱਲ ਕ੍ਰਿਕਟ ਮੈਚਾਂ ਦੇ ਪ੍ਰਸਾਰਨ ਨਾਲੋਂ ਕਬੱਡੀ ਮੈਚਾਂ ਦਾ ਪ੍ਰਸਾਰਨ ਵੇਖਣ ਨੂੰ ਪਹਿਲ ਦਿੰਦੇ ਰਹੇ। ਐਸ ਵੇਲੇ ਕਬੱਡੀ ਦਾ ਸੁਨਹਿਰੀ ਦੌਰ ਹੈ। ਇਲੈਕਟ੍ਰਾਨਿਕ ਤੇ ਇੰਗਲਿਸ਼ ਮੀਡੀਏ ਤੋਂ ਇਲਾਵਾ ਫਿਲਮਸਾਜ਼ ਵੀ ਇਸ ਵੱਲ ਆਕ੍ਰਸ਼ਿਤ ਹੋ ਰਹੇ ਹਨ।

ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ। ਇਹ ਸਾਡੇ ਖੂਨ ਵਿਚ ਰਚੀ ਹੋਈ ਹੈ। ਦਿਲੋ-ਦਿਮਾਗ਼ ਤੇ ਰੂਹ ਵਿਚ ਉੱਤਰੀ ਹੋਈ। ਸਾਡੀ ਜੀਵਨ-ਜਾਚ ਦਾ ਅੰਗ ਹੈ। ਪਿੰਡਾਂ ਵਿਚ ਰਹਿੰਦੇ ਲੋਕ ਤਾਂ ਕਬੱਡੀ ਦੇ ਦੀਵਾਨੇ ਹਨ। ਇਸ ਵੇਰਾਂ ਸ਼ਹਿਰੀਆਂ ਦੀ ਦੀਵਾਨਗੀ ਵੀ ਕੋਈ ਘੱਟ ਨਹੀਂ ਸੀ। ਇਹ ਗੱਲ ਮੈਚਾਂ ਵਿਚ ਹਾਜ਼ਰ ਸਿਰਾਂ ਦੇ ਸਮੁੰਦਰਾਂ ਅਤੇ ਟੀਆਰਪੀ ਨੇ ਸਾਬਤ ਕਰ ਦਿੱਤੀ। ਜਿਵੇਂ ਕਹਿੰਦੇ ਹਨ, ਜਿਸ ਨੇ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਈ ਨਹੀਂ, ਇਵੇਂ ਹੀ ਜਿਸ ਨੇ ਕਦੀ ਕਬੱਡੀ ਜਾਂ ਹਾਕੀ ਖੇਡੀ-ਦੇਖੀ ਨਹੀਂ, ਉਸ ਨੇ ਵੀ ਅਜੇ ਜੰਮਣੈ। ਇਹ ਗੱਲ ਪੰਜਾਬੀਆਂ ਉਪਰ ਤਾਂ ਲਾਜ਼ਮੀ ਹੀ ਲਾਗੂ ਹੁੰਦੀ ਹੈ ਕਿਉਂਕਿ ਇਹ ਖੇਡਾਂ ਉਨ੍ਹਾਂ ਨੂੰ ਗੁੜ੍ਹਤੀ ਵਿਚ ਮਿਲਦੀਆਂ ਹਨ। ਅਸੀਂ ਬਚਪਨ ਵਿਚ ਖਿੱਦੋਖੂੰਡੀ ਤਾਂ ਖੇਡਦੇ ਰਹੇ ਹਾਂ ਪਰ ਕਬੱਡੀ ਕਦੀ ਨਹੀਂ ਸੀ ਖੇਡੀ, ਹਾਂ ਦੇਖੀ ਜ਼ਰੂਰ ਪਰ ਸਾਡੇ ਬਚਪਨ ਬੀਤੇ ਨੂੰ ਤਾਂ ਮੁਦਤਾਂ ਬੀਤ ਗਈਆਂ ਹਨ ਤੇ ਇਸ ਖੇਡ ਦੀ ਧੁੰਦਲੀ ਜਿਹੀ ਯਾਦ ਹੀ ਚੇਤਿਆਂ ਵਿਚ ਹੈ। ਸੋ, ਵਿਸ਼ਵ ਕਬੱਡੀ ਕਾਰਨ ਹੀ ਅਸੀਂ ਵੀ ਬੁੱਢ-ਵਰੇਸੇ ਹੀ ਜਨਮੇ ਹਾਂ। ਤੁਸੀਂ ਇਸ ਨੂੰ ਸਾਡੀ ਅਗਿਆਨਤਾ ਜਾਂ ਅਨਾੜੀਪਨ ਸਮਝ ਲਓ, ਸੱਚੀ ਗੱਲ ਤਾਂ ਇਹੀ ਹੈ ਕਿ ਸਾਨੂੰ ਹੁਣ ਪਤਾ ਲੱਗਿਐ ਕਿ ਕਬੱਡੀ ਪੰਜਾਬੀ ਲੋਕਧਾਰਾ ਦਾ ਅਟੁੱਟ ਹਿੱਸਾ ਬਣ ਚੁੱਕੀ ਹੈ ਅਤੇ ਕਬੱਡੀ ਦਾ ਆਪਣਾ ਵੀ ਫੋਕਲੋਰ ਵਿਕਸਤ ਹੋ ਚੁੱਕਾ ਹੈ ਤੇ ਇਹ ਪਤਾ ਲਾਉਣ ਵਿਚ ਕਬੱਡੀ ਦੀ ਕੁਮੈਂਟਰੀ ਕਰਨ ਵਾਲੀ ਟੀਮ ਦਾ ਰੋਲ ਮੁਹਰੈਲ ਹੈ। ਨਿਰੋਲ ਇਸ ਕਰ ਕੇ ਨਹੀਂ ਲਿਖਿਆ ਕਿਉਂਕਿ ਲਾਈਵ ਟੈਲੀਕਾਸਟ ਦਾ ਰੋਲ ਵੀ ਬਹੁਤ ਅਹਿਮ ਹੈ। ਉਸ ਤੋਂ ਬਗੈਰ ਕਬੱਡੀ ਘਰ ਘਰ ਨਹੀਂ ਸੀ ਪੁੱਜਣੀ।

ਅਸੀਂ ਤਾਂ ਕਦੀ ਕਿਸੇ ਕੁਮੈਂਟਰੀ ਕਰਨ ਵਾਲੇ ਨੂੰ ਕਦੇ ਮਿਲੇ ਨਹੀਂ ਤੇ ਨਾ ਹੀ ਪਹਿਲਾਂ ਕਦੀ ਕਿਸੇ ਦੇ ਦਰਸ਼ਨ ਹੀ ਕੀਤੇ। ਹਾਂ ਇੱਕ ਦੋ ਨਾਂ ਜ਼ਰੂਰ ਸੁਣੇ ਤੇ ਇੱਕ ਜਣੇ ਦੇ ਅਖ਼ਬਾਰੀ ਲੇਖ ਪੜ੍ਹੇ ਐ ਪਰ ਇਸ ਟੀਮ ਨੇ ਜਿਸ ਤਰ੍ਹਾਂ ਸ਼ਬਦ-ਸ਼ਿਲਪਕਾਰੀ, ਸ਼ਿਅਰੋ-ਸ਼ਾਇਰੀ, ਕਵਿਤਾਕਾਰੀ, ਟੋਟਕੇਬਾਜ਼ੀ, ਤੁਕਬੰਦੀ, ਖ਼ਾਲਸ ਪੇਂਡੂ ਮੁਹਾਵਰੇ, ਲੋਕਬੋਲੀਆਂ, ਲੋਕੋਕਤੀਆਂ, ਅਖਾਣਾਂ, ਕਿੱਸੇ, ਕਹਾਣੀਆਂ, ਪੰਜਾਬੀ, ਹਿੰਦੀ, ਉਰਦੂ ਦੀ ਕਵਿਤਾ ਤੇ ਗੀਤਾਂ ਅਤੇ ਇਤਿਹਾਸਕ ਭੂਗੋਲਿਕ ਹਵਾਲਿਆਂ ਰਾਹੀਂ ਕਬੱਡੀ ਦੀ ਖੇਡ ਤੇ ਖਿਡਾਰੀਆਂ ਦੇ ਪਿਛੋਕੜ ਤੇ ਵਰਤਮਾਨ ਸਥਿਤੀ ਦੇ ਦਰਸ਼ਨ ਕਰਵਾਏ, ਉਸ ਤੋਂ ਦਿਲ ਅਸ਼ ਅਸ਼ ਕਰ ਉਠਿਆ। ਧਾਰਮਿਕ ਰੰਗ ਦੇਣ ਲਈ ਜੇ ਗੁਰਬਾਣੀ ਵਿਚੋਂ ਹਵਾਲੇ ਦਿੱਤੇ ਗਏ ਤਾਂ ਦੇਸ਼ਭਗਤੀ ਦੇ ਰੰਗ ਲਈ ਵਤਨ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ।

ਦਰਜਨਾਂ ਕਿਤਾਬਾਂ ਦਾ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਖੇਡ ਵਿਸ਼ਲੇਸ਼ਣ ਦੇ ਨਾਲ ਨਾਲ ਸੁਆਦਲੀ ਕੁਮੈਂਟਰੀ ਵੀ ਕਰੀ ਗਿਆ। ਕਿਸੇ ਧਾਵੀ ਦੇ ਜਾਫੀ ਦੀ ਪਕੜ ਵਿਚੋਂ ਬਚ ਨਿਕਲਣ ਤੇ ਪ੍ਰਿੰਸੀਪਲ ਸਾਹਿਬ ਦੀ ਇਹ ਟਿੱਪਣੀ ਤਾਂ ਟਰੇਡ ਮਾਰਕ ਹੀ ਬਣ ਗਈ, “ਹੁਣ ਭਾਵੇਂ ਘੋੜੀਆਂ ਮਗਰ ਲਾ ਲਓ, ਹੁਣ ਨੀ ਦਿੰਦਾ ਡਾਹੀ।” ਪ੍ਰੋ. ਮੱਖਣ ਸਿੰਘ ਹਕੀਮਪੁਰ ਨੇ ਤਾਂ ਕੁਮੈਂਟਰੀ ਨੂੰ ਰੰਗ ਹੀ ਨਵਾਂ ਦੇ ਦਿੱਤਾ। ਉਸ ਕੋਲ ਇਸ ਖੇਡ ਬਾਰੇ ਅਥਾਹ ਜਾਣਕਾਰੀ ਹੈ। ਉਸ ਦਾ ਕਿਸੇ ਧਾਵੀ ਦੇ ਜਾਫੀ ਹੱਥੋਂ ਪਕੜੇ ਜਾਣ ਤੇ ‘ਤੀਲੀ ਤੋਂ ਲੌਂਗ ਤੇ ਲੌਂਗ ਤੋਂ ਕੋਕਾ’ ਬਣ ਜਾਣ ਦੀ ਤਸ਼ਬੀਹ ਕੇਕ ਉਪਰ ਕਰੀਮ ਲਗਾਏ ਜਾਣ ਦਾ ਕੰਮ ਕਰਦੀ। ਇਹ ਜੋੜੀ ਪੰਜਾਬੀ ਖੇਡਾਂ ਖ਼ਾਸ ਕਰ ਕੇ ਕਬੱਡੀ ਦੀ ਖੇਡ ਦਾ ਇਨਸਾਈਕਲੋਪੀਡੀਆ ਹੈ। ਦਰਅਸਲ ਕੁਮੈਂਟਰੀ ਦੀ ਸਾਰੀ ਟੀਮ ਨੇ ਹੀ ਪੂਰੀ ਫ਼ਿਜ਼ਾ ਵਿਚ ਸ਼ਾਬਦਿਕ ਧੂੜਾਂ ਅਤੇ ਖਿਡਾਰੀਆਂ ਨੇ ਗਰਾਊਂਡ ਵਿਚ ਸੱਚੀਮੁੱਚੀਂ ਦੀਆਂ ਧੂੜਾਂ ਪੁੱਟੀ ਰੱਖੀਆਂ। ਪ੍ਰਿੰਸੀਪਲ-ਪ੍ਰੋਫ਼ੈਸਰ ਦੀ ਜੋੜੀ ਦੇ ਨਾਲ ਡਾ. ਦਰਸ਼ਨ ਬੜੀ, ਅਰਵਿੰਦਰ ਕੋਛੜ, ਗੁਰਪ੍ਰੀਤ ਬੇਰ ਕਲਾਂ, ਸੁਰਜੀਤ ਕਕਰਾਲੀ, ਸਤਪਾਲ ਮਾਹੀ, ਸੁਖਬੀਰ ਚੌਹਾਨ, ਕਮੇਡੀਅਨ ਭਗਵੰਤ ਮਾਨ ਤੇ ਪਾਕਿਸਤਾਨ ਤੋਂ ਆਏ ਮਹਿਮਾਨ ਕੁਮੈਂਟੇਟਰ ਤਈਯਬ ਸ਼ਾਹ ਗਿਲਾਨੀ ਸਭ ਬਹਿ ਜਾ ਬਹਿ ਜਾ ਕਰਾਈ ਗਏ।

ਜੇ ਕਿਸੇ ਟੀਮ ਜਾਂ ਖਿਡਾਰੀਆਂ ਵਿਚ ਸਖ਼ਤ ਮੁਕਾਬਲੇ ਵੇਲੇ ‘ਕੁੰਢੀਆਂ ਦੇ ਸਿੰਗ ਫਸ ਗਏ, ਨਿੱਤਰੂ ਵੜੇਵੇਂ ਖਾਣੀ, ਕਾਂਟੇ ਦੀ ਟੱਕਰ, ਸਾਨ੍ਹਾਂ ਦੇ ਭੇੜ’ ਜਿਹੇ ਮੁਹਾਵਰੇ ਬੋਲੇ ਜਾਂਦੇ ਤਾਂ ਕਿਸੇ ਧਾਵੀ ਨੂੰ ਜਾਫੀ ਵੱਲੋਂ ਫੜੇ ਜਾਣ ’ਤੇ ‘ਪਾ ਲਿਆ ਜੂੜ, ਜਕੜਤਾ ਸਿਕੰਜੇ ਚ, ਲਾਤਾ ਨਿਓਲ, ਲਪੇਟਤਾ ਲੱਠੇ ਦੇ ਥਾਨ ਵਾਂਗ, ਲੱਗ ਗਿਆ ਰੋਪੜੀ ਜਿੰਦਾ, ਲਾਤੀਆਂ ਬਰੇਕਾਂ, ਕਰਤਾ ਚੱਕਾ ਜਾਮ’ ਆਦਿ ਦੀ ਵਰਤੋਂ ਕੀਤੀ ਜਾਂਦੀ। ਕੈਂਚੀ ਲੱਗਣ ਤੇ ਜਦ ਕੋਈ ਤਕੜਾ ਜੱਫਾ    ਲੱਗ ਜਾਂਦਾ ਤਾਂ ‘ਗੱਡਤਾ ਕਿੱਲਾ’ ਜਾਂ ‘ਬਣਾਤਾ ਚਕਰਚੂੰਡਾ’ ਦਾ ਨਵੇਕਲਾ ਮੁਹਾਵਰਾ ਸੁਣਨ ਨੂੰ ਮਿਲਦਾ। ਮੌਕੇ ਦੀ ਮੰਗ ਮੁਤਾਬਿਕ ਇਲਾਕਾਈ ਮੁਹਾਵਰੇ ਘੜੇ ਗਏ, ਜਿਵੇਂ ਜਗਰਾਵਾਂ ਦੇ ਪੁਲ ਜਿੱਡਾ ਜੇਰਾ, ਬੱਬੇਹਾਲੀ ਦੀ ਛਿੰਝ ਵਰਗਾ ਕੱਠ, ਬਿਜਲੀ ਦੇ ਗਿਆਰਾਂ ਹਜ਼ਾਰ ਬੋਲਟ ਜਿੰਨਾ ਕਰੰਟ, ਬਾਰਾਂ ਬੋਰ ਦੀ ਬੰਦੂਕ ਦੇ ਫਾਇਰ ਵਰਗਾ ਧੌਲ-ਧੱਫਾ, ਮੁਗਦਰ ਵਰਗੇ ਪੱਟ ਤੇ ਮੂੰਗਲੀਆਂ ਵਰਗੇ ਡੌਲੇ। ਇਰਾਨ ਦੇ ਦਿਓ-ਕੱਦ ਖਿਡਾਰੀਆਂ ਅਤੇ ਮੁਕਾਬਲੇ ਦੇ ਹਲਕੇ ਖਿਡਾਰੀਆਂ ਦੀ ‘ਟਰੱਕ ਤੇ ਮਰੂਤੀ ਦੀ ਟੱਕਰ’ ਨਾਲ ਤੁਲਨਾ ਕੀਤੀ ਗਈ। ਕਬੱਡੀ ਬਾਰੇ ਪ੍ਰਚਲਿਤ ਗੀਤਾਂ, ਕਵਿਤਾਵਾਂ, ਟੂਕਾਂ-ਟੋਟਕਿਆਂ ਦੀ ਬਹੁਲਤਾ ਨੂੰ ਸੁਣ ਕੇ ਪਤਾ ਲੱਗਾ ਕਿ ਕਬੱਡੀ ਦਾ ਆਪਣਾ ਹੀ ਅਨੂਠਾ ਕਾਵਿ-ਸੰਸਾਰ ਹੈ। ਪੂਰੀ ਟੀਮ ਤੋਂ ਇਲਾਵਾ ਵਿਅਕਤੀਗਤ ਧਾਵੀਆਂ ਤੇ ਜਾਫੀਆਂ ਬਾਰੇ ਗੀਤ ਤੇ ਕਾਵਿ-ਟੋਟਕੇ ਬਣ ਗਏ ਜੋ ਸਬੰਧਿਤ ਖਿਡਾਰੀਆਂ ਦੇ ਜੀਵਨ ਸਮੇਂ ਹੀ ਲੋਕਗਥਾਈ ਹੋ ਨਿਬੜਨ ਦਾ ਪ੍ਰਮਾਣ ਹੈ।

ਵੱਖੋ-ਵੱਖਰੇ ਸ਼ਹਿਰਾਂ ਵਿਚ ਹੋਏ ਮੈਚਾਂ ਦੌਰਾਨ ਸਬੰਧਿਤ ਇਲਾਕੇ ਦੇ ਨਾਮਵਰ ਖਿਡਾਰੀਆਂ ਦੀ ਚਰਚਾ ਕਰਨੀ ਚੰਗੀ ਲੱਗੀ, ਭਾਵੇਂ ਵਿਸ਼ਵ ਕਬੱਡੀ ਕੱਪ ਵੇਲੇ     ਇਲਾਕੇ ਦੇ ਕਿਸੇ ਰਿਟਾਇਰ ਹੋ ਚੁੱਕੇ ਕਬੱਡੀ ਖਿਡਾਰੀ ਨੂੰ ਬਣਦੇ ਮਾਣ-ਸਨਮਾਨ ਜੋ ਉਸ ਨੂੰ ਵਿਸ਼ੇਸ਼ ਮਹਿਮਾਨਾਂ ਦੀ ਸੂਚੀ ਵਿਚ ਸ਼ਾਮਲ ਕਰ ਕੇ ਸਹਿਜੇ ਹੀ ਦਿੱਤਾ ਜਾ ਸਕਦਾ ਸੀ, ਦਾ ਨਾ ਮਿਲਣਾ ਰੜਕਦਾ ਰਿਹਾ। ਕੱਛੇ-ਬੁਨੈਣਾਂ ਦੇ ਇਨਾਮਾਂ ਅਤੇ ਕੱਲਰਾਂ ਤੇ ਟਿੱਬਿਆਂ      ਵਾਲੀ ਇਸ ਗਰੀਬਣੀ ਪੇਂਡੂ ਖੇਡ ਦਾ ਸਭ ਤੋਂ ਪਹਿਲਾਂ ਸਹੀ ਮੁੱਲ ਤਾਂ ਭਾਵੇਂ ਪਰਦੇਸਾਂ ਵਿਚ ਵਸਦੇ ਪੰਜਾਬੀਆਂ ਨੇ ਇਸ ਦੇ ਇਨਾਮਾਂ ਦੀ ਰਾਸ਼ੀ ਲੱਖਾਂ ਵਿਚ ਕਰ ਕੇ ਪਾਇਆ ਸੀ ਪਰ ਇਸ ਨੂੰ ਸਰਕਾਰੀ ਮਾਨਤਾ ਦੇ ਕੇ ਅਤੇ ਇੱਕ ਕਰੋੜੀ ਇਨਾਮ ਵਾਲੀ ਖੇਡ ਬਣਾ ਕੇ ਪੰਜਾਬ ਸਰਕਾਰ ਵਾਹ ਵਾਹ ਖੱਟ ਗਈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਬੱਡੀ ਕੱਪ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕਰ ਕੇ ਵਾਕਿਆ ਹੀ ਸਲਾਹੁਣਯੋਗ ਕੰਮ ਕੀਤਾ। ਕੀ ਪਤਾ ਹੁਣ ਵਿਗੜੇ ਤਿਗੜੇ ਨੌਜਵਾਨ ਨਸ਼ੇ-ਪੱਤੇ ਛੱਡ ਕੇ ਸੱਚੀਂ ਇਸ ਰਾਹ ਤੁਰ ਪੈਣ ਕਿ ਖੇਡੋ ਮੁੰਡਿਓ ਖੇਡ ਕਬੱਡੀ, ਖੜ੍ਹਨਾ ਛੱਡ ਦਿਓ ਮੋੜਾਂ ਤੇ, ਪੰਜਾਬ ਸਰਕਾਰ ਨੇ ਚਾੜ੍ਹ ਦਿੱਤੀ ਐ ਕੌਡੀ ਹੁਣ ਕਰੋੜਾਂ ਤੇ।

ਮੈਚਾਂ ਦੌਰਾਨ ਸ਼ਿਅਰੋ-ਸ਼ਾਇਰੀ ਦੀ ਹਨੇਰੀ ਆਈ ਰਹੀ। ਜੇ ਹਜ਼ਾਰਾਂ ਨਹੀਂ ਤਾਂ ਸੈਂਕੜਿਆਂ ਦੀ ਗਿਣਤੀ ਸੀ ਇਨ੍ਹਾਂ ਦੀ। ਜੇ ਕੋਈ ਕਸਰ ਬਾਕੀ ਸੀ ਤਾਂ ਉਹ ਖੇਡਾਂ ਦਾ ਤਰਾਨਾ ਬਣ ਚੁੱਕੇ ‘ਚੱਕ ਦੇ ਇੰਡੀਆ’ ਅਤੇ ‘ਜੈ ਹੋ’ ਵਰਗੇ ਪ੍ਰਸਿੱਧ ਗੀਤਾਂ ਦੇ ਗਾਇਕ ਸੁਖਵਿੰਦਰ ਨੇ ਬਾਬੂ ਸਿੰਘ ਮਾਨ ਦਾ ਲਿਖਿਆ ਕਬੱਡੀ ਬਾਰੇ ਵਿਸ਼ੇਸ਼ ਗੀਤ, ਵੇਖਣ ਹੋ ਹੋ ਲੋਕੀ ਪੱਬਾਂ ਭਾਰ ਕਬੱਡੀ ਨੂੰ, ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ, ਗਾ ਕੇ ਪੂਰੀ ਕਰ ਦਿੱਤੀ। ਸ਼ਿਅਰ ਤੇ ਟੂਕਾਂ-ਟੋਟਕੇ ਨਾ ਤਾਂ ਸਾਨੂੰ ਯਾਦ ਹੀ ਹਨ ਤੇ ਨਾ ਹੀ ਲਿਖਣ ਯੋਗਾ ਥਾਂ ਹੀ ਹੈ, ਫਿਰ ਵੀ ਵੰਨਗੀ ਵਜੋਂ ਕੁਝ ਨਮੂਨੇ ਪੇਸ਼ ਹਨ:

ਯਾਰੋ ਫੜਨੇ ਸੌਖੇ ਨਹੀਂ ਸ਼ੇਰ ਦਾ ਨੱਕ, ਮਿਰਗ ਦੀ ਲੱਤ, ਰੇਡਰ ਦਾ ਲੱਕ, ਉਡਣੇ ਸੱਪ, ਕਬੂਤਰ ਚੀਨੇ। ਬਾਂਹ ਫੜ ਕੇ ਕਦੇ ਨਹੀਂ ਛੱਡੀ, ਦੋ ਸ਼ੌਕ ਮਿੱਤਰਾਂ ਦੇ, ਪਾਉਣਾ ਭੰਗੜਾ ਤੇ ਖੇਡਣੀ ਕਬੱਡੀ, ਦੋ ਸ਼ੌਕ ਮਿੱਤਰਾਂ ਦੇ। ਜੋਸ਼, ਜਾਨ ਤੇ ਫੁਰਤੀ ਨੇ ਦਾਅ ਪੇਚ ਕਬੱਡੀ ਦੇ। ਧੌਲ ਧੱਫੇ ਤੇ ਪੈਣ ਜੱਫੇ, ਕਈਆਂ ਗੁੱਟ ਫੜ ਕੈਂਚੀਆਂ ਮਾਰੀਆਂ ਨੇ। ਕੌਡੀ ਪਾਉਂਦਾ, ਨੰਬਰ ਲਿਆਉਂਦਾ, ਹੱਥ ਨਾ ਆਉਂਦਾ। ਬਹਿ ਕੇ ਵੇਖੋ ਬਾਬਿਓ ਗਭਰੂ ਰੇਡਾਂ ਪਾਉਂਦੇ ਨੇ, ਗਭਰੂ ਜੱਫੇ ਲਾਉਂਦੇ ਨੇ। ਜੇ ਹਿੱਕ ਵਿਚ ਬਲ ਹੋਵੇ, ਦੁਨੀਆ ਤਾਂ ਪੁੱਛਦੀ ਸਿਰਨਾਵਾਂ। ਗੁੰਦਵੇਂ ਸਰੀਰਾਂ ਵਾਲੇ ਪਾਉਂਦੇ ਨੇ ਕਬੱਡੀਆਂ, ਡੌਲਿਆਂ ਤੇ ਟੈਟੂ ਖੁਣੇ ਟੌਹਰਾਂ ਰੱਜ ਕੱਢੀਆਂ। ਝਾਕਾ ਹੋਰ ਨੂੰ ਤੇ ਹੱਥ ਲਾਵੇਂ ਹੋਰ ਨੂੰ, ਬੱਲੇ ਓਏ ਚਲਾਕ ਸੱਜਣਾ। ਪੱਟਾਂ ਵਿਚ ਜਾਨ ਹੋਵੇ, ਡੌਲਿਆਂ ਤੇ ਮਾਣ ਹੋਵੇ, ਚੂੰਢੀ ਜਾਵੇ ਨਾ ਸਰੀਰ ਉਤੇ ਵੱਢੀ ਮਿੱਤਰੋ, ਫੇਰ ਖੇਡੀ ਜਾਂਦੀ ਹੈ ਕਬੱਡੀ ਮਿੱਤਰੋ। ਆਈ ਜਾਨ ਸ਼ਿਕੰਜੇ ਅੰਦਰ ਜਿਓਂ ਵੇਲਣ ਵਿਚ ਗੰਨਾ। ਧੱਕਾ ਫੁਰਤੀ ਪਕੜ ਪੈਂਤੜਾ, ਧੂੜ ਧੁੱਪ ਤੇ ਧੱਫੇ, ਕੌਡ ਕਬੱਡੀ ਮੇਲੇ ਦੇ ਵਿਚ ਪੈਣ ਰੇਡਾਂ ਤੇ ਲੱਗਣ ਜੱਫੇ। ਮਾਰ ਸੋਹਣਿਆਂ ਕੈਂਚੀ ਰੇਡਰ ਸੁੱਕਾ ਜਾਵੇ ਨਾ। ਫੜੀਂ ਨੀ ਬੇਬੇ ਟੁੱਕ, ਮੈਨੂੰ ਮੁੰਡਾ ਦੇਖ ਲੈਣ ਦੇ। ਜਿੱਤਣ ਜਿੱਤਣ ਹਰ ਕੋਈ ਖੇਲ੍ਹੇ ਤੂੰ ਹਾਰਨ ਖੇਲ੍ਹ ਫਕੀਰਾ, ਜਿੱਤਣ ਦਾ ਮੁੱਲ ਕੌਡੀ ਪੈਂਦਾ ਹਾਰਨ ਦਾ ਮੁੱਲ ਹੀਰਾ। ਹਰ ਤਰਫ਼ ਯਹੀ ਅਫ਼ਸਾਨੇ ਹੈਂ, ਹਮ ਖੇਡ ਕਬੱਡੀ ਕੇ ਦੀਵਾਨੇ ਹੈਂ। ਪੈਂਦੀਆਂ ਕਬੱਡੀਆਂ ਨੇ ਚੜ੍ਹ ਚੜ੍ਹ ਕੇ, ਲੋਕੀਂ ਦੇਖਦੇ ਨੇ ਸਾਰੇ ਖੜ੍ਹ ਖੜ੍ਹ ਕੇ। ਜਿਥੇ ਮਾਹੀਆ ਪੱਬ ਧਰਦਾ, ਓਥੇ ਉਗਦਾ ਸਰੂ ਦਾ ਬੂਟਾ। ਵਿਚ ਮੈਦਾਨੇ ਭਿੜਨਾ ਕੰਮ ਹੈ ਹੁੰਦਾ ਸ਼ੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਜੀਹਦਾ ਖਾਈਏ ਜੱਸ ਗਾਈਏ, ਉਹਦਾ ਸਾਥ ਨਈਂ ਛੱਡੀ ਦਾ, ਦੇਣਾ ਦੇ ਨਈਂ ਸਕਦੇ ਮਾਂ-ਖੇਡ ਕਬੱਡੀ ਦਾ। ਚੌਕੇ ਛਿੱਕੇ ਭੁੱਲੇ ਪੰਜਾਬੀਆਂ ਨੂੰ ਹੁਣ ਤਾਂ ਹਰ ਥਾਂ ਕਬੱਡੀ ਦੀ ਗੱਲ ਚਲਦੀ, ਟੀਵੀ ਮੂਹਰੇ ਕਬੱਡੀ ਸਭ ਬੈਠ ਦੇਖਣ, ਆਈਪੀਐੱਲ ਹੋ ਗਈ ਯਾਰੋ ਗੱਲ ਕੱਲ੍ਹ ਦੀ, ਖੇਡ ਕਬੱਡੀ ਦੇਖਣ ਲਈ ਹੁਣ ਛੱਤਾਂ ਤੋਂ ਲੋਕੀਂ ਲਮਕਣਗੇ, ਧੋਨੀ, ਸਚਿਨ ਤੇ ਸਹਿਵਾਗ ਵਾਂਗੂੰ ਮੰਗੀ, ਦੁੱਲਾ ਤੇ ਕੁਲਜੀਤਾ ਚਮਕਣਗੇ...।

ਵਾਹ ਸੋਹਣੀ ਖੇਡ ਕਬੱਡੀ ਦੀ,

ਵਾਹ ਸੋਹਣੀ ਖੇਡ ਕਬੱਡੀ ਦੀ

ਇਹ ਖੇਡਦੇ ਛੈਲ ਛਬੀਲੇ ਨੇ,

ਬਈ ਗਭਰੂ ਜੋ ਫੁਰਤੀਲੇ ਨੇ

ਦੌੜਦੇ ਇੰਜ ਅਣਖੀਲੇ ਨੇ,

ਰਫ਼ਤਾਰ ਜਿਉਂ ਹੈ ਗੱਡੀ ਦੀ

ਵਾਹ ਸੋਹਣੀ ਖੇਡ ਕਬੱਡੀ ਦੀ,

ਵਾਹ ਸੋਹਣੀ ਖੇਡ ਕਬੱਡੀ ਦੀ...

ਗੋਲ ਜਿਹਾ ਦਾਇਰਾ ਵਿਚ ਹੰਧੇ ਦੋ ਦਿਸਦੇ,

ਚੜ੍ਹ ਜਾਂਦਾ ਚਾਅ ਜਾਂ ਖਿਡਾਰੀ ਵਿਚ ਦਿਸਦੇ

ਜਾਈਏ ਬਲਿਹਾਰੇ ਜੀਹਨੇ ਕਾਢ ਇਹਦੀ ਕੱਢੀ,

ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ...।

ਸੰਪਰਕ: +1-905-799-1661

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All