ਪ੍ਰਿੰਸੀਪਲ ਬਾਜਵੇ ਦੇ ਹਾਕੀ ਸਿਤਾਰੇ

ਪ੍ਰਿੰਸੀਪਲ ਬਾਜਵੇ ਦੇ ਹਾਕੀ ਸਿਤਾਰੇ

ਖੇਡ ਮੈਦਾਨ ਅੰਦਰ ਜੂਝ ਰਿਹਾ ਮਹਾਨ ਹਾਕੀ ਖਿਡਾਰੀ ਧਿਆਨ ਚੰਦ।

ਪ੍ਰਿੰ. ਸਰਵਣ ਸਿੰਘ

ਸੀਪਲ ਬਲਕਾਰ ਸਿੰਘ ਬਾਜਵਾ ਪੰਜਾਬੀ ਖੇਡ ਸਾਹਿਤ ਦਾ ਸ਼ਿੰਗਾਰ ਹੈ। ਉਸ ਨੇ ‘ਹਾਕੀ ਸਿਤਾਰੇ ਸੁਧਾਰ ਦੇ’ ਕੌਫੀ ਟੇਬਲ ਬੁੱਕ ਪ੍ਰਕਾਸ਼ਿਤ ਕਰਵਾਈ ਹੈ ਜਿਸ ਦੇ ਡੇਢ ਸੌ ਮੋਮੀ ਸਫ਼ਿਆਂ ਉਤੇ ਸੌ ਤੋਂ ਵੱਧ ਯਾਦਗਾਰੀ ਖੇਡ ਤਸਵੀਰਾਂ ਛਪੀਆਂ ਹਨ। ਇਹ ਪੰਜਾਬੀ ਖੇਡ ਸਾਹਿਤ ਦੀ ਦਰਸ਼ਨੀ ਪੁਸਤਕ ਹੈ। ਓਲੰਪਿਕ ਰਤਨ ਬਲਬੀਰ ਸਿੰਘ ਨੇ ਇਸ ਪੁਸਤਕ ਦੇ ਟਾਈਟਲ ਉਤੇ ਲਿਖਿਆ, “ਮੇਰਾ ਵਿਸ਼ਵਾਸ ਹੈ ਕਿ ਇਹ ਸਚਿੱਤਰ ਕਿਤਾਬ ਮੁਢਲੇ ਪੱਧਰ ਦੇ ਨੌਜਵਾਨ ਹਾਕੀ ਖਿਡਾਰੀਆਂ ਨੂੰ ਉਤਸ਼ਾਹਤ ਕਰੇਗੀ। ਇਸ ਵਿਚ ਵਰਣਨ ਕੀਤੇ ਖਿਡਾਰੀਆਂ ਨੇ ਸਾਧਾਰਨ ਸਕੂਲਾਂ/ਕਾਲਜਾਂ ਦੀਆਂ ਟੀਮਾਂ ਵਿਚ ਖੇਡਦਿਆਂ ਆਪਣੇ ਮਹਿਕਮਿਆਂ ਦੀਆਂ ਟੀਮਾਂ ਵੱਲੋਂ ਖੇਡਿਆ ਅਤੇ ਆਪਣੇ ਕਿੱਤਿਆਂ ਵਿਚ ਮਾਣ ਸਨਮਾਣ ਪ੍ਰਾਪਤ ਕੀਤੇ। ਇਹ ਕਿਤਾਬ ਸਮੁੱਚੇ ਤੌਰ ਤੇ ਸਾਧਾਰਨ ਖਿਡਾਰੀਆਂ ਦੀਆਂ ਯਾਦਾਂ ਨੂੰ ਸੰਭਾਲੇਗੀ ਅਤੇ ਛੋਟੇ ਵੱਡੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣੇਗੀ। ਮੈਂ ਤਹਿ ਦਿਲੋਂ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੇ ਇਸ ਉੱਦਮ ਦੀ ਪ੍ਰਸੰਸਾ ਕਰਦਾ ਹਾਂ।”

ਉਹਦੇ ਮਾਮੇ ਦਾ ਪੁੱਤ ਗੁਰਭਜਨ ਗਿੱਲ ਲਿਖਦੈ, “ਆਪਣੀ ਮਿੱਟੀ ਦੇ ਮਾਣਮੱਤੇ ਸਵੈਮਾਨ ਦੇ ਪਛਾਣ ਚਿੰਨ੍ਹ ਪਛਾਨਣੇ ਅਤੇ ਉਨ੍ਹਾਂ ਦਾ ਦਸਤਾਵੇਜ਼ੀ ਪ੍ਰਮਾਣੀਕਰਨ ਕਰਨਾ ਵੀ ਜਿਉਂਦੇ ਮਰਦਾਂ ਦੇ ਹਿੱਸੇ ਹੀ ਆਉਂਦਾ ਹੈ। ਇਸ ਖੇਤਰ ਵਿਚ ਮੇਰੇ ਵੱਡੇ ਵੀਰ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਜੀ ਨੇ ਭਵਿੱਖੀ ਪੀੜ੍ਹੀਆਂ ਲਈ ਅਜਿਹੀ ਪੁਸਤਕ ਦੀ ਸਿਰਜਣਾ ਕੀਤੀ ਹੈ ਜਿਸ ਦੀ ਲਿਖਾਰੀਆਂ ਅਤੇ ਖਿਡਾਰੀਆਂ ਨੇ ਕਦੇ ਤਵੱਕੋ ਵੀ ਨਹੀਂ ਕੀਤੀ ਹੋਣੀ।”

ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੀ ਕਿਤਾਬ ਦਾ ਸਰਵਰਕ।

ਲੇਖਕ ਨੇ ਸੁਧਾਰ ਬਾਰੇ ਲਿਖਿਆ, “ਮੈਂ ਚਵ੍ਹੀ ਸਾਲ ਦੀ ਉਮਰ ਵਿਚ ਏਥੇ ਆਇਆ ਸੀ ਤੇ 1959 ਤੋਂ 1995 ਤਕ ਇਸ ਪਵਿੱਤਰ ਧਰਤੀ ਤੇ ਹੀ ਵਿਚਰਿਆ ਹਾਂ...। ਏਥੋਂ ਦੇ ਖੇਡ ਮੈਦਾਨਾਂ ਵਿਚ ਆਪਣੇ ਸਹਿ ਕਰਮੀਆਂ, ਵਿਦਿਆਰਥੀਆਂ ਅਤੇ ਦੋਸਤਾਂ ਨਾਲ ਗਹਿ-ਗੱਚ ਖੇਡਿਆ ਹਾਂ। ਬਚਪਨ ਤੋਂ ਹੀ ਖੇਡਾਂ ਮੇਰਾ ਸ਼ੌਂਕ ਰਹੀਆਂ ਹਨ। ਖੇਡ ਕਲਾ ਤੇ ਖੇਡ ਭਾਵਨਾ ਦਾ ਉਪਾਸ਼ਕ ਹਾਂ। ‘ਖੇਡ ਮੈਦਾਨ ਲੋਕਰਾਜ ਦਾ ਪੰਘੂੜਾ ਹੁੰਦਾ ਹੈ’ ਮੇਰੇ ਚਿੰਤਨ ਵਿਚ ਡੂੰਘਾ ਰਮਿਆ ਹੋਇਆ ਹੈ। ਖਿਡਾਰੀਆਂ ਨੂੰ ਮੈਦਾਨ ਦੇ ਉੱਤਮ ਕਲਾਕਾਰ ਮੰਨਦਾ ਹਾਂ। ਉਨ੍ਹਾਂ ਨੂੰ ਸਰੀਰਾਂ ਤੇ ਮਨਾਂ ਨੂੰ ਸਾਧਣਾ ਪੈਂਦਾ ਹੈ। ਇਹ ਇਕ ਕਰੜੀ ਸਾਧ ਤਪੱਸਿਆ ਹੁੰਦੀ ਹੈ। ਸਾਧੇ, ਸੋਧੇ ਤੇ ਸਿਧਾਏ ਹੋਏ ਜੁੱਸਿਆਂ ਨੂੰ ਹੀ ਜਿੱਤ-ਮੰਚਾਂ ਤੇ ਚੜ੍ਹਨ ਦਾ ਮਾਣ ਪ੍ਰਾਪਤ ਹੁੰਦਾ ਹੈ।”

ਪ੍ਰਿੰਸੀਪਲ ਬਾਜਵਾ ਦਾ ਜਨਮ 31 ਅਕਤੂਬਰ 1935 ਨੂੰ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਗੁੰਨਾਂ ਕਲਾਂ ਵਿਚ ਹੋਇਆ ਸੀ। ਬਚਪਨ ਲਹਿੰਦੇ ਪੰਜਾਬ ਵਿਚ ਬੀਤਿਆ ਅਤੇ ਜੁਆਨੀ ਚੜ੍ਹਦੇ ਪੰਜਾਬ ਵਿਚ ਚੜ੍ਹੀ। ਹੁਣ ਕੈਨੇਡਾ ਦੇ ਬਰੈਂਪਟਨ ਸ਼ਹਿਰ ਦਾ ਵਾਸੀ ਹੈ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸੈਨੇਟਰ ਅਤੇ ਜੀਐੱਚਜੀ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦਾ ਇੱਕੀ ਸਾਲ ਪ੍ਰਿੰਸੀਪਲ ਰਿਹਾ। ਰਿਟਾਇਰ ਹੋਣ ਪਿੱਛੋਂ ਉਸ ਨੇ ਨੌਂ ਕਿਤਾਬਾਂ ਲਿਖੀਆਂ। ਉਨ੍ਹਾਂ ਵਿਚ ਕੁਝ ਸਿੱਖਿਆ ਸਭਿਆਚਾਰ ਨਾਲ ਸੰਬੰਧਿਤ ਹਨ, ਸਵੈਜੀਵਨੀ ਤੇ ਜੀਵਨ ਯਾਦਾਂ ਹਨ ਅਤੇ ਆਰਥਕ ਸਮਾਜਿਕ ਮਸਲਿਆਂ ਬਾਰੇ ਹਨ। ਇਕ ਸਫ਼ਰਨਾਮਾ ਹੈ ਤੇ ਦੋ ਰੇਖਾ ਚਿੱਤਰਾਂ ਦੀਆਂ ਹਨ। 

ਭਾਅ ਬਾਜਵੇ ਦੀਆਂ ਕਈ ਗੱਲਾਂ ਮੇਰੇ ਨਾਲ ਮੇਲ ਖਾਂਦੀਆਂ ਹਨ। ਦੋਹਾਂ ਨੇ ਨਿੱਕੇ ਹੁੰਦਿਆਂ ਡੰਗਰ ਚਾਰੇ ਤੇ ਵੱਡੇ ਹੋ ਕੇ ਨੌਜੁਆਨ ਪੜ੍ਹਾਏ। ਦੋਹਾਂ ਨੇ ਸ਼ਹਿਰਾਂ ਦੀ ਨੌਕਰੀ ਛੱਡ ਕੇ ਪੇਂਡੂ ਕਾਲਜਾਂ ਵਿਚ ਪੜ੍ਹਾਇਆ, ਖੇਡ ਮੇਲੇ ਲਾਏ, ਪ੍ਰਿੰਸੀਪਲੀਆਂ ਕੀਤੀਆਂ ਅਤੇ ਰਿਟਾਇਰ ਹੋਣ ਪਿਛੋਂ ਬੱਚਿਆਂ ਕੋਲ ਕੈਨੇਡਾ ਆ ਵਸੇ। ਦੋਹੇਂ ਉਮਰ ਭਰ ਖੇਡਾਂ ਤੇ ਖਿਡਾਰੀਆਂ ਦੇ ਅੰਗ ਸੰਗ ਰਹੇ। 1950ਵਿਆਂ ਵਿਚ ਬਾਜਵਾ ਕਪੂਰਥਲੇ ਕਾਲਜ ਵਿਚ ਹਾਕੀ ਖੇਡਦਾ ਸੀ ਤੇ ਮੈਂ ਫਾਜ਼ਿਲਕਾ ਕਾਲਜ ਦੀ ਹਾਕੀ ਟੀਮ ਦਾ ਕਪਤਾਨ ਸਾਂ। ਦੋਵੇਂ ਕਾਲਜਾਂ ਦੇ ਬੈਸਟ ਅਥਲੀਟ ਬਣੇ। ਬਾਜਵਾ ਪੰਜਾਬ ਯੂਨੀਵਰਸਿਟੀ ਦਾ ਚੈਂਪੀਅਨ ਬਣਿਆ, ਮੈਂ ਦਿੱਲੀ ਯੂਨੀਵਰਸਿਟੀ ਦਾ। ਆਲ ਇੰਡੀਆ ਵਰਸਿਟੀ ਮੀਟਾਂ ਵਿਚ ਉਸ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ, ਮੈਂ ਦਿੱਲੀ ਯੂਨੀਵਰਸਿਟੀ ਦੀ। ਉਹ ਸੁਧਾਰ ਦੇ ਮੋਹ ਵਿਚ ਭਿੱਜਿਆ ਹੋਇਐ ਤੇ ਮੈਂ ਢੁੱਡੀਕੇ ਦੇ ਮੋਹ ਵਿਚ। ਉਸ ਦੇ ਦਿਲੋਂ ਸੁਧਾਰੀਆਂ ਲਈ ਦੁਆਵਾਂ ਨਿਕਲਦੀਆਂ, ਮੇਰੇ ਦਿਲੋਂ ਢੁੱਡੀਕੇ ਤੇ ਚਕਰੀਆਂ ਲਈ। ਉਹ ਬੱਚਿਆਂ ਤੇ ਗਭਰੂਆਂ ਦੇ ਦਿਲਾਂ ਤੇ ਦਸਤਕ ਦਿੰਦਿਆਂ ਲਿਖਦੈ: ਅੱਥਰੀ ਜਵਾਨੀ ਵਿਚ ਮਸਤ ਹੋਏ ਸੁਧਾਰ ਦੇ ਗਭਰੂਓ! ਤੁਹਾਨੂੰ ਮੀਰੀ ਪੀਰੀ ਦੇ ਸ਼ਹਿਨਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਖੇਡਣ-ਮੱਲ੍ਹਣ ਦੇ ਮੌਕੇ ਮਿਲੇ ਹਨ। ਗੁਰੂ ਹਰਗੋਬਿੰਦ ਸਾਹਿਬ ਨੇ ਜੁਝਾਰੂ ਸਿਪਾਹੀ ਬਣਾਉਣ ਲਈ ਕੁਸ਼ਤੀਆਂ, ਦੰਗਲ, ਗਤਕਾ, ਘੋੜ ਸਵਾਰੀ ਤੇ ਨੇਜ਼ਾਬਾਜ਼ੀ ਵਰਗੀਆਂ ਖੇਡਾਂ ਨੂੰ ਉਤਸ਼ਾਹਿਤ ਕੀਤਾ ਸੀ। ਇਹ ਗੌਰਵ ਤੁਹਾਡੀ ਵਿਰਾਸਤ ਹੈ। ਧਿਆਨ ਚੰਦ, ਬਲਬੀਰ ਸਿੰਘ, ਮਿਲਖਾ ਸਿੰਘ, ਜਰਨੈਲ ਸਿੰਘ, ਦਾਰਾ ਸਿੰਘ ਤੇ ਕਰਤਾਰ ਸਿੰਘ ਹੋਰਾਂ ਦੀਆਂ ਜੀਵਨੀਆਂ ਪੜ੍ਹੋ। 

1936 ਦੀ ਬਰਲਿਨ ਓਲੰਪਿਕਸ ਦੇ ਫਾਈਨਲ ਵਿਚ ਹਾਫ ਟਾਈਮ ਵੇਲੇ ਇੰਡੀਆ ਜਰਮਨੀ ਤੋਂ 6-0 ਗੋਲ਼ਾਂ ਨਾਲ ਅੱਗੇ ਸੀ। ਹਰਾਸ ਹੋਏ ਜਰਮਨ ਕੁੱਟ-ਮਾਰ ਤੇ ਉੱਤਰ ਆਏ। ਜਰਮਨ ਗੋਲ਼ਚੀ ਨੇ ਅੰਨ੍ਹੀ ਹਿੱਟ ਮਾਰ ਕੇ ਧਿਆਨ ਚੰਦ ਦਾ ਇੱਕ ਦੰਦ ਤੋੜ ਦਿੱਤਾ। ਮੁਢਲੀ ਮੈਡੀਕਲ ਸਹਾਇਤਾ ਪਿੱਛੋਂ ਮੈਦਾਨ ਵਿਚ ਵਾਪਸ ਆ ਕੇ ਧਿਆਨ ਚੰਦ ਨੰਗੇ ਪੈਰੀਂ ਖੇਡਣ ਲੱਗ ਪਿਆ। ਉਸ ਨੇ ਆਪਣੀ ਟੀਮ ਨੂੰ ਕਿਹਾ ਕਿ ਗੋਲ਼ ਕਰਨ ਵੱਲੋਂ ਹੁਣ ਢਿੱਲੇ ਹੋ ਜਾਓ, “ਅਸੀਂ ਇਨ੍ਹਾਂ ਨੂੰ ਬਾਲ ਕੰਟਰੋਲ ਦਾ ਸਬਕ ਸਿਖਾਉਣਾ ਹੈ।” ਹੈਰਾਨ ਹੋਇਆ ਹਜੂਮ ਵੇਖ ਰਿਹਾ ਸੀ ਕਿ ਭਾਰਤੀ ਮੁੜ ਮੁੜ ਜਰਮਨੀ ਦੇ ਸਰਕਲ ਤੱਕ ਬਾਲ ਲੈ ਜਾਂਦੇ, ਪਰ ‘ਡੀ’ ਉੱਤੋਂ ਬਾਲ ਫਿਰ ਪਿੱਛੇ ਆਪਣੇ ਵਿਰੋਧੀਆਂ ਨੂੰ ਦੇ ਦੇਂਦੇ। ਅੰਤ ਭਾਰਤ ਨੇ ਜਰਮਨੀ ‘ਤੇ 8-1 ਨਾਲ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਭਾਰਤੀ ਟੀਮ ਨੇ ਲਗਾਤਾਰ ਤੀਜਾ ਓਲੰਪਿਕ ਗੋਲਡ ਮੈਡਲ ਜਿੱਤਿਆ।

ਧਿਆਨ ਚੰਦ ਨੂੰ ਹਾਕੀ ਦਾ ਧਰੂ ਤਾਰਾ ਮੰਨਿਆ ਜਾਂਦੈ। ਉਸ ਨੂੰ ਭਾਰਤੀ ਹਾਕੀ ਦਾ ਗੁਰੂ, ਪੀਰ, ਮੁਰਸ਼ਦ, ਕੁਝ ਵੀ ਕਹਿ ਲਈਏ, ਅਤਿਕਥਨੀ ਨਹੀਂ। ਮੈਂ ਦੁਨੀਆ ਭਰ ਦੇ ਖਿਡਾਰੀਆਂ ਨੂੰ ਕਹਾਂਗਾ, ਉਹ ਹਾਕੀ ਦੇ ਇਸ ਚਮਤਕਾਰੀ ਖਿਡਾਰੀ ਨੂੰ ਨਤਮਸਤਕ ਹੋਕੇ ਮੈਦਾਨ ਵਿਚ ਉੱਤਰਿਆ ਕਰਨ। ‘ਹਾਕੀ ਸਿਤਾਰੇ ਸੁਧਾਰ ਦੇ’ ਪੁਸਤਕ ਲਿਖਣ ਦਾ ਬਲ ਮੈਨੂੰ ਉਦੋਂ ਮਿਲਿਆ ਜਦੋਂ ਉਹਦੀ ਆਤਮਕਥਾ ‘ਦਿ ਗੋਲ’ ਅਤੇ ਜੀਵਨੀ ‘ਧਿਆਨ ਚੰਦ - ਲੈਜੰਡ ਲਿਵਜ਼ ਆਨ’ ਪੜ੍ਹੀਆਂ। ਇਨ੍ਹਾਂ ਕਿਤਾਬਾਂ ਨੂੰ ਪੜ੍ਹਦਿਆਂ ਮੈਨੂੰ ਬਚਪਨ ਵਿਚ ਆਪਣੇ ਬਾਪੂ ਜੀ ਕੋਲੋਂ ਉਸ ਦੀਆਂ ਹਾਕੀ ਬਾਰੇ ਸੁਣੀਆਂ ਗੱਲਾਂ ਮੁੜ ਯਾਦ ਆ ਗਈਆਂ। ਬਾਪੂ ਜੀ ਧਿਆਨ ਚੰਦ ਦੀ ਪਲਟਨ ਵਿਚ ਹੀ ਸਨ ਅਤੇ ਧਿਆਨ ਚੰਦ ਨਾਲ ਖੇਡਦੇ ਰਹੇ ਸਨ। ਉਨ੍ਹਾਂ ਦੀ ਡਾਇਰੀ ਵਿਚ ਲਿਖੀਆਂ ‘ਹਾਕੀ ਦੀਆਂ ਬਾਤਾਂ’ ਦੇ ਹਵਾਲੇ ਮੈਂ ਆਪਣੀ ਕਿਤਾਬ ‘ਮੇਰੇ ਰਾਹਾਂ ਦੇ ਰੁੱਖ’ ਵਿਚ ਵੀ ਦਿੱਤੇ ਸਨ। ਝਾਂਸੀ ਤੇ ਜਿਹਲਮ ਵਿਚ ਖੇਡੇ ਹਾਕੀ ਦੇ ਮੈਚਾਂ ਦੀਆਂ ਗੱਲਾਂ ਬਾਪੂ ਜੀ ਆਮ ਹੀ ਸੁਣਾਉਂਦੇ। ਖਾਸ ਕਰ ਉਦੋਂ ਜਦੋਂ ਅਸੀਂ ਆਥਣੇ ਹਾਕੀ ਖੇਡ ਕੇ ਘਰ ਮੁੜਦੇ। ਸੁਧਾਰ ਦੇ ਕਰਨਲ ਜਸਵੰਤ ਗਿੱਲ ਅਤੇ ਗੁਰਬਖਸ਼ ਗਿੱਲ ਧਿਆਨ ਚੰਦ ਨਾਲ ਖੇਡਦੇ ਰਹੇ ਸਨ। ਉਹ ਉਸ ਦੀ ਖੇਡ ਸ਼ੈਲੀ ਤੋਂ ਬਹੁਤ ਕੁਝ ਸਿੱਖਦੇ ਸਨ। ਮੈਨੂੰ ਝੋਰਾ ਹੈ ਕਿ ਪਿਛਲੀ ਸਦੀ ਦੇ 60ਵਿਆਂ ਵਿਚ ਜਦੋਂ ਧਿਆਨ ਚੰਦ ਪਟਿਆਲੇ ਕੋਚਿੰਗ ਦਿਆ ਕਰਦਾ ਸੀ, ਉਦੋਂ ਮੈਂ ਉਸ ਦੇ ਪੁਰਾਣੇ ਸਾਥੀ, ਬਾਪੂ ਜੀ ਦਾ ਉਸ ਨਾਲ ਮੇਲ ਨਾ ਕਰਾ ਸਕਿਆ।

ਬਚਪਨ ਵਿਚ ਧਿਆਨ ਸਿੰਘ ਅਤੇ ਉਸ ਦੇ ਹਾਣੀ ਖਜੂਰੀ ਟਾਹਣੀਆਂ ਦੀਆਂ ਹਾਕੀਆਂ ਬਣਾ ਲੈਂਦੇ ਤੇ ਉਨ੍ਹਾਂ ਨਾਲ ਖੇਡਦੇ ਰਹਿੰਦੇ। ਧਿਆਨ ਸਿੰਘ ਦੇ ਪਿਤਾ ਜੀ ਫੌਜ ਵਿਚ ਸੂਬੇਦਾਰ ਸਨ। ਇੱਕ ਅਚਨਚੇਤੀ ਘਟਨਾ ਨਾਲ ਧਿਆਨ ਸਿੰਘ ਦਾ ਸ਼ਾਨਦਾਰ ਹਾਕੀ ਕਰੀਅਰ ਆਰੰਭ ਹੋਇਆ। ਜਦੋਂ ਉਹ 14 ਸਾਲ ਦਾ ਸੀ, ਆਪਣੇ ਪਿਤਾ ਨਾਲ ਅੰਗਰੇਜ਼ ਪਲਟਨਾਂ ਦੀਆਂ ਟੀਮਾਂ ਦਾ ਹਾਕੀ ਮੈਚ ਵੇਖਣ ਚਲਾ ਗਿਆ। ਇੱਕ ਟੀਮ ਦੋ ਗੋਲਾਂ ਨਾਲ ਹਾਰ ਰਹੀ ਸੀ। ਅੱਲ੍ਹੜ ਧਿਆਨ ਸਿੰਘ ਆਪਣੇ ਪਿਤਾ ਦੇ ਖਹਿੜੇ ਪੈ ਗਿਆ ਕਿ ਉਸ ਨੂੰ ਹਾਕੀ ਦਿੱਤੀ ਜਾਵੇ, ਉਹ ਹਾਰ ਰਹੀ ਟੀਮ ਨੂੰ ਜਿਤਾ ਸਕਦੈ। ਉਸ ਦੇ ਪਿਤਾ ਨੇ ਉਸ ਨੂੰ ਚੁੱਪ ਰਹਿਣ ਲਈ ਘੂਰਿਆ। ਨੇੜੇ ਹੀ ਬੈਠੇ ਅੰਗਰੇਜ਼ ਫੌਜੀ ਅਫਸਰ ਨੇ ਵੀ ਉਸ ਨੂੰ ਸ਼ੇਖੀਖੋਰਾ ਆਖਿਆ ਅਤੇ ਕਿਹਾ ਕਿ ਉਹ ਹਾਲੀ ਬੱਚਾ ਹੈ ਪਰ ਧਿਆਨ ਸਿੰਘ ਖੇਡਣ ਲਈ ਜ਼ਿਦ ਕਰਦਾ ਰਿਹਾ। ਆਖ਼ਰ ਅਫਸਰ ਨੇ ਉਸ ਨੂੰ ਖੇਡਣ ਦੀ ਆਗਿਆ ਦੇ ਦਿੱਤੀ। ਧਿਆਨ ਸਿੰਘ ਮੈਦਾਨ ਵਿਚ ਗਿਆ ਤੇ ਉਤੋੜੁਤੀ ਚਾਰ ਗੋਲ਼ ਦਾਗ ਦਿੱਤੇ! ਉਹੀ ਅਫਸਰ ਉਹਦੀ ਖੇਡ ਤੋਂ ਏਨਾ ਪ੍ਰਭਾਵਤ ਹੋਇਆ ਕਿ ਉਸ ਨੇ ਧਿਆਨ ਸਿੰਘ ਨੂੰ ਫੌਜ ਦੀ ‘ਬੱਚਾ ਪਲਟਨ’ ਵਿਚ ਭਰਤੀ ਕਰ ਲਿਆ।

ਧਿਆਨ ਸਿੰਘ ਨੂੰ ਆਰਮੀ ਡਿਊਟੀ ਵੱਲ ਵਧੇਰੇ ਧਿਆਨ ਦੇਣਾ ਪੈਂਦਾ ਸੀ ਜਿਸ ਕਰ ਕੇ ਹਾਕੀ ਦੀ ਪ੍ਰੈਕਟਿਸ ਲਈ ਲੋੜੀਂਦਾ ਸਮਾਂ ਨਹੀਂ ਸੀ ਮਿਲਦਾ। ਇਸ ਲਈ ਜਦੋਂ ਰਜਮੈਂਟ ਰਾਤ ਨੂੰ ਆਰਾਮ ਕਰਦੀ, ਉਹ ਚੰਦ ਦੀ ਚਾਨਣੀ ਵਿਚ ਹਾਕੀ ਤੇ ਬਾਲ ਨਾਲ ਗਰਾਊਂਡ ਵਿਚ ਇਕੱਲਾ ਹੀ ਅਭਿਆਸ ਕਰਦਾ ਰਹਿੰਦਾ। ਚੰਦ ਦੀ ਚਾਨਣੀ ਵਿਚ ਖੇਡਦਾ ਰਹਿਣ ਕਰ ਕੇ ਰਜਮੈਂਟ ਵਿਚ ਧਿਆਨ ਸਿੰਘ ਨੂੰ ਧਿਆਨ ਚੰਦ ਕਿਹਾ ਜਾਣ ਲੱਗਾ। ਫਿਰ ਚੰਦ ਉਹਦੇ ਨਾਮ ਨਾਲ ਪੱਕਾ ਹੀ ਜੁੜ ਗਿਆ। ਏਸੇ ਹੀ ਸਮੇਂ ਧਿਆਨ ਚੰਦ ਨੇ ਗਰਾਊਂਡ ਵਿਚ ਇੱਕ ਹੋਰ ਜਾਦੂਮਈ ਕ੍ਰਿਸ਼ਮਾ ਕਰ ਵਿਖਾਇਆ।

1925 ਵਿਚ ਜਿਹਲਮ ਵਿਖੇ ਪੰਜਾਬ ਇੰਡੀਅਨ ਇਨਫੈਂਟਰੀ ਟੂਰਨਾਮੈਂਟ ਦਾ ਫਾਈਨਲ ਮੈਚ ਚੱਲ ਰਿਹਾ ਸੀ। ਚਾਰ ਮਿੰਟ ਰਹਿਣ ਤਕ ਧਿਆਨ ਚੰਦ ਦੀ ਟੀਮ ਹਾਰ ਰਹੀ ਸੀ। ਉਹਦੇ ਕਮਾਂਡਿੰਗ ਅਫਸਰ ਨੇ ਕਿਹਾ, “ਅਰੇ ਧਿਆਨ ਚੰਦ! ਆਪਾਂ ਦੋ ਗੋਲ਼ਾਂ ਨਾਲ ਪਛੜੇ ਹੋਏ ਹਾਂ, ਕੁਝ ਕਰ ਕੇ ਦਿਖਾਓ!” ਇਸ ਪਿੱਛੋਂ ਧਿਆਨ ਚੰਦ ਨੇ ਬਾਲ ਆਪਣੀ ਸਟਿੱਕ ਤੇ ਲਿਆ ਅਤੇ ਵਿਰੋਧੀਆਂ ਦੀ ਸਾਰੀ ਰੱਖਿਆ ਪੰਕਤੀ ਨੂੰ ਝਕਾਨੀਆਂ ਦਿੰਦਾ ਗੋਲ਼ ਕਰ ਆਇਆ। ਉਸ ਨੇ ਏਸੇ ਤਰ੍ਹਾਂ ਚਾਰ ਮਿੰਟ ਦੇ ਸਮੇਂ ਵਿਚ ਦੂਜਾ, ਤੀਜਾ ਅਤੇ ਫਿਰ ਚੌਥਾ ਗੋਲ਼ ਦਾਗ ਕੇ ਕ੍ਰਿਸ਼ਮਾ ਕਰ ਵਿਖਾਇਆ। ਉਸ ਦੀ ਟੀਮ ਜਿੱਤ ਗਈ। ਇਸ ਮੈਚ ਪਿੱਛੋਂ ਅੰਗਰੇਜ਼ ਅਫਸਰਾਂ ਨੇ ਧਿਆਨ ਚੰਦ ਦੇ ਨਾਂ ਨਾਲ ‘ਹਾਕੀ ਜਾਦੂਗਰ’ ਦਾ ਉਪਨਾਮ ਵੀ ਜੋੜ ਦਿੱਤਾ।

ਜਿਹਲਮ ਵਾਲੇ ਇਸ ਮੈਚ ਦਾ ਸਬੰਧ ਬਾਪੂ ਜੀ ਦੀ ਡਾਇਰੀ ਵਿਚ ਦਰਜ ਇੱਕ ਹੋਰ ਮੈਚ ਨਾਲ ਵੀ ਜੁੜਦਾ ਹੈ। ਲਿਖਿਆ ਹੈ ਕਿ ਉਨ੍ਹਾਂ ਨੂੰ ਇੱਕ ਵਾਰੀ ਇਦਾਕ (ਫਰੰਟੀਅਰ) ਤੋਂ ਛੁੱਟੀ ਆਇਆਂ ਨੂੰ ਮਸੀਂ ਹਫਤਾ ਵੀ ਨਹੀਂ ਸੀ ਹੋਇਆ। ਪੰਜਾਬ ਰਜਮੈਂਟ ਵੱਲੋਂ ਪਿੰਡ ਟੈਲੀਗ੍ਰਾਮ ਆ ਗਈ: ਹਾਕੀ ਮੈਚ ਹਨ, ਛੇਤੀ ਤੋਂ ਛੇਤੀ ਵਾਪਸ ਪਹੁੰਚੋ! ਉਨ੍ਹਾਂ ਨੂੰ ਖੇਡਣ ਦਾ ਬਹੁਤ ਸ਼ੌਂਕ ਸੀ। ਉਨ੍ਹਾਂ ਨੇ ਅਗਲੇ ਦਿਨ ਹੀ ਗੱਡੀ ਜਾ ਫੜੀ। ਟੂਰਨਾਮੈਂਟ ਵਿਚ ਪੰਜ ਦਿਨ ਰਹਿੰਦੇ ਸਨ। ਰਾਵਲਪਿੰਡੀ ਤੋਂ ਅੱਗੇ ਛੁੱਟੀ ਤੋਂ ਵਾਪਸ ਆ ਰਹੇ ਫੌਜੀਆਂ ਨੂੰ ਮਾੜੀ ਬਿੰਦੁਸ ਵਿਚਲੇ ਫੌਜੀ ਰੈਸਟ ਕੈਂਪ ਵਿਚ ਇੱਕ ਹਫਤਾ ਲਾਜ਼ਮੀ ਠਹਿਰਨਾ ਪੈਂਦਾ ਸੀ। ਜੇ ਏਥੇ ਹਫਤਾ ਅਟਕਦੇ ਤਾਂ ਮੈਚਾਂ ਲਈ ਪਹੁੰਚ ਨਹੀਂ ਸਨ ਸਕਦੇ। ਉਨ੍ਹਾਂ ਨੇ ਟਰਿੱਕ ਵਰਤਿਆ। ਵਰਦੀ ਲਾਹ ਕੇ ਸਿਵਲੀਅਨ ਡਰੈੱਸ ਪਾ ਲਈ। ਡਿਊਟੀ ਸਾਰਜੰਟ ਨੂੰ ਕਿਹਾ ਕਿ ਉਹ ਫੌਜੀ ਨਹੀਂ ... ਬੰਨੂ ਹਾਈ ਸਕੂਲ ਵਿਚ ਮਾਸਟਰ ਹੈ ...। ਦਾਅ ਚੱਲ ਗਿਆ। ਅੱਗੇ ਰਸਤੇ ਵਿਚ ਕਿਸ਼ਤੀ ਪੈਂਦੀ ਸੀ। ਕਿਸ਼ਤੀ ਤੋਂ ਜਦੋਂ ਕਾਲੇ ਬਾਗ ਉੱਤਰੇ ਤਾਂ ਇੱਕ ਹੋਰ ਸਾਰਜੈਂਟ ਨੇ ਰੋਕ ਲਿਆ। ਉਸ ਨੂੰ ਇਨ੍ਹਾਂ ਨੇ ਪੂਰੇ ਆਤਮ-ਵਿਸ਼ਵਾਸ ਨਾਲ ਕਿਹਾ, “ਆਈ ਐੱਮ ਏ ਮਿਲਟਰੀ ਪੀਪਲ, ਸਾਰਜੈਂਟ! ਆਈ ਐੱਮ ਏ ਹੈੱਡ ਕਾਰਪੈਂਟਰ ਐਟ ਬੰਨੂੰ ...।”

ਇਸ ਤਰ੍ਹਾਂ ਉਨ੍ਹਾਂ ਨੇ ਰਾਤ ਨੂੰ ਆਪਣੀ ਪਲਟਨ ਦੇ ਡਿੱਪੂ ਆਫਿਸ ਵਿਚ ਰਿਪੋਰਟ ਜਾ ਕੀਤੀ। ਟੈਲੀਫੂਨ ਤੇ ਅੱਗੇ ਸੂਚਨਾ ਦੇ ਦਿੱਤੀ ਗਈ। ਸਵੇਰੇ ਅੱਠ ਵੱਜਦੇ ਨੂੰ ਸਪੈਸ਼ਲ ਗੱਡੀ ਆਈ ਤੇ ਉਹ ਦਾਰਦੋਨੀ ਵਿਚ ਹੋ ਰਹੇ ਮੈਚ ਲਈ ਚਾਰ ਵਜੇ ਜਾ ਪਹੁੰਚੇ। ਇਹ ਨਾਟਕੀ ਕਹਾਣੀ ਸੁਣ ਅਫਸਰ ਬਹੁਤ ਖੁਸ਼ ਹੋਏ ਅਤੇ ਸਰਾਹਨਾ ਕੀਤੀ। ਇਨ੍ਹਾਂ ਦੀ ਕੰਪਨੀ ਇਸ ਟੂਰਨਾਮੈਂਟ ਦੀ ਜੇਤੂ ਬਣੀ। ਇਹ ਸੰਨ 1924-25 ਦੀ ਗੱਲ ਹੈ।

ਬਾਪੂ ਜੀ ਨੇ ਰਿਕਰੂਟਿੰਗ ਦੌਰਾਨ ਹੀ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਉਹ 1908 ਵਿਚ ਭਰਤੀ ਹੋਏ ਸਨ। ਹੌਲੀ ਹੌਲੀ ਉਹ 27 ਪੰਜਾਬ ਬਟਾਲੀਅਨ ਦੀ ਪਹਿਲੀ ਟੀਮ ਵਿਚ ਖੇਡਣ ਲੱਗ ਪਏ। ਉਹ ਸਾਰੀ ਸਰਵਿਸ ਬਟਾਲੀਅਨ ਦੀ ਟੀਮ ਵਿਚ ਸੈਂਟਰ ਹਾਫ ਖੇਡਦੇ ਰਹੇ। ਬੜੇ ਫਖ਼ਰ ਨਾਲ ਦੱਸਦੇ ਹੁੰਦੇ ਸਨ ਕਿ ਹਾਕੀ ਦਾ ਪ੍ਰਸਿੱਧ ਓਲੰਪੀਅਨ, ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਉਨ੍ਹਾਂ ਦੀ ਟੀਮ ਦਾ ਸੈਂਟਰ ਫਾਰਵਰਡ ਹੁੰਦਾ ਸੀ। ਇਹ ਵੀ ਦੱਸਦੇ ਹੁੰਦੇ ਸੀ ਕਿ ਜਦੋਂ ਧਿਆਨ ਚੰਦ ਦੀ ਅਗਵਾਈ ਵਿਚ 

ਇੰਡੀਅਨ ਆਰਮੀ ਦੀ ਹਾਕੀ ਟੀਮ 1927 ਵਿਚ ਨਿਊਜ਼ੀਲੈਂਡ ਖੇਡਣ ਜਾ ਰਹੀ ਸੀ ਤਾਂ ਮੈਨੂੰ ਵੀ ਟੀਮ ਨਾਲ ਜਾਣ ਦੀ ਪੇਸ਼ਕਸ਼ ਹੋਈ ਸੀ ਪਰ ਦੱਸਦੇ ਸਨ ਕਿ ਮੇਰੀ ਸ਼ਾਦੀ ਦੀ ਤਰੀਕ 1927 ਵਿਚ ਤੈਅ ਹੋ ਚੁੱਕੀ ਸੀ ਜਿਸ ਕਰ ਕੇ ਟੀਮ ਨਾਲ ਜਾ ਸਕਣ ਵੱਲੋਂ ਬੇਵਸੀ ਜ਼ਾਹਰ ਕਰਨੀ ਪਈ। ਅਸੀਂ ਹੱਸਦਿਆਂ ਕਹਿੰਦੇ, “ਵਾਹ ਬਾਪੂ ਜੀ! ਕੀ ਫਰਕ ਪੈਂਦਾ ਸੀ, ਸ਼ਾਦੀ ਦੋ ਮਹੀਨੇ ਪਿੱਛੋਂ ਹੋ ਜਾਂਦੀ, ਤੁਸੀਂ ਨਿਊਜ਼ੀਲੈਂਡ ਦੇ ਟੂਰ ਦਾ ਕਿੱਡਾ ਵਧੀਆ ਸ਼ਾਨਦਾਰ ਮੌਕਾ ਗੁਆਇਆ? ਹਾਕੀ ਖਿਡਾਰੀ ਤਾਂ ਇਹੋ ਜਿਹੇ ਮੌਕਿਆਂ ਲਈ ਤਰਲੋਮਛੀ ਹੁੰਦੇ ਰਹਿੰਦੇ ਨੇ।” 

ਉਹ ਅੱਗੋਂ ਹੱਸ ਪੈਂਦੇ ਤੇ ਕਹਿੰਦੇ, “ਉਦੋਂ ਏਨੀ ਸੋਝੀ ਕਾਹਨੂੰ ਹੁੰਦੀ ਸੀ, ਪੁੱਤਰੋ! ਤੇ ਸਾਡੀ ਜਾਣੇ ਬਲਾ, ਨਿਊਜ਼ੀਲੈਂਡ ਦਾ ਟੂਰ-ਸ਼ੂਰ ਕੀ ਹੁੰਦਾ? ਅਸੀਂ ਹਲ਼ ਵਾਹੁੰਦੇ ਕੋਰੇ ਅਨਪੜ੍ਹ ਭਰਤੀ ਹੋਏ ਸੀ। ਚਲੋ ਜੋ ਹੋ ਗਿਆ ਸੋ ਹੋ ਗਿਆ, ਹੁਣ ਤੁਸੀਂ ਹੀ ਹਿੰਮਤ ਕਰੋ।” ਅਸੀਂ ਸਾਰੇ ਉਨ੍ਹਾਂ ਨੂੰ ਮਖੌਲ ਕਰਨ ਲੱਗ ਜਾਂਦੇ: ਫੌਜੀਆਂ ਨੂੰ ਵਿਆਹ ਤੇ ਛੁੱਟੀ ਬਾਹਲੀ ਪਿਆਰੀ ਹੁੰਦੀ ਹੈ। ਅੱਗੋਂ ਉਹ ਵੀ ਹੱਸ ਕੇ ਕਹਿੰਦੇ: “ਪਿਆਰੀ ਕਿਉਂ ਨਾ ਹੋਵੇ? ਪਿੰਡ ਜਾਣ ਲਈ ਮਸੀਂ ਸਾਲ ਮਗਰੋਂ ਮੌਕਾ ਮਿਲਦਾ ਸੀ। ਅਤੇ ਵਿਆਹ? ਉਹ ਵੀ ਪੁੰਨ ਦਾ ਸਾਕ! ਉਦੋਂ, ਜੱਟਾਂ ਦੇ ਮੁੰਡਿਆਂ ਨੂੰ ਸਾਕ ਕਿਹੜੇ ਸੌਖਿਆਂ ਮਿਲਦੇ ਸੀ। ਥੁੜਾਂ ਮਾਰੇ ਜੱਟ ਹੀ ਫੌਜ ਵਿਚ ਜਾਂਦੇ ਸੀ। ਬਥੇਰੇ ਹਲ਼ ਵਾਹਕ ਵਿਚਾਰੇ ਸਾਰੀ ਉਮਰ ਛੜੇ ਈ ਰਹਿ ਜਾਂਦੇ।” ਉਹ ਪਹਿਲੀ ਅਤੇ ਦੂਜੀ ਵੱਡੀ ਜੰਗ ਵਿਚ ਲੜੇ ਅਤੇ ਆਖ਼ੀਰ 36 ਸਾਲ ਦੀ ਸੇਵਾ ਪਿੱਛੋਂ 1944 ਵਿਚ ਐੱਸ ਬੀ, ਓ ਬੀ ਆਈ ਵਰਗੇ ਮਾਣਮੱਤੇ ਸਨਮਾਨਾਂ ਨਾਲ ਸੇਵਾਮੁਕਤ ਹੋਏ।

1936 ਦੀ ਬਰਲਿਨ ਓਲੰਪਿਕਸ ਦੇ ਫਾਈਨਲ ਵਿਚ ਹਾਫ ਟਾਈਮ ਵੇਲੇ ਇੰਡੀਆ ਜਰਮਨੀ ਤੋਂ 6-0 ਗੋਲ਼ਾਂ ਨਾਲ ਅੱਗੇ ਸੀ। ਹਰਾਸ ਹੋਏ ਜਰਮਨ ਕੁੱਟ-ਮਾਰ ਤੇ ਉੱਤਰ ਆਏ। ਜਰਮਨ ਗੋਲ਼ਚੀ ਨੇ ਅੰਨ੍ਹੀ ਹਿੱਟ ਮਾਰ ਕੇ ਧਿਆਨ ਚੰਦ ਦਾ ਇੱਕ ਦੰਦ ਤੋੜ ਦਿੱਤਾ। ਮੁਢਲੀ ਮੈਡੀਕਲ ਸਹਾਇਤਾ ਪਿੱਛੋਂ ਮੈਦਾਨ ਵਿਚ ਵਾਪਸ ਆ ਕੇ ਧਿਆਨ ਚੰਦ ਨੰਗੇ ਪੈਰੀਂ ਖੇਡਣ ਲੱਗ ਪਿਆ। ਉਸ ਨੇ ਆਪਣੀ ਟੀਮ ਨੂੰ ਕਿਹਾ ਕਿ ਗੋਲ਼ ਕਰਨ ਵੱਲੋਂ ਹੁਣ ਢਿੱਲੇ ਹੋ ਜਾਓ, “ਅਸੀਂ ਇਨ੍ਹਾਂ ਨੂੰ ਬਾਲ ਕੰਟਰੋਲ ਦਾ ਸਬਕ ਸਿਖਾਉਣਾ ਹੈ।” ਹੈਰਾਨ ਹੋਇਆ ਹਜੂਮ ਵੇਖ ਰਿਹਾ ਸੀ ਕਿ ਭਾਰਤੀ ਮੁੜ ਮੁੜ ਜਰਮਨੀ ਦੇ ਸਰਕਲ ਤੱਕ ਬਾਲ ਲੈ ਜਾਂਦੇ, ਪਰ ‘ਡੀ’ ਉੱਤੋਂ ਬਾਲ ਫਿਰ ਪਿੱਛੇ ਆਪਣੇ ਵਿਰੋਧੀਆਂ ਨੂੰ ਦੇ ਦੇਂਦੇ। ਅੰਤ ਭਾਰਤ ਨੇ ਜਰਮਨੀ ‘ਤੇ 8-1 ਨਾਲ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਭਾਰਤੀ ਟੀਮ ਨੇ ਲਗਾਤਾਰ ਤੀਜਾ ਓਲੰਪਿਕ ਗੋਲਡ ਮੈਡਲ ਜਿੱਤਿਆ।

ਜਦੋਂ ਇੰਡੀਆ ਹੱਥੋਂ ਜਰਮਨੀ ਦੀ 8-1 ਨਾਲ ਹਾਰ ਹੋਈ ਤਾਂ ਨੱਕੋ-ਨੱਕ ਭਰੇ ਸਟੇਡੀਅਮ ਤੇ ਮੁਰਦੇਹਾਣੀ ਛਾਈ ਹੋਈ ਸੀ। ਜਰਮਨ ਦਰਸ਼ਕ ਨਿੰਮੂਝੂਣੇ ਹੋਏ ਬੈਠੇ ਸਨ। ਹਿਟਲਰ ਨੇ ਜੇਤੂਆਂ ਨੂੰ ਗੋਲਡ ਮੈਡਲ ਪਹਿਨਾਉਣੇ ਸਨ ਪਰ ਉਹ ਗੁੱਸੇ ਨਾਲ ਭਰਿਆ ਪੀਤਾ ਪਹਿਲਾਂ ਹੀ ਉੱਠ ਕੇ ਚਲਾ ਗਿਆ ਸੀ। ਅਗਲੇ ਦਿਨ ਹਿਟਲਰ ਨੇ ਧਿਆਨ ਚੰਦ ਨੂੰ ਮਿਲਣ ਲਈ ਸੁਨੇਹਾ ਭੇਜਿਆ। ਜਦੋਂ ਸੁਨੇਹਾ ਮਿਲਿਆ, ਧਿਆਨ ਚੰਦ ਨੂੰ ਫਿਕਰ ਪੈ ਗਿਆ। ਉਹ ਡਿਕਟੇਟਰ ਦੀ ਹੁਕਮ ਅਦੂਲੀ ਵੀ ਨਹੀਂ ਸੀ ਕਰ ਸਕਦਾ। ਉਸ ਨੇ ਕਹਾਣੀਆਂ ਸੁਣੀਆਂ ਸਨ ਕਿ ਹਿਟਲਰ ਹੁਕਮ ਅਦੂਲੀ ਕਰਨ ਵਾਲੇ ਨੂੰ ਗੋਲ਼ੀ ਮਰਵਾ ਦੇਂਦੈ। ਉਸ ਰਾਤ ਧਿਆਨ ਚੰਦ ਚੱਜ ਨਾਲ ਕੁਝ ਖਾ-ਪੀ ਨਾ ਸਕਿਆ ਤੇ ਰਾਤ ਵੀ ਜਾਗਦਿਆਂ ਕੱਟੀ। ਸਵੇਰੇ ਡਰਿਆ ਸਹਿਮਿਆ ਹਿਟਲਰ ਨੂੰ ਮਿਲਣ ਚਲਾ ਗਿਆ। ਡਿਕਟੇਟਰ ਨੇ ਉਸ ਦਾ ਡਿਪਲੋਮੈਟੀ ਸੁਆਗਤ ਕੀਤਾ। ਉਹ ਫਾਈਨਲ ਮੈਚ ਵਿਚ ਧਿਆਨ ਚੰਦ ਦੀ ਖੇਡ ਤੋਂ ਬਹੱਦ ਪ੍ਰਭਾਵਤ ਹੋਇਆ ਸੀ। ਉਹ ਉਸ ਨੂੰ ਜਰਮਨ ਦੀ ਟੀਮ ਵਿਚ ਸ਼ਾਮਲ ਕਰਨਾ ਚਾਹੁੰਦਾ ਸੀ। ਉਸ ਨੇ ਧਿਆਨ ਚੰਦ ਨੂੰ ਜਰਮਨ ਫੌਜ ਵਿਚ ਕਰਨਲ ਦੇ ਅਹੁਦੇ ਦੀ ਪੇਸ਼ਕਸ਼ ਕੀਤੀ। ਧਿਆਨ ਚੰਦ ਨੇ ਨਿਮਰਤਾ ਤੇ ਫੌਜੀ ਸਲੀਕੇ ਨਾਲ ਇਸ ਪੇਸ਼ਕਸ਼ ਨੂੰ ਨਾ ਮੰਨਣ ਦੀ ਮੁਆਫ਼ੀ ਮੰਗੀ ਤੇ ਖਹਿੜਾ ਛੁਡਾਇਆ।

ਹੁਸ਼ਿਆਰਪੁਰ ਦਾ ਇੱਕ ਪਰਿਵਾਰ ਲੈਜੈਂਡਰੀ ਮੇਜਰ ਧਿਆਨ ਚੰਦ ਦੀ ਹਾਕੀ ਸਟਿਕ ਸੰਭਾਲੀ ਬੈਠਾ ਹੈ। ਇਸ ਬਾਰੇ ਪੱਤਰਕਾਰ ਜੇ ਕੇ ਜੋਸ਼ੀ ਨੇ ਖੋਜ ਪਿੱਛੋਂ ਰਿਪੋਰਟ ਪੇਸ਼ ਕੀਤੀ ਹੈ। ਧਿਆਨ ਚੰਦ ਦੀ 1936 ਦੀ ਬਰਲਿਨ ਓਲੰਪਿਕ ਵਿਚ ਵਰਤੀ ਹਾਕੀ ਇਸ ਪਰਿਵਾਰ ਕੋਲ ਸੁਰੱਖਿਅਤ ਪਈ ਹੈ। ਟੀਮ ਸਮੇਤ ਹਾਕੀ ਕਪਤਾਨ ਦੇ ਦਸਤਖ਼ਤਾਂ ਵਾਲੀ ਇਹ ਵਿਰਾਸਤੀ ਹਾਕੀ ਕਿਸੇ ਖੇਡ ਅਜਾਇਬ-ਘਰ ਦਾ ਸ਼ਿੰਗਾਰ ਬਣਨੀ ਚਾਹੀਦੀ ਸੀ। ਇਹ ਹਾਕੀ ਹੁਸ਼ਿਆਰਪੁਰ ਵਾਸੀ ਗੁਰਮੇਲ ਸਿੰਘ ਨੇ ਸੰਭਾਲ ਕੇ ਰੱਖੀ ਹੋਈ ਹੈ। ਬਹੁਤੇ ਖੇਡ ਪ੍ਰੇਮੀ ਇਸ ਤੋਂ ਅਣਜਾਣ ਹਨ। ਉਹ ਇਸ ਵੇਲੇ ਗੁਰੂ ਗੋਬਿੰਦ ਸਿੰਘ ਐਵੇਨਿਊ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਜਦੋਂ ਅਖ਼ਬਾਰ ਦੇ ਖੇਡ ਪ੍ਰਤਿਨਿਧ ਨੇ ਇਨ੍ਹਾਂ ਦੇ ਘਰ ਜਾ ਕੇ ਇਸ ਹਾਕੀ ਬਾਰੇ ਪੁੱਛਿਆ ਤਾਂ ਗੁਰਮੇਲ ਸਿੰਘ ਪੁੱਤਰ ਪਿਆਰਾ ਸਿੰਘ ਨੇ ਦੱਸਿਆ ਕਿ 1965 ਵਿਚ ਜਦੋਂ ਉਹ ਛੋਟਾ ਜਿਹਾ ਸੀ, ਉਹ ਕਾਫੀ ਅਰਸੇ ਪਿੱਛੋਂ ਆਪਣੇ ਨਾਨਕੇ ਪਿੰਡ ਸ਼ਾਮਚੁਰਾਸੀ ਗਿਆ ਸੀ। ਉਦੋਂ ਉਸ ਦੀ ਨਾਨੀ ਰਤਨ ਕੌਰ ਨੇ ਦੱਸਿਆ ਸੀ ਕਿ ਇਹ ਹਾਕੀ ਉਨ੍ਹਾਂ ਦੇ ਨਾਨਾ ਜੀ ਮਿਸਤਰੀ ਪੂਰਨ ਸਿੰਘ ਨੂੰ ਕਿਸੇ ਦੋਸਤ ਨੇ ਦਿੱਤੀ ਸੀ। ਕਿਹਾ ਸੀ ਕਿ ਇਹ ਇਤਿਹਾਸਕ ਹਾਕੀ ਹੈ, ਇਸ ਨੂੰ ਸੰਭਾਲ ਕੇ ਰੱਖੀਂ। ਅੱਗੋਂ ਮੇਰੀ ਮਾਤਾ ਸੀਤਲ ਕੌਰ ਨੇ ਇਹ ਹਾਕੀ ਸੰਭਾਲ ਕੇ ਸੰਦੂਕ ਵਿਚ ਰੱਖ ਦਿੱਤੀ। ਜਦੋਂ ਗੁਰਮੇਲ ਸਿੰਘ 20 ਸਾਲ ਬਹਿਰੀਨ ਵਿਚ ਰਹਿਣ ਪਿੱਛੋਂ ਪੰਜਾਬ ਪਰਤਿਆ, ਉਸ ਦੇ ਬੱਚਿਆਂ ਦੀ ਨਿਗਾਹ ਇਸ ਹਾਕੀ ਤੇ ਪਈ। ਇਨ੍ਹਾਂ ਨੇ ਇਸ ਬਾਰੇ ਹੋਰ ਘੋਖ ਪੜਤਾਲ ਕੀਤੀ। ਉਨ੍ਹਾਂ ਨੇ ਇੰਟਰਨੈੱਟ ਤੋਂ ਇਸ ਸਬੰਧੀ ਸਾਰੀ ਜਾਣਕਾਰੀ ਇਕੱਠੀ ਕਰ ਲਈ। ਇਸ ਹਾਕੀ ਦੇ ਇੱਕ ਪਾਸੇ ਸਿਆਟਲ ਉੱਕਰਿਆ ਹੋਇਆ ਹੈ ਅਤੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਆਰ ਜੇ ਜੇਮਜ਼, ਸੀ ਸੀ ਤਾਪਸੈਲ, ਮਿਰਜ਼ਾ ਮਸੂਦ, ਗੁਰਚਰਨ ਸਿੰਘ ... ਅਤੇ ਬਾਕੀ ਹਾਕੀ ਖਿਡਾਰੀਆਂ ਦੇ ਦਸਤਖ਼ਤ ਹਨ। ਇਸ ਹਾਕੀ ਦੀ ਖੋਜ ਸਬੰਧੀ ਗੁਰਮੇਲ ਸਿੰਘ ਦੇ ਦੋਸਤ ਜੇ ਕੇ ਜੋਸ਼ੀ ਮਾਡਲ ਟਾਊਨ ਜਲੰਧਰ ਨਿਵਾਸੀ ਨੇ ਕਾਫੀ ਮਦਦ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਵਿਰਾਸਤੀ ਹਾਕੀ ਨੂੰ ਸੰਭਾਲ ਕੇ ਰੱਖਣ ਵਾਲੇ ਪਰਿਵਾਰ ਨੂੰ ਸਰਕਾਰ ਵੱਲੋਂ ਬਣਦਾ-ਤਣਦਾ ਮਾਣ ਮਿਲਣਾ ਚਾਹੀਦਾ ਹੈ।

ਪਿੱਛੇ ਜਿਹੇ ਚੰਡੀਗੜ੍ਹ ਵਿਖੇ ਹੋਏ ਪੰਜਾਬ ਹਾਕੀ ਗੋਲਡ ਕੱਪ ਦੌਰਾਨ ਜਰਮਨੀ-ਭਾਰਤ ਮੈਚ ਤੋਂ ਪਹਿਲਾਂ ਇਸ ਹਾਕੀ ਨੂੰ ਵਿਖਾਇਆ ਗਿਆ। ਇਸ ਹਾਕੀ ਨੂੰ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਪ੍ਰਦਰਸ਼ਰਤ ਕਰਨ ਲਈ ਗੁਰਦੇਵ ਸਿੰਘ ਜਲੰਧਰ ਤੋਂ ਵਿਸ਼ੇਸ਼ 

ਤੌਰ ਤੇ ਲੈ ਕੇ ਆਇਆ ਸੀ। ਉਸ ਦੱਸਿਆ ਕਿ 

ਇਸ ਦੀ ਪ੍ਰਦਰਸ਼ਨੀ ਕਰ ਕੇ ਉਸ ਨੂੰ ਬਹੁਤ ਖੁਸ਼ੀ ਮਿਲਦੀ ਤੇ ਮਾਣ ਮਹਿਸੂਸ ਹੁੰਦਾ ਹੈ। ਇਹ ਉਸ ਦੀ ਕੀਮਤੀ ਵਿਰਾਸਤ ਹੈ। ਉਸ ਨੇ ਇਹ ਹਾਕੀ ਆਪਣੇ ਨਾਨੇ ਸ਼ ਪੂਰਨ ਸਿੰਘ ਕੋਲੋਂ ਬੜੀਆਂ ਜ਼ਿਦਾਂ ਨਾਲ ਹਾਸਲ ਕੀਤੀ ਸੀ। ਉਸ ਦੱਸਿਆ ਕਿ ਇਹ ਹਾਕੀ ਧਿਆਨ ਚੰਦ ਨੇ ਉਸ ਦੇ ਨਾਨਾ ਜੀ ਨੂੰ ਦਿੱਤੀ ਸੀ। ਇਹੋ ਹਾਕੀ ਧਿਆਨ ਚੰਦ ਨੂੰ ਬਰਲਿਨ ਉਲੰਪਿਕਸ ਪਿੱਛੋਂ ਹਿਟਲਰ ਨੇ ਦਿੱਤੀ ਸੀ।

ਜੀਵਨ ਦੇ ਆਖ਼ਰੀ ਸਮੇਂ ਧਿਆਨ ਚੰਦ ਤੋਂ ਡਾਕਟਰ ਨੇ ਪੁੱਛਿਆ ਸੀ, “ਇੰਡੀਅਨ ਹਾਕੀ ਦਾ ਭਵਿੱਖ ਕੀ ਹੈ?” ਧਿਆਨ ਚੰਦ ਨੇ ਜਵਾਬ ਦਿੱਤਾ ਸੀ, “ਹਾਕੀ ਇੰਡੀਆ ਵਿਚ ਖ਼ਤਮ ਹੋ ਗਈ ਹੈ।” “ਇਸ ਤਰ੍ਹਾਂ ਕਿਉਂ ਹੈ?” ਡਾਕਟਰ ਨੇ ਮੁੜ ਪੁੱਛਿਆ ਸੀ। ਧਿਆਨ ਚੰਦ ਨੇ ਕਿਹਾ ਸੀ, “ਸਾਡੇ ਮੁੰਡੇ ਸਿਰਫ ਖਾਣਾ ਪੀਣਾ ਹੀ ਜਾਣਦੇ ਹਨ। ਉਹ ਮਿਹਨਤ ਕਰਨੀ ਭੁੱਲ ਗਏ ਹਨ।”

ਇਹ ਕਹਿਣ ਪਿੱਛੋਂ ਧਿਆਨ ਚੰਦ ਬੇਹੋਸ਼ੀ ਦੇ ਆਲਮ ਵਿਚ ਚਲਾ ਗਿਆ ਤੇ 3 ਦਸੰਬਰ, 1979 ਨੂੰ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਿਆ। ਹੀਰੋਜ਼ ਹਾਕੀ ਗਰਾਊਂਡਜ਼ ਵਿਖੇ ਹਾਕੀ ਦੇ ਇਸ ਹੀਰੇ ਨੂੰ ਉਸ ਦੇ ਪਿਤਰੀ ਸ਼ਹਿਰ ਝਾਂਸੀ ਦੀ ਖ਼ਾਕ ਦੇ ਸਪੁਰਦ ਕਰ ਦਿੱਤਾ ਗਿਆ। ਉਹ ਉਸੇ ਹੀ ਧਰਤੀ ਮਾਂ ਦੇ ਸਪੁਰਦ ਹੋਇਆ ਜਿਸ ਦੀ ਕੁੱਖ ਵਿਚੋਂ ਉਸ ਨੇ ਜਨਮ ਲਿਆ ਸੀ ਅਤੇ ਜਿਸ ਦੀ ਗੋਦ ਵਿਚ ਹਾਕੀ ਖੇਡਣੀ ਸ਼ੁਰੂ ਕੀਤੀ ਸੀ। ਧਿਆਨ ਚੰਦ ਦੀ ਪੰਜਾਬ ਰਜਮੈਂਟ ਨੇ ਉਸ ਨੂੰ ਪੂਰੇ ਮਿਲਟਰੀ ਮਾਣ ਸਨਮਾਨਾਂ ਨਾਲ ਅਲਵਿਦਾ ਕਹੀ ਸੀ। ਹੁਣ ਕਈ ਖੇਡ ਯਾਦਗਾਰਾਂ ਉਹਦੇ ਨਾਂ ਉਤੇ ਬਣੀਆਂ ਹਨ ਤੇ ਉਸ ਦਾ ਜਨਮ ਦਿਨ ਭਾਰਤ ਦੇ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਸੰਪਰਕ: +1-905-799-1661

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All