DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਈਨਾ ਡੋਰ ਦੀ ਰੋਕਥਾਮ ਜ਼ਰੂਰੀ

ਕਿਸੇ ਜ਼ਮਾਨੇ ’ਚ ਬਸੰਤ ਪੰਚਮੀ ਦੇ ਤਿਉਹਾਰ ਦੀ ਖ਼ੁਸ਼ੀ ਦਾ ਪ੍ਰਤੀਕ ਰਹੀ ਪਤੰਗਬਾਜ਼ੀ ਅੱਜ ਦੇ ਦੌਰ ਦਾ ਖ਼ੂਨੀ ਸ਼ੌਕ ਬਣ ਜਾਵੇਗੀ, ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਸੜਕਾਂ ਦੁਆਲੇ ਖਾਲੀ ਥਾਵਾਂ ’ਤੇ ਡੋਰ ਤਿਆਰ ਕਰਨ ਵਾਲੇ ਮਾਂਜਾ ਲਾਉਂਦੇ...

  • fb
  • twitter
  • whatsapp
  • whatsapp
Advertisement

ਕਿਸੇ ਜ਼ਮਾਨੇ ’ਚ ਬਸੰਤ ਪੰਚਮੀ ਦੇ ਤਿਉਹਾਰ ਦੀ ਖ਼ੁਸ਼ੀ ਦਾ ਪ੍ਰਤੀਕ ਰਹੀ ਪਤੰਗਬਾਜ਼ੀ ਅੱਜ ਦੇ ਦੌਰ ਦਾ ਖ਼ੂਨੀ ਸ਼ੌਕ ਬਣ ਜਾਵੇਗੀ, ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਸੜਕਾਂ ਦੁਆਲੇ ਖਾਲੀ ਥਾਵਾਂ ’ਤੇ ਡੋਰ ਤਿਆਰ ਕਰਨ ਵਾਲੇ ਮਾਂਜਾ ਲਾਉਂਦੇ ਪਹਿਲਾਂ ਆਮ ਹੀ ਦੇਖੇ ਜਾ ਸਕਦੇ ਸਨ। ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਸੀ ਹੁੰਦੀ ਕਿਉਂਕਿ ਉਹ ਸੂਤ ਦੇ ਧਾਗੇ ਦੀ ਡੋਰ ਨੂੰ ਪੱਕਾ ਕਰ ਰਹੇ ਹੁੰਦੇ ਸਨ, ਜੋ ਨਾ ਤਾਂ ਕੋਈ ਕਾਨੂੰਨੀ ਅਪਰਾਧ ਸੀ ਤੇ ਨਾ ਹੀ ਉਸ ਤੋਂ ਕਿਸੇ ਦੀ ਜਾਨ ਨੂੰ ਕੋਈ ਖ਼ਤਰਾ ਹੁੰਦਾ ਸੀ। ਅੱਜਕੱਲ੍ਹ ਖੁੱਲ੍ਹੇ ਵਿੱਚ ਕਿਤੇ ਡੋਰ ਤਿਆਰ ਹੁੰਦੀ ਨਜ਼ਰ ਨਹੀਂ ਆਉਂਦੀ, ਪਰ ਡੋਰਾਂ ਵਿਕਦੀਆਂ ਧੜੱਲੇ ਨਾਲ ਹਨ। ਅੱਜ ਜਿਹੜੀ ਡੋਰ ਨਾਲ ਪਤੰਗਬਾਜ਼ੀ ਕੀਤੀ ਜਾਂਦੀ ਹੈ ਉਹ ਇੱਕ ਕਾਤਲ ਡੋਰ (ਚਾਈਨਾ ਡੋਰ) ਹੈ ਜੋ ਪਤਾ ਨਹੀਂ ਕਿੰਨੇ ਕੁ ਘਰ ਉਜਾੜ ਰਹੀ ਹੈ। ਕਿਸੇ ਦੇ ਜਵਾਨ ਪੁੱਤ ਦੀ ਮੌਤ, ਕਿਸੇ ਮਾਸੂਮ ਦੀ ਮਾਂ ਦੀ ਮੌਤ, ਕਿਸੇ ਦੇ ਘਰ ਦੇ ਇੱਕੋ-ਇੱਕ ਕਮਾਊ ਵਿਅਕਤੀ ਦੀ ਮੌਤ ਅਤੇ ਹੋਰ ਅਨੇਕਾਂ ਇਸ ਤਰ੍ਹਾਂ ਦੀਆਂ ਖ਼ਬਰਾਂ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਦ ਕਦੇ ਚਾਈਨਾ ਡੋਰ ਨਾਲ ਹਾਦਸਾ ਵਾਪਰਦਾ ਹੈ ਤਾਂ ਪ੍ਰਸ਼ਾਸਨ ਦੀ ਜਾਗ ਖੁੱਲ੍ਹਦੀ ਹੈ ਤੇ ਫਿਰ ਦੁਕਾਨਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਮੈਨੂੰ ਜਾਪਦਾ ਹੈ ਕਿ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਕਿਸੇ ਨਸ਼ਾ ਤਸਕਰ ਤੋਂ ਘੱਟ ਨਹੀਂ। ਉਹ ਦਿਖਾਉਣ ਲਈ ਸਾਹਮਣੇ ਸੂਤੀ ਡੋਰ ਰੱਖਦੇ ਹਨ, ਪਰ ਅੰਦਰਖਾਤੇ ਚਾਈਨਾ ਡੋਰ ਵੇਚਦੇ ਹਨ। ਛਾਪੇਮਾਰੀ ਦੌਰਾਨ ਦੁਕਾਨਦਾਰਾਂ ਕੋਲੋਂ ਕੁਝ ਨਹੀਂ ਮਿਲਦਾ ਜਾਂ ਕੋਈ ਥੋੜ੍ਹਾ ਬਹੁਤ ਕਿਸੇ ਕੋਲੋਂ ਨਿਕਲ ਵੀ ਆਵੇ ਤਾਂ ਉਸ ’ਤੇ ਕੇਸ ਦਰਜ ਨਹੀਂ ਕੀਤਾ ਜਾਂਦਾ। ਜੇ ਕੇਸ ਦਰਜ ਹੋ ਜਾਵੇ ਤਾਂ ਛੇਤੀ ਹੀ ਜ਼ਮਾਨਤ ਮਿਲ ਜਾਂਦੀ ਹੈ ਕਿਉਂਕਿ ਇਸ ਸਬੰਧੀ ਕੋਈ ਠੋਸ ਕਾਨੂੰਨ ਨਹੀਂ ਬਣਿਆ। ਉਨ੍ਹਾਂ ਲੋਕਾਂ ਤੋਂ ਪੁੱਛੋ ਜਿਨ੍ਹਾਂ ਦੇ ਘਰਾਂ ਵਿੱਚ ਇਸ ਡੋਰ ਕਾਰਨ ਸੱਥਰ ਵਿਛੇ ਹਨ, ਪਰ ਪਤਾ ਨਹੀਂ ਸਾਡੇ ਪ੍ਰਸ਼ਾਸਨ ਦੀ ਜਾਗ ਕਦੋਂ ਖੁੱਲੇਗੀ?

ਪਤੰਗਬਾਜ਼ੀ ਕੋਈ ਚਾਰਦੀਵਾਰੀ ਅੰਦਰ ਤਾਂ ਕੀਤੀ ਨਹੀਂ ਜਾ ਸਕਦੀ। ਕੀ ਡੋਰਾਂ ਵੇਚਣ ਵਾਲਿਆਂ ’ਤੇ ਹੀ ਨਕੇਲ ਕੱਸਣ ਦੀ ਲੋੜ ਹੈ? ਬਿਲਕੁਲ ਨਹੀਂ, ਹੁਣ ਪਤੰਗ ਉਡਾਉਣ ਵਾਲਿਆਂ ’ਤੇ ਨਕੇਲ ਕੱਸਣ ਦੀ ਜ਼ਿਆਦਾ ਲੋੜ ਹੈ। ਮੇਰੇ ਘਰ ਦੀ ਛੱਤ ਉੱਤੇ ਜਿੰਨੇ ਵੀ ਕੱਟੇ ਹੋਏ ਪਤੰਗ ਆ ਕੇ ਡਿੱਗਦੇ ਹਨ ਉਹ ਚਾਈਨਾ ਡੋਰ ਨਾਲ ਉਡਾਏ ਹੋਏ ਹੁੰਦੇ ਹਨ। ਨਵੰਬਰ-ਦਸੰਬਰ ਤੋਂ ਚਾਈਨਾ ਡੋਰ ਨਾਲ ਪਤੰਗ ਉਡਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ ਤੇ ਇਹ ਸਿਲਸਿਲਾ ਅਪਰੈਲ-ਮਈ ਤੱਕ ਜਾਰੀ ਰਹਿੰਦਾ ਹੈ। ਲੋਹੜੀ ਵਾਲੇ ਦਿਨ ਸਵੇਰ ਤੋਂ ਹੀ ਛੱਤਾਂ ’ਤੇ ਉੱਚੀ ਆਵਾਜ਼ ਵਿੱਚ ਡੈੱਕ ਲਾ ਕੇ ਚਾਈਨਾ ਡੋਰ ਨਾਲ ਪਤੰਗ ਉਡਾਏ ਜਾਂਦੇ ਹਨ ਤੇ ਸ਼ਾਮ ਛੇ-ਸੱਤ ਵਜੇ ਤੱਕ ਇਹ ਚੱਲਦਾ ਰਹਿੰਦਾ ਹੈ। ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ ਸ਼ਹਿਰੀ ਇਲਾਕਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਘਰਾਂ ਦੀਆਂ ਛੱਤਾਂ ਉੱਤੇ ਹੁੱਲੜਬਾਜ਼ੀ ਕਰਦੇ ਅਤੇ ਇਸ ਖ਼ੂਨੀ ਡੋਰ ਨਾਲ ਪਤੰਗਬਾਜ਼ੀ ਕਰਦੇ ਵੇਖੇ ਜਾ ਸਕਦੇ ਹਨ, ਪਰ ਪ੍ਰਸ਼ਾਸਨ ਨੂੰ ਨਾ ਤਾਂ ਡੈੱਕਾਂ ਦੀਆਂ ਉੱਚੀਆਂ ਆਵਾਜ਼ਾਂ ਸੁਣਦੀਆਂ ਹਨ ਤੇ ਨਾ ਹੀ ਪਤੰਗ ਚੜ੍ਹਦੇ ਦਿਸਦੇ ਹਨ। ਕਿਸੇ ਵੱਲੋਂ ਵੀ ਪਤੰਗ ਉਡਾਉਣ ਵਾਲਿਆਂ ’ਤੇ ਨਾ ਤਾਂ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਨਾ ਹੀ ਕਿਸੇ ਨੂੰ ਕੋਈ ਹਦਾਇਤ ਜਾਰੀ ਕੀਤੀ ਜਾਂਦੀ ਹੈ।

Advertisement

ਜੇਕਰ ਮੁਹੱਲਿਆਂ, ਪਿੰਡਾਂ-ਸ਼ਹਿਰਾਂ ਦੇ ਸਬੰਧਿਤ ਥਾਣਿਆਂ ਵੱਲੋਂ ਵਾਰ-ਵਾਰ ਮੁਨਾਦੀ ਕਰਵਾ ਕੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਲੋਕਾਂ ਨੂੰ ਭਿਆਨਕ ਨਤੀਜੇ ਭੁਗਤਣ ਬਾਰੇ ਸੁਚੇਤ ਕੀਤਾ ਜਾਵੇ ਤਾਂ ਸ਼ਾਇਦ ਬਹੁਤੇ ਲੋਕ ਡਰ ਨਾਲ ਹੀ ਇਹ ਅਪਰਾਧ ਨਹੀਂ ਕਰਨਗੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੁਹੱਲਿਆਂ ਅਤੇ ਪਿੰਡਾਂ ਵਿੱਚ ਸਮੇਂ-ਸਮੇਂ ’ਤੇ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸਖ਼ਤ ਤਾੜਨਾ ਕੀਤੀ ਜਾਵੇ। ਇਸ ਸਬੰਧੀ ਹੁਕਮ ਜਾਰੀ ਕਰਕੇ ਮੁਹੱਲਿਆਂ ਅਤੇ ਪਿੰਡਾਂ ਦੇ ਮੁਖੀਆਂ ਨੂੰ ਆਪੋ-ਆਪਣੇ ਇਲਾਕੇ ਸੁਰੱਖਿਅਤ ਰੱਖਣ ਬਾਰੇ ਕਿਹਾ ਜਾ ਸਕਦਾ ਹੈ।

Advertisement

ਪਤੰਗਬਾਜ਼ੀ ਦੌਰਾਨ ਅਚਨਚੇਤ ਛਾਪੇਮਾਰੀ ਕੀਤੀ ਜਾਵੇ ਤਾਂ ਇਸ ਸਮੱਸਿਆ ਨੂੰ ਠੱਲ੍ਹ ਪੈ ਜਾਵੇਗੀ। ਜਦ ਕੋਈ ਖਰੀਦਦਾਰ ਹੀ ਨਹੀਂ ਰਹੇਗਾ ਤਾਂ ਦੁਕਾਨਦਾਰ ਵੇਚਣ ਲਈ ਡੋਰ ਵੀ ਨਹੀਂ ਲਿਆਉਣਗੇ। ਸਿਰਫ਼ ਦੁਕਾਨਾਂ ’ਤੇ ਛਾਪੇਮਾਰੀ ਨਾਲ ਇਸ ਸਮੱਸਿਆ ਨੂੰ ਨੱਥ ਨਹੀਂ ਪਾਈ ਜਾ ਸਕਦੀ। ਸਰਕਾਰ ਨੂੰ ਸਖ਼ਤ ਨੋਟਿਸ ਜਾਰੀ ਕਰ ਕੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਤੋਂ ਭਾਰੀ ਜੁਰਮਾਨਾ ਵਸੂਲਣ ਦਾ ਐਲਾਨ ਕਰਨਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਿਰਫ਼ ਤਿਉਹਾਰ ਵਾਲੇ ਦਿਨ ਨਿਸ਼ਚਿਤ ਸਥਾਨ ’ਤੇ ਹੀ ਪਤੰਗਬਾਜ਼ੀ ਕਰਨ ਦੀ ਇਜਾਜ਼ਤ ਦੇਵੇ ਤਾਂ ਜੋ ਅੱਗੋਂ-ਪਿੱਛੋਂ ਕੋਈ ਵੀ ਆਪਣੇ ਘਰ ਦੀ ਛੱਤ ’ਤੇ ਪਤੰਗਬਾਜ਼ੀ ਨਾ ਕਰੇ। ਸਿਰਫ਼ ਪ੍ਰਸ਼ਾਸਨ ਦੀ ਸਖ਼ਤੀ ਨਹੀਂ ਸਗੋਂ ਲੋਕਾਂ ਨੂੰ ਆਪ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਨਿਭਾਉਣੀ ਚਾਹੀਦੀ ਹੈ। ਚਾਈਨਾ ਡੋਰ ਕਿੰਨੀ ਘਾਤਕ ਹੈ, ਇਹ ਸਾਨੂੰ ਸਭ ਨੂੰ ਪਤਾ ਹੈ ਪਰ ਫਿਰ ਵੀ ਅਸੀਂ ਸਿਰਫ਼ ਮਨੋਰੰਜਨ ਲਈ ਇਸ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਾਂ। ਸਭ ਤੋਂ ਜ਼ਰੂਰੀ ਹੈ ਕਿ ਹਰ ਨਾਗਰਿਕ ਇਸ ਸਬੰਧੀ ਆਪਣੀ ਜ਼ਿੰਮੇਵਾਰੀ ਨਿਭਾਵੇ। ਪੰਜਾਬ ਵਿੱਚ ਇਸ ਖ਼ੂਨੀ ਚਾਈਨਾ ਡੋਰ ਨਾਲ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਸ ਲਈ ਪ੍ਰਸ਼ਾਸਨ ਨੂੰ ਡੋਰਾਂ ਵੇਚਣ ਵਾਲਿਆਂ ਤੇ ਪਤੰਗ ਉਡਾਉਣ ਵਾਲਿਆਂ ਦੋਵਾਂ ਦੀ ਜ਼ਿੰਮੇਵਾਰੀ ਤੈਅ ਕਰਨੀ ਪਵੇਗੀ। ਸਖ਼ਤ ਸਜ਼ਾਵਾਂ ਤੇ ਜੁਰਮਾਨੇ ਕਰਨੇ ਪੈਣਗੇ ਤਾਂ ਹੀ ਉਲੰਘਣਾ ਕਰਨ ਵਾਲਿਆਂ ਦੇ ਮਨ ’ਚ ਭੈਅ ਪੈਦਾ ਹੋਵੇਗਾ। ਨਹੀਂ ਤਾਂ ਹਰੇਕ ਸਾਲ ਬੇਕਸੂਰ ਲੋਕ, ਪਸ਼ੂ ਅਤੇ ਪੰਛੀ ਇਸ ਖ਼ੂਨੀ ਡੋਰ ਦੀ ਭੇਟ ਚੜ੍ਹਦੇ ਰਹਿਣਗੇ।

ਸੰਪਰਕ: 99889-01324

Advertisement
×