ਪ੍ਰੇਮ ਚੋਪੜਾ ਨੇ ਸਰਦਾਰ ਸਿੰਘ ਸੂਰੀ ਨੂੰ ਸ਼ਰਧਾਂਜਲੀ ਭੇਟ ਕੀਤੀ
ਸਰਦਾਰ ਸਿੰਘ ਸੂਰੀ ਦੀ 7ਵੀਂ ਬਰਸੀ ’ਤੇ ਅਦਾਕਾਰ ਪ੍ਰੇਮ ਚੋਪੜਾ ਨੇ ਸ਼ਰਧਾਂਜਲੀ ਭੇਟ ਕੀਤੀ। ਇਤਿਹਾਸਕ ਚਾਰ ਬੰਗਲਾ ਗੁਰਦੁਆਰੇ ਦੇ ਸੰਸਥਾਪਕ ਸਰਦਾਰ ਸਿੰਘ ਸੂਰੀ ਦੀ 7ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ। ਇਸ ਦੌਰਾਨ ਸ੍ਰੀ ਸੂਰੀ ਦੇ ਸਿਨੇਮਾ ਤੋਂ ਲੈ ਕੇ ਨਿਰਸਵਾਰਥ...
ਸਰਦਾਰ ਸਿੰਘ ਸੂਰੀ ਦੀ 7ਵੀਂ ਬਰਸੀ ’ਤੇ ਅਦਾਕਾਰ ਪ੍ਰੇਮ ਚੋਪੜਾ ਨੇ ਸ਼ਰਧਾਂਜਲੀ ਭੇਟ ਕੀਤੀ। ਇਤਿਹਾਸਕ ਚਾਰ ਬੰਗਲਾ ਗੁਰਦੁਆਰੇ ਦੇ ਸੰਸਥਾਪਕ ਸਰਦਾਰ ਸਿੰਘ ਸੂਰੀ ਦੀ 7ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ। ਇਸ ਦੌਰਾਨ ਸ੍ਰੀ ਸੂਰੀ ਦੇ ਸਿਨੇਮਾ ਤੋਂ ਲੈ ਕੇ ਨਿਰਸਵਾਰਥ ਸੇਵਾ ਤੱਕ ਦੇ ਸਫ਼ਰ ’ਤੇ ਚਾਨਣਾ ਪਾਇਆ ਗਿਆ। ਦਿਨ ਭਰ ਚੱਲੇ ਕੀਰਤਨ, ਅਰਦਾਸ ਅਤੇ ਲੰਗਰ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਹਾਜ਼ਰੀ ਭਰ ਕੇ ਸੂਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਅਦਾਕਾਰ ਪ੍ਰੇਮ ਚੋਪੜਾ ਨੇ ਕਿਹਾ ਕਿ ਸੂਰੀ ਨੇ ਫਿਲਮੀ ਸਫ਼ਰ ਦੇ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਦੀ ਕਾਫ਼ੀ ਮਦਦ ਕੀਤੀ ਸੀ। ਸੂਰੀ ਨੇ ਬਤੌਰ ਨਿਰਮਾਤਾ ਪੰਜਾਬੀ ਫਿਲਮ ‘ਐ ਧਰਤੀ ਪੰਜਾਬ ਦੀ’ ਬਣਾਈ ਸੀ। ਇਸ ਫਿਲਮ ਦਾ ਨਿਰਦੇਸ਼ਨ ਸਤਿਆਜੀਤ ਪਾਲ ਨੇ ਕੀਤਾ ਸੀ। ਇਸ ਵਿੱਚ ਪ੍ਰੇਮ ਚੋਪੜਾ, ਜਬੀਨ ਜਲਿਲ, ਨਿੰਮੀ ਅਤੇ ਮਦਨ ਪੁਰੀ ਨੇ ਅਦਾਕਾਰੀ ਕੀਤੀ ਸੀ। ਇਸ ਫਿਲਮ ਦੇ ਗੀਤ ਮੁਹੰਮਦ ਰਫੀ ਅਤੇ ਮਹਿੰਦਰ ਕਪੂਰ ਨੇ ਗਾਏ ਸਨ। ਇਸ ਫਿਲਮ ਲਈ ਰਫੀ, ਪ੍ਰੇਮ ਚੋਪੜਾ, ਜਬੀਨ ਜਲਿਲ ਅਤੇ ਨਿਰਮਾਤਾ ਸੂਰੀ ਨੂੰ ਐਵਾਰਡ ਵੀ ਮਿਲੇ ਸਨ। ਸੂਰੀ ਨੇ 13 ਅਪਰੈਲ 1967 ਨੂੰ ਛੋਟੀ ਇਮਾਰਤ ਵਿੱਚ ਇੱਥੇ ਗੁਰਦੁਆਰਾ ਬਣਾਇਆ ਸੀ, ਜੋ ਅੱਜ ਵੱਡੇ ਅਧਿਆਤਮਕ ਕੇਂਦਰ ਵਜੋਂ ਪਛਾਣ ਬਣਾ ਚੁੱਕਾ ਹੈ। ਉਨ੍ਹਾਂ 45 ਸਾਲਾਂ ਤੱਕ ਗੁਰਦੁਆਰੇ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਸਨ। ਸੂਰੀ ਦੇ ਪੁੱਤਰ ਜਸਪਾਲ ਸਿੰਘ ਅਤੇ ਪੋਤਰੇ ਮਨਿੰਦਰ ਸਿੰਘ ਸੂਰੀ ਦੀ ਅਗਵਾਈ ਵਿੱਚ ਕਰਵਾਏ ਸਮਾਗਮ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਵੇਰ ਤੋਂ ਸ਼ਾਮ ਤੱਕ ਲੰਗਰ ਚੱਲਦਾ ਰਿਹਾ। ਇਸ ਦੌਰਾਨ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਵੀ ਸਿਜਦਾ ਕੀਤਾ ਗਿਆ। ਸੂਰੀ ਨੇ ਗੁਰੂ ਤੇਗ ਬਹਾਦਰ ਸਕੂਲ ਵੀ ਸਥਾਪਤ ਕੀਤਾ ਸੀ, ਜਿੱਥੇ ਹਜ਼ਾਰਾਂ ਗ਼ਰੀਬ ਪਰਿਵਾਰਾਂ ਦੇ ਬੱਚੇ ਸਿੱਖਿਆ ਹਾਸਲ ਕਰ ਚੁੱਕੇ ਹਨ। ਸੂਰੀ ਦਾ ਜਨਮ ਰਾਵਲਪਿੰਡੀ ਵਿੱਚ ਹੋਇਆ ਸੀ। ਉਹ ਵੰਡ ਤੋਂ ਬਾਅਦ ਭਾਰਤ ਆ ਗਏ ਸਨ। ਉਨ੍ਹਾਂ ਸਾਲ 1963 ਵਿੱਚ ਮੁੰਬਈ ਵਿੱਚ ਟੈਕਸੀ ਡਰਾਈਵਰ ਵਜੋਂ ਕੰਮ ਸ਼ੁਰੂ ਕੀਤਾ ਸੀ।

