ਦਹਿਸ਼ਤਵਾਦੀਆਂ ਵੱਲੋਂ ਪੇਸ਼ ਗੰਭੀਰ ਚੁਣੌਤੀਆਂ ਦੇ ਬਾਵਜੂਦ ਪਾਕਿਸਤਾਨ ਵਿਚ ਸਿਆਸੀ ਖਿੱਚੋਤਾਣ ਵਧਦੀ ਜਾ ਰਹੀ ਹੈ। ਇਹ ਤਵੱਕੋ ਕੀਤੀ ਜਾਂਦੀ ਸੀ ਕਿ 30 ਜਨਵਰੀ ਦੇ ਪਿਸ਼ਾਵਰ ਬੰਬ ਧਮਾਕੇ ਦੇ ਮੱਦੇਨਜ਼ਰ ਸਿਆਸੀ ਧਿਰਾਂ ਇਕਮੁੱਠਤਾ ਦਿਖਾਉਣਗੀਆਂ, ਪਰ ਅਜਿਹਾ ਕੋਈ ਮੰਜ਼ਰ ਦੇਖਣ ਨੂੰ ਨਹੀਂ ਮਿਲ ਰਿਹਾ। ਉਲਟਾ ਦੂਸ਼ਣਬਾਜ਼ੀ ਜ਼ਿਆਦਾ ਜ਼ੋਰ ਫੜ ਗਈ ਹੈ। ਵਜ਼ੀਰੇ ਆਜ਼ਮ ਸ਼ਹਬਿਾਜ਼ ਸ਼ਰੀਫ਼ ਨੇ ਪਿਸ਼ਾਵਰ ਧਮਾਕੇ ਤੋਂ ਉਪਜੀ ਸਥਿਤੀ ‘ਤੇ ਵਿਚਾਰ ਕਰਨ ਅਤੇ ਦਹਿਸ਼ਤੀ ਧਿਰਾਂ ਖ਼ਿਲਾਫ਼ ਲੋਕ ਮੁਹਿੰਮ ਜਥੇਬੰਦ ਕਰਨ ਵਾਸਤੇ 7 ਫਰਵਰੀ ਨੂੰ ਇਸਲਾਮਾਬਾਦ ਵਿਚ ਸਰਬ ਪਾਰਟੀ ਮੀਟਿੰਗ ਬੁਲਾਈ ਹੈ, ਪਰ ਮੁੱਖ ਵਿਰੋਧੀ ਧਿਰ- ਤਹਿਰੀਕ-ਇ-ਇਨਸਾਫ਼ (ਪੀ.ਟੀ.ਆਈ) ਇਸ ਵਿਚ ਹਿੱਸਾ ਲੈਣ ਤੋਂ ਇਨਕਾਰੀ ਹੈ। ਇਸ ਪਾਰਟੀ ਦੇ ਨੇਤਾ ਤੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਹੁਕਮਰਾਨ ਪੀ.ਡੀ.ਐਮ (ਤਰੱਕੀਪਸੰਦ ਜਮਹੂਰੀ ਤਹਿਰੀਕ) ਉਪਰ ਦਹਿਸ਼ਤਵਾਦ ਦੇ ਨਾਂਅ ‘ਤੇ ਸਿਆਸੀ ਖੇਡਾਂ ਖੇਡਣ ਦੇ ਦੋਸ਼ ਲਾਏ ਹਨ। ਸ਼ਨਿੱਚਰਵਾਰ ਨੂੰ ਏਆਰਆਈ ਤੇ ਕੁਝ ਹੋਰ ਟੀਵੀ ਚੈਨਲਾਂ ਰਾਹੀਂ ਮੁਲਕ ਦੇ ਆਵਾਮ ਨੂੰ ਕੀਤੇ ਸੰਬੋਧਨ ਵਿਚ ਇਮਰਾਨ ਨੇ ਦਾਅਵਾ ਕੀਤਾ ਕਿ ਸ਼ਹਬਿਾਜ਼ ਸ਼ਰੀਫ਼ ਸਰਕਾਰ ਆਰਥਿਕ ਤੇ ਹੋਰਨਾਂ ਮੁਹਾਜ਼ਾਂ ਉੱਤੇ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਦਹਿਸ਼ਤੀ ਕਾਰੇ ਕਰਵਾ ਰਹੀ ਹੈ। ਉਨ੍ਹਾਂ ਨੇ ਕੁਝ ਅੰਕੜੇ ਪੇਸ਼ ਕਰਕੇ ਕਿਹਾ ਕਿ ਉਨ੍ਹਾਂ ਦੇ ਰਾਜ-ਕਾਲ ਦੌਰਾਨ ਦਹਿਸ਼ਤੀ ਧਿਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈਆਂ ਹੋਈਆਂ ਅਤੇ ਦਹਿਸ਼ਤਵਾਦੀ ਘਟਨਾਵਾਂ ਦੀ ਗਿਣਤੀ ਵਿਚ ਭਾਰੀ ਕਮੀ ਆਈ। ਹੁਣ ਸਰਕਾਰ ਨੇ ਦਹਿਸ਼ਤੀਆਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ ਅਤੇ ਨਾਲ ਹੀ ਪੀ.ਟੀ.ਆਈ. ਤੇ ਇਸ ਦੇ ਸਹਿਯੋਗੀਆਂ ਖ਼ਿਲਾਫ਼ ਵੀ ‘ਦਮਨ-ਚੱਕਰ’ ਚਲਾ ਰੱਖਿਆ ਹੈ। ਇਸ ‘ਦਮਨ-ਚੱਕਰ’ ਦੇ ਟਾਕਰੇ ਲਈ ਪੀ.ਟੀ.ਆਈ. ਵੱਲੋਂ ਜੇਲ੍ਹ ਭਰੋ ਤਹਿਰੀਕ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤਹਿਰੀਕ ਦਾ ਆਗਾਜ਼ ਬਹੁਤ ਛੇਤੀ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਪ੍ਰਸੰਗ ਵਿਚ ਸ਼ਾਹਬਾਜ਼ ਗਿੱਲ, ਸੈਨੇਟਰ ਆਜ਼ਮ ਸਵਾਤੀ, ਫ਼ਵਾਦ ਚੌਧਰੀ ਤੇ ਸਾਬਕਾ ਅੰਦਰੂਨੀ ਸੁਰੱਖਿਆ ਮੰਤਰੀ ਸ਼ੇਖ ਰਸ਼ੀਦ (ਅਹਿਮਦ) ਦੀਆਂ ਗ੍ਰਿਫ਼ਤਾਰੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਜੇਕਰ ਸਰਕਾਰ ਟਕਰਾਅ ਹੀ ਚਾਹੁੰਦੀ ਹੈ ਤਾਂ ”ਅਸੀਂ ਵੀ ਜੇਲ੍ਹਾਂ ਭਰਨ ਵਾਸਤੇ ਤਿਆਰ ਹਾਂ।”
ਇਮਰਾਨ ਦੀ ਇਸ ਤਕਰੀਰ ਦੇ ਜਵਾਬ ਵਿਚ ਵਜ਼ੀਰੇ ਆਜ਼ਮ ਸ਼ਹਬਿਾਜ਼ ਸ਼ਰੀਫ਼ ਦੀ ਪਾਰਟੀ ਪੀ.ਐਮ.ਐਲ.-ਐੱਨ. ਦੇ ਤਰਜਮਾਨਾਂ- ਮਰੀਅਮ ਔਰੰਗਜ਼ੇਬ ਤੇ ਸਮਾਜਿਕ ਸੁਰੱਖਿਆ ਮੰਤਰੀ ਫ਼ੈਸਲ ਕਰੀਮ ਕੁੰਦੀ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਸਾਬਕਾ ਵਜ਼ੀਰੇ ਆਜ਼ਮ ਉੱਤੇ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਦੇ ਇਲਜ਼ਾਮ ਲਾਏ। ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਇਮਰਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹੀ ਦਹਿਸ਼ਤੀਆਂ ਨੂੰ ਪਾਕਿਸਤਾਨ ਪਰਤਣ ਅਤੇ ਨਵੇਂ ਸਿਰਿਓਂ ਜਥੇਬੰਦ ਹੋਣ ਦਾ ਮੌਕਾ ਮਿਲ ਗਿਆ। ਉਨ੍ਹਾਂ ਇਹ ਦਲੀਲ ਵੀ ਦਿੱਤੀ ਕਿ ਪੀ.ਟੀ.ਆਈ. ਦੀ ਅਗਵਾਈ ਵਾਲੀ ਖ਼ੈਬਰ-ਪਖ਼ਤੂਨਖ਼ਵਾ ਸਰਕਾਰ ਨੇ ਦਹਿਸ਼ਤਵਾਦ ਖ਼ਿਲਾਫ਼ ਲੜਾਈ ਲਈ ਦਿੱਤੀ ਅੱਠ ਅਰਬ ਰੁਪਏ ਦੀ ਕੇਂਦਰੀ ਗਰਾਂਟ ਖੁਰਦ-ਬੁਰਦ ਕਰ ਦਿੱਤੀ। ਇਸੇ ਕਾਰਨ ਉਸ ਸੂਬੇ ਦੀ ਪੁਲੀਸ ਅਤਿਆਧੁਨਿਕ ਹਥਿਆਰਾਂ ਤੇ ਸੰਚਾਰ ਸਾਧਨਾਂ ਤੋਂ ਮਹਿਰੂਮ ਹੈ। ਲਿਹਜ਼ਾ, ਦਹਿਸ਼ਤ-ਵਿਰੋਧੀ ਕਾਰਵਾਈਆਂ ਵਿਚ ਸੁਰੱਖਿਆ ਮੁਲਾਜ਼ਮ ਵੱਧ ਮਰਦੇ ਹਨ ਅਤੇ ਦਹਿਸ਼ਤੀ ਘੱਟ। ਇਮਰਾਨ ਦੇ ਜੇਲ੍ਹ ਭਰੋ ਤਹਿਰੀਕ ਸਬੰਧੀ ਬਿਆਨ ਦਾ ਜਵਾਬ ਦਿੰਦਿਆਂ ਫ਼ੈਸਲ ਕੁੰਦੀ ਨੇ ਕਿਹਾ, ”ਇਮਰਾਨ ਖ਼ਾਨ ਨੇ ਪਹਿਲਾਂ ਸਤੰਬਰ-ਅਕਤੂਬਰ ਵਿਚ ਅਜਿਹੀ ਤਹਿਰੀਕ ਸ਼ੁਰੂ ਕੀਤੀ ਸੀ ਜੋ ਕਿ ਨਾਕਾਰਗਰ ਸਾਬਤ ਹੋਈ। ਅਸਲੀਅਤ ਇਹ ਹੈ ਕਿ ਇਮਰਾਨ ਖ਼ੁਦ ਜੇਲ੍ਹ ਜਾਣ ਤੋਂ ਡਰਦਾ ਹੈ। ਜੇ ਅਜਿਹਾ ਨਾ ਹੁੰਦਾ ਤਾਂ ਉਹ ਵੱਖ-ਵੱਖ ਕੇਸਾਂ ਵਿਚ ਆਪਣੀ ਜ਼ਮਾਨਤ ਨਾ ਕਰਵਾਉਂਦਾ।”
ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੇ ਅਦਾਰੀਏ ਅਨੁਸਾਰ ”ਜਿਸ ਕਿਸਮ ਦਾ ਸਿਆਸੀ ਆਲਮ ਇਸ ਵੇਲੇ ਚੱਲ ਰਿਹਾ ਹੈ, ਉਸ ਦੇ ਪੇਸ਼ੇ-ਨਜ਼ਰ ਇਸ ਨਤੀਜੇ ਉੱਤੇ ਸਹਿਜੇ ਹੀ ਪਹੁੰਚਿਆ ਜਾ ਸਕਦਾ ਹੈ ਕਿ 7 ਫਰਵਰੀ ਦੀ ਸਰਬ-ਪਾਰਟੀ ਮੀਟਿੰਗ ਕੋਈ ਸਾਰਥਿਕ ਸੁਨੇਹਾ ਦੇਣ ਵਿਚ ਕਾਮਯਾਬ ਨਹੀਂ ਹੋਵੇਗੀ। ਇਹ ਪਾਕਿਸਤਾਨ ਦੀ ਬਦਕਿਸਮਤੀ ਹੈ ਕਿ ਉਸ ਦੇ ਸਿਆਸੀ ਨੇਤਾ, ਕੌਮਪ੍ਰਸਤੀ ਦੀ ਥਾਂ ਖ਼ੁਦਪ੍ਰਸਤੀ ਨੂੰ ਹੀ ਆਪਣਾ ਪਰਮ-ਧਰਮ ਸਮਝਦੇ ਹਨ। ਅਜਿਹੀ ਸੂਰਤੇਹਾਲ ਵਿਚ ਜੇਕਰ ਆਮ ਲੋਕਾਂ ਨੂੰ ਸਿਆਸਤਦਾਨਾਂ ਦੀ ਥਾਂ ਫ਼ੌਜੀ ਹਾਕਮ ਹੀ ਬਿਹਤਰ ਜਾਪਦੇ ਹਨ ਤਾਂ ਇਸ ਵਿਚ ਕਸੂਰ ਲੋਕਾਂ ਦਾ ਨਹੀਂ, ਸਿਆਸਤਦਾਨਾਂ ਦਾ ਹੈ।”
ਵਿਕੀਪੀਡੀਆ ਉੱਪਰ ਪਾਬੰਦੀ
ਪਾਕਿਸਤਾਨ ਟੈਲੀਕਾਮ ਅਥਾਰਟੀ (ਪੀ.ਟੀ.ਏ.) ਨੇ ਆਨਲਾਈਨ ਗਿਆਨਕੋਸ਼ ਵਿਕੀਪੀਡੀਆ ਉੱਪਰ ਪਾਬੰਦੀ ਲਾ ਦਿੱਤੀ ਹੈ ਅਤੇ ਦੂਰਸੰਚਾਰ ਕੰਪਨੀਆਂ ਨੂੰ ਇਹ ਬਲਾਕ ਕਰਨ ਦਾ ਹੁਕਮ ਦਿੱਤਾ ਹੈ। ਇਹ ਪਾਬੰਦੀ ਦੋ ਮਹੀਨਿਆਂ ਲਈ ਹੈ, ਪਰ ਜੇਕਰ ਵਿਕੀਪੀਡੀਆ, ਪੀ.ਟੀ.ਏ. ਦੇ ਹੁਕਮਾਂ ਦੀ ਤਾਮੀਲ ਕਰ ਦਿੰਦਾ ਹੈ ਤਾਂ ਪਾਬੰਦੀ ਪਹਿਲਾਂ ਵੀ ਹਟਾਈ ਜਾ ਸਕਦੀ ਹੈ। ਪੀ.ਟੀ.ਏ. ਮੁਤਾਬਿਕ ਵਿਕੀਪੀਡੀਆ ਉੱਪਰ ਇਸਲਾਮ-ਵਿਰੋਧੀ ‘ਕੁਫ਼ਰ’ ਤੇ ਹੋਰ ਇਤਰਾਜ਼ਯੋਗ ਸਮੱਗਰੀ ਮੌਜੂਦ ਹੈ। ਇਸ ਪਲੈਟਫਾਰਮ ਨੂੰ ਇਹ ਸਾਰੀ ਸਮੱਗਰੀ 48 ਘੰਟਿਆਂ ਦੇ ਅੰਦਰ ਹਟਾਉਣ ਵਾਸਤੇ ਕਿਹਾ ਗਿਆ ਸੀ, ਪਰ ਇਸ ਨੇ ਇਸ ਨੋਟਿਸ ਦਾ ਜਵਾਬ ਦੇਣਾ ਵੀ ਮੁਨਾਸਬਿ ਨਹੀਂ ਸਮਝਿਆ। ਦੂਜੇ ਪਾਸੇ ਵਿਕੀਪੀਡੀਆ ਚਲਾਉਣ ਵਾਲੀ ਸੰਸਥਾ ਵਿਕੀਪੀਡੀਆ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ”ਸੰਸਥਾ, ਗਿਆਨ ਸਮੱਗਰੀ ਬਾਰੇ ਫ਼ੈਸਲਾ ਆਪ ਨਹੀਂ ਲੈਂਦੀ। ਇਹ ਪਲੈਟਫਾਰਮ ਸਭਨਾਂ ਗਿਆਨਸਾਧਕਾਂ ਲਈ ਖੁੱਲ੍ਹਾ ਹੈ ਅਤੇ ਇਸ ਉਪਰ ਆਨਲਾਈਨ ਦਰੁਸਤੀਆਂ ਤੇ ਸੰਪਾਦਨ ਦੀ ਵਿਵਸਥਾ ਮੌਜੂਦ ਹੈ। ਹਰ ਕੋਈ ਇਸ ਉਪਰ ਆਪਣਾ ਪੱਖ ਰੱਖ ਸਕਦਾ ਹੈ। ਲਿਹਾਜ਼ਾ, ਸੰਸਥਾ ਆਪਣੇ ਵੱਲੋਂ ਕੋਈ ਸਮੱਗਰੀ ਨਹੀਂ ਹਟਾਏਗੀ। ਪੀ.ਟੀ.ਏ. ਦਾ ਫ਼ੈਸਲਾ ਦੁਨੀਆਂ ਦੇ ਸਭ ਤੋਂ ਵੱਧ ਵਸੋਂ ਵਾਲੇ ਪੰਜਵੇਂ ਮੁਲਕ ਨੂੰ ਗਿਆਨ ਦੇ ਇਕ ਮੁਫ਼ਤ ਸੋਮੇ ਤੋਂ ਦੂਰ ਕਰਨ ਵਾਲਾ ਹੈ। ਅਸੀਂ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ।”
ਇਸ ਮਾਮਲੇ ‘ਤੇ ਸੰਪਾਦਕੀ ਟਿੱਪਣੀ ਕਰਦਿਆਂ ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈੱਸ ਟ੍ਰਿਬਿਊਨ’ ਲਿਖਦਾ ਹੈ ਕਿ ਪੀ.ਟੀ.ਏ. ਦਾ ਫ਼ੈਸਲਾ ਦੂਰਦਰਸ਼ਤਾ ਦੀ ਘਾਟ ਦੀ ਮਿਸਾਲ ਹੈ। ਇਹ ਦਰਸਾਉਂਦਾ ਹੈ ਕਿ ਪਾਕਿਸਤਾਨੀ ਅਧਿਕਾਰੀ ”ਆਪਣੇ ਪੈਰੀਂ ਆਪ ਕੁਹਾੜਾ ਮਾਰਨ ‘ਤੇ ਤੁਲੇ ਹੋਏ ਹਨ।”
ਇਮਰਾਨ ਰਿਆਜ਼ ਦੀ ਰਿਹਾਈ
ਲਾਹੌਰ ਦੀ ਇਕ ਅਦਾਲਤ ਨੇ ਸ਼ਨਿੱਚਰਵਾਰ ਨੂੰ ਉੱਘੇ ਟੀਵੀ ਐਂਕਰ ਇਮਰਾਨ ਰਿਆਜ਼ ਖ਼ਾਨ ਨੂੰ ਐਫ.ਆਈ.ਏ. ਦੀ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਅਤੇ ਕਿਹਾ ਕਿ ਰਿਆਜ਼ ਨੂੰ ਇਸ ਕੇਸ ਵਿਚੋਂ ਡਿਸਚਾਰਜ ਕੀਤੇ ਜਾਣਾ ਬਣਦਾ ਹੈ। ਰਿਆਜ਼ ਬੋਲ ਨਿਊਜ਼ ਦਾ ਐਂਕਰ ਹੈ ਅਤੇ ਕੁਝ ਹੋਰ ਚੈਨਲਾਂ ਲਈ ਵੀ ਕੰਮ ਕਰਦਾ ਹੈ। ਉਸ ਨੂੰ ਵੀਰਵਾਰ ਨੂੰ ਲਾਹੌਰ ਹਵਾਈ ਅੱਡੇ ‘ਤੇ ਰੋਕ ਕੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਭਾਰਤੀ ਸੀਬੀਆਈ ਦਾ ਪਾਕਿਸਤਾਨੀ ਬਦਲ) ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਸ ਨੂੰ ਦੱਸਿਆ ਗਿਆ ਕਿ ਉਸ ਖ਼ਿਲਾਫ਼ ਨਫ਼ਰਤੀ ਭਾਸ਼ਨ ਦੇਣ ਅਤੇ ਸਰਕਾਰ ਖ਼ਿਲਾਫ਼ ਹਿੰਸਾ ਭੜਕਾਉਣ ਵਾਲੀ ਸਮੱਗਰੀ ਤੇ ਵਿਚਾਰਾਂ ਦੇ ਪ੍ਰਸਾਰਨ ਦੇ ਦੋਸ਼ਾਂ ਹੇਠ ਗ਼ੈਰਜ਼ਮਾਨਤੀ ਮੁਕੱਦਮਾ ਦਰਜ ਹੈ। ਗ੍ਰਿਫ਼ਤਾਰੀ ਸਮੇਂ ਉਹ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਜਾ ਰਿਹਾ ਸੀ। ਐਫ.ਆਈ.ਏ. ਨੇ ਉਸ ਨੂੰ 36 ਘੰਟੇ ਅਦਾਲਤ ਵਿਚ ਪੇਸ਼ ਨਹੀਂ ਕੀਤਾ। ਜਦੋਂ ਸ਼ਨਿੱਚਰਵਾਰ ਨੂੰ ਜੁਡੀਸ਼ਲ ਮੈਜਿਸਟਰੇਟ ਗ਼ੁਲਾਮ ਮੁਰਤਜ਼ਾ ਵਿਰਕ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਫ਼ਾਜ਼ਿਲ ਮੈਜਿਸਟਰੇਟ ਨੇ ਐਫ.ਆਈ.ਏ. ਵੱਲੋਂ ਪੇਸ਼ ਦਸਤਾਵੇਜ਼ਾਂ ਨੂੰ ਅਧੂਰਾ ਦੱਸਿਆ ਅਤੇ ਕਿਹਾ ਕਿ ਸਰਸਰੀ ਨਜ਼ਰੇ ਇਹ ਮਾਮਲਾ ਅਜਿਹਾ ਨਹੀਂ ਕਿ ਇਮਰਾਨ ਰਿਆਜ਼ ਨੂੰ ਹਿਰਾਸਤ ਵਿਚ ਰੱਖਿਆ ਜਾਵੇ। ਇਹ ਦੂਜੀ ਵਾਰ ਹੈ ਜਦੋਂ ਰਿਆਜ਼ ਦੀ ਇਸ ਢੰਗ ਨਾਲ ਰਿਹਾਈ ਹੋਈ। ਅਖ਼ਬਾਰ ‘ਡੇਲੀ ਟਾਈਮਜ਼’ ਅਨੁਸਾਰ ਰਿਆਜ਼ ਨੂੰ ਜੁਲਾਈ 2022 ਵਿਚ ਇਸਲਾਮਾਬਾਦ ਦੇ ਬਾਹਰਵਾਰੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ, ਪਰ ਅਗਲੇ ਦਿਨ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ ਸੀ।
ਅਦਾਕਾਰਾ ਮੀਰਾ ਦਾ ਨਵਾਂ ਰੂਪ
ਵਿਵਾਦਾਂ ਲਈ ਜਾਣੀ ਜਾਂਦੀ ਪਾਕਿਸਤਾਨੀ ਫਿਲਮ ਅਦਾਕਾਰਾ ਮੀਰਾ ਨੇ ਕਿਹਾ ਹੈ ਕਿ ਕਿਸੇ ਵੀ ਫਿਲਮੀ ਹਸਤੀ ਨਾਲ ਉਸ ਦੀ ਕੋਈ ਜ਼ਾਤੀ ਰੰਜ਼ਿਸ਼ ਨਹੀਂ। ਉਹ ਮਾਹਿਰਾ ਖ਼ਾਨ ਜਾਂ ਰੀਮਾ ਖ਼ਾਨ ਨੂੰ ਵੀ ਆਪਣੀਆਂ ਸਹੇਲੀਆਂ ਸਮਝਦੀ ਹੈ, ਵਿਰੋਧੀ ਨਹੀਂ। ਪੀਟੀਵੀ ਤੇ ਕੁਝ ਹੋਰ ਚੈਨਲਾਂ ‘ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮ ‘ਸੁਪਰ ਓਵਰ ਸ਼ੋਅ’ ਵਿਚ ਹਾਜ਼ਰੀ ਭਰਦਿਆਂ ਮੀਰਾ ਨੇ ਕਿਹਾ ਕਿ ਸਬਾ ਕਮਰ, ਮਾਹਿਰਾ ਖ਼ਾਨ ਜਾਂ ਰੀਮਾ ਨਾਲ ਸਬੰਧਤ ਜਿਹੜੇ ਵੀ ਵਿਵਾਦ ਮੀਡੀਆ ਵਿਚ ਸਾਹਮਣੇ ਆਏ, ਉਹ ਸਿਰਫ਼ ”ਲੋਕਾਂ ਦਾ ਹਾਜ਼ਮਾ ਦਰੁਸਤ ਕਰਨ ਵਾਸਤੇ ਸਨ, ਕਿਸੇ ਜ਼ਾਤੀ ਰੰਜ਼ਿਸ਼ ਦਾ ਨਤੀਜਾ ਨਹੀਂ ਸਨ।” ਉਸ ਨੇ ਇਹ ਵੀ ਕਿਹਾ ਕਿ ਉਹ ਸਭਨਾਂ ਨਾਲ ਦੋਸਤਾਨਾ ਸਬੰਧ ਬਣਾਈ ਰੱਖਣ ਦੇ ਹੱਕ ਵਿਚ ਹੈ ਪਰ ਚੰਗਾ ਰੋਲ ਲੈਣ ਲਈ ਹਰ ਹੀਲਾ ਵਰਤਣਾ ਉਸ ਦੀ ਪੇਸ਼ੇਵਾਰਾਨਾ ਜ਼ਿੰਮੇਵਾਰੀ ਹੈ। ਜ਼ਿਕਰਯੋਗ ਹੈ ਕਿ ਮੀਰਾ ਨੇ 2015 ਵਿਚ ਮਾਹਿਰਾ ਉਪਰ ਦੋਸ਼ ਲਾਇਆ ਸੀ ਕਿ ਮਾਹਿਰਾ ਨੇ ਮੋਮਿਨਾ ਦੁਰੈਦ ਦਾ ਫਿਲਮ ਪ੍ਰਾਜੈਕਟ ਗ਼ਲਤ ਹਥਕੰਡੇ ਵਰਤ ਕੇ ਉਸ (ਮੀਰਾ) ਪਾਸੋਂ ਹਥਿਆਇਆ। ਇੰਜ ਹੀ 2019 ਵਿਚ ਉਸ ਨੇ ਦੋਸ਼ ਲਾਇਆ ਸੀ ਕਿ ‘ਲਵ ਮੇਂ ਗੁਮ’ ਫਿਲਮ ਦੀ ਸ਼ੂਟਿੰਗ ਦੌਰਾਨ ਰੀਮਾ ਨੇ ਉਸ ਦੀ ਵੱਖੀ ਵਿਚ ਜਾਣ-ਬੁੱਝ ਕੇ ਏਨੇ ਜ਼ੋਰ ਨਾਲ ਕੂਹਣੀ ਮਾਰੀ ਕਿ ਉਹ ਕਈ ਦਿਨ ਕੰਮ ਨਾ ਕਰ ਸਕੀ। ਇਨ੍ਹਾਂ ਮਾਮਲਿਆਂ ਬਾਰੇ ਯਾਦ ਕਰਾਏ ਜਾਣ ‘ਤੇ ਮੀਰਾ ਨੇ ਕਿਹਾ ਕਿ ਜਨਤਾ ਦੇ ਚੇਤੇ ਵਿਚ ਬਣੇ ਰਹਿਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ, ”ਪਰ ਯਕੀਨ ਜਾਣੋ ਮੈਂ ਦਿਲੋਂ ਸਭਨਾਂ ਦੀ ਦੋਸਤ ਹਾਂ।” ਜ਼ਿਕਰਯੋਗ ਹੈ ਕਿ ਮੀਰਾ, ਭਾਰਤੀ ਫਿਲਮਸਾਜ਼ ਮਹੇਸ਼ ਭੱਟ ਦੀਆਂ ਦੋ ਭਾਰਤੀ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ, ਪਰ ਹੁਣ ਉਹ ਭੱਟ ਨੂੰ ‘ਸਿਖ਼ਰ ਦਾ ਸ਼ੋਸ਼ਣਕਾਰ’ ਦੱਸਦੀ ਹੈ।
– ਪੰਜਾਬੀ ਟ੍ਰਿਬਿਊਨ ਫੀਚਰ