ਉਰਦੂ ਅਦਬ ਦਾ ਅਨਮੋਲ ਰਤਨ

ਉਰਦੂ ਅਦਬ ਦਾ ਅਨਮੋਲ ਰਤਨ

‘ਕਈ ਚਾਂਦ ਔਰ ਥੇ ਸਰ੍ਹੇ ਅਸਮਾਂ’ ਵਰਗੇ ਅਮਰ ਨਾਵਲ ਦਾ ਰਚਨਾਕਾਰ ਤੇ ਉਰਦੂ ਆਲੋਚਨਾ ਨੂੰ ਨਵਾਂ ਮੁਹਾਂਦਰਾ ਦੇਣ ਵਾਲਾ ਫ਼ਾਰੂਕੀ ਇਸ ਕਦਰ ਯਾਰਾਂ ਦਾ ਯਾਰ ਸੀ ਕਿ ਉਸ ਦੀ ਸੰਗਤ ਤੋਂ ਪਤਾ ਲੱਗਦਾ ਸੀ ਕਿ ਸਲੀਕਾ ਕੀ ਹੁੰਦਾ ਹੈ। ਉਹ ਖ਼ੁਦ ਕਹਿੰਦਾ ਸੀ, ‘‘ਮੈਂ ਅਲਾਹਾਬਾਦ ਦਾ ਹਾਂ, ਅਲਾਹਾਬਾਦ ਜੋ ਤ੍ਰਿਵੈਣੀ ਹੈ ਸੰਗਮ ਦੀ- ਇਸ ਲਈ ਮੈਂ ਮਿਠਾਸ ਨਾਲ ਭਰਿਆ ਹੋਇਆ ਹਾਂ। ਸਾਡੀ ਧਰਤੀ ਹੀ ਮਿਠਾਸ ਦੀ ਧਰਤੀ ਹੈ।’’ ਜਿਹੜੇ ਲੋਕ ਉਸ ਨੂੰ ਮਿਲੇ, ਉਨ੍ਹਾਂ ਨੂੰ ਪਤਾ ਹੈ ਕਿ ਉਸ ਨੂੰ ਉਰਦੂ ਅਦਬ ਤੇ ਅੰਗਰੇਜ਼ੀ ਭਾਸ਼ਾ ਦੇ ਨਾਲ ਫ਼ਾਰਸੀ ਦਾ ਸ਼ਬਦਕੋਸ਼ ਵੀ ਕਿਹਾ ਜਾਂਦਾ ਸੀ।

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

ਉਰਦੂ ਅਦਬ ਦਾ ਇਕ ਸਫ਼ਾ ਕੁਝ ਮਹੀਨੇ ਪਹਿਲਾਂ ਇਤਿਹਾਸ ਹੋ ਗਿਆ। ਉਰਦੂ ਜ਼ੁਬਾਨ ਦੀ ਮਖ਼ਮਲੀ ਪੇਸ਼ਕਾਰੀ ਵਾਲਾ ਬੁਲੰਦ ਅਦਬੀ ਸ਼ਖ਼ਸ ਸ਼ਮਸੁਰ-ਰਹਿਮਾਨ ਫ਼ਾਰੂਕੀ ਅਚਾਨਕ ਫੌ਼ਤ ਹੋ ਗਿਆ ਸੀ। ਅੱਜ ਵੀ ਲੱਗਦਾ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ।

ਉਹ ਗੰਗਾ-ਜਮੁਨੀ ਅਦਬ ਤੇ ਤਹਿਜ਼ੀਬ ਦਾ ਅਲੰਬਰਦਾਰ ਸੀ। ਉਸ ਨੇ ਉਰਦੂ ਜ਼ੁਬਾਨ ’ਚ ਐਨਾ ਖ਼ੂਬਸੂਰਤ ਲਿਖਿਆ ਕਿ ਉਸ ਨੂੰ ਜ਼ੁਬਾਨ-ਏ-ਹਿੰਦ ਵੀ ਕਿਹਾ ਗਿਆ। ਉਹ ਸਾਡੇ ਦੌਰ ਦਾ ਵੱਡਾ ਅਫ਼ਸਾਨਾਨਿਗਾਰ, ਨਾਵਲਕਾਰ ਤੇ ਸਮਾਲੋਚਕ ਸੀ। ਉਰਦੂ ਦਾ ਸਮੁੰਦਰ।

‘ਕਈ ਚਾਂਦ ਔਰ ਥੇ ਸਰ੍ਹੇ ਅਸਮਾਂ’ ਵਰਗੇ ਅਮਰ ਨਾਵਲ ਦਾ ਰਚਨਾਕਾਰ ਤੇ ਉਰਦੂ ਆਲੋਚਨਾ ਨੂੰ ਨਵਾਂ ਮੁਹਾਂਦਰਾ ਦੇਣ ਵਾਲਾ ਫ਼ਾਰੂਕੀ ਇਸ ਕਦਰ ਯਾਰਾਂ ਦਾ ਯਾਰ ਸੀ ਕਿ ਉਸ ਦੀ ਸੰਗਤ ਤੋਂ ਪਤਾ ਲੱਗਦਾ ਸੀ ਕਿ ਸਲੀਕਾ ਕੀ ਹੁੰਦਾ ਹੈ। ਉਹ ਖ਼ੁਦ ਕਹਿੰਦਾ ਸੀ, ‘‘ਮੈਂ ਅਲਾਹਾਬਾਦ ਦਾ ਹਾਂ, ਅਲਾਹਾਬਾਦ ਜੋ ਤ੍ਰਿਵੈਣੀ ਹੈ ਸੰਗਮ ਦੀ- ਇਸ ਲਈ ਮੈਂ ਮਿਠਾਸ ਨਾਲ ਭਰਿਆ ਹੋਇਆ ਹਾਂ। ਸਾਡੀ ਧਰਤੀ ਹੀ ਮਿਠਾਸ ਦੀ ਧਰਤੀ ਹੈ।’’ ਜਿਹੜੇ ਲੋਕ ਉਸ ਨੂੰ ਮਿਲੇ, ਉਨ੍ਹਾਂ ਨੂੰ ਪਤਾ ਹੈ ਕਿ ਉਸ ਨੂੰ ਉਰਦੂ ਅਦਬ ਤੇ ਅੰਗਰੇਜ਼ੀ ਭਾਸ਼ਾ ਦੇ ਨਾਲ ਫ਼ਾਰਸੀ ਦਾ ਸ਼ਬਦਕੋਸ਼ ਵੀ ਕਿਹਾ ਜਾਂਦਾ ਸੀ।

ਅਸਲ ਵਿਚ ਉਰਦੂ ਜੋ ਨਫ਼ਾਸਤ ਤੇ ਤਹਿਜ਼ੀਬ ਦਾ ਜ਼ਰੀਆ ਬਣੀ, ਉਸ ਵਿਚ ਉਨ੍ਹਾਂ ਅਦੀਬਾਂ ਦਾ ਬਹੁਤ ਵੱਡਾ ਹੱਥ ਹੈ ਜੋ ਦੱਖਣੀ ਭਾਰਤ ਤੇ ਮੱਧ ਭਾਰਤ ’ਚੋਂ ਆੲੇ। ਫ਼ਾਰੂਕੀ ਹੋਰਾਂ ਨੇ ਕਿਹਾ ਸੀ: ‘‘ਹਿੰਦੋਸਤਾਨ ਮਜ਼ਹਬ ਦੀ ਨਹੀਂ, ਸੁਹਿਰਦਤਾ ਤੇ ਮੁਹੱਬਤਾਂ ਦੀ ਧਰਤੀ ਹੈ। ਇਸ ਜ਼ਮੀਨ ’ਤੇ ਪੀਰ-ਫ਼ਕੀਰ, ਵਲੀ-ਔਲੀਆ ਸਭ ਇਸ ਨੂੰ ਦਿਲ ਤੋਂ ਮੁਹੱਬਤ ਕਰਨ ਵਾਲੇ ਹੋਏ ਹਨ ਤੇ ਉਰਦੂ ਉਨ੍ਹਾਂ ਦੀ ਜ਼ੁਬਾਨ ਹੈ ਜੋ ਮੁਹੱਬਤ ਤੇ ਖਲੂਸ ਦੀ ਚਾਸ਼ਨੀ ’ਚ ਡੁੱਬੀ ਹੋਈ ਹੈ।’’

15 ਜਨਵਰੀ 1935 ਨੂੰ ਪੈਦਾ ਹੋਏ ਫ਼ਾਰੂਕੀ ਦੇ ਪਿਤਾ ਕੱਟੜਪੰਥੀ ਮੁਸਲਿਮ ਸਨ ਜਦੋਂਕਿ ਮਾਂ ਬੇਹੱਦ ਖਲੂਸ ਤੇ ਖੁੱਲ੍ਹੇ ਵਿਚਾਰਾਂ ਵਾਲੀ ਔਰਤ ਸੀ। ਮਾਂ ਦੇ ਅਸਰ ਨਾਲ ਹੀ ਉਹ ਖੁੱਲ੍ਹੇ ਵਿਚਾਰਾਂ ਦੇ ਧਾਰਨੀ ਬਣੇ। ਕਈ ਨੌਕਰੀਆਂ ਕੀਤੀਆਂ। ਪ੍ਰਸ਼ਾਸਨਿਕ ਸੇਵਾ ਵਿਚ ਵੀ ਰਹੇ ਅਤੇ ਬਾਅਦ ਵਿਚ ‘ਸਬਖੂੰ’ ਨਾਮਕ ਬੇਹੱਦ ਚਰਚਿਤ ਉਰਦੂ ਰਸਾਲੇ ਵਿਚ ਲਗਾਤਾਰ ਛਪਦੇ ਰਹੇ।

‘ਗ਼ਾਲਿਬ ਅਫ਼ਸਾਨੇ ਕੀ ਹਿਮਾਇਤ ਮੇਂ’ ਤੇ ‘ਉਰਦੂ ਕਾ ਇਬਿਤਦਾਈ ਜ਼ਮਾਨਾ’ ਵਰਗੀਆਂ ਲਾਜਵਾਬ ਪੁਸਤਕਾਂ ਉਸ ਨੇ ਉਰਦੂ ਅਦਬ ਨੂੰ ਦਿੱਤੀਆਂ। ਆਪਣੀ 40 ਵਰ੍ਹਿਆਂ ਦੀ ਮਿਹਨਤ ਤੋਂ ਬਾਅਦ ਲਿਖੇ ਨਾਵਲ ‘ਕਈ ਚਾਂਦ ਔਰ ਥੇ ਸਰ੍ਹੇ ਆਸਮਾਂ’ ਨਾਲ ਮਿਲੀ ਪ੍ਰਸਿੱਧੀ ਸਦਕਾ ਫ਼ਾਰੂਕੀ ਨੂੰ ਉਰਦੂ ਦਾ ਅਦਬੀ ਰੁਸਤਮ ਗਰਦਾਨਿਆ ਗਿਆ।

ਅਸਲ ਵਿਚ ਨਾਵਲ ‘ਕਈ ਚਾਂਦ ਔਰ ਥੇ ਸਰ੍ਹੇ ਆਸਮਾਂ’ ਨੂੰ ਪੜ੍ਹਦਿਆਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਹਿੰਦੋਸਤਾਨੀ ਲੋਕਾਂ ਦੀ ਵਿਰਾਸਤ, ਸਭਿਆਚਾਰ ਤੇ ਤਹਿਜ਼ੀਬ ਦੇ ਜ਼ਮੀਨੀ ਇੰਦਰਧਨੁਸ਼ੀ ਕੋਲਾਜ ਨੂੰ ਵੇਖ ਰਹੇ ਹੋ। ਮੁਹੱਬਤ ਦੀ ਧੁਰ ਅਗਲੀ ਕੜੀ ਦੇ ਪ੍ਰਛਾਵਿਆਂ ਵਿਚ ਢਲਿਆ ਇਹ ਨਾਵਲ ਅੱਜ ਵੀ ਉਰਦੂ ਹੀ ਨਹੀਂ, ਹਿੰਦੋਸਤਾਨੀ ਅਦਬ ਦੀ ਅਜਿਹੀ ਪਹਿਚਾਣ ਹੈ ਜੋ ਇਹ ਦੱਸਦੀ ਹੈ ਕਿ ਵਰ੍ਹਿਆਂ ਦੀ ਤਹਿਜ਼ੀਬ ਅਤੇ ਮੁਹੱਬਤ ਦੀ ਆਵਾਜ਼ ਕੀ ਹੁੰਦੀ ਹੈ। ਮੈਂ ਉਨ੍ਹਾਂ ਨਾਲ ਇਕ ਮੁਲਾਕਾਤ ਦੂਰਦਰਸ਼ਨ ਲਈ ਰਿਕਾਰਡ ਕੀਤੀ ਸੀ। ਉਸ ਮੁਲਾਕਾਤ ਵਿਚ ਉਹ ਕਹਿੰਦੇ ਹਨ: ‘‘ਤੁਸੀਂ ਇਹ ਜਾਣਨ ਵਿਚ ਸਾਰੀ ਉਮਰ ਗੁਜ਼ਾਰ ਦਿੰਦੇ ਹੋ ਕਿ ਤੁਸੀਂ ਖ਼ੁਦ ਦੀ ਪਹਿਚਾਣ ਦੇ ਕਿਹੜੇ ਕਿਰਦਾਰ ਹੋ। ਤੁਸੀਂ ਜ਼ਮੀਨ ਦਾ ਕਿਰਦਾਰ ਤਾਂ ਵੇਖਿਆ ਹੈ। ਸ਼ੋਰ/ਸੰਗੀਤ ਵੀ ਸੁਣਿਆ ਹੈ, ਪਰ ਚੁੱਪ ਦੀ ਆਵਾਜ਼ ਦਾ ਸੰਗੀਤ ਨਹੀਂ ਸੁਣਿਆ ਹੈ।’’ ਉਨ੍ਹਾਂ ਨੇ ਆਪਣੀ ਇਕ ਨਜ਼ਮ ਵਿਚ ਵੀ ਇਸ ਤਰ੍ਹਾਂ ਦੀ ਬੰਦਿਸ਼ ’ਤੇ ਆਵਾਜ਼ ਉਠਾਈ ਸੀ। ਉਹ ਕਹਿੰਦੇ ਹਨ:

ਇਕ ਚੁੱਪ,

ਜੋ ਮੇਰੇ ਆਸ ਪਾਸ ਹੈ

ਸ਼ੋਰ ਤੇ ਸੰਗੀਤ ਦੀ ਆਮਦ ਵਿਚ

ਭੀੜ ਤੇ ਦੰਗਿਆਂ ਦੇ ਸਮਿਆਂ ਵਿਚ

ਆਸਮਾਂ ਛੋਟਾ

ਤੇ ਧਰਤੀ ਨਿਮਾਣੀ ਕਿਉਂ ਹੋ ਜਾਂਦੀ

ਮੁਹੱਬਤ ਤੇ ਖ਼ੂਨ ਮੇਰੀਆਂ ਰਗਾਂ ’ਚ ਸੁੱਕ ਜਾਂਦਾ ਹੈ

ਮੈਂ ਸੋਚਦਾ ਹਾਂ

ਚੁੱਪ ਦੇ ਇਸ ਸੰਗੀਤ ’ਚ

ਹਿੰਦੁਸਤਾਨ ਫ਼ਨਾਹ ਹੁੰਦਾ ਹੈ।

ਆਦਮੀ ਜਿਬਾਹ ਹੁੰਦਾ ਹੈ।

15 ਸਾਲਾਂ ਦੀ ਉਮਰ ਵਿਚ ਹੀ ਨਾਵਲ ਲਿਖਣ ਵਾਲਾ ਫ਼ਾਰੂਕੀ ਅਸਲ ਵਿਚ ਇਕ ਕਾਰਵਾਂ ਸੀ। ਸ਼ਮਸੁਰ-ਰਹਿਮਾਨ ਫ਼ਾਰੂਕੀ ਅਸਲ ਵਿਚ ਉਰਦੂ ਦੀ ਇਕ ਨਵੀਂ ਭਾਸ਼ਿਕ ਸ਼ੈਲੀ ਲੈ ਕੇ ਆਏ। ਆਲੋਚਨਾ ਬਾਰੇ ਉਹ ਲਿਖਦੇ ਹਨ ਕਿ ਪਹਿਲਾਂ ਗ਼ਾਲਿਬ ਤੇ ਮੀਰ ਵਿਚ ਫ਼ਰਕ ਪੁੱਛਿਆ ਜਾਂਦਾ ਸੀ। ਹੁਣ ਆਲੋਚਕ ਦਾ ਨਾਂ ਪੁੱਛਿਆ ਜਾਂਦਾ ਹੈ। ਬਦਲਦੇ ਹੋਏ ਸਮੇਂ ’ਚ ਪਾਠਕ ਤੇ ਲਿਖਣ ਵਾਲੇ ਦਾ ਰਿਸ਼ਤਾ ਕਮਜ਼ੋਰ ਹੋ ਗਿਆ ਹੈ। ਅੱਜ ਦੀ ਆਲੋਚਨਾ ਬਾਰੇ ਬੜੀ ਤਲਖ਼ ਟਿੱਪਣੀ ਕੀਤੀ ਸੀ ਕਿ ‘ਅੱਜ ਦੀ ਆਲੋਚਨਾ ਇਕ ਕਾਰੋਬਾਰ ਬਣ ਕੇ ਰਹਿ ਗਈ ਹੈ।’

ਸ਼ਮਸੁਰ ਰਹਿਮਾਨ ਫ਼ਾਰੂਕੀ ਨੂੰ ਇਹ ਫ਼ਖਰ ਹਾਸਿਲ ਹੈ ਕਿ ਐਨੇ ਵੱਡੇ ਉਰਦੂ ਅਦੀਬਾਂ ਦੀ ਭੀੜ ਵਿਚ ਉਸ ਨੂੰ ਉਰਦੂ ਦਾ ਟੀ.ਐਸ. ਇਲੀਅਟ ਆਖਿਆ ਜਾਂਦਾ ਰਿਹਾ ਹੈ। ਅਸਲ ਵਿਚ ਉਹ ਖ਼ਾਸ ਤਵੱਜੋ ਦਿੰਦੇ ਸਨ ਕਿ ਅਦਬ ਦੀ ਜ਼ੁਬਾਨ ਦਾ ਮਿਆਰ ਕਿਹੋ ਜਿਹਾ ਹੋਵੇ ਤੇ ਭਾਸ਼ਾਈ ਮੁਹਾਵਰਾ ਕਿਹੋ ਜਿਹਾ ਹੋਵੇ। ਉਹ ਅਦਬੀ ਜ਼ੁਬਾਨ ਦੀ ਸਾਫ਼ਗੋਈ ਦੇ ਬੜੇ ਮੱਦਾਹ ਸਨ।

ਅਸਲ ਵਿਚ ਸ਼ਮਸੁਰ-ਰਹਿਮਾਨ ਫ਼ਾਰੂਕੀ ਨੂੰ ਇਸ ਲਈ ਵੀ ਉਰਦੂ ਅਦਬ ਵਿਚ ਯਾਦ ਰੱਖਿਆ ਜਾਵੇਗਾ ਕਿਉਂਕਿ ਉਨ੍ਹਾਂ ਨੇ ਉਰਦੂ ਵਿਚ ਗੰਗਾ-ਜਮੁਨੀ, ਅਵਧੀ ਭਾਸ਼ਾ ਨੂੰ ਪਰੋਇਆ। ਆਪਣੀ ਵੱਡੀ ਪੀੜ੍ਹੀ ਦੇ ਉਹ ਆਖ਼ਰੀ ਚੰਦ ਸਨ, ਉਹ ਵੀ ਸਦਾ ਲਈ ਵਿਛੋੜਾ ਦੇ ਗਏ।

ਇਹ ਵੀ ਸੱਚ ਹੈ ਕਿ ਨਾਵਲ ‘ਕਈ ਚਾਂਦ ਥੇ ਸਰ੍ਹੇ ਆਸਮਾਂ’ 2010 ਵਿਚ ਜਦੋਂ ਛਪਿਆ ਤਾਂ ਇਸ ਨੇ ਤਹਿਲਕਾ ਮਚਾ ਦਿੱਤਾ। ਸ਼ੈਲੀ, ਵਿਸ਼ਾ, ਭਾਸ਼ਾ ਤੇ ਪਸਮੰਜਰ ਦੇ ਹਵਾਲੇ ਨਾਲ। ਫ਼ਾਰੂਕੀ ਦੀਆਂ ਹੋਰ ਕਿਤਾਬਾਂ ਵਿਚ ਅਰਲੀ ਉਰਦੂ ਲਿਟਰੇਰੀ ਕਲਚਰ ਐਂਡ ਹਿਸਟਰੀ, ਉਰਦੂ ਕਾ ਪ੍ਰਾਰੰਭਿਕ ਯੁੱਗ, ਹਾਓ ਟੂ ਰੀਡ ਇਕਬਾਲ, ਦਿ ਮਿਰਰ ਆਫ ਬਿਊਟੀ, ਦਿ ਸੰਨ ਦੈਟ ਰੋਜ਼ ਫਾਮ ਦਾ ਅਰਥ ਉਹ ਪੁਸਤਕਾਂ ਹਨ ਜਿਨ੍ਹਾਂ ਨੇ ਉਸ ਨੂੰ ਇਕ ਵੱਖਰੀ ਤਰ੍ਹਾਂ ਦਾ ਪ੍ਰੌੜ ਲੇਖਕ ਸਥਾਪਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ।

ਉਰਦੂ ਦੀਆਂ ਹੋਰ ਪ੍ਰਸਿੱਧ ਪੁਸਤਕਾਂ ਵਿਚ ਅਜਬ ਸ਼ਹਿਰ ਬਣਿਆ ਥਾਂ, ਕਵਿਤਾ ਸੰਗ੍ਰਹਿ ਮਜਲਿਸੇ ਅਫ਼ਾਕ ਸੇਂ ਪਰਵਾਨਾ ਸ਼ਾਨ, ਲੁਗਤੇ-ਏ-ਰੋਜ਼ਮੱਰ੍ਹਾ, ਘੇਂਰ, ਸ਼ੇਅਰ ਔਰ ਨਸ਼ਰ ਸ਼ੁਮਾਰ ਹਨ। ਉਨ੍ਹਾਂ ਨੂੰ 1986 ’ਚ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ। ਅਸਲ ਵਿਚ ਉਨ੍ਹਾਂ ਦੀਆਂ ਪੁਸਤਕਾਂ ਵਿਚ ਆਦਮੀ ਨੂੰ ਢੂੰਡਿਆ ਜਾ ਸਕਦਾ ਹੈ। ਇਹ ਕਿਤਾਬਾਂ ਦਹਾਕਿਆਂ ਪਹਿਲਾਂ ਸਮਾਜ ਵਿਚੋਂ ਮੁੱਕਦੀਆਂ ਰਹੀਆਂ ਹਨ, ਫਿਰ ਸਾਹਮਣੇ ਆਈਆਂ ਹਨ। ਅਸਲ ਵਿਚ ਇਹ ਵੀ ਫ਼ਾਰੂਕੀ ਹੋਰਾਂ ਦੀ ਦੌਲਤ ਹੈ ਜੋ ਉਹ ਉਰਦੂ ਦੇ ਬਹਾਨੇ ਪੂਰੇ ਹਿੰਦੋਸਤਾਨ ਨੂੰ ਦੇ ਗਏ ਹਨ।

ਫ਼ਾਰੂਕੀ ਨੇ ਲਿਖਿਆ: ‘‘ਮੈਂ ਬੇਦੀ ਕ੍ਰਿਸ਼ਨ ਚੰਦਰ ਨੂੰ ਵੱਡਾ ਲੇਖਕ ਮੰਨਿਆ ਹੈ, ਪਰ ਕੁਝ ਕਿੱਸੇ ਤਾਂ ਮੈਂ ਵੀ ਲਿਖੇ।’’ ਉਨ੍ਹਾਂ ਨੇ ਸਾਹਿਤ ਦੀ ਤਾਜ਼ਗੀ ਬਾਰੇ ਲਿਖਿਆ: ‘‘ਕਹਾਣੀ ਇਕ ਮੁਹੱਬਤ ਹੈ ਜੋ ਬੁਢਾਪੇ ’ਚ ਲਿਖੀ ਜਾਂਦੀ ਹੈ। ਸੱਚੇ ਸਾਹਿਤ ਵਿਚ ਭਾਸ਼ਾ ਤੇ ਕਹਿਣ ਦਾ ਢੰਗ ਆਦਿ ਸਭ ਕੁਝ ਚਾਹੀਦਾ ਹੈ।

ਅਸਲ ਵਿਚ ਅਦਬੀ ਸਲੀਕਾ ਉਨ੍ਹਾਂ ਤੋਂ ਸਿੱਖਿਆ ਜਾ ਸਕਦਾ ਹੈ। ਉਹ ਮਜ਼ਹਬ ਤੇ ਭਾਸ਼ਾ ਬਾਰੇ ਬੜੇ ਪੱਕੇ ਸਨ, ਪਰ ਉਰਦੂ ਉਨ੍ਹਾਂ ਨੂੰ ਜਾਨ ਤੋਂ ਪਿਆਰੀ ਸੀ। ਭਾਸ਼ਾਵਾਂ ਦੀਆਂ ਰੂਪਕ ਬਾਰੀਕੀਆਂ ਨੂੰ ਵਿਲੱਖਣਤਾ ਨਾਲ ਨਿਹਾਰਦੇ ਸਨ, ਤਦ ਹੀ ਤਾਂ ਉਨ੍ਹਾਂ ਦੀ ਭਾਸ਼ਾ ਵਿਚ ਐਨੀ ਪਰਪੱਕਤਾ ਤੇ ਨਵਾਂਪਣ ਵਿਖਾਈ ਦਿੰਦਾ ਹੈ।

ਆਪਣੀਆਂ ਸਾਰੀਆਂ ਰਚਨਾਵਾਂ ਵਿਚ ਉਹ ਕਹਿੰਦੇ ਸਨ ਕਿ ਉਹ ਸ਼ਬਦਾਂ ਦਾ ਘਰ ਬਣਾਉਂਦੇ ਹਨ। ਉਹ ਸਾਡੇ ਵਿਚਕਾਰੋਂ ਚੁਪਕੇ ਜਿਹੇ ਵਿਦਾ ਹੋ ਗਏ। ਦਰਅਸਲ, ਉਹ ਕਈ ਦਿਨਾਂ ਕਰੋਨਾ ਨਾਲ ਪੀੜਤ ਰਹੇ ਸਨ। ਇਸ ਕੋਵਿਡ ਮਹਾਂਮਾਰੀ ਨੇ ਸਾਡੇ ਤੋਂ ਕਈ ਅਨਮੋਲ ਰਤਨ ਖੋਹ ਲਏ ਹਨ। ਖ਼ੈਰ! ਕੁਝ ਠੀਕ ਹੋਣ ’ਤੇ ਅਲਾਹਾਬਾਦ ਲਿਆਂਦੇ ਗਏ, ਉਨ੍ਹਾਂ ਆਪਣੇ ਘਰ ਵਿਚ ਅੰਤਿਮ ਸਾਹ ਲਏ। ਜਿਵੇਂ ਕਹਿ ਰਹੇ ਹੋਣ:

ਸਮਾਂ ਆਏਗਾ

ਜ਼ਮੀਰ ਅਪਨੀ ਹੋਗੀ

ਰੰਗੇ ਮਹਿਫ਼ਿਲ ਉਦਾਸ ਤੋ ਹੋਗੀ

ਜ਼ਿਕਰ ਹੋਗਾ ਮਿਰਾ

ਕਿ ਮੈਂ ਭੀ ਇਸ ਜ਼ਮੀਨ ਕਾ ਫੂਲ ਥਾ।

ਸੰਪਰਕ: 94787-30156

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All