ਡਾ. ਲਕਸ਼ਮੀ ਨਰਾਇਣ ਭੀਖੀ
ਇਕ ਦੂਜੇ ਨੂੰ ਨਸੀਹਤਾਂ ਦੇਣ ਦੀ ਬਜਾਇ ਮਨੁੱਖ ਨੂੰ ਆਪਣੇ ਸਰੀਰ ਦੀ ਤੰਦਰੁਸਤੀ ਅਤੇ ਮਾਨਸਿਕ ਖ਼ੁਸ਼ਹਾਲੀ ਵਲ ਧਿਆਨ ਦੇਣਾ ਚਾਹੀਦਾ ਹੈ, ਅਜੋਕਾ ਮਨੁੱਖ ਨਾ ਸਰੀਰਕ ਤੌਰ ’ਤੇ ਸਿਹਤਮੰਦ ਹੈ, ਨਾ ਮਾਨਸਿਕ ਤੌਰ ’ਤੇ ਖ਼ੁਸ਼ ਹੈ। ਮਨੁੱਖ ਦਾ ਆਪਣੇ ਸਰੀਰ ਅਤੇ ਮਨ ਨਾਲੋਂ ਤਾਲਮੇਲ ਉਖੜਿਆ ਹੋਇਆ ਹੈ ਅਤੇ ਉਹ ਵਰਤਮਾਨ ਕਾਲ ਵਿਚ ਜਿਊਣ ਦੀ ਥਾਂ ਅਤੀਤ ਅਤੇ ਭਵਿੱਖ ਦੇ ਖਲਾਅ ‘ਚ ਗੋਤੇ ਖਾਂਦਾ ਰਹਿੰਦਾ ਹੈ। ਸੁਖੀ ਤੇ ਸ਼ਾਂਤ ਰਹਿਣ ਲਈ ਜ਼ਰੂਰੀ ਹੈ ਕਿ ਉਹ ਤਹੱਈਆ ਕਰੇ- ਮੈਂ ਅੱਜ ਦੇ ਦਿਨ ਗੁੱਸਾ ਤੇ ਚਿੰਤਾ ਨਹੀਂ ਕਰਾਂਗਾ, ਆਪਣੇ ਸਾਰੇ ਦਿਨ ਦਾ ਕਾਰਜ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਾਂਗਾ, ਕੁਦਰਤ ਦਾ ਸ਼ੁਕਰਗੁਜ਼ਾਰ ਹੋਵਾਂਗਾ ਅਤੇ ਮਨੁੱਖਤਾ ਨੂੰ ਪਿਆਰ ਕਰਾਂਗਾ।
ਮਨੁੱਖ ਦੇ ਸਰੀਰਕ ਤੌਰ ’ਤੇ ਰਾਜ਼ੀ ਅਤੇ ਮਾਨਸਿਕ ਤੌਰ ’ਤੇ ਖ਼ੁਸ਼ ਨਾ ਰਹਿਣ ਦਾ ਵੱਡਾ ਕਾਰਨ ਪ੍ਰਦੂਸ਼ਨ ਹੈ। ਕੁਦਰਤੀ ਦਾਤਾਂ, ਸੁਗਾਤਾਂ ਤੋਂ ਦੂਰ ਰਹਿਣ ਕਰਕੇ ਮਨੁੱਖ ਇਕ ਦੂਜੇ ਪ੍ਰਤੀ ਨਫ਼ਰਤ ਅਤੇ ਹਿੰਸਾ ਨਾਲ ਭਰਿਆ ਹੋਇਆ ਹੈ। ਇਹੋ ਕਾਰਨ ਹੈ ਕਿ ਮਨੁੱਖ ਦਾ ਧਾਰਮਿਕ ਵਿਕਾਸ ਹੋਣ ਦੀ ਬਜਾਇ ਉਸ ਅੰਦਰ ਬਿਮਾਰੀ ਦੇ ਲੱਛਣ ਵਧ ਰਹੇ ਨੇ, ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਨੇ, ਆਪਸੀ ਲੜਾਈ ਝਗੜਿਆਂ ਕਾਰਨ ਥਾਣੇ ਕੇਸਾਂ ਨਾਲ ਭਰੇ ਪਏ ਨੇ। ਕਈ ਵਾਰ ਨਕਾਰਾਤਮਕ ਪ੍ਰਭਾਵਾਂ ਕਾਰਨ ਮਨੁੱਖ ਆਪਣੇ ਆਪ ਨੂੰ ਬਿਮਾਰੀਆਂ ਨਾਲ ਭਰ ਲੈਂਦਾ ਹੈ। ਜੇ ਉਸ ਦਾ ਹਾਂ-ਪੱਖੀ ਵਤੀਰਾ ਹੋਵੇ ਤਾਂ ਉਹ ਆਪਣੀਆਂ ਬਿਮਾਰੀਆਂ ਨੂੰ ਕਾਬੂ ਪਾ ਸਕਦਾ ਹੈ। ਨਾਂਹਵਾਚੀ ਬੰਦਾ ਹਰ ਵੇਲੇ ਡਾਕਟਰਾਂ ਕੋਲ ਦਵਾਈਆਂ ਲਈ ਭੱਜਿਆ ਰਹਿੰਦਾ ਹੈ ਜਦੋਂ ਕਿ ਉਸਾਰੂ ਮਨੁੱਖ ਆਪਣੇ ਮਿੱਤਰਾਂ ਦੀਆਂ ਦੁਆਵਾਂ ਨਾਲ ਤੰਦਰੁਸਤ ਹੋ ਜਾਂਦਾ ਹੈ।
ਸਿਹਤ ਵਿਗਿਆਨੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਸਰੀਰਕ ਤੰਦਰੁਸਤੀ ਲਈ ਰੋਜ਼ਾਨਾ ਕਸਰਤ ਕੀਤੀ ਜਾਵੇ ਅਤੇ ਮਾਨਸਿਕ ਸਿਹਤ ਲਈ ਧਿਆਨ ਕੀਤਾ ਜਾਵੇ। ਮਨੋਵਿਗਿਆਨੀ ਦੱਸਦੇ ਹਨ ਕਿ ਮਨੁੱਖ ਦੀਆਂ 90% ਬਿਮਾਰੀਆਂ ਮਨ ਦੀ ਦੇਣ ਹਨ। ਅਮਰੀਕਾ ਕੋਲ ਕਈ ਵੱਡੀਆਂ ਪ੍ਰਯੋਗਸ਼ਾਲਾਵਾਂ ਹਨ ਜਿੱਥੇ ਸੈਕੜੇ ਕਿਸਮ ਦੀਆਂ ਮਾਨਸਿਕ ਬਿਮਾਰੀਆਂ ਦੂਰ ਕਰਨ ਲਈ ਕਥਾਰਸਿਸ ਕਰਵਾਇਆ ਜਾਂਦਾ ਹੈ; ਗੁੱਸਾ, ਈਰਖਾ ਚੀਕਾਂ ਮਰਵਾ ਕੇ ਬਾਹਰ ਕੱਢਵਾਇਆ ਜਾਂਦਾ ਹੈ ਲੇਕਿਨ ਪੂਰਬ ਦੇ ਰਿਸ਼ੀ ਤੇ ਯੋਗੀ ਸਰੀਰਕ ਅਤੇ ਮਾਨਸਿਕ ਰੋਗਾਂ ਤੋਂ ਬਚਣ ਲਈ ਓਮ ਧੁਨੀ ਸੁਣਨ ਲਈ ਪ੍ਰੇਰਦੇ ਹਨ। ਕੁਦਰਤ ਦੇ ਅੰਗ ਸੰਗ ਰਹਿਣ ਅਤੇ ਸੂਖਮ ਧੁਨੀਆਂ ਨੂੰ ਸੁਣਨ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ।
ਸੰਗੀਤਕ ਧੁਨਾਂ ਅਤੇ ਨਾਚ ਅਦਾਵਾਂ ਮਨੁੱਖ ਨੂੰ ਨਵਾਂ ਨਰੋਆ ਬਣਾਈ ਰੱਖਦੀਆਂ ਹਨ।
ਪੂਰਬ ਦੇ ਚਿੰਤਕਾਂ ਦਾ ਮੰਨਣਾ ਹੈ ਕਿ ਮੈਡੀਕਲ ਸਾਇੰਸ ਵਿਚ ਅੱਜ ਤੱਕ ਜੋ ਕੁਝ ਜਾਣਿਆ ਗਿਆ ਹੈ, ਉਹ ਮ੍ਰਿਤਕ ਦੇਹਾਂ ’ਤੇ ਕੀਤੀ ਹੋਈ ਖੋਜ ਹੈ ਲੇਕਿਨ ਉਹਨਾਂ ਖੋਜਾਂ ਦੀ ਵਰਤੋਂ ਜਿਊਂਦੇ ਸਰੀਰਾਂ ’ਤੇ ਕੀਤੀ ਜਾਂਦੀ ਹੈ। ਪੱਛਮੀ ਚਿਕਿਤਸਾ ਪ੍ਰਣਾਲੀ ਮਨੁੱਖ ਅਤੇ ਪ੍ਰਕਿਰਤੀ ਨੂੰ ਦੋ ਵੱਖੋ-ਵੱਖਰੀਆਂ ਇਕਾਈਆਂ ਮੰਨਦੀ ਹੈ ਜਦੋਂ ਕਿ ਕੁਦਰਤ ਅਤੇ ਮਨੁੱਖ ਅਟੁੱਟ ਅੰਗ ਹਨ। ਸਿਹਤ ਵਿਗਿਆਨੀਆਂ ਅਨੁਸਾਰ ਮਨੁੱਖ ਦੇ ਤੰਦਰੁਸਤ ਰਹਿਣ ਲਈ ਸੰਤੁਲਿਤ ਭੋਜਨ ਜ਼ਰੂਰੀ ਹੈ। ਘੱਟ ਭੋਜਨ ਲੰਮਾ ਜੀਵਨ ਦਿੰਦਾ ਹੈ; ਵਧੇਰੇ ਭੋਜਨ ਛੋਟਾ ਜੀਵਨ ਮੰਨਿਆ ਗਿਆ ਹੈ। ਮਨੁੱਖ ਦਾ ਭੋਜਨ ਜਿਹੋ-ਜਿਹਾ ਹੋਵੇਗਾ, ਉਹੋ ਜਿਹਾ ਉਸ ਦਾ ਵਿਚਾਰ ਅਤੇ ਵਿਹਾਰ ਹੋਵੇਗਾ। ਭੋਜਨ ਇਸ ਤਰ੍ਹਾਂ ਗ੍ਰਹਿਣ ਕੀਤਾ ਜਾਵੇ ਜੋ ਸੁਸਤੀ ਨਾ ਦੇਵੇ, ਨਾ ਉਤੇਜਿਤ ਕਰੇ; ਜੋ ਵਿਕਾਰ ਪੈਦਾ ਨਾ ਕਰੇ।
ਮਨੁੱਖ ਦੀ ਮਾਨਸਿਕ ਬਿਮਾਰੀ ਦਾ ਜਨਮ ਅੰਦਰੂਨੀ ਕਿਰਿਆ ਹੈ ਜੋ ਫੈਲਦੀ ਬਾਹਰ ਵੱਲ ਹੈ। ਅੱਜ ਦੇ ਯੁੱਗ ਵਿਚ ਮਸ਼ੀਨੀਕਰਨ ਨੇ ਮਨੁੱਖਾਂ ਨੂੰ ਸਰੀਰਕ ਤੌਰ ’ਤੇ ਸੌਖਾ ਅਤੇ ਕਿਰਤ ਵਿਹੂਣਾ ਬਣਾ ਦਿੱਤਾ ਹੈ ਤੇ ਮਾਨਸਿਕ ਤੌਰ ’ਤੇ ਖੰਡਿਤ ਕਰ ਦਿੱਤਾ ਹੈ। ਇਉਂ ਮਨੁੱਖ ਕੁਦਰਤ, ਸਮਾਜ, ਆਲੇ-ਦੁਆਲੇ ਤੋਂ ਟੁੱਟ ਕੇ ਸਵੈ-ਕੇਂਦਰਤ ਹੋ ਗਿਆ ਹੈ।
ਪੂੰਜੀਵਾਦੀ ਯੁੱਗ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਹਕੀਮ ’ਤੇ ਯਕੀਨ ਹੁੰਦਾ ਸੀ। ਸਮੁੱਚੀ ਇਲਾਜ ਪ੍ਰਣਾਲੀ ਪ੍ਰੇਮ ਪੂਰਬਕ ਸੀ, ਡਾਕਟਰ ਰੱਬ ਵਾਂਗ ਸੀ। ਇਲਾਜ ਪੂਰੇ ਧਿਆਨ ਨਾਲ ਕੀਤਾ ਜਾਂਦਾ ਸੀ। ਧਿਆਨ ਪੂਰਬਕ ਕੀਤਾ ਇਲਾਜ ਸਿਹਤਮੰਦ ਊਰਜਾ ਦਿੰਦਾ ਹੈ। ਆਧੁਨਿਕ ਇਲਾਜ ਵਿਧੀ ਸਰੀਰ ਅਤੇ ਮਨ ਨੂੰ ਵੀ ਅਲੱਗ ਅਲੱਗ ਸਮਝਦੀ ਹੈ। ਦੋਵਾਂ ਦੇ ਅੰਤਰ-ਸਬੰਧਾਂ ਦਾ ਵਿਸ਼ਲੇਸ਼ਣ ਕਰਕੇ ਇਲਾਜ ਨਹੀਂ ਕੀਤਾ ਜਾਂਦਾ। ਚਿਕਿਤਸਾ ਸ਼ਾਸਤਰ ਨਵੀਆਂ ਖੋਜਾਂ ਤੋਂ ਬਿਨਾ ਅਧੂਰਾ ਹੈ। ਸਿਹਤ ਸ਼ਾਸਤਰ ਬਿਮਾਰੀ ਤਾਂ ਠੀਕ ਕਰ ਦੇਵੇਗਾ ਪਰ ਬਿਮਾਰ ਨੂੰ ਠੀਕ ਨਹੀਂ ਕਰ ਸਕੇਗਾ।
ਇਸ ਲਈ ਮਨੁੱਖ ਨੂੰ ਨਵਾਂ ਨਰੋਆ ਹੋਣ ਲਈ ਜੀਵਨ ਸ਼ੈਲੀ ਬਦਲਣੀ ਪਵੇਗੀ। ਮਨੁੱਖ ਨੂੰ ਸੋਚਣਾ ਪਵੇਗਾ ਕਿ ਉਸ ਨੇ ਪਸ਼ੂਤਵ ਵਾਲੇ ਨਿਮਨ ਪੱਧਰ ’ਤੇ ਜਿਊਣਾ ਹੈ, ਜਾਂ ਊਣਤਾਈਆਂ ਦੂਰ ਕਰਕੇ ਮਨੁੱਖ ਵਾਲਾ ਜੀਵਨ ਜਿਊਣਾ ਹੈ। ਸੱਚੇ ਤੇ ਸਚਿਆਰੇ ਮਨੁੱਖ ਵਾਂਗ ਜਿਊਣਾ ਹੈ ਜਿਸ ਨੂੰ ਨੀਤਸ਼ੇ ਮਹਾਂ ਮਾਨਵ ਆਖਦਾ ਹੈ। ਵਰਤਮਾਨ ਦੌਰ ਵਿਚ ਮਨੁੱਖ ਲਈ ਕਈ ਸਵਾਲ ਹਨ ਕਿ ਉਸ ਨੇ ਭੋਗੀਆਂ ਵਾਂਗ ਜਿਊਣਾ ਹੈ ਜਾਂ ਜੋਗੀਆਂ ਵਾਂਗ; ਦੂਜਿਆਂ ਨੂੰ ਮਾਰਨ ਲਈ ਆਪਣੇ ਹੱਥਾਂ ਵਿਚ ਹਥਿਆਰ ਫੜਨੇ ਹਨ ਜਾਂ ਫਿਰ ਹੱਥਾਂ ਤੋਂ ਪਰਉਪਕਾਰ ਜਾਂ ਲੋਕ ਸੇਵਾ ਦਾ ਕੰਮ ਲੈਣਾ ਹੈ। ਸਿਹਤਮੰਦ ਰਹਿਣ ਲਈ ਗਿਆਨ ਦੇ ਨੇੜੇ ਰਹਿਣਾ ਹੈ ਜਾਂ ਅਗਿਆਨੀ ਬਣਿਆ ਰਹਿਣਾ ਹੈ।
ਅੱਜ ਦਾ ਮਨੁੱਖ ਬਹੁਤ ਸਾਰੇ ਸੰਕਟਾਂ ਅਤੇ ਪ੍ਰਦੂਸ਼ਤ ਵਾਤਾਵਰਨ ‘ਚ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਮਨੁੱਖ ਦੇ ਸਰੀਰ, ਮਨ ਅਤੇ ਸਾਹ ਲਈ ਹਰ ਪੱਖੋਂ ਸ਼ੁੱਧ ਵਾਤਾਵਰਨ ਦੀ ਜ਼ਰੂਰਤ ਹੈ। ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿ ਕੇ ਹੀ ਹਰ ਮਨੁੱਖ ਸਮਾਜ ਵਿਚ ਚੰਗੇਰੀ ਭੂਮਿਕਾ ਨਿਭਾ ਸਕਦਾ ਹੈ।
ਸੰਪਰਕ: 96461-11669