ਗੁਰਦੀਪ ਸਿੰਘ ਢੁੱਡੀ
ਗਿਆਨੀ ਜ਼ੈਲ ਸਿੰਘ ਦਾ ਜਨਮ ਛੋਟੇ ਜਿਹੇ ਪਿੰਡ ਸੰਧਵਾਂ ਵਿਚ ਸਮਾਜਿਕ ਅਤੇ ਆਰਥਿਕ ਤੌਰ ’ਤੇ ਪਛੜੇ ਪਰਿਵਾਰ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਪੰਜਾਬ ਦੇ ਮੰਤਰੀ, ਮੁੱਖ ਮੰਤਰੀ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਤੱਕ ਦਾ ਸਫ਼ਰ ਤੈਅ ਕੀਤਾ। 5 ਮਈ ਨੂੰ ਉਨ੍ਹਾਂ ਦਾ ਜਨਮ ਦਿਨ ਸੀ ਅਤੇ ਮੈਂ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਗਿਆਨੀ ਜ਼ੈਲ ਸਿੰਘ ਦੇ ਜੀਵਨ ਅਤੇ ਸਿਆਸੀ ਪ੍ਰਾਪਤੀ ਬਾਰੇ ਸੰਖੇਪ ਜਿਹੀ ਜਾਣਕਾਰੀ ਦੇਣ ਬਾਰੇ ਸੋਚਿਆ। ਇਸ ਸਬੰਧੀ ਬੁਲਾਰੇ ਦੇ ਤੌਰ ’ਤੇ ਗੁਰਮੀਤ ਸਿੰਘ ਕੋਟਕਪੂਰਾ ਨੂੰ ਬੇਨਤੀ ਕੀਤੀ। ਗੁਰਮੀਤ ਸਿੰਘ ਨੇ ਆਪਣਾ ਕਰੀਅਰ ਸਕੂਲ ਅਧਿਆਪਕ ਤੋਂ ਸ਼ੁਰੂ ਕੀਤਾ ਸੀ ਅਤੇ ਉਹ ਬਤੌਰ ਕਾਲਜ ਲਾਇਬਰੇਰੀਅਨ ਸੇਵਾ ਮੁਕਤ ਹੋਏ। ਉਨ੍ਹਾਂ ਨੇ ਪੰਜਾਬੀ ਦੇ ਤਿੰਨ ਅਖ਼ਬਾਰਾਂ ਵਿਚ ਪੱਤਰਕਾਰ ਦੇ ਤੌਰ ’ਤੇ ਕੰਮ ਵੀ ਕੀਤਾ। ਉਨ੍ਹਾਂ ਰਚਨਾਤਮਿਕ ਲੇਖਣੀ ਦੀਆਂ ਤਿੰਨ ਪੁਸਤਕਾਂ ਵੀ ਪੰਜਾਬੀ ਸਾਹਿਤ ਦੀ ਝੋਲ਼ੀ ਵਿਚ ਪਾਈਆਂ ਹਨ। ਅਧਿਆਪਕ ਹੁੰਦਿਆਂ ਉਹ ਅਧਿਆਪਕ ਜੱਥੇਬੰਦੀਆਂ ਦੇ ਸਿਰਕੱਢ ਨੇਤਾਵਾਂ ਦੇ ਦੋਸਤ ਵੀ ਰਹੇ ਅਤੇ ਪੰਜਾਬ ਦੇ ਚੋਟੀ ਦੇ ਸਿਆਸੀ ਨੇਤਾਵਾਂ ਦਾ ਸਾਥ ਵੀ ਉਨ੍ਹਾਂ ਨੇ ਮਾਣਿਆ ਹੈ। ਗਿਆਨੀ ਜ਼ੈਲ ਸਿੰਘ ਦੇ ਜੀਵਨ ਅਤੇ ਸਿਆਸੀ ਸਫ਼ਰ ਬਾਰੇ ਉਨ੍ਹਾਂ ਕਿਤਾਬਚਾ ਵੀ ਛਪਵਾਇਆ ਸੀ। ਇਸੇ ਕਰਕੇ ਮੈਂ ਉਨ੍ਹਾਂ ਨੂੰ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਗਿਆਨੀ ਜੀ ਦੇ ਜੀਵਨ ਅਤੇ ਸਿਆਸੀ ਸਫ਼ਰ ਬਾਰੇ ਜਾਣਕਾਰੀ ਦੇਣ ਵਾਸਤੇ ਸਕੂਲ ਵਿਚ ਬੁਲਾਇਆ।
ਬੱਚਿਆਂ ਦੇ ਰੂ-ਬ-ਰੂ ਹੁੰਦਿਆਂ ਗੁਰਮੀਤ ਸਿੰਘ ਨੇ ਗਿਆਨੀ ਜ਼ੈਲ ਸਿੰਘ ਦੇ ਜੀਵਨ ਦਾ ਉਹ ਬਿਰਤਾਂਤ ਸੁਣਾਇਆ ਜਿਸ ਵਿਚ ਗਿਆਨੀ ਜੀ ਨੇ ਰਾਸ਼ਟਰਪਤੀ ਬਣਦਿਆਂ ਆਪਣੇ ਜੱਦੀ ਪਿੰਡ ਸੰਧਵਾਂ (ਜ਼ਿਲ੍ਹਾ ਫ਼ਰੀਦਕੋਟ) ਦੇ ਨਿਮਨ-ਸ਼੍ਰੇਣੀਆਂ (ਬੌਰੀਆ, ਮਿਸਤਰੀ, ਮਜ਼ਹਬੀ ਸਿੱਖ ਆਦਿ ਜਾਤੀਆਂ) ਦੇ ਲੋਕਾਂ ਦੀ ਮੇਜ਼ਬਾਨੀ ਕੀਤੀ। ਪਿੰਡ ਸੰਧਵਾਂ ਦੇ ਵਸਨੀਕ ਰਾਸ਼ਟਰਪਤੀ ਦੇ ਵਿਸ਼ੇਸ਼ ਮਹਿਮਾਨਾਂ ਵਜੋਂ ਪਿੰਡ ਸੰਧਵਾਂ ਤੋਂ ਚੱਲਣ ਤੋਂ ਲੈ ਕੇ ਰਾਸ਼ਟਰਪਤੀ ਭਵਨ ਪਹੁੰਚਣ ਤੱਕ ਰੇਲ ਸਫ਼ਰ ਅਤੇ ਸੜਕੀ ਸਾਧਨਾਂ ਦਾ ਉਚੇਚਾ ਅਤੇ ਪਹਿਲੇ ਦਰਜੇ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੇ ਰਾਸ਼ਟਰਪਤੀ ਭਵਨ ਵਿਚ ਠਹਿਰਨ ਅਤੇ ਖਾਣ-ਪੀਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ। ਗਿਆਨੀ ਜ਼ੈਲ ਸਿੰਘ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਹੁੰਦੇ ਸਨ ਤਾਂ ਵੀ ਆਪਣੇ ਸਾਥੀਆਂ ਤੇ ਸਾਧਾਰਨ ਵਿਅਕਤੀਆਂ ਦਾ ਧਿਆਨ ਰੱਖਦੇ ਸਨ। ਰਾਸ਼ਟਰਪਤੀ ਤੱਕ ਦੇ ਅਹੁਦੇ ’ਤੇ ਪਹੁੰਚਣ ਵਾਲੇ ਗਿਆਨੀ ਜ਼ੈਲ ਸਿੰਘ ਦਾ ਪਰਿਵਾਰਕ ਪਿਛੋਕੜ ਬਹੁਤ ਹੀ ਗ਼ਰੀਬੀ ਵਾਲਾ ਅਤੇ ਆਰਥਿਕ ਤੌਰ ’ਤੇ ਹੇਠਲੇ ਦਰਜੇ ਦਾ ਸੀ। ਗੁਰਮੀਤ ਸਿੰਘ ਨੇ ਗਿਆਨੀ ਜ਼ੈਲ ਸਿੰਘ ਜੀ ਦੇ ਸਿਆਸੀ ਜੀਵਨ ਦੇ ਹੋਰ ਵੀ ਬਹੁਤ ਸਾਰੇ ਬਿਰਤਾਂਤ ਸੁਣਾਏ।
ਉਂਜ, ਇੱਥੇ ਆਣ ਕੇ ਮੇਰੇ ਵਾਸਤੇ ਗਿਆਨੀ ਜੀ ਅਤੇ ਉਸ ਸਮੇਂ ਦੇ ਸਿਆਸੀ ਲੋਕਾਂ ਬਾਰੇ ਜਾਣਨ ਅਤੇ ਕਹਿਣ ਦੀ ਗੱਲ ਸਮਾਪਤ ਹੁੰਦੀ ਹੈ। ਮੇਰੀਆਂ ਸੋਚਾਂ ਵਿਚ ਤਾਂ ਪੂਰੇ ਭਾਰਤ ਵਾਂਗ ਪੰਜਾਬ ਦੀ ਸਿਆਸਤ ਵਿਚ ਆਏ ਬਦਲਾਓ ਅਤੇ ਇਸ ਦਾ ਸਮਾਜੀ ਤਾਣੇ-ਬਾਣੇ ‘ਤੇ ਪਿਆ ਪ੍ਰਭਾਵ ਆ ਗਿਆ। ਹੁਣ ਸਿਆਸਤ ਨੇ ਐਸਾ ਪਾਸਾ ਪਲਟਿਆ ਹੈ ਕਿ ਭਾਰਤ ਵਿਚ ਸਿਆਸਤ ਦੇ ਅਰਥ ਹੀ ਬਦਲ ਗਏ ਹਨ। ਅੱਜ ਆਮ ਆਦਮੀ ਹਾਸ਼ੀਏ ’ਤੇ ਧੱਕਿਆ ਗਿਆ ਹੈ ਅਤੇ ਵੱਡੇ ਘਰਾਣੇ ਤੇ ਪੈਸੇ ਵਾਲਿਆਂ ਨੇ ਪੂਰੀ ਸਿਆਸਤ ’ਤੇ ਕਬਜ਼ਾ ਕਰ ਲਿਆ ਹੈ। ਹੁਣ ਵਾਲੇ ਦੋ ਤਿੰਨ ਦਹਾਕਿਆਂ ਤੋਂ ਹੀ ਕਾਰਪੋਰੇਟ ਘਰਾਣਿਆਂ ਬਾਰੇ ਆਮ ਲੋਕਾਂ ਨੂੰ ਪਤਾ ਲੱਗਿਆ ਹੈ। ਕਦੇ ਬਿਰਲੇ ਟਾਟਿਆਂ ਦਾ ਹੁੰਦਾ ਸਾਧਾਰਨ ਜ਼ਿਕਰ ਹੁਣ ਅੰਬਾਨੀਆਂ ਅਡਾਨੀਆਂ ਦੇ ਵਿਸ਼ੇਸ਼ ਜ਼ਿਕਰ ਤੱਕ ਪਹੁੰਚ ਗਿਆ ਹੈ। ਸਿਆਸੀ ਪਾਰਟੀਆਂ ਵਿਧਾਨ ਸਭਾ/ਰਾਜ ਸਭਾ/ਸਥਾਨਕ ਸੰਸਥਾਵਾਂ ਦੀਆਂ ਚੋਣਾਂ ਸਮੇਂ ਰਾਖਵੇਂਕਰਨ ਦੀ ਮਜਬੂਰੀ ਤੋਂ ਟਿਕਟ ਦੇਣ ਲਈ ਵਿਅਕਤੀ ਦੀ ਜਨਤਾ ਪ੍ਰਤੀ ਕਿਸੇ ਦੇਣ ਦੀ ਥਾਂ ਉਸ ਦੀ ਪੈਸੇ ਦੀ ਤੱਕੜੀ ਦੇ ਪਾਸੇ ਦੇਖਦੀਆਂ ਹਨ। ਸਿਆਸੀ ਵਿਅਕਤੀ ਦਾ ਕੱਦ ਮਾਪਣ ਦੇ ਪੈਮਾਨੇ ਵੀ ਵੱਖਰੀ ਤਰ੍ਹਾਂ ਦੇ ਤੈਅ ਹੋ ਗਏ ਹਨ ਅਤੇ ਇਨ੍ਹਾਂ ਦੀ ਪਹੁੰਚ ਵੀ ਹਾਸ਼ੀਏ ’ਤੇ ਬੈਠੇ ਲੋਕਾਂ ਤੋਂ ਵੱਖਰੀ ਤਰ੍ਹਾਂ ਦੀ ਹੈ। ਅਜੋਕਾ ਸਿਆਸਤਦਾਨ ਆਮ ਲੋਕਾਂ ਦਾ ਨੁਮਾਇੰਦਾ ਨਾ ਹੋ ਕੇ ਮਾਰ-ਧਾੜ ਕਰਨ ਵਾਲਾ, ਬਲਾਤਕਾਰੀ, ਚੋਰ-ਲੁਟੇਰਾ, ਟਰਾਂਸਪੋਰਟ ਮਾਫ਼ੀਆ, ਰੇਤ ਬੱਜਰੀ ਮਾਫ਼ੀਆ, ਹੋਟਲਾਂ ਰੈਸਟੋਰੈਂਟਾਂ ਦਾ ਮਾਲਕ ਹੁੰਦਾ ਹੈ। ਉਸ ਦਾ ਪਿਛੋਕੜ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਵਿਅਕਤੀ ਵਾਲਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਤੋੜ ਕੇ ਜੋੜ-ਤੋੜ ਕਰਦਿਆਂ ਮੁੱਖ ਮੰਤਰੀ ਦਾ ਅਹੁਦਾ ਹਥਿਆ ਲਿਆ। ਕਿਸਾਨਾਂ ਦਾ ਜੀਵਨ ਸੁਧਾਰਨ ਵਾਸਤੇ ਜਸਟਿਸ ਗੁਰਨਾਮ ਸਿੰਘ ਨੇ ਸਕਾਰਤਮਿਕ ਉਪਰਾਲੇ ਕੀਤੇ ਸਨ। ਪੰਜਾਬ ਦੀ ਕਿਸਾਨੀ ਵਾਸਤੇ ਫ਼ਸਲਾਂ ਦੇ ਸਰਕਾਰੀ ਭਾਅ (ਐੱਮਐਸਪੀ) ਵਰਗੀ ਧਾਰਨਾ ਦਾ ਆਉਣਾ ਜਸਟਿਸ ਗੁਰਨਾਮ ਸਿੰਘ ਦੀ ਸੋਚ ਸਦਕਾ ਹੀ ਸੰਭਵ ਹੋਇਆ ਸੀ ਜਿਸ ਨੇ ਪੰਜਾਬ ਦੇ ਕਿਸਾਨਾਂ ਨੂੰ ਕੁਝ ਚੰਗੇਰੇ ਜੀਵਨ ਦਾ ਅਹਿਸਾਸ ਕਰਵਾਇਆ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰੀ ਪੰਜਾਬ ਦੀ ਹਕੂਮਤ ਸੰਭਾਲੀ। ਜੇਕਰ ਪੰਜਾਬ ਦੀ ਸਿਆਸਤ ਦੁਆਰਾ ਪੰਜਾਬ ’ਤੇ ਪਏ ਨਕਾਰਾਤਮਿਕ ਪ੍ਰਭਾਵਾਂ ਬਾਰੇ ਨਿਰਪੱਖ ਇਤਿਹਾਸਕ ਜਾਣਕਾਰੀ ਦਿੱਤੀ ਗਈ ਤਾਂ ਇਹ ਗੱਲ ਸਾਹਮਣੇ ਆਵੇਗੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪੰਜ ਕਾਰਜਕਾਲ ਵੇਲੇ ਨਿਮਨ ਕਿਸਾਨੀ ਅਤੇ ਹੇਠਲੇ ਤਬਕੇ ਨੂੰ ਹਾਸ਼ੀਏ ’ਤੇ ਸੁੱਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਪਿਛਲੇ ਦੋ ਕਾਰਜਕਾਲ (2007-12, 2012-2017) ਵਿਚ ਮੁੱਖ ਮੰਤਰੀ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੀ ਰਹੇ ਹਨ ਪਰ ਹਕੂਮਤ ਦੀ ਅਸਲ ਵਾਗਡੋਰ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਰਹੀ ਹੈ ਅਤੇ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਅੱਗੇ ਲੰਘਦਿਆਂ ਗੱਲ ਸਿਰੇ ਲਾ ਦਿੱਤੀ।
ਅਸਲ ਵਿਚ 1977 ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਰਾਹੀਂ ਪੰਜਾਬ ਦੀ ਸਿਆਸਤ ਵਿਚ ਬਹੁਤ ਸਾਰੇ ਬਦਲਾਓ ਆਉਣੇ ਆਰੰਭ ਹੋ ਗਏ ਸਨ। ਬੇਅੰਤ ਸਿੰਘ ਅਤੇ ਹਰਚਰਨ ਸਿੰਘ ਬਰਾੜ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਰਾਜਭਾਗ ਦੀ ਵਾਗਡੋਰ ਪੰਜਾਬ ਦੀ ਧਨਾਢ ਸ਼੍ਰੇਣੀ ਦੇ ਹੱਥਾਂ ਵਿਚ ਚਲੀ ਗਈ ਸੀ। ਫਿਰ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਨੇ 1997 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਲੋਕਤੰਤਰੀ ਸਰਕਾਰਾਂ ਦੀ ਥਾਂ ਰਾਜਿਆਂ ਜਾਂ ਧਨਾਢ ਜੱਟਾਂ ਦੀ ਜਾਗੀਰ ਹੀ ਬਣਾ ਦਿੱਤਾ। ਇਸ ਸਮੇਂ ਵਿਚ ਪੰਜਾਬ ਦੇ ਸਿਆਸਤਦਾਨਾਂ ਦਾ ਸੜਕੀ ਆਵਾਜਾਈ ਤੋਂ ਲੈ ਕੇ ਮਾਈਨਿੰਗ ਤੱਕ ਦੇ ਕਬਜ਼ਾ ਹੋ ਗਿਆ। ਹੋਰ ਤਾਂ ਹੋਰ, ਇੱਥੇ ਤਾਂ ਹੋਟਲਾਂ ਰੈਸਟੋਰੈਂਟਾਂ ਦਾ ਕਾਰੋਬਾਰ ਵੀ ਸਿੱਧੇ ਅਥਵਾ ਅਸਿੱਧੇ ਢੰਗ ਨਾਲ ਪੰਜਾਬੀ ਦੀ ਧਨਾਢ ਸ਼੍ਰੇਣੀ ਦੇ ਹੱਥਾਂ ਵਿਚ ਚਲਾ ਗਿਆ। ਸੁਖਬੀਰ ਸਿੰਘ ਬਾਦਲ ਦੁਆਰਾ ਵਿਕਾਸ ਦਾ ਗਾਏ ਜਾ ਰਹੇ ਸੋਹਲਿਆਂ ਨੂੰ ਸੁਣ ਕੇ ਅਸੀਂ ਆਸਾਨੀ ਨਾਲ ਹੀ ਇਸ ਸਿੱਟੇ ’ਤੇ ਪਹੁੰਚਾਂਗੇ ਕਿ ਪੰਜਾਬ ਦੀ ਸਿਆਸਤ ਵਿਚੋਂ ਨਿਮਨ ਕਿਸਾਨੀ, ਗ਼ਰੀਬ ਤਬਕੇ ਤਿਲਕ ਗਏ ਹਨ ਅਤੇ ਵਿਕਾਸ ਚਹੁੰ-ਮਾਰਗੀ ਸੜਕਾਂ, ਹਵਾਈ ਅੱਡਿਆਂ, ਵੱਡੇ ਰੈਸਟੋਰੈਂਟਾਂ ਤੱਕ ਸਿਮਟ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ’ਚ ਤਾਂ ਸਿਆਸੀ ਅਨੈਤਿਕਤਾ ਤੋਂ ਅੱਗੇ ਸਮਾਜਿਕ ਅਨੈਤਿਕਤਾ ਵੀ ਆਮ ਵਿਹਾਰ ਵਾਂਗ ਦੇਖੀ ਜਾਣ ਲੱਗੀ। ਮੰਤਰੀਆਂ ਵਿਧਾਇਕਾਂ ਦੁਆਰਾ ਕੀਤੇ ਜਾਂਦੇ ਅਨੈਤਿਕ ਕਾਰਿਆਂ ਨੂੰ ਕੇਵਲ ਵਿਰੋਧੀਆਂ ਦੀਆਂ ਅੱਖਾਂ ਤੱਕ ਹੀ ਸੀਮਤ ਕੀਤਾ ਹੋਇਆ ਹੈ। ਮੁੱਖ ਮੰਤਰੀ ਦੇ ਆਪਣੇ ਵਿਹਾਰ ਨੂੰ ਸਮਾਜ ਦੀ ਅਨੈਤਿਕ ਗਿਰਾਵਟ ਵਜੋਂ ਨਹੀਂ ਦੇਖਿਆ ਜਾ ਰਿਹਾ। ਉਂਜ, ਇਹ ਸਭ ਬੇਅੰਤ ਸਿੰਘ ਸਰਕਾਰ (1992-1997) ਸਮੇਂ ਹੀ ਸ਼ੁਰੂ ਹੋ ਗਿਆ ਸੀ। ਰਾਖਵੇਂਕਰਨ ਦੀ ਸੰਵਿਧਾਨਕ ਵਿਵਸਥਾ ਵਿਚ ਦਲਿਤ ਸ਼੍ਰਣੀਆਂ ਅਤੇ ਔਰਤਾਂ ਨੂੰ ਸੀਟਾਂ ਦੇਣਾ ਸਿਆਸੀ ਪਾਰਟੀਆਂ ਦੀ ਮਜਬੂਰੀ ਤਾਂ ਹੈ ਪਰ ਸਿਆਸੀ ਗਲਬੇ ਵਿਚ ਕੇਵਲ ਧਨਾਢਾਂ ਦਾ ਬੋਲਬਾਲਾ ਹੁੰਦਾ ਹੈ। ਰਾਖਵੇਂਕਰਨ ਕਾਰਨ ਬਣੇ ਐੱਮਪੀ ਨਾਲੋਂ ਇੱਥੇ ਧਨਾਢ ਐੱਮਐੱਲਏ ਨੂੰ ਸਿਆਸੀ ਤੌਰ ’ਤੇ ਵਧੇਰੇ ਤਾਕਤਵਰ ਦੇਖਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਸਥਾਨਕ ਸੰਸਥਾਵਾਂ ਵਿਚ ਅਹੁਦੇ ਭਾਵੇਂ ਦਲਿਤਾਂ ਅਤੇ ਔਰਤਾਂ ਕੋਲ ਹੁੰਦੇ ਹਨ ਪਰ ਹਕੂਮਤ ਇੱਥੇ ਵੀ ਧਨਾਢਾਂ ਅਤੇ ਆਦਮੀਆਂ ਦੀ ਹੀ ਚੱਲਦੀ ਹੈ। ਪਿੰਡਾਂ ਵਿਚ ਆਮ ਲੋਕਾਂ ਨੂੰ ਕੰਮ ਕਰਵਾਉਣ ਵਾਸਤੇ ਸਰਪੰਚ ਦੇ ਕੋਲ ਨਹੀਂ ਸਗੋਂ ਸਰਪੰਚ ਦੇ ‘ਆਕਾ’ ਦੇ ਘਰ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਸਰਕਾਰੇ ਦਰਬਾਰੇ ਅਹੁਦੇਦਾਰ ਔਰਤਾਂ ਦੀ ਥਾਂ ਉਨ੍ਹਾਂ ਦੇ ਪਤੀ, ਪੁੱਤਰ ਆਦਿ ਜਾ ਕੇ ਆਪਣੇ ਆਪ ਨੂੰ ਸਰਪੰਚ, ਪ੍ਰਧਾਨ, ਕੌਸਲਰ, ਮੇਅਰ ਆਦਿ ਦੇ ਤੌਰ ’ਤੇ ਪੇਸ਼ ਕਰਦੇ ਹਨ।
ਵਰਤਮਾਨ ਸਮੇਂ ਦੇ ਸਿਆਸੀ ਬਦਲਾਓ ਸਦਕਾ ਆਦਿ ਕਾਲ ਦੀ ਸਮਾਜਿਕ ਵੰਡੀ ਵਧੇਰੇ ਮਜ਼ਬੂਤ ਹੀ ਨਹੀਂ ਹੋਈ ਸਗੋਂ ਲਕੀਰ ਵੀ ਖਿੱਚੀ ਗਈ ਹੈ। ਕੇਂਦਰ ਸਰਕਾਰ ਦੇ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੇ ਭਾਵੇਂ ਕਿਸਾਨਾਂ ਵਿਚ ਚੇਤਨਾ ਲਿਆਉਣ ਦਾ ਕਾਰਜ ਕੀਤਾ ਹੈ ਪਰ ਜਿਵੇਂ ਹੀ ਹੁਣ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਤਿਵੇਂ ਹੀ ਕਈ ਤਰ੍ਹਾਂ ਦੇ ਖ਼ਦਸ਼ੇ ਸਾਹਮਣੇ ਆਉਣ ਲੱਗ ਪਏ ਹਨ। ਪੰਜਾਬ ਦੀ ਧਨਾਢ ਕਿਸਾਨੀ ਕਿਉਂਕਿ ਆਮ ਤੌਰ ’ਤੇ ਕਿਸਾਨੀ ਸੰਘਰਸ਼ ਵਿਚ ਅਣਸਰਦਾ ਹਿੱਸਾ ਪਾਉਂਦੀ ਰਹੀ ਹੈ, ਇਸ ਲਈ ਡਰ ਹੈ ਕਿ ਕਿਧਰੇ ਆਉਣ ਵਾਲੇ ਦਿਨਾਂ ਵਿਚ ਇਹ ਆਮ ਕਿਸਾਨ (ਤੇ ਮਜ਼ਦੂਰ) ਨੂੰ ਵਹਿਣ ਵਿਚ ਵਹਾਉਣ ਦਾ ਕੰਮ ਨਾ ਕਰ ਦੇਵੇ। ਧਨਾਢ ਕਿਸਾਨੀ ਅਤੇ ਸਿਆਸਤ ਦੀ ਆਪਸੀ ਗੰਢ-ਤੁੱਪ ਕਿਸੇ ਤਰ੍ਹਾਂ ਲੁਕੀ ਹੋਈ ਨਹੀਂ ਹੈ, ਇਸ ਲਈ ਇਹ ਆਪਣਾ ਰੰਗ ਦਿਖਾ ਸਕਦੀ ਹੈ। ਸਿਆਸਤਦਾਨਾਂ ਵਾਸਤੇ ਚੋਣਾਂ ਹੁਣ ਲੋਕਤੰਤਰੀ ਪ੍ਰਕਿਰਿਆ ਨਾ ਹੋ ਕੇ ਪੈਸੇ ਦੇ ਬਲ ਨਾਲ ਹਕੂਮਤ ਹਥਿਆਉਣ ਵਾਲੀ ਕਾਰਵਾਈ ਬਣ ਚੁੱਕੀ ਹੈ। ਇਸ ਲਈ ਇਹ ਭਵਿੱਖ ਵਿਚ ਸਮਾਜਿਕ ਤਾਣੇ-ਬਾਣੇ ਨੂੰ ਹੋਰ ਉਲਝਾਉਣ ਦਾ ਕੰਮ ਕਰੇਗੀ। ਲੋੜ ਚਿੰਤਾ ਅਤੇ ਚਿੰਤਨ ਕਰਦਿਆਂ ਇਸ ਆਏ ਹੋਏ ਬਦਲਾਓ ਨੂੰ ਠੱਲ੍ਹ ਪਾਉਣ ਦੀ ਹੈ।
ਸੰਪਰਕ: 95010-20731