ਕਰੋਨਾ ਦੌਰਾਨ ਵਿਦਿਅਕ ਸੈਸ਼ਨ ਲਈ ਵਿਚਾਰਨਯੋਗ ਨੁਕਤੇ

ਕਰੋਨਾ ਦੌਰਾਨ ਵਿਦਿਅਕ ਸੈਸ਼ਨ ਲਈ ਵਿਚਾਰਨਯੋਗ ਨੁਕਤੇ

ਸੁਖਦੇਵ ਸਿੰਘ ਪੰਜਰੁੱਖਾ

ਕੋਵਿਡ-19 ਕਾਰਨ ਸਮੁੱਚੇ ਵਿਸ਼ਵ ਦੇ ਹਰ ਦੇਸ਼ ਨੂੰ ਬਹੁਪਸਾਰੀ ਨੁਕਸਾਨ ਹੋਇਆ ਹੈ। ਲੱਖਾਂ ਦੀ ਗਿਣਤੀ ’ਚ ਕੀਮਤੀ ਜਾਨਾਂ ਚਲੀਆਂ ਗਈਆਂ। ਬਹੁਤ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੋਇਆ। ਸਮਾਜਿਕ, ਸਭਿਆਚਾਰਕ, ਮਾਨਸਿਕ ਦਬਾਅ ਕਾਰਨ ਭਿਆਨਕ ਸਮੱਸਿਆਵਾਂ ਪੈਦਾ ਹੋਈਆਂ ਅਤੇ ਲਗਾਤਾਰ ਹੋ ਰਹੀਆਂ ਹਨ। ਇਸ ਤਰ੍ਹਾਂ ਸਿੱਖਿਆ ਖੇਤਰ ਵੀ ਇਸ ਤੋਂ ਅਛੂਤ ਨਹੀਂ ਰਿਹਾ। ਭਾਵੇਂ ਆਨਲਾਈਨ ਸਿੱਖਿਆ ਦੇਣ ਲਈ ਸਮੁੱਚੇ ਵਿਸ਼ਵ ਦੀ ਤਰਜ਼ ’ਤੇ ਸਿੱਖਿਆ ਵਿਭਾਗ ਪੰਜਾਬ ਦੁਆਰਾ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸਮੁੱਚੇ ਸਿੱਖਿਆ ਵਿਭਾਗ ਦੇ ਹਰ ਅਧਿਕਾਰੀ ਅਤੇ ਕਰਮਚਾਰੀ ਵੱਲੋਂ ਆਪਣੀ ਸਮਰੱਥਾ ਤੋਂ ਵਧ ਕੰਮ ਕਰ ਕੇ ਵਿਦਿਆਰਥੀਆ ਦੇ ਹਿੱਤਾ ਲਈ ਸਲਾਘਾਯੋਗ ਯੋਗਦਾਨ ਪਾਇਆ। ਇੱਥੋਂ ਤੱਕ ਕੇ ਐਤਵਾਰ ਅਤੇ ਗਜਟਿਡ ਛੁੱਟੀਆਂ ਦੌਰਾਨ ਵੀ ਆਨਲਾਈਨ ਪੜ੍ਹਾਈ ਵਿੱਚ ਨਾਗਾ ਨਹੀਂ ਪੈਣ ਦਿੱਤਾ। ਹੁਣ ਨੌਂਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਸਾਹਸੀ ਫ਼ੈਸਲਾ ਲੈ ਕੇ ਪੂਰੀਆਂ ਸਾਵਧਾਨੀਆਂ ਸਹਿਤ ਸਕੂਲ ਖੋਲ੍ਹੇ ਗਏ ਹਨ। ਸਮੁੱਚਾ ਸਟਾਫ਼ ਸਕੂਲਾਂ ਵਿੱਚ ਹਾਜ਼ਰ ਹੋ ਰਿਹਾ ਹੈ ਪਰ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਮਿਲ ਰਿਹਾ ਮੱਠਾ ਹੁੰਗਾਰਾ, ਕੁੱਝ ਚਿੰਤਤ ਵੀ ਕਰਦਾ ਹੈ ਪਰ ਬੱਚਿਆ ਦੀ ਸੁਰੱਖਿਆ ਲਈ ਮਾਪਿਆ ਦੀ ਚਿੰਤਾ ਵੀ ਜਾਇਜ਼ ਹੈ। ਇਨ੍ਹਾਂ ਸਾਰੀਆਂ ਮਜਬੂਰੀਆਂ ਦੇ ਚੱਲਦੇ ਇਸ ਸੈਸ਼ਨ 2020-21 ਵਿੱਚ ਕਿਸੇ ਵੀ ਪੱਧਰ ਦੀ ਅਕਾਦਮਿਕ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਕੁੱਝ ਮਹੱਤਵਪੂਰਨ ਨੁਕਤੇ ਹਨ, ਜਿਨ੍ਹਾਂ ਨੂੰ ਸਮਝਣਾ ਅਤੇ ਉਨ੍ਹਾਂ ’ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਇਸ ਸਮੇਂ ਕੀਤੀ ਗਈ ਲਾਪਰਵਾਹੀ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਮਾਰੂ ਹੋ ਸਕਦੀ ਹੈ।

ਜੇਕਰ ਪਿਛਲੇ ਸੈਸ਼ਨ 2019-20 ਦੀ ਗੱਲ ਕਰੀਏ ਤਾਂ ਕੋਵਿਡ-19 ਦੇ ਕਾਰਨ ਹਰ ਪੱਧਰ ਦੀਆਂ ਸਾਲਾਨਾ ਪ੍ਰੀਖਿਆਵਾਂ ਨਾ ਸਿਰਫ ਰੱਦ ਹੀ ਕਰਨੀਆਂ ਪਈਆਂ , ਸਗੋਂ ਨਾ ਚਾਹੁੰਦੇ ਹੋਏ ਵੀ ਆਂਤਰਿਕ ਮੁਲਾਂਕਣ ਅਤੇ ਕੁੱਝ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿੱਚੋਂ ਪ੍ਰਾਪਤ ਅੰਕਾਂ ਦੀ ਔਸਤ ਦੇ ਆਧਾਰ ’ਤੇ, ਬਿਨਾਂ ਸਾਲਾਨਾ ਪ੍ਰੀਖਿਆਵਾਂ ਲਏ ਨਤੀਜੇ ਐਲਾਨੇ ਗਏ। ਇਸ ਮਾਨਸਿਕ ਦਬਾਅ ਵਾਲੇ ਮਾਹੌਲ ਦੇ ਚੱਲਦੇ, ਵਿਦਿਆਰਥੀਆਂ ਪ੍ਰਤੀ ਹਮਦਰਦੀ ਦੀ ਭਾਵਨਾ ਨਾਲ ਐਲਾਨੇ ਨਤੀਜਿਆਂ ਵਿੱਚ, ਇੱਕ ਅਹਿਮ ਨੁਕਤਾ ਸਾਹਮਣੇ ਆਇਆ ਕਿ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਅਤੇ ਸੰਸਥਾਵਾਂ ਦੇ ਸਮੁੱਚੇ ਨਤੀਜਿਆਂ ਵਿੱਚ 15-20 ਫ਼ੀਸਦ ਉਭਾਰ ਸਾਹਮਣੇ ਆਇਆ। ਸੰਖੇਪ ਵਿੱਚ ਕਹਿ ਸਕਦੇ ਹਾਂ ਕਿ 50-60 ਫ਼ੀਸਦ ਅੰਕ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਵੀ 75-80 ਫ਼ੀਸਦ ਵਾਲੀ ਕਤਾਰ ਵਿੱਚ ਜਾ ਖੜਾ ਹੋ ਗਿਆ।

ਮੌਜੂਦਾ ਪ੍ਰਸਥਿਤੀਆਂ: ਇਸ ਸੈਸ਼ਨ 2020-21 ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਕੋਵਿਡ ਦਾ ਪ੍ਰਭਾਵ ਅਕਾਦਮਿਕ ਤੌਰ ’ਤੇ ਬਹੁਤ ਮਾਰੂ ਸਾਬਿਤ ਹੋਵੇਗਾ ਕਿਉਂਕਿ ਇੱਕ ਤਾਂ ਇਸ ਸੈਸ਼ਨ ਦਾ ਦੋ ਤਿਹਾਈ ਭਾਗ ਲੌਕਡਾਊਨ ਦੇ ਚੱਲਦੇ ਵਿਦਿਆਰਥੀ ਸਕੂਲਾਂ ਤੋਂ ਬਾਹਰ ਆਪਣੇ ਘਰ ਹੀ ਰਹੇ ਹਨ। ਘਰਾਂ ਵਿੱਚ ਬੱਚਿਆਂ ਲਈ ਸਹੀ ਵਿੱਦਿਅਕ ਮਾਹੌਲ ਅਤੇ ਅਗਵਾਈ ਦੀ ਘਾਟ ਦੇ ਚੱਲਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਆਉਣ ਵਾਲੀ ਕਮੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਦੂਜਾ ਆਨਲਾਈਨ ਪੜ੍ਹਾਈ ਲਈ ਵਿਦਿਆਰਥੀਆਂ ਦੇ ਹੱਥਾਂ ਵਿੱਚ ਆਏ ਸਮਾਰਟ ਫ਼ੋਨ ਵੀ ਵਿਦਿਆਰਥੀਆਂ ਦੀ ਇਕਾਗਰਤਾ ਭੰਗ ਕਰ ਕੇ , ਉਨ੍ਹਾਂ ਨੂੰ ਫਾਇਦਾ ਘੱਟ ਪਰ ਨੁਕਸਾਨ ਜ਼ਿਆਦਾ ਕਰ ਰਹੇ ਹਨ। ਇਸ ਦਾ ਵੀ ਵਿਦਿਆਰਥੀਆਂ ਦੀ ਕਾਰਗੁਜ਼ਾਰੀ ’ਤੇ ਜ਼ਰੂਰ ਮਾੜਾ ਅਸਰ ਪਵੇਗਾ। ਤੀਜਾ ਆਨਲਾਈਨ ਪੜ੍ਹਾਈ ਦੇ ਚੱਲਦੇ ਵਿਦਿਆਰਥੀਆਂ ਵਿੱਚ ਲਿਖਣ ਦਾ ਅਭਿਆਸ ਘਟਿਆ ਅਤੇ ਨਕਲ ਦਾ ਰੁਝਾਨ ਵਧਿਆ ਹੈ। ਚੌਥਾ ਕੌੜਾ ਸੱਚ ਇਹ ਵੀ ਹੈ ਕਿ ਆਨਲਾਈਨ ਪੜ੍ਹਾਈ ਲਈ ਵਰਤੇ ਵੱਖ ਵੱਖ ਸੋਮਿਆਂ ਦੇ ਬਾਵਜੂਦ ਬਹੁਤ ਸਾਰੇ ਵਿਦਿਆਰਥੀ ਅਜਿਹੇ ਵੀ ਹਨ, ਜਿਨ੍ਹਾਂ ਕੋਲ ਕੋਈ ਵੀ ਸਾਧਨ ਨਾ ਹੋਣ ਕਾਰਨ , ਉਹ ਅਜੇ ਤੱਕ ਵੀ ਵਿੱਦਿਅਕ ਪੱਖੋਂ ਕੋਰੇ ਹੀ ਹਨ। ਪੰਜਵਾਂ ਇਹ ਵੀ ਸੱਚ ਹੈ ਕਿ ਲੌਕਡਾਊਨ ਦੇ ਦੌਰਾਨ ਬਹੁਤ ਸਾਰੇ ਬੱਚੇ ਪਰਿਵਾਰ ਦੀ ਆਰਥਿਕ ਮੰਦਹਾਲੀ ਦੇ ਚੱਲਦੇ ਛੋਟੇ ਮੋਟੇ ਕੰਮਾਂ ’ਤੇ ਲੱਗਣ ਕਾਰਨ ਪੜ੍ਹਨ ਵੱਲੋਂ ਅਵੇਸਲੇ ਹੋ ਗਏ। ਇਨ੍ਹਾਂ ਸਮੁੱਚੀਆਂ ਪਰਸਥਿਤੀਆਂ ਦੇ ਚੱਲਦੇ ਚੱਲਦੇ ਹਰ ਵਿਦਿਆਰਥੀ ਦੀ ਔਸਤ ਕਾਰਗੁਜ਼ਾਰੀ ਵਿੱਚ 15-20 ਫ਼ੀਸਦ ਕਮੀ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ।

ਭਵਿੱਖੀ ਪ੍ਰਭਾਵ: ਇਸ 2020-21 ਦੇ ਅਕਾਦਮਿਕ ਸੈਸ਼ਨ ਵਿੱਚ ਟਰਮੀਨਲ ਜਮਾਤਾਂ ਖ਼ਾਸ ਕਰ ਕੇ ਦਸਵੀਂ, ਬਾਰ੍ਹਵੀਂ, ਗਰੈਜੂਏਟ, ਪੋਸਟ ਗਰੈਜੂਏਟ ਅਤੇ ਪ੍ਰੋਫੈਸ਼ਨਲ ਕੋਰਸਾਂ ਦੇ ਅੰਤਿਮ ਸਾਲ ਵਿੱਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਦੇ ਸਾਲਾਨਾ ਅੰਕਾਂ ਵਿੱਚ ਕਮੀ ਆਉਣੀ ਸੁਭਾਵਿਕ ਹੈ। ਇਹ ਵੀ ਸੱਚ ਹੈ ਕਿ ਇਨ੍ਹਾਂ ਕਲਾਸਾਂ ਵਿੱਚ ਪ੍ਰਾਪਤ ਅੰਕਾਂ ਦੀ ਫ਼ੀਸਦ ਦਾ ਸਿੱਧਾ ਅਸਰ ਅਗਲੇ ਪੱਧਰ ਦੇ ਦਾਖਲਿਆਂ ਦੀ ਮੈਰਿਟ ਦੇ ਨਾਲ ਨਾਲ ਨਵੇ ਰੁਜ਼ਗਾਰ ਦੀ ਪ੍ਰਾਪਤੀ ’ਤੇ ਵੀ ਪਵੇਗਾ ਕਿਉਂਕਿ ਰੁਜ਼ਗਾਰ ਜਾਂ ਨੌਕਰੀ ਦੇਣ ਸਮੇਂ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਜ਼ਿਆਦਾਤਰ ਨੰਬਰਾਂ ਦੀ ਫ਼ੀਸਦ ਦੇ ਆਧਾਰ ’ਤੇ ਹੀ ਫ਼ੈਸਲਾ ਕੀਤਾ ਜਾਂਦਾ ਹੈ। ਇਸ ਲਈ ਇਨ੍ਹਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਵੀ ਭਵਿੱਖੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਕੀ ਕੀਤਾ ਜਾਵੇ? : ਸਭ ਤੋਂ ਪਹਿਲਾਂ ਅਤੇ ਜ਼ਰੂਰੀ ਕਦਮ ਇਹ ਹੈ ਕਿ ਜਿੰਨੀ ਜਲਦੀ ਸੰਭਵ ਹੋਵੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਸਮੁੱਚੀਆਂ ਸਾਵਧਾਨੀਆਂ ਸਹਿਤ ਖੋਲ੍ਹਣ ਲਈ ਲੋੜੀਂਦਾ ਸਾਹਸੀ ਫ਼ੈਸਲਾ ਲਿਆ ਜਾਵੇ। ਦੂਜਾ ਕਦਮ ਇਹ ਹੋਵੇ ਕਿ ਮਾਪਿਆਂ ਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਬੱਚਿਆ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਭੇਜਣ ਲਈ ਪ੍ਰੇਰਿਤ ਕੀਤਾ ਜਾਵੇ।ਤੀਸਰਾ ਸਭ ਤੋਂ ਮੁਸ਼ਕਲ ਅਤੇ ਮਹੱਤਵਪੂਰਨ ਕਦਮ ਹੈ ਵਿਦਿਆਰਥੀਆਂ ਨੂੰ ਬਹੁਤ ਸਾਵਧਾਨੀ ਨਾਲ, ਮਨੋਵਿਗਿਆਨਕ ਪਹੁੰਚ ਰਾਹੀਂ ਸੋਸ਼ਲ ਮੀਡੀਆ ਦੇ ਪ੍ਰਭਾਵ ਤੋਂ ਪੜਾਅਵਾਰ ਬਾਹਰ ਲਿਆ ਕੇ ਆਫਲਾਈਨ ਭਾਵ ਕਲਾਸ ਦੇ ਕਮਰੇ ਤੱਕ ਲਿਆਂਦਾ ਜਾਵੇ। ਇਸ ਕੰਮ ਲਈ ਵਿੱਦਿਅਕ ਅਦਾਰਿਆਂ ਵਿੱਚ ਖੇਡ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਚੌਥਾ ਕਦਮ ਸਿੱਖਿਆ ਵਿਭਾਗ ਵੱਲੋਂ ਅਹਿਮ ਕਦਮ ਚੁੱਕਦੇ ਹੋਏ ਇਸ ਸਾਲ ਦੇ ਅਕਾਦਮਿਕ ਸੈਸ਼ਨ ਨੂੰ ਇਕੱਤੀ ਮਾਰਚ ਤੋਂ ਅੱਗੇ ਵਧਾਉਣ ਅਤੇ ਸਿਲੇਬਸ ਨੂੰ ਘੱਟ ਕਰਨ ਲਈ ਢੁੱਕਵਾਂ ਫ਼ੈਸਲਾ ਜਲਦੀ ਕੀਤਾ ਜਾਣਾ ਚਾਹੀਦਾ ਹੈ। ਪੰਜਵਾਂ ਕਦਮ ਸਮੁੱਚੇ ਅਧਿਆਪਨ ਕਾਰਜ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪਹਿਲਾਂ ਕੀਤੇ ਜਾ ਰਹੇ ਸੁਹਿਰਦ ਤੇ ਸਮਰਪਿਤ ਯਤਨਾਂ ਨੂੰ ਹੋਰ ਜ਼ਿਆਦਾ ਦ੍ਰਿੜਤਾ ਅਤੇ ਇਮਾਨਦਾਰੀ ਨਾਲ ਕੋਸ਼ਿਸ਼ ਕਰਦੇ ਹੋਏ ਆਪਣੀ ਸਮਰੱਥਾ ਅਤੇ ਸੀਮਾਵਾਂ ’ਤੇ ਅੱਗੇ ਵੱਧ ਕੇ ਵਿਦਿਆਰਥੀਆਂ ਦੇ ਹਿੱਤਾਂ ਖਾਤਰ ਭਰਪੂਰ ਕੋਸ਼ਿਸ਼ ਕਰਨੀ ਹੋਵੇਗੀ। ਛੇਵਾਂ ਅਹਿਮ ਕਦਮ ਹੈ ਕਿ ਇਸ ਅਕਾਦਮਿਕ ਸਾਲ ਦੌਰਾਨ ਹੋਣ ਵਾਲ਼ੀਆਂ ਸਮੁੱਚੀਆਂ ਪ੍ਰੀਖਿਆਵਾਂ ਦਾ ਮੁਲਾਂਕਣ ਕਰਨ ਸਮੇਂ ਸਾਰੀਆਂ ਪ੍ਰਸਥਿਤੀਆਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਢੁੱਕਵੇਂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਸੱਤਵਾਂ ਅਹਿਮ ਕਦਮ ਜੋ ਸਿਰਫ ਇਸ ਅਕਾਦਮਿਕ ਸੈਸ਼ਨ ਲਈ ਨਹੀਂ ਸਗੋਂ ਸਮੁੱਚੇ ਅਧਿਆਪਨ ਕਰੀਅਰ ਦੌਰਾਨ ਜ਼ਰੂਰੀ ਹੈ ਕਿ ਅਧਿਆਪਕਾਂ ਨੂੰ ਡਾਟਾ ਐਂਟਰੀ, ਕਲੈਰੀਕਲ, ਗਰਾਂਟਾ ਖ਼ਰਚਣ ਅਤੇ ਹੋਰ ਗ਼ੈਰ ਜ਼ਰੂਰੀ ਕਾਗਜ਼ੀ-ਕਾਰਵਾਈਆ ਦੀ ਥਾਂ ਸਿਰਫ ਅਧਿਆਪਨ ਤੱਕ ਸੀਮਤ ਰੱਖਿਆਂ ਜਾਵੇ। ਭਾਵ ਅਧਿਆਪਕਾਂ ਨੂੰ ਸਿਰਫ ਤੇ ਸਿਰਫ ਅਧਿਆਪਨ ਕਾਰਜ ਲਈ ਧਿਆਨ ਕੇਂਦਰਿਤ ਕਰਨ ਦੀ ਸੁਤੰਤਰਤਾ ਦਿੱਤੀ ਜਾਵੇ।

ਭਾਵੇਂ ਕਿ ਮੌਜੂਦਾ ਮਾਨਸਿਕ ਦਬਾਅ ਵਾਲੇ ਮਾਹੌਲ ਵਿੱਚ ਅਧਿਆਪਕ ਇੱਕ ਪਾਸੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸਿਹਤ ਸੁਰੱਖਿਆ ਕਾਰਨ ਚਿੰਤਤ ਹਨ। ਉੱਥੇ ਦੂਜੇ ਪਾਸੇ ਵਿਦਿਆਰਥੀਆਂ ਦੇ ਹੋ ਰਹੇ ਅਕਾਦਮਿਕ ਨੁਕਸਾਨ ਲਈ ਵੀ ਫਿਕਰਮੰਦ ਹਨ। ਅਜਿਹੀਆਂ ਪ੍ਰਸਥਿਤੀਆਂ ਦੇ ਚੱਲਦੇ ਵੀ ਸਮੁੱਚੇ ਅਧਿਆਪਕ ਬਿਨਾਂ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਲਗਾਤਾਰ ਸਕੂਲਾਂ ਵਿੱਚ ਹਾਜ਼ਰ ਵੀ ਹੋ ਰਹੇ ਹਨ ਅਤੇ ਆਨਲਾਈਨ ਪੜ੍ਹਾਈ ਲਈ ਵੀ ਕੰਮ ਕਰ ਰਹੇ ਹਨ। ਇਸ ਲਈ ਅਧਿਆਪਕਾਂ ਨੂੰ ਪੂਰੀ ਸੁਤੰਤਰਤਾ ਦਿੰਦੇ ਹੋਏ, ਆਪਣੀ ਮਰਜ਼ੀ ਨਾਲ ਕੰਮ ਕਰਨ ਲਈ ਢੁਕਵਾਂ ਭੈਅ ਰਹਿਤ ਮਾਹੌਲ ਪੈਦਾ ਕਰਨਾ ਵੀ ਸਮਾਜ ਅਤੇ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ।

ਸੰਪਰਕ: 7888892342

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All