ਸਾਹਿਤ ਅਤੇ ਸੰਵੇਦਨਾ

ਹਰਿਭਜਨ ਸਿੰਘ ਦੀ ਕਾਵਿ ਸੰਵੇਦਨਾ

ਹਰਿਭਜਨ ਸਿੰਘ ਦੀ ਕਾਵਿ ਸੰਵੇਦਨਾ

ਜਨਮ: 18 ਅਗਸਤ 1920

ਤੇਜਵੰਤ ਸਿੰਘ ਗਿੱਲ

ਪਿਛਲੀ ਸਦੀ ਦੇ ਪੰਜਵੇਂ ਦਹਾਕੇ ਦਾ ਅੱਧ ਸੀ ਜਦੋਂ ਪਹਿਲੀ ਵਾਰ ਡਾ. ਹਰਿਭਜਨ ਸਿੰਘ ਦੀ ਕਾਵਿਕ ਆਵਾਜ਼ ਸੁਣਾਈ ਦੇਣ ਲੱਗੀ। ਨਵ-ਪ੍ਰਗਤੀਵਾਦ, ਸ਼ਕਤੀਵਾਦ ਅਤੇ ਪ੍ਰਯੋਗਵਾਦ ਦੇ ਰੌਲੇ ਰੱਪੇ ਨੂੰ ਸਮਰਪਿਤ ਹੋ ਕੇ ਲਫ਼ਜ਼ਾਂ ਨੂੰ ਇੱਟਾਂ ਵੱਟਿਆਂ ਵਾਂਗ ਵਰਤਣ ਦੀ ਜੋ ਪ੍ਰਥਾ ਬਣ ਗਈ ਸੀ, ਉਸ ਨੂੰ ਨਕਾਰਨ ਦਾ ਇਹ ਪ੍ਰਬਲ ਯਤਨ ਸੀ। ਬਚਪਨ ਵਿਚ ਹੀ ਮਾਤਾ ਪਿਤਾ ਦੇ ਲਾਡ ਪਿਆਰ ਤੋਂ ਵਿਹੂਣਾ ਹੋ ਕੇ ਜਿਵੇਂ ਉਸ ਨੇ ਲਾਚਾਰ ਰਹਿਣ ਦੀ ਥਾਂ ਪ੍ਰਬਲ ਬਣਨ ਦਾ ਮਨ ਬਣਾਇਆ, ਇਸ ਦਾ ਪ੍ਰਮਾਣ ਲੁਕਿਆ ਛਿਪਿਆ ਨਹੀਂ ਸੀ। ਖ਼ੁਦ ਨੂੰ ‘ਇਹ ਇਕ ਤਾਰਾ ਹੋਰ’ ਨਾਮੀ ਕਥਨ ਰਾਹੀਂ ਉਜਾਗਰ ਕਰਨ ਵਿਚ ਉਸ ਨੂੰ ਕੋਈ ਉਜਰ ਨਹੀਂ ਸੀ। ਉਜਰ ਤਾਂ ਹੁੰਦਾ ਜੇ ਇਹ ਸਪਾਟ ਜਹੇ ਕਥਨ ਤੱਕ ਸੀਮਤ ਹੋ ਕੇ ਰਹਿ ਜਾਂਦਾ। ਇਹ ਅਜਿਹੀ ਜੁਗਤ ਹੋ ਨਿਬੜੀ ਜੋ ਇਕ ਪਾਸੇ ਨਿਰੀ ਕਾਰੀਗਰੀ ਅਤੇ ਦੂਜੇ ਪਾਸੇ ਆਪ-ਹੁਦਰੇ ਪ੍ਰਗਟਾ ਦੇ ਘਾਟੇ ਵਾਧੇ ਤੋਂ ਪੂਰੀ ਤਰ੍ਹਾਂ ਚੇਤੰਨ ਸੀ। ‘ਲਾਸਾਂ’ ਤੋਂ ਚੱਲ ਕੇ ‘ਨਾ ਧੁੱਪੇ ਨਾ ਛਾਵੇਂ’ ਤੇ ‘ਸੜਕ ਦੇ ਸਫ਼ੇ ’ਤੇ’ ਤਕ ਦੀ ਕਾਵਿ ਰਚਨਾ ਉਸ ਦੀ ਉੱਤਮ ਕਲਾਕਾਰੀ ਦਾ ਨਤੀਜਾ ਹੈ। ਇਨ੍ਹਾਂ ਵਿਚ ਸ਼ਾਮਿਲ ਕਵਿਤਾਵਾਂ ਵਿਚ ਭਾਵਾਂ ਅਤੇ ਭਾਵਨਾਵਾਂ ਦਾ ਵਿਸ਼ਾਲ ਪ੍ਰਗਟਾ ਪੇਸ਼ ਹੈ। ਭਾਵਾਂ ਨੂੰ ਉਤੇਜਨਾ ਅਤੇ ਬੁੱਧੀ ਨੂੰ ਪ੍ਰੇਰਨਾ ਦੇਣ ਵਿਚ ਇਹ ਸਹਿਕ ਸਕੰਦੜੇ ਢੰਗ ਨਾਲ ਸਫ਼ਲ ਹਨ। ਨਿਰੋਲ ਸਵੈ-ਪ੍ਰਗਟਾਵਾ ਵੀ ਉਨ੍ਹਾਂ ਦਾ ਸਾਰ ਬਣ ਕੇ ਨਹੀਂ ਰਹਿ ਜਾਂਦਾ। ਉਨ੍ਹਾਂ ਵਿਚ ਕਲਮਬੰਦ ਹੋਏ ਭਾਵਾਂ ਮਨੋਭਾਵਾਂ ਦੀ ਥਾਹ ਪਾਉਣ ਲਈ ਡਾ. ਹਰਿਭਜਨ ਸਿੰਘ ਨੂੰ ਰਚਨਾਕਾਰ ਮੰਨ ਕੇ ਉਸ ਦੇ ਜਾਤੀ ਅਨੁਭਵ ਤੱਕ ਇਨ੍ਹਾਂ ਨੂੰ ਸੁੰਗੇੜ ਦੇਣਾ ਕਾਫ਼ੀ ਨਹੀਂ। ਇਹ ਵਕਤਾ ਦੇ ਭਾਵਾਂ ਮਨੋਭਾਵਾਂ ਦਾ ਪ੍ਰਗਟਾ ਹਨ ਜਿਹੜਾ ਕੁਝ ਸੀਮਾ ਤੱਕ ਹੀ ਕਵੀ ਦੇ ਆਪੇ ਦਾ ਪ੍ਰਤੀਬਿੰਬ ਹੈ। ਵਕਤਾ ਨੂੰ ਘੜਨ ਵਿਚ ਕਵੀ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਨਾਲੋਂ, ਅਧਿਐਨ ਅਤੇ ਚਿੰਤਨ ਸਹਾਰੇ ਜੋ ਉਸ ਨੇ ਆਤਮਸਾਤ ਕੀਤਾ ਹੈ, ਉਸਦਾ ਮਹੱਤਵ ਵਧੇਰੇ ਹੈ। ਇਸ ਸਭ ਕੁਝ ਦੀ ਥਾਹ ਪਾਉਣ ਖਾਤਰ ਪਾਠਕ ਨੂੰ ਵੀ ਸਰੋਤਾ ਬਣਨਾ ਜ਼ਰੂਰੀ ਹੈ। ਕਵੀ, ਵਕਤਾ, ਸਰੋਤਾ ਦੀ ਤ੍ਰਿਕੜੀ ਹੈ ਜੋ ਇਨ੍ਹਾਂ ਕਵਿਤਾਵਾਂ ਨੂੰ ਸਮਝਣ ਲਈ ਲੋੜੀਂਦੀ ਹੈ। ਕਵੀ ਤੇ ਪਾਠਕ ਦੀ ਟੁਕੜੀ ਇਸ ਕੰਮ ਖਾਤਰ ਕਾਫ਼ੀ ਨਹੀਂ।

ਇਨ੍ਹਾਂ ਕਵਿਤਾਵਾਂ ਨੂੰ ਅਦੁੱਤੀ ਕਹਿਣ ਵਿਚ ਵੀ ਕੋਈ ਸੰਕੋਚ ਨਹੀਂ ਹੋ ਸਕਦਾ ਖ਼ਾਸ ਕਰਕੇ ਉਹ ਜਿਹੜੀਆਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ-ਅਨੁਭਵ ਨਾਲ ਸਬੰਧ ਰੱਖਦੀਆਂ ਹਨ। ਦੋਵਾਂ ਗੁਰੂ ਸਾਹਿਬਾਨ ਬਾਰੇ ਲਿਖੀਆਂ ਇਹ ਕਵਿਤਾਵਾਂ ਤੋਲ-ਤੁਕਾਂਤ ਵਿਚ ਬੱਝਣ ਦੀ ਥਾਂ ਲਫ਼ਜ਼ਾਂ ਦੇ ਵਹਾਉ ਵਿਚ ਵਗਦੀਆਂ, ਫੈਲਦੀਆਂ ਅਤੇ ਚਕ੍ਰਿੱਤ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਬਾਬਾ ਨਾਨਕ ਦੀਆਂ ਮਾਰੂਥਲ ਵਿਚ ਛੱਡੀਆਂ ਪੈੜਾਂ ਅਤੇ ਦਸਮੇਂ ਪਾਤਸ਼ਾਹ ਦੀ ਤਲਵਾਰ ਦੀ ਲਸ਼ਕੋਰ ਜੋ ਅਕਾਸ਼ ਤੋਂ ਲਿਸ਼ਕਦੀ ਬਿਜਲੀ ਨੂੰ ਵੀ ਮਾਤ ਪਾਉਂਦੀਆਂ ਜਾਪਦੀਆਂ ਹਨ, ਉਨ੍ਹਾਂ ਦੇ ਚਿੰਤਨ ਦਾ ਸਾਰ ਹੀ ਤਾਂ ਹੋ ਨਿਬੜਦੀਆਂ ਹਨ। ਲੋਕਬੋਧ ਵਿਚ ਪ੍ਰਚਲਿਤ ਕਥਾਵਾਂ ਤੇ ਨਿਰਭਰ ਹੋਣ ਨਾਲ ਇਨ੍ਹਾਂ ਕਵਿਤਾਵਾਂ ਵਿਚ ਇਹ ਪ੍ਰਚੰਡਤਾ ਨਹੀਂ ਸੀ ਸਮਾ ਸਕਦੀ। ਨਿਰੇ ਪੁਰੇ ਵਿਸ਼ਵਾਸ ਦੀਆਂ ਇਹ ਉਪਜ ਨਹੀਂ। ਅਧਿਐਨ ਰਾਹੀਂ ਗ੍ਰਹਿਣ ਕੀਤਾ ਗਿਆਨ ਇਨ੍ਹਾਂ ਵਿਚ ਰਚਿਆ ਹੋਇਆ ਪ੍ਰਤੀਤ ਹੁੰਦਾ ਹੈ।

ਜਿਸ ਇਕਾਗਰਤਾ ਨਾਲ ਇਹ ਅਮਲ ਨੇਪਰੇ ਚੜ੍ਹਦਾ ਹੈ ਉਸ ਵਿਚ ਓਪਰਾ ਕੁਝ ਵੀ ਪ੍ਰਤੀਤ ਨਹੀਂ ਹੁੰਦਾ। ਅਗਲੀਆਂ ਰਚਨਾਵਾਂ ‘ਮੱਥਾ ਦੀਵੇ ਵਾਲਾ’ ਅਤੇ ‘ਰੁੱਖ ਤੇ ਰਿਸ਼ੀ’ ਵਿਚ ਇਹ ਅਮਲ ਹੋਰ ਵੀ ਪ੍ਰਤੱਖ ਹੋ ਜਾਂਦਾ ਹੈ। ਪ੍ਰਤੱਖ ਹੋਣ ਦੇ ਨਾਲ ਓਪਰਾ ਵੀ ਲੱਗਣ ਲੱਗ ਪੈਂਦਾ ਹੈ। ਕਾਰਨ ਸ਼ਾਇਦ ਇਹ ਹੈ ਕਿ ਸ੍ਰੋਤਾਂ ਦੇ ਦੇਸੀ ਹੋਣ ਦੇ ਨਾਲ, ਬਿਦੇਸ਼ੀ ਆਭਾ ਪ੍ਰਦਾਨ ਕਰਦਾ, ਦੁਫਾੜ ਜਹੀ ਪੈਦਾ ਕਰ ਦਿੰਦਾ ਹੈ। ‘ਰੁੱਖ ਤੇ ਰਿਸ਼ੀ’ ਦਾ ਮੂਲ ਤਾਂ ਗੌਤਮ ਬੁੱਧ ਦਾ ਤਿਆਗ ਹੈ, ਪਰ ਇਸ ਵਿਚ ਪੱਛਮੀ ਚਿੰਤਨ ਪ੍ਰਣਾਲੀਆਂ, ਅਸਤਿਤਵਵਾਦ ਅਤੇ ਨਿਰਾਸ਼ਾਵਾਦ ਆਦਿ ਦਾ ਦਖ਼ਲ ਬਿਰਤੀ ਨੂੰ ਭੰਗ ਕਰਦਾ ਚਲਾ ਜਾਂਦਾ ਹੈ। ਇਸੇ ਤਰ੍ਹਾਂ ‘ਮੱਥਾ ਦੀਵੇ ਵਾਲਾ’ ਵਿਚ ਵੀ ਟੀ.ਐਸ. ਇਲੀਅਟ ਦੀ ਮਹਾਨ ਕਾਵਿ-ਕਿਰਤ ਦੀ ਤਹਿ ’ਤੇ ਵਿਚਰਦੇ ਨੇਤਰਹੀਣ ਪੈਗੰਬਰ ਦਾ ਭੁਚੱਕਾ ਪੈਂਦਾ ਰਹਿੰਦਾ ਹੈ। ਨਿਰਸੰਦੇਹ, ਦੋਵਾਂ ਰਚਨਾਵਾਂ ਵਿਚ ਬੁੱਧੀ ਨੂੰ ਹਲੂਣਾ ਦੇਣ ਵਾਲਾ ਬਹੁਤ ਕੁਝ ਹੈ। ਕਵੀ ਦਾ ਸਾਹਸ ਪ੍ਰਸੰਸਾ ਦਾ ਅਧਿਕਾਰੀ ਹੈ, ਪਰ ਪਾਠਕ ਨੂੰ ਇਹ ਆਪਣੇ ਨਾਲ ਲੈ ਤੁਰੇ ਅਤੇ ਉਸ ਨੂੰ ਇਹ ਤੁਰਨਾ ਅਜਿਹਾ ਜਾਪੇ ਜਿਸ ਦਾ ਬਾਹਰੋਂ ਆਉਂਦਾ ਸੁਝਾਅ ਅੰਤਰ-ਪ੍ਰੇਰਨਾ ਹੋ ਨਿਬੜਦਾ ਹੈ, ਇਸ ਤੋਂ ਉਹ ਵਿਛੁੰਨਾ ਰਹਿ ਜਾਂਦਾ ਹੈ।

ਇਸ ਪ੍ਰਸੰਗ ਵਿਚ ਉਸ ਖੱਪੇ ਵੱਲੋਂ ਵੀ ਮੇਰਾ ਧਿਆਨ ਨਹੀਂ ਮੁੜਦਾ ਜਿਸ ਨੇ ਦੇਸੀ ਅਤੇ ਬਿਦੇਸ਼ੀ ਦੇ ਪਾੜੇ ਨੂੰ ਭਰ ਦੇਣਾ ਸੀ। ਉਹ ਸੀ ਇਸੇ ਰੌਂ ਵਿਚ ਗੁਰੂ ਅਰਜਨ ਬਾਰੇ ਕਾਵਿ ਕਿਰਤ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਨੂੰ ਆਧਾਰ ਬਣਾਇਆ ਜਾ ਸਕਦਾ ਸੀ। ਕਿੰਨੀਆਂ ਦਿਸ਼ਾਵਾਂ ਤੋਂ ਆਈਆਂ ਰਚਨਾਵਾਂ ਨੂੰ ਗੁਰੂ ਅਰਜਨ ਨੇ ਐਸੀ ਏਕਤਾ ਵਿਚ ਪਰੋਇਆ ਜਿਸ ਲਈ ਅਨੇਕਤਾ ਬਿਲਕੁਲ ਓਪਰੀ ਨਹੀਂ ਸੀ। ਇਸ ਸਬੰਧ ਵਿਚ ਕਬੀਰ ਬਾਣੀ ਦੇ ਸਭ ਤੋਂ ਸ੍ਰੇਸ਼ਟ ਪਰਖਕਾਰ ਪ੍ਰੋਫ਼ੈਸਰ ਦਿਵੇਦੀ ਦਾ ਕਥਨ ਯਾਦ ਆਉਂਦਾ ਕਿ ਕਬੀਰ ਦੀ ਜੋ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੈ ਉਸ ਬਾਰੇ ਕੋਈ ਸ਼ੰਕਾ ਨਹੀਂ ਹੋ ਸਕਦਾ। ਇਸ ਤੋਂ ਬਿਨਾਂ ਜੋ ਸੰਕਲਨ ਛਪੇ ਹਨ ਉਨ੍ਹਾਂ ਦੀ ਪ੍ਰਮਾਣਕਤਾ ਬਾਰੇ ਵਾਦ-ਵਿਵਾਦ ਹੋ ਸਕਦਾ। ਇਸੇ ਪ੍ਰਸੰਗ ਵਿਚ ਸ਼ੇਖ ਫਰੀਦ ਦੇ ਸਲੋਕਾਂ ਬਾਰੇ ਮੇਰਾ ਇਹ ਮੰਨਣਾ ਹੈ ਕਿ ਉਨ੍ਹਾਂ ਦੇ ਉੱਤਰ-ਅਧਿਕਾਰੀਆਂ ਕੋਲ ਮਹਿਫੂਜ਼ ਰਹਿਣ ਨਾਲ ਗਾਇਨ ਤਾਂ ਵਧੇਰੇ ਹੋਣਾ ਸੀ। ਪਰ ਉਹ ਗੁਣ-ਗਾਇਨ ਅਤੇ ਪੁਨਰ-ਮੁਲੰਕਣ ਜੋ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੋ ਕੇ ਸ਼ੇਖ ਸਾਹਿਬ ਦੇ ਸਲੋਕਾਂ ਦੇ ਹਿੱਸੇ ਆਇਆ, ਉਹ ਸੰਭਵ ਨਾ ਹੋ ਸਕਦਾ।

‘ਜੂਨ 1984’ ਨਾਮੀ ਕਾਵਿ-ਸੰਗ੍ਰਹਿ ਡਾ. ਹਰਿਭਜਨ ਸਿੰਘ ਦੇ ਦੇਹਾਂਤ ਉਪਰੰਤ ਪ੍ਰਕਾਸ਼ਿਤ ਹੋਇਆ। ਇਹ ਵੱਖਰੀ ਗੱਲ ਹੈ ਕਿ ਇਸ ਵਿਚ ਸ਼ਾਮਿਲ ਵੈਣ ਪੰਜਾਬ ਵਿਚ ਅਤਿਵਾਦ ਦੇ ਫੈਲਣ, ਇਸ ਨੂੰ ਦਬਾਉਣ ਦੀ ਆੜ ਹੇਠ ਪੰਜਾਬੀਆਂ, ਖ਼ਾਸ ਤੌਰ ’ਤੇ ਸਿੱਖਾਂ ’ਤੇ ਢੈਹਿਣ, ਦਰਬਾਰ ਸਾਹਿਬ ਵਿਚਲੇ ਰਵਾਇਤੀ ਵਾਤਾਵਰਨ, ਕੀਰਤਨ, ਭਾਈਚਾਰਕ ਸਾਂਝ ਅਤੇ ਰੂਹਾਨੀ ਤਰੰਗਾਂ ਨਾਲ ਸਰਸ਼ਾਰ ਉਦਾਲੇ ਨੂੰ ਭੰਗ ਕਰਨ ਦੀ ਮੁਹਿੰਮ ਨੇ ਭਿਅੰਕਰ ਰੂਪ ਅਖ਼ਤਿਆਰ ਕੀਤਾ। ਮਾਝੇ ਵਿਚ ਹੋਏ ਪਾਲਣ ਪੋਸ਼ਣ, ਪਰਵਾਨ ਚੜ੍ਹਨ ਅਤੇ ਵਿਲੱਖਣ ਪਛਾਣ ਦਾ ਹਾਣੀ ਬਣਨ ਉਪਰੰਤ, ਉਨ੍ਹਾਂ ਜਿੱਥੇ ਵੀ ਟਿਕਾਣਾ ਕੀਤਾ, ‘ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ’ ਦਾ ਅਹਿਸਾਸ ਅੰਗ ਸੰਗ ਰਿਹਾ। ਇਸ ਮੋਕਲੇ ਅਹਿਸਾਸ ਨੂੰ ਸੂਫ਼ੀ ਕਾਵਿ ਖ਼ਾਸ ਤੌਰ ’ਤੇ ਸ਼ਾਹ ਹੁਸੈਨ ਦੀ ਪ੍ਰੇਮ ਕੀੜਾ ਅਤੇ ਬੁੱਲ੍ਹੇ ਸ਼ਾਹ ਦੀ ਬੰਧਨ-ਮੁਕਤ ਸੰਵੇਦਨਾ ਦੀ ਪੂਰੀ ਦੇਣ ਸੀ। ਉਪਰ ਦਰਸਾਏ ਉਲਟ ਗੇੜ ਨੇ ਸਭ ਕੁਝ ਭੰਗ ਕਰ ਦਿੱਤਾ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਦਹਾਕਿਆਂ ਤੋਂ ਰਹਿ ਰਹੇ ਕਵੀ ਨੂੰ ਉਪਰੋਕਤ ਹਾਲਾਤ ਨੇ ਹਿਲਾ ਕੇ ਰੱਖ ਦਿੱਤਾ। ਦੁਖਦਾਈ ਉਤੇਜਨਾ ਵੱਸ ਉਸ ਨੇ ਇਸ ਸੰਗ੍ਰਹਿ ਵਿਚ ਸ਼ਾਮਿਲ ਵੈਣਾਂ ਨੂੰ ਜਨਮ ਦਿੱਤਾ ਜਿਨ੍ਹਾਂ ਵਿਚ ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਪਹਿਲਾਂ ਹਰਿਮੰਦਰ ਸਾਹਿਬ ਮੰਨੇ ਜਾਂਦੇ ਦਰਬਾਰ ਸਾਹਿਬ ਨੂੰ ਭਾਰੀ ਨੁਕਸਾਨ ਪੁੱਜਾ। ਅਕਾਲ ਤਖਤ ਸਾਹਿਬ ਨੂੰ ਤਾਂ ਢਹਿ-ਢੇਰੀ ਕਰ ਦਿੱਤਾ ਗਿਆ।

ਸੰਗ੍ਰਹਿ ਵਿਚ ਸ਼ਾਮਿਲ ਵੈਣ ਇਸ ਘਟਨਾਕ੍ਰਮ ਦਾ ਹਿਰਦੇ-ਵੇਦਕ ਵਰਨਣ ਹੋ ਨਿਬੜਦੇ ਹਨ। ਦਰਬਾਰ ਸਾਹਿਬ ਨਾਲੋਂ ਵੀ ਵਧੇਰੇ ਸੁਣਨ, ਬੋਲਣ ਅਤੇ ਚਿਤਰਣ ਚਿਤਾਰਣ ਨੂੰ ਮਨਮੋਹਕ ਲੱਗਦੇ ਹਰਿਮੰਦਰ ਸਾਹਿਬ ਨਾਲ ਇਹ ਭਾਣਾ ਵਰਤਣਾ ਭੈਅਭੀਤ ਕਰ ਦੇਣ ਵਾਲੇ ਕਲੇਸ਼ ਦਾ ਕਾਰਨ ਸੀ। ਕੀ ਗੁਰੂ ਤੇਗ਼ ਬਹਾਦਰ ਦੇ ਸਮੇਂ ਤੋਂ ਗੁੱਝੇ ਰੂਪ ਵਿਚ ਹਰਿਮੰਦਰ ਸਾਹਿਬ ਦਾ ਨਿਰਾਦਰ ਘੱਟ ਪੀੜਾਦਾਇਕ ਸੀ? ਗੁਰੂ ਹਰਗੋਬਿੰਦ ਦੇ ਅੰਮ੍ਰਿਤਸਰ ਤੋਂ ਪ੍ਰਸਥਾਨ ਕਰ ਜਾਣ ਉਪਰੰਤ ਜਿਨ੍ਹਾਂ ਧਿਰਾਂ ਕੋਲ ਇਸ ਦੀ ਸਾਂਭ ਸੰਭਾਲ ਆ ਗਈ ਸੀ, ਉਨ੍ਹਾਂ ਦਾ ਹਿੱਤ ਗੁਰਮਤਿ ਦੇ ਵਿਰੁੱਧ ਜਾਂਦਾ ਸੀ। ਕੀ ਇਹੋ ਕਾਰਨ ਤਾਂ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਏਥੇ ਆਉਣ ਦੀ ਉਤੇਜਨਾ ਹੀ ਅਨੁਭਵ ਨਾ ਹੋਈ? ਦੱਖਣ ਤੋਂ ਬੰਦਾ ਬਹਾਦਰ ਨਾਲ ਜਿਹੜੇ ਪੰਜ ਸਿੰਘ ਗੁਰੂ ਸਾਹਿਬ ਨੇ ਭੇਜੇ ਸਨ ਉਨ੍ਹਾਂ ਵਿਚ ਦੋ ਬਿਨੋਦ ਸਿੰਘ ਤੇ ਕਾਹਨ ਸਿੰਘ ਪਿਉ ਪੁੱਤਰ ਸਨ। ਯੁੱਧ ਖੇਤਰ ਵਿਚ ਜੂਝਣ ਦੀ ਥਾਂ ਕਾਹਨ ਸਿੰਘ ਹਰਿਮੰਦਰ ਸਾਹਿਬ ਵਿਚ ਜਾ ਟਿਕਿਆ ਸੀ। ਮੁਗ਼ਲਾਂ ਨਾਲ ਸਾਂਠ-ਗਾਂਠ ਕਰਕੇ ਬਿਨੋਦ ਸਿੰਘ ਵੀ ਗੁਰਦਾਸਪੁਰ ਦੀ ਗੜੀ ਵਿਚੋਂ ਨਿਕਲ ਆਇਆ ਸੀ ਅਤੇ ਆਪਣੇ ਪੁੱਤ ਕੋਲ ਜਾ ਟਿਕਾਣਾ ਕੀਤਾ ਸੀ। ਮਾਤਾ ਸੁੰਦਰੀ ਵੱਲੋਂ ਗੋਦ ਲਿਆ ਅਜੀਤ ਸਿੰਘ ਵੀ ਉਨ੍ਹਾਂ ਦਾ ਸੰਗੀ ਸਾਥੀ ਬਣ ਗਿਆ ਸੀ।

ਇਹ ਕੁੱਲ ਘਟਨਾਕ੍ਰਮ ਡਾ. ਹਰਿਭਜਨ ਸਿੰਘ ਦੀ ਕਾਵਿ-ਸੰਵੇਦਨਾ ਵਿਚ ਨਹੀਂ ਵਿਚਰਦਾ। ਨਤੀਜੇ ਵਜੋਂ ਪੁਸਤਕ ਵਿਚ ਸ਼ਾਮਿਲ ਵੈਣ ਚਿੰਤਨ ਅਤੇ ਚਿਤੰਨ ਦਾ ਭਰਪੂਰ ਵਾਹਣ ਨਹੀਂ ਬਣਦੇ। ਭਾਵਾਂ ਨੂੰ ਢਾਹ ਲਾਉਣ ਅਤੇ ਮਨੋਭਾਵਾਂ ਨੂੰ ਭਟਕਾਉਣ ਵਾਲੇ ਵਿਸ਼ਿਆਂ ਨਾਲ ਸਿੱਝਣ ਦੀ ਸਮਰੱਥਾ ਜੋ ਡਾ. ਹਰਿਭਜਨ ਸਿੰਘ ਦੇ ਹਿੱਸੇ ਆਈ ਸੀ, ਉਸ ਬਾਰੇ ਕੋਈ ਸ਼ੱਕ ਨਹੀਂ। ਇਨ੍ਹਾਂ ਨਾਲ ਸਿੱਝਣ ਤੋਂ ਉਨ੍ਹਾਂ ਦਾ ਸੰਕੋਚ ਰੋਸ ਦਾ ਕਾਰਨ ਬਣਿਆ ਰਹੇਗਾ ਖ਼ਾਸ ਕਰਕੇ ਉਨ੍ਹਾਂ ਵਾਸੀਆਂ ਵਜੋਂ ਜੋ ਪੰਜਾਬ ਵਾਸੀਆਂ ਦਾ ਭਵਿੱਖ ਗੁਰਾਂ ਦੇ ਨਾਂ ’ਤੇ ਜਿਉਣ ਵਿਚ ਦੇਖਦੇ ਹਨ।
ਸੰਪਰਕ (ਅਮਰੀਕਾ): 98150-86016 (ਵਟਸਐਪ)

ਹਰਿਭਜਨ ਸਿੰਘ: 1947 ਤੇ 1984

ਅਮਰਜੀਤ ਚੰਦਨ

ਅੰਗਰੇਜ਼ੀ ਦੇ ਵੱਡੇ ਕਵੀ ਔਡਨ ਨੂੰ ਪਛਤਾਵਾ ਸੀ ਕਿ ਕਵਿਤਾ ਲਿਖਣ ਨਾਲ ਕੁਝ ਨਹੀਂ ਹੁੰਦਾ। ਉਹ ਝੁਰਦਾ ਰਿਹਾ ਕਿ ਉਹ ਕਵਿਤਾ ਲਿਖ ਕੇ ਕਿਸੇ ਇਕ ਵੀ ਯਹੂਦੀ ਦੀ ਜਾਨ ਨਹੀਂ ਸੀ ਬਚਾ ਸਕਿਆ। ਔਡਨ ਕਹਿੰਦਾ ਸੀ ਕਿ ਐਸੀ ਕਵਿਤਾ ਦਾ ਲਿਖਣ ਵਾਲ਼ੇ ਨੂੰ ਹੀ ਫ਼ਾਇਦਾ ਹੁੰਦਾ ਹੈ, ਕਿਸੇ ਹੋਰ ਨੂੰ ਨਹੀਂ। ਹਰਿਭਜਨ ਸਿੰਘ ਦੀ ਸੰਨ ਸੰਤਾਲ਼ੀ ਦੇ ਘਮਸਾਣ ਵੇਲੇ ਲਿਖੀ ਕਵਿਤਾ ‘ਸੌਂ ਜਾ ਮੇਰੇ ਮਾਲਕਾ...’ ਵਿਚ ਵੀ ਕੋਈ ਆਸ਼ਾ ਦੀ ਕਿਰਣ ਹੈ; ਪਰ ਇਨ੍ਹਾਂ ਦੀ ਸੰਨ ਚੁਰਾਸੀ ਦੀ ਕੁੱਲ ਕਵਿਤਾ ਵਿਚ ਘੋਰ ਅੰਨ੍ਹੇਰਾ ਤੇ ਵਿਰਲਾਪ ਹੈ। ਇਨ੍ਹਾਂ (ਹਰਿਭਜਨ ਸਿੰਘ) ਨੇ ਆਪ ਲਿਖਿਆ:

ਸ਼ਾਇਰ ਦੀ ਜ਼ਿੰਦਗੀ ਵਿਚ ਕਦੀ-ਕਦਾਈਂ ਅਜਿਹੇ ਮੌਕੇ ਵੀ ਆਉਂਦੇ ਹਨ, ਜਿਨ੍ਹਾਂ ਨਾਲ ਨਿਬੜਣ ਲਈ ਉਹਦੀ ਆਪਣੀ ਰਚਨਾ ਜਾਚ ਕੰਮ ਨਹੀਂ ਦੇਂਦੀ। ਸੜਨ ਦੀ ਹੱਦ ਤੱਕ ਮੌਤ ਦੇ ਨੇੜੇ ਪਹੁੰਚਿਆ ਵਿਅਕਤੀ ਅੱਗ ਦੀ ਕਲਪਨਾ ਨਹੀਂ ਕਰ ਸਕਦਾ। ਇਹ ਨਜ਼ਮਾਂ ਮੈਂ ਆਪਣੀ ਰਚਨਾ ਰੀਝ ਲਈ ਨਹੀਂ ਲਿਖੀਆਂ। ਮੌਤ ਦੇ ਬਹੁਤ ਨੇੜੇ ਬੈਠਾ ਮੈਂ ਆਪਣੇ ਬਚਾਓ, ਆਪਣੇ ਸਰਵਾਈਵਲ ਲਈ ਕੋਈ ਬਿਧ ਬਣਾ ਰਿਹਾ ਹਾਂ।

ਸੌਂ ਜਾ ਮੇਰੇ ਮਾਲਕਾ

ਸੌਂ ਜਾ ਮੇਰੇ ਮਾਲਕਾ ਵਰਾਨ ਹੋੋਈ ਰਾਤ

ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ,

ਵੇ ਕਾਲਖਾਂ ’ਚ ਤਾਰਿਆਂ ਦੀ ਡੁਬ ਗਈ ਸਵੇਰ;

ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ੍ਹ,

ਵੇ ਖਿੰਡ ਗਈਆਂ ਮਹਿਫ਼ਲਾਂ ਤੇ ਛਾ ਗਈ ਉਜਾੜ;

ਵੇ ਜ਼ਿੰਦਗੀ ਖ਼ਮੋਸ਼, ਬੇਹੋਸ਼ ਕਾਇਨਾਤ।

ਹੈ ਖੂਹਾਂ ਵਿਚ ਆਦਮੀ ਦੀ ਜਾਗਦੀ ਸੜ੍ਹਾਂਦ,

ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ;

ਵੇ ਸੀਤ ਨੇ ਮੁਆਤੇ ਤੇ ਗ਼ਸ਼ ਹੈ ਜ਼ਮੀਨ,

ਵੇ ਸੀਨਿਆਂ ’ਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ;

ਵਿਹਲਾ ਹੋ ਕੇ ਸੌਂ ਗਿਆ ਏ ਲੋਹਾ ਅਸਪਾਤ।

ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨ ਕੇਰ,

ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ;

ਹਮੇਸ਼ ਨਹੀਂ ਕੁੱਦਣਾ ਮਨੁੱਖ ਨੂੰ ਜਨੂੰਨ,

ਹਮੇਸ਼ ਨਹੀਂ ਡੁੱਲ੍ਹਣਾ ਜ਼ਮੀਨ ਉੱਤੇ ਖ਼ੂਨ;

ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਙ ਰਾਤ।

ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ।

(ਪੰਜਾਬ ਵੰਡ ਬਾਰੇ ਕਵਿਤਾ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All