DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਤਿਵਾਦ ਵਿਰੋਧੀ ਕੌਮੀ ਦਿਵਸ ਮੌਕੇ ਅਹਿਦ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਅਤਿਵਾਦ ਵਿਸ਼ਵ-ਵਿਆਪੀ ਸਮੱਸਿਆ ਹੈ। ਹੁਣ ਤੱਕ ਲੱਖਾਂ ਬੇਦੋਸ਼ੇ ਲੋਕ ਇਸ ਦੀ ਭੇਟ ਚੜ੍ਹ ਚੁੱਕੇ ਹਨ। ਅਤਿਵਾਦ ਨੇ ਨਾ ਸਿਰਫ਼ ਆਮ ਨਾਗਰਿਕਾਂ ਦਾ ਨੁਕਸਾਨ ਕੀਤਾ ਹੈ ਸਗੋਂ ਕਦੇ ਸੁਰੱਖਿਆ ਕਰਮੀਆਂ ਅਤੇ ਕਦੇ ਅਤਿਵਾਦੀਆਂ ਦੇ ਰੂਪ ਵਿੱਚ...

  • fb
  • twitter
  • whatsapp
  • whatsapp
Advertisement

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਅਤਿਵਾਦ ਵਿਸ਼ਵ-ਵਿਆਪੀ ਸਮੱਸਿਆ ਹੈ। ਹੁਣ ਤੱਕ ਲੱਖਾਂ ਬੇਦੋਸ਼ੇ ਲੋਕ ਇਸ ਦੀ ਭੇਟ ਚੜ੍ਹ ਚੁੱਕੇ ਹਨ। ਅਤਿਵਾਦ ਨੇ ਨਾ ਸਿਰਫ਼ ਆਮ ਨਾਗਰਿਕਾਂ ਦਾ ਨੁਕਸਾਨ ਕੀਤਾ ਹੈ ਸਗੋਂ ਕਦੇ ਸੁਰੱਖਿਆ ਕਰਮੀਆਂ ਅਤੇ ਕਦੇ ਅਤਿਵਾਦੀਆਂ ਦੇ ਰੂਪ ਵਿੱਚ ਅਸੀਂ ਆਪਣੇ ਹੀ ਦੇਸ਼ਵਾਸੀਆਂ ਨੂੰ ਗੁਆਇਆ ਹੈ। ਦਰਅਸਲ, ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ। ਚਾਹੇ ਕੋਈ ਅਤਿਵਾਦੀ ਕਿਸੇ ਵੀ ਧਰਮ, ਫ਼ਿਰਕੇ ਜਾਂ ਜਾਤ ਨਾਲ ਸਬੰਧਿਤ ਹੋਵੇ, ਪਰ ਉਹ ਸਮੁੱਚੀ ਮਾਨਵਤਾ ਦਾ ਦੁਸ਼ਮਣ ਹੁੰਦਾ ਹੈ। ਭਾਰਤ ਵਿੱਚ ਹਰ ਸਾਲ 21 ਮਈ ਨੂੰ ‘ਅਤਿਵਾਦ ਵਿਰੋਧੀ ਕੌਮੀ ਦਿਵਸ’ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਏ ਜਾਣ ਦਾ ਪਿਛੋਕੜ ਭਾਰਤ ਦੇ ਸੱਤਵੇਂ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਹੱਤਿਆ ਨਾਲ ਜੁੜਿਆ ਹੈ। 21 ਮਈ 1991 ਨੂੰ ਤਾਮਿਲਨਾਡੂ ਦੇ ਸ੍ਰੀਪੇਰੰਬਦੂਰ ਵਿਖੇ ਇੱਕ ਚੋਣ ਰੈਲੀ ਦੌਰਾਨ ਆਤਮਘਾਤੀ ਮਨੁੱਖੀ ਬੰਬ ਧਮਾਕੇ ਵਿੱਚ ਰਾਜੀਵ ਗਾਂਧੀ ਸਮੇਤ 14 ਹੋਰ ਵਿਅਕਤੀ ਹਲਾਕ ਹੋ ਗਏ ਸਨ। ਇਸ ਲਈ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਵੀ ਪੀ ਸਿੰਘ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਇਸ ਦਿਨ ਨੂੰ ਹਰ ਸਾਲ ‘ਅਤਿਵਾਦ ਵਿਰੋਧੀ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ। ਕਿਸੇ ਸਿਆਸੀ ਮਨੋਰਥ ਦੀ ਪੂਰਤੀ ਲਈ ਕਾਨੂੰਨੀ ਜਾਂ ਜਮਹੂੁਰੀ ਰਾਹ ਦੀ ਥਾਂ ਹਿੰਸਕ ਮਾਰਗ ਅਪਣਾਉਣਾ ਅਤੇ ਸਰਕਾਰੀ ਸੰਪਤੀ ਸਮੇਤ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਹੀ ਅਤਿਵਾਦ ਹੈ। ਭਾਰਤ ਦੇ ਕਈ ਸੂਬਿਆਂ ਨੂੰ ਅਤਿਵਾਦ ਦਾ ਸੰਤਾਪ ਹੰਢਾਉਣਾ ਪਿਆ ਹੈ ਜਿਵੇਂ ਪੰਜਾਬ, ਜੰਮੂ ਕਸ਼ਮੀਰ, ਨਾਗਾਲੈਂਡ ਅਤੇ ਆਸਾਮ ਆਦਿ।

Advertisement

ਕੌਮੀ ਪੱਧਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਸਾਲ 2015 ਦੌਰਾਨ ਅਤਿਵਾਦ ਦੀਆਂ 884 ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ 387 ਲੋਕਾਂ ਨੂੰ ਜਾਨਾਂ ਗੁਆਉਣੀਆਂ ਪਈਆਂ। ਸਾਲ 2017 ਵਿੱਚ ਵਾਪਰੀਆਂ 966 ਅਤਿਵਾਦੀ ਘਟਨਾਵਾਂ ਵਿੱਚ 465 ਬੇਦੋਸ਼ੇ ਲੋਕ ਮਾਰੇ ਗਏ ਸਨ। ਇਸੇ ਤਰ੍ਹਾਂ 2021 ਅਤੇ 2022 ਵਿੱਚ ਵਾਪਰੀਆਂ ਕ੍ਰਮਵਾਰ 153 ਅਤੇ 157 ਅਤਿਵਾਦੀ ਘਟਨਾਵਾਂ ਵਿੱਚ ਕ੍ਰਮਵਾਰ 36 ਅਤੇ 30 ਭਾਰਤੀ ਨਾਗਰਿਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਪਿਛਲੇ ਸਾਲ 22 ਅਪਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿਖੇ ਚਾਰ ਅਤਿਵਾਦੀਆਂ ਨੇ 28 ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ, ਜਿਸ ਦੇ ਸਿੱਟੇ ਵਜੋਂ ਭਾਰਤੀ ਫ਼ੌਜ ਨੇ ਸਰਹੱਦ ਪਾਰੋਂ ਸਮਰਥਨ ਹਾਸਲ ਕਰਨ ਵਾਲੇ ਅਤਿਵਾਦ ਦਾ ਲੱਕ ਤੋੜਨ ਲਈ ‘ਅਪਰੇਸ਼ਨ ਸਿੰਧੂਰ’ ਚਲਾਇਆ। ਇਸ ਅਪਰੇਸ਼ਨ ਤਹਿਤ ਪਾਕਿਸਤਾਨ ਅੰਦਰਲੀਆਂ ਪਨਾਹਗਾਹਾਂ ਨੂੰ ਤਬਾਹ ਕਰਕੇ ਸੌ ਤੋਂ ਵੱਧ ਅਤਿਵਾਦੀਆਂ ਨੂੰ ਢੇਰ ਕੀਤਾ ਗਿਆ। ਇਸ ਘਟਨਾਕ੍ਰਮ ਨੇ ਭਾਰਤ-ਪਾਕਿਸਤਾਨ ਦਰਮਿਆਨ ਵਧੇ ਟਕਰਾਅ ਦਾ ਰੂਪ ਅਖ਼ਤਿਆਰ ਕਰ ਲਿਆ ਸੀ। ਸਾਡੇ ਪੰਜਾਬ ਨੂੰ ਕਈ ਵਰ੍ਹੇ ਕਾਲਾ ਦੌਰ ਹੰਢਾਉਣਾ ਪਿਆ। ਪੰਜਾਬ ਦੇ ਬਾਸ਼ਿੰਦਿਆਂ ਨੇ ਪੰਜਾਬੀਆਂ ਦੇ ਹੀ ਖ਼ੂਨ ਨਾਲ ਰੰਗੀ ਇਹ ਧਰਤੀ ਸਾਲ 1978 ਦੇ ਘਟਨਾਕ੍ਰਮ ਤੋਂ ਲੈ ਕੇ ਵੀਹਵੀਂ ਸਦੀ ਦੇ ਨੌਵੇਂ ਦਹਾਕੇ ਤੱਕ ਆਪਣੇ ਅੱਖੀਂ ਵੇਖੀ। ਉਸ ਭਿਆਨਕ ਦੌਰ ਵਿੱਚ ਕਰਫ਼ਿਊ, ਬੰਬ ਧਮਾਕੇ, ਬੇਦੋਸ਼ੇ ਨਿਹੱਥੇ ਲੋਕਾਂ ਦੇ ਕਤਲ, ਸੱਚੇ-ਝੂਠੇ ਪੁਲੀਸ ਮੁਕਾਬਲੇ, ਮਨੁੱਖੀ ਅਧਿਕਾਰ ਕਾਰਕੁਨਾਂ ਦੇ ਸ਼ੱਕੀ ਹਾਲਾਤ ਵਿੱਚ ਗ਼ਾਇਬ ਹੋਣ ਜਿਹੀਆਂ ਅਣਗਿਣਤ ਵਾਰਦਾਤਾਂ ਹੁੰਦੀਆਂ ਰਹੀਆਂ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਖਾੜਕੂਵਾਦ ਦੌਰਾਨ 11,690 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਜਦੋਂਕਿ ਗ਼ੈਰ-ਸਰਕਾਰੀ ਸੰਗਠਨ ਇਨ੍ਹਾਂ ਮੌਤਾਂ ਦੀ ਗਿਣਤੀ ਪੰਜਾਹ ਹਜ਼ਾਰ ਦੇ ਕਰੀਬ ਦੱਸਦੇ ਹਨ। ਪੁਲੀਸ ਵਿਭਾਗ ਦੇ ਰਿਕਾਰਡ ਮੁਤਾਬਿਕ ਇਸ ਦੌਰਾਨ 1,768 ਪੁਲੀਸ ਮੁਲਾਜ਼ਮ ਸ਼ਹੀਦ ਹੋਏ ਅਤੇ 7,946 ਖਾੜਕੂ ਮਾਰੇ ਗਏ।

Advertisement

ਦੇਸ਼ ਦੇ ਹੋਰਨਾਂ ਸੂਬਿਆਂ ਦੀ ਗੱਲ ਕਰੀਏ ਤਾਂ 12 ਮਾਰਚ 1993 ਨੂੰ ਮੁੰਬਈ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ਵਿੱਚ 257 ਲੋਕ ਮਾਰੇ ਗਏ ਅਤੇ 1400 ਤੋਂ ਵੱਧ ਜ਼ਖ਼ਮੀ ਹੋਏ ਸਨ। ਇਸੇ ਤਰ੍ਹਾਂ 26 ਨਵੰਬਰ 2008 (26/11) ਨੂੰ ਮੁੰਬਈ ’ਤੇ 10 ਪਾਕਿਸਤਾਨੀ ਅਤਿਵਾਦੀਆਂ ਨੇ ਹਮਲਾ ਕਰਕੇ 175 ਤੋਂ ਵੱਧ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲਈਆਂ। ਇਨ੍ਹਾਂ ਹਮਲਿਆਂ ਵਿੱਚ ਸਿਰਫ਼ ਇੱਕ ਦਹਿਸ਼ਤਗਰਦ ਅਜਮਲ ਕਸਾਬ ਹੀ ਜ਼ਿੰਦਾ ਫੜਿਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਤਹਿਤ ਫ਼ਾਂਸੀ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਅਤਿਵਾਦੀਆਂ ਵੱਲੋਂ ਆਮ ਨਾਗਰਿਕਾਂ ਦੇ ਕਤਲੇਆਮ ਅਤੇ ਸੁਰੱਖਿਆ ਬਲਾਂ ਦੀਆਂ ਗੱਡੀਆਂ ਜਾਂ ਚੌਕੀਆਂ ’ਤੇ ਹਮਲੇ ਕਰਨ ਦੀਆਂ ਹਜ਼ਾਰਾਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਅਤਿਵਾਦ ਦਾ ਭਿਆਨਕ ਨਾਗ ਹੁਣ ਤੱਕ ਕਈ ਆਗੂਆਂ, ਉੱਚ ਅਧਿਕਾਰੀਆਂ, ਡਾਕਟਰਾਂ, ਇੰਜੀਨੀਅਰਾਂ, ਵਪਾਰੀਆਂ, ਪੱਤਰਕਾਰਾਂ, ਗਾਇਕਾਂ ਅਤੇ ਲੇਖਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਕੌਮਾਂਤਰੀ ਪੱਧਰ ’ਤੇ ਐਮਨੈਸਟੀ ਇੰਟਰਨੈਸ਼ਨਲ ਤੇ ਹਿਊਮਨ ਰਾਈਟਸ ਵਾਚ ਅਤੇ ਕੌਮੀ ਪੱਧਰ ’ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਰਗੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਵੱਖ-ਵੱਖ ਮੁਲਕਾਂ ਵਿੱਚ ਅਤਿਵਾਦੀ ਸੰਗਠਨਾਂ ਦੀ ਰੂਪ-ਰੇਖਾ ਵੱਖੋ-ਵੱਖਰੀ ਹੈ। ਕੁਝ ਦੇਸ਼ਾਂ ਵਿੱਚ ਇਹ ਅਤਿਵਾਦੀ ਬਹੁਤ ਹੀ ਸੰਗਠਿਤ ਯੋਜਨਾਬੰਦੀ ਨਾਲ ਨੈੱਟਵਰਕ ਚਲਾਉਂਦੇ ਹਨ ਜਦੋਂਕਿ ਕੁਝ ਮੁਲਕਾਂ ਅੰਦਰ ਇਹ ਛੋਟੇ-ਛੋਟੇ ਸਥਾਨਕ ਸਮੂਹਾਂ ਵਿੱਚ ਆਪਣੇ ਸੀਮਤ ਉਦੇਸ਼ਾਂ ਦੀ ਪੂਰਤੀ ਲਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

ਅੱਜ ਦਾ ਦਿਨ ‘ਅਤਿਵਾਦ ਵਿਰੋਧੀ ਦਿਵਸ’ ਵਜੋਂ ਮਨਾਉਣ ਪਿੱਛੇ ਮੁੱਖ ਮਕਸਦ ਲੋਕਾਂ ਦੇ ਮਨਾਂ ਅੰਦਰ ਅਤਿਵਾਦ ਪ੍ਰਤੀ ਨਫ਼ਰਤ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਸੀ ਪਿਆਰ, ਸਾਂਝ ਤੇ ਭਾਈਚਾਰਾ ਕਾਇਮ ਰੱਖਦਿਆਂ ਮਾਨਵਤਾ ਦੇ ਭਲੇ ਲਈ ਪ੍ਰੇਰਿਤ ਕਰਨਾ ਹੈ। ਇਸ ਦਾ ਦੂਜਾ ਅਹਿਮ ਮਕਸਦ ਅਸੰਤੁਸ਼ਟ ਧਿਰਾਂ ਨੂੰ ਹਿੰਸਾ ਦਾ ਰਾਹ ਤਿਆਗ ਕੇ ਸ਼ਾਂਤੀ ਅਤੇ ਅਹਿੰਸਾ ਦੇ ਮਾਰਗ ਰਾਹੀਂ ਆਪਣੀਆਂ ਮੰਗਾਂ ਲਈ ਜਮਹੂਰੀ ਸੰਘਰਸ਼ ਕਰਨ ਦੇ ਰਾਹ ਤੋਰਨਾ ਹੈ। ਤੀਜਾ ਵੱਡਾ ਮਕਸਦ ਨੌਜਵਾਨ ਪੀੜ੍ਹੀ ਨੂੰ ਅਤਿਵਾਦ ਦੀ ਕਰੂਪਤਾ ਅਤੇ ਇਸ ਕਾਰਨ ਉਪਜਦੀਆਂ ਦੁੱਖਾਂ-ਤਕਲੀਫ਼ਾਂ ਤੋਂ ਜਾਣੂ ਕਰਵਾ ਕੇ ਇਸ ਗੁਮਰਾਹਕੁਨ ਰਾਹ ’ਤੇ ਤੁਰਨ ਤੋਂ ਰੋਕਣਾ ਹੈ।

ਅੱਜ ਦੇ ਦਿਨ ਸਭ ਨੂੰ ਇਹ ਹਕੀਕਤ ਸਮਝ ਲੈਣੀ ਚਾਹੀਦੀ ਹੈ ਕਿ ਅਤਿਵਾਦ ਦੀ ਪੁਸ਼ਤਪਨਾਹੀ ਕਰਨ ਵਾਲੇ ਜਾਂ ਇਸ ਤੋਂ ਪੀੜਤ ਮੁਲਕਾਂ ਵਿੱਚੋਂ ਕੋਈ ਵੀ ਕਦੇ ਤਰੱਕੀ ਨਹੀਂ ਕਰ ਸਕਿਆ। ਅਤਿਵਾਦ ਬੁਰਾਈ ਦਾ ਉਹ ਦੌਰ ਹੈ, ਜੋ ਅੱਗ ਲਾਉਣ ਵਾਲਿਆਂ ਦੇ ਆਪਣੇ ਹੱਥਾਂ ਨੂੰ ਵੀ ਸਾੜ ਦਿੰਦਾ ਹੈ; ਜਿਸ ਦੀ ਪ੍ਰਤੱਖ ਮਿਸਾਲ ਅੱਜ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਹਾਲਾਤ ਤੋਂ ਮਿਲਦੀ ਹੈ। ਇਸ ਲਈ ਅਤਿਵਾਦ ਦੀ ਚੁਣੌਤੀ ਨਾਲ ਹਰ ਹੀਲੇ ਪਿਆਰ, ਹਮਦਰਦੀ ਤੇ ਸ਼ਾਂਤੀਪੂਰਨ ਤਰੀਕੇ ਨਾਲ ਨਜਿੱਠਣ ਦਾ ਅਹਿਦ ਕਰਨ ਦੀ ਲੋੜ ਹੈ। ਸਮਾਜ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇਕਰ ਸਰਕਾਰਾਂ ਆਮ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਸਹਿਜੇ ਹੀ ਸਵੀਕਾਰ ਕਰ ਲੈਣ ਜਾਂ ਦਲੀਲ ਨਾਲ ਆਪਣੀ ਗੱਲ ਸੰਘਰਸ਼ਸ਼ੀਲ ਲੋਕਾਂ ਨੂੰ ਸਮਝਾ ਸਕਣ ਅਤੇ ਸਭ ਨਾਲ ਇਨਸਾਫ਼ ਕਰਨ ਤਾਂ ਕਿਸੇ ਵੀ ਸੂਬੇ ਵਿੱਚ ਹਥਿਆਰਬੰਦ ਵਿਦਰੋਹ ਜਾਂ ਅਤਿਵਾਦ ਦੀ ਨੌਬਤ ਹੀ ਨਹੀਂ ਆਵੇਗੀ। ਬੇਸ਼ੱਕ, ਅਨੈਤਿਕ ਅਤੇ ਅਸਮਾਜਿਕ ਮੰਗਾਂ ਪੂਰੀਆਂ ਕਰਵਾਉਣ ਲਈ ਹਥਿਆਰ ਚੁੱਕਣ ਵਾਲੇ ਸੰਗਠਨਾਂ ਅਤੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ, ਪਰ ਅਤਿਵਾਦ ਦੇ ਸਥਾਈ ਖ਼ਾਤਮੇ ਲਈ ਗੱਲਬਾਤ, ਸ਼ਾਂਤੀ ਅਤੇ ਅਹਿੰਸਾ ਦਾ ਮਾਰਗ ਹੀ ਸਰਵੋਤਮ ਹੈ।

ਸੰਪਰਕ: 97816-46008

Advertisement
×