ਗੁਰਮੀਤ ਸਿੰਘ*
ਗੁਲਾਬੀ ਤਿਲੀਅਰ, ਤਿਲੀਅਰ ਪਰਿਵਾਰ ਦਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ਰੋਜ਼ੀ ਸਟਾਰਲਿੰਗ (Rosy starling) ਕਹਿੰਦੇ ਹਨ। ਇਸ ਨੂੰ ਸਮੂਹ ਨਾਲ ਰਹਿਣ ਵਾਲੇ ਪੰਛੀ ਵਜੋਂ ਜਾਣਿਆ ਜਾਂਦਾ ਹੈ। ਇਹ ਕਈ ਵਾਰ ਖਾਨਾਬਦੋਸ਼ ਜੀਵਨ ਜਿਉਂਦੇ ਹਨ। ਇਹ ਪੂਰਵੀ ਰੋਮਾਨੀਆ, ਕਜ਼ਾਕਿਸਤਾਨ ਤੇ ਇਰਾਨ ਵਿੱਚ ਪ੍ਰਜਣਨ ਕਰਦਾ ਹੈ। ਗੁਲਾਬੀ ਤਿਲੀਅਰ ਸਰਦੀਆਂ ਵਿਚ ਭਾਰਤ ਵਿੱਚ ਪਰਵਾਸ ਕਰਦਾ ਹੈ। ਇਸ ਦੇ ਨਰ ਦਾ ਸਿਰ, ਧੌਣ, ਹਿੱਕ, ਪੂੰਝਾ ਅਤੇ ਖੰਭ ਲਿਸ਼ਕਵੇਂ ਕਾਲੇ ਰੰਗ ਦੇ ਹੁੰਦੇ ਹਨ। ਇਸ ਦਾ ਬਾਕੀ ਸਰੀਰ ਗੂੜ੍ਹੇ ਗੁਲਾਬੀ ਰੰਗ ਦਾ ਹੁੰਦਾ ਹੈ। ਸਿਰ ਉੱਤੇ ਛੋਟੀ ਸੰਘਣੀ ਬੋਦੀ ਹੁੰਦੀ ਹੈ। ਆਮਤੌਰ ’ਤੇ ਨਰ ਦੇ ਸਿਰ ’ਤੇ 24 ਤੋਂ 34 ਮਿਲੀਮੀਟਰ ਲੰਮੀ ਬੋਦੀ ਹੁੰਦੀ ਹੈ ਅਤੇ ਮਾਦਾ ਦੇ ਸਿਰ ਉੱਤੇ 13 ਤੋਂ 19 ਮਿਲੀਮੀਟਰ ਲੰਮੀ ਬੋਦੀ ਹੁੰਦੀ ਹੈ। ਇਸ ਦੀ ਮਾਦਾ, ਨਰ ਦੇ ਮੁਕਾਬਲੇ ਘੱਟ ਗਤੀਸ਼ੀਲ ਹੁੰਦੀ ਹੈ। ਮਾਦਾ ਥੋੜ੍ਹੀ ਜਿਹੀ ਘਸਮੈਲੇ ਰੰਗ ਦੀ ਹੁੰਦੀ ਹੈ। ਇਹ ਦੋਵੇਂ ਪ੍ਰਜਣਨ ਦੇ ਮੌਸਮ ਤੋਂ ਪਹਿਲਾਂ ਬਹੁਤ ਸੁਸਤ ਦਿਖਾਈ ਦਿੰਦੇ ਹਨ। ਇਸ ਦੇ ਸਰੀਰ ਦੀ ਲੰਬਾਈ 19 ਤੋਂ 22 ਸੈਂਟੀਮੀਟਰ ਲੰਬੀ ਹੁੰਦੀ ਹੈ। ਇਸ ਦਾ ਭਾਰ 50 ਤੋਂ 125 ਗ੍ਰਾਮ ਤੱਕ ਹੁੰਦਾ ਹੈ। ਇਹ ਤਿਲੀਅਰ ਛੋਟੇ ਛੋਟੇ ਟੋਲਿਆਂ ਵਿੱਚ ਪਰਵਾਸ ਲਈ ਬਹੁਤ ਦੂਰ ਤੱਕ ਨਿਕਲ ਜਾਂਦੇ ਹਨ। ਇਨ੍ਹਾਂ ਦੀਆਂ ਅੱਖਾਂ ਭੂਰੀਆਂ ਹੁੰਦੀਆਂ ਹਨ। ਇਨ੍ਹਾਂ ਦੀ ਚੂੰਝ ਗੁਲਾਬੀ ਤੇ ਹੇਠੋਂ ਥੋੜ੍ਹੀ ਜਿਹੀ ਕਾਲੀ ਹੁੰਦੀ ਹੈ। ਇਸ ਤਿਲੀਅਰ ਦੀ ਪ੍ਰਜਾਤੀ ਛੋਟੀਆਂ ਟੋਲੀਆਂ ਵਿੱਚ ਸਰਦ ਰੁੱਤ ਵਿੱਚ ਪੰਜਾਬ ਵਿੱਚ ਪਰਵਾਸ ਕਰਦੀ ਹੈ।
ਗੁਲਾਬੀ ਤਿਲੀਅਰ ਬੋਹੜ ਦੀਆਂ ਗੋਲ੍ਹਾਂ ਤੇ ਪਿੱਪਲ ਦੇ ਫ਼ਲ, ਲੈਨਟਾਨਾ ਦੇ ਫੁੱਲਾਂ ਨੂੰ ਖਾਂਦਾ ਵੀ ਹੈ ਤੇ ਕਈਆਂ ਦੇ ਪਰਾਗਣ ਵਿੱਚ ਆਪਣਾ ਅਹਿਮ ਰੋਲ ਵੀ ਅਦਾ ਕਰਦਾ ਹੈ। ਇਸ ਦਾ ਪ੍ਰਜਣਨ ਦਾ ਸਮਾਂ ਮਈ ਤੇ ਜੂਨ ਦੇ ਮਹੀਨਿਆਂ ਵਿੱਚ ਹੁੰਦਾ ਹੈ। ਇਸ ਵਿੱਚ ਇਹ ਪੂਰਵੀ ਯੂਰਪ, ਪੱਛਮ ਅਤੇ ਮੱਧ ਏਸ਼ੀਆ ਦੀਆਂ ਪੱਥਰੀਲੀਆਂ ਪਹਾੜੀਆਂ, ਢਲਾਣਾਂ, ਪੁਰਾਣੀਆਂ ਖਾਲੀ ਪਈਆਂ ਇਮਾਰਤਾਂ ਵਿੱਚ ਟਿੱਡੀਆਂ ਦੇ ਪ੍ਰਜਣਨ ਅਤੇ ਰਹਿਣ ਦੀਆਂ ਥਾਵਾਂ ’ਤੇ ਹਮਲਾ ਕਰਕੇ ਇਨ੍ਹਾਂ ਨੂੰ ਖਾ ਲੈਂਦਾ ਹੈ। ਗੁਲਾਬੀ ਤਿਲੀਅਰ ਬੇਸ਼ੱਕ ਸਾਡੇ ਦੇਸ਼ ਵਿੱਚ ਰਹਿਣ ਵਾਲੀ ਪ੍ਰਜਾਤੀ ਨਹੀਂ ਹੈ, ਪਰ ਗੁਟਾਰਾਂ ਜਿਨ੍ਹਾਂ ਨੂੰ ਅਸੀਂ ਸ਼ਾਰਕਾਂ ਜਾਂ ਮੈਨਾ ਵੀ ਕਹਿੰਦੇ ਹਾਂ, ਉਹ ਵੀ ਇਨ੍ਹਾਂ ਦੇ ਪਰਿਵਾਰ ਨਾਲ ਹੀ ਸਬੰਧ ਰੱਖਦੀਆਂ ਹਨ। ਮਨੁੱਖ ਵੱਲੋਂ ਆਪਣੇ ਬਚਾਅ ਲਈ ਕੀੜੇ-ਮਕੌੜਿਆਂ ਨੂੰ ਜ਼ਹਿਰੀਲੀਆਂ ਦਵਾਈਆਂ ਨਾਲ ਮਾਰਿਆ ਜਾਂਦਾ ਹੈ। ਇਹ ਕੀੜੇ ਮਕੌੜੇ ਇਨ੍ਹਾਂ ਸੁੰਦਰ ਪੰਛੀਆਂ ਦੀ ਖੁਰਾਕ ਦਾ ਅਹਿਮ ਹਿੱਸਾ ਹਨ। ਸਾਨੂੰ ਇਨ੍ਹਾਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910