ਵਾਹਗਿਓਂ ਪਾਰ

ਪੈਟਰੋ ਕੀਮਤਾਂ ਦਾ ਤੂਫ਼ਾਨ ਤੇ ਸ਼ਰੀਕਾਨਾ ਢਾਲ...

ਪੈਟਰੋ ਕੀਮਤਾਂ ਦਾ ਤੂਫ਼ਾਨ ਤੇ ਸ਼ਰੀਕਾਨਾ ਢਾਲ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਤੋਂ ਆਮ ਪਾਕਿਸਤਾਨੀਆਂ ਵਿਚ ਰੋਹ ਹੈ। ਇਸ ਰੋਹ ਦਾ ਇਜ਼ਹਾਰ ਸੋਸ਼ਲ ਮੀਡੀਆ ਉੱਤੇ ਵੀ ਹੋ ਰਿਹਾ ਹੈ ਅਤੇ ਸੜਕਾਂ ਉੱਤੇ ਵੀ। ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇ ਵਿਰੋਧੀ ਇਸ ਰੋਹ ਨੂੰ ਰਾਜਸੀ ਤੌਰ ’ਤੇ ਭੁਨਾਊਣ ਲਈ ਲੰਗੋਟੇ ਕੱਸ ਰਹੇ ਹਨ। ਦੂਜੇ ਪਾਸੇ ਹੁਕਮਰਾਨ ਧਿਰ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀਟੀਆਈ) ਇਸ ਵਾਧੇ ਨੂੰ ਇਸ ਆਧਾਰ ’ਤੇ ਜਾਇਜ਼ ਕਰਾਰ ਦੇ ਰਹੀ ਹੈ ਕਿ ਕਰੋਨਾ ਵਾਇਰਸ (ਕੋਵਿਡ) ਮਹਾਂਮਾਰੀ ਨਾਲ ਲੜਨ ਲਈ ਸਰਕਾਰ ਨੂੰ ਭਰਵੇਂ ਮਾਇਕ ਵਸੀਲਿਆਂ ਦੀ ਲੋੜ ਹੈ। ਬਿਜਲੀ ਤੇ ਪੈਟਰੋਲੀਅਮ ਮਹਿਕਮਿਆਂ ਦੇ ਮਰਕਜ਼ੀ ਵਜ਼ੀਰ ਉਮਰ ਅਯੂਬ ਦਾ ਕਹਿਣਾ ਹੈ ਕਿ ਪੈਟਰੋਲੀਅਮ ਵਸਤਾਂ ਨੂੰ ਛੱਡ ਕੇ ਪਾਕਿਸਤਾਨ ਕੋਲ ਕੋਈ ਹੋਰ ਅਜਿਹਾ ਵਸੀਲਾ ਨਹੀਂ ਜਿਸ ਦੇ ਜ਼ਰੀਏ ਉਸ ਨੂੰ ਨਿੱਤ ਦੇ ਖ਼ਰਚਿਆਂ ਲਈ ਫੌਰੀ ਤੌਰ ’ਤੇ ਪੈਸਾ ਹਾਸਲ ਹੋ ਸਕੇ। ਇਕ ਟੀ.ਵੀ. ਚੈਨਲ ਨਾਲ ਇੰਟਰਵਿਊ ਦੌਰਾਨ ਅਯੂਬ ਨੇ ਸ਼ਿਕਵਾ ਕੀਤਾ: ‘‘ਅਸੀਂ ਭਾਰਤ ਵਾਂਗ ਰੋਜ਼ਾਨਾ ਸ਼ਰਾਬ ਤੋਂ ਕਮਾਈ ਤਾਂ ਕਰ ਨਹੀਂ ਸਕਦੇ। ਹੁਣ ਜਦੋਂ ਪੈਟਰੋਲ-ਡੀਜ਼ਲ ਤੋਂ ਕੁਝ ਕਮਾਈ ਮੁਮਕਿਨ ਬਣਾਉਣ ਲੱਗੇ ਆਂ ਤਾਂ ਸਾਡੇ ਉੱਤੇ ਬੇਹੂਦਾ ਇਲਜ਼ਾਮ ਲਾਏ ਜਾ ਰਹੇ ਹਨ। ਇਹ ਤਾਂ ਘੋਰ ਨਾਇਨਸਾਫ਼ੀ ਏ।’’

ਪੈਟਰੋਲ, ਡੀਜ਼ਲ ਤੇ ਹੋਰ ਪੈਟਰੋ ਵਸਤਾਂ ਦੀਆਂ ਕੀਮਤਾਂ ਸ਼ਨਿਚਰਵਾਰ ਨੂੰ ਵਧਾਈਆਂ ਗਈਆਂ। ਪੈਟਰੋਲ 25.58 ਰੁਪਏ ਮਹਿੰਗਾ ਕੀਤਾ ਗਿਆ ਹੈ। ਇਸ ਦੀ ਕੀਮਤ 100.18 ਰੁਪਏ ਫ਼ੀ ਲਿਟਰ ਤੈਅ ਕੀਤੀ ਗਈ ਹੈ। ਡੀਜ਼ਲ ਦਾ ਭਾਅ 21.31 ਰੁਪਏ ਵਧਾਇਆ ਗਿਆ ਹੈ। ਇਸ ਦਾ ਨਵਾਂ ਰੇਟ 101.46 ਰੁਪਏ ਹੈ। ਮਿੱਟੀ ਦੇ ਤੇਲ ਦਾ ਭਾਅ 23.50 ਰੁਪਏ ਵਧਾ ਕੇ 59.06 ਰੁਪਏ ਫ਼ੀ ਲਿਟਰ ਕੀਤਾ ਗਿਆ ਹੈ। ਕਾਰੋਬਾਰੀ ਮਾਹਿਰਾਂ ਦਾ ਕਹਿਣਾ ਹੈ ਕਿ ਮਰਕਜ਼ੀ ਸਰਕਾਰ ਵੱਲੋਂ ਐਲਾਨੇ ਰੇਟਾਂ ਵਿਚ ਜੇਕਰ ਸੂਬਾਈ ਸੈੱਸ ਸ਼ਾਮਲ ਕਰ ਲਏ ਜਾਣ ਤਾਂ ਖਪਤਕਾਰ ਲਈ ਪੈਟਰੋਲ 31 ਰੁਪਏ ਅਤੇ ਡੀਜ਼ਲ 26.70 ਰੁਪਏ ਮਹਿੰਗਾ ਹੋਇਆ ਹੈ। ਇਹ ਵਾਧਾ ਸੱਚਮੁੱਚ ਹੀ ਆਮ ਆਦਮੀ ਦੀ ਜੇਬ੍ਹ ਉੱਤੇ ਡਾਕੇ ਵਾਂਗ ਹੈ।

ਅਜਿਹੀ ਸੋਚ ਨਾਲ ਉਮਰ ਅਯੂਬ ਮੁਤਫ਼ਿਕ ਨਹੀਂ। ਉਨ੍ਹਾਂ ਨੇ ਸ਼ਨਿਚਰਵਾਰ ਸ਼ਾਮ ਨੂੰ ਕੌਮੀ ਅਸੈਂਬਲੀ ਵਿਚ ਦਾਅਵਾ ਕੀਤਾ ਕਿ ਪਾਕਿਸਤਾਨ ਵਿਚ ਪੈਟਰੋਲ ਅਜੇ ਵੀ ਦੱਖਣੀ ਏਸ਼ੀਆ ਦੇ ਸਾਰੇ ਮੁਲਕਾਂ ਨਾਲੋਂ ਸਸਤਾ ਹੈ। ਰੋਜ਼ਨਾਮਾ ‘ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਿਕ ਉਮਰ ਅਯੂਬ ਨੇ ਕਿਹਾ ਕਿ ਚੀਨ ਤੇ ਬੰਗਲਾਦੇਸ਼ ਵਿਚ ਪੈਟਰੋਲ 132 ਰੁਪਏ ਫ਼ੀ ਲਿਟਰ ਹੈ। ਨੇਪਾਲ ਵਿਚ ਇਹ ਰੇਟ 138 ਰੁਪਏ ਹੈ। ਭਾਰਤ ’ਚ ਰੇਟ 80 ਰੁਪਏ ਦੇ ਆਸ-ਪਾਸ ਹੈ, ਪਰ ਪਾਕਿਸਤਾਨੀ ਕਰੰਸੀ ਵਿਚ ਇਹ ਰਕਮ 108 ਰੁਪਏ ਤੋਂ ਘੱਟ ਨਹੀਂ ਬਣਦੀ। ਇਸ ਲਈ ਸਰਕਾਰੀ ਫੈ਼ਸਲਾ ਕਿਸੇ ਵੀ ਤਰ੍ਹਾਂ ਨਾ-ਵਾਜਬ ਨਹੀਂ।

* * *

ਟੈਸਟ ਘਟੇ, ਚਿੰਤਾ ਵਧੀ

ਸੂਬਾ ਪੰਜਾਬ ਵਿਚ ਕੋਵਿਡ-19 ਦੇ ਟੈਸਟਾਂ ਦੀ ਗਿਣਤੀ ਵਿਚ ਕਮੀ ਨੇ ਸਿਹਤ ਮਾਹਿਰਾਂ ਦੀ ਫ਼ਿਕਰਮੰਦੀ ਵਧਾ ਦਿੱਤੀ ਹੈ। ਅੰਗਰੇਜ਼ੀ ਰੋਜ਼ਨਾਮਾ ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ਸੂਬੇ ਵਿਚ ਰੋਜ਼ਾਨਾ 17320 ਟੈਸਟ ਕਰਨ ਦੀ ਸਹੂਲਤ ਮੌਜੂਦ ਹੈ ਜਿਸ ਵਿਚ ਜੁਲਾਈ ਮਹੀਨੇ ਦੌਰਾਨ 1000 ਦਾ ਇਜ਼ਾਫ਼ਾ ਕੀਤਾ ਜਾਣਾ ਹੈ। ਅਜਿਹੀ ਸਮਰੱਥਾ ਦੇ ਬਾਵਜੂਦ ਟੈਸਟਾਂ ਦੀ ਗਿਣਤੀ ਵਧਾਉਣ ਦੀ ਥਾਂ ਘਟਾਈ ਜਾ ਰਹੀ ਹੈ। ਸੂਬਾਈ ਅਫ਼ਸਰਾਨ, ਖ਼ਾਸ ਕਰਕੇ ਸੂਬਾਈ ਸਿਹਤ ਸਕੱਤਰ ਨਸੀਮ ਅਹਿਮਦ ਅਵਾਨ ਦਾ ਕਹਿਣਾ ਹੈ ਕਿ ਟੈਸਟਾਂ ਵਿਚ ਕਮੀ ਦੀ ਵਜ੍ਹਾ ਨਵੀਂ ਨੀਤੀ ਹੈ। ਪਹਿਲਾਂ ਸੂਬੇ ਵਿਚ ਆਉਣ ਵਾਲੇ ਹਰ ਹਵਾਈ ਮੁਸਾਫ਼ਰ ਨੂੰ ਟੈਸਟ ਕੀਤਾ ਜਾਂਦਾ ਸੀ। ਹੁਣ ਇਹ ਨੀਤੀ ਤਿਆਗ ਦਿੱਤੀ ਗਈ ਹੈ। ਹੁਣ ਇਨ੍ਹਾਂ ਮੁਸਾਫ਼ਰਾਂ ਦੇ ਸੈਂਪਲ ਨਹੀਂ ਲਏ ਜਾਂਦੇ। ਅਜਿਹੇ ਫੈ਼ਸਲੇ ਦਾ ਆਧਾਰ ਟੈਸਟਾਂ ਦੇ ਅੰਕੜੇ ਹਨ। ਪਿਛਲੇ ਪੰਦਰਾਂ ਦਿਨਾਂ ਦੌਰਾਨ ਇਹ ਦੇਖਿਆ ਗਿਆ ਕਿ ਜਿੰਨੇ ਵੀ ਹਵਾਈ ਮੁਸਾਫ਼ਰ ਟੈਸਟ ਕੀਤੇ ਗਏ, ਉਨ੍ਹਾਂ ਵਿਚੋਂ ਇਕ ਫ਼ੀਸਦ ਤੋਂ ਘੱਟ ਪਾਜ਼ੇਟਿਵ ਨਿਕਲੇ। ਇਸੇ ਲਈ ਇਹ ਜਾਇਜ਼ ਸਮਝਿਆ ਗਿਆ ਕਿ ਫ਼ਜ਼ੂਲ ਦੇ ਟੈਸਟ ਕਰ ਕੇ ਪੈਸੇ ਜ਼ਾਇਆ ਨਹੀਂ ਕੀਤੇ ਜਾਣੇ ਚਾਹੀਦੇ।

ਰਿਪੋਰਟ ਅਨੁਸਾਰ ਅਜਿਹੀਆਂ ਦਲੀਲਾਂ ਵਿਚੋਂ ਗ਼ੈਰ-ਸੰਜੀਦਗੀ ਦੀ ਗੰਧ ਆਉਂਦੀ ਹੈ। ਅਸਲੀਅਤ ਤਾਂ ਇਹ ਹੈ 17320 ਟੈਸਟਾਂ ਦੀ ਸਮਰੱਥਾ ਦੇ ਬਾਵਜੂਦ ਸੂਬੇ ਵਿਚ ਇਕ ਦਿਨ ਦੌਰਾਨ ਸਭ ਤੋਂ ਵੱਧ 11739 ਟੈਸਟ 17 ਜੂਨ ਨੂੰ ਕੀਤੇ ਗਏ। ਇਸੇ ਦਿਨ ਇਨ੍ਹਾਂ ਟੈਸਟਾਂ ਦੇ ਜ਼ਰੀਏ 1079 ਨਵੇਂ ਮਰੀਜ਼ ਮਿਲਣ ਮਗਰੋਂ ਸਰਕਾਰੀ ਹਲਕਿਆਂ ਵਿਚ ਘਬਰਾਹਟ ਫੈਲ ਗਈ। ਅਗਲੇ ਦਿਨ ਤੋਂ ਟੈਸਟਾਂ ਦੀ ਗਿਣਤੀ ਘਟਣ ਲੱਗੀ। ਸ਼ਨਿਚਰਵਾਰ (27 ਜੂਨ) ਨੂੰ ਇਹ 7731 ਸੀ। ਟੈਸਟਾਂ ਦੀ ਗਿਣਤੀ ਘਟਾਉਣਾ ਸਚਾਈ ’ਤੇ ਪਰਦਾਪੋਸ਼ੀ ਹੈ। ਅਜਿਹਾ ਕਰਕੇ ਸੂਬਾ ਸਰਕਾਰ ਲੋਕਾਂ ਦਾ ਭਲਾ ਨਹੀਂ ਕਰ ਰਹੀ। ਉਨ੍ਹਾਂ ਨੂੰ ਖ਼ਤਰੇ ਵੱਲ ਧੱਕ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬਾ ਪੰਜਾਬ ਵਿਚ ਸਰਕਾਰੀ ਤੌਰ ’ਤੇ ਕੋਵਿਡ ਦੇ 74000 ਤੋਂ ਵੱਧ ਕੇਸ ਹਨ। ਇਨ੍ਹਾਂ ਵਿਚੋਂ ਠੀਕ ਹੋਣ ਵਾਲਿਆਂ ਦੀ ਤਾਦਾਦ 24473 ਹੈ। ਸਰਗਰਮ ਕੇਸਾਂ ਦਾ ਪੰਜਾਹ ਹਜ਼ਾਰ ਦੇ ਆਸ-ਪਾਸ ਹੋਣਾ ਗੰਭੀਰ ਖ਼ਤਰੇ ਦੀ ਨਿਸ਼ਾਨੀ ਹੈ, ਪਰ ਇਸ ਨਿਸ਼ਾਨੀ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

* * *

ਜ਼ਿਮੀਂਦਾਰ ਹੋਣ ਦੇ ਫ਼ਾਇਦੇ

ਲਹਿੰਦੇ ਪੰਜਾਬ ਦਾ ਸਭ ਤੋਂ ਅਮੀਰ ਜ਼ਿਮੀਂਦਾਰ ਇਸ ਸੂਬੇ ਦੇ ਸਭ ਤੋਂ ਵੱਧ ਤਨਖ਼ਾਹਦਾਰ ਬੰਦੇ ਨਾਲੋਂ 85 ਫ਼ੀਸਦੀ ਘੱਟ ਆਮਦਨ ਟੈਕਸ ਅਦਾ ਕਰਦਾ ਹੈ। ਅਜਿਹਾ ਸੂਬੇ ਦੀ ਪੀ.ਟੀ.ਆਈ. ਸਰਕਾਰ ਵੱਲੋਂ ਖੇਤੀ ਉੱਤੇ ਆਮਦਨ ਟੈਕਸ ਦਰਾਂ ਘਟਾਏ ਜਾਣ ਕਾਰਨ ਸੰਭਵ ਹੋਇਆ ਹੈ। ਪਾਕਿਸਤਾਨੀ ਆਈਨ (ਸੰਵਿਧਾਨ) ਮੁਤਾਬਿਕ ਖੇਤੀ ਸੂਬਾਈ ਵਿਸ਼ਾ ਹੈ। ਇਸ ਉਪਰ ਟੈਕਸ ਕਿੰਨਾ ਤੇ ਕਿਵੇਂ ਵਸੂਲਣਾ ਹੈ, ਇਸ ਦਾ ਫੈ਼ਸਲਾ ਸੂਬਾਈ ਸਰਕਾਰਾਂ ਕਰਦੀਆਂ ਹਨ। ਸੂਬੇ ਦੇ ਸਭ ਤੋਂ ਧਨਾਢ ਜ਼ਿਮੀਂਦਾਰ ਦੀ ਸਾਲਾਨਾ ਆਮਦਨ ਸਭ ਤੋਂ ਵੱਧ ਤਨਖ਼ਾਹਦਾਰ ਬੰਦੇ ਦੀ ਸਾਲਾਨਾ ਆਮਦਨ ਤੋਂ ਸਾਲ 2019-20 ਦੌਰਾਨ ਸਾਢੇ ਤਿੰਨ ਕਰੋੜ ਰੁਪਏ ਜ਼ਿਆਦਾ ਸੀ। ਇਸ ਦੇ ਬਾਵਜੂਦ ਉਸ ਦੀ ਆਮਦਨ ਟੈਕਸ ਦੇਣਦਾਰੀ ਤਨਖ਼ਾਹਦਾਰ ਬੰਦੇ ਨਾਲੋਂ 85 ਫ਼ੀਸਦੀ ਘੱਟ ਰਹੀ। ਅਜਿਹੇ ਅਸੰਤੁਲਨ ਤੋਂ ਤਨਖ਼ਾਹਦਾਰ ਤਬਕਾ ਨਾਖੁਸ਼ ਹੈ। ਸੂਬੇ ਵਿਚ 12.5 ਏਕੜ ਤਕ ਉੱਤੇ ਕੋਈ ਟੈਕਸ ਨਹੀਂ। 12.6 ਤੋਂ 25 ਏਕੜ ਤਕ ਉੱਤੇ 300 ਰੁਪਏ ਪ੍ਰਤੀ ਏਕੜ ਟੈਕਸ ਵਸੂਲਿਆ ਜਾਂਦਾ ਹੈ। 26 ਤੋਂ 50 ਏਕੜ ਤੱਕ ਆਮਦਨ ਟੈਕਸ ਦਰ 400 ਰੁਪਏ ਫ਼ੀ ਏਕੜ ਅਤੇ ਉਸ ਤੋਂ ਵੱਡੀ ਜ਼ਿਮੀਂਦਾਰੀ ਲਈ 500 ਰੁਪਏ ਫ਼ੀ ਏਕੜ ਹੈ। ਇਸ ਤੋਂ ਉਲਟ ਤਨਖ਼ਾਹਦਾਰਾਂ ਲਈ ਘੱਟ ਤੋਂ ਘੱਟ ਟੈਕਸ ਦਰ 20 ਫ਼ੀਸਦੀ ਅਤੇ ਵੱਧ 35 ਫ਼ੀਸਦੀ ਹੈ। ਕਾਰੋਬਾਰੀਆਂ ਲਈ ਤਾਂ ਟੈਕਸ ਦਰਾਂ ਹੋਰ ਵੀ ਉੱਚੀਆਂ ਹਨ। ਇਸੇ ਲਈ ਕਾਰੋਬਾਰੀ ਆਪਣੀ ਬਹੁਤੀ ਆਮਦਨ, ਜ਼ਰਾਇਤੀ ਆਮਦਨ ਵਜੋਂ ਦਿਖਾਉਣ ਦੇ ਰਾਹ ਤੁਰੇ ਹੋਏ ਹਨ।

* * *

ਸੰਗੀਤਮਈ ਤਸਵੀਰਾਂ

ਲਾਹੌਰ ਦੇ ਅਬਦੁਲ ਮੁਫ਼ਤੀ ਨੇ ਲੌਕਡਾਊਨ ਦੇ ਤਿੰਨ ਮਹੀਨਿਆਂ ਦੌਰਾਨ ਡਿਜੀਟਲ ਤਸਵੀਰਸਾਜ਼ੀ ਨੂੰ ਸੰਗੀਤ ਨਾਲ ਜੋੜਨ ਦਾ ਅਨੂਠਾ ਤਜਰਬਾ ਕੀਤਾ ਅਤੇ ਉਸ ਦੇ ਇਸ ਤਜਰਬੇ ਨੂੰ ਸੋਸ਼ਲ ਮੀਡੀਆ ’ਤੇ ਹੁੰਗਾਰਾ ਵੀ ਬੇਮਿਸਾਲ ਮਿਲਿਆ। ਮੁਫ਼ਤੀ ਨੇ ਚਿੱਤਰਕਾਰੀ ਕਿਸੇ ਤੋਂ ਰਸਮੀ ਤੌਰ ’ਤੇ ਨਹੀਂ ਸਿੱਖੀ। ਉਹ ਸ਼ੌਕੀਆ ਤੌਰ ’ਤੇ ਪੇਂਟ ਤੇ ਬੁਰਸ਼ਾਂ ਨਾਲ ਸੀਨਰੀਆਂ ਬਣਾਇਆ ਕਰਦਾ ਸੀ। ਫਿਰ ਨੌਕਰੀ ਨੇ ਉਸ ਨੂੰ ਨਿੱਤ ਦੇ ਟੂਅਰਾਂ ਵਾਲੇ ਰਾਹ ਪਾ ਦਿੱਤਾ। ਇਸ ਕਾਰਨ ਕੈਨਵਸ, ਪੇਂਟ ਤੇ ਬੁਰਸ਼ ਹਰ ਸਮੇਂ ਆਪਣੇ ਨਾਲ ਰੱਖਣੇ ਸੰਭਵ ਨਾ ਰਹੇ। ਅਜਿਹੇ ਆਲਮ ’ਚ ਉਸ ਨੇ ਟੈਬਲੈੱਟ ਦੀ ਮਦਦ ਨਾਲ ਡਿਜੀਟਲ ਤਸਵੀਰਾਂ ਬਣਾਉਣ ਦਾ ਅਭਿਆਸ ਸ਼ੁਰੂ ਕਰ ਦਿੱਤਾ। ਮਾਰਚ ਵਿਚ ਕੋਵਿਡ ਕਾਰਨ ਸ਼ੁਰੂ ਹੋਏ ਲੌਕਡਾਊਨ ਨੇ ਉਸ ਨੂੰ ਘਰ ਵਿਚ ਕੈਦ ਕਰ ਦਿੱਤਾ। ਉਸ ਦੇ ਦੱਸਣ ਅਨੁਸਾਰ, ‘‘ਮਾਰਚ ਮਹੀਨਾ ਤਾਂ ਇਕ ਸਾਲ ਵਰਗਾ ਜਾਪਿਆ, ਪਰ ਡਿਜੀਟਲ ਚਿੱਤਰਕਾਰੀ ਨਾਲ ਜੁੜੇ ਤਜਰਬਿਆਂ ਕਾਰਨ ਅਪਰੈਲ ਤੇ ਮਈ ਦੇ ਮਹੀਨੇ ਝੱਟ ਲੰਘ ਗਏ।’’ ਸਭ ਤੋਂ ਪਹਿਲਾਂ ਉਸ ਨੇ ਡਿਜੀਟਲ ਤਸਵੀਰਾਂ ਅਤੇ ਪੌਪ ਗਾਇਕ ਅਲੀ ਸੇਠੀ ਦੇ ਗੀਤ ‘ਚਾਂਦਨੀ ਰਾਤ’ ਦਾ ਸਮਿਸ਼ਰਣ ਸੰਭਵ ਬਣਾਇਆ। ਇਸ ਕ੍ਰਿਤੀ ਨੂੰ ਜਦੋਂ ਸੋਸ਼ਲ ਮੀਡੀਆ ’ਤੇ ਪਾਇਆ ਗਿਆ ਤਾਂ ਤਿੰਨ ਦਿਨਾਂ ਦੇ ਅੰਦਰ 50 ਹਜ਼ਾਰ ਤੋਂ ਵੱਧ ਲੋਕਾਂ ਤੋਂ ਹੁੰਗਾਰਾ ਮਿਲਿਆ। ਹੁੰਗਾਰਾ ਦੇਣ ਵਾਲਿਆਂ ਵਿਚ ਅਲੀ ਸੇਠੀ ਵੀ ਸ਼ਾਮਲ ਸੀ।

ਮੁਫ਼ਤੀ ਨੇ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੂੰ ਦੱਸਿਆ ਕਿ ਉਪਰੋਕਤ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਹੋਰਨਾਂ ਗਾਇਕਾਂ ਦੀਆਂ ਰਚਨਾਵਾਂ ਨੂੰ ਡਿਜੀਟਲ ਤਸਵੀਰਾਂ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਉਹ ਪਹਿਲਾਂ ਆਪਣੇ ਮਨ ਦੀ ਮੌਜ ਮੁਤਾਬਿਕ ਡਿਜੀਟਲ ਤਸਵੀਰ ਬਣਾਉਂਦਾ ਹੈ ਅਤੇ ਫਿਰ ਉਸ ਨੂੰ ਢੁਕਵੇਂ ਗੀਤ ਨਾਲ ਸਿੰਥੇਸਾਈਜ਼ ਕਰਦਾ ਹੈ। ਇਸ ਅਨੂਠੇ ਤਜਰਬੇ ਵਿਚ ਇਕਬਾਲ ਬਾਨੋ, ਸ਼ਫ਼ਕਤ ਅਮਾਨਤ ਅਲੀ, ਸੱਜਾਦ ਅਲੀ ਤੇ ਨੂਰੀ ਆਦਿ ਪਾਕਿਸਤਾਨੀ ਗਾਇਕਾਂ ਤੋਂ ਇਲਾਵਾ ਜਗਜੀਤ ਸਿੰਘ ਅਤੇ ਸ਼ਾਨ ਵਰਗੇ ਭਾਰਤੀ ਗਾਇਕਾਂ ਨੂੰ ਵੀ ਮੁਕਾਮ ਮਿਲਿਆ ਹੈ। ਸ਼ਾਨ ਵੱਲੋਂ ਗਾਈ ਦੁਸ਼ਯੰਤ ਕੁਮਾਰ ਦੀ ਰਚਨਾ ‘ਏਕ ਜੰਗਲ ਹੈ ਤੇਰੀ ਆਂਖੋਂ ਮੇਂ, ਮੈਂ ਜਹਾਂ ਰਾਹ ਭੂਲ ਜਾਤਾ ਹੂੰ’ ਨੂੰ ਮੁਫ਼ਤੀ ਦੇ ਤਜਰਬੇ ਰਾਹੀਂ ਹਜ਼ਾਰਾਂ ਪਾਕਿਸਤਾਨੀਆਂ ਨੇ ਪਹਿਲੀ ਵਾਰ ਸੁਣਿਆ ਹੈ। ਉਨ੍ਹਾਂ ਵਿਚੋਂ ਕਈਆਂ ਨੇ ਇਸ ਗੱਲ ’ਤੇ ਮਾਯੂਸੀ ਵੀ ਪ੍ਰਗਟਾਈ ਕਿ ਦੁਸ਼ਯੰਤ ਦੀਆਂ ਕ੍ਰਿਤੀਆਂ ਅਮੂਮਨ ਦੇਵਨਗਰੀ ਲਿਪੀ ਵਿਚ ਹੀ ਮਿਲਦੀਆਂ ਹਨ, ਫ਼ਾਰਸੀ ਵਿਚ ਨਹੀਂ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All