ਪੇਰੂ ਦਾ ਸਿਆਸੀ ਸੰਕਟ ਅਤੇ ਲੋਕਾਂ ਦਾ ਰੋਹ : The Tribune India

ਪੇਰੂ ਦਾ ਸਿਆਸੀ ਸੰਕਟ ਅਤੇ ਲੋਕਾਂ ਦਾ ਰੋਹ

ਪੇਰੂ ਦਾ ਸਿਆਸੀ ਸੰਕਟ ਅਤੇ ਲੋਕਾਂ ਦਾ ਰੋਹ

ਡਾ. ਅਮਨ ਸੰਤਨਗਰ

ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਵਿੱਚ ਲੰਮੇ ਸਮੇਂ ਦਾ ਸਿਆਸੀ ਸੰਕਟ ਦਿਨੋ-ਦਿਨ ਗਹਿਰਾ ਹੋ ਰਿਹਾ ਹੈ। ਨਵੀਂ ਰਾਸ਼ਟਰਪਤੀ ਬਣੀ ਬੇਲੁਆਰਤੇ ਬੀਤੇ ਛੇ ਸਾਲਾਂ ਵਿੱਚ ਸੱਤਵੀਂ ਰਾਸ਼ਟਰਪਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 7 ਦਸੰਬਰ ਨੂੰ ਵੇਲ਼ੇ ਦੇ ਰਾਸ਼ਟਰਪਤੀ ਪੇਡਰੋ ਕੈਸਟੀਲੋ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪੂਰੇ ਦੇਸ਼ ਵਿੱਚ ਅਤੇ ਖ਼ਾਸ ਕਰਕੇ ਦੱਖਣੀ ਪੇਰੂ ਵਿੱਚ ਵੱਡੇ ਪੱਧਰ ’ਤੇ ਵਿਰੋਧ ਮੁਜ਼ਾਹਰੇ ਸ਼ੁਰੂ ਹੋ ਗਏ। ਪੇਡਰੋ ਕੈਸਟੀਲੋ ਨੂੰ ਬਗਾਵਤ ਕਰਨ, ਕਾਂਗਰਸ (ਉਥੋਂ ਦੀ ਵਿਧਾਨ ਪਾਲਿਕਾ) ਨੂੰ ਭੰਗ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਕੈਸਟਿਲੋ ਉੱਤੇ ਲੱਗੇ ਕਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਉਸ ਵੱਲੋਂ ਆਪਣੇ ਆਪ ਨੂੰ ‘ਨੈਤਿਕ ਅਸਮਰੱਥਾ’ ਦੇ ਠੱਪੇ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਕਾਂਗਰਸ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸਨੇ ਅਫਸਰਸ਼ਾਹੀ ਰਾਹੀਂ ਐਮਰਜੈਂਸੀ ਤਾਕਤਾਂ ਦੀ ਵਰਤੋਂ ਕਰਨ ਅਤੇ ਨਵੀਆਂ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਸੱਦਾ ਦਿੱਤਾ। ਪਰ ਕੁੱਝ ਹੀ ਘੰਟਿਆਂ ਵਿੱਚ ਕੈਸਟਿਲੋ ਦੀ ਇਸ ਕੋਸ਼ਿਸ਼ ਨੂੰ ਕੁਚਲ ਦਿੱਤਾ ਗਿਆ। ਕੈਸਟਿਲੋ ਨੇ ਮੈਕਸੀਕਨ ਦੂਤਘਰ ਵਿੱਚ ਪਨਾਹ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਬਾਅਦ ਵਿੱਚ ‘ਬਗਾਵਤ’ ਦੇ ਦੋਸ਼ ਤਹਿਤ ਨਜ਼ਰਬੰਦ ਕਰ ਦਿੱਤਾ ਗਿਆ। ਉਸ ਦੀ ਥਾਂ ਪਹਿਲਾਂ ਸਾਬਕਾ ਉਪ-ਰਾਸ਼ਟਰਪਤੀ ਰਹੀ ਦੀਨਾ ਬੋਲੁਆਰਤੇ ਨੇ ਲਈ।

ਕੈਸਟਿਲੋ ਨੂੰ ਬਹੁਤ ਸਾਰੇ ਗਰੀਬ ਪੇਂਡੂ ਖੇਤਰਾਂ ਵਿੱਚ, ਜ਼ਿਆਦਾਤਰ ਐਂਡੀਅਨ ਖੇਤਰਾਂ ਵਿੱਚ ਗਰੀਬੀ, ਵਿਤਕਰੇ ਅਤੇ ਨਾਬਰਾਬਰੀ ਵਿਰੁੱਧ ਲੜਾਈ ਵਿੱਚ ਲੋਕਾਂ ਵੱਲੋਂ ਆਪਣੇ ਸਹਿਯੋਗੀ ਵਜੋਂ ਦੇਖਿਆ ਜਾਂਦਾ ਸੀ, ਜਿਸ ਕਾਰਨ ਇਨ੍ਹਾਂ ਖੇਤਰਾਂ ਵਿੱਚ ਇਸ ਦੇ ਹੱਕ ਵਿੱਚ ਅਵਾਜ਼ਾਂ ਉੱਠਣ ਲੱਗੀਆਂ। ਕੈਸਟੀਲੋ ਦੇ ਮੁੱਖ ਅਧਾਰ ਖੇਤਰਾਂ, ਪੇਂਡੂ ਐਂਡੀਅਨਾਂ (ਉੱਥੋਂ ਦੇ ਪਿੰਡਾਂ ਦੇ ਆਦੀਵਾਸੀ/ਵਸਨੀਕ) ਅਤੇ ਰਾਜਧਾਨੀ ਲੀਮਾ ਦੇ ਗਰੀਬ ਮੁਹੱਲਿਆਂ ਵਿੱਚ ਉਸਦੇ ਹਮਾਇਤੀਆਂ ਵਿੱਚ ਆਪਣੇ ਆਗੂ (ਜਿਸ ਬਾਰੇ ਉਨ੍ਹਾਂ ਦਾ ਮੰਨਣਾ ਜਾਂ ਕਹਿ ਲਈਏ ਭੁਲੇਖਾ ਹੈ ਕਿ ਇੱਕ ਅਨਪੜ੍ਹ ਕਿਸਾਨ ਦਾ ਪੁੱਤਰ ਹੈ ਅਤੇ ਦੇਸ਼ ਦੇ ਪੇਂਡੂ ਗਰੀਬਾਂ ਵਿੱਚੋਂ ਬਣਿਆ ਪਹਿਲਾ ਰਾਸ਼ਟਰਪਤੀ ਹੈ) ਨੂੰ ਗੱਦੀਓਂ ਲਾਹੁਣ ਖਿਲਾਫ ਰੋਸਾ ਹੈ। ਇਸ ਤਰ੍ਹਾਂ ਨਵੀਂ ਬਣੀ ਰਾਸ਼ਟਰਪਤੀ ਪੇਰੂ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਅਤੇ ਉਹ ਮੁੜ ਚੋਣਾਂ ਚਾਹੁੰਦੇ ਹਨ। ਪਰ ਬੋਲੁਆਰਤੇ 2026 ਵਿੱਚ ਹੋਣ ਵਾਲ਼ੀਆਂ ਚੋਣਾਂ ਨੂੰ 2024 ਵਿੱਚ ਕਰਾਉਣ ਲਈ ਤਾਂ ਤਿਆਰ ਹੈ ਪਰ ਫੌਰੀ ਇਹ ਅਹੁਦਾ ਛੱਡਣ ਲਈ ਤਿਆਰ ਨਹੀਂ। ਇਸ ਦਾ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਮੁਜ਼ਾਹਰਾਕਾਰੀਆਂ ਨੇ ਸੜਕਾਂ, ਹਵਾਈ ਅੱਡੇ ਆਦਿ ਜਾਮ ਕਰ ਦਿੱਤੇ। ਪੇਰੂ ਦਾ ਅਸਮਾਨ ‘ਅਸੀਂ ਅੰਤ ਤੱਕ ਲੜਾਂਗੇ’ ਵਰਗੇ ਨਾਅਰਿਆਂ ਨਾਲ਼ ਗੂੰਜ ਰਿਹਾ ਹੈ। ਮੁਜ਼ਾਹਰਾਕਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਕਾਂਗਰਸ ਨੂੰ ਭੰਗ ਕਰਨਾ, ਬੋਲੁਆਰਤੇ ਦਾ ਅਸਤੀਫਾ, ਨਵੀਂਆਂ ਆਮ ਚੋਣਾਂ, ਕੈਸਟੀਲੋ ਦੀ ਰਿਹਾਈ ਅਤੇ ਨਵੇਂ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਸੰਵਿਧਾਨ ਸਭਾ ਸ਼ਾਮਲ ਹਨ। ਪੇਰੂ ਦੇ ਜ਼ਿਆਦਾਤਰ ਲੋਕ ਮੁਜ਼ਾਹਰਾਕਾਰੀਆਂ ਦੀਆਂ ਮੁੱਖ ਮੰਗਾਂ ਦੀ ਹਮਾਇਤ ਕਰਦੇ ਹਨ। ਪਰ ਉੱਥੋਂ ਦੀ ਹਾਕਮ ਜਮਾਤ ਇਨ੍ਹਾਂ ਮੰਗਾਂ ਦੇ ਸਿੱਟਿਆਂ ਤੋਂ ਡਰਦੀ ਹੈ। ਉੱਥੋਂ ਦੇ ਸਰਮਾਏਦਾਰਾਂ ਅਤੇ ਖੁਦਾਈ ਕਰਨ ਵਾਲ਼ੀਆਂ ਬਹੁ-ਕੌਮੀ ਕੰਪਨੀਆਂ ਨੂੰ ਡਰ ਹੈ ਕਿ ਇਸ ਨਾਲ਼ ਨਿੱਜੀਕਰਨ ਦੇ ਰਾਹ ਵਿੱਚ ਰੋਕਾਂ ਪੈਂਦੀਆਂ ਹਨ ਕਿਉਂਕਿ ਗੈਸ ਅਤੇ ਖੁਦਾਈ ਸਨਅਤ ਦਾ ਕੌਮੀਕਰਨ ਉਨ੍ਹਾਂ ਚੋਣ ਵਾਅਦਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਦੇ ਸਿਰ ’ਤੇ ਕੈਸਟੀਲੋ ਜਿੱਤਿਆ ਸੀ। ਪੂਰੇ ਤਾਂ ਭਾਵੇਂ ਉਸਨੇ ਵੀ ਨਹੀਂ ਸਨ ਕਰਨੇ, ਪਰ ਅਜਿਹੇ ਸੰਕਟ ਦੇ ਦੌਰ ਵਿੱਚ ਹਾਕਮ ਜਮਾਤਾਂ ਭੋਰਾ ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀਆਂ। ਭਾਵੇਂ ਕਿ ਫੌਰੀ ਨਜ਼ਰ ਨਹੀਂ ਆ ਰਿਹਾ ਪਰ ਫਿਰ ਵੀ ਜੇ ਹਾਕਮਾਂ ਨੂੰ ਵਿਰੋਧ ਕਰ ਰਹੇ ਲੋਕਾਂ ਤੋਂ ਪ੍ਰਬੰਧ ਨੂੰ ਕੋਈ ਖਤਰਾ ਮਹਿਸੂਸ ਹੋਇਆ ਤਾਂ ਹਾਕਮ ਜਮਾਤ ਕਿਸੇ ਕਿਸਮ ਦੀ ਸੰਵਿਧਾਨ ਸਭਾ ਨੂੰ ਮੰਨਣ ’ਤੇ ਵੀ ਵਿਚਾਰ ਕਰ ਸਕਦੀ ਹੈ। ਪਰ ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸਦੀ ਮਨਸ਼ਾ ਜਨਤਾ ਦੀ ਇਨਕਲਾਬੀ ਲਾਮਬੰਦੀ ਨੂੰ ਸੰਵਿਧਾਨਕ ਕਿਸਮ ਦੇ ਸਰਮਾਏਦਾਰਾ ਸੰਸਦਵਾਦ ਦੇ ਸੁਰੱਖਿਅਤ ਚੈਨਲਾਂ ਵੱਲ ਮੋੜਨਾ ਹੀ ਹੋਵੇਗਾ, ਇਸ ਤੋਂ ਵੱਧ ਕੁੱਝ ਨਹੀਂ।

ਕੈਸਟੀਲੋ ਦੀ ਥਾਂ ਰਾਸ਼ਟਰਪਤੀ ਦੀਨਾ ਬੋਲੁਆਰਤੇ ਵੱਲੋਂ ਰੋਸ ਮੁਜ਼ਾਹਰਿਆਂ ਉੱਤੇ ਢਾਹੇ ਜਬਰ ਨੇ ਲੋਕਾਂ ਦੇ ਰੋਹ ਨੂੰ ਹੋਰ ਮਘਾ ਦਿੱਤਾ ਹੈ। ਸਰਕਾਰੀ ਜਬਰ ਕਾਰਨ ਉੱਥੇ ਦਰਜਨਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਸੈਂਕੜੇ ਜ਼ਖ਼ਮੀ ਹੋਏ ਹਨ। ਮਨੁੱਖੀ ਅਧਿਕਾਰ ਸਮੂਹਾਂ ਦੀਆਂ ਰਿਪਰੋਟਾਂ ਮੁਤਾਬਕ ਬੋਲੁਆਰਤੇ ਸਰਕਾਰ ਨੇ ਰੋਸ ਕਰ ਰਹੇ ਲੋਕਾਂ ਉੱਤੇ ਸਿੱਧੀਆਂ ਗੋਲੀਆਂ ਵਰ੍ਹਾਈਆਂ। ਇੱਕ ਪਾਸੇ ਲੋਕ ਰੋਹ ਵਧਦਾ ਰਿਹਾ ਅਤੇ ਦੂਜੇ ਪਾਸੇ ਸਰਕਾਰ ਵੱਧ ਜਾਬਰ ਹੁੰਦੀ ਰਹੀ ਅਤੇ 14 ਦਸੰਬਰ ਨੂੰ ਦੇਸ਼ ਪੱਧਰੀ ਐਮਰਜੈਂਸੀ ਐਲਾਨਦੇ ਹੋਏ ਸਰਕਾਰੀ ਜਬਰ ਮਸ਼ੀਨਰੀ ਨੂੰ ਖੁੱਲ੍ਹਾ ਹੱਥ ਦਿੱਤਾ ਗਿਆ ਅਤੇ ਲੋਕਾਂ ਦੇ ਸਾਰੇ ਜਮਹੂਰੀ ਹੱਕ ਖਤਮ ਕਰਦੇ ਹੋਏ ਵਿਰੋਧ ਕਰਨ, ਇਕੱਠੇ ਹੋਣ ’ਤੇ ਪਬੰਦੀਆਂ ਮੜ੍ਹ ਦਿੱਤੀਆਂ ਗਈਆਂ।

ਇਸ ਸਿਆਸੀ ਸੰਕਟ ਕਾਰਨ ਕਈ ਮੰਤਰੀਆਂ ਨੇ ਬੋਲੁਆਰਤੇ ਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ। ਪੇਰੂ ਦੇ ਅਟਾਰਨੀ ਜਨਰਲ ਪੈਟਰੀਸ਼ੀਆ ਬੇਨਾਵਿਡਸ ਨੇ 10 ਜਨਵਰੀ 2023 ਨੂੰ ਰਾਸ਼ਟਰਪਤੀ ਦੀਨਾ ਬੋਲੁਆਰਤੇ, ਪ੍ਰਧਾਨ ਮੰਤਰੀ ਅਲਬਰਟੋ ਓਟਾਰੋਲਾ, ਗ੍ਰਹਿ-ਮੰਤਰੀ ਵਿਕਟਰ ਰੋਜਾਸ ਅਤੇ ਰੱਖਿਆ-ਮੰਤਰੀ ਜੋਰਜ ਸ਼ਾਵੇਜ਼ ਦੇ ਖਿਲਾਫ ਨਸਲਕੁਸ਼ੀ, ਭਿਆਨਕ ਕਤਲੇਆਮ ਅਤੇ ਗੰਭੀਰ ਸੱਟਾਂ ਦੇ ਅਖੌਤੀ ਅਪਰਾਧਾਂ ਲਈ ਜਾਂਚ ਦਾ ਐਲਾਨ ਕੀਤਾ ਹੈ। ਅਰਜਨਟੀਨਾ, ਬੋਲੀਵੀਆ, ਕੋਲੰਬੀਆ ਅਤੇ ਮੈਕਸੀਕੋ ਦੀਆਂ ਸਰਕਾਰਾਂ ਨੇ ਵੀ ਬੋਲੂਆਰਤੇ ਨੂੰ ਪੇਰੂ ਦੇ ਰਾਜ ਦੇ ਮੁਖੀ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਪੇਰੂ ਵਿੱਚ ਹੋ ਰਹੇ ਮੌਜੂਦਾ ਰੋਸ ਮੁਜ਼ਾਹਰਿਆਂ ਨੂੰ ਪਿਛਲੇ ਕੁੱਝ ਸਾਲਾਂ ਵਿੱਚ ਦੇਸ਼ ਦੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਦੇ ਪ੍ਰਸੰਗ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਨਾ ਕਿ ਸਿਰਫ ਮੌਜੂਦਾ ਘਟਨਾ ਵਜੋਂ। ਇਥੋਂ ਦੇ ਲੋਕ ਵੀ ਸੰਸਾਰ ਸਰਮਾਏਦਾਰਾ ਸੰਕਟ ਦੀ ਮਾਰ ਝੱਲ ਰਹੇ ਹਨ। ਕਰੋਨਾ ਕਾਰਨ ਲੋਕਾਂ ਦੇ ਜੀਵਨ ਪੱਧਰ ਵਿੱਚ ਆਇਆ ਨਿਘਾਰ, ਤੇਲ ਦਰਾਮਦਾਂ ’ਤੇ ਪਿਆ ਅਸਰ (ਰੂਸ-ਯੂਕਰੇਨ ਜੰਗ ਕਾਰਨ ਵੀ ਪੇਰੂ ਨੂੰ ਨੁਕਸਾਨ ਝੱਲਣਾ ਪਿਆ), ਵਧਦੀ ਮਹਿੰਗਾਈ, ਬੇਰੁਜ਼ਗਾਰੀ ਨੇ ਬੀਤੇ ਸਮਿਆਂ ਵਿੱਚ ਪੇਰੂ ਦੇ ਲੋਕਾਂ ਵਿੱਚ ਬੇਚੈਨੀ ਨੂੰ ਹੋਰ ਵਧਾ ਦਿੱਤਾ ਹੈ। ਕੈਸਟੀਲੋ ਲੋਕਾਂ ਵਿੱਚ ਅਜਿਹਿਆਂ ਮੁੱਦਿਆਂ ਨੂੰ ਅਧਾਰ ਬਣਾ ਕੇ ਹੀ ਮਜ਼ਬੂਤ ਹੋਇਆ ਸੀ। ਉਸ ਵੱਲੋਂ ਇਹ ਨਾਅਰਾ ਦਿੱਤਾ ਗਿਆ ਸੀ ਕਿ, ‘ਇੱਕ ਅਮੀਰ ਦੇਸ਼ ਵਿੱਚ ਹੁਣ ਹੋਰ ਗਰੀਬ ਲੋਕ ਨਹੀਂ।’ ਪਰ ਹਰ ਸਰਮਾਏਦਾਰਾ ਦੇਸ਼ ਦੀ ਤਰ੍ਹਾਂ ਇੱਥੇ ਵੀ ਅਮੀਰੀ ਕੁੱਝ ਕੁ ਲੋਕਾਂ ਹਿੱਸੇ ਆਈ ਅਤੇ ਗਰੀਬੀ ਬਹੁਗਿਣਤੀ ਦੇ ਲੇਖੇ। ਇਸੇ ‘ਵਿਕਾਸ’ ਦਾ ਸਿੱਟਾ ਸੀ ਕਿ ਪੇਰੂ ਵਿੱਚ ਪੇਂਡੂਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਪਾੜਾ ਹੋਰ ਵਧਦਾ ਗਿਆ। ਰਾਸ਼ਟਰਪਤੀ ਵੀ ਬਹੁਤੇ ਕਰਕੇ ਉੱਥੋਂ ਦੀ ਰਾਜਧਾਨੀ ਲੀਮਾ ਦੇ ਹੀ ਚੁਣੇ ਜਾਂਦੇ ਸਨ। ਸ਼ਹਿਰ ਸਰਮਾਏਦਾਰਾ ‘ਵਿਕਾਸ’ ਦੇ ਸਾਰੇ ਫਲ ਹੜੱਪ ਰਹੇ ਸਨ ਅਤੇ ਪੇਂਡੂ ਖੇਤਰ ਵਿੱਚ ਵਿਰੋਧ ਸ਼ਹਿਰਾਂ ਦੇ ਮੁਕਾਬਲੇ ਤੇਜ਼ੀ ਨਾਲ਼ ਪਲ਼ ਰਿਹਾ ਸੀ। ਇਸੇ ਕਾਰਨ ਦਿਹਾਤੀ ਦੱਖਣੀ ਖ਼ਿੱਤਾ, ਜਿੱਥੇ ਮੁਜ਼ਾਹਰੇ ਸਭ ਤੋਂ ਵੱਧ ਹੋ ਰਹੇ ਹਨ, ਪੇਡਰੋ ਕੈਸਟੀਲੋ ਦਾ ਅਧਾਰ ਬਣਿਆ। ਕੈਸਟੀਲੋ 1956 ਤੋਂ ਬਾਅਦ ਲੀਮਾ ਤੋਂ ਬਾਹਰ ਜੰਮਿਆਂ ਵਿੱਚੋਂ ਦੂਜਾ ਵਿਅਕਤੀ ਸੀ, ਜੋ ਰਾਸ਼ਟਰਪਤੀ ਵਜੋਂ ਚੁਣਿਆ ਗਿਆ। ਇਸ ਖੇਤਰ ਵਿੱਚ ਕੈਸਟੀਲੋ ਅਤੇ ਉਸਦੀ ‘ਸਮਾਜਵਾਦੀ’ ਬਿਆਨਬਾਜ਼ੀ ਪ੍ਰਤੀ ਲੋਕਾਂ ਦੀ ਹਮਦਰਦੀ ਇਸੇ ਸਭ ਕਾਸੇ ਦਾ ਸਿੱਟਾ ਹੈ।

ਮਾਰਚ 2022 ਵਿੱਚ ਕਾਂਗਰਸ ਕੈਸਟੀਲੋ ਵਿਰੁੱਧ ਦੂਜੀ ਵਾਰ ਵੀ ਬੇਭਰੋਸਗੀ ਮਤਾ ਪਾਸ ਕਰਨ ਵਿੱਚ ਨਾਕਾਮਯਾਬ ਰਹੀ। ਓਧਰ ਰੂਸ ਯੂਕਰੇਨ ਜੰਗ ਕਾਰਨ ਦੇਸ਼ ਵਿੱਚ ਤੇਲ ਅਤੇ ਅਨਾਜ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਸਨ, ਜਿਸ ਕਾਰਨ ਲੋਕ ਰੋਹ ਦੇ ਫ਼ੁਟਾਰੇ ਓਦੋਂ ਤੋਂ ਹੀ ਨਜ਼ਰ ਆਉਣ ਲੱਗੇ ਸਨ। ਅਮਰੀਕੀ ਖੁਦਾਈ ਕੰਪਨੀਆਂ ਵਿਰੁੱਧ ਵੀ ਲੋਕਾਂ ਦਾ ਗੁੱਸਾ ਉਬਾਲ਼ੇ ਮਾਰ ਰਿਹਾ ਹੈ। ਇਨ੍ਹਾਂ ਸਾਰੀਆਂ ਆਰਥਕ-ਸਮਾਜਕ-ਸਿਆਸੀ ਹਾਲਤਾਂ ਨੇ ਰਲ਼ ਕੇ ਉਥੋਂ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣਾਈ ਹੋਈ ਹੈ। ਇਹੋ ਕਾਰਨ ਹਨ ਕਿ ਹੇਠਾਂ ਲੋਕਾਂ ਵਿੱਚ ਗੁੱਸਾ ਦਿਨੋ ਦਿਨ ਵਧ ਰਿਹਾ ਹੈ। ਨਵੀਆਂ ਆਰਥਿਕ ਨੀਤੀਆਂ ਦੇ ਝੰਬੇ ਲੋਕਾਂ ਤੋਂ ਬਹੁਤਾ ਚਿਰ ਚੁੱਪ ਕਰਕੇ ਬੈਠੇ ਰਹਿਣ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ, ਉਹ ਵੀ ਅਜਿਹੇ ਦੇਸ਼ ਵਿੱਚ ਜਿੱਥੇ ਲੋਕ ਘੋਲ਼ਾਂ ਦਾ ਸ਼ਾਨਾਂਮੱਤਾ ਇਤਿਹਾਸ ਰਿਹਾ ਹੋਵੇ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੇਰੂ ਵੀ ਕਿਰਤੀ ਲੋਕਾਂ ਦੇ ਇਨਕਲਾਬੀ ਸੰਘਰਸ਼ਾਂ ਦੇ ਸ਼ਾਨਾਂਮੱਤੇ ਇਤਿਹਾਸ ਦੀ ਵਿਰਾਸਤ ਸਮੋਈ ਬੈਠਾ ਹੈ। ਇਹ ਸਰਮਾਏਦਾਰਾ-ਸਾਮਰਾਜੀ ਲੁੱਟ-ਜਬਰ ਖਿਲਾਫ ਕਿਸਾਨਾਂ ਮਜ਼ਦੂਰਾਂ ਦੀਆਂ ਅਥਾਹ ਕੁਰਬਾਨੀਆਂ ਦੇ ਇਤਿਹਾਸ ਦੀ ਇੱਕ ਮਿਸਾਲ ਹੈ। ਇੰਕਾ ਸੱਭਿਅਤਾ ਦੇ ਗੜ੍ਹ, 13ਵੀਂ ਸਦੀ ਤੋਂ 16ਵੀਂ ਸਦੀ ਦੇ ਤੀਜੇ ਦਹਾਕੇ ਤੱਕ ਇੰਕਾ ਸਾਮਰਾਜ ਵਜੋਂ ਜਾਣੇ ਜਾਂਦੇ ਇਸ ਇਲਾਕੇ ਨੂੰ 16ਵੀਂ ਸਦੀ ਵਿੱਚ ਸਪੇਨੀਆਂ ਵੱਲੋਂ ਕਬਜ਼ਾ ਕਰਨ ਦੇ ਸਮੇਂ ਤੋਂ ਹੀ ਇੱਥੋਂ ਦੇ ਲੋਕਾਂ ਦਾ ਆਜ਼ਾਦੀ ਲਈ ਸੰਘਰਸ਼ ਇੱਕ ਤਰ੍ਹਾਂ ਨਾਲ਼ ਸ਼ੁਰੂ ਹੋ ਗਿਆ ਸੀ। ਸਪੇਨ ਤੋਂ ਆਜ਼ਾਦੀ ਲਈ ਤੁਪਾਕ ਅਮਾਰੂ, ਜੋ ਗੈਬ੍ਰਿਅਲ ਵਜੋਂ ਮਸ਼ਹੂਰ ਹੈ, ਦੀ ਅਗਵਾਈ ਵਿੱਚ 60,000 ਤੋਂ ਵੱਧ ਲੋਕਾਂ ਵੱਲੋਂ ਲੜੇ ਆਜ਼ਾਦੀ ਸੰਘਰਸ਼ ਨੂੰ ਅੱਜ ਵੀ ਉੱਥੋਂ ਦੇ ਲੋਕ ਮਾਣ ਨਾਲ਼ ਯਾਦ ਕਰਦੇ ਹਨ। ਪੇਰੂ ਦੀ ਸਪੇਨ ਤੋਂ ਆਜ਼ਾਦੀ ਲਈ ਚੱਲੇ ਲੰਮੇ ਕੌਮੀ ਮੁਕਤੀ ਘੋਲ਼ ਸਦਕਾ 28 ਜੁਲਾਈ 1821 ਨੂੰ ਪੇਰੂ ਨੂੰ ਆਜ਼ਾਦ ਮੁਲਕ ਐਲਾਨ ਦਿੱਤਾ ਗਿਆ। ਪਰ ਇਸ ਆਜ਼ਾਦੀ ਤੋਂ ਬਾਅਦ ਵੀ ਮੌਜੂਦਾ ਸਮੇਂ ਤੱਕ ਪੇਰੂ ਦੇ ਲੋਕ ਫੌਜੀ ਤਾਨਾਸ਼ਾਹੀਆਂ, ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਦੀਆਂ ਮਾਰਾਂ ਝੱਲਦੇ ਆ ਰਹੇ ਹਨ। ਪੇਰੂ ਵਿੱਚ ਸਿਖਰਲੀ 20 ਫੀਸਦੀ ਅਬਾਦੀ ਦੇਸ਼ ਦੀ ਅੱਧੀ ਦੌਲਤ ਦੀ ਮਾਲਕ ਹੈ। ਇਹ ਸਾਰੀ ਦੌਲਤ ਦਾ ਕੇਂਦਰ ਰਾਜਧਾਨੀ ਲੀਮਾ ਹੈ, ਜਦਕਿ ਪੇਰੂ ਦੇ ਬਾਕੀ ਹਿੱਸਿਆਂ ਵਿੱਚ ਗਰੀਬੀ ਦੀ ਦਰ 30 ਫੀਸਦੀ ਤੱਕ ਪਹੁੰਚ ਗਈ ਹੈ। 2017 ਦੇ ਇੱਕ ਅੰਕੜੇ ਮੁਤਾਬਕ ਇੱਥੇ ਔਰਤਾਂ ਨਾਲ਼ ਹਿੰਸਾ ਵਿੱਚ 26 ਫ਼ੀਸਦੀ ਦਾ ਵਾਧਾ ਹੋਇਆ ਅਤੇ 75 ਫੀਸਦੀ ਔਰਤਾਂ ਮਾਨਸਿਕ ਅਤੇ ਸਰੀਰਕ ਲੁੱਟ ਦੀਆਂ ਸ਼ਿਕਾਰ ਹਨ। ਨਸਲੀ ਵਿਤਕਰਾ ਵੀ ਵਿਆਪਕ ਪੈਮਾਨੇ ’ਤੇ ਮੌਜੂਦ ਹੈ। ਬਸਤੀਵਾਦ ਦੇ ਯੁੱਗ ਤੋਂ ਹੀ ਤੁਰੀਆਂ ਆਉਂਦੀਆਂ ਇਨ੍ਹਾਂ ਹਾਲਤਾਂ ਕਾਰਨ ਪੇਰੂ ਵਿੱਚ ਸਮਾਜਵਾਦ ਲਈ ਸੰਘਰਸ਼ ਨੇ ਵੀ ਜ਼ੋਰ ਫੜਿਆ।

ਪੇਰੂ ਦਾ ਵਿਦੇਸ਼ੀ ਸਾਮਰਾਜਾਂ ਤੋਂ ਆਜ਼ਾਦੀ ਲਈ ਲੜਨ ਦਾ ਇੱਕ ਲੰਮਾ ਅਤੇ ਇਨਕਲਾਬੀ ਇਤਿਹਾਸ ਹੈ, ਪਰ ਇਸ ਦੇ ਨਾਲ਼ ਹੀ ਇੱਥੋਂ ਦੇ ਲੋਕਾਂ ਨੇ ਸਰਮਾਏਦਾਰੀ ਅਤੇ ਸਾਮਰਾਜ ਦੀਆਂ ਅਥਾਹ ਮਾਰਾਂ ਝੱਲੀਆਂ ਹਨ ਅਤੇ ਅੱਜ ਵੀ ਝੱਲ ਰਹੇ ਹਨ। ਅੱਜ ਪੇਰੂ ਦੱਖਣੀ ਅਮਰੀਕਾ ਵਿੱਚ ਅਮਰੀਕੀ ਸਾਮਰਾਜ ਦਾ ਹੱਥਠੋਕਾ ਬਣਿਆ ਹੋਇਆ ਹੈ ਜੋ ਸਰਮਾਏਦਾਰਾ-ਸਾਮਰਾਜੀ ਨੀਤੀਆਂ ਨੂੰ ਧੜੱਲੇ ਨਾਲ਼ ਲਾਗੂ ਕਰਨ ਅਤੇ ਉੱਥੋਂ ਦੇ ਲੋਕਾਂ ਵੱਲੋਂ ਉੱਠਦੇ ਵਿਰੋਧ ਨੂੰ ‘ਦਹਿਸ਼ਤਗਰਦ ਖਤਰੇ’ ਨਾਲ਼ ਨਜਿੱਠਣ ਦੇ ਨਾਂ ’ਤੇ ਦਹਿਸ਼ਤਗਰਦੀ ਵਿਰੋਧੀ ਕਾਰਵਾਈਆਂ ਰਾਹੀਂ ਦਰੜਨ ਦਾ ਕੰਮ ਕਰਦਾ ਹੈ। ਪਰ ਇਤਿਹਾਸ ਗਵਾਹ ਹੈ ਕਿ ਹਾਕਮ ਜਿੰਨਾਂ ਜ਼ਿਆਦਾ ਲੋਕਾਂ ਨੂੰ ਦਬਾਉਂਦੇ ਹਨ, ਲੋਕਾਂ ਦਾ ਗੁੱਸਾ ਉਂਨਾ ਹੀ ਵਧੇਰੇ ਫੁੱਟਦਾ ਹੈ ਅਤੇ ਇਹੋ ਪੇਰੂ ਵਿੱਚ ਹੋ ਰਿਹਾ ਹੈ। ਲਗਾਤਾਰ ਵਧਦੀ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਨਸਲੀ ਹਿੰਸਾ, ਔਰਤਾਂ ਖਿਲਾਫ ਹਿੰਸਾ, ਵਿਦੇਸ਼ੀ ਕੰਪਨੀਆਂ ਵੱਲੋਂ ਪੇਰੂ ਦੇ ਸਰੋਤਾਂ ਅਤੇ ਲੋਕਾਂ ਦੀ ਲੁੱਟ ਆਦਿ ਵਿਰੁੱਧ ਲੋਕਾਂ ਦਾ ਗੁੱਸਾ ਉਬਾਲ਼ੇ ਮਾਰ ਰਿਹਾ ਹੈ।

ਸੰਪਰਕ: 99918-54101

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All