ਪਿਆਰ ਤੇ ਜ਼ਿੰਮੇਵਾਰੀ

ਰੂਹ ਦਾ ਹਾਣੀ

ਰੂਹ ਦਾ ਹਾਣੀ

 ਕਰਮਜੀਤ ਕੌਰ ਮੁਕਤਸਰ

ਗੱਲ 2020 ਦੀ ਹੈ। ਗਰਮੀਆਂ ਦੇ ਦਿਨ ਸਨ। ਸੁਬਹ-ਸਵੇਰੇ ਮੈਂ ਘਰ ਦੇ ਨਿੱਕੇ ਮੋਟੇ ਕੰਮ ਨਿਬੇੜਨ ਵਿੱਚ ਰੁੱਝੀ ਹੋਈ ਸੀ। ਇੰਨੇ ਨੂੰ ਸਾਡੀ ਸਫ਼ਾਈ ਸੇਵਕ ਨਾਜ਼ੋ ਨੇ ਆਉਂਦਿਆਂ ਹੀ ਕਿਹਾ, ‘‘ਸਤਿ ਸ੍ਰੀ ਅਕਾਲ ਭੈਣ ਜੀ।’’ ਮੈਂ ਤ੍ਰਭਕ ਕੇ, ਤੇਜ਼ੀ ਨਾਲ ਉਸ ਵੱਲ ਦੇਖਿਆ ਤੇ ਉਸ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਦੇ ਕੇ ਪੈਂਦੀ ਸੱਟੇ ਕਿਹਾ, ‘‘ਲੱਗਦਾ ਸਾਰੇ ਰਿਸ਼ਤੇਦਾਰ ਹੁਣ ਚਲੇ ਗਏ ਹੋਣੇ ਆਂ।’’ ਕਿਉਂਕਿ ਨਾਜ਼ੋ ਆਪਣੇ ਭਤੀਜੇ ਦੇ ਵਿਆਹ ਤੋਂ ਦਸ ਦਿਨ ਬਾਅਦ ਕੰਮ ’ਤੇ ਆਈ ਸੀ। ‘‘ਨਹੀਂ ਭੈਣ ਜੀ, ਵਿਆਹ ’ਤੇ ਤਾਂ ਮੇਰੇ ਸਿਵਾਏ ਕਿਸੇ ਹੋਰ ਨੂੰ ਨਹੀਂ ਬੁਲਾਇਆ ਸੀ।’’ ‘‘ਹੈਂ! ਪਰ ਕਿਉਂ?’’ ਮੈਂ ਹੈਰਾਨੀ ਨਾਲ ਪੁੱਛਿਆ।

ਨਾਜ਼ੋ ਨੇ ਠੰਢਾ ਹਾਉਕਾ ਲੈਂਦਿਆਂ ਰਸੋਈ ਨਾਲ ਖੜ੍ਹੀ ਕੀਤੀ ਪੀੜ੍ਹੀ ਨੂੰ ਡਾਹੁੰਦਿਆਂ ਕਿਹਾ, ‘‘ਲਵ ਮੈਰਿਜ ਸੀ ਨਾ ਭੈਣ ਜੀ, ਤਾਂ ਕਰਕੇ।’’ ‘‘ਲਵ ਹੋਵੇ ਜਾਂ ਅਰੇਂਜ, ਮੈਰਿਜ ਤਾਂ ਮੈਰਿਜ ਈ ਹੁੰਦੀ ਆ ਨਾਜ਼ੋ।’’ ਮੈਂ ਕੁਰਸੀ ਉਸ ਦੀ ਪੀੜ੍ਹੀ ਦੇ ਨੇੜੇ ਕਰਦਿਆਂ ਕਿਹਾ। ਉਹ ਢਿੱਲਾ ਜਿਹਾ ਮੂੰਹ ਕਰ ਕੇ ਬੋਲੀ, ‘‘ਕੀ ਦੱਸਾਂ ਭੈਣ ਜੀ, ਕੁੜੀ ਦੇ ਪੇਕਿਆਂ ਦਾ ਜੱਦੀ ਸ਼ਹਿਰ ਤਾਂ ਕਿਤੇ ਹੋਰ ਦਾ ਹੈ ਪਰ ਹੁਣ ਮੇਰੇ ਪੇਕਿਆਂ ਦੇ ਘਰ ਤੋਂ ਦੋ-ਚਾਰ ਘਰ ਛੱਡ ਕੇ ਆਪਣੀ ਮਾਂ ਨਾਲ ਕਿਰਾਏ ਦੇ ਘਰ ’ਚ ਰਹਿੰਦੀ ਹੈ। ਲੜਕੀ ਦਾ ਪਿਤਾ ਕਿਸੇ ਬਿਮਾਰੀ ਕਰਕੇ ਰੱਬ ਨੂੰ ਪਿਆਰਾ ਹੋ ਗਿਆ। ਪਿਤਾ ਦੀ ਬਿਮਾਰੀ ਕਰਕੇ ਹੀ ਉਨ੍ਹਾਂ ਦਾ ਘਰ-ਬਾਰ ਸਭ ਕੁਝ ਵਿਕ ਗਿਆ ਸੀ, ਕੋਈ ਪੈਸਾ ਧੇਲਾ ਨਾ ਰਿਹਾ। ਫਿਰ ਮਾਵਾਂ-ਧੀਆਂ ਕਿਰਾਏ ਦੇ ਮਕਾਨ ’ਚ ਰਹਿਣ ਲੱਗ ਪਈਆਂ। ਲੜਕੀ ਦੀ ਮਾਂ ਨੇ ਲੋਕਾਂ ਦੇ ਘਰਾਂ ’ਚ ਖਾਣਾ ਬਣਾਉਣ ਤੇ ਸਾਫ਼-ਸਫ਼ਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਘਰ ਦੇ ਗੁਜ਼ਾਰੇ ਦੇ ਨਾਲ-ਨਾਲ ਕੁੜੀ ਪੜ੍ਹ-ਲਿਖ ਕੇ ਪੈਰਾਂ ’ਤੇ ਖੜ੍ਹੀ ਹੋ ਸਕੇ। ਪੜ੍ਹਾਈ-ਲਿਖਾਈ ’ਚ ਲੜਕੀ ਕਾਫ਼ੀ ਹੁਸ਼ਿਆਰ ਸੀ। ਮੇਰੇ ਭਤੀਜੇ ਰਮੇਸ਼ ਦੇ ਨਾਲ ਹੀ ਕਾਲਜ ’ਚ ਪੜ੍ਹਦੀ ਸੀ। ਦੋਵੇਂ ਚੰਗੇ ਦੋਸਤ ਸੀ। ਰਮੇਸ਼ ਵੀ ਹਰ ਦੁੱਖ-ਸੁੱਖ ’ਚ ਉਸ ਦੀ ਮੱਦਦ ਕਰਦਾ ਸੀ। ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਤੇ ਫਿਰ ਦੋਹਾਂ ਨੇ ਜ਼ਿੰਦਗੀ ਭਰ ਇੱਕਠੇ ਰਹਿਣ ਦਾ ਵਾਅਦਾ ਕਰ ਲਿਆ। ਪਰ ਘਰ ਦੀਆਂ ਜ਼ਿੰਮੇਵਾਰੀਆਂ ਸਿਰ ਪੈਣ ਕਰਕੇ ਰਮੇਸ਼ ਦੀ ਪੜ੍ਹਾਈ ਅੱਧ-ਵਿਚਕਾਰ ਛੁੱਟਗੀ। ਉਹ ਪ੍ਰਾਈਵੇਟ ਸੱਤ-ਅੱਠ ਹਜ਼ਾਰ ਰੁਪਏ ’ਤੇ ਨੌਕਰੀ ਕਰਨ ਲੱਗ ਗਿਆ। ਦੂਜੇ ਪਾਸੇ ਉਸ ਲੜਕੀ ਨੂੰ ਕਿਸੇ ਚੰਗੇ ਅਹੁਦੇ ’ਤੇ ਸਰਕਾਰੀ ਨੌਕਰੀ ਮਿਲ ਗਈ। ਰਮੇਸ਼ ਦੇ ਦੋਸਤਾਂ ਨੇ ਰਮੇਸ਼ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਲੜਕੀ ਹੁਣ ਤੇਰੇ ਨਾਲ ਕਦੇ ਵੀ ਵਿਆਹ ਨਹੀਂ ਕਰਾਊਗੀ। ਆਪਣੇ ਦੋਸਤਾਂ ਦੇ ਤਾਅਨੇ-ਮਿਹਣਿਆਂ ਤੋਂ ਤੰਗ ਆ ਕੇ ਰਮੇਸ਼ ਨੇ ਘਰੋਂ ਨਿਕਲਣਾ ਬੰਦ ਕਰ ਦਿੱਤਾ। ਦਿਮਾਗ਼ੀ ਤੌਰ ’ਤੇ ਪਰੇਸ਼ਾਨ ਰਹਿਣ ਕਰਕੇ ਉਹ ਗਹਿਰੇ ਸਦਮੇ ਦਾ ਸ਼ਿਕਾਰ ਹੋ ਗਿਆ। ਤੇ ਪਾਗਲਪਣ ਕਰਨ ਲੱਗ ਪਿਆ। ਕਈ ਵਾਰ ਤਾਂ ਉਸ ਨੇ ਆਤਮ-ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ। ਬਥੇਰੇ ਡਾਕਟਰਾਂ ਨੂੰ ਦਿਖਾਇਆ ਪਰ ਉਹ ਸਦਮੇ ’ਚੋਂ ਬਾਹਰ ਨਾ ਆਇਆ। ਰਮੇਸ਼ ਦੀ ਬੁਰੀ ਹਾਲਤ ਦੇਖ ਕੇ ਉਸ ਲੜਕੀ ਨੂੰ ਵਿਆਹ ਕਰਨ ਲਈ ਕਿਹਾ ਤਾਂ ਉਸ ਨੇ ਸਾਫ਼ ਜਵਾਬ ਦੇ ਦਿੱਤਾ ਪਰ ਇੱਕ ਸ਼ਰਤ ’ਤੇ ਉਸ ਨੇ ਵਿਆਹ ਲਈ ਹਾਂ ਕਰ ਦਿੱਤੀ ਕਿ ਇਸ ਵਿਆਹ ਬਾਰੇ ਕਿਸੇ ਨੂੰ ਇੱਕ ਤੋਂ ਦੂਜੇ ਕੰਨ ਖ਼ਬਰ ਨਹੀਂ ਹੋਣੀ ਚਾਹੀਦੀ। ਆਪਣੇ ਮੁੰਡੇ ਦੀ ਹਾਲਤ ਦੇਖ ਕੇ ਅਸੀਂ ਵੀ ਹਾਂ ਕਰ ਦਿੱਤੀ। ਕੁੜੀ ਆਪਣੇ ਸੂਹੇ ਜੋੜੇ ’ਚ ਤਿਆਰ ਹੋਈ। ਦੂਜੇ ਕਮਰੇ ਵਿੱਚ ਭਤੀਜੇ ਦੇ ਸਿਰ ’ਤੇ ਸਿਹਰਾ ਬੰਨ੍ਹਿਆ। ਘਰ ਦੇ ਇੱਕ ਮੈਂਬਰ ਨੇ ਗੇਟ ’ਚ ਖੜ੍ਹ ਕੇ ਪਹਿਰਾ ਦਿੱਤਾ ਕਿ ਕਿਸੇ ਨੂੰ ਵਿਆਹ ਬਾਰੇ ਭਿਣਕ ਨਾ ਪੈ ਜਾਵੇ। ਪੰਡਿਤ ਨੇ ਲਾਵਾਂ-ਫੇਰੇ ਕਰਵਾਏ ਤੇ ਵਿਆਹ ਹੋ ਗਿਆ। ਬੱਸ ਅੱਧੇ ਘੰਟੇ ਬਾਅਦ ਕੁੜੀ ਨੇ ਵਿਆਹ ਵਾਲਾ ਸੂਹਾ ਜੋੜਾ ਲਾਹ ਕੇ ਆਪਣੇ ਪੁਰਾਣੇ ਕੱਪੜੇ ਪਾ ਲਏ ਤੇ ਆਪਣੇ ਘਰ ਜਾਣ ਨੂੰ ਤਿਆਰ ਹੋ ਗਈ। ਜਾਣ ਲੱਗੀ ਸਾਰਿਆਂ ਨੂੰ ਕਹਿੰਦੀ ਕਿ ਹਾਲਾਤ ਦੇ ਠੀਕ ਹੁੰਦਿਆਂ ਹੀ ਮੈਂ ਜਲਦੀ ਵਾਪਸ ਆ ਜਾਊਂਗੀ। ਪਰ ਓਨੀ ਦੇਰ ਆਪਣੀ ਮਾਂ ਦੇ ਘਰ ਹੀ ਰਹੇਗੀ। ਅਗਲੇ ਦਿਨ ਰਸੋਈ ਦੀਆਂ ਰਸਮਾਂ ਲਈ ਕੁੜੀ ਨੂੰ ਫਿਰ ਫੋਨ ਕੀਤਾ ਕਿ ਬਈ ਆਪਣੀਆਂ ਰਸਮਾਂ ਪੂਰੀਆਂ ਕਰੇ। ਆਪਣੀ ਡਿਊਟੀ ’ਤੇ ਜਾਣ ਤੋਂ ਪਹਿਲਾਂ ਆਪਣੀ ਮਾਂ ਤੋਂ ਅੱਖ ਬਚਾ ਕੇ ਉਹ ਘਰ ਆਈ ਤੇ ਸਾਰਿਆਂ ਲਈ ਜਲਦੀ-ਜਲਦੀ ਹਲਵਾ ਬਣਾ ਕੇ ਰੱਖਗੀ ਅਤੇ ਡਿਊਟੀ ਚਲੀ ਗਈ। ਬਸ ਭੈਣ ਜੀ, ਇਹੀ ਵਿਆਹ ਸੀ। ਵਿਆਹ ਸੀ ਜਾਂ ਨਾਟਕ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ।’’ ਨਾਜ਼ੋ ਦੇ ਮੂੰਹੋਂ ਵਿਆਹ ਦੀ ਸਾਰੀ ਵਿਥਿਆ ਸੁਣ ਕੇ ਮੈਂ ਵੀ ਡੂੰਘੀ ਸੋਚ ’ਚ ਡੁੱਬ ਗਈ। ਮੇਰੇ ਆਲੇ-ਦੁਆਲੇ ਵਾਪਰੀਆਂ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਹੁਣ ਤਾਜ਼ਾ ਹੋ ਗਈਆਂ ਜਿਨ੍ਹਾਂ ਵਿੱਚ ਕੋਮਲ ਰਿਸ਼ਤਿਆਂ ’ਚ ਆਪਸੀ ਵਿਸਾਹਘਾਤ, ਜਜ਼ਬਾਤ ਦਾ ਖ਼ੂਨ ਅਤੇ ਖ਼ੁਦਕੁਸ਼ੀਆਂ ਦੇ ਮਾਮਲਿਆਂ ਦੀਆਂ ਅਜਿਹੀਆਂ ਦੁਖਾਂਤਕ ਘਟਨਾਵਾਂ ਵਿੱਚ ਲੁੱਟੇ-ਪੁੱਟੇ ਪਰਿਵਾਰਾਂ ਨੂੰ ਰੋਂਦੇ-ਕੁਰਲਾਉਂਦੇ ਹੋਏ ਆਪਣੇ ਅੱਖੀਂ ਤੱਕਿਆ ਸੀ ਮੈਂ। ਕੁਝ ਸਮਾਂ ਚੁੱਪ ਤੋਂ ਬਾਅਦ ਮੇਰੇ ਧੁਰ ਅੰਦਰੋਂ ਆਵਾਜ਼ ਆਈ, ‘ਇਨ੍ਹਾਂ ਨਾਜ਼ੁਕ ਰਿਸ਼ਤਿਆਂ ਦੀਆਂ ਬਾਰੀਕ ਤੰਦਾਂ ਨੂੰ ਤਾਂ ਇੱਕ, ਰੂਹ ਦਾ ਹਾਣੀ ਜ਼ਰੂਰੀ ਸਾਂਭ ਕੇ ਰੱਖਦਾ।’ ਮੇਰੇ ਧੜਕਦੇ ਹੋਏ ਦਿਲ ਨੇ ਇਸ ਆਵਾਜ਼ ਦੀ ਹਾਮੀ ਭਰੀ। ਹੋਠਾਂ ’ਤੇ ਮੁਸਕਾਨ ਆਪਮੁਹਾਰੇ ਛਾ ਗਈ। 

ਮੈਂ ਕੁਰਸੀ ਤੋਂ ਉੱਠੀ ਤੇ ਨਾਜ਼ੋ ਨੂੰ ਹੌਸਲਾ ਦਿੰਦਿਆਂ ਕਿਹਾ, ‘‘ਚਿੰਤਾ ਨਾ ਕਰ, ਸਭ ਠੀਕ ਹੋ ਜਾਊਗਾ।’’ ਉਸ ਨੂੰ ਮੈਂ ਪੀਣ ਲਈ ਪਾਣੀ ਦਾ ਗਿਲਾਸ ਫੜਾਇਆ। ਨਾਜ਼ੋ ਚੁੱਪਚਾਪ ਪੀੜ੍ਹੀ ਤੋਂ ਉੱਠ ਕੇ ਕੰਮ ਵਿੱਚ ਜੁਟ ਗਈ। ਉਸ ਦਿਨ ਤੋਂ ਬਾਅਦ ਉਹ ਜਦੋਂ ਵੀ ਕੰਮ ’ਤੇ ਆਉਂਦੀ ਤਾਂ ਅਕਸਰ ਆਪਣੇ ਪੇਕਿਆਂ ਦੀ ਗੱਲ ਮੇਰੇ ਨਾਲ ਸਾਂਝੀ ਕਰਦੀ। ਦੋ ਮਹੀਨੇ ਬਾਅਦ ਹੀ ਉਸ ਨੇ ਦੱਸਿਆ ਕਿ ਉਸ ਦਾ ਭਤੀਜਾ ਹੁਣ ਬਿਲਕੁਲ ਠੀਕ-ਠਾਕ ਹੈ। ਆਪਣੇ ਕੰਮ ’ਤੇ ਜਾਣ ਲੱਗ ਪਿਆ ਹੈ। 2020 ਤੋਂ 2022 ਆ ਗਿਆ ਪਰ ਨਾਜ਼ੋ ਨੂੰ ਆਪਣੇ ਪੇਕਿਆਂ ਦੇ ਘਰੋਂ ਉਹ ਖ਼ਬਰ ਨਾ ਆਈ ਜਿਸ ਦਾ ਉਸ ਨੂੰ ਬੇਸਬਰੀ ਨਾਲ ਇੰਤਜਾਰ ਰਹਿੰਦਾ ਸੀ। ਪਰ ਅਚਾਨਕ ਮਾਰਚ 2022 ਦੇ ਅਖੀਰਲੇ ਦਿਨਾਂ ਵਿੱਚ ਇੱਕ ਦਿਨ ਉਹ ਭੱਜੀ-ਭੱਜੀ ਆਈ ਤੇ ਕਹਿਣ ਲੱਗੀ, ‘‘ਭੈਣ ਜੀ, ਭੈਣ ਜੀ, ਵਿਆਹ ਸੱਚਮੁੱਚ ਪੱਕਾ ਹੋ ਗਿਆ।’’ ‘‘ਕਿਸ ਦਾ ਵਿਆਹ ਨਾਜ਼ੋ?’’ ਮੈਂ ਗੰਭੀਰਤਾ ਨਾਲ ਪੁੱਛਿਆ। ਮੇਰੇ ਭਤੀਜੇ ਦਾ ਉਸੇ ਕੁੜੀ ਨਾਲ ਹੀ ਹੁਣ ਧੂਮਧਾਮ ਨਾਲ ਵਿਆਹ ਹੋਵੇਗਾ। ‘‘ਅੱਛਾ! ਪਹਿਲਾਂ ਤਾਂ ਤੈਨੂੰ ਬਹੁਤ-ਬਹੁਤ ਵਧਾਈਆਂ ਪਰ ਇਹ ਦੱਸ ਕਿ ਹੁਣ ਅਜਿਹਾ ਕੀ ਹੋ ਗਿਆ ਕਿ ਵਿਆਹ ਧੂਮਧਾਮ ਨਾਲ ਹੋ ਰਿਹਾ ਹੈ?’’

ਨਾਜ਼ੋ ਖਿੜਖਿੜਾ ਕੇ ਹੱਸੀ ਤੇ ਕਹਿਣ ਲੱਗੀ, ‘‘ਉਸ ਲੜਕੀ ਨੇ ਆਪਣੀ ਤਨਖ਼ਾਹ ਜੋੜ-ਜੋੜ ਕੇ ਆਪਣੀ ਮਾਂ ਨੂੰ ਇੱਕ ਘਰ ਖਰੀਦ ਕੇ ਦਿੱਤਾ। ਫਿਰ ਭਤੀਜੇ ਰਮੇਸ਼ ਦੇ ਕਾਰੋਬਾਰ ਵਿੱਚ ਚੰਗੀ ਮੱਦਦ ਕੀਤੀ। ਉਸ ਤੋਂ ਬਾਅਦ ਆਪਣੀ ਮਾਂ ਨਾਲ ਰਮੇਸ਼ ਅਤੇ ਆਪਣੇ ਰਿਸ਼ਤੇ ਦੀ ਗੱਲ ਤੋਰੀ। ਹੁਣ ਉਸ ਦੀ ਮਾਂ ਨੇ ਵਿਆਹ ਲਈ ਹਾਂ ਕਰ ਦਿੱਤੀ ਹੈ। ਅੱਜ ਤੋਂ ਇਕ ਹਫ਼ਤੇ ਬਾਅਦ ਵਿਆਹ ਐ।’’ ਨਾਜ਼ੋ ਖ਼ੁਸ਼ੀ ਵਿਚ ਬੋਲਦੀ ਹੀ ਜਾ ਰਹੀ ਸੀ। ਉਸ ਨੂੰ ਖ਼ੁਸ਼ ਹੁੰਦਿਆਂ ਦੇਖ ਮੈਨੂੰ ਵੀ ਸਕੂਨ ਮਿਲਿਆ। ਮੈਂ ਹੱਸ ਕੇ ਕਿਹਾ, ‘‘ਹੁਣ ਤਾਂ ਤੂੰ ਮਹੀਨਾ ਨਹੀਂ ਮੁੜਦੀ।’’ ਅਸੀਂ ਦੋਵੇਂ ਖਿੜਖਿੜਾ ਕੇ ਹੱਸ ਪਈਆਂ। 

ਸੰਪਰਕ: 89685-94379

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਵਿਰੋਧੀ ਧਿਰਾਂ ਵੱਲੋਂ ਬਿੱਲ ਦਾ ਖਰੜਾ ਸੰਘੀ ਢਾਂਚੇ ਦੀ ਖਿਲਾਫ਼ਵਰਜ਼ੀ ਕਰ...

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਰਾਜ ਸਭਾ ਚੇਅਰਮੈਨ ਵਜੋਂ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ, ਜੀਵਨੀ ਲਿਖਣ ...

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਅਪੀਲ ਸੁਪਰੀਮ ਕੋਰਟ ’ਚ ਪੈ...

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸ਼ਰਤ ਤੇ ਅਕੁਲਾ ਦੀ ਜੋੜੀ ਨੇ ਕੀਤੀ ਜਿੱਤ ...

ਸ਼ਹਿਰ

View All