ਨੌਜਵਾਨ ਸੋਚ

ਕਿਸਾਨ ਸੰਘਰਸ਼ ਤੇ ਨੌਜਵਾਨ ਵਰਗ

ਕਿਸਾਨ ਸੰਘਰਸ਼ ਤੇ ਨੌਜਵਾਨ ਵਰਗ

ਅੰਦੋਲਨ ’ਚ ਨੌਜਵਾਨਾਂ ਦਾ ਯੋਗਦਾਨ ਨਵੀਂ ਸਵੇਰ ਵਰਗਾ

ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਪੂਰੇ ਜੋਬਨ ’ਤੇ ਹੈ। ਇਸ ਵਿੱਚ ਜਿੱਥੇ ਬਜ਼ੁਰਗ ਤੇ ਔਰਤਾਂ ਵੱਡੀ ਗਿਣਤੀ ਵਿੱਚ ਹਨ, ਉੱਥੇ ਹੀ ਨੌਜਵਾਨ ਵੀ ਉਤਸ਼ਾਹ ਨਾਲ ਪੂਰੇ ਤਨ ਤੇ ਮਨ ਤੋਂ ਯੋਗਦਾਨ ਪਾ ਰਹੇ ਹਨ। ਇਹ ਇੱਕ ਨਵੀਂ ਸਵੇਰ ਦਾ ਆਗਾਜ਼ ਹੈ, ਕਿਉਂਕਿ ਜਿਸ ਤਰ੍ਹਾਂ ਖੇਤੀ ਕਾਨੂੰਨ ਖੇਤੀ ਸੈਕਟਰ ਨੂੰ ਖਤਮ ਕਰ ਦੇਣਗੇ, ਉਸੇ ਤਰ੍ਹਾਂ ਹਰੇਕ ਖੇਤਰ ਵਿੱਚ ਅਜਿਹੇ ਕਾਨੂੰਨ ਜਬਰੀ ਸਰਕਾਰਾਂ ਵਲੋਂ ਥੋਪੇ ਜਾ ਰਹੇ ਹਨ, ਜਿਸਦਾ ਲਾਭ ਆਮ ਲੋਕਾਂ ਨੂੰ ਘੱਟ ਤੇ ਕਾਰਪੋਰੇਟ ਘਰਾਣਿਆਂ ਨੂੰ ਵੱਧ ਹੋ ਰਿਹਾ ਹੈ। ਜੇ ਹੁਣ ਨੌਜਵਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੀ ਜ਼ਿੰਮੇਵਾਰੀ ਸੁਚੱਜੇ ਢੰਗ ਨਾਲ ਨਿਭਾਈ ਜਾ ਰਹੀ ਹੈ, ਤਾਂ ਇੰਝ ਹੀ ਅੱਗੇ ਚੱਲ ਕੇ ਨੌਜਵਾਨ ਆਪਣੇ ਹੱਕਾਂ ’ਤੇ ਹਰੇਕ ਖੇਤਰ ਵਿੱਚ ਪਹਿਰਾ ਦਿੰਦੇ ਨਜ਼ਰ ਆਉਣਗੇ।

ਜਗਜੀਤ ਸਿੰਘ ਅਸੀਰ, ਡੱਬਵਾਲੀ। ਸਪੰਰਕ: 90504-60096


ਨੌਜਵਾਨਾਂ ਨੇ ਸੰਘਰਸ਼ ’ਚ ਨਵੀਆਂ ਸੰਭਾਵਨਾਵਾਂ ਸਿਰਜੀਆਂ

ਕਿਸਾਨ ਸੰਘਰਸ਼ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਹੈ। ਨੌਜਵਾਨਾਂ ਨੇ ਪੁਲੀਸ ਬੈਰੀਗੇਡ ਤੋੜਨ ਤੋਂ ਲੈ ਕੇ ਲੰਗਰ ਸੇਵਾ, ਸਫ਼ਾਈ ਸੇਵਾ ਆਦਿ ਹਰ ਪਾਸੇ ਯੋਗਦਾਨ ਪਾਇਆ ਹੈ, ਜਿਸ ਨਾਲ ਨੌਜਵਾਨਾਂ ’ਤੇ ਗੋਦੀ ਮੀਡੀਆ ਵੱਲੋਂ ਲਗਾਇਆ ਨਸ਼ੇੜੀ ਤੇ ਬਦਮਾਸ਼ ਦਾ ਟੈਗ ਲਹਿ ਗਿਆ ਹੈ। ਨੌਜਵਾਨਾਂ ਦੇ ਸਬਰ ਕਰਕੇ ਹੀ ਇਹ ਸੰਘਰਸ਼ ਸ਼ਾਂਤਮਈ ਰਹਿਣ ਵਿੱਚ ਕਾਮਯਾਬ ਹੋਇਆ ਹੈ। ਇਥੇ ਬੈਠੇ ਨੌਜਵਾਨ ਵਰਗ ਨੇ ਨਵੀਆਂ ਸਾਹਿਤਕ ਲਿਖਤਾਂ ਨੂੰ ਜਨਮ ਦਿੱਤਾ ਹੈ ਤੇ ਹੋਰਨਾਂ ਲੋਕਾਂ ਨੂੰ ਸਾਹਿਤਕ ਚੇਟਕ ਲਾਈ ਹੈ। ਇਸ ਤੋਂ ਇਲਾਵਾ ਨੌਜਵਾਨ ਵਰਗ ਨੇ ਇਸ ਕਿਸਾਨੀ ਸੰਘਰਸ਼ ਵਿੱਚੋਂ ਨਵੀਆਂ ਲਹਿਰਾਂ ਦੇ ਉੱਭਰਨ ਦੀ ਸੰਭਾਵਨਾ ਵੀ ਪੇਸ਼ ਕੀਤੀ ਹੈ।

ਗੁਰਦਿੱਤ ਸਿੰਘ ਸੇਖੋਂ, ਪਿੰਡ ਤੇ ਡਾਕ ਦਲੇਲ ਸਿੰਘ ਵਾਲਾ, ਜ਼ਿਲ੍ਹਾ ਮਾਨਸਾ। ਸੰਪਰਕ: 97811-72781


ਨਸ਼ੇੜੀ ਹੋਣ ਦਾ ਦਾਗ਼ ਧੋਤਾ

ਕੇਂਦਰ ਸਰਕਾਰ ਨੇ ਦੇਸ਼ ਨੂੰ ਧਨਾਡਾਂ ਤੇ ਸਰਮਾਏਦਾਰਾਂ ਦੇ ਹੱਥ ਗਹਿਣੇ ਰੱਖਣ ਵਾਲੀ ਗੱਲ ਕਰ ਦਿੱਤੀ ਹੈ। ਦੇਸ਼ ਦੇ ਵੱਡੇ ਪੂੰਜੀਪਤੀਆਂ ਨੇ ਸਾਰਾ ਸਰਕਾਰੀ ਨਿਜ਼ਾਮ ਨਿੱਜੀਕਰਨ ਤਹਿਤ ਆਪਣੀਆਂ ਝੋਲੀਆਂ ’ਚ ਸੁੱਟਣ ਦੀਆਂ ਸਕੀਮਾਂ ਬਣਾ ਲਈਆਂ ਹਨ। ਵੱਡੀਆਂ ਸਰਕਾਰੀ ਕੰਪਨੀਆਂ ਅਡਾਨੀਆਂ-ਅੰਬਾਨੀਆਂ ਨੂੰ ਅਸਿੱਧੇ ਰੂਪ ’ਚ ਸੌਂਪੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਖੇਤੀ ਤੇ ਕਿਸਾਨੀ ਨੂੰ ਸਰਕਾਰ ਖੇਤੀ ਸੋਧਾਂ ਦੇ ਨਾਂ ਹੇਠ ਕੁਝ ਅਮੀਰ ਘਰਾਣਿਆਂ ਹੱਥ ਦੇਣਾ ਚਾਹੁੰਦੀ ਹੈ ਪਰ ਪੰਜਾਬੀਆਂ ਨੇ ਇਤਿਹਾਸ ਦੁਹਰਾਉਂਦਿਆਂ ਅੱਗੇ ਲੱਗ ਕੇ ਖੇਤੀ ਕਾਨੂੰਨਾਂ ਖਿਲਾਫ਼ ਮੋਰਚਾ ਖੋਲ੍ਹਿਆ ਹੈ, ਜਿਸ ਵਿੱਚ ਗਾਇਕਾਂ ਨੇ ਵੀ ਕਿਸਾਨ ਜੱਥੇਬੰਦੀਆਂ ਦੀ ਅਗਵਾਈ ’ਚ ਨੌਜਵਾਨਾਂ ਨੂੰ ਲਾਮਬੰਦ ਕਰਕੇ ਨਸ਼ੇੜੀ ਹੋਣ ਦੀ ਬਦਨਾਮੀ ਨੂੰ ਧੋਤਾ ਤੇ ਭਗਤ, ਸਰਾਭੇ ਤੇ ਊਧਮ ਸਿੰਘ ਦੀ ਸੋਚ ਵੀ ਮੁੜ ਉਸਰਦੀ ਜਾਪ ਰਹੀ ਹੈ।

ਡਾ. ਜਸਵੀਰ ਸਿੰਘ ਗਰੇਵਾਲ


ਨੌਜਵਾਨ ਹੀ ਲਿਆਂਦੇ ਹਨ ਇਨਕਲਾਬੀ ਤਬਦੀਲੀਆਂ

ਕਿਸਾਨ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੁੰਦਾ ਹੈ ਤੇ ਫਿਰ ਬਿਨਾਂ ਕੁਝ ਪਾਏ ਇਸ ਜਹਾਨੋਂ ਚਲਾ ਜਾਂਦਾ ਪਰ ਕਿਸੇ ਅੱਗੇ ਫ਼ਰਿਆਦ ਜਾਂ ਸ਼ਿਕਾਇਤ ਨਹੀਂ ਕਰਦਾ। ਪਰ ਅੱਜ ਕਿਸਾਨਾਂ ਨਾਲ ਜੋ ਵੀ ਹੋ ਰਿਹਾ ਉਹ ਗਲਤ ਆ। ਸਰਕਾਰ ਨੇ ਖੇਤੀ ਮਾਰੂ ਕਾਨੂੰਨ ਬਣਾਏ ਹਨ ਤੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਇਸ ਖ਼ਿਲਾਫ਼ ਧਰਨਿਆਂ ’ਤੇ ਬੈਠਣਾ ਪੈ ਰਿਹਾ ਹੈ ਅਤੇ ਕਿਸਾਨਾਂ ਨਾਲ ਹੁਣ ਤਾਂ ਨੌਜਵਾਨ ਪੀੜ੍ਹੀ ਵੀ ਅੱਗੇ ਆ ਗਈ ਹੈ। ਹੁਣ ਸੋਚਣਾ ਸਰਕਾਰ ਨੂੰ ਹੈ ਕਿ ਉਸ ਨੂੰ ਦੇਸ਼ ਦੀ ਜਨਤਾ ਚਾਹੀਦੀ ਹੈ ਜਾਂ ਕਾਰਪੋਰੇਟ ਘਰਾਣੇ। ਕਿਉਂਕਿ ਇਤਿਹਾਸ ਗਵਾਹ ਹੈ ਜਦੋਂ ਵੀ ਦੇਸ਼ ਦਾ ਨੌਜਵਾਨ ਅੱਗੇ ਆਇਆ ਹੈ ਤਾਂ ਸਮਾਜ ਵਿੱਚ ਬਦਲਾਅ ਜ਼ਰੂਰ ਕੀਤਾ ਹੈ।

ਹਰਪ੍ਰੀਤ ਕੌਰ ਪਿਪਲੀ, ਕੁਰੂਕਸ਼ੇਤਰ, ਹਰਿਆਣਾ। ਸੰਪਰਕ: 94165-22110


ਕਿਸਾਨਾਂ ਦੇ ਜਜ਼ਬੇ ਨੂੰ ਸਲਾਮ

ਕਿਸ ਨੇ ਸੋਚਿਆ ਸੀ ਕਿ ਇਹ ਕਿਸਾਨ ਅੰਦੋਲਨ ਇੰਨਾ ਵਿਸ਼ਾਲ ਹੋ ਜਾਵੇਗਾ। ਜਦ ਅੰਦੋਲਨ ਦੀ ਸ਼ੁਰੂਆਤ ਹੋਈ ਤਾਂ ਬਹੁਤ ਸਾਰੇ ਲੋਕ ਪਹਿਲਾਂ ਹੀ ਉਮੀਦ ਢਾਹ ਚੁੱਕੇ ਸਨ ਕਿ ਬਸ ਹੁਣ ਕੁਝ ਨਹੀਂ ਹੋ ਸਕਦਾ। ਪਰ ਸਲਾਮ ਉਨ੍ਹਾਂ ਕਿਸਾਨਾਂ ਤੇ ਨੌਜਵਾਨਾਂ ਦੇ ਜਜ਼ਬੇ ਨੂੰ ਜਿਨ੍ਹਾਂ ਨੂੰ ਪਤਾ ਸੀ ਕਿ ਹਰਿਆਣਾ ਬਾਰਡਰ ’ਤੇ ਉਨ੍ਹਾਂ ਨੂੰ ਰੋਕਿਆ ਜਾਵੇਗਾ, ਪੁਲੀਸ ਨਾਲ ਟਾਕਰਾ ਹੋਵੇਗਾ, ਰਹਿਣ ਦਾ ਕੋਈ ਟਿਕਾਣਾ ਨਹੀਂ, ਖਾਣ ਦਾ ਕੋਈ ਹੀਲਾ ਨਹੀਂ ਠੰਢ ਐਸੀ ਕਿ ਧੜਕਣ ਰੁਕ ਜਾਵੇ, ਪਰ ਉਹ ਬਾਰਡਰਾਂ ’ਤੇ ਡਟੇ ਹੋਏ ਨੇ। ਨਵੀਂ ਪੀੜ੍ਹੀ ’ਤੇ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਕਿਸਾਨੀ ਦੀ ਪਰਵਾਹ ਨਹੀਂ, ਉਸ ਦਾ ਜਵਾਬ ਬਿਨਾਂ ਬੋਲੇ ਨੌਜਵਾਨਾਂ ਨੇ ਆਪਣੇ ਯੋਗਦਾਨ ਰਾਹੀਂ ਦੇ ਦਿੱਤਾ ਹੈ।

ਹਰਪ੍ਰੀਤ ਪੁਰੀ, ਸਰਹਿੰਦ, ਫਤਿਹਗੜ੍ਹ ਸਾਹਿਬ। ਸੰਪਰਕ: harpreetpuri3@gmail.com


ਕਿਸਾਨ ਸੰਘਰਸ਼ ਵਿਚ ਨੌਜਵਾਨਾਂ ਦਾ ਵੱਡਾ ਰੋਲ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਕਿਸੇ ਸਿਆਸਤ ਤੋਂ ਪ੍ਰੇਰਿਤ ਨਹੀਂ, ਬਲਕਿ ਆਪਣੇ ਹੱਕਾਂ ਵਾਸਤੇ ਸ਼ਾਂਤਮਈ ਢੰਗ ਨਾਲ ਅੰਨ੍ਹੀ-ਬੋਲੀ ਸਰਕਾਰ ਦੇ ਕੰਨਾਂ ਤੱਕ ਸਾਂਝੀ ਆਵਾਜ਼ ਪਹੁੰਚਾਉਣ ਦਾ ਅੰਦੋਲਨ ਹੈ। ਇਸ ਵੱਡੇ ਸੰਘਰਸ਼ ‘ਚ ਜਿਥੇ ਹਰ ਵਰਗ ਇਕਜੁੱਟ ਹੈ, ਉਥੇ ਨੌਜਵਾਨ ਵੀ ਪਿੱਛੇ ਨਹੀਂ ਜੋ ਤਕਨਾਲੋਜੀ ਦੀ ਵਰਤੋਂ ਕਰਕੇ ਕਿਸਾਨਾਂ ‘ਚ ਨਵਾਂ ਜੋਸ਼ ਭਰ ਰਹੇ ਹਨ। ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਣ ਵਿੱਚ ਕਿਸਾਨੀ ਸੰਘਰਸ਼ ਦੀ ਅਹਿਮ ਭੂਮਿਕਾ ਹੈ। ਜਿਵੇਂ ਇਕੱਲੀ ਲੱਕੜ ਨੂੰ ਤੋੜਨਾ ਆਸਾਨ ਹੁੰਦਾ ਹੈ, ਪਰ ਇਕੱਠੀਆਂ ਲੱਕੜਾਂ ਨੂੰ ਤੋੜ ਪਾਉਣਾ ਮੁਸ਼ਕਿਲ ਇਵੇਂ ਹੀ ਨੌਜਵਾਨ ਵਰਗ ਕਿਸਾਨ ਸੰਘਰਸ਼ ਦੀ ਮਜ਼ਬੂਤ ਨੀਂਹ ਹੈ। ਸੁਚੇਤ ਵਰਗ ਕਿਸਾਨੀ ਸੰਘਰਸ਼ ਦੀ ਅਸਲ ਤਾਕਤ ਹੈ, ਜੋ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵੇਗੀ।

ਅਰਵਿੰਦਰ ਸਿੰਘ, ਸੂਰਤ ਨਗਰ, ਮਕਸੂਦਾਂ, ਜਲੰਧਰ।


ਕਿਸਾਨੀ ਸੰਘਰਸ਼ ’ਚ ਨੌਜਵਾਨ ਪੀੜ੍ਹੀ ਦਾ ਭਾਰੀ ਯੋਗਦਾਨ

21ਵੀਂ ਸਦੀ ਦੀ ਨੌਜਵਾਨ ਪੀੜ੍ਹੀ ਨੇ ਕਿਸਾਨੀ ਮੋਰਚੇ ਨੂੰ ਆਪਣੇ ਹੱਥਾਂ ਵਿਚ ਲੈ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਦਿੱਲੀ ਮੋਰਚੇ ਨੂੰ ਜੇ ਕੋਈ ਸਿਖਰ ’ਤੇ ਲੈ ਕੇ ਗਿਆ ਹੈ ਤਾਂ ਉਹ ਅੱਜ ਦੀ ਉਹ ਨੌਜਵਾਨ ਪੀੜ੍ਹੀ ਹੈ, ਜਿਸ ਨੂੰ ਹੁਣ ਤਕ ਨਸ਼ਿਆਂ ਦੇ ਨਾਲ ਤੋਲਿਆਂ ਜਾਂਦਾ ਸੀ। ਪਰ ਇਸ ਨੌਜਵਾਨ ਪੀੜ੍ਹੀ ਨੇ ਉਸ ਨਸ਼ੇ ਦੀ ਤੱਕੜੀ ਨੂੰ ਹੇਠਾਂ ਕਰ ਆਪਣੀ ਸਾਰੀ ਤਾਕਤ ਪੰਜਾਬ ਮਾਂ ਧਰਤੀ ਕਿਸਾਨੀ ਨੂੰ ਬਚਾਉਣ ਲਈ ਲਾ ਦਿੱਤੀ ਹੈ।

ਜਸਕੀਰਤ ਸਿੰਘ, ਮੰਡੀ ਗੋਬਿੰਦਗੜ੍ਹ, ਫਤਹਿਗੜ੍ਹ ਸਾਹਿਬ। ਸੰਪਰਕ: 98889-49201


ਹਿਤਧਾਰਕਾਂ ਦੀ ਸਲਾਹ ਨਾਲ ਬਣਨ ਨਵੇਂ ਕਾਨੂੰਨ

ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਨੀਤੀ ਅਪਣਾ ਕੇ ਭਾਰਤ ਅੱਜ ਵਿਸ਼ਵ ਦੀ ਛੇਵੇਂ ਨੰਬਰ ਦੀ ਆਰਥਿਕਤਾ ਬਣ ਚੁੱਕਾ ਹੈ। ਖੇਤੀ ਸੈਕਟਰ ਭਾਰਤ ਦਾ ਸਭ ਤੋਂ ਪੁਰਾਣਾ ਨਿੱਜੀ ਸੈਕਟਰ ਹੈ, ਪਰ ਖੇਤੀ ਜਿਣਸਾਂ ਦਾ ਵਪਾਰ ਅਜੇ ਤੱਕ ਸਰਕਾਰੀ ਏਜੰਸੀਆਂ ਉੱਤੇ ਹੀ ਨਿਰਭਰ ਹੈ। ਹੁਣ ਉਦਾਰੀਕਰਨ ਅਤੇ ਨਿੱਜੀਕਰਨ ਦੇ ਪਰਦੇ ਹੇਠ ਸਰਕਾਰ ਨੇ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ ਹਨ, ਜੋ ਆਪਣੇ ਆਪ ਵਿੱਚ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਖਤਰਾ ਬਣਦੇ ਦਿਖ ਰਹੇ ਹਨ। ਸਰਕਾਰ ਅੰਤਰਰਾਸ਼ਟਰੀ ਦਬਾਅ ਹੇਠ ਹੈ ਪਰ ਕੌਮਾਂਤਰੀ ਦਬਾਅ ਨਾਲ ਸਿੱਝਣ ਦੇ ਬਹੁਤ ਤਰੀਕੇ ਹੋ ਸਕਦੇ ਹਨ। ਸਰਕਾਰ ਦੀ ਨੀਅਤ ਵਿੱਚ ਖੋਟ ਹੈ, ਜੋ ਦੇਸ਼ ਦੇ ਕਿਸਾਨਾਂ ਦੀ ਕੀਮਤ ‘ਤੇ ਆਪਣੇ ਆਰਥਿਕ ਅਕਾਵਾਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ, ਜੋ ਭਾਰਤ ਵਰਗੇ ਖੇਤੀ ਆਰਥਿਕਤਾ ਵਾਲੇ ਦੇਸ਼ ਲਈ ਤਬਾਹਕੁੰਨ ਹੋਵੇਗਾ।

ਪ੍ਰੀਤਰਤਨ ਸਿੰਘ ਸਿੱਧੂ, ਆਫਿਸਰ, ਕਾਲੋਨੀ, ਸੰਗਰੂਰ। ਸੰਪਰਕ: 85588-67070

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All