ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰ ਰਿਹਾ ਕਿਸਾਨ ਅੰਦੋਲਨ

ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰ ਰਿਹਾ ਕਿਸਾਨ ਅੰਦੋਲਨ

ਡਾ. ਰਣਜੀਤ ਸਿੰਘ

ਭਾਰਤ ਸਰਕਾਰ ਦੇ ਬਣਾਏ ਤਿੰਨ ਖੇਤੀ ਕਾਨੂੰਨ ਜਿਥੇ ਸਾਡੀ ਖੇਤੀ ਨੂੰ ਤਬਾਹ ਕਰਨ ਵਾਲੇ ਹਨ, ਉਥੇ ਇਹ ਪੰਜਾਬੀ ਸੱਭਿਆਚਾਰ ਦੀ ਪੁਨਰ ਸੁਰਜੀਤ ਲਈ ਸੰਜੀਵਨੀ ਬੂਟੀ ਬਣ ਕੇ ਆਏ ਹਨ। ਸਾਡੀ ਨੌਜਵਾਨ ਪੀੜ੍ਹੀ ਜਿਹੜੀ ਮੌਜੂਦਾ ਰਾਜਸੀ, ਆਰਥਿਕ ਅਤੇ ਵਿਦਿਅਕ ਢਾਂਚੇ ਤੋਂ ਪਰੇਸ਼ਾਨ ਹੋ ਕੇ ਮਾਯੂਸੀ ਵਿਚ ਘਿਰ ਰਹੀ ਸੀ, ਉਨ੍ਹਾਂ ਦੀ ਆਪਣੀ ਸ਼ਕਤੀ ਅਤੇ ਵਿਰਸੇ ਨੂੰ ਪਛਾਣਨ ਵਿਚ ਮੌਜੂਦਾ ਕਿਸਾਨ ਅੰਦੋਲਨ ਅਹਿਮ ਭੂਮਿਕਾ ਨਿਭਾ ਰਿਹਾ ਹੈ। ਆਪਣੀ ਮਾਯੂਸੀ ਤੋਂ ਉਪਜੀ ਬੇਚੈਨੀ ਨੂੰ ਦੂਰ ਕਰਨ ਲਈ ਜਿਹੜੀ ਜੁਆਨੀ ਰਾਜਸੀ ਆਗੂਆਂ, ਧਾਰਮਿਕ ਡੇਰਿਆਂ ਜਾਂ ਨਸ਼ਾ ਤਸਕਰਾਂ ਦੇ ਚੁੰਗਲ ਵਿਚ ਫਸ ਕੇ ਰਾਹੋਂ ਭਟਕ ਰਹੀ ਸੀ, ਉਸ ਨੂੰ ਇਸ ਅੰਦੋਲਨ ਨੇ ਨੌਜਵਾਨ ਸ਼ਕਤੀ ਦਾ ਜਲੌਅ ਦਿਖਾਇਆ ਹੈ ਅਤੇ ਮਹਾਨ ਪੰਜਾਬੀ ਵਿਰਸੇ ਨਾਲ ਜੋੜ ਕੇ ਉਨ੍ਹਾਂ ਅੰਦਰ ਚੜ੍ਹਦੀ ਕਲਾ ਦਾ ਸੰਚਾਰ ਕੀਤਾ ਹੈ। ਪੰਜਾਬੀ ਗਾਇਕੀ ਜਿਹੜੀ ਲੱਚਰਪੁਣੇ ਕਾਰਨ ਬਦਨਾਮ ਹੋ ਗਈ ਸੀ, ਨੂੰ ਸਹੀ ਦਿਸ਼ਾ ਦੀ ਸੋਝੀ ਹੋਈ ਹੈ। ਜਿਹੜਾ ਕਾਰਜ ਸਰਕਾਰ ਅਤੇ ਅਖੌਤੀ ਸਮਾਜ ਸੁਧਾਰਕ ਨਾ ਕਰ ਸਕੇ, ਉਹ ਇਸ ਮੋਰਚੇ ਨੇ ਕਰ ਦਿਖਾਇਆ ਹੈ। ਲਗਭਗ ਸਾਰੇ ਗਾਇਕਾਂ ਨੇ ਹੀ ਮੋਰਚੇ ਵਿਚ ਹਾਜ਼ਰੀ ਲਵਾਈ ਹੈ। ਉਥੇ ਉਨ੍ਹਾਂ ਆਪਣੇ ਰਵਾਇਤੀ ਗੀਤਾਂ ਦੀ ਥਾਂ ਅੰਨਦਾਤੇ ਦੀਆਂ ਸਿਫਤਾਂ ਕੀਤੀਆਂ ਅਤੇ ਆਪਣੇ ਮਹਾਨ ਵਿਰਸੇ ਦੀ ਝਾਤ ਪੁਆਈ ਹੈ। ਟੀਵੀ ਅਤੇ ਯੂਟਿਊਬ ਦੇ ਪੰਜਾਬੀ ਚੈਨਲਾਂ ਜਿਹੜੇ ਕੇਵਲ ਮਨਪ੍ਰਚਾਵੇ ਤਕ ਸੀਮਤ ਹਨ, ਨੇ ਕੇਵਲ ਅੰਦੋਲਨ ਬਾਰੇ ਹੀ ਮੌਕੇ ਉਤੇ ਜਾ ਕੇ ਸਹੀ ਜਾਣਕਾਰੀ ਨਹੀਂ ਦਿੱਤੀ ਹੈ ਸਗੋਂ ਪ੍ਰਭਾਵਸ਼ਾਲੀ ਗੋਦੀ ਮੀਡੀਏ ਦੇ ਝੂਠ ਦਾ ਵੀ ਡਟ ਕੇ ਮੁਕਾਬਲਾ ਕੀਤਾ ਹੈ। ਇੰਝ ਸਾਡੇ ਨੌਜਵਾਨ ਪੱਤਰਕਾਰਾਂ ਨੂੰ ਪੱਤਰਕਾਰੀ ਦੇ ਸਹੀ ਧਰਮ ਦਾ ਗਿਆਨ ਹੋਇਆ ਹੈ ਤੇ ਉਨ੍ਹਾਂ ਨਿਡਰ ਹੋ ਕੇ ਕਿਸਾਨਾਂ ਦਾ ਸਾਥ ਨਿਭਾਇਆ ਹੈ। ਸੋਸ਼ਲ ਮੀਡੀਆ ਜਿਹੜਾ ਆਪਣੇ ਨੰਬਰ ਵਧਾਉਣ ਲਈ ਸਸਤਾ ਜਿਹਾ ਮਨੋਰੰਜਨ ਕਰਦਾ ਸੀ, ਨੇ ਸੰਜੀਦਾ ਹੋ ਕੇ ਇਸ ਅੰਦੋਲਨ ਦੇ ਸੱਚ ਨੂੰ ਕੇਵਲ ਮੁਲਕ ਵਿਚ ਹੀ ਨਹੀਂ ਸਗੋਂ ਪਰਦੇਸਾਂ ਵਿਚ ਬੈਠੇ ਪੰਜਾਬੀਆਂ ਨੂੰ ਵੀ ਇਸ ਨਾਲ ਜੋੜਿਆ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਮੋਰਚੇ ਵਿਚ ਜਾ ਕੇ ਕਿਤਾਬਾਂ ਦੇ ਲੰਗਰ ਲਗਾਏ ਹਨ। ਉਥੇ ਬੈਠਿਆਂ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲਗਾਈ ਹੈ।

ਸਾਡੀ ਜੁਆਨੀ ਜਿਹੜੀ ਮਾਯੂਸੀ ਵਿਚ ਘਿਰ ਕੇ ਢਹਿੰਦੀ ਕਲਾ ਵਿਚ ਚਲੀ ਗਈ ਹੈ, ਉਨ੍ਹਾਂ ਦੀ ਸ਼ਕਤੀ ਨੂੰ ਮੰਤਵ ਮਿਲਿਆ ਹੈ। ਇਸ ਸ਼ਕਤੀ ਨੇ ਹੀ ਲੋਕਾਂ ਨੂੰ ਚ੍ਹੜਦੀ ਕਲਾ ਦਾ ਰਾਹ ਦਿਖਾਇਆ ਅਤੇ ਮਾਰੂ ਰੁਕਾਵਟਾਂ ਦਾ ਸਾਹਮਣਾ ਕਰ ਕੇ ਅੰਦੋਲਨ ਨੂੰ ਦਿੱਲੀ ਦੀਆਂ ਸਰਹੱਦਾਂ ਨੇ ਪਹੁੰਚਾਇਆ ਹੈ।

ਇਹ ਆਖਿਆ ਜਾਂਦਾ ਸੀ ਕਿ ਪੰਜਾਬ ਵਿਚ ਸੱਭਿਆਚਾਰਕ ਖਲਾਅ ਆ ਗਿਆ ਹੈ। ਇਸ ਦੇ ਪ੍ਰਭਾਵ ਹੇਠ ਪੰਜਾਬੀ ਦਿਸ਼ਾਹੀਣ ਹੋ ਰਹੇ ਹਨ। ਅਜਿਹੇ ਮਾਹੌਲ ਦੀ ਸਿਰਜਣਾ ਵਿਚ ਸਾਡੇ ਰਾਜਸੀ ਤੇ ਧਾਰਮਿਕ ਆਗੂਆਂ ਅਤੇ ਮੀਡੀਏ ਨੇ ਹੀ ਭੂਮਿਕਾ ਨਿਭਾਈ ਹੈ। ਟੈਲੀਵਿਜ਼ਨ ਅਤੇ ਸਮਾਰਟ ਫੋਨ ਹੁਣ ਲਗਭਗ ਹਰ ਪੰਜਾਬੀ ਘਰ ਵਿਚ ਹੈ। ਮੀਡੀਏ ਦਾ ਪ੍ਰਭਾਵ ਲੋਕ ਵਿਸ਼ੇਸ਼ ਕਰ ਕੇ ਨਵੀਂ ਪੀੜ੍ਹੀ ਬੜੀ ਛੇਤੀ ਕਬੂਲਦੀ ਹੈ। ਮੀਡੀਏ ਦੇ ਪ੍ਰਭਾਵ ਨਾਲ ਚਾਹੀਦਾ ਸੀ ਕਿ ਸਾਡੀ ਬੋਲੀ ਅਤੇ ਸਭਿਆਚਾਰ ਵਿਚ ਹੋਰ ਨਿਖਾਰ ਆਉਂਦਾ ਜਿਸ ਵਿਚੋਂ ਗਿਆਨ ਵਿਗਿਆਨ ਦੀ ਝਲਕ ਨਜ਼ਰ ਆਉਂਦੀ। ਵਿਕਾਸ ਨਾਲ ਸਭਿਆਚਾਰਕ ਤਬਦੀਲੀਆਂ ਤਾਂ ਆਉਂਦੀਆਂ ਹੀ ਹਨ। ਇਹ ਤਾਂ ਪ੍ਰਗਤੀ ਦੀ ਨਿਸ਼ਾਨੀ ਹੈ ਪਰ ਨਕਾਰਾਤਮਿਕ ਪ੍ਰਵਿਰਤੀ ਕਿਸੇ ਵੀ ਸਮਾਜ ਲਈ ਸੁਖਾਵੀਂ ਨਹੀਂ ਹੁੰਦੀ। ਇਸ ਦਾ ਜ਼ਿੰਮੇਵਾਰ ਕੁਝ ਹੱਦ ਤੱਕ ਸਾਡਾ ਰਾਜਨੀਤਕ ਅਤੇ ਪ੍ਰਬੰਧਕੀ ਢਾਂਚਾ ਵੀ ਹੈ। ਆਜ਼ਾਦੀ ਪਿਛੋਂ ਲੋਕਾਂ ਵਿਚ ਆਪਣੀ ਬੋਲੀ, ਸਭਿਆਚਾਰ ਅਤੇ ਵਸੀਲਿਆਂ ਬਾਰੇ ਜਿਹੜੀ ਚੇਤਨਾ ਚਾਹੀਦੀ ਸੀ, ਉਹ ਨਹੀਂ ਜਾਗੀ। ਲੋਕਤੰਤਰ ਵਿਚ ਸਰਕਾਰ ਵਲੋਂ ਇਸ ਪਾਸੇ ਜਿਹੇ ਜਿਹੇ ਯਤਨ ਹੋਣੇ ਚਾਹੀਦੇ ਸਨ, ਉਹ ਵੀ ਨਹੀਂ ਹੋਏ ਹਨ। ਰਾਜਨੀਤੀ ਵਿਚ ਕੌਮੀਅਤ, ਸੇਵਾ ਅਤੇ ਲਗਨ ਦੀ ਥਾਂ ਕੁਰਸੀ ਦੀ ਭੁੱਖ ਅਤੇ ਪੈਸਾ ਬਟੋਰਨ ਦੀ ਹੋੜ ਲਗ ਗਈ ਹੈ। ਅਜਿਹੀ ਹਾਲਤ ਵਿਚ ਬੋਲੀ ਅਤੇ ਸਭਿਆਚਾਰ ਦੇ ਵਿਕਾਸ ਵਲ ਧਿਆਨ ਦੇਣ ਦੀ ਭਲਾ ਕਿਸ ਕੋਲ ਵਿਹਲ ਹੈ? ਇਸ ਹਾਲਤ ਦੇ ਅਸਰ ਸਦਕਾ ਪੰਜਾਬੀ ਖਾਸ ਕਰ ਕੇ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਤੋਂ ਦੂਰ ਹੋ ਰਹੀ ਸੀ।

ਪ੍ਰਾਈਵੇਟ ਟੈਲੀਵਿਜ਼ਨ ਚੈਨਲਾਂ ਦੇ ਆਗਮਨ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ ਸੀ। ਇਹ ਲੋਕ ਵਪਾਰੀ ਹਨ। ਇਨ੍ਹਾਂ ਨੇ ਆਪਣਾ ਮਾਲ ਵੇਚਣਾ ਹੈ। ਪੰਜਾਬੀ ਦੂਜੇ ਸੂਬਿਆਂ ਦੇ ਮੁਕਾਬਲੇ ਵਧੇਰੇ ਖੁਸ਼ਹਾਲ ਹੋਣ ਕਰ ਕੇ, ਇਨ੍ਹਾਂ ਦਾ ਪ੍ਰਭਾਵ ਤੇਜ਼ੀ ਨਾਲ ਕਬੂਲ ਰਹੇ ਹਨ। ਆਵਾਜਾਈ ਦੇ ਸਾਧਨਾਂ ਵਿਚ ਸੁਧਾਰ ਹੋਣ ਨਾਲ ਪਿੰਡਾਂ ਵਿਚ ਵੀ ਇਹ ਪ੍ਰਭਾਵ ਤੇਜ਼ੀ ਨਾਲ ਵਧਿਆ ਹੈ। ਪਿੰਡ ਜਿਨ੍ਹਾਂ ਨੇ ਹੁਣ ਤੱਕ ਪੰਜਾਬੀ ਸਭਿਆਚਾਰ ਅਤੇ ਰਸਮਾਂ ਰਿਵਾਜ਼ਾਂ ਨੂੰ ਸੰਭਾਲਿਆ ਹੋਇਆ ਸੀ, ਉਨ੍ਹਾਂ ਵੀ ਇਸ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਸਾਡੇ ਲੋਕ ਸੰਗੀਤ ਵਿਚ ਪੌਪ ਰਲ ਗਿਆ ਹੈ। ਲੋਕ ਨਾਚਾਂ ਵਿਚ ਬੇਸੁਰਾ ਨੱਚਣਾ ਟੱਪਣਾ ਸ਼ੁਰੂ ਹੋ ਗਿਆ ਹੈ। ਸ਼ਰਾਬ ਦੀ ਖੁੱਲ੍ਹਮ-ਖੁੱਲ੍ਹੀ ਵਰਤੋਂ ਸਮਾਜਿਕ ਰੁਤਬੇ ਦੀ ਲਖਾਇਕ ਬਣ ਗਈ ਹੈ। ਬੇਲੋੜਾ ਦਿਖਾਵਾ ਅਤੇ ਹਉਮੈ ਸਾਡੀ ਸੋਚ ਦਾ ਅੰਗ ਬਣ ਗਏ ਹਨ। ਭਾਈਚਾਰਕ ਸਾਂਝ, ਬਜ਼ੁਰਗਾਂ ਦੀ ਇੱਜ਼ਤ, ਕਿਰਤ ਦਾ ਸਤਿਕਾਰ ਪੰਜਾਬੀ ਜੀਵਨ ਵਿਚੋਂ ਮਨਫ਼ੀ ਹੋ ਰਹੇ ਹਨ। ਸਦੀਆਂ ਤੋਂ ਚਲੀਆਂ ਆ ਰਹੀਆਂ ਕਦਰਾਂ ਕੀਮਤਾਂ ਟੁੱਟ ਰਹੀਆਂ ਹਨ। ਅਸੀਂ ਆਪਣੇ ਸਭਿਆਚਾਰ ਨਾਲੋਂ ਟੁੱਟ ਰਹੇ ਹਾਂ। ਇੰਜ ਇਥੇ ਸਭਿਆਚਾਰ ਖਲਾਅ ਬਣ ਗਿਆ ਹੈ। ਲੋਕਾਂ ਵਿਚ ਸੱਚ, ਸੰਤੋਖ ਤੇ ਆਪਸੀ ਭਾਈਚਾਰਾ ਖਤਮ ਹੋ ਰਿਹਾ ਹੈ। ਪੰਜਾਬੀਆਂ ਨੂੰ ਉਨ੍ਹਾਂ ਦੇ ਮਹਾਨ ਵਿਰਸੇ ਨਾਲ ਜੋੜਨ ਦੀ ਲੋੜ ਸੀ। ਇਸ ਪਾਸੇ ਸੰਚਾਰ ਦੇ ਆਧੁਨਿਕ ਸਾਧਨ ਚੋਖਾ ਹਿੱਸਾ ਪਾ ਸਕਦੇ ਸਨ। ਰੇਡੀਓ, ਟੈਲੀਵਿਜ਼ਨ, ਇੰਟਰਨੈੱਟ, ਸਮਾਜਿਕ ਮੀਡੀਆ ਅਤੇ ਫ਼ਿਲਮਾਂ ਵਲੋਂ ਵਿਸ਼ੇਸ਼ ਭੂਮਿਕਾ ਨਿਭਾਈ ਜਾ ਸਕਦੀ ਹੈ।

ਪੰਜਾਬੀਆਂ ਦੇ ਜੀਵਨ ਵਿਚੋਂ ਸੱਚ, ਸੰਤੋਖ, ਸੇਵਾ, ਹਲੀਮੀ, ਚੜ੍ਹਦੀ ਕਲਾ ਜਿਹੜੀ ਲਗਭਗ ਖਤਮ ਹੋ ਗਈ ਸੀ, ਇਸ ਅੰਦੋਲਨ ਨੇ ਮੁੜ ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਿਆ ਹੈ। ਨੌਜਵਾਨ ਜਿਨ੍ਹਾਂ ਵਿਚੋਂ ਕਿਰਤ ਦਾ ਸਤਿਕਾਰ ਖਤਮ ਹੋ ਰਿਹਾ ਸੀ, ਉਹ ਮੋਰਚੇ ਵਿਚ ਦਿਨ ਰਾਤ ਸੇਵਾ ਕਰ ਰਹੇ ਹਨ। ਗੁਰੂ ਨਾਨਕ ਜੀ ਦੇ ਉਪਦੇਸ਼ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਨੂੰ ਮੋਰਚੇ ਵਿਚ ਬੈਠੇ ਲੋਕਾਂ ਨੇ ਅਪਣਾਇਆ ਹੈ। ਇਸ ਮੋਰਚੇ ਵਿਚ ਹਰ ਉਮਰ ਦੇ ਮਰਦ ਔਰਤ ਰਲ ਕੇ ਸਾਰਾ ਕੰਮ ਕਰਦੇ ਹਨ। ਸਾਫ ਸਫਾਈ, ਲੰਗਰ, ਕਪੜੇ ਆਦਿ ਧੋਣ ਦਾ ਕੰਮ ਕਰਨ ਲੱਗਿਆਂ ਅਨੰਦ ਪ੍ਰਾਪਤ ਕੀਤਾ ਜਾ ਰਿਹਾ ਹੈ। ਸਰਕਾਰੀ ਜਬਰ ਅਤੇ ਠੰਢ, ਮੀਂਹ, ਹਨੇਰੀਆਂ ਦਾ ਮੁਕਾਬਲਾ ਚੜ੍ਹਦੀ ਕਲਾ ਵਿਚ ਰਹਿੰਦਿਆਂ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਇੰਜ ਜਾਪਣ ਲੱਗ ਪਿਆ ਸੀ ਕਿ ਪੰਜਾਬੀ ਆਪਣੇ ਵਿਰਸੇ ਨੂੰ ਭੁੱਲ, ਕਿਰਤ ਤੋਂ ਦੂਰ ਹੋ ਰਹੇ ਹਨ, ਉਨ੍ਹਾਂ ਵਿਚ ਸੇਵਾ ਭਾਵਨਾ ਖਤਮ ਹੋ ਰਹੀ ਹੈ ਤੇ ਦਿਖਾਵਾ ਭਾਰੂ ਹੋ ਰਿਹਾ ਹੈ। ਇਸ ਤਬਦੀਲੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਅੰਦੋਲਨ ਨੇ ਰਾਜਸੀ ਲੀਡਰਾਂ ਦੇ ਸੱਚ ਨੂੰ ਸਾਹਮਣੇ ਲਿਆ ਕੇ ਉਨ੍ਹਾਂ ਨੂੰ ਨੇੜੇ ਨਹੀਂ ਢੁਕਣ ਦਿੱਤਾ ਹੈ। ਹੁਣ ਸਾਡੇ ਲੀਡਰਾਂ ਨੂੰ ਵੀ ਸੋਚਣਾ ਪਵੇਗਾ ਕਿ ਕੁਰਸੀ ਆਪਣੀ ਸੇਵਾ ਲਈ ਨਹੀਂ ਸਗੋਂ ਲੋਕ ਸੇਵਾ ਲਈ ਹੁੰਦੀ ਹੈ।

ਪੰਜਾਬੀ ਸਾਹਿਤ ਵਿਚ ਨਵਾਂ ਰੁਝਾਨ ਆਇਆ ਹੈ। ਜਿਹੜਾ ਸਾਹਿਤ ਆਪਣੀਆਂ ਕਵਿਤਾ ਤੇ ਕਹਾਣੀਆਂ ਵਿਚ ਪੰਜਾਬੀਆਂ ਦੀ ਢਹਿੰਦੀ ਕਲਾ ਦਾ ਜਿ਼ਕਰ ਕਰਦਾ ਸੀ, ਉਹ ਹੁਣ ਪੰਜਾਬੀਆਂ ਦੀਆਂ ਸਿਫਤਾਂ ਕਰਨ ਵਲ ਮੁੜਿਆ ਹੈ। ਆਪਣੇ ਮਹਾਨ ਵਿਰਸੇ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਰਵਾਇਤੀ ਸਾਹਿਤ ਦੀ ਥਾਂ ਉਸਾਰੂ ਤੇ ਪ੍ਰਗਤੀਸ਼ੀਲ ਸਾਹਿਤ ਰਚਿਆ ਜਾਣ ਲਗ ਪਿਆ ਹੈ।

ਲੋੜ ਇਸ ਇਨਕਲਾਬੀ ਤਬਦੀਲੀ ਨੂੰ ਬਣਾਈ ਰੱਖਣ ਦੀ ਹੈ। ਜਿੱਤ ਪਿਛੋਂ ਲੋਕ ਸ਼ਕਤੀ ਨੂੰ ਖੇਰੂੰ ਖੇਰੂੰ ਨਹੀਂ ਹੋਣ ਦੇਣਾ ਚਾਹੀਦਾ। ਪਿੰਡਾਂ ਵਿਚੋਂ ਧੜੇਬੰਦੀ ਖਤਮ ਕਰ ਕੇ ਇਮਾਨਦਾਰ ਤੇ ਉਤਸ਼ਾਹੀ ਲੋਕਾਂ ਨੂੰ ਅਗੇ ਲਿਆਂਦਾ ਜਾਵੇ। ਪਿੰਡਾਂ ਦੇ ਵਿਕਾਸ ਦੇ ਨਾਲੋ-ਨਾਲ ਸਕੂਲਾਂ ਦੀ ਵੀ ਕਾਇਆ ਕਲਪ ਕੀਤੀ ਜਾਵੇ। ਇਸ ਕਾਰਜ ਲਈ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਤੋਂ ਮਾਇਕ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਪਿੰਡਾਂ ਵਿਚ ਬੱਚਿਆਂ ਲਈ ਖੇਡ ਮੈਦਾਨ ਬਣਾਏ ਜਾਣ ਤੇ ਲਾਇਬਰੇਰੀਆਂ ਖੋਲ੍ਹੀਆਂ ਜਾਣ। ਉਤਸ਼ਾਹੀ ਨੌਜਵਾਨਾਂ ਵਲੋਂ ਰਲ ਕੇ ਆਪਣੀ ਖੇਤੀ ਵਿਚ ਸੁਧਾਰ ਦੇ ਯਤਨ ਕੀਤੇ ਜਾਣ। ਆਪਣੀ ਉਪਜ ਦੀ ਠੀਕ ਮੁੱਲ ਉਤੇ ਵਿਕਰੀ ਵਿਚ ਆਪਸੀ ਸਹਿਯੋਗ ਵਧੀਆ ਭੂਮਿਕਾ ਨਿਭਾ ਸਕਦਾ ਹੈ। ਮੰਡੀ ਦੀ ਲੋੜ ਅਨੁਸਾਰ ਹਰ ਗੁਰੱਪ ਫ਼ਸਲਾਂ ਦੀ ਚੋਣ ਕਰੇ। ਜਿਥੋਂ ਤਕ ਹੋ ਸਕੇ, ਉਸ ਦਾ ਪਦਾਰਥੀਕਰਨ ਕਰਨ ਪਿਛੋਂ ਵਿਕਰੀ ਕੀਤੀ ਜਾਵੇ। ਪਿੰਡਾ ਵਿਚ ਖੇਤੀ ਮੇਲੇ ਲਗਾਏ ਜਾਣ। ਜਿਥੇ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਦੇ ਨਾਲੋ-ਨਾਲ ਖੇਤੀ ਉਪਜ ਦਾ ਪ੍ਰਦਰਸ਼ਨ ਕੀਤਾ ਜਾਵੇ। ਜਿਵੇਂ ਇਨ੍ਹਾਂ ਦਿਨਾਂ ਵਿਚ ਗੰਨਾ ਪੀੜਨ ਲਈ ਕੁਹਾੜੀ ਚਲਾਈ ਜਾਵੇ। ਦਰਸ਼ਕਾਂ ਨੂੰ ਤਾਜ਼ਾ ਰਸ, ਵਧੀਆ ਗੁੜ/ਸ਼ੱਕਰ ਤਿਆਰ ਕਰ ਕੇ ਵੇਚਿਆ ਜਾਵੇ। ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ, ਅਲਸੀ ਦੀਆਂ ਪਿੰਨੀਆਂ, ਬਾਸਮਤੀ ਦੇ ਉਬਲੇ ਚੌਲਾਂ ਉਤੇ ਸ਼ੱਕਰ ਤੇ ਦੇਸੀ ਘੀ ਪਾ ਕੇ ਖੁਆਇਆ ਜਾਵੇ। ਅਜਿਹੇ ਸਾਂਝੇ ਯਤਨਾਂ ਨਾਲ ਹੀ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕਦਾ ਹੈ।

ਸੰਪਰਕ: 94170-87328

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All