‘ਬਟਵਾਰਾ 1947’ ਦੇ ਰਿਲੀਜ਼ ਹੋਣ ਦਾ ਰਾਹ ਪੱਧਰਾ
ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਨੇ ਬਿਨਾਂ ਕੋੲੀ ਕੱਟ ਲਾਏ ਮਨਜ਼ੂੁਰੀ ਦਿੱਤੀ
ਅਦਾਕਾਰ ਸੰਨੀ ਦਿਓਲ ਦੀ ਆਉਣ ਵਾਲੀ ਇਤਿਹਾਸਕ ਫਿਲਮ ‘ਬਟਵਾਰਾ 1947’ ਨੂੰ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ (ਸੀ ਬੀ ਐੱਫ ਸੀ) ਨੇ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਦੀ ਮਨਜ਼ੂਰੀ ਦੇ ਦਿੱਤੀ ਹੈ। ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਸੈਂਸਰ ਸਰਟੀਫਿਕੇਟ ਮਿਲਣ ਮਗਰੋਂ ਅਗਲੇ ਮਹੀਨੇ 14 ਅਗਸਤ ਨੂੰ ਰਿਲੀਜ਼ ਹੋਵੇਗੀ। ਮਸ਼ਹੂਰ ਨਾਟਕਕਾਰ ਅਸਗਰ ਵਜਾਹਤ ਦੇ ਨਾਟਕ ‘ਜਿਸ ਲਾਹੌਰ ਨਈ ਵੇਖਿਆ, ਓ ਜੰਮਿਆ ਈ ਨਈ’ ਉੱਤੇ ਆਧਾਰਿਤ ਇਹ ਫਿਲਮ 1947 ਦੀ ਵੰਡ ਦੇ ਦੁਖਾਂਤ ਨੂੰ ਬਿਆਨਦੀ ਹੈ। ਫਿਲਮ ਇੱਕ ਸ਼ਰਨਾਰਥੀ ਪਰਿਵਾਰ ’ਤੇ ਆਧਾਰਿਤ ਹੈ, ਜੋ ਲਾਹੌਰ ਜਾਂਦਾ ਹੈ ਅਤੇ ਇੱਕ ਹਿੰਦੂ ਪਰਿਵਾਰ ਦੇ ਛੱਡੇ ਹੋਏ ਘਰ ’ਤੇ ਕਬਜ਼ਾ ਕਰ ਲੈਂਦਾ ਹੈ। ਕਹਾਣੀ ਇੱਕ ਬਜ਼ੁਰਗ ਹਿੰਦੂ ਔਰਤ ਦੇ ਦੁਆਲੇ ਘੁੰਮਦੀ ਹੈ, ਜੋ ਘਰ ਛੱਡਣ ਤੋਂ ਇਨਕਾਰ ਕਰ ਦਿੰਦੀ ਹੈ। ਫਿਲਮ ਵਿੱਚ ਸੰਨੀ ਦਿਓਲ ਨੇ ਮੁੱਖ ਭੂੁਮਿਕਾ ਨਿਭਾਈ ਹੈ, ਜਦਕਿ ਘਰ ਛੱਡਣ ਤੋਂ ਇਨਕਾਰੀ ਮਹਿਲਾ ਦੇ ਕਿਰਦਾਰ ਵਿੱਚ ਸ਼ਬਾਨਾ ਆਜ਼ਮੀ ਨਜ਼ਰ ਆਵੇਗੀ। ਨਿਰਮਾਤਾਵਾਂ ਨੇ ਹਾਲ ਹੀ ਵਿੱਚ ਰਿਲੀਜ਼ ਮਿਤੀ ਨਾਲ ‘ਬਟਵਾਰਾ 1947’ ਦਾ ਨਵਾਂ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘‘ਇਸ ਸੁਤੰਤਰਤਾ ਦਿਵਸ ’ਤੇ 14 ਅਗਸਤ ਨੂੰ ਸਿਨੇਮਾ ਘਰਾਂ ’ਚ ਫਿਲਮ ‘ਬਟਵਾਰਾ 1947’ ਦੇਖੋ।’’ ਆਮਿਰ ਖ਼ਾਨ ਪ੍ਰੋਡਕਸ਼ਨ ਹੇਠ ਬਣੀ ਫਿਲਮ ਵਿੱਚ ਪ੍ਰੀਟੀ ਜ਼ਿੰਟਾ, ਕਰਨ ਦਿਓਲ, ਅਲੀ ਫਜ਼ਲ, ਅਭਿਮੰਨਿਊ ਸਿੰਘ, ਖੁਸ਼ੀ ਹਜ਼ਾਰੇ ਅਤੇ ਕਨਿਕਾ ਕਪੂਰ ਨੇ ਵੀ ਭੂਮਿਕਾ ਨਿਭਾਈ ਹੈ। ਫਿਲਮ ਦਾ ਸੰਗੀਤ ਏ ਆਰ ਰਹਿਮਾਨ ਨੇ ਤਿਆਰ ਕੀਤਾ ਹੈ, ਜਦਕਿ ਜਾਵੇਦ ਅਖ਼ਤਰ ਨੇ ਗੀਤਾਂ ਦੇ ਬੋਲ ਲਿਖੇ ਹਨ।

