DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਰਗਟ ਸਿੰਘ ਦੀ ਪ੍ਰਧਾਨਗੀ ਪਾਰੀ ਅਤੇ ਚੁਣੌਤੀਆਂ

ਆਖ਼ਰ ਕਈ ਮਹੀਨੇ ਦੀ ਕਸ਼ਮਕਸ਼ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾ ਕੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਹੈ। ਕਾਂਗਰਸ ਨੇ ਨਿਰਵਿਵਾਦ, ਨਿਰਪੱਖ, ਬੇਬਾਕ ਅਤੇ ਚੰਗੇ ਕਿਰਦਾਰ ਵਾਲੇ...

  • fb
  • twitter
  • whatsapp
  • whatsapp
Advertisement

ਆਖ਼ਰ ਕਈ ਮਹੀਨੇ ਦੀ ਕਸ਼ਮਕਸ਼ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾ ਕੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਹੈ। ਕਾਂਗਰਸ ਨੇ ਨਿਰਵਿਵਾਦ, ਨਿਰਪੱਖ, ਬੇਬਾਕ ਅਤੇ ਚੰਗੇ ਕਿਰਦਾਰ ਵਾਲੇ ਪਰਗਟ ਸਿੰਘ ਨੂੰ ਪ੍ਰਧਾਨਗੀ ਦਾ ਅਹੁਦਾ ਦੇ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਖਿੱਲਰੀ ਹੋਈ ਤਾਣੀ ਨੂੰ ਇੱਕਮੁੱਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰ ਕਾਂਗਰਸ ਪਾਰਟੀ ਨੇ ਧੜਿਆਂ ਦੀ ਰਾਜਨੀਤੀ ਨਾਲੋਂ ਵੱਖਰੀ ਗੱਲ ਕਰਕੇ ਨਿਰਪੱਖਤਾ ਦਾ ਸਬੂਤ ਦਿੱਤਾ ਹੈ। ਆਮ ਤੌਰ ’ਤੇ ਕਾਂਗਰਸ ਪਾਰਟੀ ਮੋਹ ਮੁਲਾਹਜ਼ੇਦਾਰੀਆਂ ਅਤੇ ਕੁਨਬਾਪਰਵਰੀਆਂ ਦੇ ਜਾਲ ਵਿੱਚ ਹੀ ਫਸੀ ਰਹਿੰਦੀ ਰਹੀ ਹੈ, ਜਿਸ ਦਾ ਪਾਰਟੀ ਨੂੰ ਨੁਕਸਾਨ ਹੁੰਦਾ ਹੈ। ਇਸ ਵਾਰ ਰਾਹੁਲ ਗਾਂਧੀ ਨੇ ਸਿਫਾਰਸ਼ਾਂ ਦੀ ਬਜਾਏ ਕਾਬਲੀਅਤ ਅਤੇ ਨਿਰਪੱਖਤਾ ਨੂੰ ਆਧਾਰ ਬਣਾ ਕੇ ਪਰਗਟ ਸਿੰਘ ਨੂੰ ਚੁਣਿਆ ਹੈ। ਇਸ ਤੋਂ ਪਹਿਲਾਂ ਮੁਲਾਹਜ਼ੇਦਾਰੀਆਂ ਨਾਲ ਕੀਤੇ ਗਏ ਫ਼ੈਸਲਿਆਂ ਦੇ ਨਤੀਜੇ ਚੰਗੇ ਨਹੀਂ ਰਹੇ, ਸਗੋਂ ਕਾਂਗਰਸ ਵਿੱਚ ਧੜੇਬੰਦੀ ਵਧਦੀ ਰਹੀ ਤੇ ਖਿਲਾਰਾ ਪੈਂਦਾ ਰਿਹਾ। ਪਹਿਲਾਂ ਦਿੱਲੀ ਬੈਠੇ ਨੇਤਾ ਆਪਣੇ ਚਹੇਤਿਆਂ ਨੂੰ ਅਹੁਦੇ ਦਿਵਾ ਦਿੰਦੇ ਸਨ। ਇਸ ਵਾਰੀ ਕਾਂਗਰਸ ਹਾਈ ਕਮਾਂਡ ਨੇ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ, ਜਿਸਦੇ ਨਤੀਜੇ ਚੰਗੇ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਇੱਕ ਜੱਟ ਸਿੱਖ ਨੂੰ ਪ੍ਰਧਾਨਗੀ ਤੋਂ ਹਟਾ ਕੇ ਦੂਜੇ ਜੱਟ ਸਿੱਖ ਨੂੰ ਬਣਾਉਣਾ ਕਾਂਗਰਸ ਪਾਰਟੀ ਦੀ ਮਜਬੂਰੀ ਅਤੇ ਸਮੇਂ ਦੀ ਲੋੜ ਸੀ, ਭਾਵੇਂ ਹਿੰਦੂ ਨੇਤਾ ਵਿਜੇਇੰਦਰ ਸਿੰਗਲਾ ਨੂੰ ਪ੍ਰਧਾਨ ਬਣਾਉਣ ਦੀਆਂ ਕਨਸੋਆਂ ਆ ਰਹੀਆਂ ਸਨ। ਉਹ ਵੀ ਰਾਹੁਲ ਗਾਂਧੀ ਦੇ ਖ਼ਾਸ ਹਨ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਯੁਕਤ ਖਜ਼ਾਨਚੀ ਦੇ ਵੱਡੇ ਅਹੁਦੇ ’ਤੇ ਬਿਰਾਜਮਾਨ ਹਨ। ਇਸ ਤੋਂ ਇਲਾਵਾ ਉਹ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਹਨ। ਭਾਰਤੀ ਜਨਤਾ ਪਾਰਟੀ ਜਿਸ ਨੂੰ ਹਿੰਦੂਆਂ ਦੀ ਪ੍ਰਤੀਨਿਧ ਪਾਰਟੀ ਕਿਹਾ ਜਾਂਦਾ ਹੈ, ਉਸ ਨੇ ਵੀ ਇੱਕ ਜੱਟ ਸਿੰਘ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਇਆ ਹੋਇਆ ਹੈ। ਇਸ ਲਈ ਕਾਂਗਰਸ ਵਰਗੀ ਧਰਮ ਨਿਰਪੱਖ ਪਾਰਟੀ ਨੂੰ ਮਜਬੂਰੀ ਬਸ ਜੱਟ ਸਿੱਖ ਨੂੰ ਪ੍ਰਧਾਨ ਬਣਾਉਣਾ ਪਿਆ ਲੱਗਦਾ ਹੈ।

Advertisement

ਕਾਫ਼ੀ ਲੰਬੇ ਅਰਸੇ ਤੋਂ ਬਾਅਦ ਦੁਆਬੇ ਵਿੱਚੋਂ ਪ੍ਰਧਾਨ ਬਣਾਇਆ ਗਿਆ ਹੈ। ਪਹਿਲਾਂ ਰਾਜਿੰਦਰ ਸਿੰਘ ਸਪੈਰੋ ਅਤੇ ਮਹਿੰਦਰ ਸਿੰਘ ਕੇਪੀ ਦੁਆਬੇ ਤੋਂ ਪ੍ਰਧਾਨ ਰਹੇ ਹਨ। ਜਿੱਥੋਂ ਤੱਕ ਹਿੰਦੂ ਅਤੇ ਅਨੁਸੂਚਿਤ ਜਾਤੀਆਂ ਦੇ ਨੇਤਾਵਾਂ ਦਾ ਸਵਾਲ ਹੈ, ਉਹ ਪਹਿਲਾਂ ਹੀ ਬਣਾਈਆਂ ਕਮੇਟੀਆਂ ਦੇ ਚੇਅਰਮੈਨ, ਕੋ ਕਨਵੀਨਰ, ਐਕਟਿੰਗ ਪ੍ਰਧਾਨ ਅਤੇ ਮੈਂਬਰ ਹਨ। ਇਹ ਬਿਲਕੁਲ ਦਰੁਸਤ ਹੈ ਕਿ ਭਾਵੇਂ ਪਰਗਟ ਸਿੰਘ ਲਈ ਘਾਗ ਕਾਂਗਰਸੀਆਂ ਦੀਆਂ ਤਿਗੜਮਬਾਜ਼ੀਆਂ ਨੂੰ ਨਿਪਟ ਕੇ ਇੱਕਮੁੱਠ ਕਰਨਾ ਬਹੁਤ ਵੱਡੀ ਵੰਗਾਰ ਹੈ, ਕਿਉਂਕਿ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿੱਚ ਆਪਸੀ ਧੜੇਬੰਦੀ ਬਹੁਤ ਹੈ। ਉਹ ਮੁੱਖ ਮੰਤਰੀ ਦੀ ਕੁਰਸੀ ਖਾਲੀ ਹੋਣ ਤੋਂ ਪਹਿਲਾਂ ਹੀ ਉਸ ਦੀਆਂ ਲੱਤਾਂ ਨੂੰ ਫੜੀ ਬੈਠੇ ਹਨ। ਪੰਜਾਬ ਕਾਂਗਰਸ ਦੇ ਵਰਕਰ ਸੀਨੀਅਰ ਨੇਤਾਵਾਂ ਦੀਆਂ ਆਪ ਹੁਦਰੀਆਂ ਤੋਂ ਦੁਖੀ ਸਨ, ਇਸ ਲਈ ਹੁਣ ਉਹ ਮਹਿਸੂਸ ਕਰਦੇ ਹਨ ਕਿ ਪਰਗਟ ਸਿੰਘ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਸਫਲ ਹੋਵੇਗਾ, ਕਿਉਂਕਿ ਉਹ ਕਿਸੇ ਧੜੇ ਨਾਲ ਜੁੜਿਆ ਹੋਇਆ ਨਹੀਂ ਹੈ। ਉਹ ਸੰਜੀਦਾ, ਸੰਵੇਦਨਸ਼ੀਲ, ਨਿਵੇਕਲੇ, ਠਰੰਮੇ ਵਾਲਾ ਅਤੇ ਸਕਾਰਾਤਮਕ ਵਿਚਾਰਧਾਰਾ ਦਾ ਹਾਮੀ ਹੈ। ਉਹ ਟੀਮ ਵਰਕ ਨਾਲ ਕੰਮ ਕਰੇਗਾ ਕਿਉਂਕਿ ਟੀਮ ਵਰਕ ਨਾਲ ਹੀ ਉਹ ਓਲੰਪਿਕ ਵਿੱਚ ਕਪਤਾਨੀ ਕਰਕੇ ਤਗ਼ਮੇ ਜਿੱਤਦਾ ਰਿਹਾ ਹੈ।

Advertisement

ਉਸ ਦੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਪ੍ਰਤੀਕਿਰਿਆ ਹੈ ਕਿ ਉਹ ਖਿਡਾਰੀ ਹੈ, ਖਿਡਾਰੀ ਭਾਵਨਾ ਨਾਲ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲੇਗਾ। ਉਹ ਚਾਪਲੂਸੀ ਦੀ ਥਾਂ ਕੰਮ ਦੀ ਕਦਰ ਕਰਨ ਵਾਲਾ ਹੈ, ਕਾਂਗਰਸੀ ਵਰਕਰ ਵੀ ਇਹੋ ਚਾਹੁੰਦੇ ਹਨ ਕਿਉਂਕਿ ਚਾਪਲੂਸਾਂ ਨੇ ਪਾਰਟੀ ਦਾ ਬਹੁਤ ਨੁਕਸਾਨ ਕੀਤਾ ਹੈ। ਇਮਾਨਦਾਰੀ ਤੇ ਦਿਆਨਤਦਾਰੀ ਉਸ ਦਾ ਗਹਿਣਾ ਹੈ। ਉਹ ਲੀਹੋਂ ਲੱਥੀ ਕਾਂਗਰਸ ਪਾਰਟੀ ਨੂੰ ਮੁੜ ਲੀਹ ’ਤੇ ਪਾਉਣ ਦੀ ਸਮਰੱਥਾ ਹੀ ਨਹੀਂ ਰੱਖਦਾ, ਸਗੋਂ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਉਸ ਕੋਲ ਸੰਗਠਨ ਨੂੰ ਇੱਕਮੁੱਠ ਕਰਨ ਦਾ ਬਤੌਰ ਜਨਰਲ ਸਕੱਤਰ (ਸੰਗਠਨ) ਦਾ ਤਜਰਬਾ ਹੈ। 2021 ਵਿੱਚ ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਿਆ ਸੀ ਤਾਂ ਉਸ ਨੇ ਪ੍ਰਗਟ ਸਿੰਘ ਨੂੰ ਪਾਰਟੀ ਦਾ ਜਨਰਲ ਸਕੱਤਰ (ਸੰਗਠਨ) ਬਣਾਇਆ ਸੀ। ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਵੀ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਨਾਲ ਜੁੜੇ ਰਹਿਣਗੇ।

ਪਰਗਟ ਸਿੰਘ ਦਾ ਪਿਛੋਕੜ ਵੀ ਸਿਆਸਤ ਨਾਲ ਜੁੜਿਆ ਹੋਇਆ ਹੈ। ਉਸਦਾ ਸਹੁਰਾ ਦਰਬਾਰਾ ਸਿੰਘ ਪੰਜਾਬ ਵਿਧਾਨ ਸਭਾ ਦਾ ਸਪੀਕਰ ਅਤੇ ਰਾਜਸਥਾਨ ਦਾ ਰਾਜਪਾਲ ਰਿਹਾ ਹੈ। ਇਸ ਲਈ ਵਿਰਾਸਤ ਵਿੱਚੋਂ ਵੀ ਸਿਆਸਤ ਦਾ ਤਜਰਬਾ ਹਾਸਲ ਹੋਇਆ ਹੋਵੇਗਾ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਉਸ ਵਿੱਚ ਉਹ ਸਿੱਖਿਆ ਤੇ ਖੇਡ ਮੰਤਰੀ ਰਿਹਾ ਹੈ। ਉਸ ਨੇ ਇਸ ਸਮੇਂ ਦੌਰਾਨ ਬਿਹਤਰੀਨ ਕਾਰਗੁਜ਼ਾਰੀ ਵਿਖਾਈ ਹੈ। ਪੰਜਾਬ ਵਿਧਾਨ ਸਭਾ ਵਿੱਚ ਵੀ ਉਹ ਬਿਨਾਂ ਕਿਸੇ ਟਕਰਾਅ ਦੇ ਸਿਆਸਤ ਕਰਦਾ ਰਿਹਾ ਹੈ। ਉਹ ਸ਼ਾਂਤ ਸੁਭਾਅ ਦਾ ਹੋਣ ਕਰਕੇ ਕਦੇ ਵੀ ਆਪੇ ਤੋਂ ਬਾਹਰ ਨਹੀਂ ਹੁੰਦਾ, ਸਗੋਂ ਸਹਿਜਤਾ ਦਾ ਪੱਲਾ ਫੜੀ ਰੱਖਦਾ ਹੈ, ਜਿਸ ਕਰਕੇ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੂੰ ਆਪਣੇ ਨਾਲ ਤੋਰਨ ਵਿੱਚ ਸਫਲ ਹੋਵੇਗਾ। ਇਸ ਤੋਂ ਇਲਾਵਾ ਉਹ ਦੋ ਵਾਰ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਕੇ ਖਿਡਾਰੀਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਵਿੱਚ ਸਫਲ ਹੋਇਆ ਹੈ। ਇਸੇ ਤਰ੍ਹਾਂ ਡਾਇਰੈਕਟਰ ਖੇਡ ਵਿਭਾਗ ਵੀ ਸਫਲ ਪ੍ਰਬੰਧਕ ਸਾਬਤ ਹੋਇਆ ਹੈ। ਉਹ ਆਪਣੇ ਸਹਿਯੋਗੀਆਂ ਨੂੰ ਆਪਣੇ ਨਾਲ ਜੋੜ ਕੇ ਚੱਲਣ ਵਿੱਚ ਮਾਹਿਰ ਗਿਣਿਆ ਜਾਂਦਾ ਹੈ, ਕਿਉਂਕਿ ਉਸ ਦੀ ਹਲੀਮੀ ਕਾਂਗਰਸੀ ਸਾਥੀਆਂ ਨੂੰ ਕਾਇਲ ਕਰ ਜਾਂਦੀ ਹੈ।

ਉਹ 2012, 2017 ਅਤੇ 2022 ਵਿੱਚ ਤਿੰਨ ਵਾਰ ਲਗਾਤਾਰ ਜਲੰਧਰ ਛਾਉਣੀ ਤੋਂ ਵਿਧਾਇਕ ਬਣਦਾ ਆ ਰਿਹਾ ਹੈ। 2012 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਕੇ ਵਿਧਾਇਕ ਬਣਿਆ ਸੀ, ਪ੍ਰੰਤੂ ਸ਼੍ਰੋਮਣੀ ਅਕਾਲੀ ਦੀ ਲੀਡਰਸ਼ਿਪ ਨਾਲ ਮੁੱਦਿਆਂ ’ਤੇ ਸਹਿਮਤੀ ਨਾ ਬਣਨ ਕਰਕੇ ਉਹ ਦਸੰਬਰ 2016 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਪਰਗਟ ਸਿੰਘ ਨੂੰ ਹਮੇਸ਼ਾ ਹਰ ਖੇਤਰ ਵਿੱਚ ਸਫਲਤਾ ਹੀ ਮਿਲੀ ਹੈ। ਉਹ ਮੁੱਦਿਆਂ ਅਤੇ ਅਸੂਲਾਂ ਦੀ ਸਿਆਸਤ ਕਰਨ ਦਾ ਹਾਮੀ ਹੈ। ਅਸੂਲਾਂ ਕਰਕੇ ਉਸ ਨੇ ਆਲ ਇੰਡੀਆ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਕੇਪੀ ਐੱਸ ਗਿੱਲ ਨਾਲ ਤਕਰਾਰ ਕੀਤਾ ਸੀ ਤੇ ਵਿਰੋਧ ਵਜੋਂ ਹਾਕੀ ਤੋਂ ਸੰਨਿਆਸ ਲੈ ਲਿਆ ਸੀ, ਪਰ ਉਸ ਦੀ ਕਾਬਲੀਅਤ ਕਰਕੇ ਦੁਬਾਰਾ ਵਾਪਸ ਬੁਲਾ ਕੇ ਉਸ ਨੂੰ ਹਾਕੀ ਫੈਡਰੇਸ਼ਨ ਨੇ ਕਪਤਾਨ ਬਣਾਇਆ ਸੀ। ਭਾਵੇਂ ਉਸ ਸਮੇਂ ਉਹ ਪੁਲੀਸ ਵਿਭਾਗ ਦੀ ਨੌਕਰੀ ਕਰ ਰਿਹਾ ਸੀ, ਪ੍ਰੰਤੂ ਉਹ ਡਰਿਆ ਨਹੀਂ। ਉਮੀਦ ਕੀਤੀ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਵਿੱਚ ਵੀ ਉਹ ਬੇਬਾਕੀ ਨਾਲ ਮੁੱਦਿਆਂ ਦੀ ਸਿਆਸਤ ਕਰੇਗਾ। ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪੰਜਾਬ ਦੇ ਕਾਂਗਰਸੀ ਵਰਕਰਾਂ ਵਿੱਚ ਆਸ ਦੀ ਚਿਣਗ ਪੈਦਾ ਹੋ ਗਈ ਹੈ। ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨੇ ਉਸ ਦੀ ਪ੍ਰਧਾਨਗੀ ਦੀ ਸਹਿਮਤੀ ਹੀ ਨਹੀਂ ਦਿੱਤੀ, ਸਗੋਂ ਜੋਸ਼ ਖ਼ਰੋਸ਼ ਨਾਲ ਸਵਾਗਤ ਵੀ ਕੀਤਾ ਹੈ। ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸੀ ਵਰਕਰਾਂ ਨੇ ਪਰਗਟ ਸਿੰਘ ਦੀ ਪ੍ਰਧਾਨਗੀ ਦਾ ਇੰਨੇ ਵੱਡੇ ਪੱਧਰ ’ਤੇ ਸੋਸ਼ਲ ਮੀਡੀਆ ’ਤੇ ਤਹਿ ਦਿਲੋਂ ਸਵਾਗਤ ਕੀਤਾ ਹੈ। ਹਾਕੀ ਦੀ ਕਪਤਾਨੀ ਕਰਦਿਆਂ ਉਹ ਡਿਫੈਂਡਰ ਰਿਹਾ ਹੈ, ਭਾਵ ਫੁਲ ਬੈਕ ਸੀ, ਪ੍ਰੰਤੂ ਇੱਕ ਵਾਰ ਗੇਂਦ ਉਸ ਦੇ ਹੱਥ ਆ ਜਾਂਦੀ ਤਾਂ ਉਹ ਵਿਰੋਧੀਆਂ ਨੂੰ ਚਕਮਾ ਦੇ ਕੇ ਗੋਲ ਕਰਕੇ ਹੀ ਵਾਪਸ ਆਉਂਦਾ। ਹੁਣ ਵੀ ਉਮੀਦ ਹੈ ਕਾਂਗਰਸ ਨੂੰ ਜੇਤੂ ਬਣਾਵੇਗਾ। ਉਹ ਪੱਕਾ ਨਿਸ਼ਾਨਚੀ ਹੈ। ਉਸਦਾ ਸਿਆਸਤ ਵਿੱਚ ਵੀ ਨਿਸ਼ਾਨਾ ਕਦੀ ਉੱਕਿਆ ਨਹੀਂ।

ਪਰਗਟ ਸਿੰਘ ਨੂੰ 1989 ਵਿੱਚ ਅਰਜਨ ਐਵਾਰਡ ਅਤੇ 1998 ਵਿੱਚ ਕੇਂਦਰ ਸਰਕਾਰ ਨੇ ਪਦਮ ਸ੍ਰੀ ਦੀ ਉਪਾਧੀ ਦੇ ਕੇ ਸਨਮਾਨਤ ਕੀਤਾ ਸੀ ਅਤੇ ਉਸ ਨੂੰ ਰਾਜੀਵ ਗਾਂਧੀ ਖੇਡ ਰਤਨ ਵੀ ਮਿਲਿਆ ਸੀ। ਪਰਗਟ ਸਿੰਘ 313 ਅੰਤਰਾਸ਼ਟਰੀ ਹਾਕੀ ਦੇ ਮੈਚ ਖੇਡਿਆ, 168 ਮੈਚਾਂ ਵਿੱਚ ਕਪਤਾਨੀ ਕੀਤੀ, ਚੈਪੀਅਨਜ਼ ਹਾਕੀ ਟਰਾਫੀ ਤੋਂ ਲੈ ਕੇ ਸੈਫ ਖੇਡਾਂ, ਵਿਸ਼ਵ ਕੱਪ, ਏਸ਼ੀਆ ਕੱਪ, ਏਸ਼ਿਆਈ ਖੇਡਾਂ ਵਿੱਚ ਖੇਡਿਆ। ਓਲੰਪਿਕ ਖੇਡਾਂ, ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਕਪਤਾਨ, ਇੰਟਰ ਕੰਟੀਨੈਂਟਲ ਦਾ ਕਪਤਾਨ ਰਿਹਾ ਹੈ। ਉਹ 20 ਵਰ੍ਹੇ ਹਾਕੀ ਵਿੱਚ ਛਾਇਆ ਰਿਹਾ। ਉਸ ਨੂੰ ਸਰਬ ਕਲਾ ਸੰਪੂਰਨ ਹਾਕੀ ਖਿਡਾਰੀ ਕਿਹਾ ਜਾ ਸਕਦਾ ਹੈ। ਉਹ ਪਹਿਲਾਂ ਰੇਲਵੇ ਕੋਚ ਫੈਕਟਰੀ, ਪੰਜਾਬ ਅਲਕਲੀਜ਼ ਤੇ ਅਖੀਰ ਪੰਜਾਬ ਪੁਲੀਸ ਵਿੱਚ ਸਿੱਧਾ ਡੀਐੱਸਪੀ ਭਰਤੀ ਹੋ ਗਿਆ ਸੀ। ਉਸ ਨੇ ਹਾਕੀ ਨਾਲ ਸਬੰਧਤ ਇੱਕ ਰਸਾਲਾ ਵੀ ਪ੍ਰਕਾਸ਼ਤ ਕੀਤਾ ਸੀ। ਉਹ ਖੇਡ ਰਿਪੋਰਟਰ ਵੀ ਰਿਹਾ ਹੈ। ਪ੍ਰਗਟ ਸਿੰਘ ਦਾ ਜਨਮ 5 ਮਾਰਚ 1965 ਨੂੰ ਜਲੰਧਰ ਦੇ ਮਿੱਠਾਪੁਰ ਪਿੰਡ ਵਿੱਚ ਮਾਤਾ ਨਸੀਬ ਕੌਰ ਤੇ ਪਿਤਾ ਗੁਰਦੇਵ ਸਿੰਘ ਦੇ ਘਰ ਹੋਇਆ। ਉਸਦਾ ਵਿਆਹ ਬਰਿੰਦਰ ਕੌਰ ਨਾਲ ਹੋਇਆ। ਉਮੀਦ ਹੈ ਉਹ ਕਾਂਗਰਸੀ ਵਰਕਰਾਂ ਦੀਆਂ ਆਸਾਂ ’ਤੇ ਖਰਾ ਉਤਰੇਗਾ।

ਸੰਪਰਕ: 94178-13072

Advertisement
×