ਬੱਚਿਆਂ ਲਈ ਮਾਪਿਆਂ ਦਾ ਸਫ਼ਰ
ਪਰਵਾਸ ਬਾਰੇ ਬਹੁਤ ਸਾਰਾ ਸਾਹਿਤ ਰਚਿਆ ਜਾ ਚੁੱਕਾ ਹੈ। ਅੱਜ ਵੀ ਲਿਖਿਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਲਿਖਿਆ ਜਾਵੇਗਾ, ਪਰ ਇੱਥੇ ਗੱਲ ਕਰਾਂਗੇ ਉਸ ਸਫ਼ਰ ਦੀ ਜਿਹੜਾ ਪਰਵਾਸ ਕਰ ਚੁੱਕੇ ਬੱਚਿਆਂ ਕੋਲ ਜਾਣ ਲਈ ਮਾਪਿਆਂ ਨੂੰ ਕਰਨਾ ਪੈਂਦਾ...
ਪਰਵਾਸ ਬਾਰੇ ਬਹੁਤ ਸਾਰਾ ਸਾਹਿਤ ਰਚਿਆ ਜਾ ਚੁੱਕਾ ਹੈ। ਅੱਜ ਵੀ ਲਿਖਿਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਲਿਖਿਆ ਜਾਵੇਗਾ, ਪਰ ਇੱਥੇ ਗੱਲ ਕਰਾਂਗੇ ਉਸ ਸਫ਼ਰ ਦੀ ਜਿਹੜਾ ਪਰਵਾਸ ਕਰ ਚੁੱਕੇ ਬੱਚਿਆਂ ਕੋਲ ਜਾਣ ਲਈ ਮਾਪਿਆਂ ਨੂੰ ਕਰਨਾ ਪੈਂਦਾ ਹੈ। ਇਸ ਸਫ਼ਰ ਦੌਰਾਨ ਮੈਨੂੰ ਬਹੁਤ ਮੁਸ਼ਕਿਲਾਂ ਆਈਆਂ। ਮੈਂ ਹੁੱਣ ਤੱਕ ਕੈਨੇਡਾ, ਨਿਊਜ਼ੀਲੈਂਡ, ਫਿਜ਼ੀ ਅਤੇ ਅਬੂ ਧਾਬੀ ਦਾ ਸਫ਼ਰ ਕਰ ਚੁੱਕਾ ਹਾਂ। ਮੇਰਾ ਸਭ ਤੋਂ ਵੱਧ ਭੈੜਾ ਸਫ਼ਰ ਅਬੂ ਧਾਬੀ ਦਾ ਸੀ।
ਜਦੋਂ ਮੈਂ ਪਹਿਲੀ ਵਾਰ ਨਿਊਜ਼ੀਲੈਂਡ ਜਾਣਾ ਸੀ ਤਾਂ ਮੇਰਾ ਸਫ਼ਰ ਅੰਮ੍ਰਿਤਸਰ ਤੋਂ ਦਿੱਲੀ ਅਤੇ ਦਿੱਲੀ ਤੋਂ ਨਿਊਜ਼ੀਲੈਂਡ ਵਾਇਆ ਆਸਟਰੇਲੀਆ ਸੀ। ਅੰਮ੍ਰਿਤਸਰ ਬੈਗ ਜਮ੍ਹਾਂ ਕਰਵਾ ਕੇ ਸੁਰਖਰੂ ਹੋ ਗਏ। ਇਹ ਬੈਗ ਨਿਊਜ਼ੀਲੈਂਡ ਮਿਲਣੇ ਸਨ। ਦਿੱਲੀ ਤਿੰਨ ਕੁ ਘੰਟਿਆਂ ਦਾ ਠਹਿਰਾਅ ਸੀ ਜਿਹੜਾ ਝੱਟ ਹੀ ਲੰਘ ਗਿਆ। ਦਿੱਲੀ ਤੋਂ ਆਸਟਰੇਲੀਆ ਪਹੁੰਚੇ। ਇੱਥੇ ਚਾਰ ਕੁ ਘੰਟੇ ਦਾ ਸਟੇਅ ਸੀ। ਉੱਥੇ ਪਹੁੰਚ ਕੇ ਕੌਫ਼ੀ ਪੀਤੀ। ਇੱਧਰ ਉੱਧਰ ਫਿਰੇ ਤੁਰੇ। ਇੱਥੇ ਵਰਣਨਯੋਗ ਹੈ ਕਿ ਵਾਇਆ ਆਸਟਰੇਲੀਆ ਜਾਣ ਲਈ ਤੁਹਾਨੂੰ ਟਰਾਂਜਿਟ ਵੀਜ਼ਾ ਲੇਣਾ ਪੈਂਦਾ ਹੈ ਜਿਹੜਾ ਸਾਡੇ ਕੋਲ ਹੈ ਸੀ। ਅਜੇ ਇਮੀਗ੍ਰੇਸ਼ਨ ਸ਼ੁਰੁੂ ਨਹੀਂ ਸੀ ਹੋਈ ਕਿ ਅਨਾਊਂਸਮੈਂਟ ਹੋਈ ਕਿ ਮੈਂ ਸਪੈਸ਼ਲ ਚੈਕਿੰਗ ਲਈ ਹਾਜ਼ਰ ਹੋਵਾਂ। ਇਹ ਸੁਣ ਕੇ ਮੈਂ ਅਤੇ ਮੇਰੀ ਪਤਨੀ ਚੁੱਪਚਾਪ ਤੁਰ ਪਏ। ਇੱਕ ਵਿਅਕਤੀ ਸਾਡੇ ਸੱਜੇ ਅਤੇ ਦੂਜਾ ਖੱੱਬੇ ਹੱਥ ਚੱਲ ਰਿਹਾ ਸੀ ਜਿਵੇਂ ਸਾਨੂੰ ਐਸਕਾਰਟ ਕਰ ਰਹੇ ਹੋਣ। ਆਮ ਹਾਲਤਾਂ ਵਿੱਚ ਇਹ ਬਹੁਤ ਚੰਗਾ ਲੱਗਣਾ ਸੀ, ਪਰ ਅੱਜ ਇਹ ਮਾੜੇ ਸਮੇਂ ਦੀ ਨਿਸ਼ਾਨੀ ਸੀ। ਸਾਨੂੰ ਲਿਫਟ ਰਾਹੀਂ ਹੇਠਲੀ ਮੰਜ਼ਿਲ ’ਤੇ ਲਿਜਾਇਆ ਗਿਆ। ਜਿੱਥੇ ਬਿਲਕੁਲ ਸੁੰਨਸਾਨ ਸੀ। ਕੋਈ ਬੰਦਾ ਤੇ ਪਰਿੰਦਾ ਨਜ਼ਰ ਨਹੀਂ ਸੀ ਆ ਰਿਹਾ। ਫਿਰ ਇੱਕ ਕਮਰੇ ਵਿੱਚ ਲਿਜਾਇਆ ਗਿਆ। ਉੱਥੇ ਇੱਕ ਵਿਅਕਤੀ ਬੇੈਠਾ ਸੀ। ਅਸੀਂ ਉਸ ਦੇ ਸਾਹਮਣੇ ਮੁਜ਼ਰਮਾਂ ਵਾਂਗ ਖਲੋ ਗਏ। ਫਿਰ ਪੜਤਾਲ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਾਡਾ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੀ ਵੀਜ਼ਾ, ਟਿਕਟਾਂ ਅਤੇ ਵਾਪਸੀ ਟਿਕਟ ਦੀ ਮੰਗ ਕੀਤੀ ਗਈ। ਸਾਰੇ ਦਸਤਾਵੇਜ਼ ਵਾਰੀ ਵਾਰੀ ਚੈੱਕ ਕਰਵਾ ਦਿੱਤੇ ਗਏ। ਮੇਰਾ ਪੁਰਾਣਾ ਪਾਸਪੋਰਟ ਮੰਗਿਆ ਗਿਆ।
“ਮੇਰੇ ਕੋਲ ਕੋਈ ਪੁਰਾਣਾ ਪਾਸਪੋਰਟ ਨਹੀਂ ਹੈ। ਇਹ ਹੀ ਮੇਰਾ ਪਹਿਲਾ ਅਤੇ ਹੁੱਣ ਤੱਕ ਦਾ ਆਖਰੀ ਪਾਸਪੋਰਟ ਹੇੈ।” ਮੈਂ ਕਿਹਾ। ਅਧਿਕਾਰੀ ਮੇਰੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ। ਉਸ ਦੀ ਸੂਈ ਮੁੜ ਘਿੜ ਕੇ ਵਾਪਸ ਪੁਰਾਣੇ ਪਾਸਪੋਰਟ ’ਤੇ ਆ ਜਾਂਦੀ। ਮੈਨੂੰ ਆਪਣੇ ਪੰਜਾਬ ਦੀ ਯਾਦ ਆ ਗਈ। ਜੇਕਰ ਇਹ ਘਟਨਾ ਮੇਰੇ ਨਾਲ ਪੰਜਾਬ ਵਾਪਰਦੀ ਤਾਂ ਮੈਂ ਗਵਾਹਾਂ ਦੀ ਲਾਈਨ ਲਗਾ ਦਿੰਦਾ, ਜਿਹੜੇ ਇਸ ਗੱਲ ਦੀ ਤਸਦੀਕ ਕਰ ਦਿੰਦੇ ਕਿ ਮੇਰੇ ਕੋਲ ਪੁਰਾਣਾ ਪਾਸਪੋਰਟ ਨਹੀਂ ਹੈ, ਪਰ ਬੇਗਾਨਾ ਦੇਸ਼, ਬੇਗਾਨੇ ਲੋਕ, ਮੈਂ ਬੇਵੱਸ ਸੀ। ਸਮੇਂ ਸਮੇਂ ਪੜਤਾਲ ਅਧਿਕਾਰੀ ਬਦਲਦੇ ਰਹੇ, ਪਰ ਸਭ ਨੇ ਇੱਕ ਹੀ ਰੱਟ ਲਗਾਈ ਹੋਈ ਸੀ ਕਿ ਪੁਰਾਣਾ ਪਾਸਪੋਰਟ ਦਿਖਾਓ, ਜਿਹੜਾ ਮੇਰੇ ਕੋਲ ਹੈ ਹੀ ਨਹੀਂ ਸੀ। ਸਮਾਂ ਤੇਜ਼ੀ ਨਾਲ ਲੰਘ ਰਿਹਾ ਸੀ।
ਮਨੁੱਖ ਦਾ ਮਨ ਉਨ੍ਹਾਂ ਗੱਲਾਂ ਬਾਰੇ ਫ਼ਿਕਰਮੰਦ ਹੁੰਦੈ, ਜਿਸ ਬਾਰੇ ਇਹ ਪਤਾ ਹੀ ਨਹੀਂ ਹੁੰਦਾ ਕਿ ਕੁਝ ਵਾਪਰਨਾ ਵੀ ਹੈ ਕਿ ਨਹੀਂ। ਮੈਂ ਵੀ ਇਸ ਮਰਜ਼ ਦਾ ਸ਼ਿਕਾਰ ਹਾਂ। ਮੈਨੂੰ ਵੀ ਇਸ ਗੱਲ ਦੀ ਫ਼ਿਕਰ ਸੀ ਕਿ ਕਿਤੇ ਮੇਰੀ ਫਲਾਈਟ ਹੀ ਨਾ ਲੰਘ ਜਾਵੇ। ਜੇਕਰ ਜਹਾਜ਼ ਚਲਾ ਗਿਆ ਤਾਂ ਮੈਂ ਕਿੱਥੇ ਜਾਵਾਂਗਾ। ਟ੍ਰਾਜ਼ਿਟ ਵੀਜ਼ੇ ’ਤੇ ਏਅਰਪੋਰਟ ਤੋਂ ਬਾਹਰ ਵੀ ਨਹੀਂ ਸੀ ਜਾ ਸਕਦਾ। ਅਗਲੀ ਫਲਾਈਟ ਲਈ ਟਿਕਟ ਦਾ ਇੰਤਜ਼ਾਮ ਕਿਵੇਂ ਕਰਾਂਗਾ ਆਦਿ।
ਮੈਂ ਬੇਟੇ ਨਾਲ ਸਾਰੀ ਸਥਿਤੀ ਸਾਂਝੀ ਕੀਤੀ। ਉਸ ਨੇ ਮੇਰੀ ਕਹਾਣੀ ਸੁਣੀ ਅਤੇ ਆਖਿਆ ਕਿ ਉਹ ਕੁਝ ਸਮੇਂ ਬਾਅਦ ਫੋਨ ਕਰੇਗਾ। ਕੁਝ ਸਮੇਂ ਬਾਅਦ ਉਸ ਦਾ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ। ਅਸਲ ਵਿੱਚ ਇੱਥੇ ਤੁਹਾਡੇ ਨਾਂ ਵਾਲੇ ਜਾਂ ਰਲਦੇ ਮਿਲਦੇ ਨਾਂ ਵਾਲੇ ਨੇ ਕੋਈ ਗੰਭੀਰ ਘਪਲਾ ਕੀਤਾ ਹੈ। ਇਸ ਲਈ ਤੁਹਾਡੇ ਨਾਂ ਦੇ ਹਰ ਯਾਤਰੀ ਦਾ ਸਵਾਗਤ ਇਸੇ ਤਰ੍ਹਾਂ ਹੋਵੇਗਾ। ਆਪਾ ਸਹੀ ਹਾਂ, ਚਿੰਤਾ ਨਾ ਕਰੋ, ਤੁਸੀਂ ਇਸੇ ਫਲਾਈਟ ਵਿੱਚ ਹੀ ਆਵੋਗੇ। ਇਹ ਸਮਾਂ ਬਿਤਾ ਰਹੇ ਹਨ ਅਤੇ ਆਪਣੀ ਪੜਤਾਲ ਕਰ ਰਹੇ ਹਨ। ਜਦੋਂ ਪੜਤਾਲ ਪੂਰੀ ਹੋ ਗਈ, ਤੁਹਾਨੂੰ ਉਸੇ ਵੇਲੇ ਜਾਣ ਦੇਣਗੇ। ਉਸ ਦੀ ਗੱਲ ਸੱਚ ਸਾਬਤ ਹੋਈ। ਫਲਾਈਟ ਰਵਾਨਾ ਹੋਣ ਤੋਂ ਲਗਭਗ ਅੱਧਾ ਕੁ ਘੰਟਾ ਪਹਿਲਾਂ ਸਾਨੂੰ ਜਿਸ ਰਸਤੇ ਜਹਾਜ਼ ਦਾ ਅਮਲਾ ਜਾਂਦਾ ਹੈ, ਉਸ ਰਸਤੇ ਜਹਾਜ਼ ਵਿੱਚ ਦਾਖਲ ਕਰਵਾਇਆ ਗਿਆ। ਜਹਾਜ਼ ਵਿੱਚ ਦਾਖਲ ਹੋਣ ਵਾਲੇ ਅਸੀਂ ਪਹਿਲੇ ਇਕਾਨਮੀ ਕਲਾਸ ਦੇ ਯਾਤਰੂ ਸਾਂ। ਵੈਸੇ ਸਭ ਤੋਂ ਪਹਿਲਾਂ ਬਿਜ਼ਨਸ ਕਲਾਸ ਦੇ ਯਾਤਰੂ ਜਹਾਜ਼ ਵਿੱਚ ਚੜ੍ਹਦੇ ਹਨ। ਇਸ ਤਰ੍ਹਾਂ ਇੱਕ ਤਣਾਅਪੂਰਨ ਹਾਲਤ ਦਾ ਅੰਤ ਹੋ ਗਿਆ। ਮੈਂ ਇੱਕ ਅਧਿਕਾਰੀ ਨੂੰ ਪੁੱਛਿਆ ਕਿ ਜਦੋਂ ਮੈਂ ਦੁਬਾਰਾ ਆਇਆ ਤਾਂ ਵੀ ਮੇਰੀ ਇਸੇ ਤਰ੍ਹਾਂ ਪੜਤਾਲ ਹੋਵੇਗੀ? ਤਾਂ ਉਸ ਦਾ ਜਵਾਬ ਸੀ, ‘‘ਮੇ ਬੀ।” ਭਾਵ ਹੋ ਸਕਦੀ ਹੈ ਅਤੇ ਨਹੀਂ ਵੀ।
ਇਹ ਸੁੱਖ ਦਾ ਸਮਾਂ ਥੋੜ੍ਹਾ ਚਿਰ ਸੀ। ਸਾਢੇ ਤਿੰਨ ਘੰਟੇ ਬਾਅਦ ਜਹਾਜ਼ ਨਿਊਜ਼ੀਲੈਂਡ ਪਹੁੰਚ ਗਿਆ। ਦੋ ਵੀਲ੍ਹ ਚੇਅਰ ਵਾਲੇ ਸਾਡਾ ਇੰਤਜ਼ਾਰ ਕਰ ਰਹੇ ਹਨ। ਸਾਨੂੰ ਵੀਲ੍ਹ ਚੇਅਰ ’ਤੇ ਬੇੈਠਣ ਦਾ ਹੁਕਮ ਹੋ ਗਿਆ। ਅਸੀਂ ਬਥੇਰਾ ਕਿਹਾ ਕਿ ਅਸੀਂ ਨਾ ਤਾਂ ਵੀਲ੍ਹ ਚੇਅਰ ਬੁੱਕ ਕਰਵਾਈ ਹੈ ਅਤੇ ਨਾ ਹੀ ਸਾਨੂੰ ਲੋੜ ਹੈ, ਪਰ ਸਾਡੀ ਕੋਈ ਗੱਲ ਨਾ ਸੁਣੀ ਗਈ। ਲਗੇਜ਼ ਲੈਂਦਿਆਂ ਸਾਰ ਹੀ, ਸਪੈਸ਼ਲ ਡਾਗ (ਕੁੱਤੇ) ਨੇ ਸਾਨੂੰ ਘੇਰ ਲਿਆ। ਬਘਿਆੜ ਵਰਗਾ ਕੁੱਤਾ ਸਾਡੇ ਬੈਗ ਸੁੰਘਣ ਲੱਗਾ। ਸਾਡੇ ਸਾਮਾਨ ਦੀ ਇੱਕ ਇੱਕ ਚੀਜ਼ ਉਨ੍ਹਾਂ ਨੇ ਖੋਲ੍ਹ ਕੇ ਵੇਖੀ। ਸਾਨੂੰ ਸਾਡੇ ਇੱਕ ਬੈਗ ਦੇ ਲਾਕ ਦਾ ਨੰਬਰ ਭੁੱਲ ਗਿਆ। ਜਿਹੜਾ ਸਾਨੂੰ ਪੁੱਛ ਕੇ ਤੋੜ ਦਿੱਤਾ ਗਿਆ। ਨਾਲ ਲਈਆਂ ਦਵਾਈਆਂ ਦੀ ਡਾਕਟਰ ਦੀ ਪਰਚੀ ਨਾਲ ਚੈੱਕ ਕੀਤੀ। ਪਤਾ ਨਹੀਂ ਇਹ ਸਪੈਸ਼ਲ ਚੈਕਿੰਗ ਸੀ ਜਾਂ ਰੂਟੀਨ। ਜਦੋਂ ਕੁਝ ਇਤਰਾਜ਼ਯੋਗ ਨਾ ਮਿਲਿਆ ਤਾਂ ਸਾਡੀ ਖਲਾਸੀ ਹੋਈ।
ਚਲੋ ਇੱਕ ਹੋਰ ਕਿੱਸਾ ਸੁਣੋ। ਨਿਊਜ਼ੀਲੈਂਡ ਤੋਂ ਮੇਰੀ ਫਲਾਈਟ ਵਾਇਆ ਸਿੰਘਾਪੁਰ ਸੀ। 24 ਘੰਟੇ ਪਹਿਲਾਂ ਤੁਸੀਂ ਚੈੱਕ ਇਨ ਕਰ ਸਕਦੇ ਹੋ ਜੋ ਮੈਂ ਆਨਲਾਈਨ ਚੈੱਕ ਇਨ ਕਰ ਲਿਆ। ਆਨਲਾਈਨ ਬੋਰਡਿੰਗ ਪਾਸ ਨਿਊਜ਼ੀਲੈਂਡ-ਸਿੰਘਾਪੁਰ ਅਤੇ ਸਿੰਘਾਪੁਰ ਤੋਂ ਅੰਮ੍ਰਿਤਸਰ ਜਾਰੀ ਹੋ ਗਿਆ। ਮਿੱਥੇ ਸਮੇਂ ਏਅਰਪੋਰਟ ਪਹੁੰਚ ਗਏ। ਬੈਗ ਜਮ੍ਹਾਂ ਕਰਵਾ ਦਿੱਤੇ ਗਏ ਜਿਹੜੇ ਅੰਮ੍ਰਿਤਸਰ ਜਾ ਕੇ ਮਿਲਣੇ ਸਨ। ਸਿੰਘਾਪੁਰ ਤੱਕ ਦਾ ਬੋਰਡਿੰਗ ਪਾਸ ਮਿਲ ਗਿਆ, ਪਰ ਸਿੰਘਾਪੁਰ ਤੋਂ ਅੰਮ੍ਰਿਤਸਰ ਦਾ ਬੋਰਡਿਗ ਪਾਸ ਜਾਰੀ ਨਾ ਹੋਇਆ। ਅਧਿਕਾਰੀ ਦੀ ਦਲੀਲ ਇਹ ਸੀ ਕਿ ਸਾਡੀ ਭਾਵੇਂ ਜੁੜੀ (ਕਨੈਕਟਡ) ਫਲਾਈਟ ਹੈ, ਪਰ ਦੋਵੇਂ ਉਡਾਣਾਂ ਵੱਖ ਵੱਖ ਕੰਪਨੀਆਂ ਦੀਆਂ ਹਨ, ਇਸ ਲਈ ਸਿੰਘਾਪੁਰ ਤੋਂ ਅੰਮ੍ਰਿਤਸਰ ਦਾ ਬੋਰਡਿੰਗ ਪਾਸ ਉਨ੍ਹਾਂ ਦੀ ਏਅਰ ਲਾਈਨ ਜਾਰੀ ਨਹੀਂ ਕਰ ਸਕਦੀ। ਸਿੰਘਾਪੁਰ ਤੋਂ ਅੰਮ੍ਰਿਤਸਰ ਜਾਣ ਵਾਲੀ ਏਅਰ ਲਾਈਨ ਹੀ ਬੋਰਡਿੰਗ ਪਾਸ ਜਾਰੀ ਕਰੇਗੀ। ਸਤਿ ਬਚਨ ਕਹਿ ਕੇ ਅਸੀਂ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਏ। ਸਾਨੂੰ ਕੋਈ ਫ਼ਿਕਰ ਚਿੰਤਾ ਨਹੀਂ ਸੀ ਕਿਉਂਕਿ ਸਾਡੇ ਕੋਲ ਆਨਲਾਈਨ ਬੋਰਡਿੰਗ ਪਾਸ ਮੌਜੂਦ ਸੀ। ਸਿੰਘਾਪੁਰ ਸੁੱਖ ਸਾਂਦੀ ਪਹੁੰਚ ਗਏ।
ਸਿੰਘਾਪੁਰ ਏਅਰਪੋਰਟ ਬਹੁਤ ਵੱਡਾ ਹੈ ਅਤੇ ਖੂਬਸੂਰਤ ਵੀ ਹੈ। ਉੱਥੇ ਸਟੇਅ ਵੀ ਚਾਰ ਘੰਟੇ ਦੀ ਸੀ। ਸੋਚਿਆ, ਸਿੰਘਾਪੁਰ ਏਅਰਪੋਰਟ ਦਾ ਨਜ਼ਾਰਾ ਵੇਖਾਂਗੇ, ਪਰ ਸਭ ਕੁਝ ਤੁਹਾਡੇ ਮੁਤਾਬਿਕ ਨਹੀਂ ਹੁੰਦਾ। ਜਹਾਜ਼ ਵਿੱਚੋਂ ਉਤਰਦਿਆਂ ਹੀ ਸਬੰਧਿਤ ਫਲਾਈਟ ਦੇ ਕਰਮਚਾਰੀ ਆ ਗਏ ਅਤੇ ਸਾਨੂੰ ਈ ਰਿਕਸ਼ਾ ’ਤੇ ਬਿਠਾ ਦਿੱਤਾ ਗਿਆ। ਮੇਰੀ ਪਤਨੀ ਨੂੰ ਪਹਿਲਾਂ ਲੈ ਗਏ। ਮੇਰੀ ਵਾਰੀ ਬਾਅਦ ਵਿੱਚ ਆਈ। ਜਦੋਂ ਹੀ ਮੈਂ ਈ ਰਿਕਸ਼ਾ ਤੋਂ ਉਤਰਿਆ ਤਾਂ ਵੇਖਿਆ ਕਿ ਮੇਰੀ ਪਤਨੀ ਉੱਥੇ ਨਹੀਂ ਸੀ। ਇੱਧਰ ਵੇਖਿਆ, ਉੱਧਰ ਵੇਖਿਆ, ਪਰ ਗੱਲ ਲਾ ਬਣੀ। ਫੋਨ ’ਤੇ ਸੰਪਰਕ ਵੀ ਨਾ ਹੋਇਆ। ਸਮੇਂ ਦਾ ਚੱਕਰ ਤੇਜ਼ੀ ਨਾਲ ਘੁੰਮ ਰਿਹਾ ਸੀ। ਮੇਰੀ ਪਤਨੀ ਮੈਨੂੰ ਲੱਭ ਰਹੀ ਸੀ ਅਤੇ ਮੈਂ ਉਸ ਨੂੰ ਲੱਭ ਰਿਹਾ ਸੀ। ਇੱਕ-ਦੂਜੇ ਨੂੰ ਕੋਸ ਰਹੇ ਸੀ ਕਿ ਇੱਕਠੇ ਨਾ ਆ ਕੇ ਕਿੰਨੀ ਵੱਡੀ ਗ਼ਲਤੀ ਕੀਤੀ। ਇਸ ਸਿਲਸਿਲੇ ਵਿੱਚ ਸਾਡੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਮੇਰਾ ਪਾਸਪੋਰਟ ਵੀ ਮੇਰੀ ਪਤਨੀ ਕੋਲ ਸੀ। ਅਚਾਨਕ ਮੇਰੀ ਨਜ਼ਰ ਉਸ ਈ ਰਿਕਸ਼ਾ ਦੇ ਡਰਾਈਵਰ ’ਤੇ ਪਈ ਜਿਹੜਾ ਮੇਰੀ ਪਤਨੀ ਨੂੰ ਲੈ ਕੇ ਗਿਆ ਸੀ। ਮੈਨੂੰ ਲਗਾ ਜਿਵੇਂ ਮੈਨੂੰ ਕੋਈ ਖ਼ਜ਼ਾਨਾ ਮਿਲ ਗਿਆ ਹੋਵੇ।
ਮੇੈਂ ਉਸ ਨੂੰ ਪੁੱਛਿਆ ਕਿ ਮੇਰੀ ਪਤਨੀ ਨੂੰ ਕਿੱਥੇ ਛੱਡ ਕੇ ਆਇਆ ਹੈ?
“ਚੱਲੋ ਬੈਠੋ, ਮੈਂ ਤੁਹਾਨੂੰ ਉਨ੍ਹਾਂ ਕੋਲ ਲੈ ਜਾਂਦਾ ਹਾਂ।” ਉਸ ਨੇ ਆਖਿਆ। 5-7 ਮਿੰਟਾਂ ਬਾਅਦ ਅਸੀਂ ਦੋਵੇਂ ਮਿਲ ਗਏ। ਉਸ ਸਮੇਂ ਸਾਡੇ ਵਿੱਚ ਜੋ ਵਾਰਤਾਲਾਪ ਹੋਈ, ਉਹ ਮੈਂ ਨਹੀਂ ਦੱਸਾਂਗਾ।
ਅਸੀਂ ਤੁਰੰਤ, ਬੋਰਡਿੰਗ ਪਾਸ ਲੈਣ ਲਈ ਲਾਈਨ ਵਿੱਚ ਲੱਗ ਗਏ। ਕਾਊਂਟਰ ’ਤੇ ਬੈਠੀ ਬੀਬੀ ਨੇ ਸਾਡੇ ਪਾਸਪੋਰਟ, ਟਿਕਟਾਂ ਅਤੇ ਵੀਜ਼ਾ ਆਦਿ ਵੇਖੇ ਅਤੇ ਆਖਿਆ, ‘‘ਤੁਹਾਡਾ ਨਾਂ ਮੇਰੇ ਸਿਸਟਮ ਵਿੱਚ ਨਹੀਂ ਹੈ। ਇਸ ਲਈ ਤੁਹਾਨੂੰ ਬੋਰਡਿੰਗ ਪਾਸ ਮੈਂ ਜਾਰੀ ਨਹੀਂ ਕਰ ਸਕਦੀ। ਆਹ ਲਓ, ਤੁਹਾਡੀ ਪਤਨੀ ਦਾ ਬੋਰਡਿੰਗ ਪਾਸ।”
“ਵੇਖੋ ਮੇਰਾ ਆਨਲਾਈਨ ਬੋਰਡਿੰਗ ਪਾਸ।” ਮੈ ਮੋਬਾਈਲ ਉਸ ਦੇ ਅੱਗੇ ਕਰ ਦਿੱਤਾ। ਉਸ ਨੇ ਵੇਖਿਆ, ‘‘ਠੀਕ ਹੈ, ਤੁਹਾਡੇ ਕੋਲ ਆਨਲਾਈਨ ਬੋਰਡਿੰਗ ਪਾਸ ਹੈ, ਜਾਓ, ਪਰ ਮੈਂ ਬੋਰਡਿੰਗ ਪਾਸ ਜਾਰੀ ਨਹੀਂ ਕਰ ਸਕਦੀ। ਤੁਸੀਂ ਜਾ ਕੇ ਏਅਰਲਾਈਨ ਦੇ ਅਧਿਕਾਰੀਆਂ ਨਾਲ ਸੰਪਰਕ ਕਰੋ।’’ ਜਦੋਂ ਮੈਂ ਆਪਣੀ ਪਤਨੀ ਦਾ ਬੋਰਡਿੰਗ ਪਾਸ ਚੈੱਕ ਕੀਤਾ ਤਾਂ ਉਸ ਪਾਸ ਦਾ ਆਨਲਾਈਨ ਪਾਸ ਨਾਲ ਬਹੁਤ ਫ਼ਰਕ ਸੀ। ਮੈਂ ਇਹ ਫ਼ਰਕ ਉਸ ਬੀਬੀ ਨੂੰ ਵੀ ਦੱਸਿਆ, ਪਰ ਉਹ ਟੱਸ ਤੋਂ ਮੱਸ ਨਾ ਹੋਈ। ਅਖੀਰ ਅਸੀਂ ਉੱਥੋਂ ਤੁਰ ਪਏ। ਜਾਈਏ ਕਿੱਥੇੇ? ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ। ਅਖੀਰ ਅਸੀਂ ਉਸ ਗੇਟ ’ਤੇ ਜਾਣ ਦਾ ਫ਼ੈਸਲਾ ਕੀਤਾ ਜਿਸ ਤੋਂ ਸਾਡੀ ਫਲਾਈਟ ਜਾਣੀ ਸੀ। ਉੱਥੇ ਅਜੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ। ਹੁਣ ਫਿਰ ਮੈਂ ਮੁਸ਼ਕਿਲ ਵਿੱਚ ਪੈ ਗਿਆ। ਬੋਰਡਿੰਗ ਪਾਸ ਬਿਨਾਂ ਜਹਾਜ਼ ਵਿੱਚ ਬੈਠ ਨਹੀਂ ਸਕਦਾ। ਦੁਬਾਰਾ ਟਿਕਟ ਬੁੱਕ ਕਰਵਾਵਾਂ ਆਦਿ ਗੱਲਾਂ ਦਿਮਾਗ਼ ਵਿੱਚ ਘੁੰਮਣ ਲੱਗੀਆਂ। ਮੈਂ ਆਪਣੇ ਬੇਟੇ ਨਾਲ ਸੰਪਰਕ ਕੀਤਾ। ਉਹ ਵੀ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਹੈ। ਸਾਡੀਆਂ ਟਿਕਟਾਂ ਕਨਫਰਮ ਸਨ। ਆਨਲਾਈਨ ਬੋਰਡਿੰਗ ਪਾਸ ਮੌਜੂਦ ਸੀ। ਇਸ ਸਭ ਕੁਝ ਦੇ ਬਾਵਜੂਦ ਅਸੀਂ ਬੇਵੱਸ ਸੀ। ਫਿਰ ਇਹ ਫ਼ੈਸਲਾ ਹੋਇਆ ਕਿ ਇਮੀਗ੍ਰੇਸ਼ਨ ਸ਼ੁਰੂ ਹੋਣ ਦਾ ਇੰਤਜ਼ਾਰ ਕੀਤਾ ਜਾਵੇ। ਸਮਾਂ ਕਿੰਨੀ ਛੇਤੀ ਬਦਲਦਾ ਹੈ, ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਉਹ ਹੀ ਔਰਤ ਜਿਸ ਨੇ ਸਾਨੂੰ ਬੋਰਡਿੰਗ ਪਾਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਸਾਨੂੰ ਲੱਭਣ ਲਈ ਅਨਾਊਂਸਮੈਂਟ ਕਰਵਾ ਰਹੀ ਸੀ। ਹੱਥ ਵਿੱਚ ਸਾਡੇ ਦੋ ਬੋਰਡਿੰਗ ਪਾਸ ਫੜ ਕੇ ਸਾਨੂੰ ਲੱਭ ਰਹੀ ਸੀ। ਜੀ ਕੀਤਾ ਕਿ ਪੁੱਛਾਂ ਕਿ ਹੁਣ ਸਭ ਕੁਝ ਕਿਵੇਂ ਠੀਕ ਹੋ ਗਿਆ? ਪਰ ਚੁੱਪ ਰਿਹਾ। ਸ਼ੁਕਰ ਕੀਤਾ ਕਿ ਸਭ ਕੁਝ ਠੀਕ ਠਾਕ ਹੋ ਨਿੱਬੜਿਆ। ਘੜੀ ਵੇਖੀ ਅਜੇ ਸਮਾਂ ਰਹਿੰਦਾ ਸੀ। ਮੈਂ ਦੋ ਕੌਫ਼ੀ ਦੇ ਕੱਪ ਆਰਡਰ ਕੀਤੇ। ਕੈਸ਼ੀਅਰ ਨੇ ਪੈਸੇ ਲਏ ਅਤੇ ਸਾਨੂੰ ਇੱਕ ਘੰਟੀ ਨੁਮਾ ਯੰਤਰ ਜਿਹਾ ਫੜਾ ਦਿੱਤਾ। ਪੁੱਛਿਆ, ਇਸ ਦਾ ਕੀ ਕਰਨਾ ਹੈ? ਤਾਂ ਜਵਾਬ ਮਿਲਿਆ ਕਿ ਤੁਸੀਂ ਸਾਹਮਣੇ ਕੁਰਸੀਆਂ ’ਤੇ ਸਜ ਜਾਵੇ, ਜਦੋਂ ਤੁਹਾਡੀ ਕੌਫ਼ੀ ਤਿਆਰ ਹੋ ਗਈ, ਇਹ ਯੰਤਰ ਆਵਾਜ਼ (ਬੀਪ) ਕਰੇਗਾ। ਉਸ ਵੇਲੇ ਆ ਕੇ ਕੌਫ਼ੀ ਲੈ ਜਾਣੀ। ਸਾਡੇ ਲਈ ਇਹ ਨਵਾਂ ਤਜਰਬਾ ਸੀ। ਟਾਈਮ ਹੋ ਚੁੱਕਾ ਸੀ। ਅਸੀਂ ਲਾਈਨ ਵਿੱਚ ਜਾ ਦੇ ਖਲੋ ਗਏ। ਜਹਾਜ਼ ਵਿੱਚ ਬੈਠੇ ਅਤੇ 7 ਘੰਟਿਆਂ ਬਾਅਦ ਅੰਮ੍ਰਿਤਸਰ ਪਹੁੰਚ ਗਏ। ਨਾ ਭੁੱਲਣ ਵਾਲੇ ਇਹ ਸਫ਼ਰ, ਮੇਰੀ ਜ਼ਿੰਦਗੀ ਦਾ ਹਿੱਸਾ ਹਨ।
ਸਸਤੀ ਟਿਕਟ ਦੇ ਲਾਲਚ ਵਿੱਚ ਮੈਂ ਬੁੱਢੇ ਮਾਤਾ-ਪਿਤਾ 9-10 ਘੰਟੇ ਏਅਰਪੋਰਟ ’ਤੇ ਅਗਲੀ ਫਲਾਈਟ ਲਈ ਇੰਤਜ਼ਾਰ ਕਰਦੇ, ਪਰੇਸ਼ਾਨ ਹੁੰਦੇ ਦੇਖੇ ਹਨ। ਲੋਕਲ ਫਲਾਈਟ ਦੀ ਸਸਤੀ ਟਿਕਟ ਵਿੱਚ ਖਾਣਾ ਵੀ ਨਹੀਂ ਹੁੰਦਾ। ਜਿਸ ਕਾਰਨ ਮਾਪਿਆਂ ਨੂੰ ਭੁੱਖੇ ਰਹਿ ਕੇ ਹੀ ਸਫ਼ਰ ਕਰਨਾ ਪੈਂਦਾ ਹੈ। ਏਅਰ ਪੋਰਟ ’ਤੇ ਖਾਣਾ ਮਹਿੰਗਾ ਹੁੰਦਾ ਹੈ। ਉਨ੍ਹਾਂ ਕੋਲ ਭਾਵੇਂ ਪੈਸੇ ਹੋਣ ਵੀ ਤਾਂ ਵੀ ਉਹ ਜਦੋਂ ਡਾਲਰਾਂ ਨੂੰ ਭਾਰਤੀ ਰੁਪਏ ਨਾਲ ਜਰਬਾ ਤਕਸੀਮਾਂ ਕਰਦੇ ਹਨ ਤਾਂ ਖਾਣਾ ਖਾਣ ਦੀ ਹਿੰਮਤ ਨਹੀਂ ਜਟਾਉਂਦੇ। ਜਦੋਂ ਵੀ ਮੈਨੂੰ ਕੋਈ ਮੇਰੇ ਵਰਗਾ ਮਿਲਦਾ ਹੈ ਤਾਂ ਪਹਿਲਾਂ ਸਵਾਲ ਪੁੱਛਦਾ ਹਾਂ, “ਜੀ ਲੱਗਾ ਹੇੈ?” ਲਗਭਗ ਸਭ ਦਾ ਜਵਾਬ ਇਹ ਹੀ ਹੁੰਦਾ ਹੈ ਕਿ ਜੀ ਲਾਉਣਾ ਪੈਂਦਾ ਹੈ, ਲੱਗਦਾ ਨਹੀਂ। ਇਹ ਹੀ ਕੌੜਾ ਸੱਚ ਹੈ ਅਤੇ ਇਹ ਹੀ ਮਾਪਿਆਂ ਦਾ ਦੁਖਾਂਤ ਹੈ। ਬਾਕੀ ਕਦੀ ਫਿਰ ਸਹੀ।
ਸੰਪਰਕ: 92177-01415

